ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 5/1 ਸਫ਼ੇ 26-27
  • ਵੈਂਡਾ ਲੋਕਾਂ ਦਾ ਫਲਦਾਰ ਦੇਸ਼

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵੈਂਡਾ ਲੋਕਾਂ ਦਾ ਫਲਦਾਰ ਦੇਸ਼
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਇਕ ਔਖੀ ਭਾਸ਼ਾ
  • ਰੂਹਾਨੀ ਫਲ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 5/1 ਸਫ਼ੇ 26-27

ਵੈਂਡਾ ਲੋਕਾਂ ਦਾ ਫਲਦਾਰ ਦੇਸ਼

ਪਿਛਲਿਆਂ ਦਸਾਂ ਸਾਲਾਂ ਲਈ, ਮੈਂ ਅਤੇ ਮੇਰੀ ਪਤਨੀ ਨੇ ਵੈਂਡਾ ਲੋਕਾਂ ਵਿਚਕਾਰ ਪੂਰਣ-ਕਾਲੀ ਪ੍ਰਚਾਰਕਾਂ ਵਜੋਂ ਕੰਮ ਕੀਤਾ ਹੈ। ਵੈਂਡਾ ਲੋਕ ਦੱਖਣੀ ਅਫ਼ਰੀਕਾ ਦੇ ਉੱਤਰ ਵੱਲ, ਲਿਮਪੋਪੋ ਨਦੀ ਦੇ ਦੱਖਣੀ ਪਾਸੇ ਰਹਿੰਦੇ ਹਨ, ਅਤੇ ਉਨ੍ਹਾਂ ਦੀ ਕੌਮ ਕਈਆਂ ਕਬੀਲਿਆਂ ਦੀ ਬਣੀ ਹੋਈ ਹੈ ਜੋ ਪਿਛਲੀਆਂ ਸਦੀਆਂ ਦੌਰਾਨ ਲਿਮਪੋਪੋ ਨਦੀ ਪਾਰ ਕਰ ਕੇ ਇੱਥੇ ਆਏ ਹਨ। ਕੁਝ ਵੈਂਡਾ ਲੋਕ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਪਿਓ-ਦਾਦੇ ਕੁਝ 1,000 ਸਾਲ ਪਹਿਲਾਂ ਇੱਥੇ ਵੱਸੇ ਸਨ।

ਵਾਕਈ, ਇਹ ਇਲਾਕਾ ਇਕ ਪੁਰਾਣੀ ਸਭਿਅਤਾ ਦਾ ਹਿੱਸਾ ਹੁੰਦਾ ਸੀ ਜਿਸ ਨੂੰ ਮਪੁੰਗੁਬਵੇ ਰਾਜ ਸੱਦਿਆ ਜਾਂਦਾ ਸੀ। ਇਹ ਦੱਖਣੀ ਅਫ਼ਰੀਕਾ ਦੀ ਪਹਿਲੀ ਵੱਡੀ ਸ਼ਹਿਰੀ ਬਸਤੀ ਸੀ ਅਤੇ ਇਸ ਨੇ ਪੱਛਮ ਵਿਚ ਬਾਤਸਵਾਨਾ ਤੋਂ ਲੈ ਕੇ ਪੂਰਬ ਵਿਚ ਮੋਜ਼ਾਮਬੀਕ ਤਕ, ਲੰਮੀ-ਚੌੜੀ ਲਿਮਪੋਪੋ ਨਦੀ ਦੀ ਵਾਦੀ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਸੀ। ਲਗਭਗ 900 ਤੋਂ 1100 ਸਾ.ਯੁ. ਤਕ, ਮਪੁੰਗੁਬਵੇ ਤੋਂ ਅਰਬੀ ਵਪਾਰੀਆਂ ਨੂੰ ਹਾਥੀ-ਦੰਦ, ਗੈਂਡੇ ਦੇ ਸਿੰਗ, ਪਸ਼ੂਆਂ ਦੀਆਂ ਖੱਲਾਂ, ਤਾਂਬਾ, ਅਤੇ ਸੋਨਾ ਵੀ ਮਿਲਿਆ। ਮਪੁੰਗੁਬਵੇ ਨਾਂ ਦੇ ਇਕ ਸ਼ਾਹੀ ਦਫ਼ਨਾਉਣ ਦੇ ਟਿੱਲੇ ਵਿੱਚੋਂ ਕਾਰੀਗਰੀ ਨਾਲ ਘੜੀਆਂ ਅਤੇ ਸੋਨੇ ਨਾਲ ਮੜ੍ਹੀਆਂ ਚੀਜ਼ਾਂ ਪੁੱਟ ਕੇ ਕੱਢੀਆਂ ਗਈਆਂ ਹਨ। ਇਕ ਵਿਸ਼ਵ-ਕੋਸ਼ ਦੇ ਅਨੁਸਾਰ ਇਹ “ਅਫ਼ਰੀਕਾ ਦੇ ਦੱਖਣ ਵਿਚ ਸੋਨੇ ਲਈ ਖਾਣਾਂ ਖੋਦਣ ਦੇ ਮੁਢਲੇ ਸੰਕੇਤ ਹਨ।”

