ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 4/1 ਸਫ਼ੇ 3-5
  • ਪਰਿਵਾਰ—ਇਕ ਸੰਕਟਕਾਲੀਨ ਮਾਮਲਾ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਿਵਾਰ—ਇਕ ਸੰਕਟਕਾਲੀਨ ਮਾਮਲਾ!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਖ਼ਤਰਾ ਕੀ ਹੈ?
  • ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰ ਵੱਧ ਰਹੇ ਹਨ
  • ਬੇਮੁਹੱਬਤੇ ਰਿਸ਼ਤੇ ਵਿਚ ਕੈਦ
    ਜਾਗਰੂਕ ਬਣੋ!—2001
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 4/1 ਸਫ਼ੇ 3-5

ਪਰਿਵਾਰ—ਇਕ ਸੰਕਟਕਾਲੀਨ ਮਾਮਲਾ!

“ਅਤੇ ਇਸ ਤੋਂ ਬਾਅਦ ਉਹ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗੇ।” ਪਰੀ ਕਹਾਣੀ ਦਾ ਇਹ ਅੰਤ ਅੱਜ ਬਹੁਤ ਘੱਟ ਵਿਆਹਾਂ ਉੱਤੇ ਠੀਕ ਬੈਠਦਾ ਹੈ। ਵਿਆਹ ਸਮੇਂ ਕੀਤਾ ਗਿਆ ਵਾਅਦਾ ਕਿ ‘ਜਿਨ੍ਹਾਂ ਚਿਰ ਉਹ ਦੋਵੇਂ ਜੀਉਂਦੇ ਰਹਿਣਗੇ, ਉਹ ਹਰ ਚੰਗੇ ਮੰਦੇ ਹਾਲਾਤ ਵਿਚ’ ਇਕ ਦੂਸਰੇ ਨੂੰ ਪਿਆਰ ਕਰਦੇ ਰਹਿਣਗੇ, ਅਕਸਰ ਬਣਾਉਟੀ ਹੁੰਦਾ ਹੈ। ਇਕ ਖ਼ੁਸ਼ ਪਰਿਵਾਰ ਦੀ ਸੰਭਾਵਨਾ ਜੂਏ ਦੀ ਖੇਡ ਦੀ ਤਰ੍ਹਾਂ ਜਾਪਦੀ ਹੈ ਜਿਸ ਵਿਚ ਹਾਰਨ ਦੀ ਸੰਭਾਵਨਾ ਹੁੰਦੀ ਹੈ।

ਸਾਲ 1960 ਅਤੇ 1990 ਦੇ ਵਿਚਕਾਰ, ਜ਼ਿਆਦਾਤਰ ਯੂਰਪੀ ਉਦਯੋਗੀ ਦੇਸ਼ਾਂ ਵਿਚ ਤਲਾਕ ਦਰਾਂ ਦੁਗੁਣੀਆਂ ਨਾਲੋਂ ਜ਼ਿਆਦਾ ਹੋ ਗਈਆਂ। ਕੁਝ ਦੇਸ਼ਾਂ ਵਿਚ ਇਹ ਚਾਰ ਗੁਣਾ ਵਧੀਆਂ। ਉਦਾਹਰਣ ਲਈ, ਸਵੀਡਨ ਵਿਚ ਹਰ ਸਾਲ 35,000 ਵਿਆਹ ਹੁੰਦੇ ਹਨ, ਅਤੇ ਉਨ੍ਹਾਂ ਵਿੱਚੋਂ ਲਗਭਗ ਅੱਧੇ ਵਿਆਹ ਟੁੱਟ ਜਾਣਗੇ, ਜਿਸ ਕਾਰਨ 45,000 ਤੋਂ ਜ਼ਿਆਦਾ ਬੱਚਿਆਂ ਉੱਤੇ ਅਸਰ ਪਵੇਗਾ। ਜੋੜੇ ਜੋ ਵਿਆਹ ਤੋਂ ਬਿਨਾਂ ਇਕੱਠੇ ਰਹਿੰਦੇ ਹਨ, ਉਨ੍ਹਾਂ ਵਿਚ ਵੱਖਰੇ ਹੋਣ ਦੀ ਦਰ ਇਸ ਤੋਂ ਵੀ ਜ਼ਿਆਦਾ ਹੁੰਦੀ ਹੈ, ਅਤੇ ਇਸ ਨਾਲ ਹੋਰ ਹਜ਼ਾਰਾਂ ਬੱਚੇ ਪ੍ਰਭਾਵਿਤ ਹੁੰਦੇ ਹਨ। ਇਹੋ ਰੁਝਾਨ ਸੰਸਾਰ ਭਰ ਵਿਚ ਪੈਦਾ ਹੋ ਰਿਹਾ ਹੈ, ਜਿਵੇਂ ਕਿ ਸਫ਼ਾ 5 ਉੱਤੇ ਦਿੱਤੀ ਗਈ ਡੱਬੀ ਤੋਂ ਦੇਖਿਆ ਜਾ ਸਕਦਾ ਹੈ।

