ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w02 7/15 ਸਫ਼ੇ 5-7
  • ਅਸਲ ਵਿਚ ਨਰਕ ਹੈ ਕੀ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਸਲ ਵਿਚ ਨਰਕ ਹੈ ਕੀ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮੌਤ ਤੋਂ ਬਾਅਦ ਜੀਵਨ?
  • ਸਦਾ ਲਈ ਤਸੀਹੇ ਸਹਿਣ ਦੀ ਜਗ੍ਹਾ ਜਾਂ ਇਕ ਆਮ ਕਬਰ?
  • ਕੀ ਨਰਕ ਦੀ ਅੱਗ ਦਾ ਅਰਥ ਹੈ ਨਾਸ਼?
  • ਨਰਕ ਖਾਲੀ ਕੀਤੀ ਜਾਵੇਗੀ!
  • “ਨਰਕ”—ਕੀ ਇਹ ਸੱਚ-ਮੁੱਚ ਹੋਂਦ ਵਿਚ ਹੈ?
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਨਰਕ ਦੀ ਅੱਗ—ਲੋਕ ਇਸ ਬਾਰੇ ਕੀ ਸੋਚਦੇ ਹਨ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਦੂਰ ਤਕ ਫੈਲੀ ਹੋਈ ਸਿੱਖਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਸੱਚਾਈ ਜਾਣ ਕੇ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
w02 7/15 ਸਫ਼ੇ 5-7

ਅਸਲ ਵਿਚ ਨਰਕ ਹੈ ਕੀ?

ਹੋ ਸਕਦਾ ਹੈ ਕਿ “ਨਰਕ” ਸ਼ਬਦ ਸੁਣ ਕੇ ਤੁਹਾਡੇ ਮਨ ਵਿਚ ਵੱਖਰੇ-ਵੱਖਰੇ ਖ਼ਿਆਲ ਆਉਣਗੇ, ਪਰ ਆਮ ਤੌਰ ਤੇ ਲੋਕ ਨਰਕ ਨੂੰ ਇਕ ਐਸੀ ਜਗ੍ਹਾ ਮੰਨਦੇ ਹਨ ਜਿੱਥੇ ਪਾਪਾਂ ਲਈ ਸਜ਼ਾ ਭੁਗਤੀ ਜਾਂਦੀ ਹੈ। ਪਾਪ ਅਤੇ ਇਸ ਦੇ ਅਸਰਾਂ ਬਾਰੇ ਬਾਈਬਲ ਦੱਸਦੀ ਹੈ ਕਿ “ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀਆਂ 5:12) ਬਾਈਬਲ ਇਹ ਵੀ ਕਹਿੰਦੀ ਹੈ ਕਿ “ਪਾਪ ਦੀ ਮਜੂਰੀ ਤਾਂ ਮੌਤ ਹੈ।” (ਰੋਮੀਆਂ 6:23) ਫਿਰ ਜੇ ਪਾਪ ਦੀ ਸਜ਼ਾ ਮੌਤ ਹੈ, ਤਾਂ ਨਰਕ ਬਾਰੇ ਅਸਲੀਅਤ ਸਮਝਣ ਲਈ ਸਾਡੇ ਲਈ ਪਹਿਲਾਂ ਇਸ ਸਵਾਲ ਦਾ ਜਵਾਬ ਜਾਣਨਾ ਜ਼ਰੂਰੀ ਹੈ ਕਿ ਮੌਤ ਹੋਣ ਤੇ ਇਨਸਾਨ ਨੂੰ ਕੀ ਹੁੰਦਾ ਹੈ?

ਕੀ ਮੌਤ ਹੋਣ ਤੇ ਇਨਸਾਨ ਕਿਸੇ ਹੋਰ ਰੂਪ ਵਿਚ ਜੀਉਂਦਾ ਰਹਿੰਦਾ ਹੈ? ਨਰਕ ਕੀ ਹੈ ਅਤੇ ਉੱਥੇ ਕਿਸ ਤਰ੍ਹਾਂ ਦੇ ਲੋਕ ਜਾਂਦੇ ਹਨ? ਕੀ ਨਰਕ ਵਿਚ ਗਏ ਲੋਕਾਂ ਦੇ ਛੁਟਕਾਰੇ ਦੀ ਕੋਈ ਉਮੀਦ ਹੈ? ਬਾਈਬਲ ਇਨ੍ਹਾਂ ਸਵਾਲਾਂ ਦੇ ਸੱਚ-ਸੱਚ ਜਵਾਬ ਦਿੰਦੀ ਹੈ ਜਿਨ੍ਹਾਂ ਤੋਂ ਸਾਨੂੰ ਤਸੱਲੀ ਮਿਲਦੀ ਹੈ।

ਮੌਤ ਤੋਂ ਬਾਅਦ ਜੀਵਨ?