ਇੱਥੇ ਹੁਣ ਸੋਨਾ ਲੱਭਣ ਲਈ ਖਾਣਾਂ ਖੋਦੀਆਂ ਨਹੀਂ ਜਾਂਦੀਆਂ। ਅੱਜ, ਵੈਂਡਾ ਇਕ ਫਲਦਾਰ ਦੇਸ਼ ਵਜੋਂ ਮਸ਼ਹੂਰ ਹੈ। ਸੋਟਪੋਂਸਬਰਗ ਦੇ ਪਹਾੜਾਂ ਦੇ ਦੱਖਣ ਵੱਲ ਇਕ ਹਰੀ-ਭਰੀ ਵਾਦੀ ਹੈ, ਜਿੱਥੇ ਐਵੋਕਾਡੋ, ਕੇਲੇ, ਅੰਬ, ਅਤੇ ਅਮਰੂਦ ਵਰਗੇ ਫਲ ਬਹੁਤ ਲੱਗਦੇ ਹਨ। ਪੇਕਾਨ ਅਤੇ ਮੈਕਡੇਮੀਆ ਵਰਗੀਆਂ ਗਿਰੀਆਂ ਤੋਂ ਇਲਾਵਾ, ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਵੀ ਮਿਲਦੀਆਂ ਹਨ। ਇਨ੍ਹਾਂ ਵਿੱਚੋਂ ਇਕ ਸਬਜ਼ੀ ਜੰਗਲੀ ਮੁਰੌਹੌ ਹੈ, ਜਿਸ ਦਾ ਸੁਆਦ ਪਾਲਕ ਵਰਗਾ ਹੈ ਅਤੇ ਇੱਥੇ ਦੇ ਲੋਕ ਇਸ ਨੂੰ ਬਹੁਤ ਪਸੰਦ ਕਰਦੇ ਹਨ।

