ਪ੍ਰਬੰਧਕ ਸਭਾ ਵੱਲੋਂ ਚਿੱਠੀ
ਯਹੋਵਾਹ ਦੀ ਗਵਾਹੀ ਦੇਣ ਵਾਲੇ ਪਿਆਰੇ ਭੈਣ-ਭਰਾਵੋ:
ਤੁਹਾਨੂੰ ਚਿੱਠੀ ਲਿਖਦਿਆਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ! ਅਸੀਂ ਯੂਹੰਨਾ ਰਸੂਲ ਵਾਂਗ ਮਹਿਸੂਸ ਕਰਦੇ ਹਾਂ ਜਿਸ ਨੇ ਕਿਹਾ ਕਿ ਉਹ ਆਪਣੇ ਧਰਮ ਭਾਈਆਂ-ਭੈਣਾਂ ਨਾਲ ‘ਸੱਚੀਂ ਮੁੱਚੀਂ ਪ੍ਰੇਮ ਕਰਦਾ ਸੀ’ ਤੇ ਉਨ੍ਹਾਂ ਨੂੰ ‘ਸਚਿਆਈ ਉੱਤੇ ਚੱਲਦੇ’ ਦੇਖ ਕੇ ਬਹੁਤ ਖ਼ੁਸ਼ ਸੀ। (2 ਯੂਹੰ. 1, 4) ਵਾਕਈ, ਸੱਚਾਈ ਕਿੰਨੀ ਅਣਮੋਲ ਚੀਜ਼ ਹੈ! ਸੱਚਾਈ ਨੇ ਸਾਨੂੰ ਵੱਡੀ ਬਾਬੁਲ, ਉਸ ਦੀਆਂ ਝੂਠੀਆਂ ਸਿੱਖਿਆਵਾਂ ਨਾਲੇ ਪਰਮੇਸ਼ੁਰ ਦਾ ਅਪਮਾਨ ਕਰਨ ਵਾਲੇ ਰਸਮ-ਰਿਵਾਜਾਂ ਤੋਂ ਮੁਕਤ ਕੀਤਾ ਹੈ। ਪਰਮੇਸ਼ੁਰ ਦੇ ਕਹਿਣੇ ਵਿਚ ਰਹਿ ਕੇ ਅਸੀਂ ਦੂਸਰਿਆਂ ਨਾਲ ਪ੍ਰੇਮ ਅਤੇ ਦਇਆ ਨਾਲ ਪੇਸ਼ ਆਉਣਾ ਸਿੱਖਿਆ ਹੈ। ਸੱਚਾਈ ʼਤੇ ਚੱਲ ਕੇ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਗਿਣੇ ਜਾਂਦੇ ਹਾਂ ਤੇ ਭਵਿੱਖ ਵਿਚ ਸਦਾ ਦੀ ਜ਼ਿੰਦਗੀ ਜੀਉਣ ਦੀ ਉਮੀਦ ਰੱਖਦੇ ਹਾਂ।
ਅਸੀਂ ਯਹੋਵਾਹ ਦੀ ਸ਼ਕਤੀ ਲਈ ਵੀ ਕਿੰਨੇ ਸ਼ੁਕਰਗੁਜ਼ਾਰ ਹਾਂ ਜੋ ਸਾਨੂੰ ਰੋਜ਼ ਸੇਧ ਤੇ ਬਲ ਦਿੰਦੀ ਹੈ! ਤੁਸੀਂ “ਪਰਮੇਸ਼ੁਰ ਦੀ ਸ਼ਕਤੀ ਦਾ ਸਹਾਰਾ ਲਓ” ਨਾਂ ਦੇ ਜ਼ਿਲ੍ਹਾ ਸੰਮੇਲਨਾਂ ਦਾ ਜ਼ਰੂਰ ਆਨੰਦ ਮਾਣਿਆ ਹੋਣਾ ਜਿੱਥੇ ਸਾਨੂੰ ਸਮਝਾਇਆ ਗਿਆ ਸੀ ਕਿ ਪਰਮੇਸ਼ੁਰ ਦੀ ਸ਼ਕਤੀ ਕਿਨ੍ਹਾਂ ਵੱਖ-ਵੱਖ ਤਰੀਕਿਆਂ ਨਾਲ ਕੰਮ ਕਰਦੀ ਹੈ। ਜਿੱਦਾਂ-ਜਿੱਦਾਂ ਸੰਸਾਰ ਦੇ ਹਾਲਾਤ ਵਿਗੜਦੇ ਜਾਂਦੇ ਹਨ ਸਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਸ਼ਕਤੀ ʼਤੇ ਭਰੋਸਾ ਰੱਖੀਏ ਤਾਂਕਿ ਅਸੀਂ ਆਉਣ ਵਾਲੀਆਂ ਘਟਨਾਵਾਂ ਵਿੱਚੋਂ ਸਹੀ-ਸਲਾਮਤ ਲੰਘ ਸਕੀਏ।
ਸਾਨੂੰ ਯਕੀਨ ਹੈ ਕਿ ਯੀਅਰ ਬੁੱਕ (ਅੰਗ੍ਰੇਜ਼ੀ) ਵਿਚ ਉਨ੍ਹਾਂ ਭਰਾਵਾਂ ਦੀਆਂ ਕਹਾਣੀਆਂ ਨੇ ਤੁਹਾਡੇ ਦਿਲਾਂ ਨੂੰ ਛੋਹਿਆ ਹੋਣਾ ਜਿਨ੍ਹਾਂ ਨੇ ਆਪਣੀ ਨਿਹਚਾ ਲਈ ਬਹੁਤ ਦੁੱਖ ਝੱਲੇ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਕਈ ਵਫ਼ਾਦਾਰ ਭਰਾ ਜਾਂ ਤਾਂ ਸੱਚਾਈ ਵਿਚ ਨਵੇਂ-ਨਵੇਂ ਆਏ ਸਨ ਜਾਂ ਉਨ੍ਹਾਂ ਨੇ ਹਾਲੇ ਤਕ ਬਪਤਿਸਮਾ ਨਹੀਂ ਲਿਆ ਸੀ, ਪਰ ਫਿਰ ਵੀ ਉਹ ਬਾਈਬਲ ਦੇ ਅਸੂਲਾਂ ਦੇ ਪੱਕੇ ਰਹੇ। ਸਾਡੇ ਦਿਲਾਂ ਵਿਚ ਉਨ੍ਹਾਂ ਲਈ ਕਿੰਨਾ ਪਿਆਰ ਉਭਰਦਾ ਹੈ! ਵਾਕਈ ਉਨ੍ਹਾਂ ਦੀ ਵਧੀਆ ਮਿਸਾਲ ਸਾਨੂੰ ਵੀ ਪਰਮੇਸ਼ੁਰ ਦੇ ਰਾਜ ਪ੍ਰਤਿ ਵਫ਼ਾਦਾਰ ਰਹਿਣ ਲਈ ਪ੍ਰੇਰਦੀ ਹੈ ਭਾਵੇਂ ਸਾਡੇ ਉੱਤੇ ਜੋ ਮਰਜ਼ੀ ਬਿਪਤਾਵਾਂ ਆਉਣ।—1 ਥੱਸ. 1:6-8.