ਕੀ ਸਾਡੇ ਅੰਦਰ ਇਕ ਆਤਮਾ ਵਰਗੀ ਕੋਈ ਚੀਜ਼ ਹੈ ਜੋ ਸਰੀਰ ਦੇ ਮਰਨ ਤੋਂ ਬਾਅਦ ਜੀਉਂਦੀ ਰਹਿੰਦੀ ਹੈ? ਗੌਰ ਕਰੋ ਕਿ ਪਹਿਲੇ ਮਨੁੱਖ ਆਦਮ ਨੂੰ ਕਿਵੇਂ ਜੀਵਨ ਮਿਲਿਆ ਸੀ। ਬਾਈਬਲ ਦੱਸਦੀ ਹੈ ਕਿ “ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਫੂਕਿਆ ਸੋ ਆਦਮੀ ਜੀਉਂਦੀ ਜਾਨ ਹੋ ਗਿਆ।” (ਉਤਪਤ 2:7) ਭਾਵੇਂ ਸਾਹ ਲੈਣ ਨਾਲ ਉਹ ਜੀਉਂਦਾ ਰਹਿ ਸਕਿਆ, ਪਰ ਉਸ ਦੀਆਂ ਨਾਸਾਂ ਵਿਚ “ਜੀਵਣ ਦਾ ਸਾਹ” ਭਰਨ ਦਾ ਕੇਵਲ ਇਹੀ ਮਕਸਦ ਨਹੀਂ ਸੀ ਕਿ ਉਸ ਦੇ ਫੇਫੜਿਆਂ ਵਿਚ ਹਵਾ ਭਰ ਜਾਵੇ। ਉਦੋਂ ਪਰਮੇਸ਼ੁਰ ਨੇ ਆਦਮ ਦੇ ਬੇਜਾਨ ਸਰੀਰ ਵਿਚ ਜੀਵਨ ਦੀ ਸ਼ਕਤੀ ਵੀ ਪਾਈ, ਜੋ ਸ਼ਕਤੀ ਸਾਰਿਆਂ ਜੀਵ-ਜੰਤੂਆਂ ਵਿਚ ਪਾਈ ਜਾਂਦੀ ਹੈ। (ਉਤਪਤ 6:17; 7:22) ਬਾਈਬਲ ਕਈ ਵਾਰ ਜੀਵਨ ਦੀ ਇਸ ਸ਼ਕਤੀ ਨੂੰ “ਆਤਮਾ” ਸੱਦਦੀ ਹੈ। (ਯਾਕੂਬ 2:26) ਇਸ ਦੀ ਆਪਣੀ ਕੋਈ ਸ਼ਖ਼ਸੀਅਤ ਤੇ ਸੋਚਣ ਦੀ ਯੋਗਤਾ ਨਹੀਂ ਹੁੰਦੀ। ਮਿਸਾਲ ਲਈ, ਇਸ ਦੀ ਤੁਲਨਾ ਬਿਜਲੀ ਨਾਲ ਕੀਤੀ ਜਾ ਸਕਦੀ ਹੈ ਜਿਸ ਨਾਲ ਮਸ਼ੀਨਾਂ ਚਲਾਈਆਂ ਜਾਂਦੀਆਂ ਹਨ। ਜਿਵੇਂ ਮਸ਼ੀਨਾਂ ਚਲਾਉਣ ਵਾਲਾ ਕਰੰਟ ਖ਼ੁਦ ਮਸ਼ੀਨਾਂ ਦਾ ਰੂਪ ਨਹੀਂ ਧਾਰ ਲੈਂਦਾ, ਇਸੇ ਤਰ੍ਹਾਂ ਜੀਵਨ ਦੀ ਇਹ ਸ਼ਕਤੀ ਖ਼ੁਦ ਕਿਸੇ ਵੀ ਜੀਵ-ਜੰਤੂ ਦਾ ਰੂਪ ਖ਼ੁਦ ਨਹੀਂ ਧਾਰ ਸਕਦੀ।

