ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਨੂੰ ਚੰਗੀ ਤਰ੍ਹਾਂ ਵਰਤੋ
1. ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕੰਮ ਪੂਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ?
1 ਯਿਸੂ ਮਸੀਹ ਨੂੰ “ਸਾਰਾ ਇਖ਼ਤਿਆਰ” ਦਿੱਤਾ ਗਿਆ ਹੈ ਕਿ ਉਹ ‘ਸੰਸਾਰ ਭਰ ਵਿਚ ਚੇਲੇ ਬਣਾਉਣ’ ਦੇ ਕੰਮ ਦੀ ਅਗਵਾਈ ਕਰੇ। (ਮੱਤੀ 28:18, 19) ਸਵਰਗ ਵਿਚ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਜ਼ਰੂਰੀ ਕੰਮ ਪੂਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਅੱਜ ਸਾਡੇ ਲਈ ਇਸ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਹੋਰ ਵੀ ਜ਼ਰੂਰੀ ਹੈ।—ਯੂਹੰ. 4:35.
2. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬਾਈਬਲ ਕੀ ਸਿਖਾਉਂਦੀ ਹੈ? ਇਕ ਵਧੀਆ ਕਿਤਾਬ ਹੈ?
2 ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿਚ 19 ਅਧਿਆਇ ਹਨ। ਇਸ ਦੇ ਅਖ਼ੀਰਲੇ ਸਫ਼ਿਆਂ ʼਤੇ ਕਈ ਵਿਸ਼ਿਆਂ ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ। ਇਹ ਕਿਤਾਬ ਸੌਖੀ ਤਰ੍ਹਾਂ ਲਿਖੀ ਗਈ ਹੈ ਜਿਸ ਕਰਕੇ ਪ੍ਰਚਾਰ ਦੇ ਕੰਮ ਵਿਚ ਇਹ ਇਕ ਵੱਡੀ ਬਰਕਤ ਸਾਬਤ ਹੋ ਰਹੀ ਹੈ। ਇਕ ਸਰਕਟ ਨਿਗਾਹਬਾਨ ਨੇ ਇਸ ਵਧੀਆ ਕਿਤਾਬ ਬਾਰੇ ਕਿਹਾ ਕਿ “ਅਸੀਂ ਸੌਖਿਆਂ ਹੀ ਲੋਕਾਂ ਨਾਲ ਗੱਲਬਾਤ ਸ਼ੁਰੂ ਕਰ ਸਕਦੇ ਹਾਂ।” ਉਸ ਨੇ ਅੱਗੇ ਕਿਹਾ ਕਿ ਇਹ ਪੁਸਤਕ ਵਰਤਣੀ ਇੰਨੀ ਸੌਖੀ ਹੈ ਕਿ “ਬਹੁਤ ਸਾਰੇ ਭੈਣ-ਭਰਾ ਹੋਰ ਦਲੇਰ ਬਣ ਗਏ ਹਨ ਅਤੇ ਪ੍ਰਚਾਰ ਕਰਨ ਵਿਚ ਬਹੁਤ ਖ਼ੁਸ਼ੀ ਪਾ ਰਹੇ ਹਨ।”
3. ਅਸੀਂ ਇਹ ਕਿਤਾਬ ਪ੍ਰਭਾਵਕਾਰੀ ਤਰੀਕੇ ਨਾਲ ਕਿਵੇਂ ਪੇਸ਼ ਕਰ ਸਕਦੇ ਹਾਂ?
3 ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਨੂੰ ਪ੍ਰਭਾਵਕਾਰੀ ਤਰੀਕੇ ਨਾਲ ਵਰਤੋ: ਇਹ ਕਿਤਾਬ ਪੇਸ਼ ਕਰਨ ਦਾ ਆਸਾਨ ਤਰੀਕਾ ਹੈ (1) ਘਰ-ਸੁਆਮੀ ਦੀ ਰਾਇ ਜਾਣਨ ਲਈ ਇਕ ਸਵਾਲ ਪੁੱਛੋ ਤਾਂਕਿ ਇਹ ਦੇਖਿਆ ਜਾਵੇ ਕਿ ਉਸ ਨੂੰ ਦਿਲਚਸਪੀ ਹੈ ਜਾਂ ਨਹੀਂ (2) ਇਕ ਢੁਕਵੀਂ ਆਇਤ ਪੜ੍ਹੋ ਜੇ ਉਹ ਤੁਹਾਡੀ ਗੱਲ ਸੁਣਦਾ ਹੈ ਅਤੇ (3) ਕਿਤਾਬ ਵਿੱਚੋਂ ਢੁਕਵੇਂ ਅਧਿਆਇ ਦੇ ਸ਼ੁਰੂ ਵਿਚ ਦਿੱਤੇ ਸਵਾਲ ਪੜ੍ਹੋ। ਜੇ ਘਰ-ਸੁਆਮੀ ਦਿਲਚਸਪੀ ਦਿਖਾਉਂਦਾ ਹੈ, ਤਾਂ ਤੁਸੀਂ ਅਧਿਆਇ ਦੇ ਪਹਿਲੇ ਕੁਝ ਪੈਰਿਆਂ ਨੂੰ ਵਰਤ ਕੇ ਦਿਖਾ ਸਕਦੇ ਹੋ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਇਹ ਤਰੀਕਾ ਪਹਿਲੀ ਜਾਂ ਅਗਲੀਆਂ ਮੁਲਾਕਾਤਾਂ ਤੇ ਸਟੱਡੀ ਸ਼ੁਰੂ ਕਰਨ ਲਈ ਵਰਤਿਆ ਜਾ ਸਕਦਾ ਹੈ।
4. ਪ੍ਰਚਾਰ ਕਰਨ ਤੇ ਸਿੱਖਿਆ ਦੇਣ ਵਿਚ ਕੀ ਫ਼ਰਕ ਹੈ?
