ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w06 8/15 ਸਫ਼ੇ 8-11
  • ਖ਼ੂਬਸੂਰਤ ਟਾਪੂ ਤੇ ਪਰਮੇਸ਼ੁਰ ਦੀ ਵਡਿਆਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਖ਼ੂਬਸੂਰਤ ਟਾਪੂ ਤੇ ਪਰਮੇਸ਼ੁਰ ਦੀ ਵਡਿਆਈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਸਿਰਲੇਖ
  • ਪਰਮੇਸ਼ੁਰ ਦੇ ਸੇਵਕਾਂ ਦੀ ਗਿਣਤੀ ਵਿਚ ਵਾਧਾ
  • ਬੱਚੇ ਪਰਮੇਸ਼ੁਰ ਦੀ ਮਹਿਮਾ ਕਰ ਰਹੇ ਹਨ
  • ਜਦੋਂ ਬੱਚੇ ਵੱਡੇ ਹੁੰਦੇ ਹਨ
  • ਮੁਸ਼ਕਲਾਂ ਦੇ ਬਾਵਜੂਦ ਤਰੱਕੀ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
w06 8/15 ਸਫ਼ੇ 8-11

ਖ਼ੂਬਸੂਰਤ ਟਾਪੂ ਤੇ ਪਰਮੇਸ਼ੁਰ ਦੀ ਵਡਿਆਈ

ਤਾਈਵਾਨ ਟਾਪੂ ਦੀ ਹਰਿਆਵਲ ਦੇਖ ਕੇ ਹਰ ਸੈਲਾਨੀ ਵਾਹ-ਵਾਹ ਕਰ ਉੱਠਦਾ ਹੈ। ਝੋਨੇ ਦੇ ਹਰੇ-ਭਰੇ ਖੇਤ ਜਦੋਂ ਪੱਕ ਕੇ ਸੋਨੇ ਰੰਗੇ ਹੋ ਜਾਂਦੇ ਹਨ, ਤਾਂ ਇਸ ਟਾਪੂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲੱਗ ਜਾਂਦੇ ਹਨ। ਪਹਾੜ ਵੀ ਹਰੇ-ਭਰੇ ਸੰਘਣੇ ਜੰਗਲਾਂ ਨਾਲ ਢਕੇ ਪਏ ਨੇ। ਸ਼ਹਿਰਾਂ ਦੇ ਭੀੜ-ਭੜੱਕੇ ਤੋਂ ਦੂਰ ਖੇਤਾਂ ਤੇ ਪਹਾੜਾਂ ਦਾ ਖ਼ੂਬਸੂਰਤ ਨਜ਼ਾਰਾ ਦੇਖ ਕੇ ਦਿਲ ਖ਼ੁਸ਼ ਹੋ ਜਾਂਦਾ ਹੈ। ਤਾਹੀਓਂ ਤਾਂ ਇੱਥੇ ਆਉਣ ਵਾਲਾ ਪਹਿਲਾ ਯੂਰਪੀ ਆਦਮੀ ਇਹ ਕਹਿ ਉੱਠਿਆ: ‘ਵਾਹ ਕਿਆ ਖ਼ੂਬਸੂਰਤ ਟਾਪੂ!’

ਖ਼ੂਬਸੂਰਤੀ ਨਾਲ ਲੱਦਿਆ ਤਾਈਵਾਨ ਬਹੁਤਾ ਵੱਡਾ ਟਾਪੂ ਨਹੀਂ ਹੈ। ਇਸ ਦੀ ਲੰਬਾਈ ਸਿਰਫ਼ 390 ਕਿਲੋਮੀਟਰ ਅਤੇ ਚੌੜਾਈ 160 ਕਿਲੋਮੀਟਰ ਹੈ। ਇਸ ਦੇ ਗੱਭਲੇ ਹਿੱਸੇ ਵਿਚ ਉੱਚੇ-ਉੱਚੇ ਪਰਬਤ ਹਨ। ਇੱਥੇ ਦਾ ਯੂ ਪਰਬਤ (ਮੌਰਿਸਨ ਪਰਬਤ) ਜਪਾਨ ਦੇ ਫ਼ੂਜੀ ਪਰਬਤ ਅਤੇ ਨਿਊਜ਼ੀਲੈਂਡ ਦੇ ਕੁੱਕ ਪਰਬਤ ਤੋਂ ਉੱਚਾ ਹੈ। ਇਸ ਟਾਪੂ ਦੇ ਦੋ ਕਰੋੜ ਵੀਹ ਲੱਖ ਤੋਂ ਜ਼ਿਆਦਾ ਲੋਕ ਪਰਬਤਾਂ ਦੇ ਆਲੇ-ਦੁਆਲੇ ਤਟਵਰਤੀ ਇਲਾਕਿਆਂ ਵਿਚ ਰਹਿੰਦੇ ਹਨ।

ਪਰਮੇਸ਼ੁਰ ਦੇ ਸੇਵਕਾਂ ਦੀ ਗਿਣਤੀ ਵਿਚ ਵਾਧਾ

ਇਸ ਕੁਦਰਤੀ ਖ਼ੂਬਸੂਰਤੀ ਦੇ ਨਾਲ-ਨਾਲ ਪਰਮੇਸ਼ੁਰ ਦਾ ਗਿਆਨ ਵੀ ਇਸ ਟਾਪੂ ਦੀ ਸ਼ਾਨ ਵਧਾ ਰਿਹਾ ਹੈ। ਇਸ ਸ਼ਾਨ ਦਾ ਸਿਹਰਾ ਉਨ੍ਹਾਂ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਜਾਂਦਾ ਹੈ ਜੋ ਸੱਚੇ ਪਰਮੇਸ਼ੁਰ ਯਹੋਵਾਹ ਦੀ ਦਿਲੋਂ-ਜਾਨ ਨਾਲ ਸੇਵਾ ਕਰ ਰਹੇ ਹਨ। ਸੱਚ-ਮੁੱਚ ਇਨ੍ਹਾਂ ਦੀ ਮਿਹਨਤ ਅਤੇ ਜੋਸ਼ ਦੇਖ ਕੇ ਦਿਲ ਬਾਗ਼-ਬਾਗ਼ ਹੋ ਜਾਂਦਾ ਹੈ। ਇਹ ਭੈਣ-ਭਰਾ ਬੜੀ ਲਗਨ ਨਾਲ ਲੋਕਾਂ ਨੂੰ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਮਕਸਦ ਬਾਰੇ ਸਿਖਾ ਰਹੇ ਹਨ।

ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਧਣ ਕਰਕੇ ਬ੍ਰਾਂਚ ਆਫ਼ਿਸ ਦਾ ਕੰਮ ਹੋਰ ਵਧ ਗਿਆ ਹੈ। ਪਹਿਲਾਂ ਤਾਇਪੇ ਵਿਚ ਜੋ ਛੋਟਾ ਜਿਹਾ ਬ੍ਰਾਂਚ ਆਫ਼ਿਸ ਹੁੰਦਾ ਸੀ, ਉਸ ਲਈ 1,777 ਪ੍ਰਚਾਰਕਾਂ ਦੀ ਦੇਖ-ਰੇਖ ਕਰਨੀ ਔਖੀ ਹੋ ਗਈ ਸੀ। ਇਸ ਲਈ ਦਸੰਬਰ 1990 ਵਿਚ ਗਵਾਹਾਂ ਨੇ ਵੱਡਾ ਬ੍ਰਾਂਚ ਆਫ਼ਿਸ ਬਣਾਉਣ ਲਈ ਇਕ ਪਲਾਟ ਖ਼ਰੀਦਿਆ। ਉੱਥੇ ਦੇ ਭੈਣ-ਭਰਾਵਾਂ ਨੇ ਦੂਸਰੇ ਕਈ ਦੇਸ਼ਾਂ ਤੋਂ ਆਏ ਭੈਣ-ਭਰਾਵਾਂ ਨਾਲ ਮਿਲ ਕੇ ਉਸਾਰੀ ਦਾ ਕੰਮ ਕੀਤਾ। ਉਨ੍ਹਾਂ ਦੀ ਚਾਰ ਸਾਲ ਦੀ ਮਿਹਨਤ ਸਦਕਾ ਅਗਸਤ 1994 ਵਿਚ ਸਿੰਵੂ ਇਲਾਕੇ ਵਿਚ ਨਵਾਂ ਬ੍ਰਾਂਚ ਆਫ਼ਿਸ ਯਹੋਵਾਹ ਦੇ ਗਵਾਹਾਂ ਦੀ ਖਿਦਮਤ ਲਈ ਤਿਆਰ ਹੋ ਗਿਆ। ਉਦੋਂ ਤਕ ਤਾਈਵਾਨ ਵਿਚ ਬਾਈਬਲ ਦਾ ਸੰਦੇਸ਼ ਸੁਣਾਉਣ ਵਾਲੇ ਭੈਣ-ਭਰਾਵਾਂ ਦੀ ਗਿਣਤੀ ਵਧ ਕੇ 2,515 ਹੋ ਗਈ। ਹੁਣ ਦਸ ਸਾਲ ਬਾਅਦ ਤਾਈਵਾਨ ਵਿਚ ਯਹੋਵਾਹ ਦੇ 5,500 ਤੋਂ ਜ਼ਿਆਦਾ ਗਵਾਹ ਹਨ ਜਿਨ੍ਹਾਂ ਦਾ ਇਕ ਚੌਥਾਈ ਹਿੱਸਾ ਹਰ ਮਹੀਨੇ ਪਾਇਨੀਅਰੀ ਕਰਦਾ ਹੈ। ਇਨ੍ਹਾਂ ਵਿੱਚੋਂ ਖ਼ਾਸ ਹਨ ਉਹ ਨੌਜਵਾਨ ਜੋ “ਤ੍ਰੇਲ” ਵਾਂਗ ਲੋਕਾਂ ਨੂੰ ਤਾਜ਼ਗੀ ਦਿੰਦੇ ਹਨ।—ਜ਼ਬੂਰਾਂ ਦੀ ਪੋਥੀ 110:3.

ਬੱਚੇ ਪਰਮੇਸ਼ੁਰ ਦੀ ਮਹਿਮਾ ਕਰ ਰਹੇ ਹਨ

ਬਹੁਤ ਸਾਰੇ ਬੱਚੇ ਜੋਸ਼ੀਲੇ ਪ੍ਰਚਾਰਕ ਹਨ। ਕਈ ਤਾਂ ਅਜੇ ਪ੍ਰਾਇਮਰੀ ਸਕੂਲ ਵਿਚ ਹੀ ਹਨ। ਮਿਸਾਲ ਲਈ ਉੱਤਰੀ ਤਾਈਵਾਨ ਵਿਚ ਇਕ ਜੋੜੇ ਨੂੰ ਯਹੋਵਾਹ ਦੇ ਗਵਾਹਾਂ ਦੀ ਉਸ ਮੀਟਿੰਗ ਵਿਚ ਆਉਣ ਦਾ ਸੱਦਾ ਦਿੱਤਾ ਗਿਆ ਜਿਸ ਵਿਚ ਗਵਾਹਾਂ ਨੂੰ ਬਾਈਬਲ ਸਿਖਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਮੀਟਿੰਗ ਵਿਚ ਵੇਜੂਨ ਨਾਂ ਦੇ ਇਕ ਿਨੱਕੇ ਜਿਹੇ ਬੱਚੇ ਨੂੰ ਬਾਈਬਲ ਵਿੱਚੋਂ ਪੜ੍ਹਦਿਆਂ ਦੇਖ ਕੇ ਇਹ ਜੋੜਾ ਦੰਗ ਰਹਿ ਗਿਆ, ਕਿਉਂਕਿ ਉਸ ਨੇ ਸਿਆਣਿਆਂ ਵਾਂਗ ਬੜੇ ਸਲੀਕੇ ਨਾਲ ਉੱਚੀ ਆਵਾਜ਼ ਵਿਚ ਬਾਈਬਲ ਪੜ੍ਹੀ। ਫਿਰ ਉਹ ਗਵਾਹਾਂ ਦੀਆਂ ਹੋਰ ਮੀਟਿੰਗਾਂ ਵਿਚ ਆਏ। ਇੱਥੇ ਿਨੱਕੇ ਨਿਆਣਿਆਂ ਦੇ ਮੂੰਹੋਂ, ਜੋ ਅਜੇ ਸਕੂਲ ਵੀ ਨਹੀਂ ਜਾਂਦੇ ਸਨ, ਵਧੀਆ-ਵਧੀਆ ਟਿੱਪਣੀਆਂ ਸੁਣ ਕੇ ਉਹ ਬੜੇ ਖ਼ੁਸ਼ ਹੋਏ। ਇਹ ਸਭ ਕੁਝ ਦੇਖ ਕੇ ਉਨ੍ਹਾਂ ਨੇ ਕਿਹਾ: ‘ਤੁਹਾਡੇ ਨਿਆਣੇ ਕਿੰਗਡਮ ਹਾਲ ਵਿਚ ਸਾਰਿਆਂ ਨਾਲ ਕਿੰਨੇ ਸਲੀਕੇ ਨਾਲ ਪੇਸ਼ ਆਉਂਦੇ ਹਨ!’

