ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr19 ਅਪ੍ਰੈਲ ਸਫ਼ੇ 1-8
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2019
  • ਸਿਰਲੇਖ
  • 1-7 ਅਪ੍ਰੈਲ
  • 8-14 ਅਪ੍ਰੈਲ
  • 22-28 ਅਪ੍ਰੈਲ
  • 29 ਅਪ੍ਰੈਲ–5 ਮਈ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2019
mwbr19 ਅਪ੍ਰੈਲ ਸਫ਼ੇ 1-8

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

1-7 ਅਪ੍ਰੈਲ

ਰੱਬ ਦਾ ਬਚਨ ਖ਼ਜ਼ਾਨਾ ਹੈ | 1 ਕੁਰਿੰਥੀਆਂ 7-9

“ਕੁਆਰੇ ਰਹਿਣਾ ਇਕ ਦਾਤ ਹੈ”

(1 ਕੁਰਿੰਥੀਆਂ 7:32) ਅਸਲ ਵਿਚ ਮੇਰੀ ਇਹੀ ਇੱਛਾ ਹੈ ਕਿ ਤੁਸੀਂ ਚਿੰਤਾ ਤੋਂ ਮੁਕਤ ਹੋ ਜਾਵੋ। ਕੁਆਰੇ ਇਨਸਾਨ ਨੂੰ ਸਿਰਫ਼ ਪ੍ਰਭੂ ਦੇ ਕੰਮ ਦੀ ਚਿੰਤਾ ਹੁੰਦੀ ਹੈ ਕਿਉਂਕਿ ਉਹ ਪ੍ਰਭੂ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ।

w11 1/15 17-18 ਪੈਰਾ 3

ਕੁਆਰੇ ਰਹਿਣਾ ਇਕ ਦਾਤ ਹੈ

3 ਕੁਆਰੇ ਵਿਅਕਤੀ ਕੋਲ ਅਕਸਰ ਵਿਆਹੇ ਵਿਅਕਤੀ ਨਾਲੋਂ ਜ਼ਿਆਦਾ ਸਮਾਂ ਅਤੇ ਆਜ਼ਾਦੀ ਹੁੰਦੀ ਹੈ। (1 ਕੁਰਿੰ. 7:32-35) ਇਨ੍ਹਾਂ ਫ਼ਾਇਦਿਆਂ ਕਰਕੇ ਉਹ ਸ਼ਾਇਦ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾ ਸਕੇ, ਜ਼ਿਆਦਾ ਤੋਂ ਜ਼ਿਆਦਾ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾ ਸਕੇ ਅਤੇ ਯਹੋਵਾਹ ਦੇ ਹੋਰ ਨੇੜੇ ਆ ਸਕੇ। ਇਸ ਲਈ ਕਈ ਮਸੀਹੀਆਂ ਨੇ ਕੁਆਰੇ ਰਹਿਣ ਦੇ ਫ਼ਾਇਦਿਆਂ ਨੂੰ ਦੇਖਿਆ ਹੈ ਅਤੇ ਘੱਟੋ-ਘੱਟ ਕੁਝ ਸਮੇਂ ਲਈ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ। ਦੂਸਰਿਆਂ ਨੇ ਪਹਿਲਾਂ-ਪਹਿਲਾਂ ਕੁਆਰੇ ਜਾਂ ਇਕੱਲੇ ਰਹਿਣ ਦਾ ਇਰਾਦਾ ਨਹੀਂ ਸੀ ਕੀਤਾ, ਪਰ ਜਦੋਂ ਉਨ੍ਹਾਂ ਦੇ ਹਾਲਾਤ ਬਦਲ ਗਏ, ਤਾਂ ਉਨ੍ਹਾਂ ਨੇ ਪ੍ਰਾਰਥਨਾ ਸਹਿਤ ਆਪਣੀ ਸਥਿਤੀ ਬਾਰੇ ਸੋਚਿਆ ਅਤੇ ਦੇਖਿਆ ਕਿ ਯਹੋਵਾਹ ਦੀ ਮਦਦ ਨਾਲ ਉਹ ਆਪਣੇ ਬਦਲੇ ਹਾਲਾਤਾਂ ਨੂੰ ਕਬੂਲ ਕਰ ਸਕਦੇ ਹਨ ਅਤੇ ਇਕੱਲੇ ਰਹਿ ਸਕਦੇ ਹਨ।

