ਪਰਮੇਸ਼ੁਰ ਦੀ ਸ਼ਕਤੀ ਦੀ ਸੇਧੇ ਚੱਲਦੇ ਰਾਜੇ ਰਾਹੀਂ ਬਰਕਤਾਂ ਪਾਓ!
‘ਯਹੋਵਾਹ ਦੀ ਸ਼ਕਤੀ ਉਸ ਉੱਤੇ ਠਹਿਰੇਗੀ।’—ਯਸਾ. 11:2.
1. ਦੁਨੀਆਂ ਦੀਆਂ ਸਮੱਸਿਆਵਾਂ ਬਾਰੇ ਕੁਝ ਲੋਕਾਂ ਨੇ ਕਿਹੜੀ ਚਿੰਤਾ ਪ੍ਰਗਟਾਈ ਹੈ?
“ਰਾਜਨੀਤਿਕ ਅਤੇ ਸਮਾਜਕ ਤੌਰ ਤੇ ਦੁਨੀਆਂ ਵਿਚ ਹਲਚਲ ਮਚੀ ਹੋਈ ਹੈ ਤੇ ਵਾਤਾਵਰਣ ਵੀ ਵਿਗੜ ਰਿਹਾ ਹੈ। ਤਾਂ ਫਿਰ ਇਨਸਾਨ ਇਸ ਧਰਤੀ ʼਤੇ ਜ਼ਿੰਦਗੀ ਨੂੰ ਅਗਲੇ 100 ਸਾਲਾਂ ਲਈ ਕਿਵੇਂ ਕਾਇਮ ਰੱਖਣਗੇ?” ਇਹ ਸਵਾਲ 2006 ਵਿਚ ਵਿਗਿਆਨੀ ਸਟੀਵਨ ਹਾਕਿੰਗ ਨੇ ਪੁੱਛਿਆ ਸੀ। ਨਿਊ ਸਟੇਟਸਮੈਨ ਰਸਾਲੇ ਵਿਚ ਇਉਂ ਕਿਹਾ ਗਿਆ ਸੀ: “ਅਸੀਂ ਗ਼ਰੀਬੀ ਨੂੰ ਮਿਟਾਇਆ ਨਹੀਂ ਅਤੇ ਨਾ ਹੀ ਦੁਨੀਆਂ ਵਿਚ ਸ਼ਾਂਤੀ ਕਾਇਮ ਕੀਤੀ ਹੈ। ਲੱਗਦਾ ਹੈ ਕਿ ਅਸੀਂ ਇਸ ਦੇ ਬਿਲਕੁਲ ਉਲਟ ਕੀਤਾ ਹੈ। ਇਹ ਇਸ ਲਈ ਨਹੀਂ ਹੋਇਆ ਕਿ ਅਸੀਂ ਕੋਈ ਕੋਸ਼ਿਸ਼ ਨਹੀਂ ਕੀਤੀ। ਅਸੀਂ ਕਮਿਊਨਿਜ਼ਮ ਸਰਕਾਰ, ਪੂੰਜੀਵਾਦੀ ਸਰਕਾਰ ਅਤੇ ਲੀਗ ਆਫ਼ ਨੇਸ਼ਨਜ਼ ਨੂੰ ਅਜ਼ਮਾ ਕੇ ਦੇਖਿਆ ਹੈ ਤੇ ਯੁੱਧ ਰੋਕਣ ਲਈ ਢੇਰ ਸਾਰੇ ਹਥਿਆਰ ਬਣਾਏ ਹਨ। ਅਸੀਂ ਇਕ ਯੁੱਧ ਖ਼ਤਮ ਕਰਨ ਲਈ ਬਹੁਤ ਸਾਰੇ ਯੁੱਧ ਲੜੇ ਹਨ ਕਿਉਂਕਿ ਅਸੀਂ ਤਾਂ ਮੰਨਦੇ ਸੀ ਕਿ ਸਾਨੂੰ ਯੁੱਧ ਬੰਦ ਕਰਨਾ ਆਉਂਦਾ ਹੈ।”
2. ਯਹੋਵਾਹ ਜਲਦੀ ਹੀ ਧਰਤੀ ਉੱਤੇ ਆਪਣਾ ਅਧਿਕਾਰ ਕਿਵੇਂ ਵਰਤੇਗਾ?
2 ਅਜਿਹੀਆਂ ਗੱਲਾਂ ਤੋਂ ਯਹੋਵਾਹ ਦੇ ਸੇਵਕ ਹੈਰਾਨ ਨਹੀਂ ਹੁੰਦੇ। ਬਾਈਬਲ ਸਾਨੂੰ ਦੱਸਦੀ ਹੈ ਕਿ ਇਨਸਾਨਾਂ ਨੂੰ ਖ਼ੁਦ ਰਾਜ ਕਰਨ ਲਈ ਨਹੀਂ ਬਣਾਇਆ ਗਿਆ ਸੀ। (ਯਿਰ. 10:23) ਸਿਰਫ਼ ਯਹੋਵਾਹ ਹੀ ਸਾਡੇ ਉੱਤੇ ਰਾਜ ਕਰਨ ਦਾ ਹੱਕ ਰੱਖਦਾ ਹੈ। ਇਸ ਲਈ ਉਸ ਦਾ ਇਹ ਹੱਕ ਬਣਦਾ ਹੈ ਕਿ ਉਹ ਸਾਡੇ ਲਈ ਮਿਆਰ ਤੈਅ ਕਰੇ, ਸਾਨੂੰ ਸਾਡੀ ਜ਼ਿੰਦਗੀ ਦਾ ਮਕਸਦ ਦੱਸੇ ਅਤੇ ਉਸ ਮਕਸਦ ਨੂੰ ਹਾਸਲ ਕਰਨ ਲਈ ਸਾਨੂੰ ਸੇਧ ਦੇਵੇ। ਇਸ ਤੋਂ ਇਲਾਵਾ, ਉਹ ਇਨਸਾਨਾਂ ਵੱਲੋਂ ਸਰਕਾਰ ਚਲਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਨੂੰ ਖ਼ਤਮ ਕਰਨ ਲਈ ਜਲਦੀ ਹੀ ਆਪਣਾ ਅਧਿਕਾਰ ਵਰਤੇਗਾ। ਇਸ ਦੇ ਨਾਲ-ਨਾਲ ਯਹੋਵਾਹ ਉਸ ਦੇ ਰਾਜ ਕਰਨ ਦੇ ਹੱਕ ਨੂੰ ਠੁਕਰਾਉਣ ਵਾਲਿਆਂ ਨੂੰ ਮਿਟਾ ਦੇਵੇਗਾ ਜਿਹੜੇ ਚਾਹੁੰਦੇ ਹਨ ਕਿ ਲੋਕ ਪਾਪ, ਨਾਮੁਕੰਮਲਤਾ ਅਤੇ “ਇਸ ਜੁੱਗ ਦੇ ਈਸ਼ੁਰ” ਸ਼ਤਾਨ ਦੇ ਗ਼ੁਲਾਮ ਰਹਿਣ।—2 ਕੁਰਿੰ. 4:4.
