ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w05 1/1 ਸਫ਼ੇ 4-6
  • ਪਰਮੇਸ਼ੁਰ ਨਾਲ ਪਿਆਰ ਹੋਣ ਕਾਰਨ ਇਕਜੁਟ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਮੇਸ਼ੁਰ ਨਾਲ ਪਿਆਰ ਹੋਣ ਕਾਰਨ ਇਕਜੁਟ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕਿਹੜੀ ਗੱਲ ਨੇ ਕਲੀਸਿਯਾ ਦੇ ਮੈਂਬਰਾਂ ਨੂੰ ਇਕ ਕੀਤਾ?
  • ਏਕਤਾ ਬਰਕਰਾਰ ਰੱਖੀ
  • ਮੌਜੂਦਾ ਜ਼ਮਾਨੇ ਵਿਚ ਇਕ ਹੋ ਕੇ ਭਗਤੀ ਕਰਨ ਵਾਲੇ ਲੋਕ
  • ਏਕਤਾ ਦੂਜਿਆਂ ਨੂੰ ਖਿੱਚਦੀ ਹੈ
  • ਯਹੋਵਾਹ ਦਾ ਪਰਿਵਾਰ ਬਹੁਮੁੱਲੀ ਏਕਤਾ ਦਾ ਆਨੰਦ ਮਾਣਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸੱਚੀ ਭਗਤੀ ਦੀ ਪਛਾਣ—ਏਕਤਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਮਸੀਹੀ ਏਕਤਾ ਪਰਮੇਸ਼ੁਰ ਨੂੰ ਵਡਿਆਉਂਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਏਕਤਾ ਬਣਾਈ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
w05 1/1 ਸਫ਼ੇ 4-6

ਪਰਮੇਸ਼ੁਰ ਨਾਲ ਪਿਆਰ ਹੋਣ ਕਾਰਨ ਇਕਜੁਟ

ਪਹਿਲੀ ਸਦੀ ਵਿਚ ਜਦੋਂ ਮਸੀਹੀ ਕਲੀਸਿਯਾ ਸਥਾਪਿਤ ਹੋਈ ਸੀ, ਤਾਂ ਇਸ ਦੀ ਇਕ ਖੂਬੀ ਇਹ ਸੀ ਕਿ ਇਸ ਦੇ ਭਾਂਤ-ਭਾਂਤ ਦੇ ਲੋਕਾਂ ਵਿਚ ਏਕਤਾ ਸੀ। ਸੱਚੇ ਪਰਮੇਸ਼ੁਰ ਦੇ ਇਹ ਭਗਤ ਏਸ਼ੀਆਈ, ਯੂਰਪੀ ਅਤੇ ਅਫ਼ਰੀਕੀ ਦੇਸ਼ਾਂ ਦੇ ਰਹਿਣ ਵਾਲੇ ਸਨ। ਉਹ ਵੰਨ-ਸੁਵੰਨੇ ਪਿਛੋਕੜਾਂ ਤੋਂ ਆਏ ਸਨ ਜਿਵੇਂ ਜਾਜਕ, ਸੂਬੇਦਾਰ, ਗ਼ੁਲਾਮ, ਸ਼ਰਨਾਰਥੀ, ਕਾਰੀਗਰ, ਪੇਸ਼ਾਵਰ ਲੋਕ ਅਤੇ ਵਪਾਰੀ। ਕੁਝ ਯਹੂਦੀ ਸਨ ਤੇ ਬਾਕੀ ਗ਼ੈਰ-ਯਹੂਦੀ। ਇਨ੍ਹਾਂ ਵਿੱਚੋਂ ਕਈ ਲੋਕ ਪਹਿਲਾਂ ਜ਼ਨਾਹਕਾਰ, ਸਮਲਿੰਗੀ, ਸ਼ਰਾਬੀ, ਚੋਰ ਜਾਂ ਲੁਟੇਰੇ ਹੁੰਦੇ ਸਨ। ਪਰ ਜਦੋਂ ਇਹ ਮਸੀਹੀ ਬਣੇ, ਤਾਂ ਇਨ੍ਹਾਂ ਨੇ ਬੁਰੇ ਕੰਮ ਕਰਨੇ ਛੱਡ ਦਿੱਤੇ ਅਤੇ ਇਕਜੁਟ ਹੋ ਕੇ ਪਰਮੇਸ਼ੁਰ ਦੀ ਭਗਤੀ ਕਰਨ ਲੱਗੇ।