(1 ਕੁਰਿੰਥੀਆਂ 7:33, 34) ਪਰ ਵਿਆਹੇ ਇਨਸਾਨ ਨੂੰ ਇਸ ਦੁਨੀਆਂ ਵਿਚ ਜ਼ਿੰਦਗੀ ਦੇ ਕੰਮ-ਧੰਦਿਆਂ ਦੀ ਚਿੰਤਾ ਹੁੰਦੀ ਹੈ ਕਿਉਂਕਿ ਉਹ ਆਪਣੀ ਪਤਨੀ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ 34 ਅਤੇ ਉਸ ਦਾ ਧਿਆਨ ਦੋ ਪਾਸੇ ਹੁੰਦਾ ਹੈ। ਇਸ ਤੋਂ ਇਲਾਵਾ, ਅਣਵਿਆਹੀ ਤੀਵੀਂ ਜਾਂ ਕੁਆਰੀ ਨੂੰ ਪ੍ਰਭੂ ਦੇ ਕੰਮ ਦੀ ਚਿੰਤਾ ਹੁੰਦੀ ਹੈ ਤਾਂਕਿ ਉਸ ਦਾ ਤਨ ਅਤੇ ਮਨ ਪਵਿੱਤਰ ਰਹੇ। ਪਰ ਵਿਆਹੀ ਤੀਵੀਂ ਨੂੰ ਦੁਨੀਆਂ ਵਿਚ ਜ਼ਿੰਦਗੀ ਦੇ ਕੰਮ-ਧੰਦਿਆਂ ਦੀ ਚਿੰਤਾ ਹੁੰਦੀ ਹੈ ਕਿਉਂਕਿ ਉਹ ਆਪਣੇ ਪਤੀ ਨੂੰ ਖ਼ੁਸ਼ ਕਰਨਾ ਚਾਹੁੰਦੀ ਹੈ।

w08 7/15 27 ਪੈਰਾ 1

ਕੁਰਿੰਥੀਆਂ ਨੂੰ ਲਿਖੀਆਂ ਚਿੱਠੀਆਂ ਦੇ ਖ਼ਾਸ ਨੁਕਤੇ

7:33, 34​—ਵਿਆਹੇ ਮਸੀਹੀਆਂ ਨੂੰ “ਇਸ ਦੁਨੀਆਂ ਵਿਚ ਜ਼ਿੰਦਗੀ ਦੇ ਕੰਮ-ਧੰਦਿਆਂ ਦੀ ਚਿੰਤਾ ਹੁੰਦੀ ਹੈ?” ਪੌਲੁਸ ਰੋਟੀ, ਕੱਪੜਾ ਤੇ ਮਕਾਨ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਦੀ ਪਤੀ-ਪਤਨੀ ਚਿੰਤਾ ਕਰਦੇ ਹਨ। ਪਰ ਉਹ ਸੰਸਾਰ ਦੀਆਂ ਬੁਰੀਆਂ ਗੱਲਾਂ ਜਾਂ ਕੰਮਾਂ ਬਾਰੇ ਗੱਲ ਨਹੀਂ ਕਰ ਰਿਹਾ ਸੀ ਜਿਨ੍ਹਾਂ ਤੋਂ ਸਾਰੇ ਮਸੀਹੀਆਂ ਨੂੰ ਦੂਰ ਰਹਿਣਾ ਚਾਹੀਦਾ ਹੈ।​—1 ਯੂਹੰ. 2:15-17.