3. ਯਸਾਯਾਹ ਨੇ ਮਸੀਹਾ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?
3 ਨਵੀਂ ਦੁਨੀਆਂ ਵਿਚ ਯਹੋਵਾਹ ਮਸੀਹਾਈ ਰਾਜ ਦੇ ਜ਼ਰੀਏ ਮਨੁੱਖਜਾਤੀ ਉੱਤੇ ਪਿਆਰ ਨਾਲ ਹਕੂਮਤ ਕਰੇਗਾ। (ਦਾਨੀ. 7:13, 14) ਇਸ ਰਾਜ ਦੇ ਰਾਜੇ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ: ‘ਯੱਸੀ ਦੇ ਟੁੰਡ ਤੋਂ ਇੱਕ ਲਗਰ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣਾ ਫਲ ਦੇਵੇਗਾ। ਯਹੋਵਾਹ ਦੀ ਸ਼ਕਤੀ ਉਸ ਉੱਤੇ ਠਹਿਰੇਗੀ, ਬੁੱਧ ਤੇ ਸਮਝ ਦੀ ਸ਼ਕਤੀ, ਸਲਾਹ ਤੇ ਸਮਰੱਥਾ ਦੀ ਸ਼ਕਤੀ, ਯਹੋਵਾਹ ਦੇ ਗਿਆਨ ਅਤੇ ਭੈ ਦੀ ਸ਼ਕਤੀ।’ (ਯਸਾ. 11:1, 2) ਕਿਨ੍ਹਾਂ ਖ਼ਾਸ ਤਰੀਕਿਆਂ ਨਾਲ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ “ਯੱਸੀ ਦੇ ਟੁੰਡ ਤੋਂ ਇੱਕ ਲਗਰ” ਯਾਨੀ ਯਿਸੂ ਮਸੀਹ ਨੂੰ ਮਨੁੱਖਾਂ ਉੱਤੇ ਰਾਜ ਕਰਨ ਦੇ ਕਾਬਲ ਬਣਾਇਆ? ਉਸ ਦੇ ਰਾਜ ਵਿਚ ਕਿਹੜੀਆਂ ਬਰਕਤਾਂ ਮਿਲਣਗੀਆਂ? ਉਹ ਬਰਕਤਾਂ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
ਪਰਮੇਸ਼ੁਰ ਵੱਲੋਂ ਰਾਜ ਕਰਨ ਦੇ ਕਾਬਲ
4-6. ਕਿਹੜੀ ਜ਼ਰੂਰੀ ਜਾਣਕਾਰੀ ਯਿਸੂ ਨੂੰ ਬੁੱਧੀਮਾਨ ਤੇ ਹਮਦਰਦ ਰਾਜੇ, ਪ੍ਰਧਾਨ ਜਾਜਕ ਅਤੇ ਨਿਆਈ ਵਜੋਂ ਸੇਵਾ ਕਰਨ ਦੇ ਕਾਬਲ ਬਣਾਵੇਗੀ?
4 ਯਹੋਵਾਹ ਚਾਹੁੰਦਾ ਹੈ ਕਿ ਉਸ ਦੀ ਪਰਜਾ ਅਜਿਹੇ ਸ਼ਖ਼ਸ ਦੇ ਅਧੀਨ ਮੁਕੰਮਲ ਹੁੰਦੀ ਜਾਵੇ ਜੋ ਵਾਕਈ ਬੁੱਧੀਮਾਨ, ਹਮਦਰਦ ਰਾਜਾ, ਪ੍ਰਧਾਨ ਜਾਜਕ ਅਤੇ ਨਿਆਈ ਹੈ। ਇਸੇ ਕਰਕੇ ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਚੁਣਿਆ ਅਤੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਣ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਕਾਬਲ ਬਣਾਇਆ ਹੈ। ਕੁਝ ਕਾਰਨਾਂ ਉੱਤੇ ਗੌਰ ਕਰੋ ਕਿ ਯਿਸੂ ਕਿਉਂ ਪਰਮੇਸ਼ੁਰ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾ ਸਕੇਗਾ।
5 ਯਿਸੂ ਪਰਮੇਸ਼ੁਰ ਨੂੰ ਬਹੁਤ ਨੇੜਿਓਂ ਜਾਣਦਾ ਹੈ। ਇਹ ਇਕਲੌਤਾ ਪੁੱਤਰ ਜਿੰਨੇ ਅਰਬਾਂ ਸਾਲਾਂ ਤੋਂ ਆਪਣੇ ਪਿਤਾ ਨੂੰ ਜਾਣਦਾ ਹੈ, ਉੱਨਾ ਹੋਰ ਕੋਈ ਨਹੀਂ ਜਾਣਦਾ। ਇਨ੍ਹਾਂ ਸਾਲਾਂ ਦੌਰਾਨ ਯਿਸੂ ਨੇ ਯਹੋਵਾਹ ਨੂੰ ਇੰਨੀ ਚੰਗੀ ਤਰ੍ਹਾਂ ਜਾਣਿਆ ਕਿ ਉਸ ਨੂੰ “ਅਲੱਖ ਪਰਮੇਸ਼ੁਰ ਦਾ ਰੂਪ” ਕਿਹਾ ਜਾ ਸਕਦਾ ਹੈ। (ਕੁਲੁ. 1:15) ਯਿਸੂ ਨੇ ਆਪ ਕਿਹਾ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।”—ਯੂਹੰ. 14:9.