ਪਹਿਲੀ ਸਦੀ ਦੇ ਮਸੀਹੀ ਧਰਮ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਇਕ ਕਿਵੇਂ ਕੀਤਾ? ਇਹ ਲੋਕ ਕਿਉਂ ਆਪਸ ਵਿਚ ਅਤੇ ਦੂਜੇ ਲੋਕਾਂ ਨਾਲ ਸ਼ਾਂਤੀ ਨਾਲ ਮਿਲਦੇ-ਵਰਤਦੇ ਸਨ? ਉਹ ਬਗਾਵਤਾਂ ਅਤੇ ਲੜਾਈ-ਝਗੜਿਆਂ ਵਿਚ ਕਿਉਂ ਨਹੀਂ ਪੈਂਦੇ ਸਨ? ਉਸ ਜ਼ਮਾਨੇ ਦਾ ਮਸੀਹੀ ਧਰਮ ਅੱਜ ਦੇ ਮੁੱਖ ਧਰਮਾਂ ਤੋਂ ਇੰਨਾ ਅਲੱਗ ਕਿਉਂ ਸੀ?

ਕਿਹੜੀ ਗੱਲ ਨੇ ਕਲੀਸਿਯਾ ਦੇ ਮੈਂਬਰਾਂ ਨੂੰ ਇਕ ਕੀਤਾ?

ਪਹਿਲੀ ਸਦੀ ਦੇ ਮਸੀਹੀ ਇਸ ਲਈ ਆਪਸ ਵਿਚ ਏਕਤਾ ਨਾਲ ਰਹਿੰਦੇ ਸਨ ਕਿਉਂਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਦੇ ਸਨ। ਉਹ ਆਪਣੇ ਇਸ ਫ਼ਰਜ਼ ਨੂੰ ਜਾਣਦੇ ਸਨ ਕਿ ਉਨ੍ਹਾਂ ਨੂੰ ਪੂਰੇ ਦਿਲ, ਜਾਨ ਅਤੇ ਬੁੱਧ ਨਾਲ ਸੱਚੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰਨਾ ਚਾਹੀਦਾ ਸੀ। ਮਿਸਾਲ ਲਈ, ਯਹੂਦੀਆਂ ਲਈ ਕਿਸੇ ਹੋਰ ਕੌਮ ਦੇ ਲੋਕਾਂ ਨਾਲ ਮੇਲ-ਜੋਲ ਰੱਖਣਾ ਮਨ੍ਹਾ ਸੀ। ਪਰ ਜਦੋਂ ਪਤਰਸ ਰਸੂਲ ਨੂੰ ਇਕ ਗ਼ੈਰ-ਯਹੂਦੀ ਆਦਮੀ ਦੇ ਘਰ ਜਾਣ ਲਈ ਕਿਹਾ ਗਿਆ, ਤਾਂ ਉਸ ਨੇ ਇਸ ਹੁਕਮ ਦੀ ਪਾਲਣਾ ਕੀਤੀ। ਕਿਉਂ? ਕਿਉਂਕਿ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ। ਪਤਰਸ ਅਤੇ ਹੋਰਨਾਂ ਮੁਢਲੇ ਮਸੀਹੀਆਂ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਸੀ ਜੋ ਉਨ੍ਹਾਂ ਨੇ ਉਸ ਦੀ ਸ਼ਖ਼ਸੀਅਤ ਅਤੇ ਉਸ ਦੀ ਪਸੰਦ-ਨਾਪਸੰਦ ਬਾਰੇ ਸਹੀ ਗਿਆਨ ਲੈ ਕੇ ਕਾਇਮ ਕੀਤਾ ਸੀ। ਸਮਾਂ ਬੀਤਣ ਨਾਲ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਸਮਝ ਆ ਗਈ ਕਿ ਯਹੋਵਾਹ ਉਨ੍ਹਾਂ ਤੋਂ ਚਾਹੁੰਦਾ ਸੀ ਕਿ ਉਹ ‘ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ ਹੋ ਜਾਣ।’—1 ਕੁਰਿੰਥੀਆਂ 1:10; ਮੱਤੀ 22:37; ਰਸੂਲਾਂ ਦੇ ਕਰਤੱਬ 10:1-35.