(1 ਕੁਰਿੰਥੀਆਂ 7:37, 38) ਪਰ ਜੇ ਕਿਸੇ ਨੇ ਆਪਣੇ ਮਨ ਵਿਚ ਪੱਕਾ ਧਾਰ ਲਿਆ ਹੈ ਅਤੇ ਉਹ ਵਿਆਹ ਕਰਾਉਣ ਦੀ ਲੋੜ ਮਹਿਸੂਸ ਨਹੀਂ ਕਰਦਾ, ਸਗੋਂ ਉਸ ਨੇ ਆਪਣੀ ਇੱਛਾ ʼਤੇ ਕਾਬੂ ਰੱਖਿਆ ਹੋਇਆ ਹੈ ਅਤੇ ਵਿਆਹ ਨਾ ਕਰਾਉਣ ਦਾ ਆਪਣੇ ਮਨ ਵਿਚ ਪੱਕਾ ਫ਼ੈਸਲਾ ਕੀਤਾ ਹੋਇਆ ਹੈ, ਤਾਂ ਇਹ ਉਸ ਲਈ ਚੰਗੀ ਗੱਲ ਹੈ। 38 ਇਸ ਕਰਕੇ ਜਿਹੜਾ ਵਿਆਹ ਕਰਾਉਂਦਾ ਹੈ, ਇਹ ਉਸ ਲਈ ਚੰਗੀ ਗੱਲ ਹੈ, ਪਰ ਜਿਹੜਾ ਵਿਆਹ ਨਹੀਂ ਕਰਾਉਂਦਾ, ਤਾਂ ਇਹ ਹੋਰ ਵੀ ਚੰਗੀ ਗੱਲ ਹੈ।

w96 10/1 21-22 ਪੈਰਾ 14

ਅਵਿਵਾਹਿਤ ਸਥਿਤੀ​—ਨਿਰਵਿਘਨ ਸਰਗਰਮੀ ਦਾ ਇਕ ਦੁਆਰ

14 ਇਕ ਅਵਿਵਾਹਿਤ ਮਸੀਹੀ ਜੋ ਆਪਣੀ ਅਵਿਵਾਹਿਤ ਸਥਿਤੀ ਨੂੰ ਸੁਆਰਥੀ ਟੀਚਿਆਂ ਦੀ ਭਾਲ ਲਈ ਵਰਤਦਾ ਹੈ, ਵਿਵਾਹਿਤ ਮਸੀਹੀਆਂ ਨਾਲੋਂ “ਜ਼ਿਆਦਾ ਚੰਗਾ” ਨਹੀਂ ਕਰਦਾ ਹੈ। ਉਹ “ਰਾਜ ਦੇ ਕਾਰਨ” ਨਹੀਂ, ਬਲਕਿ ਨਿੱਜੀ ਕਾਰਨਾਂ ਕਰਕੇ ਅਵਿਵਾਹਿਤ ਰਹਿ ਰਿਹਾ ਹੈ। (ਮੱਤੀ 19:12) ਅਵਿਵਾਹਿਤ ਪੁਰਸ਼ ਜਾਂ ਇਸਤਰੀ ਨੂੰ “ਪ੍ਰਭੁ ਦੀਆਂ ਗੱਲਾਂ ਦੀ ਚਿੰਤਾ” ਕਰਨਾ, ‘ਪ੍ਰਭੁ ਨੂੰ ਪਰਸੰਨ ਕਰਨ’ ਲਈ ਉਤਸੁਕ ਹੋਣਾ, ਅਤੇ ‘ਬਿਨਾਂ ਧਿਆਨ-ਭੰਗ ਪ੍ਰਭੁ ਦੀ ਸੇਵਾ ਵਿੱਚ ਲੱਗੇ ਰਹਿਣਾ’ ਚਾਹੀਦਾ ਹੈ। ਇਸ ਦਾ ਅਰਥ ਯਹੋਵਾਹ ਅਤੇ ਯਿਸੂ ਮਸੀਹ ਦੀ ਸੇਵਾ ਕਰਨ ਵਿਚ ਅਵਿਭਾਜਿਤ ਧਿਆਨ ਲਗਾਉਣਾ ਹੈ। ਕੇਵਲ ਇੰਜ ਕਰਨ ਦੇ ਦੁਆਰਾ ਹੀ ਅਵਿਵਾਹਿਤ ਮਸੀਹੀ ਪੁਰਸ਼ ਅਤੇ ਇਸਤਰੀ, ਵਿਵਾਹਿਤ ਮਸੀਹੀਆਂ ਨਾਲੋਂ “ਜ਼ਿਆਦਾ ਚੰਗਾ” ਕਰਦੇ ਹਨ।

