ਕੰਮ ਜਿਸ ਨੂੰ ਕਰਨ ਲਈ ਸਾਨੂੰ ਹਲੀਮ ਹੋਣ ਦੀ ਲੋੜ ਹੈ
1 ਪਰਮੇਸ਼ੁਰ ਦਾ ਬਚਨ ਸਾਨੂੰ ਤਾਕੀਦ ਕਰਦਾ ਹੈ: ‘ਮਨ ਦੇ ਹਲੀਮ ਹੋਵੋ। ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ, ਸਗੋਂ ਅਸੀਸ ਦਿਓ।’ (1 ਪਤ. 3:8, 9) ਇਹ ਸਲਾਹ ਖ਼ਾਸਕਰ ਸਾਡੇ ਪ੍ਰਚਾਰ ਦੇ ਕੰਮ ਉੱਤੇ ਲਾਗੂ ਹੁੰਦੀ ਹੈ। ਜੀ ਹਾਂ, ਪ੍ਰਚਾਰ ਦੇ ਕੰਮ ਵਿਚ ਸਾਡੀ ਹਲੀਮੀ ਪਰਖੀ ਜਾ ਸਕਦੀ ਹੈ।
2 ਹਲੀਮੀ ਦਾ ਗੁਣ ਭੈੜੇ ਹਾਲਾਤਾਂ ਨੂੰ ਸਹਾਰਨ ਵਿਚ ਸਾਡੀ ਮਦਦ ਕਰਦਾ ਹੈ। ਪ੍ਰਚਾਰ ਕਰਦੇ ਸਮੇਂ ਅਸੀਂ ਬਿਨ-ਬੁਲਾਏ ਹੀ ਅਣਜਾਣ ਲੋਕਾਂ ਨਾਲ ਗੱਲ ਕਰਦੇ ਹਾਂ ਅਤੇ ਸਾਨੂੰ ਪਤਾ ਹੈ ਕਿ ਕੁਝ ਲੋਕ ਸਾਡੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਣਗੇ। ਇਸ ਦੇ ਬਾਵਜੂਦ ਪ੍ਰਚਾਰ ਕਰਦੇ ਰਹਿਣ ਲਈ ਸਾਨੂੰ ਹਲੀਮ ਹੋਣ ਦੀ ਲੋੜ ਹੈ। ਮਿਸਾਲ ਲਈ, ਦੋ ਪਾਇਨੀਅਰ ਭੈਣਾਂ ਇਕ ਅਜਿਹੇ ਇਲਾਕੇ ਵਿਚ ਪ੍ਰਚਾਰ ਕਰਦੀਆਂ ਸਨ ਜਿੱਥੇ ਲੋਕ ਬਹੁਤ ਹੀ ਰੁੱਖੇ ਸਨ। ਉਹ ਦੋ ਸਾਲ ਤਕ ਘਰ-ਘਰ ਜਾਂਦੀਆਂ ਰਹੀਆਂ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ! ਫਿਰ ਵੀ ਇਹ ਭੈਣਾਂ ਸਬਰ ਨਾਲ ਪ੍ਰਚਾਰ ਕਰਦੀਆਂ ਰਹੀਆਂ ਅਤੇ ਅੱਜ ਉਸ ਇਲਾਕੇ ਵਿਚ ਦੋ ਕਲੀਸਿਯਾਵਾਂ ਹਨ।
3 ਰੁੱਖੇਪਣ ਨਾਲ ਨਜਿੱਠਣਾ: ਜਦੋਂ ਲੋਕ ਰੁੱਖੇ ਤਰੀਕੇ ਨਾਲ ਪੇਸ਼ ਆਉਂਦੇ ਹਨ, ਤਾਂ ਉਦੋਂ ਹਲੀਮੀ ਦਾ ਗੁਣ ਯਿਸੂ ਦੀ ਰੀਸ ਕਰਨ ਵਿਚ ਸਾਡੀ ਮਦਦ ਕਰੇਗਾ। (1 ਪਤ. 2:21-23) ਇਕ ਭੈਣ ਨੂੰ ਇਕ ਘਰ ਤੇ ਪਹਿਲਾਂ ਪਤਨੀ ਦੀਆਂ ਗਾਲਾਂ ਸੁਣਨੀਆਂ ਪਈਆਂ ਅਤੇ ਫਿਰ ਉਸ ਤੀਵੀਂ ਦੇ ਪਤੀ ਨੇ ਵੀ ਆ ਕੇ ਇਸ ਭੈਣ ਨੂੰ ਦਫ਼ਾ ਹੋ ਜਾਣ ਲਈ ਕਿਹਾ। ਭੈਣ ਨੇ ਮੁਸਕਰਾ ਕੇ ਫਿਰ ਕਿਸੇ ਹੋਰ ਸਮੇਂ ਉਨ੍ਹਾਂ ਨਾਲ ਗੱਲ ਕਰਨ ਦੀ ਆਸ ਜ਼ਾਹਰ ਕੀਤੀ। ਭੈਣ ਦੇ ਇਸ ਰਵੱਈਏ ਤੋਂ ਉਹ ਪਤੀ-ਪਤਨੀ ਇੰਨੇ ਪ੍ਰਭਾਵਿਤ ਹੋਏ ਕਿ ਜਦੋਂ ਅਗਲੀ ਵਾਰ ਯਹੋਵਾਹ ਦੀ ਇਕ ਗਵਾਹ ਉਨ੍ਹਾਂ ਦੇ ਘਰ ਆਈ, ਤਾਂ ਉਨ੍ਹਾਂ ਨੇ ਉਸ ਦੀ ਗੱਲ ਸੁਣੀ ਅਤੇ ਕਿੰਗਡਮ ਹਾਲ ਵਿਚ ਸਭਾ ਲਈ ਆਉਣ ਦਾ ਸੱਦਾ ਵੀ ਸਵੀਕਾਰ ਕੀਤਾ। ਜਦੋਂ ਉਹ ਸਭਾ ਵਿਚ ਆਏ, ਤਾਂ ਉਹੋ ਭੈਣ ਜਿਸ ਨੂੰ ਉਨ੍ਹਾਂ ਨੇ ਗਾਲਾਂ ਕੱਢੀਆਂ ਸਨ, ਉੱਥੇ ਉਨ੍ਹਾਂ ਦਾ ਸੁਆਗਤ ਕਰਨ ਲਈ ਮੌਜੂਦ ਸੀ ਅਤੇ ਇਸ ਤਰ੍ਹਾਂ ਉਸ ਭੈਣ ਨੂੰ ਉਨ੍ਹਾਂ ਨੂੰ ਗਵਾਹੀ ਦੇਣ ਦਾ ਇਕ ਹੋਰ ਮੌਕਾ ਮਿਲਿਆ। ਅਸੀਂ ਵੀ ਸ਼ਾਇਦ ਲੋਕਾਂ ਨਾਲ “ਹਲੀਮੀ ਅਤੇ ਆਦਰ ਨਾਲ” ਪੇਸ਼ ਆ ਕੇ ਉਨ੍ਹਾਂ ਦੇ ਰੁੱਖੇਪਣ ਨੂੰ ਘੱਟ ਕਰ ਸਕਾਂਗੇ।—1 ਪਤ. 3:16, ਪਵਿੱਤਰ ਬਾਈਬਲ ਨਵਾਂ ਅਨੁਵਾਦ; ਕਹਾ. 25:15.
4 ਆਕੜ ਨਾ ਦਿਖਾਓ: ਭਾਵੇਂ ਸਾਨੂੰ ਬਾਈਬਲ ਦਾ ਗਿਆਨ ਹੈ, ਪਰ ਇਹ ਸਾਨੂੰ ਦੂਸਰਿਆਂ ਨੂੰ ਨੀਵਾਂ ਸਮਝਣ ਜਾਂ ਉਨ੍ਹਾਂ ਬਾਰੇ ਭੈੜੀਆਂ ਗੱਲਾਂ ਕਰਨ ਦਾ ਕੋਈ ਹੱਕ ਨਹੀਂ ਦਿੰਦਾ। (ਯੂਹੰ. 7:49) ਸਗੋਂ ਪਰਮੇਸ਼ੁਰ ਦਾ ਬਚਨ ਸਾਨੂੰ “ਕਿਸੇ ਦੀ ਬਦਨਾਮੀ ਨਾ ਕਰਨ” ਦੀ ਤਾਕੀਦ ਕਰਦਾ ਹੈ। (ਤੀਤੁ. 3:2) ਜਦੋਂ ਅਸੀਂ ਯਿਸੂ ਵਾਂਗ ਹਲੀਮ ਬਣਦੇ ਹਾਂ, ਤਾਂ ਦੂਸਰਿਆਂ ਨੂੰ ਸਾਡੇ ਤੋਂ ਆਰਾਮ ਮਿਲਦਾ ਹੈ। (ਮੱਤੀ 11:28, 29) ਜਦੋਂ ਅਸੀਂ ਲੋਕਾਂ ਨਾਲ ਹਲੀਮੀ ਨਾਲ ਪੇਸ਼ ਆਉਂਦੇ ਹਾਂ, ਤਾਂ ਹੋ ਸਕਦਾ ਹੈ ਕਿ ਉਹ ਸਾਡਾ ਸੰਦੇਸ਼ ਸੁਣਨ ਲਈ ਤਿਆਰ ਹੋ ਜਾਣ।
5 ਜੀ ਹਾਂ, ਹਲੀਮ ਹੋਣ ਨਾਲ ਅਸੀਂ ਉਨ੍ਹਾਂ ਇਲਾਕਿਆਂ ਵਿਚ ਵੀ ਪ੍ਰਚਾਰ ਕਰ ਸਕਾਂਗੇ ਜਿੱਥੇ ਲੋਕ ਬਹੁਤ ਰੁੱਖੇ ਹਨ। ਇਹ ਗੁਣ ਲੋਕਾਂ ਦੇ ਰੁੱਖੇਪਣ ਨੂੰ ਦੂਰ ਕਰ ਸਕਦਾ ਹੈ ਅਤੇ ਦੂਸਰਿਆਂ ਨੂੰ ਰਾਜ ਦਾ ਸੰਦੇਸ਼ ਸੁਣਨ ਲਈ ਪ੍ਰੇਰਿਤ ਕਰ ਸਕਦਾ ਹੈ। ਪਰ ਹਲੀਮ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹ ਗੁਣ ਯਹੋਵਾਹ ਨੂੰ ਖ਼ੁਸ਼ ਕਰਦਾ ਹੈ ਜੋ “ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।”—1 ਪਤ. 5:5.