ਪਰ ਸਵਾਲ ਉੱਠਦਾ ਹੈ ਕਿ ਜਿਸ ਦੇਸ਼ ਵਿਚ ਬੁੱਧ ਤੇ ਤਾਓਵਾਦ ਮਤ ਨੂੰ ਮੰਨਿਆ ਜਾਂਦਾ ਹੈ, ਉੱਥੇ ਇਹ ਬੱਚੇ ਬਾਈਬਲ ਵਿਚ ਇੰਨੀ ਦਿਲਚਸਪੀ ਕਿਉਂ ਲੈ ਰਹੇ ਹਨ? ਇਹ ਉਨ੍ਹਾਂ ਦੇ ਮਾਤਾ-ਪਿਤਾ ਦੀ ਮਿਹਨਤ ਦਾ ਫਲ ਹੈ ਜਿਨ੍ਹਾਂ ਨੇ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕੀਤਾ ਹੈ ਅਤੇ ਆਪਣੇ ਪਰਿਵਾਰ ਵਿਚ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦਿੱਤੀ ਹੈ। ਵੇਜੂਨ ਦੇ ਮਾਪਿਆਂ ਨੇ ਹਮੇਸ਼ਾ ਸੇਵਕਾਈ ਅਤੇ ਬਾਈਬਲ ਸਟੱਡੀ ਨੂੰ ਆਪਣੇ ਬੱਚਿਆਂ ਲਈ ਮਜ਼ੇਦਾਰ ਬਣਾਇਆ ਹੈ। ਉਨ੍ਹਾਂ ਦਾ ਵੱਡਾ ਮੁੰਡਾ ਅਤੇ ਕੁੜੀ ਬਪਤਿਸਮਾ ਲੈ ਚੁੱਕੇ ਹਨ। ਵੇਜੂਨ ਦੀ ਮਾਂ ਦੱਸਦੀ ਹੈ ਕਿ ਜਦ ਵੇਜੂਨ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਤਾਂ ਉਸ ਨੇ ਪਹਿਲੇ ਮਹੀਨੇ ਵਿਚ ਹੀ ਸਾਰੇ ਪਰਿਵਾਰ ਨਾਲੋਂ ਜ਼ਿਆਦਾ ਰਸਾਲੇ ਵੰਡੇ। ਉਹ ਲੋਕਾਂ ਨਾਲ ਪਰਮੇਸ਼ੁਰ ਬਾਰੇ ਗੱਲ ਕਰਨੀ, ਮੀਟਿੰਗਾਂ ਵਿਚ ਟਿੱਪਣੀਆਂ ਦੇਣੀਆਂ ਅਤੇ ਜੋ ਉਹ ਸਿੱਖਦਾ ਹੈ ਉਸ ਨੂੰ ਦੂਸਰਿਆਂ ਨਾਲ ਸਾਂਝਾ ਕਰਨਾ ਬਹੁਤ ਪਸੰਦ ਕਰਦਾ ਹੈ।

ਜਦੋਂ ਬੱਚੇ ਵੱਡੇ ਹੁੰਦੇ ਹਨ

ਕੀ ਵੱਡੇ ਹੋ ਕੇ ਵੀ ਇਨ੍ਹਾਂ ਬੱਚਿਆਂ ਦਾ ਜੋਸ਼ ਇਵੇਂ ਹੀ ਬਰਕਰਾਰ ਰਹਿੰਦਾ ਹੈ? ਜੀ ਹਾਂ, ਜ਼ਿਆਦਾਤਰ ਨੌਜਵਾਨ ਯਹੋਵਾਹ ਪਰਮੇਸ਼ੁਰ ਅਤੇ ਸੇਵਕਾਈ ਲਈ ਆਪਣੇ ਪਿਆਰ ਨੂੰ ਠੰਢਾ ਨਹੀਂ ਪੈਣ ਦਿੰਦੇ। ਹਵੇਪਿੰਗ ਦੀ ਮਿਸਾਲ ਵੱਲ ਧਿਆਨ ਦਿਓ ਜੋ ਨਰਸਿੰਗ ਦਾ ਕੋਰਸ ਕਰ ਰਹੀ ਹੈ। ਇਕ ਦਿਨ ਉਸ ਦੇ ਇਕ ਅਧਿਆਪਕ ਨੇ ਕਲਾਸ ਨੂੰ ਕਿਹਾ ਕਿ ਇਕ ਧਰਮ ਦੇ ਮੈਂਬਰ ਖ਼ੂਨ ਨਹੀਂ ਲੈਂਦੇ, ਪਰ ਮੈਂ ਉਨ੍ਹਾਂ ਦਾ ਨਾਂ ਨਹੀਂ ਜਾਣਦਾ। ਕਲਾਸ ਤੋਂ ਬਾਅਦ ਹਵੇਪਿੰਗ ਨੇ ਅਧਿਆਪਕ ਨੂੰ ਦੱਸਿਆ ਕਿ ਉਨ੍ਹਾਂ ਨੂੰ “ਯਹੋਵਾਹ ਦੇ ਗਵਾਹ” ਕਿਹਾ ਜਾਂਦਾ ਹੈ ਅਤੇ ਉਹ ਖ਼ੂਨ ਕਿਉਂ ਨਹੀਂ ਲੈਂਦੇ।