ਵੈਂਡਾ ਇਕ ਸ਼ਾਤਮਈ ਅਤੇ ਪਰਾਹੁਣਚਾਰ ਕੌਮ ਹੈ। ਘਰ ਦੇ ਮਾਲਕ ਲਈ ਇਹ ਕਹਿਣਾ ਕੋਈ ਅਨੋਖੀ ਗੱਲ ਨਹੀਂ ਕਿ ਕਿਸੇ ਅਚਾਨਕ ਆਏ ਮਹਿਮਾਨ ਲਈ ਕੁੱਕੜ ਪਕਾਇਆ ਜਾਵੇ। ਇਹ ਬੁਸਵਾ ਦੇ ਨਾਲ ਖਾਧੀ ਜਾਂਦੀ ਹੈ, ਜੋ ਮੱਕੀ ਤੋਂ ਬਣਿਆ ਇੱਥੇ ਦਾ ਮੁੱਖ ਖਾਣਾ ਹੈ। ਮੁਲਾਕਾਤ ਤੋਂ ਬਾਅਦ, ਘਰ ਦਾ ਮਾਲਕ ਕੁਝ ਦੂਰੀ ਤਕ ਆਪਣੇ ਮਹਿਮਾਨ ਦਾ ਸਾਥ ਦਿੰਦਾ ਹੈ। ਇਹ ਮਹਿਮਾਨ ਲਈ ਆਦਰ ਦਿਖਾਉਣ ਦਾ ਰਿਵਾਜ ਹੈ। ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਮਹਿਮਾਨਾਂ ਅੱਗੇ ਸੋਹਣੀ ਤਰ੍ਹਾਂ ਨੀਵੀਂ ਪਾਉਣ ਅਤੇ ਇਕ ਹੱਥ ਦੂਜੇ ਉੱਤੇ ਫੇਰਨ। ਇਸ ਸਫ਼ੇ ਉੱਤੇ ਤੁਸੀਂ ਦੋ ਵੈਂਡਾ ਔਰਤਾਂ ਨੂੰ ਇਸ ਰੀਤ ਅਨੁਸਾਰ ਇਕ ਦੂਜੇ ਸਾਮ੍ਹਣੇ ਪ੍ਰਣਾਮ ਕਰਦੀਆਂ ਵੇਖ ਸਕਦੇ ਹੋ।

ਇਕ ਔਖੀ ਭਾਸ਼ਾ

ਯੂਰਪ ਦੇ ਵਾਸੀਆਂ ਲਈ ਵੈਂਡਾ ਭਾਸ਼ਾ ਚੰਗੀ ਤਰ੍ਹਾਂ ਬੋਲਣੀ ਸਿੱਖਣੀ ਬਹੁਤ ਔਖੀ ਹੈ। ਇਕ ਮੁਸ਼ਕਲ ਇਹ ਹੈ ਕਿ ਕਈ ਸ਼ਬਦ ਇੱਕੋ ਤਰ੍ਹਾਂ ਲਿਖੇ ਜਾਂਦੇ ਹਨ ਪਰ ਵੱਖਰੇ-ਵੱਖਰੇ ਢੰਗ ਨਾਲ ਬੋਲੇ ਜਾਂਦੇ ਹਨ। ਇਕ ਦਿਨ ਯਹੋਵਾਹ ਦੇ ਗਵਾਹਾਂ ਦੀ ਇਕ ਵੈਂਡਾ ਕਲੀਸਿਯਾ ਵਿਚ ਬਾਈਬਲ ਭਾਸ਼ਣ ਦਿੰਦੇ ਸਮੇਂ, ਮੈਂ ਹਾਜ਼ਰੀਨ ਨੂੰ ਹਰੇਕ ਵਿਅਕਤੀ ਨਾਲ ਗੱਲਬਾਤ ਕਰਨ ਦਾ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਜ਼ਰੀਨ ਵਿੱਚੋਂ ਇਕ ਵਿਅਕਤੀ ਹੱਸਣ ਤੋਂ ਆਪਣੇ ਆਪ ਨੂੰ ਰੋਕ ਨਾ ਸਕਿਆ ਕਿਉਂਕਿ ਮੈਂ ‘ਹਰੇਕ ਵਿਅਕਤੀ’ ਕਹਿਣ ਦੀ ਬਜਾਇ, ‘ਹਰੇਕ ਉਂਗਲੀ’ ਕਹਿ ਦਿੱਤਾ।

