ਪੇਸ਼ਕਾਰੀਆਂ ਨੂੰ ਕਿਵੇਂ ਵਰਤੀਏ
1 ਹਰ ਮਹੀਨੇ ਸਾਡੀ ਰਾਜ ਸੇਵਕਾਈ ਵਿਚ ਰਸਾਲਿਆਂ ਅਤੇ ਹੋਰ ਪ੍ਰਕਾਸ਼ਨਾਂ ਨੂੰ ਪੇਸ਼ ਕਰਨ ਦੇ ਸੁਝਾਅ ਦਿੱਤੇ ਜਾਂਦੇ ਹਨ। ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਸਾਨੂੰ ਇਨ੍ਹਾਂ ਪੇਸ਼ਕਾਰੀਆਂ ਨੂੰ ਹੂ-ਬਹੂ ਦੁਹਰਾਉਣ ਦੀ ਲੋੜ ਨਹੀਂ ਹੈ। ਇਹ ਸਿਰਫ਼ ਸੁਝਾਅ ਦੇ ਤੌਰ ਤੇ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਸੁਝਾਵਾਂ ਨੂੰ ਆਪਣੇ ਸ਼ਬਦਾਂ ਵਿਚ ਕਹਿ ਕੇ ਅਸੀਂ ਜ਼ਿਆਦਾ ਅਸਰਦਾਰ ਬਣਾਂਗੇ। ਜੇ ਅਸੀਂ ਆਪਣੇ ਸ਼ਬਦਾਂ ਵਿਚ ਗੱਲ ਕਰਾਂਗੇ, ਤਾਂ ਘਰ-ਮਾਲਕ ਦੀ ਘਬਰਾਹਟ ਦੂਰ ਹੋਵੇਗੀ ਅਤੇ ਇਹ ਵੀ ਜ਼ਾਹਰ ਹੋਵੇਗਾ ਕਿ ਅਸੀਂ ਜੋ ਕਹਿ ਰਹੇ ਹਾਂ, ਉਹ ਦਿਲੋਂ ਕਹਿੰਦੇ ਹਾਂ ਅਤੇ ਉਸ ʼਤੇ ਸਾਨੂੰ ਪੂਰਾ ਯਕੀਨ ਹੈ।—2 ਕੁਰਿੰ. 2:17; 1 ਥੱਸ. 1:5.
2 ਪੇਸ਼ਕਾਰੀਆਂ ਨੂੰ ਲੋੜ ਮੁਤਾਬਕ ਢਾਲੋ: ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਸਮੇਂ ਸਾਨੂੰ ਆਪਣੇ ਇਲਾਕੇ ਦੇ ਦਸਤੂਰ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਕੀ ਸਾਨੂੰ ਪੇਸ਼ਕਾਰੀ ਦੇਣ ਤੋਂ ਪਹਿਲਾਂ ਨਮਸਤੇ ਕਹਿ ਕੇ ਲੋਕਾਂ ਦਾ ਪਹਿਲਾਂ ਹਾਲ-ਚਾਲ ਪੁੱਛਣਾ ਚਾਹੀਦਾ ਜਾਂ ਕੀ ਉਹ ਚਾਹੁੰਦੇ ਹਨ ਕਿ ਅਸੀਂ ਫਟਾਫਟ ਆਪਣੀ ਗੱਲ ਕਹੀਏ? ਇਹ ਗੱਲ ਵੱਖੋ-ਵੱਖਰੀਆਂ ਥਾਵਾਂ ਅਤੇ ਵੱਖੋ-ਵੱਖਰੇ ਲੋਕਾਂ ਤੇ ਨਿਰਭਰ ਕਰਦੀ ਹੈ। ਸਵਾਲ ਪੁੱਛਦੇ ਸਮੇਂ ਵੀ ਸਮਝਦਾਰੀ ਵਰਤੋ। ਇਕ ਇਲਾਕੇ ਵਿਚ ਆਮ ਤੌਰ ਤੇ ਪੁੱਛੇ ਜਾਂਦੇ ਸਵਾਲ ਸ਼ਾਇਦ ਦੂਜੇ ਇਲਾਕੇ ਦੇ ਲੋਕਾਂ ਨੂੰ ਚੰਗੇ ਨਾ ਲੱਗਣ। ਇਸ ਕਰਕੇ ਸਾਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਇਲਾਕੇ ਦੇ ਦਸਤੂਰ ਅਨੁਸਾਰ ਆਪਣੀ ਪੇਸ਼ਕਾਰੀ ਨੂੰ ਢਾਲਣਾ ਚਾਹੀਦਾ ਹੈ।
3 ਇਸ ਤੋਂ ਇਲਾਵਾ, ਪ੍ਰਚਾਰ ਦੀ ਤਿਆਰੀ ਕਰਦੇ ਸਮੇਂ ਸਾਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸਾਡੇ ਇਲਾਕੇ ਦੇ ਲੋਕਾਂ ਦਾ ਪਿਛੋਕੜ ਕੀ ਹੈ ਅਤੇ ਉਹ ਕੀ ਸੋਚਦੇ ਹਨ। ਮਿਸਾਲ ਲਈ, ਜਿਵੇਂ ਅਸੀਂ ਇਕ ਕੈਥੋਲਿਕ ਸ਼ਰਧਾਲੂ ਨਾਲ ਮੱਤੀ 6:9, 10 ਵਿਚ ਪ੍ਰਾਰਥਨਾ ਦੇ ਸ਼ਬਦਾਂ ਉੱਤੇ ਚਰਚਾ ਕਰਾਂਗੇ, ਉਵੇਂ ਕਿਸੇ ਹੋਰ ਧਰਮ ਦੇ ਵਿਅਕਤੀ ਨਾਲ ਨਹੀਂ ਕਰਾਂਗੇ ਜੋ ਇਸ ਪ੍ਰਾਰਥਨਾ ਤੋਂ ਬਿਲਕੁਲ ਅਣਜਾਣ ਹੈ। ਪਹਿਲਾਂ ਤੋਂ ਸੋਚ-ਵਿਚਾਰ ਕਰਨ ਨਾਲ ਅਸੀਂ ਅਕਸਰ ਆਪਣੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਅਨੁਸਾਰ ਆਪਣੀਆਂ ਪੇਸ਼ਕਾਰੀਆਂ ਨੂੰ ਢਾਲ ਸਕਦੇ ਹਾਂ ਜੋ ਉਨ੍ਹਾਂ ਨੂੰ ਜ਼ਿਆਦਾ ਚੰਗੀਆਂ ਲੱਗਣਗੀਆਂ।—1 ਕੁਰਿੰ. 9:20-23.
4 ਜੇ ਅਸੀਂ ਕਿਸੇ ਪੇਸ਼ਕਾਰੀ ਨੂੰ ਹੂ-ਬਹੂ ਦੁਹਰਾਉਣ ਦੀ ਸੋਚ ਰਹੇ ਹਾਂ, ਤਾਂ ਵੀ ਚੰਗੀ ਤਰ੍ਹਾਂ ਤਿਆਰੀ ਕਰਨ ਦੀ ਲੋੜ ਹੈ। ਸਾਨੂੰ ਉਹ ਲੇਖ ਜਾਂ ਅਧਿਆਇ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਜੋ ਅਸੀਂ ਪੇਸ਼ ਕਰਨ ਬਾਰੇ ਸੋਚ ਰਹੇ ਹਾਂ ਅਤੇ ਉਸ ਵਿੱਚੋਂ ਦਿਲਚਸਪ ਮੁੱਦੇ ਲੱਭਣੇ ਚਾਹੀਦੇ ਹਨ। ਫਿਰ ਸਾਨੂੰ ਇਹ ਆਪਣੀ ਪੇਸ਼ਕਾਰੀ ਵਿਚ ਸ਼ਾਮਲ ਕਰਨੇ ਚਾਹੀਦੇ ਹਨ। ਆਪਣੇ ਪ੍ਰਕਾਸ਼ਨਾਂ ਵਿਚ ਦਿੱਤੀ ਵਧੀਆ ਜਾਣਕਾਰੀ ਪੜ੍ਹ ਕੇ ਹੀ ਅਸੀਂ ਲੋਕਾਂ ਨੂੰ ਇਹ ਪ੍ਰਕਾਸ਼ਨ ਜੋਸ਼ ਨਾਲ ਪੇਸ਼ ਕਰ ਸਕਦੇ ਹਾਂ।