6 ਯਹੋਵਾਹ ਤੋਂ ਬਾਅਦ, ਯਿਸੂ ਹੀ ਦੂਸਰਾ ਸ਼ਖ਼ਸ ਹੈ ਜੋ ਸਾਰੀ ਸ੍ਰਿਸ਼ਟੀ ਦੇ ਨਾਲ-ਨਾਲ ਇਨਸਾਨਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਕੁਲੁੱਸੀਆਂ 1:16, 17 ਦੱਸਦਾ ਹੈ: “ਅਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸੇ [ਪਰਮੇਸ਼ੁਰ ਦੇ ਪੁੱਤਰ] ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ . . . ਉਹ ਸਭ ਤੋਂ ਪਹਿਲਾਂ ਹੈ ਅਰ ਸੱਭੋ ਕੁਝ ਉਸੇ ਵਿੱਚ ਕਾਇਮ ਰਹਿੰਦਾ ਹੈ।” ਇਸ ਬਾਰੇ ਜ਼ਰਾ ਸੋਚੋ! ਪਰਮੇਸ਼ੁਰ ਦੇ “ਰਾਜ ਮਿਸਤਰੀ” ਵਜੋਂ ਯਿਸੂ ਨੇ ਸ੍ਰਿਸ਼ਟੀ ਦੇ ਹੋਰ ਸਾਰੇ ਪਹਿਲੂਆਂ ਵਿਚ ਹਿੱਸਾ ਪਾਇਆ। ਇਸ ਲਈ ਉਹ ਐਟਮਾਂ ਦੇ ਛੋਟੇ-ਛੋਟੇ ਕਣਾਂ ਤੋਂ ਲੈ ਕੇ ਹੈਰਾਨਕੁਨ ਮਨੁੱਖੀ ਦਿਮਾਗ਼ ਤਕ ਸਾਰੇ ਬ੍ਰਹਿਮੰਡ ਦੀ ਹਰ ਛੋਟੀ-ਛੋਟੀ ਗੱਲ ਨੂੰ ਜਾਣਦਾ ਹੈ। ਇਸੇ ਲਈ, ਮਸੀਹ ਨੂੰ ਬੁੱਧ ਵਜੋਂ ਦਰਸਾਇਆ ਗਿਆ ਹੈ!—ਕਹਾ. 8:12, 22, 30, 31.
7, 8. ਪਰਮੇਸ਼ੁਰ ਨੇ ਸੇਵਕਾਈ ਵਿਚ ਯਿਸੂ ਦੀ ਮਦਦ ਕਰਨ ਲਈ ਆਪਣੀ ਪਵਿੱਤਰ ਸ਼ਕਤੀ ਕਿਵੇਂ ਵਰਤੀ?
7 ਯਿਸੂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਮਸਹ ਕੀਤਾ ਗਿਆ ਸੀ। ਯਿਸੂ ਨੇ ਕਿਹਾ: ‘ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ। ਓਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ, ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ, ਅਤੇ ਯਹੋਵਾਹ ਦੀ ਮਨਜ਼ੂਰੀ ਦੇ ਵਰ੍ਹੇ ਦਾ ਪਰਚਾਰ ਕਰਾਂ।’ (ਲੂਕਾ 4:18, 19) ਜਦੋਂ ਯਿਸੂ ਨੇ ਬਪਤਿਸਮਾ ਲਿਆ ਸੀ, ਉਸ ਵੇਲੇ ਪਵਿੱਤਰ ਸ਼ਕਤੀ ਨੇ ਯਿਸੂ ਨੂੰ ਉਹ ਸਾਰੀਆਂ ਗੱਲਾਂ ਚੇਤੇ ਕਰਾਈਆਂ ਜੋ ਉਸ ਨੇ ਧਰਤੀ ਉੱਤੇ ਆਉਣ ਤੋਂ ਪਹਿਲਾਂ ਸਿੱਖੀਆਂ ਸਨ। ਉਹ ਵੀ ਗੱਲਾਂ ਜਿਹੜੀਆਂ ਪਰਮੇਸ਼ੁਰ ਚਾਹੁੰਦਾ ਸੀ ਕਿ ਯਿਸੂ ਮਸੀਹਾ ਵਜੋਂ ਆਪਣੀ ਸੇਵਕਾਈ ਦੌਰਾਨ ਪੂਰੀਆਂ ਕਰੇ।—ਯਸਾਯਾਹ 42:1; ਲੂਕਾ 3:21, 22; ਯੂਹੰਨਾ 12:50 ਪੜ੍ਹੋ।
8 ਯਿਸੂ ਨੂੰ ਪਵਿੱਤਰ ਸ਼ਕਤੀ ਦੇ ਜ਼ਰੀਏ ਕਾਬਲ ਬਣਾਇਆ ਗਿਆ ਸੀ ਅਤੇ ਉਸ ਦਾ ਸਰੀਰ ਅਤੇ ਦਿਮਾਗ਼ ਕਮੀਆਂ-ਕਮਜ਼ੋਰੀਆਂ ਤੋਂ ਰਹਿਤ ਸੀ, ਇਸ ਲਈ ਉਹ ਨਾ ਸਿਰਫ਼ ਧਰਤੀ ʼਤੇ ਸਭ ਤੋਂ ਮਹਾਨ ਮਨੁੱਖ ਸੀ, ਸਗੋਂ ਸਭ ਤੋਂ ਮਹਾਨ ਸਿੱਖਿਅਕ ਵੀ ਸੀ। ਅਸਲ ਵਿਚ ਉਸ ਦੇ ਸਰੋਤੇ ‘ਉਹ ਦੇ ਉਪਦੇਸ਼ ਤੋਂ ਹੈਰਾਨ ਹੋਏ।’ (ਮੱਤੀ 7:28) ਇਸ ਦਾ ਇਕ ਕਾਰਨ ਸੀ ਕਿ ਯਿਸੂ ਮਨੁੱਖਜਾਤੀ ਦੀਆਂ ਸਮੱਸਿਆਵਾਂ ਦੀ ਜੜ੍ਹ ਦੱਸ ਸਕਿਆ—ਪਾਪ, ਨਾਮੁਕੰਮਲਤਾ ਅਤੇ ਪਰਮੇਸ਼ੁਰ ਬਾਰੇ ਗਿਆਨ ਦੀ ਘਾਟ। ਇਸ ਦੇ ਨਾਲ-ਨਾਲ, ਉਹ ਜਾਣਦਾ ਸੀ ਕਿ ਲੋਕਾਂ ਦੇ ਦਿਲਾਂ ਵਿਚ ਕੀ ਸੀ ਤੇ ਉਸੇ ਹਿਸਾਬ ਨਾਲ ਉਨ੍ਹਾਂ ਨਾਲ ਪੇਸ਼ ਆਇਆ।—ਮੱਤੀ 9:4; ਯੂਹੰ. 1:47.
