ਲਾਇਕ ਲੋਕਾਂ ਦੀ ਖੋਜ ਕਰੋ
1. ਅਸੀਂ ਪ੍ਰਚਾਰ ਕਰਨ ਦੇ ਸਨਮਾਨ ਲਈ ਆਪਣੀ ਕਦਰ ਕਿੱਦਾਂ ਦਿਖਾ ਸਕਦੇ ਹਾਂ?
1 ਯਿਸੂ ਨੇ ਪ੍ਰਚਾਰ ਕਰਦਿਆਂ ਹਲੀਮ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਸੀ। (ਯਸਾ. 61:1, 2) ਮਸੀਹ ਦੇ ਏਲਚੀਆਂ ਅਤੇ ਸੰਦੇਸ਼ਵਾਹਕਾਂ ਵਜੋਂ, ਸਾਡਾ ਵੀ ਇਹੀ ਸਨਮਾਨ ਹੈ ਕਿ ਅਸੀਂ ਪੁਰਜ਼ੋਰ ਲਗਾ ਕੇ ਯਿਸੂ ਦੀ ਨਕਲ ਕਰੀਏ ਤੇ ਆਪਣੇ ਇਲਾਕੇ ਵਿਚ ਲਾਇਕ ਲੋਕਾਂ ਨੂੰ ਭਾਲੀਏ।—ਮੱਤੀ 10:11; 2 ਕੁਰਿੰ. 5:20.
2. ਪੌਲੁਸ ਨੇ ਹਾਲਾਤਾਂ ਮੁਤਾਬਕ ਆਪਣਾ ਤਰੀਕਾ ਕਿਵੇਂ ਬਦਲਿਆ ਤੇ ਇਸ ਦਾ ਕੀ ਨਤੀਜਾ ਹੋਇਆ?
2 ਵੱਖੋ-ਵੱਖ ਤਰੀਕੇ ਵਰਤੋ: ਪੌਲੁਸ ਰਸੂਲ ਜਿਸ ਸ਼ਹਿਰ ਵਿਚ ਵੀ ਜਾਂਦਾ ਸੀ ਉਹ ਪਹਿਲਾਂ ਯਹੂਦੀਆਂ ਦੇ ਸਭਾ ਘਰ ਜਾ ਕੇ ਪ੍ਰਚਾਰ ਕਰਦਾ ਹੁੰਦਾ ਸੀ। (ਰਸੂ. 14:1) ਫ਼ਿਲਿੱਪੈ ਸ਼ਹਿਰ ਵਿਚ ਉਹ ਸੀਲਾਸ ਨਾਲ ਲੋਕਾਂ ਨੂੰ ਉੱਥੇ ਲੱਭਣ ਗਿਆ ਜਿੱਥੇ ਉਨ੍ਹਾਂ ਦੇ ਖ਼ਿਆਲ ਵਿਚ “ਕੋਈ ਪ੍ਰਾਰਥਨਾ ਕਰਨ ਦੀ ਥਾਂ” ਸੀ। ਉਨ੍ਹਾਂ ਨੇ ਉੱਥੇ ਇਕੱਠੀਆਂ ਹੋਈਆਂ ਔਰਤਾਂ ਨੂੰ ਗਵਾਹੀ ਦੇਣੀ ਸ਼ੁਰੂ ਕੀਤੀ ਜਿਸ ਕਰਕੇ ਲੁਦਿਯਾ ਨੇ ਸੱਚਾਈ ਅਪਣਾ ਲਈ।—ਰਸੂ. 16:12-15, ਪਵਿੱਤਰ ਬਾਈਬਲ ਨਵਾਂ ਅਨੁਵਾਦ।
3. ਘਰ-ਘਰ ਜਾ ਕੇ ਪ੍ਰਚਾਰ ਕਰਨ ਤੋਂ ਇਲਾਵਾ, ਅਸੀਂ ਹੋਰ ਕਿਹੜਿਆਂ ਮੌਕਿਆਂ ਦਾ ਫ਼ਾਇਦਾ ਉਠਾ ਸਕਦੇ ਹਾਂ?