ਯਿਸੂ ਮਸੀਹ ਵਿਚ ਵਿਸ਼ਵਾਸ ਹੋਣ ਕਾਰਨ ਵੀ ਪਰਮੇਸ਼ੁਰ ਦੇ ਭਗਤਾਂ ਵਿਚ ਏਕਤਾ ਬਣੀ ਰਹੀ। ਉਹ ਯਿਸੂ ਦੀ ਪੈੜ ਤੇ ਚੱਲਣਾ ਚਾਹੁੰਦੇ ਸਨ। ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ: “ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ . . . ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:34, 35) ਇਹ ਪਿਆਰ ਕੋਈ ਦਿਖਾਵਾ ਨਹੀਂ ਹੋਣਾ ਸੀ ਬਲਕਿ ਉਨ੍ਹਾਂ ਨੇ ਆਪਣੀ ਜਾਨ ਤੋਂ ਵਧ ਕੇ ਇਕ-ਦੂਜੇ ਨੂੰ ਪਿਆਰ ਕਰਨਾ ਸੀ। ਇਸ ਪਿਆਰ ਦਾ ਨਤੀਜਾ ਕੀ ਹੋਣਾ ਸੀ? ਯਿਸੂ ਨੇ ਆਪਣੇ ਚੇਲਿਆਂ ਲਈ ਪ੍ਰਾਰਥਨਾ ਕੀਤੀ: ‘ਮੈਂ ਏਹਨਾਂ ਲਈ ਬੇਨਤੀ ਕਰਦਾ ਹਾਂ ਜੋ ਓਹ ਸਭ ਇੱਕ ਹੋਣ ਜਿਸ ਤਰਾਂ, ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ ਜੋ ਓਹ ਵੀ ਸਾਡੇ ਵਿੱਚ ਹੋਣ।’—ਯੂਹੰਨਾ 17:20, 21; 1 ਪਤਰਸ 2:21.

ਯਹੋਵਾਹ ਨੇ ਆਪਣੇ ਸੱਚੇ ਸੇਵਕਾਂ ਉੱਤੇ ਆਪਣੀ ਪਵਿੱਤਰ ਆਤਮਾ ਪਾਈ। ਪਰਮੇਸ਼ੁਰ ਦੀ ਇਸ ਆਤਮਾ ਜਾਂ ਸ਼ਕਤੀ ਨੇ ਉਨ੍ਹਾਂ ਦੀ ਏਕਤਾ ਵਿਚ ਵਾਧਾ ਕੀਤਾ। ਇਸ ਦੀ ਮਦਦ ਨਾਲ ਉਹ ਬਾਈਬਲ ਦੀਆਂ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਅਤੇ ਸਾਰੀਆਂ ਕਲੀਸਿਯਾਵਾਂ ਨੇ ਇਨ੍ਹਾਂ ਸਿੱਖਿਆਵਾਂ ਨੂੰ ਕਬੂਲ ਕੀਤਾ। ਯਹੋਵਾਹ ਦੇ ਭਗਤਾਂ ਨੇ ਇੱਕੋ ਸੰਦੇਸ਼ ਦਾ ਪ੍ਰਚਾਰ ਕੀਤਾ ਕਿ ਯਹੋਵਾਹ ਮਸੀਹਾਈ ਰਾਜ ਦੁਆਰਾ ਆਪਣੇ ਨਾਂ ਨੂੰ ਪਵਿੱਤਰ ਕਰੇਗਾ। ਇਹ ਸਵਰਗੀ ਸਰਕਾਰ ਸਾਰੀ ਮਨੁੱਖਜਾਤੀ ਉੱਤੇ ਰਾਜ ਕਰੇਗੀ। ਮੁਢਲੇ ਮਸੀਹੀਆਂ ਨੇ ਆਪਣੇ ਇਸ ਫ਼ਰਜ਼ ਨੂੰ ਸਮਝਿਆ ਕਿ ਉਨ੍ਹਾਂ ਨੇ “ਇਸ ਜਗਤ” ਦਾ ਹਿੱਸਾ ਨਹੀਂ ਬਣਨਾ ਸੀ। ਇਸ ਲਈ ਉਨ੍ਹਾਂ ਦੇ ਦੇਸ਼ ਵਿਚ ਜਦੋਂ ਵੀ ਕੋਈ ਬਗਾਵਤ ਉੱਠੀ ਜਾਂ ਜੰਗ ਹੋਈ, ਉਨ੍ਹਾਂ ਨੇ ਇਸ ਵਿਚ ਕੋਈ ਹਿੱਸਾ ਨਹੀਂ ਲਿਆ। ਉਨ੍ਹਾਂ ਨੇ ਹਰ ਕਿਸੇ ਨਾਲ ਸ਼ਾਂਤੀ ਬਣਾਈ ਰੱਖੀ।—ਯੂਹੰਨਾ 14:26; 18:36; ਮੱਤੀ 6:9, 10; ਰਸੂਲਾਂ ਦੇ ਕਰਤੱਬ 2:1-4; ਰੋਮੀਆਂ 12:17-21.