9. ਧਰਤੀ ਉੱਤੇ ਯਿਸੂ ਨੂੰ ਹੋਏ ਤਜਰਬੇ ਉੱਤੇ ਸੋਚ-ਵਿਚਾਰ ਕਰਨ ਨਾਲ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਵਧੀਆ ਹਾਕਮ ਹੋਵੇਗਾ?
9 ਯਿਸੂ ਇਨਸਾਨ ਦੇ ਤੌਰ ਤੇ ਜੀਵਿਆ। ਇਨਸਾਨ ਵਜੋਂ ਉਸ ਦੇ ਆਪਣੇ ਤਜਰਬੇ ਤੋਂ ਅਤੇ ਨਾਮੁਕੰਮਲ ਲੋਕਾਂ ਵਿਚ ਰਹਿ ਕੇ, ਉਸ ਨੂੰ ਰਾਜੇ ਵਜੋਂ ਕਾਬਲ ਹੋਣ ਵਿਚ ਕਾਫ਼ੀ ਮਦਦ ਮਿਲੀ। ਪੌਲੁਸ ਰਸੂਲ ਨੇ ਲਿਖਿਆ: ‘ਯਿਸੂ ਸਭਨੀਂ ਗੱਲੀਂ ਆਪਣੇ ਭਾਈਆਂ ਵਰਗਾ ਬਣਿਆ ਤਾਂ ਜੋ ਉਹ ਉਨ੍ਹਾਂ ਗੱਲਾਂ ਦੇ ਵਿਖੇ ਜਿਹੜੀਆਂ ਪਰਮੇਸ਼ੁਰ ਨਾਲ ਸਰਬੰਧ ਰੱਖਦੀਆਂ ਹਨ ਲੋਕਾਂ ਦੇ ਪਾਪਾਂ ਦਾ ਪਰਾਸਚਿਤ ਕਰਨ ਨੂੰ ਦਿਆਲੂ ਅਤੇ ਮਾਤਬਰ ਪਰਧਾਨ ਜਾਜਕ ਹੋਵੇ। ਕਿਉਂਕਿ ਜਦੋਂ ਉਸ ਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁਖ ਝੱਲਿਆ ਤਾਂ ਉਹ ਓਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸੱਕਦਾ ਹੈ।’ (ਇਬ. 2:17, 18) ਕਿਉਂਕਿ ਯਿਸੂ ਨੂੰ “ਪਰਤਾਵੇ ਵਿੱਚ” ਪਾਇਆ ਗਿਆ ਸੀ, ਇਸ ਲਈ ਉਹ ਅਜ਼ਮਾਇਸ਼ਾਂ ਸਹਿਣ ਵਾਲਿਆਂ ਨਾਲ ਹਮਦਰਦੀ ਜਤਾ ਸਕਦਾ ਹੈ। ਉਸ ਦੀ ਦਇਆ ਉਸ ਦੀ ਸੇਵਕਾਈ ਦੌਰਾਨ ਸਾਫ਼ ਨਜ਼ਰ ਆਉਂਦੀ ਸੀ। ਬੀਮਾਰ, ਅਪਾਹਜ, ਦੱਬੇ ਹੋਏ ਲੋਕ, ਇੱਥੋਂ ਤਕ ਕਿ ਬੱਚੇ ਵੀ ਉਸ ਕੋਲ ਆਉਣ ਤੋਂ ਹਿਚਕਿਚਾਉਂਦੇ ਨਹੀਂ ਸਨ। (ਮਰ. 5:22-24, 38-42; 10:14-16) ਨਿਮਰ ਅਤੇ ਪਰਮੇਸ਼ੁਰ ਬਾਰੇ ਸਿੱਖਣ ਦੀ ਤਾਂਘ ਰੱਖਣ ਵਾਲੇ ਲੋਕ ਵੀ ਉਸ ਕੋਲ ਖਿੱਚੇ ਚਲੇ ਆਉਂਦੇ ਸਨ। ਦੂਜੇ ਪਾਸੇ, ਘਮੰਡੀ, ਜ਼ਿੱਦੀ ਅਤੇ ਜਿਨ੍ਹਾਂ ਵਿਚ ‘ਪਰਮੇਸ਼ੁਰ ਦਾ ਪ੍ਰੇਮ ਨਹੀਂ ਸੀ,’ ਉਨ੍ਹਾਂ ਨੇ ਯਿਸੂ ਨੂੰ ਠੁਕਰਾ ਦਿੱਤਾ, ਨਫ਼ਰਤ ਕੀਤੀ ਅਤੇ ਉਸ ਦਾ ਵਿਰੋਧ ਕੀਤਾ।—ਯੂਹੰ. 5:40-42; 11:47-53.
10. ਯਿਸੂ ਨੇ ਕਿਹੜੇ ਵੱਡੇ ਤਰੀਕੇ ਨਾਲ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਦਿੱਤਾ?
10 ਯਿਸੂ ਨੇ ਸਾਡੇ ਬਦਲੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸ਼ਾਇਦ ਯਿਸੂ ਦੇ ਹਾਕਮ ਵਜੋਂ ਕਾਬਲ ਹੋਣ ਦਾ ਸਭ ਤੋਂ ਵੱਡਾ ਸਬੂਤ ਇਹ ਸੀ ਕਿ ਉਹ ਸਾਡੇ ਲਈ ਮਰਨ ਵਾਸਤੇ ਤਿਆਰ ਸੀ। (ਜ਼ਬੂਰਾਂ ਦੀ ਪੋਥੀ 40:6-10 ਪੜ੍ਹੋ।) ਮਸੀਹ ਨੇ ਕਿਹਾ: “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” (ਯੂਹੰ. 15:13) ਹਾਂ, ਨਾਮੁਕੰਮਲ ਹਾਕਮਾਂ ਦੇ ਉਲਟ, ਜੋ ਆਪਣੀ ਪਰਜਾ ਦੇ ਪੈਸਿਆਂ ਨਾਲ ਅਕਸਰ ਐਸ਼ ਕਰਦੇ ਹਨ, ਯਿਸੂ ਨੇ ਮਨੁੱਖਜਾਤੀ ਲਈ ਆਪਣੀ ਜਾਨ ਦੇ ਦਿੱਤੀ।—ਮੱਤੀ 20:28.
ਕੁਰਬਾਨੀ ਦੇ ਫ਼ਾਇਦੇ ਲਾਗੂ ਕਰਨ ਦੇ ਕਾਬਲ
11. ਸਾਡੇ ਰਿਹਾਈ-ਦਾਤੇ ਵਜੋਂ ਯਿਸੂ ਉੱਤੇ ਅਸੀਂ ਕਿਉਂ ਪੂਰਾ ਭਰੋਸਾ ਰੱਖ ਸਕਦੇ ਹਾਂ?
