ਬੁੱਧ ਆਪਣੇ ਕਰਮਾਂ ਤੋਂ ਸੱਚੀ ਠਹਿਰਦੀ ਹੈ
1. ਸਾਡੇ ਕੰਮ ਬਾਰੇ ਕੁਝ ਲੋਕਾਂ ਦਾ ਕੀ ਵਿਚਾਰ ਹੈ?
1 ਕਈ ਲੋਕ ਯਹੋਵਾਹ ਦੇ ਗਵਾਹਾਂ ਬਾਰੇ ਭਲਾ-ਬੁਰਾ ਸੁਣ ਕੇ ਸਾਡਾ ਸੰਦੇਸ਼ ਸੁਣਨ ਤੋਂ ਇਨਕਾਰ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਸਾਡੇ ਬਾਰੇ ਗ਼ਲਤਫ਼ਹਿਮੀਆਂ ਹਨ। ਹੋ ਸਕਦਾ ਹੈ ਕਿ ਉਨ੍ਹਾਂ ਨੇ ਸਾਡੇ ਬਾਰੇ ਗ਼ਲਤ-ਮਲਤ ਖ਼ਬਰਾਂ ਸੁਣੀਆਂ ਹੋਣ। ਕੁਝ ਇਲਾਕਿਆਂ ਵਿਚ ਸਾਡੇ ਉੱਤੇ ਦੋਸ਼ ਲਾਇਆ ਗਿਆ ਹੈ ਕਿ ਅਸੀਂ ਧੋਖੇ ਨਾਲ ਲੋਕਾਂ ਦਾ ਧਰਮ ਬਦਲਦੇ ਹਾਂ। ਅਜਿਹੀ ਆਲੋਚਨਾ ਦਾ ਸਾਨੂੰ ਕਿਵੇਂ ਸਾਮ੍ਹਣਾ ਕਰਨਾ ਚਾਹੀਦਾ ਹੈ?
2. ਅਸੀਂ ਨਿਰਾਸ਼ ਹੋਣ ਤੋਂ ਕਿੱਦਾਂ ਬਚ ਸਕਦੇ ਹਾਂ ਜਦੋਂ ਲੋਕ ਸਾਡੇ ਬਾਰੇ ਬੁਰਾ-ਭਲਾ ਕਹਿੰਦੇ ਹਨ?
2 ਆਪਣਾ ਨਜ਼ਰੀਆ ਸਹੀ ਰੱਖੋ: ਪਹਿਲੀ ਸਦੀ ਵਿਚ ਵੀ ਲੋਕ ਯਿਸੂ ਬਾਰੇ ਅਤੇ ਯਹੋਵਾਹ ਦੇ ਹੋਰਨਾਂ ਸੇਵਕਾਂ ਬਾਰੇ ਅਕਸਰ ਬੁਰਾ-ਭਲਾ ਕਹਿੰਦੇ ਸਨ ਤੇ ਉਨ੍ਹਾਂ ਨੂੰ ਬਦਨਾਮ ਕਰਦੇ ਸਨ। (ਰਸੂ. 28:22) ਪਰ ਉਹ ਵਿਰੋਧ ਕਰਕੇ ਆਪਣੇ ਪ੍ਰਚਾਰ ਦੇ ਕੰਮ ਬਾਰੇ ਸ਼ਰਮਿੰਦਾ ਨਹੀਂ ਮਹਿਸੂਸ ਕਰਦੇ ਸਨ। ਯਿਸੂ ਨੇ ਕਿਹਾ ਕਿ ਬੁੱਧ ਆਪਣੇ ਕਰਮਾਂ ਤੋਂ ਸੱਚੀ ਠਹਿਰਦੀ ਹੈ। (ਮੱਤੀ 11:18, 19) ਯਿਸੂ ਜ਼ੋਰ-ਸ਼ੋਰ ਨਾਲ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਦਾ ਰਿਹਾ ਕਿਉਂਕਿ ਉਸ ਨੂੰ ਭਰੋਸਾ ਸੀ ਕਿ ਸੱਚਾਈ ਦੀ ਭਾਲ ਕਰਨ ਵਾਲੇ ਖ਼ੁਸ਼ ਖ਼ਬਰੀ ਦੀ ਕੀਮਤ ਖ਼ੁਦ ਪਛਾਣ ਲੈਣਗੇ। ਇਹ ਯਾਦ ਰੱਖਣ ਨਾਲ ਕਿ ਪਰਮੇਸ਼ੁਰ ਦੇ ਆਪਣੇ ਪੁੱਤਰ ਨਾਲ ਕੀ ਕੁਝ ਬੀਤਿਆ ਅਸੀਂ ਨਿਰਾਸ਼ ਹੋਣ ਤੋਂ ਬਚ ਸਕਦੇ ਹਾਂ।
3. ਗ਼ਲਤ ਰਿਪੋਰਟਾਂ ਅਤੇ ਵਿਰੋਧ ਕਰਕੇ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ?