ਪਰਮੇਸ਼ੁਰ ਦੇ ਸਾਰੇ ਭਗਤ ਸ਼ਾਂਤੀ ਕਾਇਮ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਸਨ। ਉਹ ਸ਼ਾਂਤੀ ਕਿਵੇਂ ਕਾਇਮ ਕਰ ਸਕਦੇ ਸਨ? ਬਾਈਬਲ ਦੇ ਨਿਯਮਾਂ ਅਨੁਸਾਰ ਆਪਣੀ ਜ਼ਿੰਦਗੀ ਗੁਜ਼ਾਰ ਕੇ। ਇਸ ਲਈ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਲਿਖਿਆ: ‘ਤੁਸੀਂ ਅਗਲੇ ਚਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ’ ਅਤੇ “ਨਵੀਂ ਇਨਸਾਨੀਅਤ ਨੂੰ ਪਹਿਨ ਲਓ।”—ਅਫ਼ਸੀਆਂ 4:22-32.

ਏਕਤਾ ਬਰਕਰਾਰ ਰੱਖੀ

ਇਹ ਸੱਚ ਹੈ ਕਿ ਪਹਿਲੀ ਸਦੀ ਦੇ ਮਸੀਹੀ ਨਾਮੁਕੰਮਲ ਸਨ ਅਤੇ ਉਨ੍ਹਾਂ ਵਿਚ ਵੀ ਸਮੱਸਿਆਵਾਂ ਖੜ੍ਹੀਆਂ ਹੋਈਆਂ ਸਨ ਜਿਨ੍ਹਾਂ ਕਾਰਨ ਉਨ੍ਹਾਂ ਦੀ ਏਕਤਾ ਖ਼ਤਰੇ ਵਿਚ ਪੈ ਸਕਦੀ ਸੀ। ਮਿਸਾਲ ਲਈ, ਰਸੂਲਾਂ ਦੇ ਕਰਤੱਬ 6:1-6 ਵਿਚ ਲਿਖਿਆ ਹੈ ਕਿ ਯੂਨਾਨੀ ਭਾਸ਼ਾ ਬੋਲਣ ਵਾਲੇ ਅਤੇ ਇਬਰਾਨੀ ਭਾਸ਼ਾ ਬੋਲਣ ਵਾਲੇ ਮਸੀਹੀਆਂ ਵਿਚ ਬਖੇੜਾ ਖੜ੍ਹਾ ਹੋ ਗਿਆ। ਯੂਨਾਨੀ ਬੋਲਣ ਵਾਲੇ ਮਸੀਹੀਆਂ ਨੂੰ ਲੱਗਾ ਕਿ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਸੀ। ਪਰ ਇਸ ਮਸਲੇ ਬਾਰੇ ਜਿਉਂ ਹੀ ਰਸੂਲਾਂ ਨੂੰ ਪਤਾ ਲੱਗਾ, ਉਨ੍ਹਾਂ ਨੇ ਤੁਰੰਤ ਇਸ ਨੂੰ ਸੁਲਝਾ ਦਿੱਤਾ। ਬਾਅਦ ਵਿਚ ਇਕ ਹੋਰ ਵਾਦ-ਵਿਵਾਦ ਉੱਠ ਖੜ੍ਹਾ ਹੋਇਆ ਕਿ ਗ਼ੈਰ-ਯਹੂਦੀ ਮਸੀਹੀਆਂ ਨੂੰ ਮੂਸਾ ਦੀ ਬਿਵਸਥਾ ਤੇ ਚੱਲਣਾ ਚਾਹੀਦਾ ਸੀ ਜਾਂ ਨਹੀਂ। ਇਸ ਦਾ ਫ਼ੈਸਲਾ ਬਾਈਬਲ ਦੇ ਸਿਧਾਂਤਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਜੋ ਸਾਰਿਆਂ ਨੇ ਕਬੂਲ ਕੀਤਾ।—ਰਸੂਲਾਂ ਦੇ ਕਰਤੱਬ 15:1-29.