11 ਕਿੰਨਾ ਢੁਕਵਾਂ ਹੈ ਕਿ ਯਿਸੂ ਉਹ ਸ਼ਖ਼ਸ ਹੈ ਜੋ ਪ੍ਰਧਾਨ ਜਾਜਕ ਵਜੋਂ ਆਪਣੀ ਕੁਰਬਾਨੀ ਦੇ ਫ਼ਾਇਦਿਆਂ ਨੂੰ ਲਾਗੂ ਕਰਨ ਵਿਚ ਅਗਵਾਈ ਕਰੇਗਾ! ਦਰਅਸਲ ਆਪਣੀ ਸੇਵਕਾਈ ਦੌਰਾਨ, ਯਿਸੂ ਨੇ ਦਿਖਾਇਆ ਸੀ ਕਿ ਉਹ ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਸਾਡੇ ਰਿਹਾਈ-ਦਾਤੇ ਵਜੋਂ ਕੀ ਕੁਝ ਕਰੇਗਾ। ਇਸ ਸਭ ਕਾਸੇ ਦਾ ਅਸੀਂ ਤਾਂ ਹੀ ਆਨੰਦ ਮਾਣ ਸਕਦੇ ਹਾਂ ਜੇ ਅਸੀਂ ਵਫ਼ਾਦਾਰ ਰਹੀਏ। ਉਸ ਨੇ ਬੀਮਾਰਾਂ ਅਤੇ ਅਪਾਹਜਾਂ ਨੂੰ ਠੀਕ ਕੀਤਾ, ਮੁਰਦਿਆਂ ਨੂੰ ਜੀਉਂਦਾ ਕੀਤਾ, ਭੀੜਾਂ ਨੂੰ ਰੋਟੀ ਖੁਆਈ ਅਤੇ ਇੱਥੋਂ ਤਕ ਕਿ ਕੁਦਰਤੀ ਤਾਕਤਾਂ ਨੂੰ ਵੀ ਵੱਸ ਵਿਚ ਕੀਤਾ। (ਮੱਤੀ 8:26; 14:14-21; ਲੂਕਾ 7:14, 15) ਇਸ ਤੋਂ ਇਲਾਵਾ, ਉਸ ਨੇ ਇਹ ਸਭ ਕੁਝ ਆਪਣੇ ਅਧਿਕਾਰ ਅਤੇ ਤਾਕਤ ਨੂੰ ਦਿਖਾਉਣ ਲਈ ਨਹੀਂ ਕੀਤਾ, ਸਗੋਂ ਆਪਣੀ ਦਇਆ ਅਤੇ ਪਿਆਰ ਦਿਖਾਉਣ ਦੀ ਖ਼ਾਤਰ ਕੀਤਾ। ਜਦੋਂ ਇਕ ਕੋੜ੍ਹੀ ਨੇ ਉਸ ਅੱਗੇ ਠੀਕ ਹੋਣ ਦੀ ਮਿੰਨਤ ਕੀਤੀ, ਤਾਂ ਯਿਸੂ ਨੇ ਉਸ ਨੂੰ ਕਿਹਾ: “ਮੈਂ ਚਾਹੁੰਦਾ ਹਾਂ।” (ਮਰ. 1:40, 41) ਯਿਸੂ ਇਸੇ ਤਰ੍ਹਾਂ ਦੀ ਦਇਆ ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਵਿਸ਼ਵ-ਵਿਆਪੀ ਪੱਧਰ ਤੇ ਦਿਖਾਵੇਗਾ।
12. ਯਸਾਯਾਹ 11:9 ਦੀ ਪੂਰਤੀ ਕਿਵੇਂ ਹੋਵੇਗੀ?
12 ਮਸੀਹ ਅਤੇ ਉਸ ਦੇ ਸਾਥੀ ਸ਼ਾਸਕ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਦਾ ਕੰਮ ਲਗਾਤਾਰ ਕਰਦੇ ਰਹਿਣਗੇ ਜੋ ਯਿਸੂ ਨੇ ਕੁਝ 2,000 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਇਸ ਤਰ੍ਹਾਂ ਯਸਾਯਾਹ 11:9 ਵਿਚਲੇ ਸ਼ਬਦਾਂ ਦੀ ਪੂਰਤੀ ਹੋਵੇਗੀ: “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।” ਬਿਨਾਂ ਸ਼ੱਕ, ਪਰਮੇਸ਼ੁਰ ਦੇ ਗਿਆਨ ਵਿਚ ਇਹ ਹਿਦਾਇਤ ਵੀ ਹੋਵੇਗੀ ਕਿ ਧਰਤੀ ਅਤੇ ਇਸ ਉਤਲੇ ਅਣਗਿਣਤ ਜੀਵ-ਜੰਤੂਆਂ ਦੀ ਦੇਖ-ਭਾਲ ਕਿਵੇਂ ਕਰਨੀ ਹੈ ਜਿਵੇਂ ਆਦਮ ਨੂੰ ਕਰਨ ਲਈ ਕਿਹਾ ਗਿਆ ਸੀ। 1,000 ਸਾਲ ਤੋਂ ਬਾਅਦ ਉਤਪਤ 1:28 ਵਿਚ ਦੱਸਿਆ ਪਰਮੇਸ਼ੁਰ ਦਾ ਮੁਢਲਾ ਮਕਸਦ ਪੂਰਾ ਹੋ ਜਾਵੇਗਾ ਅਤੇ ਰਿਹਾਈ-ਕੀਮਤ ਦੇ ਫ਼ਾਇਦੇ ਪੂਰੀ ਤਰ੍ਹਾਂ ਲਾਗੂ ਹੋ ਚੁੱਕੇ ਹੋਣਗੇ।
ਨਿਆਂ ਕਰਨ ਦੇ ਕਾਬਲ
13. ਯਿਸੂ ਨੇ ਧਾਰਮਿਕਤਾ ਲਈ ਪਿਆਰ ਕਿਵੇਂ ਦਿਖਾਇਆ?
