ਪ੍ਰਸ਼ਨ ਡੱਬੀ
◼ ਟੈਲੀਫ਼ੋਨ ਦੁਆਰਾ ਮੀਟਿੰਗਾਂ ਨੂੰ ਸੁਣਨ ਦੇ ਸੰਬੰਧ ਵਿਚ ਸਾਨੂੰ ਸਮਝਦਾਰੀ ਕਿਉਂ ਵਰਤਣੀ ਚਾਹੀਦੀ ਹੈ?
ਕਈ ਭੈਣ-ਭਰਾ ਕਦੇ-ਕਦੇ ਬੀਮਾਰ ਹੋਣ ਜਾਂ ਕਿਸੇ ਹੋਰ ਵਜ੍ਹਾ ਕਰਕੇ ਆਪਣੀ ਕਲੀਸਿਯਾ ਦੀਆਂ ਸਭਾਵਾਂ ਵਿਚ ਨਹੀਂ ਜਾ ਸਕਦੇ। ਇਸ ਕਰਕੇ ਕਈਆਂ ਕਲੀਸਿਯਾਵਾਂ ਨੇ ਟੈਲੀਫ਼ੋਨ ਰਾਹੀਂ ਮੀਟਿੰਗਾਂ ਸੁਣਨ ਦਾ ਪ੍ਰਬੰਧ ਕੀਤਾ ਹੈ ਤਾਂਕਿ ਅਜਿਹੇ ਪਬਲੀਸ਼ਰ ਆਪਣੇ ਘਰ ਬੈਠਿਆਂ ਪ੍ਰੋਗ੍ਰਾਮ ਸੁਣ ਸਕਦੇ ਹਨ। ਇਸ ਸੰਬੰਧ ਵਿਚ ਸਮਝਦਾਰੀ ਵਰਤਣ ਦੀ ਲੋੜ ਹੈ ਕਿ ਇਸ ਇੰਤਜ਼ਾਮ ਤੋਂ ਸਿਰਫ਼ ਉਹੀ ਫ਼ਾਇਦਾ ਉਠਾਉਣ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ। ਬਜ਼ੁਰਗਾਂ ਨੂੰ ਇਸ ਇੰਤਜ਼ਾਮ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂਕਿ “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।”—1 ਕੁਰਿੰ. 14:40.
ਬਜ਼ੁਰਗ ਇਹ ਗੱਲ ਧਿਆਨ ਵਿਚ ਰੱਖਣਗੇ ਕਿ ਕਲੀਸਿਯਾ ਵਿਚ ਉਨ੍ਹਾਂ ਪਬਲੀਸ਼ਰਾਂ ਨੂੰ ਪਹਿਲ ਦਿੱਤੀ ਜਾਵੇ ਜੋ ਬੀਮਾਰ ਰਹਿੰਦੇ ਹਨ ਜਾਂ ਜੋ ਘਰੋਂ ਬਾਹਰ ਨਹੀਂ ਨਿਕਲ ਪਾਉਂਦੇ। ਕਦੇ-ਕਦੇ ਬੀਮਾਰ ਹੋਣ ਵਾਲੇ ਭੈਣ-ਭਰਾ ਜਾਂ ਤਰੱਕੀ ਕਰਨ ਵਾਲੇ ਉਹ ਬਾਈਬਲ ਸਟੂਡੈਂਟ ਜੋ ਘਰੋਂ ਨਹੀਂ ਨਿਕਲ ਪਾਉਂਦੇ ਇਸ ਪ੍ਰਬੰਧ ਤੋਂ ਲਾਭ ਉਠਾ ਸਕਦੇ ਹਨ। ਇਨ੍ਹਾਂ ਸਾਰਿਆਂ ਨੂੰ ਕਲੀਸਿਯਾ ਦੀ ਹਾਜ਼ਰੀ ਵਿਚ ਗਿਣਿਆ ਜਾਣਾ ਚਾਹੀਦਾ ਹੈ। ਜੇ ਅਜਿਹੇ ਸਾਰੇ ਭੈਣਾਂ-ਭਰਾਵਾਂ ਲਈ ਟੈਲੀਫ਼ੋਨ ਲਾਈਨਾਂ ਨਾ ਹੋਣ, ਤਾਂ ਉਨ੍ਹਾਂ ਲਈ ਸਭਾਵਾਂ ਦੀ ਰਿਕਾਰਡਿੰਗ ਕਰਨ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਮੀਟਿੰਗਾਂ ਵਿਚ ਖ਼ੁਦ ਹਾਜ਼ਰ ਹੋ ਕੇ ਸਭ ਤੋਂ ਜ਼ਿਆਦਾ ਲਾਭ ਉਠਾਉਂਦੇ ਹਾਂ। ਕਿੰਗਡਮ ਹਾਲ ਵਿਚ ਭੈਣਾਂ-ਭਰਾਵਾਂ ਨਾਲ ਮਿਲ-ਜੁਲ ਕੇ ਸਾਨੂੰ ‘ਦੋਵੋਂ ਧਿਰਾਂ ਨੂੰ ਉਤਸ਼ਾਹ ਪ੍ਰਾਪਤ’ ਹੁੰਦਾ ਹੈ ਤੇ ਨਵੇਂ ਲੋਕਾਂ ਨੂੰ ਵੀ ਪਤਾ ਚੱਲਦਾ ਹੈ ਕਿ ਸਭਾਵਾਂ ਵਿਚ ਹਾਜ਼ਰ ਹੋਣਾ ਕਿੰਨਾ ਜ਼ਰੂਰੀ ਹੈ। ਆਪਣੀਆਂ ਸਭਾਵਾਂ ਵਿਚ ਜਾਣ ਨਾਲ ਅਸੀਂ ਪ੍ਰਦਰਸ਼ਨ ਦੇਖਦੇ ਹਾਂ ਜਿਨ੍ਹਾਂ ਦਾ ਸਾਡੇ ਉੱਤੇ ਵਧੀਆ ਅਸਰ ਪੈਂਦਾ ਹੈ, ਬਜ਼ੁਰਗ ਸਾਨੂੰ ਸਹਾਇਤਾ ਦੇ ਸਕਦੇ ਹਨ ਤੇ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਪਿਆਰ ਮਹਿਸੂਸ ਕਰਦੇ ਹਾਂ। ਇਕ ਸਿਆਣੀ ਭੈਣ ਨੇ ਸੱਚ ਹੀ ਕਿਹਾ ਜਦੋਂ ਉਸ ਨੂੰ ਕਿੰਗਡਮ ਹਾਲ ਵਿਚ ਮੀਟਿੰਗ ਤੋਂ ਬਾਅਦ ਕਿਸੇ ਨੇ ਗਲਵੱਕੜੀ ਪਾਈ: “ਮੈਨੂੰ ਅਜਿਹਾ ਪਿਆਰ ਟੈਲੀਫ਼ੋਨ ਰਾਹੀਂ ਕਦੇ ਨਹੀਂ ਮਿਲ ਸਕਦਾ!”—ਰੋਮ 1:11, 12, CL.
ਆੱਨਾ ਦੀ ਤਰ੍ਹਾਂ ਜੋ ਹਮੇਸ਼ਾ ਹੈਕਲ ਵਿਚ ਆਉਂਦੀ ਸੀ, ਅੱਜ-ਕੱਲ੍ਹ ਸਾਡੇ ਕਈ ਬਜ਼ੁਰਗ ਭੈਣ-ਭਰਾ ਆਪਣੇ ਹਾਲਾਤਾਂ ਮੁਤਾਬਕ ਤਕਰੀਬਨ ਸਾਰੀਆਂ ਮੀਟਿੰਗਾਂ ਵਿਚ ਆਉਂਦੇ ਹਨ। (ਲੂਕਾ 2:36, 37) ਭਾਵੇਂ ਲੋੜ ਪੈਣ ਤੇ ਉਹ ਟੈਲੀਫ਼ੋਨ ਰਾਹੀਂ ਮੀਟਿੰਗ ਸੁਣ ਲੈਂਦੇ ਹਨ, ਪਰ ਉਹ ਇਹ ਨਹੀਂ ਸੋਚਦੇ ਕਿ ਕਿੰਗਡਮ ਹਾਲ ਜਾਣ ਦੀ ਥਾਂ ਉਹ ਬਿਨਾਂ ਵਜ੍ਹਾ ਘਰ ਬੈਠ ਕੇ ਮੀਟਿੰਗ ਸੁਣ ਲੈਣਗੇ। ਉਨ੍ਹਾਂ ਦੀ ਵਧੀਆ ਮਿਸਾਲ ਦੀ ਨਕਲ ਕਰ ਕੇ ਆਓ ਆਪਾਂ ਆਪਣੀਆਂ ਸਭਾਵਾਂ ਵਿਚ ਖ਼ੁਸ਼ੀ-ਖ਼ੁਸ਼ੀ ਹਾਜ਼ਰ ਹੁੰਦੇ ਰਹੀਏ ਤੇ ਆਪਣੇ ਮਹਾਨ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਦੇ ਰਹੀਏ।—ਜ਼ਬੂ. 95:1-3, 6; 122:1.