ਇਹ ਸੱਚ ਹੈ ਕਿ ਪਰਿਵਾਰਾਂ ਦਾ ਟੁੱਟਣਾ ਅਤੇ ਵਿਆਹਾਂ ਦਾ ਅੰਤ ਹੋਣਾ ਇਤਿਹਾਸ ਵਿਚ ਨਵੀਂ ਗੱਲ ਨਹੀਂ ਹੈ। 18ਵੀਂ ਸਦੀ ਸਾ.ਯੁ.ਪੂ. ਦੇ ਹਾਮੁਰਾਬੀ ਕਾਨੂੰਨ-ਸੰਗ੍ਰਹਿ ਵਿਚ ਅਜਿਹੇ ਕਾਨੂੰਨ ਸਨ ਜੋ ਬਾਬਲ ਵਿਚ ਤਲਾਕ ਦੀ ਇਜਾਜ਼ਤ ਦਿੰਦੇ ਸਨ। ਮੂਸਾ ਦੀ ਬਿਵਸਥਾ ਵੀ, ਜੋ 16ਵੀਂ ਸਦੀ ਸਾ.ਯੁ.ਪੂ. ਵਿਚ ਸਥਾਪਿਤ ਕੀਤੀ ਗਈ ਸੀ, ਇਸਰਾਏਲ ਵਿਚ ਤਲਾਕ ਦੀ ਇਜਾਜ਼ਤ ਦਿੰਦੀ ਸੀ। (ਬਿਵਸਥਾ ਸਾਰ 24:1) ਫਿਰ ਵੀ, ਪਰਿਵਾਰਕ ਬੰਧਨ ਪਹਿਲਾਂ ਕਦੀ ਵੀ ਇੰਨੇ ਕਮਜ਼ੋਰ ਨਹੀਂ ਸਨ ਜਿੰਨੇ ਕਿ ਇਸ 20ਵੀਂ ਸਦੀ ਵਿਚ ਹਨ। ਇਕ ਦਹਾਕੇ ਤੋਂ ਜ਼ਿਆਦਾ ਸਮਾਂ ਪਹਿਲਾਂ, ਇਕ ਅਖ਼ਬਾਰ ਦੇ ਕਾਲਮਨਵੀਸ ਨੇ ਲਿਖਿਆ: “ਹੁਣ ਤੋਂ ਪੰਜਾਹ ਸਾਲਾਂ ਬਾਅਦ, ਸ਼ਾਇਦ ਰਵਾਇਤੀ ਭਾਵ ਵਿਚ ਪਰਿਵਾਰ ਹੀ ਨਾ ਹੋਣ। ਇਨ੍ਹਾਂ ਦੀ ਜਗ੍ਹਾ ਤੇ ਸ਼ਾਇਦ ਵੱਖਰੇ-ਵੱਖਰੇ ਕਿਸਮ ਦੇ ਸਮੂਹ ਹੋਣਗੇ।” ਅਤੇ ਉਸ ਸਮੇਂ ਤੋਂ ਚੱਲ ਰਿਹਾ ਰੁਝਾਨ ਉਸ ਦੇ ਵਿਚਾਰ ਦੀ ਪੁਸ਼ਟੀ ਕਰਦਾ ਜਾਪਦਾ ਹੈ। ਪਰਿਵਾਰਕ ਪ੍ਰਬੰਧ ਇੰਨੀ ਜਲਦੀ ਵਿਗੜ ਗਿਆ ਹੈ ਕਿ ਸਵਾਲ “ਕੀ ਇਹ ਬਚੇਗਾ?” ਜ਼ਿਆਦਾ ਤੋਂ ਜ਼ਿਆਦਾ ਢੁਕਵਾਂ ਹੁੰਦਾ ਜਾ ਰਿਹਾ ਹੈ।

