ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
1 ਅੱਜ-ਕੱਲ੍ਹ ਰਸਾਲਿਆਂ ਤੇ ਅਖ਼ਬਾਰਾਂ ਵਿਚ ਆਪਣੇ ਦਿਲ ਨੂੰ ਸਿਹਤਮੰਦ ਰੱਖਣ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂਕਿ ਅਸੀਂ ਲੰਬੀ ਜ਼ਿੰਦਗੀ ਦਾ ਆਨੰਦ ਮਾਣ ਸਕੀਏ। ਪਰ ਇਸ ਤੋਂ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਲਾਖਣਿਕ ਦਿਲ ਨੂੰ ਤੰਦਰੁਸਤ ਰੱਖੀਏ। ਇਸੇ ਲਈ 2004 ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਦੇ ਪ੍ਰੋਗ੍ਰਾਮ ਲਈ ਬਹੁਤ ਹੀ ਢੁਕਵਾਂ ਵਿਸ਼ਾ ਚੁਣਿਆ ਗਿਆ ਸੀ: “ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ।” (1 ਇਤ. 28:9) ਇਸ ਪ੍ਰੋਗ੍ਰਾਮ ਵਿਚ ਅਸੀਂ ਕੀ ਸਿੱਖਿਆ?
2 ਸਰਕਟ ਨਿਗਾਹਬਾਨ ਨੇ “ਦੂਸਰਿਆਂ ਦੀ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਮਦਦ ਕਰੋ” ਵਿਸ਼ੇ ਉੱਤੇ ਗੱਲ ਕੀਤੀ ਸੀ। ਇੰਟਰਵਿਊਆਂ ਵਿਚ ਕਈ ਭੈਣ-ਭਰਾਵਾਂ ਨੇ ਦੱਸਿਆ ਕਿ ਨੇਕਦਿਲ ਲੋਕਾਂ ਨੂੰ ਬਾਈਬਲ ਸਟੱਡੀਆਂ ਕਰਾ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲੀ ਹੈ। ਯਹੋਵਾਹ ਦੇ ਨੇੜੇ ਰਹੋ ਕਿਤਾਬ ਦੀ ਸਟੱਡੀ ਕਰਨ ਨਾਲ ਕਈਆਂ ਨੂੰ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਵਿਚ ਮਦਦ ਮਿਲੀ ਹੈ। ਕੀ ਤੁਹਾਡਾ ਵੀ ਇਹੋ ਤਜਰਬਾ ਰਿਹਾ ਹੈ? ਮਹਿਮਾਨ ਭਾਸ਼ਣਕਾਰ ਦੇ ਪਹਿਲੇ ਭਾਸ਼ਣ ਤੋਂ ਸਾਰਿਆਂ ਨੂੰ ਬਹੁਤ ਤਸੱਲੀ ਤੇ ਹੌਸਲਾ ਮਿਲਿਆ। ਉਸ ਦੇ ਭਾਸ਼ਣ ਦਾ ਵਿਸ਼ਾ ਸੀ: “ਦੁੱਖਾਂ-ਭਰੀ ਦੁਨੀਆਂ ਵਿਚ ਆਪਣੇ ਦਿਲਾਂ ਦੀ ਰਾਖੀ ਕਰੋ।” ਸਵੇਰ ਦਾ ਸੈਸ਼ਨ ਬਪਤਿਸਮੇ ਦੇ ਭਾਸ਼ਣ ਨਾਲ ਸਮਾਪਤ ਹੋਇਆ ਸੀ।
