ਪਾਠਕਾਂ ਵੱਲੋਂ ਸਵਾਲ
ਕਿਉਂ ਜੋ ਹੁਣ ਮਰੀਜ਼ਾਂ ਦੀ ਦਰਖ਼ਾਸਤ ਤੇ ਸਟਰਲਾਇਜ਼ੇਸ਼ਨ ਦਾ ਓਪਰੇਸ਼ਨ ਉਲਟਾਇਆ ਜਾ ਸਕਦਾ ਹੈ, ਤਾਂ ਕੀ ਇਕ ਮਸੀਹੀ ਇਸ ਤਰੀਕੇ ਨੂੰ ਗਰਭ-ਨਿਰੋਧ ਵਜੋਂ ਚੁਣ ਸਕਦਾ ਹੈ?
ਸਟਰਲਾਇਜ਼ੇਸ਼ਨ ਪਰਿਵਾਰ-ਨਿਯੋਜਨ ਦਾ ਸਭ ਤੋਂ ਮਸ਼ਹੂਰ ਜ਼ਰੀਆ ਬਣ ਗਿਆ ਹੈ। ਕਈ ਲੋਕ ਇਸ ਢੰਗ ਨੂੰ ਆਪੋ-ਆਪਣੇ ਸਮਾਜਕ, ਸਿੱਖਿਅਕ ਅਤੇ ਧਾਰਮਿਕ ਪਿਛੋਕੜ ਦੇ ਅਨੁਸਾਰ ਮਨਜ਼ੂਰ ਜਾਂ ਰੱਦ ਕਰਦੇ ਹਨ। ਯਹੋਵਾਹ ਦੇ ਗਵਾਹਾਂ ਦੇ ਧਾਰਮਿਕ ਵਿਸ਼ਵਾਸ ਕਾਰਨ ਉਹ ਇਸ ਮਾਮਲੇ ਬਾਰੇ ਗੰਭੀਰਤਾ ਨਾਲ ਸੋਚਦੇ ਹਨ। ਉਹ ਜ਼ਬੂਰਾਂ ਦੇ ਲਿਖਾਰੀ ਵਾਂਗ ਇੱਛਾ ਰੱਖਦੇ ਹਨ ਜਿਸ ਨੇ ਕਿਹਾ ਕਿ “ਹੇ ਯਹੋਵਾਹ, ਆਪਣਾ ਰਾਹ ਮੈਨੂੰ ਸਿਖਲਾ, ਅਤੇ . . . ਪੱਧਰੇ ਰਾਹ ਉੱਤੇ ਮੇਰੀ ਅਗਵਾਈ ਕਰ।” (ਜ਼ਬੂਰ 27:11) ਸਟਰਲਾਇਜ਼ੇਸ਼ਨ ਦੇ ਓਪਰੇਸ਼ਨ ਵਿਚ ਕੀ ਕੁਝ ਸ਼ਾਮਲ ਹੈ?
ਗਰਭ-ਨਿਰੋਧ ਲਈ ਮਰਦਾਂ ਦੀ ਸਟਰਲਾਇਜ਼ੇਸ਼ਨ ਨੂੰ ਨਸਬੰਦੀ ਸੱਦਿਆ ਗਿਆ ਹੈ। ਅੰਡਕੋਸ਼ ਵਿਚ ਵੀਰਜ ਦੀਆਂ ਦੋ ਛੋਟੀਆਂ-ਛੋਟੀਆਂ ਨਾਲ਼ੀਆਂ ਕੱਟੀਆਂ ਅਤੇ ਰੋਕ ਦਿੱਤੀਆਂ ਜਾਂਦੀਆਂ ਹਨ। ਇਹ ਅਨੇਕ ਡਾਕਟਰੀ ਤਰੀਕਿਆਂ ਵਿਚ ਕੀਤਾ ਜਾ ਸਕਦਾ ਹੈ, ਪਰ ਇਸ ਦਾ ਮਕਸਦ ਇਹ ਹੁੰਦਾ ਹੈ ਕਿ ਨਲ਼ ਤੋਂ ਵੀਰਜ ਨਿਕਲਣਾ ਬਿਲਕੁਲ ਨਾਮੁਮਕਿਨ ਹੋ ਜਾਵੇ। ਨਾਰੀਆਂ ਦੀ ਸਟਰਲਾਇਜ਼ੇਸ਼ਨ ਨੂੰ ਨਾਲ਼ੀ ਬੰਨ੍ਹ ਸੱਦਿਆ ਜਾਂਦਾ ਹੈ। ਆਮ ਤੌਰ ਤੇ ਇਹ ਓਪਰੇਸ਼ਨ ਫੈਲੋਪੀ ਨਾਲ਼ੀਆਂ ਨੂੰ ਕੱਟ ਕੇ ਬੰਨ੍ਹਣ (ਜਾਂ ਸਾੜਣ) ਨਾਲ ਕੀਤਾ ਜਾਂਦਾ ਹੈ। ਇਹ ਨਾਲ਼ੀਆਂ ਬੀਜਦਾਨੀ ਤੋਂ ਬੱਚੇਦਾਨੀ ਤਕ ਆਂਡੇ ਲਿਜਾਂਦੀਆਂ ਹਨ।