3 ਯਿਸੂ ਨੇ ਕਿਹਾ ਸੀ ਦੁਨੀਆਂ ਉਸ ਦੇ ਚੇਲਿਆਂ ਨਾਲ ਨਫ਼ਰਤ ਕਰੇਗੀ ਠੀਕ ਜਿਵੇਂ ਉਸ ਨੇ ਉਸ ਨਾਲ ਨਫ਼ਰਤ ਕੀਤੀ ਸੀ। (ਯੂਹੰ. 15:18-20) ਇਸ ਕਰਕੇ ਗ਼ਲਤ-ਮਲਤ ਤੇ ਵਿਰੋਧਤਾ ਬਾਰੇ ਰਿਪੋਰਟਾਂ ਸੁਣ ਕੇ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਦਰਅਸਲ, ਅਸੀਂ ਜਾਣਦੇ ਹਾਂ ਕਿ ਅਜਿਹੀਆਂ ਗੱਲਾਂ ਵਧਣਗੀਆਂ ਕਿਉਂਕਿ ਦੁਨੀਆਂ ਦਾ ਅੰਤ ਨਜ਼ਦੀਕ ਹੈ ਤੇ ਸ਼ਤਾਨ ਦਾ ਗੁੱਸਾ ਭੜਕ ਰਿਹਾ ਹੈ। (ਪਰ. 12:12) ਅਸੀਂ ਖ਼ੁਸ਼ ਹੋ ਸਕਦੇ ਹਾਂ ਕਿਉਂਕਿ ਇਹ ਸਬੂਤ ਦਿੰਦੀਆਂ ਹਨ ਕਿ ਸ਼ਤਾਨ ਦੀ ਦੁਨੀਆਂ ਦਾ ਥੋੜ੍ਹਾ ਹੀ ਸਮਾਂ ਰਹਿੰਦਾ ਹੈ।
4. ਜੇ ਕੋਈ ਵਿਅਕਤੀ ਸਾਡੇ ਸੰਦੇਸ਼ ਨੂੰ ਨਹੀਂ ਸੁਣਨਾ ਚਾਹੁੰਦਾ, ਤਾਂ ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
4 ਸਲੀਕੇ ਨਾਲ ਪੇਸ਼ ਆਓ: ਜਦੋਂ ਕੋਈ ਵਿਅਕਤੀ ਸਾਡਾ ਸੰਦੇਸ਼ ਨਹੀਂ ਸੁਣਨਾ ਚਾਹੁੰਦਾ, ਤਾਂ ਸਾਨੂੰ ਹਮੇਸ਼ਾ ਸਲੀਕੇ ਅਤੇ ਨਰਮਾਈ ਨਾਲ ਜਵਾਬ ਦੇਣਾ ਚਾਹੀਦਾ ਹੈ। (ਕਹਾ. 15:1; ਕੁਲੁ. 4:5, 6) ਜੇ ਸਾਨੂੰ ਕੋਈ ਮੌਕਾ ਦੇਵੇ, ਤਾਂ ਅਸੀਂ ਉਸ ਨੂੰ ਸਮਝਾ ਸਕਦੇ ਹਾਂ ਕਿ ਯਹੋਵਾਹ ਦੇ ਗਵਾਹਾਂ ਬਾਰੇ ਕਾਫ਼ੀ ਝੂਠੀਆਂ ਗੱਲਾਂ ਕਹੀਆਂ ਜਾ ਚੁੱਕੀਆਂ ਹਨ ਜਾਂ ਅਸੀਂ ਉਸ ਨੂੰ ਪੁੱਛ ਸਕਦੇ ਹਾਂ ਕਿ ਉਹ ਕਿਉਂ ਇਸ ਤਰ੍ਹਾਂ ਮਹਿਸੂਸ ਕਰਦਾ ਹੈ। ਜੇ ਅਸੀਂ ਨਰਮਾਈ ਨਾਲ ਪੇਸ਼ ਆਵਾਂਗੇ, ਤਾਂ ਹੋ ਸਕਦਾ ਹੈ ਕਿ ਉਹ ਸੁਣੀਆਂ-ਸੁਣਾਈਆਂ ਗੱਲਾਂ ʼਤੇ ਨਾ ਯਕੀਨ ਕਰੇ ਜਾਂ ਅਗਲੇ ਗਵਾਹ ਦੀ ਗੱਲ ਸੁਣਨ ਲਈ ਰਾਜ਼ੀ ਹੋਵੇ। ਪਰ, ਜੇ ਘਰ-ਸੁਆਮੀ ਜ਼ਿਆਦਾ ਹੀ ਗੁੱਸੇ ਹੋਵੇ, ਤਾਂ ਉੱਥੋਂ ਚਲੇ ਜਾਣਾ ਬਿਹਤਰ ਹੋਵੇਗਾ। ਲੋਕ ਭਾਵੇਂ ਸਾਡੇ ਬਾਰੇ ਜੋ ਮਰਜ਼ੀ ਸੋਚਣ, ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਸਾਡੀ ਸੇਵਕਾਈ ਨੂੰ ਅਨਮੋਲ ਸਮਝਦਾ ਹੈ।—ਯਸਾ. 52:7.