ਇੰਨੇ ਸਾਰੇ ਜੋੜਿਆਂ ਲਈ ਇਕੱਠੇ ਮਿਲ ਕੇ ਰਹਿਣਾ ਅਤੇ ਇਕ ਸੰਯੁਕਤ ਪਰਿਵਾਰ ਬਣਾਈ ਰੱਖਣਾ ਇੰਨਾ ਮੁਸ਼ਕਲ ਕਿਉਂ ਹੈ? ਉਨ੍ਹਾਂ ਜੋੜਿਆਂ ਦਾ ਕੀ ਰਾਜ਼ ਹੈ ਜੋ ਸਾਰੀ ਉਮਰ ਇਕੱਠੇ ਰਹੇ ਹਨ, ਅਤੇ ਆਪਣੇ ਵਿਆਹ ਦੀਆਂ ਸਿਲਵਰ ਅਤੇ ਗੋਲਡਨ ਜੁਬਲੀਆਂ ਮਨਾਉਂਦੇ ਹਨ? ਅਜਿਹੇ ਇਕ ਮੌਕੇ ਬਾਰੇ, 1983 ਵਿਚ ਰਿਪੋਰਟ ਕੀਤਾ ਗਿਆ ਸੀ ਕਿ ਅਜ਼ਰਬਾਈਜਨ ਦੇ ਸਾਬਕਾ ਰੂਸੀ ਗਣਰਾਜ ਵਿਚ ਇਕ ਆਦਮੀ ਅਤੇ ਔਰਤ ਨੇ ਆਪਣੇ ਵਿਆਹ ਦੀ 100ਵੀਂ ਵਰ੍ਹੇਗੰਢ ਮਨਾਈ—ਆਦਮੀ ਦੀ ਉਮਰ 126 ਸਾਲ ਅਤੇ ਔਰਤ ਦੀ ਉਮਰ 116 ਸਾਲ ਸੀ।

ਖ਼ਤਰਾ ਕੀ ਹੈ?

ਬਹੁਤ ਸਾਰੇ ਦੇਸ਼ਾਂ ਵਿਚ ਕਾਨੂੰਨੀ ਤਲਾਕ ਦੇ ਕੁਝ ਆਧਾਰ ਹਨ ਵਿਭਚਾਰ, ਮਾਨਸਿਕ ਜਾਂ ਸਰੀਰਕ ਅਤਿਆਚਾਰ, ਤਿਆਗ, ਨਸ਼ਈਪੁਣਾ, ਨਪੁੰਸਕਤਾ, ਪਾਗਲਪਣ, ਦੂਸਰਾ ਵਿਆਹ, ਅਤੇ ਨਸ਼ੀਲੀਆਂ ਦਵਾਈਆਂ ਦੀ ਲਤ। ਪਰੰਤੂ, ਇਕ ਜ਼ਿਆਦਾ ਆਮ ਕਾਰਨ ਇਹ ਹੈ ਕਿ ਵਿਆਹ ਅਤੇ ਰਵਾਇਤੀ ਪਰਿਵਾਰਕ ਜੀਵਨ ਪ੍ਰਤੀ ਲੋਕਾਂ ਦਾ ਮੂਲ ਰਵੱਈਆ ਬਹੁਤ ਬਦਲ ਗਿਆ ਹੈ, ਖ਼ਾਸ ਕਰਕੇ ਹਾਲ ਹੀ ਦੇ ਦਹਾਕਿਆਂ ਦੌਰਾਨ। ਲੰਬੇ ਸਮੇਂ ਤੋਂ ਪਵਿੱਤਰ ਮੰਨੇ ਜਾਂਦੇ ਵਿਆਹ ਦੇ ਪ੍ਰਬੰਧ ਪ੍ਰਤੀ ਆਦਰ ਘੱਟ ਗਿਆ ਹੈ। ਸੰਗੀਤ, ਫਿਲਮਾਂ, ਦੂਰਦਰਸ਼ਨ ਦੇ ਨਾਟਕਾਂ, ਅਤੇ ਹਰਮਨ-ਪਿਆਰੇ ਸਾਹਿੱਤ ਦੇ ਲਾਲਚੀ ਨਿਰਮਾਤਿਆਂ ਨੇ ਲਿੰਗੀ ਆਜ਼ਾਦੀ, ਅਨੈਤਿਕਤਾ, ਢਿੱਲੇ ਆਚਰਣ, ਅਤੇ ਸਵੈ-ਕੇਂਦ੍ਰਿਤ ਜੀਵਨ-ਢੰਗ ਨੂੰ ਵਡਿਆਇਆ ਹੈ। ਉਨ੍ਹਾਂ ਨੇ ਇਕ ਅਜਿਹੇ ਸਭਿਆਚਾਰ ਨੂੰ ਵਿਕਸਿਤ ਕੀਤਾ ਹੈ ਜਿਸ ਨੇ ਛੋਟਿਆਂ ਤੇ ਵੱਡਿਆਂ ਦੇ ਦਿਲਾਂ-ਦਿਮਾਗਾਂ ਨੂੰ ਦੂਸ਼ਿਤ ਕਰ ਦਿੱਤਾ ਹੈ।