ਪਿਆਰੇ ਭੈਣ-ਭਰਾਵੋ, ਅਸੀਂ ਜਾਣਦੇ ਹਾਂ ਕਿ ਤੁਹਾਨੂੰ ਪੈਸੇ ਦੀ ਤੰਗੀ ਤੇ ਹੋਰਨਾਂ ਤੰਗੀਆਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ ਤਾਂਕਿ ਤੁਸੀਂ ਆਪਣਿਆਂ ਪਰਿਵਾਰਾਂ ਨੂੰ ਪਿਆਰ ਨਾਲ ਮਜ਼ਬੂਤ ਰੱਖ ਸਕੋ। ਤੁਹਾਡੇ ਵਿੱਚੋਂ ਕਈਆਂ ਲਈ ਬਾਕਾਇਦਾ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਅਤੇ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਣਾ ਮੁਸ਼ਕਲ ਹੈ। ਇਸੇ ਕਾਰਨ ਬਹੁਤ ਪ੍ਰਾਰਥਨਾ ਅਤੇ ਚਰਚਾ ਕਰਨ ਤੋਂ ਬਾਅਦ, ਅਸੀਂ 1 ਜਨਵਰੀ 2009 ਤੋਂ ਕਲੀਸਿਯਾ ਦੀਆਂ ਸਭਾਵਾਂ ਵਿਚ ਕੁਝ ਫੇਰ-ਬਦਲ ਕੀਤੀ ਹੈ। ਉਮੀਦ ਹੈ ਕਿ ਤੁਸੀਂ ਇਨ੍ਹਾਂ ਤਬਦੀਲੀਆਂ ਦਾ ਪੂਰਾ ਫ਼ਾਇਦਾ ਉਠਾਓਗੇ ਅਤੇ ਨਿੱਜੀ ਤੌਰ ਤੇ ਅਤੇ ਪਰਿਵਾਰ ਦੇ ਤੌਰ ਤੇ ਸਟੱਡੀ ਕਰਨ ਵਿਚ ਜ਼ਿਆਦਾ ਸਮਾਂ ਲਗਾਓਗੇ।
ਇਸ ਸਾਲ ਦੀਆਂ ਵੱਖ-ਵੱਖ ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ʼਤੇ ਕਈਆਂ ਭੈਣਾਂ-ਭਰਾਵਾਂ ਨੇ ਬਪਤਿਸਮਾ ਲਿਆ ਹੈ ਜਿਸ ਕਰਕੇ ਸਾਨੂੰ ਬਹੁਤ ਖ਼ੁਸ਼ੀ ਹੋਈ ਹੈ। ਉਨ੍ਹਾਂ ਵਿੱਚੋਂ ਕਈ ਅਜੇ ਕਿਸ਼ੋਰ ਉਮਰ ਦੇ ਹੀ ਸਨ। ਉਨ੍ਹਾਂ ਮਾਪਿਆਂ ਦੀ ਸ਼ਾਬਾਸ਼ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਦਿਲਾਂ ਵਿਚ ਸੱਚਾਈ ਲਈ ਕਦਰ ਪੈਦਾ ਕੀਤੀ ਜਿਸ ਕਰਕੇ ਉਹ ਛੋਟੀ ਉਮਰੇ ਹੀ ਆਪਣੀਆਂ ਜ਼ਿੰਦਗੀਆਂ ਯਹੋਵਾਹ ਨੂੰ ਸੌਂਪ ਕੇ ਉਸ ਦੀ ਸੇਵਾ ਵਿਚ ਲੱਗੇ ਹਨ। ਭਾਵੇਂ ਇਨ੍ਹਾਂ ਪਿਆਰੇ ਭੈਣਾਂ-ਭਰਾਵਾਂ ਨੂੰ ਸਕੂਲਾਂ ਵਿਚ ਭਾਂਤ-ਭਾਂਤ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਉਹ ਫਿਰ ਵੀ ਬਪਤਿਸਮਾ ਲੈਣ ਦੇ ਯੋਗ ਬਣੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਤੋਂ ਕਿੰਨੀ ਵਧੀਆ ਸਿਖਲਾਈ ਮਿਲੀ ਹੈ।—ਜ਼ਬੂ. 128:1-6.