13 ਮਸੀਹ “ਉਹੋ ਹੈ ਜਿਹੜਾ ਪਰਮੇਸ਼ੁਰ ਦੀ ਵੱਲੋਂ ਠਹਿਰਾਇਆ ਹੋਇਆ ਹੈ ਭਈ ਜੀਉਂਦਿਆਂ ਅਤੇ ਮੋਇਆਂ ਦਾ ਨਿਆਉਂ ਕਰਨ ਵਾਲਾ ਹੋਵੇ।” (ਰਸੂ. 10:42) ਤਾਂ ਫਿਰ ਇਹ ਜਾਣਨਾ ਕਿੰਨੇ ਦਿਲਾਸੇ ਦੀ ਗੱਲ ਹੈ ਕਿ ਯਿਸੂ ਭ੍ਰਿਸ਼ਟਾਚਾਰੀ ਨਹੀਂ ਹੋਵੇਗਾ, ਸਗੋਂ ਧਾਰਮਿਕਤਾ ਅਤੇ ਵਫ਼ਾਦਾਰੀ ਉਸ ਦੇ ਲੱਕ ਦੁਆਲੇ ਪੇਟੀ ਦੀ ਤਰ੍ਹਾਂ ਹੋਵੇਗੀ! (ਯਸਾ. 11:5) ਉਹ ਲਾਲਚ, ਪਖੰਡ ਅਤੇ ਹੋਰ ਬੁਰਾਈਆਂ ਨੂੰ ਨਫ਼ਰਤ ਕਰਦਾ ਸੀ ਅਤੇ ਉਨ੍ਹਾਂ ਦੀ ਨਿੰਦਿਆ ਕਰਦਾ ਸੀ ਜੋ ਦੂਜਿਆਂ ਦੇ ਦੁੱਖਾਂ ਦੀ ਕੋਈ ਪਰਵਾਹ ਨਹੀਂ ਕਰਦੇ ਸਨ। (ਮੱਤੀ 23:1-8, 25-28; ਮਰ. 3:5) ਇਸ ਤੋਂ ਇਲਾਵਾ, ਯਿਸੂ ਨੇ ਦਿਖਾਇਆ ਕਿ ਉਹ ਲੋਕਾਂ ਦੇ ਬਾਹਰੀ ਰੂਪ ਨੂੰ ਦੇਖ ਕੇ ਧੋਖਾ ਨਹੀਂ ਖਾਂਦਾ ਸੀ “ਕਿਉਂਕਿ ਉਹ ਆਪੇ ਜਾਣਦਾ ਸੀ ਭਈ ਮਨੁੱਖ ਦੇ ਅੰਦਰ ਕੀ ਹੈ।”—ਯੂਹੰ. 2:25.
14. ਹੁਣ ਯਿਸੂ ਧਾਰਮਿਕਤਾ ਅਤੇ ਨਿਆਂ ਲਈ ਆਪਣਾ ਪਿਆਰ ਕਿਵੇਂ ਦਿਖਾ ਰਿਹਾ ਹੈ ਅਤੇ ਸਾਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
14 ਦੁਨੀਆਂ ਦੇ ਇਤਿਹਾਸ ਵਿਚ ਇੰਨੇ ਵੱਡੇ ਪੱਧਰ ʼਤੇ ਹੋ ਰਹੇ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਦੀ ਨਿਗਰਾਨੀ ਕਰਨ ਦੁਆਰਾ ਯਿਸੂ ਧਾਰਮਿਕਤਾ ਅਤੇ ਨਿਆਂ ਲਈ ਪਿਆਰ ਦਿਖਾ ਰਿਹਾ ਹੈ। ਕੋਈ ਵੀ ਇਨਸਾਨ, ਕੋਈ ਮਨੁੱਖੀ ਸਰਕਾਰ ਅਤੇ ਕੋਈ ਦੁਸ਼ਟ ਦੂਤ ਇਹ ਕੰਮ ਨਹੀਂ ਰੋਕ ਸਕਦਾ ਜਦ ਤਕ ਪਰਮੇਸ਼ੁਰ ਰੋਕਣ ਲਈ ਨਹੀਂ ਕਹਿੰਦਾ। ਇਸ ਲਈ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਜਦ ਆਰਮਾਗੇਡਨ ਖ਼ਤਮ ਹੋ ਜਾਵੇਗਾ, ਤਾਂ ਹਰ ਪਾਸੇ ਪਰਮੇਸ਼ੁਰੀ ਇਨਸਾਫ਼ ਦਾ ਬੋਲਬਾਲਾ ਹੋਵੇਗਾ। (ਯਸਾਯਾਹ 11:4; ਮੱਤੀ 16:27 ਪੜ੍ਹੋ।) ਆਪਣੇ ਤੋਂ ਪੁੱਛੋ: ‘ਕੀ ਮੈਂ ਆਪਣੀ ਸੇਵਕਾਈ ਵਿਚ ਲੋਕਾਂ ਪ੍ਰਤਿ ਯਿਸੂ ਵਰਗਾ ਰਵੱਈਆ ਦਿਖਾਉਂਦਾ ਹਾਂ? ਕੀ ਮੈਂ ਯਹੋਵਾਹ ਦੀ ਸੇਵਾ ਪੂਰੀ ਵਾਹ ਲਾ ਕੇ ਕਰਦਾ ਹਾਂ ਭਾਵੇਂ ਕਿ ਮੈਂ ਆਪਣੀ ਸਿਹਤ ਜਾਂ ਨਿੱਜੀ ਹਾਲਾਤਾਂ ਕਾਰਨ ਜ਼ਿਆਦਾ ਨਹੀਂ ਕਰ ਪਾਉਂਦਾ?’
15. ਕਿਹੜੀ ਗੱਲ ਚੇਤੇ ਰੱਖਣ ਨਾਲ ਸਾਨੂੰ ਪਰਮੇਸ਼ੁਰ ਦੀ ਦਿਲੋਂ ਸੇਵਾ ਕਰਨ ਵਿਚ ਮਦਦ ਮਿਲੇਗੀ?