ਸੰਨ 1996 ਦੀ ਇਕ ਰਾਇਸ਼ੁਮਾਰੀ ਨੇ ਦਿਖਾਇਆ ਕਿ 22 ਪ੍ਰਤਿਸ਼ਤ ਅਮਰੀਕੀ ਲੋਕ ਕਹਿੰਦੇ ਹਨ ਕਿ ਵਿਆਹ ਤੋਂ ਬਾਹਰ ਸੰਬੰਧ ਰੱਖਣਾ ਕਦੀ-ਕਦਾਈਂ ਵਿਆਹ ਲਈ ਲਾਭਦਾਇਕ ਹੋ ਸਕਦਾ ਹੈ। ਸਵੀਡਨ ਦੀ ਸਭ ਤੋਂ ਵੱਡੀ ਅਖ਼ਬਾਰ, ਆਫ਼ਟੌਨਬਲਾਡੈੱਟ ਦੇ ਇਕ ਖ਼ਾਸ ਅੰਕ ਨੇ ਔਰਤਾਂ ਨੂੰ ਤਲਾਕ ਲੈਣ ਲਈ ਉਕਸਾਇਆ ਕਿਉਂਕਿ “ਇਹ ਉਨ੍ਹਾਂ ਦੀ ਬਿਹਤਰੀ ਲਈ ਹੀ ਹੋ ਸਕਦਾ ਹੈ।” ਕੁਝ ਪ੍ਰਸਿੱਧ ਮਨੋ-ਵਿਗਿਆਨੀਆਂ ਅਤੇ ਮਾਨਵ-ਵਿਗਿਆਨੀਆਂ ਨੇ ਇਹ ਅਨੁਮਾਨ ਵੀ ਲਗਾਇਆ ਹੈ ਕਿ ਇਨਸਾਨ ਕ੍ਰਮ-ਵਿਕਾਸ ਦੁਆਰਾ ਪ੍ਰੋਗ੍ਰਾਮ ਕੀਤਾ ਗਿਆ ਹੈ ਕਿ ਉਹ ਹਰ ਕੁਝ ਸਾਲਾਂ ਬਾਅਦ ਆਪਣੇ ਸਾਥੀ ਨੂੰ ਬਦਲਦਾ ਰਹੇ। ਦੂਸਰੇ ਸ਼ਬਦਾਂ ਵਿਚ, ਉਹ ਸੁਝਾਅ ਦੇ ਰਹੇ ਹਨ ਕਿ ਵਿਆਹ ਤੋਂ ਬਾਹਰ ਪ੍ਰੇਮ-ਸੰਬੰਧ ਅਤੇ ਤਲਾਕ ਕੁਦਰਤੀ ਹਨ। ਕੁਝ ਤਾਂ ਇਹ ਦਲੀਲ ਵੀ ਪੇਸ਼ ਕਰਦੇ ਹਨ ਕਿ ਮਾਪਿਆਂ ਦਾ ਤਲਾਕ ਬੱਚਿਆਂ ਲਈ ਲਾਭਦਾਇਕ ਹੋ ਸਕਦਾ ਹੈ ਕਿਉਂਕਿ ਇਹ ਉਨ੍ਹਾਂ ਨੂੰ ਕਿਸੇ ਦਿਨ ਆਪਣੇ ਤਲਾਕ ਦਾ ਸਾਮ੍ਹਣਾ ਕਰਨ ਲਈ ਤਿਆਰ ਕਰਦਾ ਹੈ!

