“ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ”
ਪੌਲੁਸ ਰਸੂਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੁਸ਼ਕਲ ਹਾਲਾਤਾਂ ਵਿਚ ਪ੍ਰਚਾਰ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਮਿਸਾਲ ਲਈ, ਲਗਭਗ 56 ਈ. ਵਿਚ ਯਰੂਸ਼ਲਮ ਵਿਖੇ ਪ੍ਰਚਾਰ ਕਰਦਿਆਂ ਉਸ ਨੂੰ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਸੀ। (ਰਸੂ. 21:27, 28, 30, 39, 40) ਪੌਲੁਸ ਚੰਗੀ ਤਰ੍ਹਾਂ ਜਾਣਦਾ ਸੀ ਕਿ ਵਿਰੋਧੀਆਂ ਦੀ ਗ਼ਲਤਫ਼ਹਿਮੀ ਦੂਰ ਕਰਨ ਅਤੇ ਉਨ੍ਹਾਂ ਦਾ ਗੁੱਸਾ ਠੰਡਾ ਕਰਨ ਲਈ ਉਸ ਨੂੰ ਉਨ੍ਹਾਂ ਨਾਲ ਸੋਚ-ਸਮਝ ਕੇ ਗੱਲ ਕਰਨੀ ਪਵੇਗੀ। (ਰਸੂ. 22:1, 2) ਹਾਲਾਂਕਿ ਸਮਝਦਾਰੀ ਨਾਲ ਗੱਲ ਕਰਨ ਦੇ ਬਾਵਜੂਦ ਪੌਲੁਸ ਪ੍ਰਤੀ ਲੋਕਾਂ ਦਾ ਰਵੱਈਆ ਨਹੀਂ ਬਦਲਿਆ, ਪਰ ਉਹ ਕੁਝ ਸਮੇਂ ਲਈ ਰੁਕ ਕੇ ਪੌਲੁਸ ਦੀ ਗੱਲ ਸੁਣਨ ਲਈ ਤਿਆਰ ਹੋ ਗਏ ਸਨ। (ਰਸੂ. 22:22) ਸੋ ਆਪਣੇ ਤਜਰਬੇ ਤੋਂ ਸਿੱਖ ਕੇ ਪੌਲੁਸ ਨੇ ਕੁਲੁੱਸੈ ਦੀ ਕਲੀਸਿਯਾ ਨੂੰ ਇਹ ਸਲਾਹ ਦਿੱਤੀ: “ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ। ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।” (ਕੁਲੁ. 4:5, 6) ਪ੍ਰਚਾਰ ਕਰਦੇ ਸਮੇਂ ਸਾਨੂੰ ਪੌਲੁਸ ਦੀ ਇਹ ਸਲਾਹ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ।