ਇਕ ਹੋਰ ਅਧਿਆਪਕ ਨੇ ਜਿਨਸੀ ਰੋਗਾਂ ਬਾਰੇ ਕਲਾਸ ਨੂੰ ਇਕ ਵਿਡਿਓ ਦਿਖਾਇਆ। ਭਾਵੇਂ ਵਿਡਿਓ ਵਿਚ 1 ਕੁਰਿੰਥੀਆਂ 6:9 ਦਾ ਜ਼ਿਕਰ ਕੀਤਾ ਗਿਆ ਸੀ, ਪਰ ਅਧਿਆਪਕ ਨੇ ਕਲਾਸ ਨੂੰ ਕਿਹਾ ਕਿ ਬਾਈਬਲ ਵਿਚ ਸਮਲਿੰਗੀ ਸੰਬੰਧਾਂ ਨੂੰ ਨਿੰਦਿਆ ਨਹੀਂ ਗਿਆ। ਹਵੇਪਿੰਗ ਉਸ ਵੇਲੇ ਵੀ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਵਿਚਾਰਾਂ ਨੂੰ ਅਧਿਆਪਕ ਨਾਲ ਸਾਂਝਾ ਕਰ ਸਕੀ ਕਿ ਮੁੰਡੇ-ਮੁੰਡੇ ਅਤੇ ਕੁੜੀਆਂ-ਕੁੜੀਆਂ ਦੇ ਇਹੋ ਜਿਹੇ ਜਿਨਸੀ ਸੰਬੰਧ ਪਾਪ ਹਨ।

ਜਦ ਹਵੇਪਿੰਗ ਨਾਲ ਪੜ੍ਹਦੀ ਸ਼ੂਸ਼ਾ ਨੇ ਪਰਿਵਾਰਕ ਹਿੰਸਾ ਉੱਤੇ ਇਕ ਰਿਪੋਰਟ ਲਿਖਣੀ ਸੀ, ਤਾਂ ਹਵੇਪਿੰਗ ਨੇ ਉਸ ਨੂੰ ਅਕਤੂਬਰ-ਦਸੰਬਰ 2001 ਦਾ ਜਾਗਰੂਕ ਬਣੋ! ਰਸਾਲਾ ਦਿੱਤਾ ਜਿਸ ਦਾ ਵਿਸ਼ਾ ਸੀ: “ਮਾਰੀਆਂ-ਕੁੱਟੀਆਂ ਔਰਤਾਂ ਲਈ ਮਦਦ।” ਹਵੇਪਿੰਗ ਨੇ ਸ਼ੂਸ਼ਾ ਨੂੰ ਦੱਸਿਆ ਕਿ ਇਸ ਰਸਾਲੇ ਵਿਚ ਬਾਈਬਲ ਵਿੱਚੋਂ ਸਲਾਹ ਦਿੱਤੀ ਗਈ ਹੈ। ਫਿਰ ਕੁਝ ਸਮਾਂ ਬਾਈਬਲ ਸਟੱਡੀ ਕਰਨ ਤੋਂ ਬਾਅਦ ਸ਼ੂਸ਼ਾ ਵੀ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲੱਗ ਪਈ। ਹੁਣ ਇਹ ਦੋਵੇਂ ਰਲ ਕੇ ਦੂਸਰਿਆਂ ਨਾਲ ਬਾਈਬਲ ਵਿੱਚੋਂ ਖ਼ੁਸ਼ ਖ਼ਬਰੀ ਸਾਂਝੀ ਕਰਦੀਆਂ ਹਨ।

ਕਈ ਨੌਜਵਾਨਾਂ ਲਈ ਸਕੂਲ ਵਿਚ ਬਾਈਬਲ ਦੇ ਅਸੂਲਾਂ ਤੇ ਚੱਲਣਾ ਕੋਈ ਆਸਾਨ ਕੰਮ ਨਹੀਂ, ਖ਼ਾਸ ਕਰਕੇ ਛੋਟੇ-ਛੋਟੇ ਪਿੰਡਾਂ ਦੇ ਸਕੂਲਾਂ ਵਿਚ। ਟਜ਼ਿਹਉ ਨੂੰ ਆਪਣੀ ਨਿਹਚਾ ਅਤੇ ਪ੍ਰਚਾਰ ਦੇ ਕੰਮ ਕਰਕੇ ਹਾਣੀਆਂ ਦੇ ਮਖੌਲ ਦਾ ਸਾਮ੍ਹਣਾ ਕਰਨਾ ਪਿਆ। ਉਹ ਕਹਿੰਦਾ ਹੈ: “ਮੈਨੂੰ ਬਸ ਇਹੀ ਡਰ ਲੱਗਾ ਰਹਿੰਦਾ ਸੀ ਕਿ ਕਿਤੇ ਉਹ ਮੈਨੂੰ ਪ੍ਰਚਾਰ ਕਰਦਿਆਂ ਦੇਖ ਨਾ ਲੈਣ। ਕਈ ਵਾਰ ਤਾਂ ਦਸ-ਦਸ ਜਣੇ ਇਕੱਠੇ ਹੋ ਕੇ ਮੇਰਾ ਮਖੌਲ ਉਡਾਇਆ ਕਰਦੇ ਸਨ।” ਇਕ ਦਿਨ ਅਧਿਆਪਕ ਨੇ ਟਜ਼ਿਹਉ ਨੂੰ ਕਲਾਸ ਵਿਚ ਆਪਣੇ ਧਰਮ ਬਾਰੇ ਗੱਲ ਕਰਨ ਲਈ ਕਿਹਾ। “ਮੈਂ ਉਤਪਤ ਦੇ ਪਹਿਲੇ ਅਧਿਆਇ ਤੋਂ ਗੱਲ ਸਮਝਾਉਣੀ ਸ਼ੁਰੂ ਕੀਤੀ ਅਤੇ ਉਨ੍ਹਾਂ ਨੂੰ ਪੁੱਛਿਆ: ਦੁਨੀਆਂ ਨੂੰ ਕਿਸ ਨੇ ਬਣਾਇਆ ਹੈ? ਇਨਸਾਨ ਦੀ ਸ਼ੁਰੂਆਤ ਕਿਵੇਂ ਹੋਈ? ਜਦ ਮੈਂ ਬਾਈਬਲ ਵਿੱਚੋਂ ਪੜ੍ਹਨਾ ਸ਼ੁਰੂ ਕੀਤਾ, ਤਾਂ ਕਈ ਜਣੇ ਮੇਰੇ ਤੇ ਹੱਸਣ ਲੱਗ ਪਏ ਤੇ ਕਹਿਣ ਲੱਗੇ, ‘ਤੂੰ ਕਿਹੜੇ ਵਹਿਮਾਂ-ਭਰਮਾਂ ਵਿਚ ਫਸਿਆ ਹੋਇਆ ਹੈਂ।’ ਪਰ ਮੈਂ ਆਪਣੀ ਗੱਲ ਜਾਰੀ ਰੱਖੀ ਅਤੇ ਉਨ੍ਹਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ। ਇਸ ਤੋਂ ਬਾਅਦ ਮੈਂ ਆਪਣੀ ਕਲਾਸ ਦੇ ਕਈ ਵਿਦਿਆਰਥੀਆਂ ਨਾਲ ਬਾਈਬਲ ਦੀਆਂ ਗੱਲਾਂ ਸਾਂਝੀਆਂ ਕਰ ਸਕਿਆ। ਹੁਣ ਜਦ ਉਹ ਮੈਨੂੰ ਪ੍ਰਚਾਰ ਦਾ ਕੰਮ ਕਰਦੇ ਦੇਖਦੇ ਹਨ, ਤਾਂ ਉਹ ਮੇਰਾ ਮਜ਼ਾਕ ਨਹੀਂ ਉਡਾਉਂਦੇ।”