ਹੁਣ ਬਹੁਤ ਸਾਰੇ ਨੌਜਵਾਨ ਪਿਤਾ, ਮਾਤਾ, ਅਤੇ ਬੱਚਿਆਂ ਨਾਲ ਬਣਿਆ ਰਵਾਇਤੀ ਪਰਿਵਾਰਕ ਜੀਵਨ ਜੀਉਣ ਦੀ ਇੱਛਾ ਨਹੀਂ ਰੱਖਦੇ ਹਨ। “ਮੈਂ ਇੱਕੋ ਸਾਥੀ ਨਾਲ ਆਪਣਾ ਪੂਰਾ ਜੀਵਨ ਗੁਜ਼ਾਰਨ ਬਾਰੇ ਕਦੀ ਸੋਚ ਵੀ ਨਹੀਂ ਸਕਦਾ,” ਇਕ ਪ੍ਰਚਲਿਤ ਦ੍ਰਿਸ਼ਟੀਕੋਣ ਹੈ। “ਵਿਆਹ ਕ੍ਰਿਸਮਸ ਦੀ ਤਰ੍ਹਾਂ ਹੈ, ਕੇਵਲ ਇਕ ਪਰੀ ਕਹਾਣੀ। ਮੈਂ ਇਸ ਵਿਚ ਬਿਲਕੁਲ ਵਿਸ਼ਵਾਸ ਨਹੀਂ ਕਰਦਾ,” ਡੈਨਮਾਰਕ ਦੇ ਇਕ 18 ਸਾਲ ਦੇ ਮੁੰਡੇ ਨੇ ਕਿਹਾ। “ਇਹ ਸੋਚਣੀ ਪਾਈ ਜਾਂਦੀ ਹੈ ਕਿ, [ਆਦਮੀਆਂ] ਨਾਲ ਰਹਿਣ ਅਤੇ ਉਨ੍ਹਾਂ ਦੀਆਂ ਜੁਰਾਬਾਂ ਧੋਣ ਦੀ ਖੇਚਲ ਕਿਉਂ ਕਰੀਏ,” ਆਇਰਲੈਂਡ ਵਿਚ ਕੌਮੀ ਮਹਿਲਾ ਕੌਂਸਲ ਦੀ ਨੌਰੀਨ ਬਰਨ ਨੇ ਐਲਾਨ ਕੀਤਾ। “ਉਨ੍ਹਾਂ ਨਾਲ ਬਾਹਰ ਜਾਓ ਅਤੇ ਦਿਲਲਗੀ ਕਰੋ। . . . ਬਹੁਤ ਸਾਰੀਆਂ ਔਰਤਾਂ ਫ਼ੈਸਲਾ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਜੀਉਂਦੇ ਰਹਿਣ ਲਈ ਆਦਮੀਆਂ ਦੀ ਜ਼ਰੂਰਤ ਨਹੀਂ ਹੈ।”

ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰ ਵੱਧ ਰਹੇ ਹਨ

ਪੂਰੇ ਯੂਰਪ ਵਿਚ ਇਸ ਰਵੱਈਏ ਨੇ ਇਕੱਲੀ ਮਾਤਾ ਵਾਲੇ ਪਰਿਵਾਰਾਂ ਵਿਚ ਵਾਧਾ ਕੀਤਾ ਹੈ। ਇਨ੍ਹਾਂ ਅਣਵਿਆਹੀਆਂ ਮਾਵਾਂ ਵਿੱਚੋਂ ਕੁਝ ਕਿਸ਼ੋਰੀਆਂ ਹਨ ਜੋ ਮਹਿਸੂਸ ਕਰਦੀਆਂ ਹਨ ਕਿ ਯੋਜਨਾ-ਰਹਿਤ ਗਰਭ-ਅਵਸਥਾ ਕੋਈ ਗ਼ਲਤੀ ਨਹੀਂ ਹੈ। ਕੁਝ ਔਰਤਾਂ ਇਕੱਲੀਆਂ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਨਾ ਚਾਹੁੰਦੀਆਂ ਹਨ। ਜ਼ਿਆਦਾਤਰ ਮਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਵਿਆਹ ਕਰਨ ਦੇ ਇਰਾਦੇ ਤੋਂ ਬਿਨਾਂ ਬੱਚੇ ਦੇ ਪਿਤਾ ਨਾਲ ਕੁਝ ਸਮੇਂ ਲਈ ਰਹਿੰਦੀਆਂ ਹਨ। ਪਿੱਛਲੇ ਸਾਲ ਨਿਊਜ਼ਵੀਕ ਰਸਾਲੇ ਨੇ ਸਵਾਲ “ਵਿਆਹ ਦੀ ਮੌਤ?” ਉੱਤੇ ਇਕ ਮੁੱਖ ਕਹਾਣੀ ਛਾਪੀ। ਇਸ ਨੇ ਦੱਸਿਆ ਕਿ ਯੂਰਪ ਵਿਚ ਨਾਜਾਇਜ਼ ਬੱਚਿਆਂ ਦੇ ਜਨਮ ਦੀ ਦਰ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਕੋਈ ਵੀ ਇਸ ਦੀ ਚਿੰਤਾ ਕਰਦਾ ਹੋਇਆ ਨਜ਼ਰ ਨਹੀਂ ਆਉਂਦਾ। ਸਵੀਡਨ ਸ਼ਾਇਦ ਪਹਿਲੇ ਨੰਬਰ ਤੇ ਹੈ, ਜਿੱਥੇ ਅੱਧੇ ਬੱਚੇ ਅਣਵਿਆਹੇ ਜੋੜਿਆਂ ਤੋਂ ਪੈਦਾ ਹੁੰਦੇ ਹਨ। ਡੈਨਮਾਰਕ ਅਤੇ ਨਾਰਵੇ ਵਿਚ ਇਹ ਗਿਣਤੀ ਲਗਭਗ ਅੱਧੀ ਹੈ ਅਤੇ ਫਰਾਂਸ ਤੇ ਇੰਗਲੈਂਡ ਵਿਚ ਲਗਭਗ 3 ਵਿੱਚੋਂ 1 ਹੈ।