ਭਾਵੇਂ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਮੁਸ਼ਕਲਾਂ ਖੜ੍ਹੀਆਂ ਨਾ ਹੋਣ, ਪਰ ਫਿਰ ਵੀ ਸਾਡਾ ਵਾਸਤਾ ਅਜਿਹੇ ਲੋਕਾਂ ਨਾਲ ਪੈ ਸਕਦਾ ਹੈ ਜੋ ਸਾਡੇ ਪ੍ਰਚਾਰ ਕੰਮ ਦਾ ਵਿਰੋਧ ਕਰਨਗੇ। ਉਹ ਸਾਡੇ ʼਤੇ ਦੋਸ਼ ਲਗਾ ਸਕਦੇ ਹਨ ਕਿ ਅਸੀਂ ‘ਲੋਕਾਂ ਦਾ ਧਰਮ ਬਦਲਣ’ ਦਾ ਗ਼ੈਰ-ਕਾਨੂੰਨੀ ਕੰਮ ਕਰ ਰਹੇ ਹਾਂ। ਉਨ੍ਹਾਂ ਨੂੰ ਸਹੀ ਜਵਾਬ ਦੇਣ ਲਈ ਤੁਹਾਨੂੰ ਪਹਿਲਾਂ ਤੋਂ ਸੋਚ-ਵਿਚਾਰ ਕਰਨਾ ਪਵੇਗਾ। ਭਾਵੇਂ ਤੁਸੀਂ ਇਕ ਵਿਅਕਤੀ ਨਾਲ ਜਾਂ ਕਈ ਲੋਕਾਂ ਨਾਲ ਗੱਲ ਕਰ ਰਹੇ ਹੋ, ਹਮੇਸ਼ਾ ਸ਼ਾਂਤੀ ਨਾਲ ਜਵਾਬ ਦਿਓ ਅਤੇ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੇ ਨਾਲ ਹੈ। (ਮੱਤੀ 10:19, 20) ਯਾਦ ਰੱਖੋ ਕਿ ਸਹੀ ਸ਼ਬਦ ਵਰਤਣੇ ਬਹੁਤ ਜ਼ਰੂਰੀ ਹਨ। ਇਹੋ ਜਿਹਾ ਕੋਈ ਸ਼ਬਦ ਨਾ ਵਰਤੋ ਜਿਸ ਦਾ ਲੋਕ ਗ਼ਲਤ ਮਤਲਬ ਕੱਢ ਸਕਣ ਜਾਂ ਜੋ ਸ਼ਬਦ ਸੁਣ ਕੇ ਉਨ੍ਹਾਂ ਨੂੰ ਗੁੱਸਾ ਆਵੇ। ਇਹ ਨਾ ਕਹੋ ਕਿ ਤੁਸੀਂ “ਪ੍ਰਚਾਰ” ਕਰ ਰਹੇ ਹੋ ਜਾਂ ਲੋਕਾਂ ਨੂੰ ਸਾਹਿੱਤ “ਵੰਡ” ਰਹੇ ਹੋ। ਇਸ ਦੀ ਬਜਾਇ ਕਹੋ ਕਿ ਤੁਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਲੋਕਾਂ ਨੂੰ ਖ਼ੁਸ਼ ਖ਼ਬਰੀ “ਸੁਣਾ” ਰਹੇ ਹੋ ਅਤੇ ਲੋਕਾਂ ਨੂੰ ਸਾਹਿੱਤ ਪੜ੍ਹਨ ਦਾ “ਸੱਦਾ” ਦਿੰਦੇ ਹੋ। ਹਾਲਾਂਕਿ ਸਾਨੂੰ ਇਸ ਗੱਲ ʼਤੇ ਮਾਣ ਹੈ ਕਿ ਅਸੀਂ ਯਿਸੂ ਮਸੀਹ ਦੇ ਚੇਲੇ ਹਾਂ, ਪਰ ਸਾਨੂੰ ਸੋਚ-ਸਮਝ ਕੇ ਗੱਲ ਕਰਨੀ ਚਾਹੀਦੀ ਹੈ।