ਜਦੋਂ ਇਨਸਾਨ ਮਰਦਾ ਹੈ, ਤਾਂ ਉਸ ਦੀ ਆਤਮਾ ਨੂੰ ਕੀ ਹੁੰਦਾ ਹੈ? ਉਪਦੇਸ਼ਕ ਦੀ ਪੋਥੀ 12:7 ਵਿਚ ਲਿਖਿਆ ਹੈ ਕਿ ਉਸ ਦੀ ‘ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਂਦੀ ਹੈ, ਜਿਸ ਨੇ ਉਸ ਨੂੰ ਬਖਸ਼ਿਆ ਸੀ।’ ਇਸ ਦਾ ਅਰਥ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਗੱਲ ਪਰਮੇਸ਼ੁਰ ਉੱਤੇ ਹੀ ਨਿਰਭਰ ਕਰਦੀ ਹੈ ਕਿ ਉਹ ਕਿਸੇ ਇਨਸਾਨ ਨੂੰ ਦੁਬਾਰਾ ਜੀਉਂਦਾ ਕਰੇਗਾ ਜਾਂ ਨਹੀਂ।

ਫਿਰ ਮਰੇ ਹੋਏ ਲੋਕਾਂ ਦੀ ਕੀ ਅਵਸਥਾ ਹੈ? ਆਦਮ ਨੂੰ ਸਜ਼ਾ ਸੁਣਾਉਂਦੇ ਸਮੇਂ ਯਹੋਵਾਹ ਨੇ ਕਿਹਾ ਸੀ ਕਿ “ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਇਸ ਤੋਂ ਪਹਿਲਾਂ ਕਿ ਰੱਬ ਨੇ ਆਦਮ ਨੂੰ ਮਿੱਟੀ ਤੋਂ ਬਣਾਇਆ ਅਤੇ ਉਸ ਨੂੰ ਜੀਵਨ ਦਿੱਤਾ, ਉਹ ਕਿੱਥੇ ਸੀ? ਉਹ ਕਿਤੇ ਵੀ ਨਹੀਂ ਸੀ! ਜਦੋਂ ਆਦਮ ਮਰਿਆ, ਤਾਂ ਉਹ ਉਸੇ ਅਵਸਥਾ ਵਿਚ ਮੁੜ ਗਿਆ। ਉਪਦੇਸ਼ਕ ਦੀ ਪੋਥੀ 9:5, 10 ਵਿਚ ਮਰੇ ਹੋਏ ਲੋਕਾਂ ਦੀ ਅਵਸਥਾ ਬਾਰੇ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ “ਮੋਏ ਕੁਝ ਵੀ ਨਹੀਂ ਜਾਣਦੇ . . . ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” ਬਾਈਬਲ ਦੇ ਅਨੁਸਾਰ ਮੌਤ ਤੋਂ ਬਾਅਦ ਇਨਸਾਨ ਹੋਰ ਕਿਤੇ ਨਹੀਂ ਵੱਸਦਾ। ਮਰੇ ਹੋਏ ਲੋਕ ਸਚੇਤ ਨਹੀਂ ਹੁੰਦੇ, ਉਹ ਨਾ ਕੁਝ ਮਹਿਸੂਸ ਕਰ ਸਕਦੇ ਹਨ ਅਤੇ ਨਾ ਹੀ ਸੋਚ ਸਕਦੇ ਹਨ।

ਸਦਾ ਲਈ ਤਸੀਹੇ ਸਹਿਣ ਦੀ ਜਗ੍ਹਾ ਜਾਂ ਇਕ ਆਮ ਕਬਰ?