3 ਦੁਪਹਿਰ ਨੂੰ “ਲੋੜਵੰਦਾਂ ਦੀ ਸਹਾਇਤਾ ਕਰੋ” ਨਾਮਕ ਭਾਸ਼ਣ ਵਿਚ ਚਰਚਾ ਕੀਤੀ ਗਈ ਸੀ ਕਿ ਅਸੀਂ ਨਵੇਂ ਪ੍ਰਕਾਸ਼ਕਾਂ, ਨਿਹਚਾ ਵਿਚ ਕਮਜ਼ੋਰ ਅਤੇ ਗ਼ੈਰ-ਸਰਗਰਮ ਭੈਣ-ਭਰਾਵਾਂ ਦੀ ਪ੍ਰਚਾਰ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ। ਮਾਤਾ-ਪਿਤਾ ਆਪਣੇ ਬੱਚਿਆਂ ਦੇ ਦਿਲਾਂ ਨੂੰ ਬੁਰੇ ਪ੍ਰਭਾਵਾਂ ਤੋਂ ਬਚਾਉਣ ਅਤੇ ਉਨ੍ਹਾਂ ਦੀ ਯਹੋਵਾਹ ਦੇ ਨੇੜੇ ਜਾਣ ਵਿਚ ਕਿਵੇਂ ਮਦਦ ਕਰ ਸਕਦੇ ਹਨ? “ਯਹੋਵਾਹ ਦੀ ਸੇਵਾ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ” ਨਾਮਕ ਭਾਸ਼ਣ ਵਿਚ ਮਾਪਿਆਂ ਨੂੰ ਕਈ ਵਧੀਆ ਸੁਝਾਅ ਦਿੱਤੇ ਗਏ ਸਨ।
4 ਯਹੋਵਾਹ ਸਾਡੇ ਲਾਖਣਿਕ ਦਿਲ ਨੂੰ ਤੰਦਰੁਸਤ ਤੇ ਮਜ਼ਬੂਤ ਬਣਾਈ ਰੱਖਣ ਲਈ ਕਈ ਪ੍ਰਬੰਧ ਕਰਦਾ ਹੈ। ਕੀ ਅਸੀਂ ਇਨ੍ਹਾਂ ਤੋਂ ਪੂਰਾ ਲਾਭ ਹਾਸਲ ਕਰਦੇ ਹਾਂ? ਮਹਿਮਾਨ ਭਾਸ਼ਣਕਾਰ ਦੇ ਆਖ਼ਰੀ ਭਾਸ਼ਣ ਦਾ ਵਿਸ਼ਾ ਸੀ: “ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੋ।” ਉਸ ਨੇ ਚਾਰ ਜ਼ਰੂਰੀ ਗੱਲਾਂ ਉੱਤੇ ਜ਼ੋਰ ਦਿੱਤਾ ਜੋ ਸਾਨੂੰ ਅਧਿਆਤਮਿਕ ਤੌਰ ਤੇ ਸਿਹਤਮੰਦ ਰੱਖਣਗੀਆਂ। ਕੀ ਤੁਹਾਨੂੰ ਚਾਰੇ ਗੱਲਾਂ ਯਾਦ ਹਨ? ਅਸੀਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਨ, ਉਸ ਦੇ ਬਚਨ ਨੂੰ ਪੜ੍ਹਨ, ਜੋਸ਼ ਨਾਲ ਪ੍ਰਚਾਰ ਕਰਨ ਅਤੇ ਮਸੀਹੀ ਭੈਣ-ਭਰਾਵਾਂ ਨਾਲ ਸੰਗਤ ਕਰਨ ਵਿਚ ਕਿੰਨਾ ਕੁ ਸਮਾਂ ਤੇ ਤਾਕਤ ਲਾਉਂਦੇ ਹਾਂ? ਕੀ ਇਨ੍ਹਾਂ ਗੱਲਾਂ ਵਿਚ ਸਾਨੂੰ ਸੁਧਾਰ ਕਰਨ ਦੀ ਲੋੜ ਹੈ?
5 ਯਹੋਵਾਹ ਸਾਨੂੰ ਇਹ ਸੱਦਾ ਦਿੰਦਾ ਹੈ: “ਆਪਣਾ ਮਨ ਸਿੱਖਿਆ ਵੱਲ, ਅਤੇ ਆਪਣੇ ਕੰਨ ਗਿਆਨ ਦੀਆਂ ਗੱਲਾਂ ਵੱਲ ਲਾ।” (ਕਹਾ. 23:12) ਸੰਮੇਲਨ ਵਿਚ ਸਿੱਖੀਆਂ ਉੱਤਮ ਗੱਲਾਂ ਉੱਤੇ ਅਮਲ ਕਰ ਕੇ ਤੁਸੀਂ ਪੂਰੇ ਦਿਲ ਨਾਲ ਅਤੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਰਹਿ ਸਕੋਗੇ।