ਬਹੁਤ ਸਮੇਂ ਤੋਂ ਇਹ ਸਮਝਿਆ ਜਾਂਦਾ ਸੀ ਕਿ ਇਹ ਓਪਰੇਸ਼ਨ ਪੱਕਾ ਹੁੰਦਾ ਹੈ, ਅਰਥਾਤ ਇਹ ਉਲਟਾਇਆ ਨਹੀਂ ਜਾ ਸਕਦਾ। ਪਰ ਕੁਝ ਲੋਕ ਇਹ ਕਦਮ ਚੁੱਕਣ ਤੋਂ ਬਾਅਦ ਪਛਤਾਉਂਦੇ ਹਨ ਜਾਂ ਹੁਣ ਉਨ੍ਹਾਂ ਦੀ ਸਥਿਤੀ ਬਦਲ ਜਾ ਚੁੱਕੀ ਹੈ, ਅਤੇ ਉਹ ਨਸਬੰਦੀ ਜਾਂ ਨਾਲ਼ੀ ਬੰਨ੍ਹ ਦੇ ਓਪਰੇਸ਼ਨ ਨੂੰ ਉਲਟਾਉਣ ਲਈ ਡਾਕਟਰਾਂ ਦੀ ਮਦਦ ਭਾਲਦੇ ਹਨ। ਡਾਕਟਰੀ ਦੇ ਖ਼ਾਸ ਯੰਤਰਾਂ ਵਿਚ ਤਕਨੀਕੀ ਤਰੱਕੀ ਅਤੇ ਮਾਈਕ੍ਰੋਸਰਜਰੀ ਕਰਕੇ, ਇਨ੍ਹਾਂ ਓਪਰੇਸ਼ਨਾਂ ਨੂੰ ਉਲਟਾਉਣ ਦੇ ਜਤਨ ਹੋਰ ਸਫ਼ਲ ਹੋ ਗਏ ਹਨ। ਇਸ ਬਾਰੇ ਪੜ੍ਹਨਾ ਕੋਈ ਅਨੋਖੀ ਗੱਲ ਨਹੀਂ ਹੈ ਕਿ ਨਿੱਕੀਆਂ-ਨਿੱਕੀਆਂ ਕੱਟੀਆਂ ਹੋਈਆਂ ਨਾਲ਼ੀਆਂ ਨੂੰ ਜੋੜ ਕੇ ਨਸਬੰਦੀ ਨੂੰ ਉਲਟਾਉਣ ਵਿਚ ਕੁਝ ਮਰੀਜ਼ 50 ਤੋਂ 70 ਪ੍ਰਤਿਸ਼ਤ ਸਫ਼ਲਤਾ ਪਾਉਂਦੇ ਹਨ। ਔਰਤਾਂ ਦੇ ਸੰਬੰਧ ਵਿਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਨਾਲ਼ੀ ਬੰਨ੍ਹ ਉਲਟਾਉਣ ਦਾ ਓਪਰੇਸ਼ਨ 60 ਤੋਂ 80 ਪ੍ਰਤਿਸ਼ਤ ਸਫ਼ਲ ਹੁੰਦਾ ਹੈ। ਇਹ ਪਤਾ ਲੱਗਣ ਤੇ ਕੁਝ ਵਿਅਕਤੀ ਮਹਿਸੂਸ ਕਰਦੇ ਹਨ ਕਿ ਸਟਰਲਾਇਜ਼ੇਸ਼ਨ ਦੇ ਓਪਰੇਸ਼ਨ ਨੂੰ ਹੁਣ ਪੱਕਾ ਨਹੀਂ ਸਮਝਣਾ ਚਾਹੀਦਾ ਹੈ। ਉਹ ਸ਼ਾਇਦ ਇਹ ਸੋਚਣ ਕਿ ਨਸਬੰਦੀ ਜਾਂ ਨਾਲ਼ੀ ਬੰਨ੍ਹ—ਨਿਰੋਧਕ ਗੋਲੀ, ਕੰਡੋਮ, ਅਤੇ ਪੈਸਰੀ ਦੇ ਬਰਾਬਰ ਹੀ ਹਨ—ਅਜਿਹੇ ਤਰੀਕੇ ਜਿਨ੍ਹਾਂ ਦੀ ਵਰਤੋ ਬੰਦ ਕੀਤੀ ਜਾ ਸਕਦੀ ਹੈ ਜੇਕਰ ਕੋਈ ਸੰਤਾਨ ਪੈਦਾ ਕਰਨੀ ਚਾਹੇ। ਪਰ ਕੁਝ ਗੰਭੀਰ ਗੱਲਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ।