ਕਿਉਂਕਿ ਮਰੇ ਹੋਏ ਲੋਕਾਂ ਨੂੰ ਕੁਝ ਪਤਾ ਨਹੀਂ ਹੁੰਦਾ, ਨਰਕ ਅਜਿਹੀ ਜਗ੍ਹਾ ਨਹੀਂ ਹੋ ਸਕਦੀ ਜਿੱਥੇ ਦੁਸ਼ਟ ਲੋਕਾਂ ਨੂੰ ਮੌਤ ਤੋਂ ਬਾਅਦ ਅੱਗ ਵਿਚ ਤੜਫ਼ਾਇਆ ਜਾਂਦਾ ਹੈ।a ਕਈ ਬਾਈਬਲਾਂ ਵਿਚ ਯੂਨਾਨੀ ਸ਼ਬਦ ਹੇਡੀਜ਼ ਨੂੰ ਪਤਾਲ ਜਾਂ ਨਰਕ ਅਨੁਵਾਦ ਕੀਤਾ ਗਿਆ ਹੈ। ਤਾਂ ਫਿਰ ਨਰਕ ਕਿਸ ਤਰ੍ਹਾਂ ਦੀ ਜਗ੍ਹਾ ਹੈ? ਮਿਸਾਲ ਲਈ ਬਾਈਬਲ ਦੇ ਲੂਕਾ ਨਾਂ ਦੇ ਇਕ ਲੇਖਕ ਨੇ ਯਿਸੂ ਦੇ ਮਰਨ ਤੋਂ ਬਾਅਦ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ “ਨਾ ਉਹ ਪਤਾਲ [ਨਰਕ] ਵਿੱਚ ਛੱਡਿਆ ਗਿਆ ਅਤੇ ਨਾ ਉਸ ਦਾ ਸਰੀਰ ਗਲਿਆ।” (ਰਸੂਲਾਂ ਦੇ ਕਰਤੱਬ 2:31) ਤਾਂ ਉਹ ਨਰਕ ਕਿੱਥੇ ਸੀ ਜਿੱਥੇ ਯਿਸੂ ਗਿਆ ਸੀ? ਪੌਲੁਸ ਰਸੂਲ ਨੇ ਦੱਸਿਆ ਕਿ “ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ . . . ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡਿਆਂ ਪਾਪਾਂ ਦੇ ਕਾਰਨ ਮੋਇਆ। ਅਤੇ ਇਹ ਕਿ ਦੱਬਿਆ ਗਿਆ ਅਤੇ ਇਹ ਕਿ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ।” (1 ਕੁਰਿੰਥੀਆਂ 15:3, 4) ਸੋ ਯਿਸੂ ਨਰਕ ਵਿਚ ਦੱਬਿਆ ਗਿਆ ਸੀ, ਮਤਲਬ ਕਿ ਉਹ ਆਪਣੀ ਕਬਰ ਵਿਚ ਸੀ, ਪਰ ਉਹ ਤਿਆਗਿਆ ਨਹੀਂ ਗਿਆ ਸੀ ਕਿਉਂਕਿ ਉਸ ਨੂੰ ਜੀ ਉਠਾਇਆ ਗਿਆ ਸੀ।

ਉਸ ਧਰਮੀ ਬੰਦੇ ਅੱਯੂਬ ਬਾਰੇ ਵੀ ਜ਼ਰਾ ਸੋਚੋ ਜਿਸ ਨੇ ਬਹੁਤ ਦੁੱਖ ਭੋਗੇ ਸਨ। ਆਪਣੇ ਦੁੱਖਾਂ ਤੋਂ ਛੁਟਕਾਰਾ ਮੰਗਦਿਆਂ ਉਸ ਨੇ ਬੇਨਤੀ ਕੀਤੀ ਸੀ: “ਕਾਸ਼ ਕਿ ਤੂੰ ਮੈਨੂੰ ਪਤਾਲ [ਨਰਕ] ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛਿਪਾ ਰੱਖੇਂ ਜਦ ਤੀਕ ਤੇਰਾ ਕ੍ਰੋਧ ਨਾ ਹਟੇ।” (ਅੱਯੂਬ 14:13) ਇਹ ਬੜੀ ਅਜੀਬ ਗੱਲ ਹੁੰਦੀ ਜੇ ਅੱਯੂਬ ਸੁਖ ਦਾ ਸਾਹ ਲੈਣ ਲਈ ਇਕ ਐਸੀ ਜਗ੍ਹਾ ਜਾਣਾ ਚਾਹੁੰਦਾ ਜਿੱਥੇ ਅੱਗ ਬਲ਼ਦੀ ਹੁੰਦੀ! ਅੱਯੂਬ ਦੀ ਸਮਝ ਵਿਚ “ਨਰਕ” ਸ਼ਬਦ ਸਿਰਫ਼ ਇਕ ਕਬਰ ਹੀ ਸੀ ਜਿੱਥੇ ਉਸ ਨੂੰ ਦੁੱਖਾਂ ਤੋਂ ਛੁਟਕਾਰਾ ਮਿਲ ਜਾਣਾ ਸੀ। ਫਿਰ ਇਸ ਦਾ ਇਹ ਮਤਲਬ ਹੈ ਕਿ ਬਾਈਬਲ ਵਿਚ ਨਰਕ ਦਾ ਮਤਲਬ ਸਿਰਫ਼ ਇਨਸਾਨ ਦੀ ਕਬਰ ਹੀ ਹੈ ਜਿੱਥੇ ਦੋਵੇਂ ਭਲੇ ਅਤੇ ਬੁਰੇ ਇਨਸਾਨ ਮਰ ਕੇ ਜਾਂਦੇ ਹਨ।

ਕੀ ਨਰਕ ਦੀ ਅੱਗ ਦਾ ਅਰਥ ਹੈ ਨਾਸ਼?

ਕੀ ਨਰਕ ਦੀ ਅੱਗ ਦਾ ਇਹੀ ਅਰਥ ਹੈ ਕਿ ਉਹ ਸਭ ਕੁਝ ਨਾਸ਼ ਕਰ ਦਿੰਦੀ ਹੈ? ਅੱਗ ਅਤੇ ਨਰਕ ਜਾਂ ਪਤਾਲ ਵਿਚ ਫ਼ਰਕ ਦਿਖਾਉਂਦਿਆਂ ਬਾਈਬਲ ਕਹਿੰਦੀ ਹੈ ਕਿ “ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ।” ਇਹ “ਝੀਲ” ਕੋਈ ਅਸਲੀ ਝੀਲ ਨਹੀਂ ਹੈ ਕਿਉਂਕਿ ਦੋਵੇਂ ਮੌਤ ਅਤੇ ਨਰਕ ਅਸਲ ਵਿਚ ਉਸ ਵਿਚ ਸੁੱਟ ਕੇ ਸਾੜੇ ਨਹੀਂ ਜਾ ਸਕਦੇ। “ਇਹ [ਅੱਗ ਦੀ ਝੀਲ] ਦੂਈ ਮੌਤ ਹੈ।” ਦੂਈ ਮੌਤ ਦਾ ਮਤਲਬ ਅਜਿਹੀ ਮੌਤ ਜਿਸ ਤੋਂ ਮੁੜ ਕੇ ਜੀਉਣ ਦੀ ਕੋਈ ਆਸ ਨਹੀਂ।—ਪਰਕਾਸ਼ ਦੀ ਪੋਥੀ 20:14.

ਅੱਗ ਦੀ ਝੀਲ ਦਾ ਉਹੀ ਮਤਲਬ ਹੈ ਜੋ “ਅਗਨ ਦੇ ਨਰਕ” ਦਾ ਮਤਲਬ ਹੈ ਜਿਸ ਦਾ ਯਿਸੂ ਨੇ ਜ਼ਿਕਰ ਕੀਤਾ ਸੀ। (ਮੱਤੀ 5:22) ਇੱਥੇ ਯੂਨਾਨੀ ਸ਼ਬਦ ਗ਼ਹੈਨਾ ਦਾ ਅਨੁਵਾਦ ‘ਅਗਨ ਦਾ ਨਰਕ’ ਕੀਤਾ ਗਿਆ ਹੈ ਤੇ ਬਾਈਬਲ ਦੇ ਯੂਨਾਨੀ ਸ਼ਾਸਤਰ ਵਿਚ ਗ਼ਹੈਨਾ ਸ਼ਬਦ 12 ਵਾਰ ਪਾਇਆ ਜਾਂਦਾ ਹੈ। ਯਿਸੂ ਨੇ ਹਿੰਨੋਮ ਦੀ ਵਾਦੀ ਦਾ ਜ਼ਿਕਰ ਕਰਦਿਆਂ ਇਹ ਸ਼ਬਦ ਵਰਤਿਆ ਸੀ ਜੋ ਵਾਦੀ ਯਰੂਸ਼ਲਮ ਦੀਆਂ ਕੰਧਾਂ ਦੇ ਬਾਹਰ ਹੁੰਦੀ ਸੀ। ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਇਹ ਵਾਦੀ ਕੂੜਾ-ਕਰਕਟ ਜਾਂ ਗੰਦ-ਮੰਦ ਸੁੱਟਣ ਦੀ ਜਗ੍ਹਾ ਸੀ “ਜਿੱਥੇ ਮੁਜਰਮਾਂ ਦੀਆਂ ਲਾਸ਼ਾਂ ਅਤੇ ਪਸ਼ੂਆਂ ਦੀਆਂ ਲੋਥਾਂ ਅਤੇ ਹੋਰ ਹਰ ਪ੍ਰਕਾਰ ਦਾ ਗੰਦ-ਮੰਦ ਸੁੱਟਿਆ ਜਾਂਦਾ ਸੀ।” (ਸਮਿਥਸ ਡਿਕਸ਼ਨਰੀ ਆਫ਼ ਦ ਬਾਈਬਲ) ਉੱਥੇ ਕੂੜਾ-ਕਰਕਟ ਜਾਲਣ ਲਈ ਅੱਗ ਵਿਚ ਗੰਧਕ ਸੁੱਟ ਕੇ ਇਸ ਨੂੰ ਬਲਦੀ ਰੱਖਿਆ ਜਾਂਦਾ ਸੀ। ਯਿਸੂ ਨੇ ਸਰਬਨਾਸ਼ ਨੂੰ ਦਰਸਾਉਣ ਲਈ ਇਸ ਨੂੰ ਮਿਸਾਲ ਵਜੋਂ ਵਰਤਿਆ ਸੀ।