ਇਹ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਨੇ ਮਤਭੇਦਾਂ ਕਾਰਨ ਨਸਲੀ ਵਿਤਕਰੇ ਨੂੰ ਸ਼ਹਿ ਨਹੀਂ ਦਿੱਤੀ ਜਾਂ ਕਿਸੇ ਸਿੱਖਿਆ ਸੰਬੰਧੀ ਵੱਖੋ-ਵੱਖਰੇ ਵਿਚਾਰਾਂ ਕਾਰਨ ਫੁੱਟ ਨਹੀਂ ਪੈਣ ਦਿੱਤੀ। ਕਿਉਂ? ਕਿਉਂਕਿ ਮੁਢਲੀ ਕਲੀਸਿਯਾ ਏਕਤਾ ਕਾਇਮ ਕਰਨ ਵਾਲੀਆਂ ਗੱਲਾਂ ਤੇ ਚੱਲਦੀ ਸੀ ਜਿਵੇਂ ਯਹੋਵਾਹ ਲਈ ਪਿਆਰ, ਯਿਸੂ ਮਸੀਹ ਵਿਚ ਨਿਹਚਾ, ਇਕ-ਦੂਜੇ ਲਈ ਆਤਮ-ਬਲੀਦਾਨੀ ਪਿਆਰ, ਪਵਿੱਤਰ ਆਤਮਾ ਦੀ ਅਗਵਾਈ ਵਿਚ ਚੱਲਣਾ, ਬਾਈਬਲ ਦੀਆਂ ਸਿੱਖਿਆਵਾਂ ਦੀ ਇੱਕੋ ਜਿਹੀ ਸਮਝ ਅਤੇ ਆਪਣੇ ਚਾਲ-ਚਲਣ ਨੂੰ ਬਦਲਣ ਲਈ ਤਿਆਰ ਰਹਿਣਾ। ਇਨ੍ਹਾਂ ਗੱਲਾਂ ਕਾਰਨ ਕਲੀਸਿਯਾ ਦੀ ਏਕਤਾ ਤੇ ਸ਼ਾਂਤੀ ਬਰਕਰਾਰ ਰਹੀ।

ਮੌਜੂਦਾ ਜ਼ਮਾਨੇ ਵਿਚ ਇਕ ਹੋ ਕੇ ਭਗਤੀ ਕਰਨ ਵਾਲੇ ਲੋਕ

ਕੀ ਅੱਜ ਵੀ ਇਸ ਤਰ੍ਹਾਂ ਦੀ ਏਕਤਾ ਕਾਇਮ ਕੀਤੀ ਜਾ ਸਕਦੀ ਹੈ? ਕੀ ਇਹ ਸਾਰੀਆਂ ਗੱਲਾਂ ਅਜੇ ਵੀ ਇੱਕੋ ਧਰਮ ਦੇ ਲੋਕਾਂ ਵਿਚ ਨੇੜਤਾ ਪੈਦਾ ਕਰ ਸਕਦੀਆਂ ਹਨ ਅਤੇ ਦੁਨੀਆਂ ਦੀਆਂ ਸਾਰੀਆਂ ਨਸਲਾਂ ਦੇ ਲੋਕਾਂ ਵਿਚ ਸ਼ਾਂਤੀ ਕਾਇਮ ਕਰ ਸਕਦੀਆਂ ਹਨ? ਹਾਂ, ਕਰ ਸਕਦੀਆਂ ਹਨ! ਦੁਨੀਆਂ ਭਰ ਵਿਚ 230 ਤੋਂ ਜ਼ਿਆਦਾ ਦੇਸ਼ਾਂ ਅਤੇ ਟਾਪੂਆਂ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਵਿਚ ਏਕਤਾ ਹੈ। ਇਹ ਏਕਤਾ ਉਨ੍ਹਾਂ ਹੀ ਗੱਲਾਂ ਕਾਰਨ ਪੈਦਾ ਹੋਈ ਹੈ ਜਿਨ੍ਹਾਂ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਇਕਜੁਟ ਕੀਤਾ ਸੀ।