ਓਪਰੇਸ਼ਨ ਉਲਟਾਉਣ ਦੀ ਸੰਭਾਵਨਾ ਉੱਤੇ ਇਨ੍ਹਾਂ ਕੁਝ ਚੀਜ਼ਾਂ ਤੋਂ ਬਹੁਤ ਅਸਰ ਪੈ ਸਕਦਾ ਹੈ: ਸਟਰਲਾਇਜ਼ੇਸ਼ਨ ਦੇ ਓਪਰੇਸ਼ਨ ਦੌਰਾਨ ਨਾਲ਼ੀਆਂ ਦਾ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ, ਕਿੰਨੀ ਕੁ ਨਾਲ਼ੀ ਕੱਢੀ ਗਈ ਜਾਂ ਜ਼ਖ਼ਮੀ ਹੋ ਗਈ ਸੀ, ਓਪਰੇਸ਼ਨ ਤੋਂ ਕਿੰਨੇ ਕੁ ਸਾਲ ਲੰਘ ਚੁੱਕੇ ਹਨ, ਅਤੇ ਬੰਦੇ ਦੀ ਨਸਬੰਦੀ ਦੇ ਮਾਮਲੇ ਵਿਚ ਕੀ ਉਸ ਦੇ ਵੀਰਜ ਵਿਚ ਕੋਈ ਰੋਗਨਾਸ਼ਕ ਅੰਸ਼ ਤਾਂ ਨਹੀਂ ਪੈਦਾ ਹੋ ਗਏ ਹਨ। ਅਤੇ ਇਸ ਗੱਲ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਕਈਆਂ ਇਲਾਕਿਆਂ ਵਿਚ ਮਾਈਕ੍ਰੋਸਰਜਰੀ ਉਪਲਬਧ ਨਹੀਂ ਹੈ ਅਤੇ ਇਸ ਦਾ ਖ਼ਰਚ ਵੀ ਹੱਦੋਂ ਵੱਧ ਹੋ ਸਕਦਾ ਹੈ। ਇਵੇਂ, ਜੋ ਸਟਰਲਾਇਜ਼ੇਸ਼ਨ ਦੇ ਓਪਰੇਸ਼ਨ ਨੂੰ ਉਲਟਾਉਣ ਲਈ ਤਰਸਦੇ ਹੋਣ ਉਹ ਇਸ ਬਾਰੇ ਕੁਝ ਵੀ ਨਹੀਂ ਕਰ ਸਕਦੇ ਹਨ। ਉਨ੍ਹਾਂ ਲਈ ਤਾਂ ਇਹ ਓਪਰੇਸ਼ਨ ਪੱਕਾ ਹੈ।a ਇਸ ਲਈ ਓਪਰੇਸ਼ਨ ਉਲਟਾਉਣ ਲਈ ਉੱਪਰ ਦੱਸੀਆਂ ਗਈਆਂ ਕਾਮਯਾਬੀਆਂ ਸਿਰਫ਼ ਅਨੁਮਾਨ ਹੀ ਹਨ, ਨਾ ਕਿ ਕੋਈ ਔਸਤ ਦਰ ਜਿਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ।
ਕੁਝ ਅਸਲੀਅਤਾਂ ਉੱਤੇ ਵਿਚਾਰ ਕਰੋ। ਸੰਯੁਕਤ ਰਾਜ ਅਮਰੀਕਾ ਵਿਚ ਨਸਬੰਦੀ ਬਾਰੇ ਲਿਖੇ ਗਏ ਇਕ ਲੇਖ ਵਿਚ ਕਿਹਾ ਗਿਆ ਕਿ 12 ਹਜ਼ਾਰ ਡਾਲਰ ਦਾ ਓਪਰੇਸ਼ਨ ਕਰਾਉਣ ਤੋਂ ਬਾਅਦ “ਸਿਰਫ਼ 63 ਪ੍ਰਤਿਸ਼ਤ ਮਰੀਜ਼ ਆਪਣੀਆਂ ਸਾਥਣਾਂ ਨੂੰ ਗਰਭਵਤੀ ਕਰ ਸਕਦੇ ਹਨ।” ਇਸ ਤੋਂ ਇਲਾਵਾ, “ਨਸਬੰਦੀ ਦਾ ਓਪਰੇਸ਼ਨ ਕਰਾਉਣ ਵਾਲੇ ਬੰਦਿਆਂ ਵਿੱਚੋਂ” ਸਿਰਫ਼ “6 ਪ੍ਰਤਿਸ਼ਤ ਹੀ ਅਖ਼ੀਰ ਵਿਚ ਉਸ ਨੂੰ ਉਲਟਾਉਣਾ ਚਾਹੁੰਦੇ ਹਨ।” ਕੇਂਦਰੀ ਯੂਰਪ ਬਾਰੇ ਇਕ ਜਰਮਨ ਪੁੱਛ-ਗਿੱਛ ਅਨੁਸਾਰ ਨਸਬੰਦੀ ਚੁਣਨ ਵਾਲਿਆਂ ਵਿੱਚੋਂ ਸਿਰਫ਼ 3 ਪ੍ਰਤਿਸ਼ਤ ਬੰਦਿਆਂ ਨੇ ਬਾਅਦ ਵਿਚ ਇਸ ਓਪਰੇਸ਼ਨ ਨੂੰ ਉਲਟਾਉਣਾ ਚਾਹਿਆ। ਜੇਕਰ ਉਨ੍ਹਾਂ ਵਿੱਚੋਂ ਸਿਰਫ਼ ਅੱਧੇ ਓਪਰੇਸ਼ਨ ਸਫ਼ਲ ਹੋਏ ਹੁੰਦੇ, ਤਾਂ ਇਸ ਦਾ ਅਰਥ ਹੋਵੇਗਾ ਕਿ 98.5 ਪ੍ਰਤਿਸ਼ਤ ਬੰਦਿਆਂ ਲਈ ਨਸਬੰਦੀ ਪੱਕੀ ਸਟਰਲਾਇਜ਼ੇਸ਼ਨ ਹੈ। ਅਤੇ ਘੱਟ ਮਾਈਕ੍ਰੋਸਰਜਨਾਂ ਵਾਲੇ ਦੇਸ਼ਾਂ ਵਿਚ ਇਸ ਦਾ ਦਰ ਹੋਰ ਵੀ ਜ਼ਿਆਦਾ ਹੋਵੇਗਾ।
ਨਤੀਜੇ ਵਜੋਂ, ਨਰ ਅਤੇ ਨਾਰੀ ਦੀ ਸਟਰਲਾਇਜ਼ੇਸ਼ਨ ਨੂੰ ਮਾਮੂਲੀ ਚੀਜ਼ ਨਹੀਂ ਸਮਝਣਾ ਚਾਹੀਦਾ ਹੈ, ਜਿਵੇਂ ਕਿ ਇਹ ਕੋਈ ਥੋੜੇ ਸਮੇਂ ਲਈ ਗਰਭ-ਨਿਰੋਧ ਹੈ। ਅਤੇ ਇਕ ਸੱਚੇ ਮਸੀਹੀ ਨੂੰ ਹੋਰ ਚੀਜ਼ਾਂ ਉੱਤੇ ਵੀ ਗੌਰ ਕਰਨਾ ਚਾਹੀਦਾ ਹੈ।
ਇਕ ਮੁੱਖ ਗੱਲ ਇਹ ਹੈ ਕਿ ਪ੍ਰਜਨਕ ਯੋਗਤਾ ਸਾਡੇ ਸ੍ਰਿਸ਼ਟੀਕਰਤਾ ਤੋਂ ਇਕ ਬਖ਼ਸ਼ੀਸ਼ ਹੈ। ਉਸ ਦੇ ਮੁਢਲੇ ਮਕਸਦ ਵਿਚ ਉਨ੍ਹਾਂ ਸੰਪੂਰਣ ਮਨੁੱਖਾਂ ਦੁਆਰਾ ਪ੍ਰਜਣਨ ਵੀ ਸ਼ਾਮਲ ਸੀ ਜਿਨ੍ਹਾਂ ਨੇ ‘ਧਰਤੀ ਨੂੰ ਭਰ ਕੇ ਉਹ ਨੂੰ ਆਪਣੇ ਵੱਸ ਵਿੱਚ ਕਰਨਾ’ ਸੀ। (ਉਤਪਤ 1:28) ਜਲ-ਪਰਲੋ ਦੁਆਰਾ ਧਰਤੀ ਦੀ ਆਬਾਦੀ ਅੱਠ ਵਿਅਕਤੀਆਂ ਤਕ ਘਟਾਈ ਜਾਣ ਤੋਂ ਬਾਅਦ, ਪਰਮੇਸ਼ੁਰ ਨੇ ਉਹ ਬੁਨਿਆਦੀ ਹਿਦਾਇਤਾਂ ਮੁੜ ਕੇ ਦੁਹਰਾਈਆਂ। (ਉਤਪਤ 9:1) ਪਰਮੇਸ਼ੁਰ ਨੇ ਇਹ ਹੁਕਮ ਇਸਰਾਏਲ ਦੀ ਕੌਮ ਨੂੰ ਨਹੀਂ ਦੁਹਰਾਏ, ਪਰ ਇਸਰਾਏਲੀ ਲੋਕਾਂ ਲਈ ਔਲਾਦ ਹੋਣੀ ਬਹੁਤ ਹੀ ਮਹੱਤਵਪੂਰਣ ਸੀ।—1 ਸਮੂਏਲ 1:1-11; ਜ਼ਬੂਰ 128:3.