15 ਜੇ ਅਸੀਂ ਯਾਦ ਰੱਖੀਏ ਕਿ ਪ੍ਰਚਾਰ ਦਾ ਕੰਮ ਯਹੋਵਾਹ ਵੱਲੋਂ ਦਿੱਤਾ ਗਿਆ ਹੈ, ਤਾਂ ਸਾਨੂੰ ਉਸ ਦੀ ਦਿਲੋਂ ਸੇਵਾ ਕਰਨ ਵਿਚ ਮਦਦ ਮਿਲੇਗੀ। ਇਹ ਕੰਮ ਕਰਨ ਦਾ ਹੁਕਮ ਉਸ ਨੇ ਦਿੱਤਾ ਹੈ, ਉਹ ਆਪਣੇ ਪੁੱਤਰ ਰਾਹੀਂ ਇਹ ਕੰਮ ਕਰਨ ਦੀ ਸੇਧ ਦਿੰਦਾ ਹੈ ਅਤੇ ਪਵਿੱਤਰ ਸ਼ਕਤੀ ਦੇ ਜ਼ਰੀਏ ਇਸ ਕੰਮ ਵਿਚ ਹਿੱਸਾ ਲੈਣ ਵਾਲਿਆਂ ਨੂੰ ਤਾਕਤ ਦਿੰਦਾ ਹੈ। ਕੀ ਤੁਸੀਂ ਪਰਮੇਸ਼ੁਰ ਅਤੇ ਪਵਿੱਤਰ ਸ਼ਕਤੀ ਦੀ ਸੇਧੇ ਚੱਲਦੇ ਉਸ ਦੇ ਪੁੱਤਰ ਨਾਲ ਮਿਲ ਕੇ ਕੰਮ ਕਰਨ ਦੇ ਆਪਣੇ ਸਨਮਾਨ ਨੂੰ ਅਨਮੋਲ ਸਮਝਦੇ ਹੋ? ਯਹੋਵਾਹ ਤੋਂ ਸਿਵਾਇ ਹੋਰ ਕੌਣ 236 ਦੇਸ਼ਾਂ ਵਿਚ 70 ਲੱਖ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਣ ਲਈ ਉਕਸਾ ਸਕਦਾ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ “ਆਮ” ਸਮਝੇ ਜਾਂਦੇ ਹਨ?—ਰਸੂ. 4:13.
ਮਸੀਹ ਦੇ ਜ਼ਰੀਏ ਬਰਕਤਾਂ ਪਾਓ!
16. ਉਤਪਤ 22:18 ਤੋਂ ਪਰਮੇਸ਼ੁਰ ਦੀ ਬਰਕਤ ਬਾਰੇ ਕੀ ਪਤਾ ਲੱਗਦਾ ਹੈ?
16 ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।” (ਉਤ. 22:18) ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਦੇ ਸੇਵਕ ਪੂਰੇ ਭਰੋਸੇ ਨਾਲ ਉਨ੍ਹਾਂ ਬਰਕਤਾਂ ਨੂੰ ਪਾਉਣ ਦੀ ਉਮੀਦ ਰੱਖ ਸਕਦੇ ਹਨ ਜੋ ਇਹ ਅੰਸ ਯਾਨੀ ਮਸੀਹਾ ਦੇਵੇਗਾ। ਉਹ ਇਨ੍ਹਾਂ ਬਰਕਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਪਰਮੇਸ਼ੁਰ ਦੀ ਸੇਵਾ ਵਿਚ ਰੁੱਝੇ ਹੋਏ ਹਨ।
17, 18. ਬਿਵਸਥਾ ਸਾਰ 28:2 ਵਿਚ ਅਸੀਂ ਯਹੋਵਾਹ ਦੇ ਕਿਹੜੇ ਵਾਅਦੇ ਬਾਰੇ ਪੜ੍ਹਦੇ ਹਾਂ ਅਤੇ ਇਹ ਸਾਡੇ ਲਈ ਕੀ ਮਾਅਨੇ ਰੱਖਦਾ ਹੈ?
17 ਅਬਰਾਹਾਮ ਦੀ ਔਲਾਦ ਯਾਨੀ ਇਸਰਾਏਲੀ ਕੌਮ ਨੂੰ ਇਕ ਵਾਰ ਪਰਮੇਸ਼ੁਰ ਨੇ ਕਿਹਾ: “ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋ ਤਾਂ [ਬਿਵਸਥਾ ਵਿਚ ਦੱਸੀਆਂ] ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ।” (ਬਿਵ. 28:2) ਇਹੀ ਗੱਲ ਅੱਜ ਪਰਮੇਸ਼ੁਰ ਦੇ ਸੇਵਕਾਂ ਨੂੰ ਕਹੀ ਜਾ ਸਕਦੀ ਹੈ। ਜੇ ਤੁਸੀਂ ਯਹੋਵਾਹ ਦੀ ਬਰਕਤ ਪਾਉਣੀ ਚਾਹੁੰਦੇ ਹੋ, ਤਾਂ ਉਸ ਦੀ ‘ਆਵਾਜ਼ ਸੁਣਦੇ ਰਹੋ।’ ਫਿਰ ਉਸ ਦੀਆਂ ਅਸੀਸਾਂ “ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ।” ਪਰ ‘ਸੁਣਨ’ ਵਿਚ ਕੀ ਕੁਝ ਸ਼ਾਮਲ ਹੈ?
18 ‘ਸੁਣਨ’ ਵਿਚ ਸ਼ਾਮਲ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਵਿਚਲੀਆਂ ਗੱਲਾਂ ਅਤੇ ਵੇਲੇ ਸਿਰ ਮਿਲਦੇ ਗਿਆਨ ਨੂੰ ਗੰਭੀਰਤਾ ਨਾਲ ਲਈਏ। (ਮੱਤੀ 24:45) ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੀ ਆਗਿਆ ਮੰਨੀਏ। ਯਿਸੂ ਨੇ ਕਿਹਾ: ‘ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।’ (ਮੱਤੀ 7:21) ਪਰਮੇਸ਼ੁਰ ਦੀ ਸੁਣਨ ਦਾ ਮਤਲਬ ਹੈ ਕਿ ਅਸੀਂ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਵੱਲੋਂ ਸਥਾਪਿਤ ਕੀਤੀ ਕਲੀਸਿਯਾ ਵਿਚ ਨਿਯੁਕਤ ਕੀਤੇ ਬਜ਼ੁਰਗਾਂ ਦੇ ਅਧੀਨ ਹੋਈਏ ਜੋ ਮਨੁੱਖਾਂ ਦੇ ਰੂਪ ਵਿਚ ਦਾਨ ਹਨ।—ਅਫ਼. 4:8.
19. ਅਸੀਂ ਬਰਕਤਾਂ ਕਿਵੇਂ ਪਾ ਸਕਦੇ ਹਾਂ?