ਸੰਯੁਕਤ ਰਾਜ ਅਮਰੀਕਾ ਵਿਚ, ਪਿੱਛਲੇ ਕੁਝ ਦਹਾਕਿਆਂ ਵਿਚ ਮਾਤਾ-ਪਿਤਾ ਵਾਲੇ ਪਰਿਵਾਰਾਂ ਵਿਚ ਨਾਟਕੀ ਢੰਗ ਨਾਲ ਕਮੀ ਆਈ ਹੈ। ਇਕ ਰਿਪੋਰਟ ਕਹਿੰਦੀ ਹੈ: “1960 ਵਿਚ, . . . 9 ਪ੍ਰਤਿਸ਼ਤ ਬੱਚੇ ਇਕੱਲੀ ਮਾਤਾ ਜਾਂ ਪਿਤਾ ਵਾਲੇ ਘਰਾਂ ਵਿਚ ਰਹਿੰਦੇ ਸਨ। 1990 ਤਕ, ਇਹ ਗਿਣਤੀ 25 ਪ੍ਰਤਿਸ਼ਤ ਤਕ ਵਧ ਗਈ ਸੀ। ਅੱਜ, 27.1 ਪ੍ਰਤਿਸ਼ਤ ਅਮਰੀਕੀ ਬੱਚੇ ਇਕੱਲੀ ਮਾਤਾ ਜਾਂ ਪਿਤਾ ਵਾਲੇ ਘਰਾਂ ਵਿਚ ਪੈਦਾ ਹੁੰਦੇ ਹਨ, ਅਤੇ ਇਹ ਗਿਣਤੀ ਵਧਦੀ ਜਾ ਰਹੀ ਹੈ। . . . 1970 ਤੋਂ, ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਦੀ ਗਿਣਤੀ ਦੁਗੁਣੀ ਨਾਲੋਂ ਜ਼ਿਆਦਾ ਹੋ ਗਈ ਹੈ। ਕੁਝ ਖੋਜਕਾਰ ਕਹਿੰਦੇ ਹਨ ਕਿ ਰਵਾਇਤੀ ਪਰਿਵਾਰ ਇੰਨੇ ਜ਼ਿਆਦਾ ਖ਼ਤਰੇ ਵਿਚ ਹੈ ਕਿ ਇਹ ਅਲੋਪ ਹੋ ਸਕਦਾ ਹੈ।”

ਜਿਨ੍ਹਾਂ ਦੇਸ਼ਾਂ ਵਿਚ ਰੋਮਨ ਕੈਥੋਲਿਕ ਚਰਚ ਆਪਣਾ ਨੈਤਿਕ ਅਧਿਕਾਰ ਲਗਭਗ ਗੁਆ ਚੁੱਕਾ ਹੈ, ਉੱਥੇ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਵਿਚ ਵਾਧਾ ਹੋ ਰਿਹਾ ਹੈ। ਅੱਧੇ ਤੋਂ ਘੱਟ ਇਤਾਵਲੀ ਪਰਿਵਾਰ ਮਾਤਾ, ਪਿਤਾ, ਅਤੇ ਬੱਚਿਆਂ ਨਾਲ ਬਣੇ ਹੋਏ ਹਨ ਅਤੇ ਬੇਔਲਾਦ ਜੋੜਿਆਂ ਅਤੇ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰ ਰਵਾਇਤੀ ਪਰਿਵਾਰ ਦੀ ਥਾਂ ਲੈ ਰਹੇ ਹਨ।