ਜਦੋਂ ਮੈਂ ਲੋਕਾਂ ਨੂੰ ਗਵਾਹੀ ਦੇਣ ਦੇ ਕੰਮ ਵਿਚ ਪਹਿਲੀ ਵਾਰ ਵੈਂਡਾ ਭਾਸ਼ਾ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਇਕ ਵੈਂਡਾ ਔਰਤ ਨੇ ਮੈਨੂੰ ਜਵਾਬ ਦਿੱਤਾ: “ਮੈਂ ਅੰਗ੍ਰੇਜ਼ੀ ਨਹੀਂ ਬੋਲਦੀ।” ਮੇਰੇ ਭਾਣੇ ਤਾਂ ਮੈਂ ਅੱਛੀ ਤਰ੍ਹਾਂ ਵੈਂਡਾ ਬੋਲ ਰਿਹਾ ਸੀ, ਪਰ ਉਹ ਦੇ ਭਾਣੇ ਮੈਂ ਅੰਗ੍ਰੇਜ਼ੀ ਬੋਲ ਰਿਹਾ ਸੀ! ਇਕ ਹੋਰ ਵਾਰ ਜਦੋਂ ਮੈਂ ਇਕ ਘਰ ਤੇ ਅੱਪੜਿਆ, ਮੈਂ ਇਕ ਨੌਜਵਾਨ ਨੂੰ ਘਰ ਦੇ ਮਾਲਕ ਨੂੰ ਸੱਦਣ ਲਈ ਕਿਹਾ। ਘਰ ਦੇ ਮਾਲਕ ਲਈ ਵੈਂਡਾ ਸ਼ਬਦ ਧੋਹੋ ਹੈ। ਗ਼ਲਤੀ ਨਾਲ ਮੈਂ ਧਹੋ ਕਹਿ ਦਿੱਤਾ, ਜਿਸ ਦਾ ਮਤਲਬ ਸੀ ਮੈਂ ਘਰ ਦੇ ਬਾਂਦਰ ਨਾਲ ਗੱਲ ਕਰਨੀ ਚਾਹੁੰਦਾ ਹਾਂ! ਅਜਿਹੀਆਂ ਗ਼ਲਤੀਆਂ ਨੇ ਮੈਨੂੰ ਨਿਰਾਸ਼ ਕੀਤਾ, ਪਰ ਲਗਨ ਨਾਲ ਸਿੱਖਦੇ ਰਹਿਣ ਕਰਕੇ ਹੁਣ ਮੈਂ ਤੇ ਮੇਰੀ ਪਤਨੀ ਵੈਂਡਾ ਵਿਚ ਕਾਫ਼ੀ ਚੰਗੀ ਤਰ੍ਹਾਂ ਗੱਲਬਾਤ ਕਰ ਸਕਦੇ ਹਾਂ।

ਰੂਹਾਨੀ ਫਲ

ਵੈਂਡਾ ਦੇਸ਼ ਰੂਹਾਨੀ ਤੌਰ ਤੇ ਵੀ ਫਲਦਾਰ ਸਾਬਤ ਹੋ ਰਿਹਾ ਹੈ। ਇੱਥੇ 1950 ਦੇ ਦਹਾਕੇ ਵਿਚ, ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਸਥਾਪਿਤ ਹੋਈ ਸੀ। ਇਸ ਦੇ ਮੈਂਬਰ ਆਂਢ-ਗੁਆਂਢ ਦਿਆਂ ਦੇਸ਼ਾਂ ਤੋਂ ਪਰਵਾਸੀ ਸਨ ਜੋ ਮਸਿਨਾ ਦੇ ਨਗਰ ਵਿਚ ਤਾਂਬੇ ਦੇ ਖਾਣ ਵਿਚ ਕੰਮ ਕਰਨ ਆਏ ਸਨ। ਉਨ੍ਹਾਂ ਦੇ ਜੋਸ਼ੀਲੇ ਕੰਮਾਂ ਰਾਹੀਂ ਵੈਂਡਾ ਦੇ ਕਈ ਲੋਕ ਬਾਈਬਲ ਦੀਆਂ ਸੱਚਾਈਆਂ ਜਾਣਨ ਲੱਗ ਪਏ। ਦਸ ਸਾਲ ਬਾਅਦ ਸਿਬਾਸਾ ਨਗਰ ਵਿਚ ਵੈਂਡਾ ਦੇ ਗਵਾਹਾਂ ਦਾ ਇਕ ਸਮੂਹ ਕਿਸੇ ਦੇ ਘਰ ਵਿਚ ਸਭਾਵਾਂ ਕਰ ਰਿਹਾ ਸੀ।