ਯਹੋਵਾਹ ਦੇ ਗਵਾਹਾਂ ਦੀ ਏਕਤਾ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਜਿਸ ਗੱਲ ਨੇ ਪਾਇਆ ਹੈ, ਉਹ ਹੈ ਯਹੋਵਾਹ ਪਰਮੇਸ਼ੁਰ ਪ੍ਰਤੀ ਉਨ੍ਹਾਂ ਦੀ ਸ਼ਰਧਾ। ਇਸ ਦਾ ਮਤਲਬ ਹੈ ਕਿ ਉਹ ਹਰ ਹਾਲ ਵਿਚ ਉਸ ਪ੍ਰਤੀ ਵਫ਼ਾਦਾਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਯਹੋਵਾਹ ਦੇ ਗਵਾਹ ਯਿਸੂ ਮਸੀਹ ਅਤੇ ਉਸ ਦੀਆਂ ਸਿੱਖਿਆਵਾਂ ਉੱਤੇ ਵੀ ਨਿਹਚਾ ਕਰਦੇ ਹਨ। ਇਹ ਮਸੀਹੀ ਪਿਆਰ ਦੀ ਖ਼ਾਤਰ ਆਪਣੇ ਸਾਥੀ ਵਿਸ਼ਵਾਸੀਆਂ ਲਈ ਜਾਨ ਤਕ ਦੇਣ ਨੂੰ ਤਿਆਰ ਰਹਿੰਦੇ ਹਨ ਅਤੇ ਸਾਰੇ ਦੇਸ਼ਾਂ ਵਿਚ ਪਰਮੇਸ਼ੁਰ ਦੇ ਰਾਜ ਦੀ ਇੱਕੋ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ। ਇਸ ਰਾਜ ਬਾਰੇ ਉਹ ਸਾਰੇ ਧਰਮਾਂ, ਨਸਲਾਂ, ਕੌਮਾਂ ਅਤੇ ਸਮਾਜਾਂ ਦੇ ਲੋਕਾਂ ਨੂੰ ਦੱਸਦੇ ਹਨ। ਯਹੋਵਾਹ ਦੇ ਗਵਾਹ ਦੁਨਿਆਵੀ ਮਸਲਿਆਂ ਤੋਂ ਵੀ ਦੂਰ ਰਹਿੰਦੇ ਹਨ ਜਿਸ ਕਰਕੇ ਉਹ ਰਾਜਨੀਤਿਕ, ਸਭਿਆਚਾਰਕ, ਸਮਾਜਕ ਅਤੇ ਵਪਾਰਕ ਦਬਾਵਾਂ ਤੋਂ ਬਚੇ ਰਹਿੰਦੇ ਹਨ ਜੋ ਲੋਕਾਂ ਵਿਚ ਫੁੱਟ ਪਾਉਂਦੇ ਹਨ। ਸਾਰੇ ਗਵਾਹ ਬਾਈਬਲ ਦੇ ਮਿਆਰਾਂ ਅਨੁਸਾਰ ਚੱਲ ਕੇ ਏਕਤਾ ਕਾਇਮ ਰੱਖਦੇ ਹਨ।