ਜੇ ਕੋਈ ਕਹੇ ਕਿ “ਤੁਸੀਂ ਪ੍ਰਚਾਰ ਕਰ ਕੇ ਦੂਸਰਿਆਂ ਦਾ ਧਰਮ ਬਦਲ ਰਹੇ ਹੋ,” ਤਾਂ ਤੁਸੀਂ ਕੀ ਜਵਾਬ ਦਿਓਗੇ? ਤੁਸੀਂ ਕਹਿ ਸਕਦੇ ਹੋ: “ਯਕੀਨ ਕਰੋ ਕਿ ਅਸੀਂ ਕਿਸੇ ਨੂੰ ਧਰਮ ਬਦਲਣ ਲਈ ਨਹੀਂ ਕਹਿ ਰਹੇ, ਤੇ ਨਾ ਹੀ ਕਿਸੇ ਚੀਜ਼ ਦਾ ਲਾਲਚ ਦੇ ਰਹੇ ਹਾਂ।” ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਉਨ੍ਹਾਂ ਵਾਂਗ ਤੁਸੀਂ ਵੀ ਨੌਕਰੀ-ਪੇਸ਼ਾ ਆਦਮੀ/ਸੁਆਣੀ/ਵਿਦਿਆਰਥੀ ਹੋ। ਜਾਂ ਤੁਸੀਂ ਕਹੋ: “ਅਸੀਂ ਆਪਣੇ ਗੁਆਂਢੀਆਂ ਨੂੰ ਚੰਗੀਆਂ ਗੱਲਾਂ ਦੱਸਣ ਆਏ ਹਾਂ ਜਿਸ ਨੂੰ ਸੁਣ ਕੇ ਉਨ੍ਹਾਂ ਨੂੰ ਖ਼ੁਸ਼ੀ ਤੇ ਉਤਸ਼ਾਹ ਮਿਲੇਗਾ। ਜੇ ਕੋਈ ਸਾਡੀ ਗੱਲ ਨਹੀਂ ਸੁਣਨੀ ਚਾਹੁੰਦਾ, ਤਾਂ ਅਸੀਂ ਜ਼ੋਰ-ਜ਼ਬਰਦਸਤੀ ਨਹੀਂ ਕਰਦੇ।” ਇਕ ਹੋਰ ਸੁਝਾਅ ਹੈ: “ਅਸੀਂ ਲੋਕਾਂ ਨੂੰ ਜੋ ਸੰਦੇਸ਼ ਦੇ ਰਹੇ ਹਾਂ, ਉਸ ਦੀ ਤੁਲਨਾ ਰੇਡੀਓ ਜਾਂ ਟੀ. ਵੀ. ਤੇ ਦਿੱਤੀਆਂ ਜਾਂਦੀਆਂ ਖ਼ਬਰਾਂ ਨਾਲ ਕੀਤੀ ਜਾ ਸਕਦੀ ਹੈ। ਕੁਝ ਲੋਕ ਧਿਆਨ ਨਾਲ ਸੁਣਦੇ ਹਨ, ਕੁਝ ਨਹੀਂ। ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੈ। ਪਰ ਜੇਕਰ ਕੋਈ ਖ਼ਬਰ ਸਾਡੀ ਜ਼ਿੰਦਗੀ ਅਤੇ ਮੌਤ ਨਾਲ ਸੰਬੰਧ ਰੱਖਦੀ ਹੋਵੇ, ਤਾਂ ਕੀ ਤੁਸੀਂ ਸੁਣਨਾ ਨਹੀਂ ਚਾਹੋਗੇ? ਅਸੀਂ ਤੁਹਾਨੂੰ ਅਜਿਹੇ ਸ਼ਾਂਤੀਪੂਰਣ ਨਵੇਂ ਸੰਸਾਰ ਬਾਰੇ ਦੱਸਣ ਆਏ ਹਾਂ ਜਿਸ ਵਿਚ ਸਭ ਲੋਕ ਮਿਲ ਕੇ ਸ਼ਾਂਤੀ ਨਾਲ ਰਹਿਣਗੇ। ਪਰ ਜੇ ਤੁਸੀਂ ਨਹੀਂ ਸੁਣਨਾ ਚਾਹੁੰਦੇ, ਤਾਂ ਮੈਂ ਚਲਾ ਜਾਂਦਾ ਹਾਂ।”