4 ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਕਿਤਾਬ ਦੇਣ ਤੋਂ ਬਾਅਦ, ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਵਾਪਸ ਜਾ ਕੇ ‘ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੀ ਪਾਲਨਾ ਕਰਨੀ ਸਿਖਾਈਏ’ ਜਿਨ੍ਹਾਂ ਦਾ ਯਿਸੂ ਨੇ ਹੁਕਮ ਦਿੱਤਾ ਸੀ। (ਮੱਤੀ 28:20) ਪ੍ਰਚਾਰ ਕਰਨ ਤੇ ਸਿੱਖਿਆ ਦੇਣ ਵਿਚ ਕਾਫ਼ੀ ਫ਼ਰਕ ਹੈ। ਜਦ ਕਿ ਪ੍ਰਚਾਰ ਕਰਨ ਵਿਚ ਸੰਦੇਸ਼ ਹੀ ਦੱਸਿਆ ਜਾਂਦਾ ਹੈ, ਪਰ ਸਿੱਖਿਆ ਦੇਣ ਵਿਚ ਸਿਖਲਾਈ ਦੇਣੀ, ਗੱਲਾਂ ਨੂੰ ਸਮਝਾਉਣਾ ਅਤੇ ਸਬੂਤ ਪੇਸ਼ ਕਰਨਾ ਸ਼ਾਮਲ ਹੈ।
5. ਅਸੀਂ ਬਾਈਬਲ ਸਟੱਡੀ ਕਰਾਉਣ ਲਈ ਕਿੱਦਾਂ ਤਿਆਰੀ ਕਰ ਸਕਦੇ ਹਾਂ?
5 ਬਾਈਬਲ ਸਟੱਡੀ ਲਈ ਚੰਗੀ ਤਰ੍ਹਾਂ ਤਿਆਰੀ ਕਰੋ: ਇਕ ਪ੍ਰਭਾਵਕਾਰੀ ਸਿੱਖਿਅਕ ਬਣਨ ਲਈ (1) ਸਟੱਡੀ ਤੇ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰੀ ਕਰੋ। ਆਪਣੇ ਆਪ ਨੂੰ ਪੁੱਛੋ: ‘ਇਸ ਵਿਅਕਤੀ ਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨ ਲਈ ਕਿਹੜੀਆਂ ਗੱਲਾਂ ਲਾਗੂ ਕਰਨ ਦੀ ਲੋੜ ਹੈ?’ (2) ਸਟੱਡੀ ਕਰਾਉਣ ਵੇਲੇ ਬਾਈਬਲ ਵੱਲ ਧਿਆਨ ਖਿੱਚੋ। ਆਇਤਾਂ ਵਿੱਚੋਂ ਮੁੱਖ ਸ਼ਬਦਾਂ ਵੱਲ ਧਿਆਨ ਖਿੱਚੋ ਤਾਂਕਿ ਵਿਦਿਆਰਥੀ ਨੂੰ ਪਤਾ ਲੱਗ ਸਕੇ ਕਿ ਸਾਡੇ ਵਿਸ਼ਵਾਸਾਂ ਦਾ ਕੀ ਆਧਾਰ ਹੈ। (ਇਬ. 4:12) (3) ਅਧਿਆਇ ਦੇ ਸ਼ੁਰੂ ਵਿਚ ਦਿੱਤੇ ਸਵਾਲ, ਕਿਤਾਬ ਦੇ ਅਖ਼ੀਰ ਵਿਚ ਹੋਰ ਜਾਣਕਾਰੀ ਤੇ ਰਿਵਿਊ ਡੱਬੀ ਵਰਤੋ। (4) ਸਰਲ ਤਰੀਕੇ ਨਾਲ ਸਟੱਡੀ ਕਰਾਓ ਤੇ ਸਿਰਫ਼ ਮੁੱਖ ਗੱਲਾਂ ਤੇ ਹੀ ਜ਼ੋਰ ਦਿਓ। ਵਾਧੂ ਗੱਲਾਂ ਕਰਨ ਜਾਂ ਹੋਰ ਜਾਣਕਾਰੀ ਵਰਤਣ ਤੋਂ ਪਰਹੇਜ਼ ਕਰੋ।—ਯੂਹੰ. 16:12.
6. ਯਿਸੂ ਦੇ ਸ਼ਬਦ ਸਾਨੂੰ ਕਿੱਦਾਂ ਹੌਸਲਾ ਦਿੰਦੇ ਹਨ?
6 ਸਾਨੂੰ ਯਿਸੂ ਦੇ ਹੁਕਮ ਦੇ ਅਖ਼ੀਰਲੇ ਸ਼ਬਦਾਂ ਤੋਂ ਹੌਸਲਾ ਮਿਲਦਾ ਹੈ: “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:20) ਸਾਡੇ ਆਗੂ ਯਿਸੂ ਨੂੰ “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ” ਦਿੱਤਾ ਗਿਆ ਹੈ ਤੇ ਉਹ ਸਾਨੂੰ ਸਹਾਰਾ ਦੇਣ ਲਈ ਸਾਡੇ ਨਾਲ ਹੈ! ਆਓ ਆਪਾਂ ਵਧ-ਚੜ੍ਹ ਕੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਨੂੰ ਚੰਗੀ ਤਰ੍ਹਾਂ ਵਰਤੀਏ ਤੇ ਪਰਮੇਸ਼ੁਰ ਵੱਲੋਂ ਮਿਲਿਆ ਚੇਲੇ ਬਣਾਉਣ ਦਾ ਆਪਣਾ ਕੰਮ ਪੂਰਾ ਕਰੀਏ!