ਏਕਤਾ ਦੂਜਿਆਂ ਨੂੰ ਖਿੱਚਦੀ ਹੈ

ਇਸ ਏਕਤਾ ਨੇ ਯਹੋਵਾਹ ਦੇ ਗਵਾਹਾਂ ਵਿਚ ਅਕਸਰ ਲੋਕਾਂ ਦੀ ਰੁਚੀ ਨੂੰ ਜਗਾਇਆ ਹੈ। ਮਿਸਾਲ ਲਈ, ਇਲਜ਼ੇa ਜਰਮਨੀ ਦੇ ਇਕ ਕਾਨਵੈਂਟ ਵਿਚ ਕੈਥੋਲਿਕ ਨਨ ਹੋਇਆ ਕਰਦੀ ਸੀ। ਕਿਹੜੀ ਗੱਲ ਨੇ ਉਸ ਨੂੰ ਯਹੋਵਾਹ ਦੇ ਗਵਾਹਾਂ ਵੱਲ ਖਿੱਚਿਆ? ਇਲਜ਼ੇ ਨੇ ਕਿਹਾ: “ਉਹ ਬਹੁਤ ਚੰਗੇ ਲੋਕ ਹਨ। ਉਹ ਯੁੱਧ ਲੜਨ ਨਹੀਂ ਜਾਂਦੇ ਤੇ ਨਾ ਹੀ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਉਂਦੇ ਹਨ। ਉਹ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਨ ਤਾਂਕਿ ਲੋਕ ਪਰਮੇਸ਼ੁਰ ਦੇ ਰਾਜ ਅਧੀਨ ਫਿਰਦੌਸ ਵਰਗੀ ਧਰਤੀ ਉੱਤੇ ਖ਼ੁਸ਼ੀ-ਖ਼ੁਸ਼ੀ ਰਹਿ ਸਕਣ।”

ਅਗਲੀ ਉਦਾਹਰਣ ਇਕ ਜਰਮਨ ਫ਼ੌਜੀ ਗੁੰਟਰ ਦੀ ਹੈ ਜੋ ਦੂਜੇ ਵਿਸ਼ਵ ਯੁੱਧ ਦੌਰਾਨ ਫਰਾਂਸ ਵਿਚ ਲੜਿਆ ਸੀ। ਇਕ ਦਿਨ ਇਕ ਪ੍ਰੋਟੈਸਟੈਂਟ ਪਾਦਰੀ ਨੇ ਗੁੰਟਰ ਦੇ ਫ਼ੌਜੀ ਦਸਤੇ ਲਈ ਬਰਕਤਾਂ, ਹਿਫਾਜ਼ਤ ਅਤੇ ਜਿੱਤ ਲਈ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਗੁੰਟਰ ਆਪਣੇ ਮੋਰਚੇ ਉੱਤੇ ਤਾਇਨਾਤ ਹੋ ਗਿਆ। ਉਸ ਨੇ ਆਪਣੀ ਦੂਰਬੀਨ ਰਾਹੀਂ ਦੇਖਿਆ ਕਿ ਰਣਭੂਮੀ ਦੇ ਦੂਜੇ ਪਾਸੇ ਤਾਇਨਾਤ ਦੁਸ਼ਮਣ ਫ਼ੌਜਾਂ ਲਈ ਵੀ ਇਕ ਪਾਦਰੀ ਪ੍ਰਾਰਥਨਾ ਕਰ ਰਿਹਾ ਸੀ। ਬਾਅਦ ਵਿਚ ਗੁੰਟਰ ਨੇ ਕਿਹਾ: “ਉਸ ਪਾਦਰੀ ਨੇ ਵੀ ਪਰਮੇਸ਼ੁਰ ਨੂੰ ਬਰਕਤਾਂ, ਹਿਫਾਜ਼ਤ ਅਤੇ ਜਿੱਤ ਲਈ ਪ੍ਰਾਰਥਨਾ ਕੀਤੀ ਹੋਵੇਗੀ। ਮੈਂ ਸੋਚਾਂ ਵਿਚ ਪੈ ਗਿਆ ਕਿ ਦੋ ਈਸਾਈ ਗਿਰਜੇ ਕਿਵੇਂ ਇਕ-ਦੂਜੇ ਦੇ ਖ਼ਿਲਾਫ਼ ਹੋ ਕੇ ਯੁੱਧ ਲੜ ਸਕਦੇ ਸਨ।” ਇਹ ਸਵਾਲ ਗੁੰਟਰ ਨੂੰ ਸਤਾਉਂਦਾ ਰਿਹਾ। ਬਾਅਦ ਵਿਚ ਜਦੋਂ ਉਹ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ, ਤਾਂ ਗੁੰਟਰ ਉਨ੍ਹਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ਵਿਚ ਸ਼ਾਮਲ ਹੋ ਗਿਆ ਕਿਉਂਕਿ ਉਹ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ।