ਟਜ਼ਿਹਉ ਅੱਗੇ ਕਹਿੰਦਾ ਹੈ: “ਮੇਰੇ ਮਾਤਾ-ਪਿਤਾ ਯਹੋਵਾਹ ਦੇ ਗਵਾਹ ਹਨ। ਅਸੀਂ ਰਲ ਕੇ ਬਾਈਬਲ ਦੀ ਸਟੱਡੀ ਕਰਦੇ ਹਾਂ ਅਤੇ ਰੋਜ਼ ਸਵੇਰ ਨੂੰ ਇਕੱਠੇ ਡੇਲੀ ਟੈਕਸਟ ਪੜ੍ਹਦੇ ਹਾਂ ਅਤੇ ਮੀਟਿੰਗਾਂ ਵਿਚ ਬਾਕਾਇਦਾ ਜਾਂਦੇ ਹਾਂ। ਇਸ ਤੋਂ ਮੈਨੂੰ ਪ੍ਰਚਾਰ ਦਾ ਕੰਮ ਕਰਨ ਦੀ ਤਾਕਤ ਮਿਲਦੀ ਹੈ ਅਤੇ ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ।”

ਇਕ ਹੋਰ ਮਿਸਾਲ ਹੈ ਟਿੰਗਮੇ ਦੀ ਜੋ ਕੁੜੀਆਂ ਦੇ ਤਕਨੀਕੀ ਕਾਲਜ ਦੀ ਵਿਦਿਆਰਥਣ ਹੈ। ਇਕ ਵਾਰ ਉਸ ਨੂੰ ਆਪਣੀ ਕਲਾਸ ਨਾਲ ਮੁੰਡਿਆਂ ਦੇ ਸਕੂਲ ਦੇ ਮੁੰਡਿਆਂ ਨਾਲ ਪਿਕਨਿਕ ਤੇ ਜਾਣ ਦਾ ਮੌਕਾ ਮਿਲਿਆ। ਉਹ ਜਾਣਦੀ ਸੀ ਕਿ ਮੁੰਡੇ-ਕੁੜੀਆਂ ਦਾ ਇਸ ਤਰ੍ਹਾਂ ਇਕੱਠੇ ਪਿਕਨਿਕ ਜਾਣ ਵਿਚ ਖ਼ਤਰਾ ਹੈ। ਇਸ ਲਈ ਉਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕੁੜੀਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਉਨ੍ਹਾਂ ਨਾਲ ਕਿਉਂ ਨਹੀਂ ਜਾਣਾ ਚਾਹੁੰਦੀ। ਇਸ ਤੋਂ ਇਲਾਵਾ ਉਸ ਨੇ ਉਨ੍ਹਾਂ ਨੂੰ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬa ਕਿਤਾਬ ਵਿੱਚੋਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਸ ਤੇ ਵਾਰ-ਵਾਰ ਜਾਣ ਦਾ ਜ਼ੋਰ ਪਾਉਂਦੀਆਂ ਰਹੀਆਂ। ਫਿਰ ਉਹ ਉਸ ਨੂੰ ਟਿਚਕਰਾਂ ਕਰਨ ਲੱਗ ਪਈਆਂ ਕਿ ਉਹ ਪੁਰਾਣੇ ਰਿਵਾਜਾਂ ਦੀ ਹੈ। ਪਰ ਬਾਈਬਲ ਦੀ ਸਲਾਹ ਤੇ ਚੱਲ ਕੇ ਟਿੰਗਮੇ ਨੂੰ ਫ਼ਾਇਦਾ ਹੋਇਆ, ਕਿਉਂਕਿ ਉਨ੍ਹਾਂ ਕੁੜੀਆਂ ਵਿੱਚੋਂ ਇਕ ਦੇ ਪੈਰ ਭਾਰੀ ਹੋ ਗਏ ਤੇ ਉਸ ਨੂੰ ਬੱਚਾ ਗਿਰਾਉਣਾ ਪਿਆ। ਟਿੰਗਮੇ ਕਹਿੰਦੀ ਹੈ: “ਯਹੋਵਾਹ ਦੇ ਅਸੂਲਾਂ ਤੇ ਚੱਲ ਕੇ ਅੱਜ ਮੇਰੀ ਜ਼ਮੀਰ ਸਾਫ਼ ਹੈ ਅਤੇ ਮੇਰੇ ਦਿਲ ਨੂੰ ਸਕੂਨ ਹੈ।”