ਜਿਸ ਤਰ੍ਹਾਂ ਗ਼ਹੈਨਾ ਸਰਬਨਾਸ਼ ਨੂੰ ਦਰਸਾਉਂਦਾ ਹੈ, ਇਸੇ ਤਰ੍ਹਾਂ ਅੱਗ ਦੀ ਝੀਲ ਵੀ ਸਰਬਨਾਸ਼ ਨੂੰ ਦਰਸਾਉਂਦੀ ਹੈ। ਅੱਗ ਦੀ ਝੀਲ ਵਿਚ ਮੌਤ ਤੇ ਨਰਕ ਦੇ ‘ਸੁੱਟੇ ਜਾਣ’ ਦਾ ਅਰਥ ਹੈ ਕਿ ਉਹ ਹਮੇਸ਼ਾ ਲਈ ਖ਼ਤਮ ਕੀਤੀਆਂ ਜਾਣਗੀਆਂ ਜਦੋਂ ਇਨਸਾਨ ਨੂੰ ਪਾਪ ਅਤੇ ਮੌਤ ਦੀ ਸਜ਼ਾ ਤੋਂ ਮੁਕਤ ਕੀਤਾ ਜਾਵੇਗਾ। ਜਾਣ-ਬੁੱਝ ਕੇ ਪਾਪ ਕਰਨ ਵਾਲੇ ਅਤੇ ਨਾ ਪਛਤਾਉਣ ਵਾਲੇ ਬੰਦਿਆਂ ਦਾ ਵੀ “ਹਿੱਸਾ” ਉਸੇ ਝੀਲ ਵਿਚ ਹੋਵੇਗਾ। (ਪਰਕਾਸ਼ ਦੀ ਪੋਥੀ 21:8) ਉਹ ਵੀ ਸਦਾ ਲਈ ਖ਼ਤਮ ਕੀਤੇ ਜਾਣਗੇ। ਦੂਜੇ ਪਾਸੇ, ਜੋ ਨਰਕ ਜਾਂ ਕਬਰ ਵਿਚ ਹਨ ਅਤੇ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ, ਉਨ੍ਹਾਂ ਲਈ ਇਕ ਸ਼ਾਨਦਾਰ ਭਵਿੱਖ ਹੋਵੇਗਾ।

ਨਰਕ ਖਾਲੀ ਕੀਤੀ ਜਾਵੇਗੀ!