ਇਸਰਾਏਲ ਨੂੰ ਪਰਮੇਸ਼ੁਰ ਦੁਆਰਾ ਦਿੱਤੇ ਗਏ ਕਾਨੂੰਨਾਂ ਵਿਚ ਮਾਨਵੀ ਪ੍ਰਜਣਨ ਲਈ ਉਸ ਦੀ ਕਦਰ ਦੇਖੀ ਜਾ ਸਕਦੀ ਹੈ। ਮਿਸਾਲ ਲਈ, ਜੇਕਰ ਆਪਣੇ ਘਰਾਣੇ ਨੂੰ ਜਾਰੀ ਰੱਖਣ ਲਈ ਪੁੱਤਰ ਜਣਨ ਤੋਂ ਪਹਿਲਾਂ ਹੀ ਇਕ ਬੰਦਾ ਮਰ ਜਾਂਦਾ ਸੀ, ਉਸ ਦੇ ਭਰਾ ਨੂੰ ਆਪਣੀ ਭਰਜਾਈ ਨਾਲ ਵਿਆਹ ਕਰ ਕੇ ਔਲਾਦ ਪੈਦਾ ਕਰਨ ਦਾ ਫ਼ਰਜ਼ ਪੂਰਾ ਕਰਨਾ ਪੈਂਦਾ ਸੀ। (ਬਿਵਸਥਾ ਸਾਰ 25:5) ਇਸ ਤੋਂ ਵੀ ਹੋਰ ਮਹੱਤਵਪੂਰਣ ਉਹ ਕਾਨੂੰਨ ਸੀ ਜੋ ਉਸ ਔਰਤ ਉੱਤੇ ਲਾਗੂ ਹੁੰਦਾ ਸੀ ਜੋ ਕਿਸੇ ਲੜਾਈ ਵਿਚ ਆਪਣੇ ਪਤੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਸੀ। ਜੇਕਰ ਉਹ ਹੱਥ ਵਧਾ ਕੇ ਆਪਣੇ ਪਤੀ ਦੇ ਵਿਰੋਧੀ ਦਾ ਗੁਪਤ ਅੰਗ ਫੜ ਲੈਂਦੀ, ਤਾਂ ਉਸ ਦਾ ਹੱਥ ਵੱਢ ਸੁੱਟਿਆ ਜਾਣਾ ਸੀ; ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਪਰਮੇਸ਼ੁਰ ਉਸ ਤੋਂ ਅੱਖ ਦੇ ਵੱਟੇ ਅੱਖ, ਜਾਂ ਉਸ ਦੇ ਪਤੀ ਦੇ ਜਣਨ-ਅੰਗਾਂ ਦਾ ਬਦਲਾ ਨਹੀਂ ਮੰਗਦਾ ਸੀ। (ਬਿਵਸਥਾ ਸਾਰ 25:11, 12) ਇੱਥੋਂ ਸਪੱਸ਼ਟ ਹੈ ਕਿ ਇਹ ਕਾਨੂੰਨ ਜਣਨ-ਅੰਗਾਂ ਲਈ ਆਦਰ ਪੈਦਾ ਕਰਦਾ ਸੀ; ਇਨ੍ਹਾਂ ਨੂੰ ਐਵੇਂ ਹੀ ਨਸ਼ਟ ਨਹੀਂ ਕੀਤਾ ਜਾਣਾ ਸੀ।b
ਅਸੀਂ ਜਾਣਦੇ ਹਾਂ ਕਿ ਮਸੀਹੀ ਇਸਰਾਏਲ ਦੇ ਨੇਮ ਅਧੀਨ ਨਹੀਂ ਹਨ, ਇਸ ਲਈ ਬਿਵਸਥਾ ਸਾਰ 25:11, 12 ਤੇ ਪਾਇਆ ਗਿਆ ਕਾਨੂੰਨ ਉਨ੍ਹਾਂ ਉੱਤੇ ਲਾਗੂ ਨਹੀਂ ਹੁੰਦਾ ਹੈ। ਯਿਸੂ ਨੇ ਨਾ ਤਾਂ ਇਹ ਹੁਕਮ ਦਿੱਤਾ ਅਤੇ ਨਾ ਹੀ ਇਸ ਦਾ ਸੁਝਾਅ ਦਿੱਤਾ ਕਿ ਉਸ ਦੇ ਚੇਲਿਆਂ ਨੂੰ ਵਿਆਹ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਜਿੰਨੀ ਹੋ ਸਕੇ ਉੱਨੀ ਵੱਡੀ ਸੰਤਾਨ ਪੈਦਾ ਕਰਨ। ਕਈਆਂ ਜੋੜਿਆਂ ਨੇ ਇਸ ਗੱਲ ਉੱਤੇ ਗੌਰ ਕੀਤਾ ਹੈ ਜਦੋਂ ਉਹ ਫ਼ੈਸਲਾ ਕਰਦੇ ਹਨ ਕਿ ਉਨ੍ਹਾਂ ਨੇ ਕੋਈ ਗਰਭ-ਨਿਰੋਧ ਵਰਤਣਾ ਹੈ ਕਿ ਨਹੀਂ। (ਮੱਤੀ 19:10-12) ਪੌਲੁਸ ਰਸੂਲ ਨੇ ਕਾਮੀ ‘ਮੁਟਿਆਰ ਵਿਧਵਾਂ ਨੂੰ ਵਿਆਹ ਕਰਾਉਣ ਅਤੇ ਧੀਆਂ ਪੁੱਤ੍ਰ ਜਣਨ’ ਲਈ ਹੌਸਲਾ ਦਿੱਤਾ ਸੀ। (1 ਤਿਮੋਥਿਉਸ 5:11-14) ਉਸ ਨੇ ਮਸੀਹੀਆਂ ਲਈ ਪੱਕੀ ਸਟਰਲਾਇਜ਼ੇਸ਼ਨ, ਅਰਥਾਤ ਆਪਣੀ ਮਰਜ਼ੀ ਨਾਲ ਖ਼ੁਦ ਦੀ ਪ੍ਰਜਨਕ ਯੋਗਤਾ ਨੂੰ ਕੁਰਬਾਨ ਕਰਨ ਦਾ ਜ਼ਿਕਰ ਨਹੀਂ ਸੀ ਕੀਤਾ।
ਮਸੀਹੀਆਂ ਨੂੰ ਅਜਿਹੀਆਂ ਗੱਲਾਂ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਦੀ ਪ੍ਰਜਨਕ ਯੋਗਤਾ ਨੂੰ ਕਿੰਨਾ ਮਹੱਤਵਪੂਰਣ ਸਮਝਦਾ ਹੈ। ਹਰ ਜੋੜੀ ਨੂੰ ਇਹ ਆਪ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਜੇ ਉਹ ਪਰਿਵਾਰ-ਨਿਯੋਜਨ ਦੇ ਤਰੀਕੇ ਵਰਤਣਗੇ ਤਾਂ ਉਹ ਕਿਹੜੇ ਉਚਿਤ ਤਰੀਕੇ ਹੋਣਗੇ। ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਲਈ ਇਹ ਬਹੁਤ ਮੁਸ਼ਕਲ ਫ਼ੈਸਲਾ ਹੋ ਸਕਦਾ ਹੈ ਜੇਕਰ ਡਾਕਟਰ ਠੋਸ ਸਬੂਤ ਪੇਸ਼ ਕਰਨ ਕਿ ਮਾਂ ਜਾਂ ਬਾਲਕ ਵੱਡੇ ਖ਼ਤਰੇ ਵਿਚ ਹਨ, ਜਾਂ ਭਵਿੱਖ ਦੇ ਕਿਸੇ ਗਰਭ ਵਿਚ ਮੌਤ ਹੋ ਜਾਣ ਦੀ ਸੰਭਾਵਨਾ ਪੇਸ਼ ਹੈ। ਜਿਵੇਂ ਉੱਪਰ ਵਰਣਨ ਕੀਤਾ ਗਿਆ ਹੈ, ਇਨ੍ਹਾਂ ਸਥਿਤੀਆਂ ਵਿਚ ਕੁਝ ਵਿਅਕਤੀਆਂ ਨੇ ਬਿਨਾਂ ਚਾਹਿਆ ਸਟਰਲਾਇਜ਼ੇਸ਼ਨ ਦਾ ਓਪਰੇਸ਼ਨ ਕਰਵਾ ਲਿਆ ਹੈ। ਇਸ ਤਰ੍ਹਾਂ ਉਨ੍ਹਾਂ ਨੇ ਨਿਸ਼ਚਿਤ ਕੀਤਾ ਹੈ ਕਿ ਕਿਸੇ ਗਰਭਵਤੀ ਮਾਂ (ਜਿਸ ਦੇ ਪਹਿਲਾਂ ਹੀ ਦੂਜੇ ਬੱਚੇ ਹੋਣ) ਦੀ ਜਾਨ ਖ਼ਤਰੇ ਵਿਚ ਨਾ ਪਵੇਗੀ ਜਾਂ ਕਿਸੇ ਬੱਚੇ ਦੀ ਜਾਨ ਖ਼ਤਰੇ ਵਿਚ ਨਹੀਂ ਪਵੇਗੀ ਜੋ ਬਾਅਦ ਵਿਚ ਜਾਨ-ਲੇਵਾ ਬਿਮਾਰੀ ਨਾਲ ਪੈਦਾ ਹੋ ਸਕਦਾ ਹੈ।
ਪਰ ਉਨ੍ਹਾਂ ਮਸੀਹੀਆਂ ਨੂੰ, ਜੋ ਕੋਈ ਅਜਿਹੇ ਅਨੋਖੇ ਅਤੇ ਕਿਸੇ ਖ਼ਾਸ ਖ਼ਤਰੇ ਦਾ ਸਾਮ੍ਹਣਾ ਨਹੀਂ ਕਰ ਰਹੇ ਹਨ, ‘ਸੁਰਤ ਵਾਲੇ’ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪ੍ਰਜਨਕ ਯੋਗਤਾ ਲਈ ਪਰਮੇਸ਼ੁਰ ਦੇ ਆਦਰ ਦੁਆਰਾ ਆਪਣੇ ਸੋਚ-ਵਿਚਾਰ ਅਤੇ ਕੰਮ-ਕਾਰ ਢਾਲ਼ਣੇ ਚਾਹੀਦੇ ਹਨ। (1 ਤਿਮੋਥਿਉਸ 3:2; ਤੀਤੁਸ 1:8; 2:2, 5-8) ਇਹ ਸ਼ਾਸਤਰ-ਸੰਬੰਧੀ ਮਾਮਲਿਆਂ ਦੀ ਤਰਫ਼ ਸਿਆਣਪੁਣਾ ਦਿਖਾਵੇਗਾ। ਪਰ ਉਦੋਂ ਕੀ ਜੇਕਰ ਸਾਰਿਆਂ ਨੂੰ ਪਤਾ ਚੱਲ ਜਾਵੇ ਕਿ ਇਕ ਮਸੀਹੀ ਬਿਨਾਂ ਸੋਚੇ-ਸਮਝੇ ਪਰਮੇਸ਼ੁਰ ਦੀਆਂ ਕਦਰਾਂ-ਕੀਮਤਾਂ ਦੀ ਲਾਪਰਵਾਹੀ ਕਰਦਾ ਹੈ? ਦੂਜੇ ਉਸ (ਭੈਣ ਜਾਂ ਭਰਾ) ਦੇ ਇਕ ਚੰਗੀ ਮਿਸਾਲ ਹੋਣ ਬਾਰੇ ਕੀ ਸੋਚਣਗੇ; ਕੀ ਉਹ ਬਾਈਬਲ ਦੇ ਅਨੁਸਾਰ ਸਲਾਹਾਂ ਬਣਾਉਣ ਲਈ ਜਾਣਿਆ ਜਾਂਦਾ ਹੈ? ਨਿਸ਼ਚੇ ਹੀ ਇਕ ਸੇਵਕ ਦੀ ਨੇਕਨਾਮੀ ਉੱਤੇ ਅਜਿਹਾ ਧੱਬਾ ਸੇਵਾ ਦੇ ਖ਼ਾਸ ਸਨਮਾਨਾਂ ਲਈ ਉਸ ਦੀ ਯੋਗਤਾ ਬਾਰੇ ਸਵਾਲ ਪੈਦਾ ਕਰ ਸਕਦਾ ਹੈ। ਪਰ ਇਹ ਸ਼ਾਇਦ ਉਸ ਵਿਅਕਤੀ ਦੇ ਮਾਮਲੇ ਵਿਚ ਸੱਚ ਨਾ ਹੋਵੇ ਜਿਸ ਨੇ ਅਣਜਾਣੇ ਵਿਚ ਇਹ ਓਪਰੇਸ਼ਨ ਕਰਵਾਇਆ ਹੋਵੇ।—1 ਤਿਮੋਥਿਉਸ 3:7.
[ਫੁਟਨੋਟ]
a “ਸਰਜਨ ਦੁਆਰਾ [ਵੀਰਜ ਦੀ ਨਾਲ਼ੀ] ਨੂੰ ਮੁੜ ਕੇ ਜੋੜਨ ਦੀ ਸਫ਼ਲਤਾ ਘੱਟ ਤੋਂ ਘੱਟ 40 ਪ੍ਰਤਿਸ਼ਤ ਹੈ, ਅਤੇ ਇਹ ਜ਼ਾਹਰ ਹੈ ਕਿ ਮਾਈਕ੍ਰੋਸਰਜਰੀ ਦੀਆਂ ਬਿਹਤਰੀਨ ਤਕਨੀਕਾਂ ਨਾਲ ਸ਼ਾਇਦ ਹੋਰ ਵੀ ਜ਼ਿਆਦਾ ਸਫ਼ਲਤਾ ਪ੍ਰਾਪਤ ਹੋ ਸਕਦੀ ਹੈ। ਪਰ, ਸਟਰਲਾਇਜ਼ੇਸ਼ਨ ਦੁਆਰਾ ਨਸਬੰਦੀ ਨੂੰ ਪੱਕਾ ਸਮਝਣਾ ਚਾਹੀਦਾ ਹੈ।” (ਐਨਸਾਈਕਲੋਪੀਡੀਆ ਬ੍ਰਿਟੈਨਿਕਾ) “ਸਟਰਲਾਇਜ਼ੇਸ਼ਨ ਨੂੰ ਇਕ ਪੱਕਾ ਓਪਰੇਸ਼ਨ ਸਮਝਣਾ ਚਾਹੀਦਾ ਹੈ। ਮਰੀਜ਼ ਨੇ ਓਪਰੇਸ਼ਨ ਉਲਟਾਉਣ ਬਾਰੇ ਜੋ ਮਰਜ਼ੀ ਸੁਣਿਆ ਹੋਵੇ, ਪਰ ਸਰਜਰੀ ਦੁਆਰਾ ਨਾਲ਼ੀਆਂ ਮੁੜ ਕੇ ਜੋੜਨੀਆਂ ਬਹੁਤ ਮਹਿੰਗਾ ਪੈਂਦਾ ਹੈ ਅਤੇ ਇਸ ਦੀ ਸਫ਼ਲਤਾ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਔਰਤਾਂ ਲਈ ਜੋ ਨਾਲ਼ੀ ਬੰਨ੍ਹ ਉਲਟਾਉਣ ਦਾ ਓਪਰੇਸ਼ਨ ਕਰਾਉਂਦੀਆਂ ਹਨ, ਫੈਲੋਪੀ ਨਾਲ਼ੀ ਵਿਚ ਗਰਭ ਸ਼ੁਰੂ ਹੋਣ ਦਾ ਬਹੁਤ ਵੱਡਾ ਖ਼ਤਰਾ ਪੇਸ਼ ਹੈ।”—ਨਾਰੀ-ਰੋਗਾਂ ਦਾ ਆਧੁਨਿਕ ਡਾਕਟਰ, (ਅੰਗ੍ਰੇਜ਼ੀ) ਜੂਨ 1998.