ਇਸ ਵਾਧੇ ਨੂੰ ਤੇਜ਼ ਕਰਨ ਲਈ, ਦੱਖਣੀ ਅਫ਼ਰੀਕਾ ਵਿਚ ਵਾਚ ਟਾਵਰ ਸੋਸਾਇਟੀ ਦੇ ਸ਼ਾਖਾ ਦਫ਼ਤਰ ਨੇ ਇਸ ਫਲਦਾਰ ਖੇਤਰ ਵਿਚ ਪਾਇਨੀਅਰ ਪ੍ਰਚਾਰਕ ਭੇਜੇ। ਜਲਦੀ ਹੀ ਸਿਬਾਸਾ ਦਾ ਸਮੂਹ ਇਕ ਵੱਡੀ ਕਲੀਸਿਯਾ ਬਣ ਗਿਆ। ਉਸ ਵੇਲੇ ਮਸੀਹੀ ਸਭਾਵਾਂ ਸਕੂਲ ਦੇ ਇਕ ਕਮਰੇ ਵਿਚ ਕੀਤੀਆਂ ਜਾ ਰਹੀਆਂ ਸਨ। ਫਿਰ, ਇਸ ਦੇ ਨਾਲ ਲੱਗਦੇ ਇਕ ਨਗਰ, ਟੋਹੇਐਂਡੂ ਵਿਚ ਇਕ ਕਿੰਗਡਮ ਹਾਲ ਬਣਾਇਆ ਗਿਆ। ਇਹ ਦੱਖਣ ਵੱਲ 100 ਮੀਲ ਦੀ ਦੂਰੀ ਤੇ ਪੀਟਰਜ਼ਬਰਗ ਦੇ ਇਲਾਕੇ ਤੋਂ ਆਏ ਯਹੋਵਾਹ ਦੇ ਗਵਾਹਾਂ ਦੀ ਮਦਦ ਨਾਲ ਬਣਿਆ।

ਦੱਖਣੀ ਅਫ਼ਰੀਕਾ ਦੇ ਉੱਤਰ ਵਿਚ ਵੈਂਡਾ ਬੋਲਣ ਵਾਲਿਆਂ ਦੀ ਗਿਣਤੀ ਕੁਝ 5,00,000 ਤੋਂ ਉੱਪਰ ਹੈ। ਜਦੋਂ ਰਾਜ-ਪ੍ਰਚਾਰ ਦਾ ਕੰਮ ਇੱਥੇ 1950 ਦੇ ਦਹਾਕੇ ਵਿਚ ਸ਼ੁਰੂ ਹੋਇਆ ਸੀ ਤਾਂ ਇਕ ਵੀ ਵੈਂਡਾ ਗਵਾਹ ਨਹੀਂ ਸੀ। ਹੁਣ 150 ਤੋਂ ਜ਼ਿਆਦਾ ਹਨ। ਪਰ ਅਜੇ ਵੀ ਕਈ ਖੇਤਰ ਹਨ ਜਿੱਥੇ ਪ੍ਰਚਾਰ ਨਹੀਂ ਕੀਤਾ ਗਿਆ ਅਤੇ ਅਜੇ ਬਹੁਤ ਕੰਮ ਕਰਨ ਵਾਲਾ ਹੈ। ਸੰਨ 1989 ਵਿਚ ਅਸੀਂ ਹਾਮੁਟਸ਼ਾ ਨਾਮਕ ਇਕ ਵੈਂਡਾ ਪਿੰਡ ਵਿਚ ਜਾਣਾ ਸ਼ੁਰੂ ਕਰ ਦਿੱਤਾ। ਉਦੋਂ ਉੱਥੇ ਸਿਰਫ਼ ਇਕ ਗਵਾਹ ਰਹਿੰਦਾ ਹੁੰਦਾ ਸੀ। ਹੁਣ ਉਸ ਪਿੰਡ ਵਿਚ ਕੁਝ 40 ਰਾਜ ਪ੍ਰਚਾਰਕ ਹਨ। ਪੀਟਰਜ਼ਬਰਗ ਦੀਆਂ ਕਲੀਸਿਯਾਵਾਂ ਤੋਂ ਗਵਾਹਾਂ ਦੀ ਮਦਦ ਨਾਲ ਅਤੇ ਜ਼ਿਆਦਾ ਅਮੀਰ ਦੇਸ਼ਾਂ ਵਿਚ ਭਰਾਵਾਂ ਦੇ ਚੰਦੇ ਨਾਲ ਅਸੀਂ ਆਪਣਾ ਕਿੰਗਡਮ ਹਾਲ ਬਣਾਉਣ ਵਿਚ ਰੁੱਝੇ ਹੋਏ ਹਾਂ।