19 ਪ੍ਰਬੰਧਕ ਸਭਾ ਦੇ ਮੈਂਬਰ ਵੀ ਮਨੁੱਖਾਂ ਦੇ ਰੂਪ ਵਿਚ ਦਾਨ ਹਨ ਜੋ ਵਿਸ਼ਵ-ਵਿਆਪੀ ਮਸੀਹੀ ਕਲੀਸਿਯਾ ਦੇ ਪ੍ਰਤੀਨਿਧੀਆਂ ਵਜੋਂ ਕੰਮ ਕਰਦੇ ਹਨ। (ਰਸੂ. 15:2, 6) ਦਰਅਸਲ, ਮਸੀਹ ਦੇ ਭਰਾਵਾਂ ਪ੍ਰਤਿ ਸਾਡੇ ਰਵੱਈਏ ਤੋਂ ਪਤਾ ਲੱਗੇਗਾ ਕਿ ਆਉਣ ਵਾਲੀ ਵੱਡੀ ਬਿਪਤਾ ਦੌਰਾਨ ਸਾਡਾ ਕਿਵੇਂ ਨਿਆਂ ਹੋਵੇਗਾ। (ਮੱਤੀ 25:34-40) ਇਸ ਤਰ੍ਹਾਂ ਬਰਕਤ ਪਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਮਸੀਹੀਆਂ ਦਾ ਵਫ਼ਾਦਾਰੀ ਨਾਲ ਸਾਥ ਦਿੰਦੇ ਰਹੀਏ।
20. (ੳ) ਮਨੁੱਖਾਂ ਦੇ ਰੂਪ ਵਿਚ ਦਾਨ ਵਜੋਂ ਦਿੱਤੇ ਭਰਾਵਾਂ ਦੀ ਮੁੱਖ ਜ਼ਿੰਮੇਵਾਰੀ ਕੀ ਹੈ? (ਅ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਇਨ੍ਹਾਂ ਭਰਾਵਾਂ ਦੀ ਕਦਰ ਕਰਦੇ ਹਾਂ?
20 ਬ੍ਰਾਂਚ ਕਮੇਟੀਆਂ ਦੇ ਮੈਂਬਰ, ਸਫ਼ਰੀ ਨਿਗਾਹਬਾਨ ਅਤੇ ਕਲੀਸਿਯਾ ਦੇ ਬਜ਼ੁਰਗ, ਸਾਰੇ ਹੀ ਮਨੁੱਖਾਂ ਦੇ ਰੂਪ ਵਿਚ ਦਾਨ ਹਨ ਜਿਨ੍ਹਾਂ ਨੂੰ ਪਵਿੱਤਰ ਸ਼ਕਤੀ ਨਾਲ ਨਿਯੁਕਤ ਕੀਤਾ ਗਿਆ ਹੈ। (ਰਸੂ. 20:28) ਇਨ੍ਹਾਂ ਭਰਾਵਾਂ ਦੀ ਮੁੱਖ ਜ਼ਿੰਮੇਵਾਰੀ ਉਦੋਂ ਤਕ ਪਰਮੇਸ਼ੁਰ ਦੇ ਲੋਕਾਂ ਦੀ ਉੱਨਤੀ ਕਰਨਾ ਹੈ ‘ਜਦੋਂ ਤੀਕ ਸੱਭੋ ਨਿਹਚਾ ਦੀ ਅਤੇ ਪਰਮੇਸ਼ੁਰ ਦੇ ਪੁੱਤ੍ਰ ਦੀ ਪਛਾਣ ਦੀ ਏਕਤਾ ਅਤੇ ਪੂਰੇ ਮਰਦਊਪੁਣੇ ਤੀਕ ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ ਨਾ ਪਹੁੰਚ ਜਾਣ।’ (ਅਫ਼. 4:13) ਇਹ ਤਾਂ ਸੱਚ ਹੈ ਕਿ ਉਹ ਸਾਡੇ ਵਾਂਗ ਨਾਮੁਕੰਮਲ ਹਨ। ਫਿਰ ਵੀ ਉਹ ਪਿਆਰ ਨਾਲ ਸਾਡੀ ਦੇਖ-ਭਾਲ ਕਰਦੇ ਹਨ। ਇਸ ਲਈ ਆਓ ਆਪਾਂ ਉਨ੍ਹਾਂ ਦੀ ਕਦਰ ਕਰੀਏ ਅਤੇ ਬਰਕਤਾਂ ਪਾਉਂਦੇ ਰਹੀਏ।—ਇਬ. 13:7, 17.
21. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਪੁੱਤਰ ਦੀ ਆਗਿਆ ਮੰਨੀਏ?
21 ਮਸੀਹ ਬਹੁਤ ਜਲਦੀ ਸ਼ਤਾਨ ਦੀ ਬੁਰੀ ਦੁਨੀਆਂ ਵਿਰੁੱਧ ਕਾਰਵਾਈ ਕਰੇਗਾ। ਜਦੋਂ ਇਹ ਸਮਾਂ ਆਵੇਗਾ, ਤਾਂ ਸਾਡੀਆਂ ਜ਼ਿੰਦਗੀਆਂ ਯਿਸੂ ਦੇ ਹੱਥਾਂ ਵਿਚ ਹੋਣਗੀਆਂ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ “ਵੱਡੀ ਭੀੜ” ਨੂੰ “ਅੰਮ੍ਰਿਤ ਜਲ ਦਿਆਂ ਸੋਤਿਆਂ” ਕੋਲ ਲੈ ਜਾਣ ਦਾ ਅਧਿਕਾਰ ਦਿੱਤਾ ਹੈ। (ਪਰ. 7:9, 16, 17) ਇਸ ਲਈ, ਆਓ ਆਪਾਂ ਪੂਰੀ ਵਾਹ ਲਾ ਕੇ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਸੇਧੇ ਚੱਲਦੇ ਰਾਜੇ ਦੇ ਅਧੀਨ ਹੋਈਏ ਅਤੇ ਉਸ ਦੀ ਕਦਰ ਕਰੀਏ।
ਤੁਸੀਂ ਇਨ੍ਹਾਂ ਹਵਾਲਿਆਂ ਤੋਂ ਕੀ ਸਿੱਖਿਆ?
• ਉਤਪਤ 22:18?
[ਸਫ਼ਾ 17 ਉੱਤੇ ਤਸਵੀਰ]
ਯਿਸੂ ਨੇ ਜੈਰੁਸ ਦੀ ਧੀ ਨੂੰ ਜੀਉਂਦਾ ਕਰ ਕੇ ਦਇਆ ਪ੍ਰਗਟਾਈ
[ਸਫ਼ਾ 18 ਉੱਤੇ ਤਸਵੀਰਾਂ]
ਯਿਸੂ ਇਤਿਹਾਸ ਵਿਚ ਹੋ ਰਹੇ ਪ੍ਰਚਾਰ ਦੇ ਵੱਡੇ ਕੰਮ ਦੀ ਨਿਗਰਾਨੀ ਕਰ ਰਿਹਾ ਹੈ