ਅਸਲ ਵਿਚ ਕੁਝ ਦੇਸ਼ਾਂ ਵਿਚ ਭਲਾਈ ਪ੍ਰਣਾਲੀ ਲੋਕਾਂ ਨੂੰ ਵਿਆਹ ਨਾ ਕਰਾਉਣ ਲਈ ਉਤਸ਼ਾਹਿਤ ਕਰਦੀ ਹੈ। ਜੇ ਇਕੱਲੀਆਂ ਮਾਵਾਂ ਵਿਆਹ ਕਰਾਉਂਦੀਆਂ ਹਨ ਤਾਂ ਉਹ ਜਨਤਕ ਸਹਾਇਤਾ ਨੂੰ ਗੁਆ ਬੈਠਣਗੀਆਂ। ਡੈਨਮਾਰਕ ਵਿਚ ਇਕੱਲੀਆਂ ਮਾਵਾਂ ਬੱਚੇ ਦੀ ਦੇਖ-ਭਾਲ ਲਈ ਵਾਧੂ ਆਰਥਿਕ ਸਹਾਇਤਾ ਪ੍ਰਾਪਤ ਕਰਦੀਆਂ ਹਨ, ਅਤੇ ਕੁਝ ਤਬਕਿਆਂ ਵਿਚ, ਨਾਬਾਲਗ ਮਾਵਾਂ ਵਾਧੂ ਪੈਸੇ ਪ੍ਰਾਪਤ ਕਰਦੀਆਂ ਹਨ ਅਤੇ ਉਨ੍ਹਾਂ ਦੇ ਘਰ ਦਾ ਕਿਰਾਇਆ ਅਦਾ ਕੀਤਾ ਜਾਂਦਾ ਹੈ। ਇਸ ਤਰ੍ਹਾਂ, ਇਹ ਪੈਸਿਆਂ ਦਾ ਮਾਮਲਾ ਹੈ। ਐਲਫ ਬੀ. ਸਵੈਨਸਨ ਦਾਅਵਾ ਕਰਦਾ ਹੈ ਕਿ ਸਵੀਡਨ ਵਿਚ ਇਕ ਤਲਾਕ ਕਾਰਨ ਕਰਦਾਤਿਆਂ ਨੂੰ ਆਰਥਿਕ ਸਹਾਇਤਾ, ਰਿਹਾਇਸ਼ ਭੱਤਿਆਂ, ਅਤੇ ਸਮਾਜਕ ਸਹਾਇਤਾ ਵਜੋਂ 2.5 ਲੱਖ ਅਤੇ 3.75 ਲੱਖ ਡਾਲਰ ਦੇ ਵਿਚਕਾਰ ਰਕਮ ਦੇਣੀ ਪੈਂਦੀ ਹੈ।

ਇੰਜ ਜਾਪਦਾ ਹੈ ਕਿ ਈਸਾਈ-ਜਗਤ ਦੇ ਗਿਰਜੇ ਪਰਿਵਾਰਾਂ ਵਿਚ ਇਸ ਤਬਾਹਕੁੰਨ ਰੁਝਾਨ ਨੂੰ ਰੋਕਣ ਦੀ ਘੱਟ ਹੀ ਕੋਸ਼ਿਸ਼ ਕਰ ਰਹੇ ਹਨ ਜਾਂ ਬਿਲਕੁਲ ਕੋਸ਼ਿਸ਼ ਨਹੀਂ ਕਰ ਰਹੇ ਹਨ। ਬਹੁਤ ਸਾਰੇ ਪਾਸਟਰ ਅਤੇ ਪਾਦਰੀ ਆਪਣੀਆਂ ਹੀ ਪਰਿਵਾਰਕ ਮੁਸ਼ਕਲਾਂ ਨਾਲ ਲੜ ਰਹੇ ਹਨ, ਜਿਸ ਕਾਰਨ ਉਹ ਦੂਸਰਿਆਂ ਦੀ ਸਹਾਇਤਾ ਕਰਨ ਲਈ ਅਸਮਰਥ ਮਹਿਸੂਸ ਕਰਦੇ ਹਨ। ਕੁਝ ਪਾਦਰੀ ਤਲਾਕ ਦਾ ਸਮਰਥਨ ਵੀ ਕਰਦੇ ਜਾਪਦੇ ਹਨ। ਅਪ੍ਰੈਲ 15, 1996, ਦੀ ਆਫ਼ਟੌਨਬਲਾਡੈੱਟ ਨੇ ਰਿਪੋਰਟ ਕੀਤਾ ਕਿ ਬਰੈਡਫ਼ਰਡ, ਇੰਗਲੈਂਡ, ਦੇ ਪਾਸਟਰ ਸਟੀਵਨ ਐਲਨ ਨੇ ਤਲਾਕ ਦੀ ਇਕ ਖ਼ਾਸ ਰਸਮ ਬਣਾਈ ਹੈ, ਜੋ ਕਿ ਉਸ ਦੇ ਸੁਝਾਅ ਅਨੁਸਾਰ ਸਾਰੇ ਬਰਤਾਨਵੀ ਗਿਰਜਿਆਂ ਵਿਚ ਕਾਨੂੰਨੀ ਸਮਝੀ ਜਾਣੀ ਚਾਹੀਦੀ ਹੈ। “ਇਹ ਚੰਗਾ ਕਰਨ ਦਾ ਪ੍ਰੋਗ੍ਰਾਮ ਹੈ ਜੋ ਇਕ ਵਿਅਕਤੀ ਦੀ ਮਦਦ ਕਰੇਗਾ ਤਾਂਕਿ ਉਸ ਨਾਲ ਜੋ ਵਾਪਰਿਆ ਹੈ ਉਸ ਦਾ ਉਹ ਸਾਮ੍ਹਣਾ ਕਰ ਸਕੇ। ਇਹ ਉਨ੍ਹਾਂ ਨੂੰ ਇਹ ਸਮਝਣ ਵਿਚ ਮਦਦ ਦਿੰਦਾ ਹੈ ਕਿ ਪਰਮੇਸ਼ੁਰ ਅਜੇ ਵੀ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਦੁੱਖਾਂ ਤੋਂ ਮੁਕਤ ਕਰਦਾ ਹੈ।”