ਅਸੀਂ ਇਕ ਫਾਰਮ ਤੇ ਇਕ ਕਾਰਵਾਂ (ਚੱਲਦਾ-ਫਿਰਦਾ ਘਰ) ਵਿਚ ਰਹਿੰਦੇ ਹਾਂ। ਆਪਣੀ ਜ਼ਿੰਦਗੀ ਸਾਦੀ ਰੱਖਣ ਨਾਲ, ਸਾਡੇ ਕੋਲ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਜ਼ਿਆਦਾ ਸਮਾਂ ਹੈ। (ਮਰਕੁਸ 13:10) ਨਤੀਜੇ ਵਜੋਂ, ਸਾਨੂੰ ਕਈਆਂ ਲੋਕਾਂ ਦੀ ਮਦਦ ਕਰਨ ਦੀ ਵੱਡੀ ਬਰਕਤ ਮਿਲੀ ਹੈ ਕਿ ਉਹ ਯਹੋਵਾਹ ਪਰਮੇਸ਼ੁਰ ਨੂੰ ਆਪਣੇ ਜੀਵਨ ਸਮਰਪਿਤ ਕਰਨ। ਇਕ ਉਦਾਹਰਣ ਮਾਈਕਲ ਨਾਮਕ ਮਨੁੱਖ ਦੀ ਹੈ, ਜਿਸ ਨੇ ਇਕ ਦੋਸਤ ਦੇ ਘਰ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਕਿਤਾਬ ਦੇਖੀ।a ਉਹ ਉਸ ਨੂੰ ਪੜ੍ਹਨ ਲੱਗ ਪਿਆ ਅਤੇ ਉਸ ਨੇ ਪੜ੍ਹਨ ਤੋਂ ਬਾਅਦ ਇਕਦਮ ਪਛਾਣਿਆ ਕਿ ਇਹ ਸੱਚਾਈ ਹੈ। ਸੋ ਉਸ ਨੇ ਬਾਈਬਲ ਦਿਆਂ ਹੋਰ ਪ੍ਰਕਾਸ਼ਨਾਂ ਲਈ ਵਾਚ ਟਾਵਰ ਸੋਸਾਇਟੀ ਨੂੰ ਲਿਖਿਆ। ਆਪਣੀ ਚਿੱਠੀ ਵਿਚ ਮਾਈਕਲ ਨੇ ਲਿਖਿਆ ਕਿ ਥੋੜ੍ਹੇ ਚਿਰ ਪਹਿਲਾਂ ਉਸ ਨੇ ਅਪਾਸਟੋਲਿਕ ਚਰਚ ਦੇ ਮੈਂਬਰ ਵਜੋਂ ਬਪਤਿਸਮਾ ਲਿਆ ਸੀ। ਉਸ ਨੇ ਅੱਗੇ ਕਿਹਾ “ਮੈਨੂੰ ਪਤਾ ਲੱਗ ਗਿਆ ਹੈ ਕਿ ਮੈਂ ਪਰਮੇਸ਼ੁਰ ਦੇ ਰਾਜ ਵੱਲ ਜਾਣ ਦੇ ਗ਼ਲਤ ਰਸਤੇ ਤੇ ਚੱਲ ਰਿਹਾ ਹਾਂ। ਮੈਂ ਫ਼ੈਸਲਾ ਕਰ ਲਿਆ ਹੈ ਕਿ ਮੈਂ ਤੁਹਾਡਾ ਇਕ ਮੈਂਬਰ ਬਣਾਂਗਾ, ਪਰ ਮੈਨੂੰ ਨਹੀਂ ਪਤਾ ਕਿ ਮੈਂ ਇਹ ਕਿੱਦਾਂ ਕਰਾਂ।” ਫਿਰ ਉਸ ਨੇ ਆਪਣਾ ਪਤਾ ਦਿੱਤਾ ਅਤੇ ਫ਼ਰਮਾਇਸ਼ ਕੀਤੀ ਕਿ ਯਹੋਵਾਹ ਦਾ ਕੋਈ ਗਵਾਹ ਉਸ ਦੀ ਮਦਦ ਕਰਨ ਲਈ ਭੇਜਿਆ ਜਾਵੇ। ਮੈਂ ਮਾਈਕਲ ਨੂੰ ਮਿਲਿਆ ਅਤੇ ਉਸ ਨਾਲ ਬਾਈਬਲ ਦਾ ਅਧਿਐਨ ਸ਼ੁਰੂ ਕੀਤਾ। ਅੱਜ ਉਹ ਇਕ ਬਪਤਿਸਮਾ-ਪ੍ਰਾਪਤ ਗਵਾਹ ਹੈ ਅਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ।