ਮੁਸ਼ਕਲਾਂ ਦੇ ਬਾਵਜੂਦ ਤਰੱਕੀ

ਟਿੰਗਮੇ ਦੀ ਇਕ ਪੱਕੀ ਸਹੇਲੀ ਹੈ ਰੇਵਨ। ਛੋਟੀ ਹੁੰਦੀ ਰੇਵਨ ਮੀਟਿੰਗਾਂ ਅਤੇ ਪ੍ਰਚਾਰ ਵਿਚ ਜਾਣਾ ਬੋਝ ਸਮਝਦੀ ਸੀ। ਪਰ ਫਿਰ ਉਸ ਨੂੰ ਕਲਾਸ ਦੇ ਮਤਲਬੀ ਦੋਸਤਾਂ ਅਤੇ ਕਲੀਸਿਯਾ ਦੇ ਸੱਚੇ ਦੋਸਤਾਂ ਵਿਚ ਫ਼ਰਕ ਨਜ਼ਰ ਆਇਆ। ਇਸ ਲਈ ਉਸ ਨੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਦਾ ਫ਼ੈਸਲਾ ਕੀਤਾ। ਰੇਵਨ ਨੇ ਸਕੂਲੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਹਰ ਮਹੀਨੇ 50 ਘੰਟੇ ਪ੍ਰਚਾਰ ਕਰਨ ਲੱਗ ਪਈ। ਫਿਰ ਉਸ ਨੇ ਰੈਗੂਲਰ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਰੇਵਨ ਕਹਿੰਦੀ ਹੈ: “ਮੈਨੂੰ ਪਤਾ ਨਹੀਂ ਕਿ ਮੈਂ ਕਿਨ੍ਹਾਂ ਸ਼ਬਦਾਂ ਨਾਲ ਯਹੋਵਾਹ ਦਾ ਸ਼ੁਕਰੀਆ ਅਦਾ ਕਰਾਂ। ਉਸ ਨੇ ਹਮੇਸ਼ਾ ਮੇਰੀ ਮਦਦ ਕੀਤੀ ਹੈ। ਭਾਵੇਂ ਮੈਂ ਆਪਣੇ ਕੰਮਾਂ ਨਾਲ ਯਹੋਵਾਹ ਦੇ ਦਿਲ ਨੂੰ ਕਈ ਵਾਰ ਦੁਖਾਇਆ, ਪਰ ਯਹੋਵਾਹ ਮੈਨੂੰ ਫਿਰ ਵੀ ਪਿਆਰ ਕਰਦਾ ਰਿਹਾ। ਮੇਰੇ ਮਾਤਾ-ਪਿਤਾ ਅਤੇ ਕਲੀਸਿਯਾ ਦੇ ਭੈਣ-ਭਰਾ ਵੀ ਮੇਰੇ ਨਾਲ ਪਿਆਰ ਨਾਲ ਪੇਸ਼ ਆਏ। ਮੈਂ ਹੁਣ ਪੰਜ ਬਾਈਬਲ ਸਟੱਡੀਆਂ ਕਰਵਾ ਰਹੀ ਹਾਂ। ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਹੈ ਕਿਉਂਕਿ ਮੈਂ ਦੁਨੀਆਂ ਦਾ ਸਭ ਤੋਂ ਅਹਿਮ ਕੰਮ ਕਰ ਰਹੀ ਹਾਂ।”

ਇਕ ਹੋਰ ਉਦਾਹਰਣ ਹੈ ਇਕ ਪਿੰਡ ਦੇ ਹਾਈ ਸਕੂਲ ਤੋਂ ਜਿਸ ਵਿਚ ਯਹੋਵਾਹ ਦੇ ਦੋ ਗਵਾਹਾਂ ਨੂੰ ਲੋਕ-ਨਾਚ ਦੇ ਮੁਕਾਬਲੇ ਵਿਚ ਹਿੱਸਾ ਲੈਣ ਲਈ ਚੁਣਿਆ ਗਿਆ। ਪਰ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਲੋਕ-ਨਾਚ ਦਾ ਇਹ ਮੁਕਾਬਲਾ ਕਿਉਂ ਕਰਾਇਆ ਜਾ ਰਿਹਾ ਹੈ, ਤਾਂ ਉਨ੍ਹਾਂ ਨੇ ਅਧਿਆਪਕ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਸ ਵਿਚ ਹਿੱਸਾ ਕਿਉਂ ਨਹੀਂ ਲੈਣਾ ਚਾਹੁੰਦੇ। ਪਰ ਅਧਿਆਪਕ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ ਕਿਹਾ ਕਿ ਹਰ ਹਾਲ ਵਿਚ ਉਨ੍ਹਾਂ ਨੂੰ ਇਸ ਲੋਕ-ਨਾਚ ਵਿਚ ਹਿੱਸਾ ਲੈਣਾ ਹੀ ਪਵੇਗਾ। ਪਰ ਇਨ੍ਹਾਂ ਗਵਾਹਾਂ ਨੇ ਇੱਥੇ ਹੀ ਹਾਰ ਨਾ ਮੰਨੀ। ਉਨ੍ਹਾਂ ਨੇ ਕੰਪਿਊਟਰ ਰਾਹੀਂ ਸਿੱਖਿਆ ਮਹਿਕਮੇ ਨੂੰ ਇਕ ਚਿੱਠੀ ਲਿਖੀ। ਚਿੱਠੀ ਵਿਚ ਉਨ੍ਹਾਂ ਨੇ ਸਮਝਾਇਆ ਕਿ ਉਹ ਮੁਕਾਬਲੇ ਵਿਚ ਹਿੱਸਾ ਕਿਉਂ ਨਹੀਂ ਲੈਣਾ ਚਾਹੁੰਦੇ। ਭਾਵੇਂ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਸਿੱਧੇ ਤੌਰ ਤੇ ਚਿੱਠੀ ਦਾ ਕੋਈ ਜਵਾਬ ਨਾ ਮਿਲਿਆ, ਪਰ ਸਕੂਲ ਨੂੰ ਇਹ ਹਿਦਾਇਤ ਮਿਲੀ ਕਿ ਉਹ ਕਿਸੇ ਵੀ ਵਿਦਿਆਰਥੀ ਨੂੰ ਮੁਕਾਬਲੇ ਵਿਚ ਹਿੱਸਾ ਲੈਣ ਲਈ ਮਜਬੂਰ ਨਾ ਕਰਨ। ਇਹ ਸੁਣ ਕੇ ਦੋਵੇਂ ਵਿਦਿਆਰਥੀ ਬਹੁਤ ਖ਼ੁਸ਼ ਹੋਏ ਕਿਉਂਕਿ ਬਾਈਬਲ ਦੇ ਅਸੂਲਾਂ ਤੇ ਚੱਲ ਕੇ ਉਹ ਆਪਣੀ ਜ਼ਮੀਰ ਨੂੰ ਸਾਫ਼ ਰੱਖ ਪਾਏ ਅਤੇ ਸੱਚਾਈ ਦੇ ਪੱਖ ਵਿਚ ਹਿੰਮਤ ਨਾਲ ਖੜ੍ਹੇ ਰਹੇ।