ਤਾਂ ਫਿਰ, ਪਰਿਵਾਰਕ ਪ੍ਰਬੰਧ ਕਿਸ ਦਿਸ਼ਾ ਵੱਲ ਜਾ ਰਿਹਾ ਹੈ? ਕੀ ਇਸ ਦੇ ਬਚਾਅ ਦੀ ਕੋਈ ਆਸ ਹੈ? ਕੀ ਅਲੱਗ-ਅਲੱਗ ਪਰਿਵਾਰ ਅਜਿਹੇ ਵੱਡੇ ਖ਼ਤਰੇ ਅਧੀਨ ਆਪਣੀ ਏਕਤਾ ਨੂੰ ਬਚਾਈ ਰੱਖ ਸਕਦੇ ਹਨ? ਕਿਰਪਾ ਕਰ ਕੇ ਅਗਲੇ ਲੇਖ ਉੱਤੇ ਵਿਚਾਰ ਕਰੋ।

[ਸਫ਼ੇ 5 ਉੱਤੇ ਚਾਰਟ]

ਕੁਝ ਦੇਸ਼ਾਂ ਵਿਚ ਸਾਲਾਨਾ ਵਿਆਹ ਅਤੇ ਤਲਾਕ ਵਿਚਕਾਰ ਤੁਲਨਾ

ਦੇਸ਼ ਸਾਲ ਵਿਆਹ ਤਲਾਕ

ਆਸਟ੍ਰੇਲੀਆ 1993 1,13,255 48,324

ਏਸਟੋਨੀਆ 1993 7,745 5,757

ਸੰਯੁਕਤ ਰਾਜ ਅਮਰੀਕਾ 1993 23,34,000 11,87,000

ਸਵੀਡਨ 1993 34,005 21,673

ਕਿਊਬਾ 1992 1,91,837 63,432

ਕੈਨੇਡਾ 1992 1,64,573 77,031

ਚੈੱਕ ਗਣਰਾਜ 1993 66,033 30,227

ਜਪਾਨ 1993 7,92,658 1,88,297

ਜਰਮਨੀ 1993 4,42,605 1,56,425

ਡੈਨਮਾਰਕ 1993 31,507 12,991

ਨਾਰਵੇ 1993 19,464 10,943

ਪੋਰਟੋ ਰੀਕੋ 1992 34,222 14,227

ਫਰਾਂਸ 1991 2,80,175 1,08,086

ਬਰਤਾਨੀਆ 1992 3,56,013 1,74,717

ਮਾਲਦੀਵ 1991 4,065 2,659

ਰੂਸੀ ਸੰਘ 1993 11,06,723 6,63,282

(1994 ਡੈਮੋਗ੍ਰਾਫਿਕ ਯੀਅਰਬੁੱਕ, ਸੰਯੁਕਤ ਰਾਸ਼ਟਰ ਸੰਘ, ਨਿਊਯਾਰਕ 1996, ਉੱਤੇ ਆਧਾਰਿਤ)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