ਅਸੀਂ ਬਾਈਬਲ ਸਟੱਡੀਆਂ ਦੀ ਵਧ ਰਹੀ ਗਿਣਤੀ ਦਾ ਵੀ ਜ਼ਿਕਰ ਕਰਨਾ ਚਾਹੁੰਦੇ ਹਾਂ। ਸਾਡੇ ਮਿਸ਼ਨਰੀਆਂ ਤੇ ਸਪੈਸ਼ਲ ਪਾਇਨੀਅਰਾਂ ਨੇ ਇਸ ਕੰਮ ਵਿਚ ਬਹੁਤ ਮਿਹਨਤ ਕੀਤੀ ਹੈ। ਪੂਰੀ ਪ੍ਰਬੰਧਕ ਸਭਾ ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਦੁਆਰਾ ਕੀਤੀ ਮਿਹਨਤ ਦੀ ਬਹੁਤ ਕਦਰ ਕਰਦੀ ਹੈ ਜਿਨ੍ਹਾਂ ਨੇ ਨੇਕ ਦਿਲ ਲੋਕਾਂ ਨੂੰ ਕਿਹਾ ਹੈ ਕਿ ‘ਆਓ! ਅਤੇ ਅੰਮ੍ਰਿਤ ਜਲ ਮੁਖਤ ਲਵੇ।’ (ਪਰ. 22:17) ਅਸੀਂ ਆਪਣੇ ਭਾਈਚਾਰੇ ਵਿਚ 2,89,678 ਭੈਣਾਂ-ਭਰਾਵਾਂ ਨੂੰ ਦਿਲੋਂ ਜੀ-ਆਇਆਂ ਨੂੰ ਕਹਿੰਦੇ ਹਾਂ ਜਿਨ੍ਹਾਂ ਨੇ ਪਿੱਛਲੇ ਸਾਲ ਬਪਤਿਸਮਾ ਲਿਆ!
ਯੂਹੰਨਾ ਰਸੂਲ ਦੇ ਸ਼ਬਦਾਂ ਨੂੰ ਯਾਦ ਰੱਖਣਾ ਕਿੰਨਾ ਜ਼ਰੂਰੀ ਹੈ। ਉਸ ਨੇ ਲਿਖਿਆ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰ. 2:17) ਵਾਕਈ, ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਿਸ ਵਿਚ ਇਹ ਸੰਸਾਰ ‘ਬੀਤ ਜਾਵੇਗਾ’! ਇਸ ਲਈ ‘ਜਾਗਦੇ ਰਹਿ ਕੇ’ ਪਰਮੇਸ਼ੁਰ ਦੀ ਇੱਛਾ ਹਮੇਸ਼ਾ ਪੂਰੀ ਕਰਦੇ ਰਹਿਣਾ ਕਿੰਨੀ ਸਮਝਦਾਰੀ ਦੀ ਗੱਲ ਹੈ! (ਮੱਤੀ 24:42) ਅਸੀਂ ਇਵੇਂ ਕਰ ਕੇ ਕਦੇ ਵੀ ਨਹੀਂ ਪਛਤਾਵਾਂਗੇ, ਸਗੋਂ ਯਹੋਵਾਹ ਦੀ ਦਇਆ ਦਾ ਫਲ ਪਾਵਾਂਗੇ।—ਯਸਾ. 63:7.
ਅਸੀਂ ਉਮੀਦ ਰੱਖਦੇ ਹਾਂ ਕਿ ਇਸ ਸਾਲ ਦੀ ਯੀਅਰ ਬੁੱਕ ਵਿਚ ਦਿੱਤੇ ਬਿਰਤਾਂਤਾਂ ਨੂੰ ਪੜ੍ਹ ਕੇ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦੇਣ ਵਿਚ ਹੌਸਲਾ ਮਿਲੇਗਾ। ਅਸੀਂ ਤੁਹਾਨੂੰ ਯਕੀਨ ਦਿਲਾਉਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਬਾਰੇ ਦਿਨ-ਰਾਤ ਸੋਚਦੇ ਹਾਂ, ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਤੇ ਤੁਹਾਨੂੰ ਦਿਲੋਂ ਪਿਆਰ ਕਰਦੇ ਹਾਂ। ਸਾਡੀ ਉਮੀਦ ਹੈ ਕਿ ਯਹੋਵਾਹ ਤੁਹਾਨੂੰ ਭਰਪੂਰ ਬਰਕਤਾਂ ਦੇਵੇਗਾ!
ਤੁਹਾਡੇ ਭਰਾ,
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