ਹੋ ਸਕਦਾ ਹੈ ਕਿ ਕੋਈ ਤੁਹਾਨੂੰ ਕਹੇ: “ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸੁੱਟ ਦਿਓ ਅਤੇ ਇਨ੍ਹਾਂ ਦੀ ਪੂਜਾ ਨਾ ਕਰੋ!” ਪਹਿਲੀ ਸਦੀ ਦੇ ਮਸੀਹੀਆਂ ਉੱਤੇ ਵੀ ਇਹੋ ਦੋਸ਼ ਲਗਾਇਆ ਗਿਆ ਸੀ। (ਰਸੂ. 19:23-41) ਤੁਸੀਂ ਜਵਾਬ ਦੇ ਸਕਦੇ ਹੋ: “ਯਹੋਵਾਹ ਦੇ ਗਵਾਹ ਦੂਸਰਿਆਂ ਉੱਤੇ ਆਪਣੀ ਰਾਇ ਨਹੀਂ ਥੋਪਦੇ ਕਿ ਉਨ੍ਹਾਂ ਨੂੰ ਰੱਬ ਦੀ ਕਿਵੇਂ ਪੂਜਾ ਕਰਨੀ ਚਾਹੀਦੀ ਹੈ। ਇਹ ਤਾਂ ਹਰੇਕ ਦਾ ਆਪੋ-ਆਪਣਾ ਫ਼ੈਸਲਾ ਹੈ ਕਿਉਂਕਿ ਆਪਾਂ ਸਾਰਿਆਂ ਨੇ ਰੱਬ ਨੂੰ ਆਪੋ-ਆਪਣਾ ਲੇਖਾ ਦੇਣਾ ਹੈ। ਮੈਂ ਤਾਂ ਸਿਰਫ਼ ਪਰਮੇਸ਼ੁਰ ਦੇ ਬਚਨ ਵਿੱਚੋਂ ਲੋਕਾਂ ਨੂੰ ਚੰਗੀਆਂ ਗੱਲਾਂ ਦੱਸ ਰਿਹਾ ਹਾਂ ਜਿਨ੍ਹਾਂ ʼਤੇ ਚੱਲਣ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਹੋਵੇਗਾ। ਜੇਕਰ ਲੋਕ ਸਾਡੀ ਗੱਲ ਨਹੀਂ ਸੁਣਨੀ ਚਾਹੁੰਦੇ ਹਨ, ਤਾਂ ਅਸੀਂ ਉਨ੍ਹਾਂ ʼਤੇ ਜ਼ੋਰ ਨਹੀਂ ਪਾਉਂਦੇ।” ਇਸ ਤਰ੍ਹਾਂ ਸੋਚ-ਸਮਝ ਕੇ ਜਵਾਬ ਦੇਣ ਨਾਲ ਦੂਸਰਿਆਂ ਦਾ ਗੁੱਸਾ ਸ਼ਾਇਦ ਠੰਡਾ ਹੋ ਜਾਵੇ ਅਤੇ ਅਸੀਂ ਆਪਣਾ ਪ੍ਰਚਾਰ ਦਾ ਕੰਮ ਜਾਰੀ ਰੱਖ ਸਕਾਂਗੇ।
ਕਈ ਵਾਰ ਗ਼ਲਤਫ਼ਹਿਮੀ ਹੋਣ ਕਰਕੇ ਲੋਕ ਸਾਡਾ ਵਿਰੋਧ ਕਰਦੇ ਹਨ, ਪਰ ਅਸੀਂ ਯਹੋਵਾਹ ਦੀ ਮਦਦ ਨਾਲ ਖ਼ੁਸ਼ ਰਹਿ ਸਕਦੇ ਹਾਂ। (2 ਕੁਰਿੰ. 2:15-17) ਸੋ ਮੁਸ਼ਕਲਾਂ ਦੇ ਬਾਵਜੂਦ ਖ਼ੁਸ਼ੀ ਨਾਲ ਪ੍ਰਚਾਰ ਕਰਦੇ ਰਹੋ। (ਨਹ. 8:10) ਆਓ ਆਪਾਂ ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਲਈ ਪਹਿਲਾਂ ਤੋਂ ਹੀ ਤਿਆਰੀ ਕਰੀਏ ਤਾਂਕਿ ਅਸੀਂ ਸੋਚ-ਸਮਝ ਕੇ ਉਨ੍ਹਾਂ ਨੂੰ ਸਲੂਣੇ ਸ਼ਬਦਾਂ ਵਿਚ ਜਵਾਬ ਦੇ ਸਕੀਏ।