5 ਹੋਰ ਪੇਸ਼ਕਾਰੀਆਂ: ਕੀ ਅਸੀਂ ਸਿਰਫ਼ ਸਾਡੀ ਰਾਜ ਸੇਵਕਾਈ ਵਿਚ ਦਿੱਤੀਆਂ ਪੇਸ਼ਕਾਰੀਆਂ ਹੀ ਵਰਤ ਸਕਦੇ ਹਾਂ? ਨਹੀਂ। ਜੇ ਤੁਹਾਨੂੰ ਕੋਈ ਹੋਰ ਪੇਸ਼ਕਾਰੀ ਜਾਂ ਹਵਾਲਾ ਵਰਤਣਾ ਜ਼ਿਆਦਾ ਆਸਾਨ ਲੱਗਦਾ ਹੈ, ਤਾਂ ਤੁਸੀਂ ਉਹ ਵਰਤ ਸਕਦੇ ਹੋ। ਖ਼ਾਸ ਕਰਕੇ ਰਸਾਲਿਆਂ ਵਿੱਚੋਂ ਮੁੱਖ ਲੇਖਾਂ ਤੋਂ ਇਲਾਵਾ ਹੋਰ ਕਈ ਲੇਖ ਵੀ ਵਰਤੇ ਜਾ ਸਕਦੇ ਹਨ ਜੋ ਸ਼ਾਇਦ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਪਸੰਦ ਆਉਣ। ਸੇਵਾ ਸਭਾ ਵਿਚ ਜਦੋਂ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕਰਨ ਲਈ ਕਿਹਾ ਜਾਂਦਾ ਹੈ, ਤਾਂ ਤੁਸੀਂ ਉਨ੍ਹਾਂ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕਰ ਸਕਦੇ ਹੋ ਜੋ ਤੁਹਾਡੇ ਇਲਾਕੇ ਵਿਚ ਅਸਰਦਾਰ ਸਾਬਤ ਹੋਈਆਂ ਹਨ। ਇਸ ਤਰ੍ਹਾਂ ਸਾਰੇ ਭੈਣ-ਭਰਾ ਖ਼ੁਸ਼ ਖ਼ਬਰੀ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨਾ ਸਿੱਖ ਸਕਦੇ ਹਨ।
[ਸਵਾਲ]
1. ਸਾਨੂੰ ਪੇਸ਼ਕਾਰੀਆਂ ਨੂੰ ਕਿਵੇਂ ਵਰਤਣਾ ਚਾਹੀਦਾ ਹੈ?
2. ਪੇਸ਼ਕਾਰੀਆਂ ਤਿਆਰ ਕਰਦੇ ਸਮੇਂ ਸਾਨੂੰ ਇਲਾਕੇ ਦਾ ਦਸਤੂਰ ਧਿਆਨ ਵਿਚ ਕਿਉਂ ਰੱਖਣਾ ਚਾਹੀਦਾ ਹੈ?
3. ਸਾਨੂੰ ਲੋਕਾਂ ਦੇ ਪਿਛੋਕੜ ਅਤੇ ਸੋਚ ਨੂੰ ਕਿਉਂ ਧਿਆਨ ਵਿਚ ਰੱਖਣਾ ਚਾਹੀਦਾ ਹੈ?
4. ਚੰਗੀ ਤਿਆਰੀ ਕਰਨੀ ਕਿਉਂ ਜ਼ਰੂਰੀ ਹੈ?
5. ਅਸੀਂ ਵੱਖਰੀ ਪੇਸ਼ਕਾਰੀ ਕਿਉਂ ਤਿਆਰ ਕਰ ਸਕਦੇ ਹਾਂ ਅਤੇ ਕਿਵੇਂ?