ਸਿਹਤ ਪੱਖੋਂ ਨਾ ਠੀਕ ਹੋਣ ਦੇ ਬਾਵਜੂਦ ਵੀ ਕੁਝ ਨੌਜਵਾਨ ਦੂਸਰਿਆਂ ਨੂੰ ਬਾਈਬਲ ਦਾ ਸੰਦੇਸ਼ ਖ਼ੁਸ਼ੀ-ਖ਼ੁਸ਼ੀ ਸੁਣਾ ਰਹੇ ਹਨ। ਮਿਨਯੂ ਜਨਮ ਤੋਂ ਹੀ ਅਪੰਗ ਹੈ। ਉਸ ਦੇ ਹੱਥ ਨਕਾਰਾ ਹੋਣ ਕਰਕੇ ਉਹ ਆਪਣੀ ਜੀਭ ਨਾਲ ਬਾਈਬਲ ਖੋਲ੍ਹਦੀ ਹੈ। ਉਹ ਮੰਜੀ ਤੇ ਲੰਬੀ ਪੈ ਕੇ ਮਿਨਿਸਟ੍ਰੀ ਸਕੂਲ ਵਿਚ ਪੇਸ਼ਕਾਰੀਆਂ ਵੀ ਦਿੰਦੀ ਹੈ ਅਤੇ ਦੂਸਰੀ ਭੈਣ ਛੋਟੇ ਜਿਹੇ ਸਟੂਲ ਤੇ ਬੈਠ ਕੇ ਉਸ ਲਈ ਮਾਈਕ੍ਰੋਫ਼ੋਨ ਫੜਦੀ ਹੈ। ਮਿਨਯੂ ਦੀ ਮਿਹਨਤ ਤੇ ਹਿੰਮਤ ਸੱਚ-ਮੁੱਚ ਤਾਰੀਫ਼ ਦੇ ਕਾਬਲ ਹੈ।

ਜਦ ਮਿਨਯੂ ਨੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦਾ ਮਨ ਬਣਾਇਆ, ਤਾਂ ਉਸ ਦੀ ਮਦਦ ਕਰਨ ਲਈ ਕਲੀਸਿਯਾ ਦੀਆਂ ਕੁਝ ਭੈਣਾਂ ਨੇ ਟੈਲੀਫ਼ੋਨ ਤੇ ਪ੍ਰਚਾਰ ਕਰਨਾ ਸਿੱਖਿਆ। ਮਿਨਯੂ ਖ਼ੁਦ ਆਪਣੀ ਜੀਭ ਨਾਲ ਨੰਬਰ ਡਾਇਲ ਕਰਦੀ ਹੈ ਅਤੇ ਜਿਨ੍ਹਾਂ ਨਾਲ ਉਹ ਫ਼ੋਨ ਤੇ ਗੱਲ ਕਰਦੀ ਹੈ, ਭੈਣਾਂ ਉਨ੍ਹਾਂ ਦੇ ਨਾਂ ਉਸ ਲਈ ਲਿਖ ਦਿੰਦੀਆਂ ਹਨ। ਉਸ ਨੂੰ ਟੈਲੀਫ਼ੋਨ ਤੇ ਪ੍ਰਚਾਰ ਕਰਨਾ ਇੰਨਾ ਪਸੰਦ ਹੈ ਕਿ ਹੁਣ ਉਹ ਹਰ ਮਹੀਨੇ 50 ਤੋਂ 60 ਘੰਟੇ ਫ਼ੋਨ ਤੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਦੀ ਹੈ। ਕਈ ਲੋਕ ਉਸ ਕੋਲੋਂ ਬਾਈਬਲ ਬਾਰੇ ਰਸਾਲੇ ਲੈਂਦੇ ਹਨ ਤੇ ਉਸ ਨਾਲ ਦੁਬਾਰਾ ਗੱਲਬਾਤ ਕਰਦੇ ਹਨ। ਹੁਣ ਉਹ ਤਿੰਨ ਲੋਕਾਂ ਨੂੰ ਬਾਈਬਲ ਸਟੱਡੀਆਂ ਕਰਵਾ ਰਹੀ ਹੈ।

ਸੱਚ-ਮੁੱਚ ਇਹ ਨੌਜਵਾਨ ਮੁੰਡੇ-ਕੁੜੀਆਂ “ਤ੍ਰੇਲ” ਵਾਂਗ ਲੋਕਾਂ ਨੂੰ ਤਾਜ਼ਗੀ ਦੇ ਰਹੇ ਹਨ। ਇਸ ਚਹਿਲ-ਪਹਿਲ ਵਾਲੇ ਟਾਪੂ ਤੇ ਯਹੋਵਾਹ ਦੇ ਗਵਾਹਾਂ ਦੀਆਂ 78 ਕਲੀਸਿਯਾਵਾਂ ਵਿਚ ਇਹ ਨੌਜਵਾਨ ਖ਼ੁਸ਼ੀ-ਖ਼ੁਸ਼ੀ ਅਤੇ ਜੋਸ਼ ਨਾਲ ਲੋਕਾਂ ਤਾਈਂ ਪਰਮੇਸ਼ੁਰ ਦਾ ਸੰਦੇਸ਼ ਪਹੁੰਚਾ ਰਹੇ ਹਨ। ਦੁਨੀਆਂ ਭਰ ਵਿਚ ਪੂਰੀ ਹੋ ਰਹੀ ਇਸ ਭਵਿੱਖਬਾਣੀ ਦੀ ਇਹ ਤਾਂ ਸਿਰਫ਼ ਛੋਟੀ ਜਿਹੀ ਝਲਕ ਹੈ: “ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕਰਦੇ ਹਨ, ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ।” (ਜ਼ਬੂਰਾਂ ਦੀ ਪੋਥੀ 110:3) ਇਨ੍ਹਾਂ ਨੌਜਵਾਨਾਂ ਨੂੰ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਦੇਖ ਕੇ ਵੱਡਿਆਂ ਦਾ ਦਿਲ ਬਾਗ਼-ਬਾਗ਼ ਹੋ ਜਾਂਦਾ ਹੈ। ਪਰ ਸਭ ਤੋਂ ਵੱਧ ਖ਼ੁਸ਼ੀ ਹੁੰਦੀ ਹੈ ਸਾਡੇ ਪਿਤਾ ਪਰਮੇਸ਼ੁਰ ਯਹੋਵਾਹ ਨੂੰ।—ਕਹਾਉਤਾਂ 27:11.

[ਫੁਟਨੋਟ]

a ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ ਤੇ ਹਿੰਦੀ ਵਿਚ ਮਿਲ ਸਕਦੀ ਹੈ।

[ਸਫ਼ਾ 10 ਉੱਤੇ ਡੱਬੀ/ਤਸਵੀਰ]

ਹੋਰ ਕਿੰਗਡਮ ਹਾਲਾਂ ਦੀ ਲੋੜ

ਤਾਈਵਾਨ ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਧਣ ਕਰਕੇ ਨਵੇਂ ਕਿੰਗਡਮ ਹਾਲਾਂ ਦੀ ਬਹੁਤ ਲੋੜ ਹੈ। ਪਰ ਕਿੰਗਡਮ ਹਾਲ ਬਣਾਉਣੇ ਬਹੁਤ ਔਖੇ ਹਨ। ਕਿਉਂ? ਇਕ ਤਾਂ ਕੁਝ ਪਿੰਡਾਂ ਨੂੰ ਛੱਡ ਦੂਸਰੀਆਂ ਥਾਵਾਂ ਤੇ ਕਿੰਗਡਮ ਹਾਲ ਬਣਾਉਣ ਲਈ ਢੁਕਵੀਂ ਥਾਂ ਲੱਭਣੀ ਕੋਈ ਸੌਖੀ ਗੱਲ ਨਹੀਂ। ਦੂਜਾ, ਜ਼ਮੀਨ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ ਤੇ ਕਾਨੂੰਨ ਹਰ ਥਾਂ ਇਮਾਰਤਾਂ ਖੜ੍ਹੀਆਂ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਸ਼ਹਿਰਾਂ ਵਿਚ ਬਹੁ-ਮੰਜ਼ਲੀ ਬਿਲਡਿੰਗਾਂ ਵਿਚ ਦਫ਼ਤਰਾਂ ਦੀ ਜਗ੍ਹਾ ਖ਼ਰੀਦ ਕੇ ਕਿੰਗਡਮ ਹਾਲ ਬਣਾਏ ਜਾ ਸਕਦੇ ਹਨ, ਪਰ ਇੱਦਾਂ ਕਰਨ ਨਾਲ ਵੀ ਸਮੱਸਿਆ ਦਾ ਪੂਰਾ ਹੱਲ ਨਹੀਂ ਹੁੰਦਾ। ਕਿਉਂ ਨਹੀਂ? ਕਿਉਂਕਿ ਦਫ਼ਤਰਾਂ ਦੀਆਂ ਛੱਤਾਂ ਨੀਵੀਆਂ ਹੁੰਦੀਆਂ ਹਨ, ਉਨ੍ਹਾਂ ਇਮਾਰਤਾਂ ਦੀ ਦੇਖ-ਰੇਖ ਕਰਨ ਤੇ ਬਹੁਤ ਖ਼ਰਚਾ ਆਉਂਦਾ ਹੈ ਅਤੇ ਸਾਰਿਆਂ ਨੂੰ ਇਨ੍ਹਾਂ ਬਿਲਡਿੰਗਾਂ ਵਿਚ ਆਉਣ ਦੀ ਇਜਾਜ਼ਤ ਨਹੀਂ ਹੁੰਦੀ। ਕਈ ਹੋਰ ਮੁਸ਼ਕਲਾਂ ਕਰਕੇ ਵੀ ਇਨ੍ਹਾਂ ਥਾਵਾਂ ਨੂੰ ਕਿੰਗਡਮ ਹਾਲਾਂ ਦੇ ਤੌਰ ਤੇ ਨਹੀਂ ਵਰਤਿਆ ਜਾ ਸਕਦਾ।

ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਵੀ ਯਹੋਵਾਹ ਦੇ ਗਵਾਹਾਂ ਨੇ ਤਾਈਵਾਨ ਵਿਚ ਕਈ ਨਵੇਂ ਕਿੰਗਡਮ ਹਾਲ ਬਣਾਏ ਹਨ ਅਤੇ ਅਜੇ ਵੀ ਵੱਖ-ਵੱਖ ਥਾਵਾਂ ਤੇ ਕਿੰਗਡਮ ਹਾਲ ਬਣਾਉਣ ਦੀ ਕੋਸ਼ਿਸ਼ ਜਾਰੀ ਹੈ। ਭੈਣਾਂ-ਭਾਈਆਂ ਨੇ ਇਹ ਜ਼ਿੰਮੇਵਾਰੀ ਆਪਣੇ ਸਿਰ ਤੇ ਲਈ ਹੈ ਅਤੇ ਇਸ ਕੰਮ ਲਈ ਪੈਸੇ ਦਾਨ ਕਰਕੇ ਅਤੇ ਉਸਾਰੀ ਦੇ ਕੰਮ ਵਿਚ ਹਿੱਸਾ ਲੈ ਕੇ ਉਹ ਮਦਦ ਕਰਦੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