ਦਸੰਬਰ 1997 ਵਿਚ, ਅਸੀਂ ਯਹੋਵਾਹ ਦੇ ਗਵਾਹਾਂ ਦੇ “ਪਰਮੇਸ਼ੁਰ ਦੇ ਬਚਨ ਵਿਚ ਨਿਹਚਾ” ਜ਼ਿਲ੍ਹਾ ਮਹਾਂ-ਸੰਮੇਲਨ ਤੇ ਹਾਜ਼ਰ ਹੋਏ, ਜੋ ਟੋਹੇਐਂਡੂ ਵਿਚ ਇਕ ਖੇਡ ਦੇ ਮੈਦਾਨ ਵਿਚ ਹੋਇਆ ਸੀ। ਉੱਥੇ 634 ਲੋਕ ਹਾਜ਼ਰ ਹੋਏ, ਅਤੇ 12 ਨਵੇਂ ਵਿਅਕਤੀਆਂ ਨੇ ਬਪਤਿਸਮਾ ਲਿਆ। ਮੈਨੂੰ ਵੈਂਡਾ ਭਾਸ਼ਾ ਵਿਚ ਦੋ ਭਾਸ਼ਣ ਦੇਣ ਦਾ ਸਨਮਾਨ ਮਿਲਿਆ। ਇਸ ਫਲਦਾਰ ਦੇਸ਼ ਵਿਚ ਗੁਜ਼ਾਰੇ ਗਏ ਸਾਡੇ ਖ਼ੁਸ਼ੀ-ਭਰੇ ਦਹਾਕੇ ਦੀ ਇਹ ਸੱਚ-ਮੁੱਚ ਇਕ ਮਹੱਤਵਪੂਰਣ ਘਟਨਾ ਸੀ!—ਭੇਜਿਆ ਗਿਆ ਲੇਖ।

[ਫੁਟਨੋਟ]

a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