3 ਘਰ-ਘਰ ਜਾਣ ਤੋਂ ਇਲਾਵਾ, ਕੀ ਤੁਸੀਂ ਲੋਕਾਂ ਨੂੰ ਅੱਡਿਆਂ, ਪਾਰਕਾਂ, ਦਫ਼ਤਰਾਂ, ਸੜਕਾਂ ਦੇ ਕੋਣਿਆਂ, ਵਪਾਰ ਕੇਂਦਰਾਂ ਤੇ ਸ਼ਾਪਿੰਗ ਸੈਂਟਰਾਂ ਤੇ ਮਿਲ ਕੇ ਪ੍ਰਚਾਰ ਕਰ ਸਕਦੇ ਹੋ? ਉਨ੍ਹਾਂ ਥਾਵਾਂ ਬਾਰੇ ਕੀ ਜਿੱਥੇ ਆਉਣਾ-ਜਾਣਾ ਔਖਾ ਹੈ ਜਿਵੇਂ ਸਕਿਊਰਟੀ ਗਾਰਡ ਵਾਲੇ ਅਪਾਰਟਮੈਂਟ? ਸ਼ਾਇਦ ਤੁਸੀਂ ਚਿੱਠੀਆਂ ਲਿਖ ਕੇ ਜਾਂ ਫ਼ੋਨ ਕਰ ਕੇ ਇਨ੍ਹਾਂ ਲੋਕਾਂ ਨਾਲ ਗੱਲ ਕਰ ਸਕਦੇ ਹੋ। ਪਰ ਜਦੋਂ ਅਸੀਂ ਇਨ੍ਹਾਂ ਤਰੀਕਿਆਂ ਰਾਹੀਂ ਪ੍ਰਚਾਰ ਕਰਦੇ ਹਾਂ, ਤਾਂ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਵੀ ਲੋੜ ਹੈ। ਆਪਣੇ ਇਲਾਕੇ ਵਿਚ ਬਦਲ ਰਹੀਆਂ ਹਾਲਤਾਂ ਨੂੰ ਧਿਆਨ ਵਿਚ ਰੱਖ ਕੇ ਅਤੇ ਵੱਖੋ-ਵੱਖਰੇ ਤਰੀਕੇ ਵਰਤ ਕੇ ਤੁਸੀਂ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧ’ ਸਕਦੇ ਹੋ।—1 ਕੁਰਿੰ. 15:58.
4. ਜੇ ਸਾਡੀ ਕਲੀਸਿਯਾ ਦਾ ਇਲਾਕਾ ਛੋਟਾ ਹੈ, ਤਾਂ ਅਸੀਂ ਕੀ ਕੁਝ ਕਰ ਸਕਦੇ ਹਾਂ?
4 ਕਈ ਪਬਲੀਸ਼ਰ ਹੋਰ ਕਲੀਸਿਯਾ ਨਾਲ ਮਿਲ ਕੇ ਆਪਣੀ ਸੇਵਕਾਈ ਵਧਾ ਸਕੇ ਹਨ। ਹੋਰਨਾਂ ਨੇ ਨਵੀਂ ਭਾਸ਼ਾ ਸਿੱਖੀ ਹੈ ਤਾਂਕਿ ਉਹ ਹੋਰਨਾਂ ਸੂਬਿਆਂ ਤੋਂ ਆਏ ਲੋਕਾਂ ਨੂੰ ਪ੍ਰਚਾਰ ਕਰ ਸਕਣ।
5. ਇਸ ਸਮੇਂ ਬਾਰੇ ਸਾਡਾ ਕੀ ਵਿਚਾਰ ਹੋਣਾ ਚਾਹੀਦਾ ਹੈ ਤੇ ਇਸ ਲਈ ਸਾਡਾ ਕੀ ਪੱਕਾ ਇਰਾਦਾ ਹੋਣਾ ਚਾਹੀਦਾ ਹੈ?
5 ਸਾਨੂੰ ਸਾਰਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੂਰਾ ਜਗਤ ਸਾਡਾ ਇਲਾਕਾ ਹੈ। (ਮੱਤੀ 9:37; 13:38) ਇਸ ਜਗਤ ਦੇ ਅੰਤ ਦੀ ਨੇੜਤਾ ਨੂੰ ਧਿਆਨ ਵਿਚ ਰੱਖਦਿਆਂ, ਸਾਨੂੰ ਸਾਰਿਆਂ ਨੂੰ ਆਪਣੀ ਸੇਵਕਾਈ ਵਧਾਉਣ ਸੰਬੰਧੀ ਆਪੋ-ਆਪਣੇ ਹਾਲਾਤ, ਹੁਨਰ ਤੇ ਮੌਕਿਆਂ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਯਹੋਵਾਹ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਜੇ ਅਸੀਂ ਉਸ ਦੇ ਰਾਜ ਨੂੰ ਪਹਿਲ ਦੇਵਾਂਗੇ, ਤਾਂ ਉਹ ਜ਼ਰੂਰ ਸਾਨੂੰ ਆਪਣੀ ਸੇਵਾ ਦਾ ਮੇਵਾ ਦੇਵੇਗਾ।—ਮੱਤੀ 6:33.