ਪਰਕਾਸ਼ ਦੀ ਪੋਥੀ 20:13 ਦੱਸਦੀ ਹੈ ਕਿ “ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ।” ਜੀ ਹਾਂ, ਇਹ ਗੱਲ ਸੱਚ ਹੈ ਕਿ ਬਾਈਬਲ ਵਿਚ ਜ਼ਿਕਰ ਕੀਤਾ ਗਿਆ ਪਤਾਲ ਜਾਂ ਨਰਕ ਖਾਲੀ ਕੀਤੀ ਜਾਵੇਗੀ। ਜਿਸ ਤਰ੍ਹਾਂ ਯਿਸੂ ਨੇ ਵਾਅਦਾ ਕੀਤਾ ਸੀ, “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ਭਾਵੇਂ ਉਹ ਇਸ ਵੇਲੇ ਕਿਸੇ ਵੀ ਰੂਪ ਵਿਚ ਨਹੀਂ ਜੀਉਂਦੇ, ਲੱਖਾਂ ਹੀ ਮਰੇ ਹੋਏ ਲੋਕ ਜੋ ਯਹੋਵਾਹ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ, ਧਰਤੀ ਉੱਤੇ ਵਧੀਆ ਹਾਲਾਤਾਂ ਹੇਠ ਮੁੜ ਕੇ ਜੀਉਂਦੇ ਕੀਤੇ ਜਾਣਗੇ।—ਰਸੂਲਾਂ ਦੇ ਕਰਤੱਬ 24:15.

ਪਰਮੇਸ਼ੁਰ ਦੀ ਨਵੀਂ ਧਰਤੀ ਵਿਚ ਜੀ ਉੱਠੇ ਇਨਸਾਨ ਜੋ ਉਸ ਦੇ ਧਰਮੀ ਅਸੂਲਾਂ ਉੱਤੇ ਚੱਲਣਗੇ ਫਿਰ ਕਦੇ ਵੀ ਨਹੀਂ ਮਰਨਗੇ। (ਯਸਾਯਾਹ 25:8) ਯਹੋਵਾਹ “ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।” ਅਸਲ ਵਿਚ, “ਪਹਿਲੀਆਂ ਗੱਲਾਂ ਜਾਂਦੀਆਂ [ਰਹਿਣਗੀਆਂ]।” (ਪਰਕਾਸ਼ ਦੀ ਪੋਥੀ 21:4) ਉਨ੍ਹਾਂ ਲੋਕਾਂ ਦਾ ਕਿੰਨਾ ਵਧੀਆ ਭਵਿੱਖ ਹੈ ਜੋ ਪਤਾਲ ਜਾਂ “ਕਬਰਾਂ” ਵਿਚ ਹਨ! ਇਹ ਬਰਕਤ ਇਕ ਵੱਡਾ ਕਾਰਨ ਹੈ ਕਿ ਸਾਨੂੰ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਬਾਰੇ ਹੋਰ ਗਿਆਨ ਕਿਉਂ ਲੈਣਾ ਚਾਹੀਦਾ ਹੈ।—ਯੂਹੰਨਾ 17:3.

[ਫੁਟਨੋਟ]

a ਭਾਵੇਂ ਲੂਕਾ 16:19-31 ਵਿਚ ਕਸ਼ਟ ਭੋਗਣ ਦਾ ਜ਼ਿਕਰ ਕੀਤਾ ਗਿਆ ਹੈ, ਪਰ ਇਹ ਸਾਰਾ ਬਿਰਤਾਂਤ ਅਸਲੀ ਨਹੀਂ ਹੈ ਪਰ ਇਕ ਦ੍ਰਿਸ਼ਟਾਂਤ ਹੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਪੁਸਤਕ ਦਾ 88ਵਾਂ ਅਧਿਆਇ ਦੇਖੋ।

[ਸਫ਼ੇ 5 ਉੱਤੇ ਤਸਵੀਰ]

ਅੱਯੂਬ ਨੇ ਬੇਨਤੀ ਕੀਤੀ ਸੀ ਕਿ ਪਤਾਲ ਵਿਚ ਉਸ ਨੂੰ ਸੁਰੱਖਿਆ ਮਿਲੇ

[ਸਫ਼ੇ 6 ਉੱਤੇ ਤਸਵੀਰ]

ਗ਼ਹੈਨਾ ਸਰਬਨਾਸ਼ ਨੂੰ ਦਰਸਾਉਂਦਾ ਹੈ

[ਸਫ਼ੇ 7 ਉੱਤੇ ਤਸਵੀਰ]

‘ਕਬਰਾਂ ਵਿਚੋਂ ਲੋਕ ਨਿੱਕਲ ਆਉਣਗੇ’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