b ਇਕ ਹੋਰ ਮਹੱਤਵਪੂਰਣ ਜਾਪਦੇ ਕਾਨੂੰਨ ਦੇ ਅਨੁਸਾਰ ਕੋਈ ਵੀ ਬੰਦਾ ਜਿਸ ਦੇ ਜਣਨ-ਅੰਗ ਕੱਟੇ-ਵੱਢੇ ਹੋਣ ਪਰਮੇਸ਼ੁਰ ਦੀ ਕਲੀਸਿਯਾ ਵਿਚ ਨਹੀਂ ਵੜ ਸਕਦਾ ਸੀ। (ਬਿਵਸਥਾ ਸਾਰ 23:1) ਪਰ, ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਪੁਸਤਕ ਕਹਿੰਦੀ ਹੈ ਕਿ ਇਵੇਂ ਲੱਗਦਾ ਹੈ ਕਿ ‘ਇਸ ਦਾ ਸਮਲਿੰਗਕਾਮੁਕਤਾ ਵਰਗੇ ਅਨੈਤਿਕ ਇਰਾਦਿਆਂ ਲਈ ਜਾਣ-ਬੁੱਝ ਕੇ ਕੱਟ-ਵੱਢ ਨਾਲ ਸੰਬੰਧ ਸੀ।’ ਇਸ ਲਈ, ਇਹ ਕਾਨੂੰਨ ਗਰਭ-ਨਿਰੋਧ ਲਈ ਖੱਸੀਆਣ ਜਾਂ ਇਸ ਵਰਗੀ ਕੋਈ ਚੀਜ਼ ਨਹੀਂ ਸ਼ਾਮਲ ਕਰਦਾ ਸੀ। ਅੰਤਰਦ੍ਰਿਸ਼ਟੀ ਪੁਸਤਕ ਇਹ ਵੀ ਕਹਿੰਦੀ ਹੈ ਕਿ ‘ਯਹੋਵਾਹ ਨੇ ਉਸ ਸਮੇਂ ਬਾਰੇ ਦਿਲਾਸਾ-ਭਰੀ ਭਵਿੱਖਬਾਣੀ ਕੀਤੀ ਜਦੋਂ ਖੁਸਰੇ ਉਸ ਦੇ ਸੇਵਕਾਂ ਵਜੋਂ ਸਵੀਕਾਰ ਕੀਤੇ ਜਾਣਗੇ, ਅਤੇ ਜੇ ਉਹ ਆਗਿਆਕਾਰ ਹੋਣਗੇ, ਤਾਂ ਉਹ ਉਨ੍ਹਾਂ ਨੂੰ ਪੁੱਤਰਾਂ ਧੀਆਂ ਨਾਲੋਂ ਚੰਗਾ ਨਾਮ ਦੇਵੇਗਾ। ਯਿਸੂ ਮਸੀਹ ਦੁਆਰਾ ਬਿਵਸਥਾ ਨੇਮ ਸਮਾਪਤ ਕੀਤੇ ਜਾਣ ਤੋਂ ਬਾਅਦ, ਨਿਹਚਾ ਕਰਨ ਵਾਲੇ ਸਾਰੇ ਵਿਅਕਤੀ ਪਰਮੇਸ਼ੁਰ ਦੇ ਰੂਹਾਨੀ ਪੁੱਤਰ ਬਣ ਸਕਦੇ ਹਨ। ਉਨ੍ਹਾਂ ਦੀ ਪਹਿਲੀ ਸਥਿਤੀ ਜਾਂ ਅਵਸਥਾ ਇਸ ਉੱਤੇ ਕੋਈ ਅਸਰ ਨਹੀਂ ਪਾਉਂਦੀ। ਸਰੀਰਕ ਫ਼ਰਕ ਹਟਾਏ ਗਏ ਸਨ।—ਯਸਾ 56:4, 5; ਯੂਹੰ 1:12.’