ਅਸ਼ੋਕ ਅਤੇ ਫੀਮਾ ਇਕ ਪੂਰਬੀ ਧਰਮ ਨੂੰ ਮੰਨਦੇ ਸਨ। ਉਹ ਘਰ ਵਿਚ ਆਪਣੇ ਭਗਵਾਨ ਦੀ ਬੜੀ ਸ਼ਰਧਾ ਨਾਲ ਪੂਜਾ ਕਰਿਆ ਕਰਦੇ ਸਨ। ਪਰ ਜਦੋਂ ਗੰਭੀਰ ਬੀਮਾਰੀ ਕਰਕੇ ਉਨ੍ਹਾਂ ਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ, ਤਾਂ ਉਨ੍ਹਾਂ ਨੇ ਆਪਣੇ ਧਰਮ ਦੀ ਜਾਂਚ ਕੀਤੀ। ਇਕ ਦਿਨ ਉਨ੍ਹਾਂ ਦੀ ਮੁਲਾਕਾਤ ਯਹੋਵਾਹ ਦੇ ਗਵਾਹਾਂ ਨਾਲ ਹੋਈ। ਉਹ ਬਾਈਬਲ ਦੀਆਂ ਸਿੱਖਿਆਵਾਂ ਅਤੇ ਗਵਾਹਾਂ ਦੇ ਆਪਸੀ ਪਿਆਰ ਤੋਂ ਬਹੁਤ ਪ੍ਰਭਾਵਿਤ ਹੋਏ। ਹੁਣ ਉਹ ਯਹੋਵਾਹ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਜੋਸ਼ੀਲੇ ਪ੍ਰਚਾਰਕ ਹਨ।

ਇਲਜ਼ੇ, ਗੁੰਟਰ, ਅਸ਼ੋਕ ਅਤੇ ਫੀਮਾ ਯਹੋਵਾਹ ਦੇ ਲੱਖਾਂ ਗਵਾਹਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ਵਿਚ ਏਕਤਾ ਨਾਲ ਰਹਿੰਦੇ ਹਨ। ਉਨ੍ਹਾਂ ਨੂੰ ਬਾਈਬਲ ਦੇ ਇਸ ਵਾਅਦੇ ਤੇ ਭਰੋਸਾ ਹੈ ਕਿ ਜਿਨ੍ਹਾਂ ਗੱਲਾਂ ਨੇ ਭਗਤੀ ਵਿਚ ਅੱਜ ਉਨ੍ਹਾਂ ਨੂੰ ਇਕਮੁੱਠ ਕੀਤਾ ਹੈ, ਜਲਦੀ ਹੀ ਉਹੀ ਗੱਲਾਂ ਸਾਰੀ ਆਗਿਆਕਾਰ ਮਨੁੱਖਜਾਤੀ ਨੂੰ ਇਕ ਕਰਨਗੀਆਂ। ਫਿਰ ਕਦੇ ਵੀ ਧਰਮ ਦੇ ਨਾਂ ਤੇ ਜ਼ੁਲਮ ਨਹੀਂ ਹੋਣਗੇ ਤੇ ਨਾ ਹੀ ਫੁੱਟ ਜਾਂ ਪਾੜ ਪੈਣਗੇ। ਸਾਰੀ ਦੁਨੀਆਂ ਇਕ ਹੋ ਕੇ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰੇਗੀ।—ਪਰਕਾਸ਼ ਦੀ ਪੋਥੀ 21:4, 5.

[ਫੁਟਨੋਟ]

a ਇਸ ਲੇਖ ਵਿਚ ਦੱਸੇ ਕੁਝ ਨਾਂ ਬਦਲੇ ਗਏ ਹਨ।

[ਸਫ਼ੇ 4 ਉੱਤੇ ਤਸਵੀਰ]

ਵੱਖੋ-ਵੱਖਰੇ ਪਿਛੋਕੜਾਂ ਦੇ ਹੋਣ ਦੇ ਬਾਵਜੂਦ ਮੁਢਲੇ ਮਸੀਹੀਆਂ ਵਿਚ ਏਕਾ ਸੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