ਹੀਰੇ-ਮੋਤੀਆਂ ਦੀ ਖੋਜ ਕਰੋ

(1 ਕੁਰਿੰਥੀਆਂ 7:11) ਪਰ ਜੇ ਉਹ ਉਸ ਨੂੰ ਛੱਡ ਦਿੰਦੀ ਹੈ, ਤਾਂ ਉਹ ਅਣਵਿਆਹੀ ਰਹੇ ਜਾਂ ਫਿਰ ਆਪਣੇ ਪਤੀ ਨਾਲ ਦੁਬਾਰਾ ਸੁਲ੍ਹਾ ਕਰ ਲਵੇ; ਅਤੇ ਪਤੀ ਵੀ ਆਪਣੀ ਪਤਨੀ ਨੂੰ ਨਾ ਛੱਡੇ।

lv 220-221

ਕੁਝ ਗੰਭੀਰ ਹਾਲਾਤਾਂ ਵਿਚ ਕਈ ਮਸੀਹੀਆਂ ਨੇ ਆਪਣੇ ਜੀਵਨ ਸਾਥੀ ਨੂੰ ਛੱਡਣ ਜਾਂ ਉਸ ਤੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ, ਭਾਵੇਂ ਕਿ ਜੀਵਨ ਸਾਥੀ ਨੇ ਹਰਾਮਕਾਰੀ ਨਹੀਂ ਵੀ ਕੀਤੀ। ਇਹ ਫ਼ੈਸਲਾ ਕਰਨ ਵਾਲੇ ਨੂੰ ਬਾਈਬਲ ਕਹਿੰਦੀ ਹੈ ਕਿ ਉਹ ‘ਅਣਵਿਆਹਿਆ ਰਹੇ’ ਜਾਂ ਆਪਣੇ ਜੀਵਨ ਸਾਥੀ ਨਾਲ “ਸੁਲ੍ਹਾ ਕਰ ਲਵੇ।” (1 ਕੁਰਿੰਥੀਆਂ 7:11) ਇਸ ਦਾ ਮਤਲਬ ਹੈ ਕਿ ਉਹ ਕਿਸੇ ਹੋਰ ਨਾਲ ਵਿਆਹ ਨਹੀਂ ਕਰ ਸਕਦਾ। (ਮੱਤੀ 5:32) ਥੱਲੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਕਰਕੇ ਕੁਝ ਮਸੀਹੀਆਂ ਨੇ ਆਪਣੇ ਸਾਥੀਆਂ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ।

• ਜੇ ਜੀਵਨ ਸਾਥੀ ਪਰਿਵਾਰ ਦੀ ਦੇਖ-ਭਾਲ ਕਰਨ ਤੋਂ ਸਾਫ਼ ਇਨਕਾਰ ਕਰਦਾ ਹੈ। ਕਈ ਪਤੀ ਕੰਮ-ਕਾਰ ਕਰਨ ਦੇ ਲਾਇਕ ਹੋਣ ਦੇ ਬਾਵਜੂਦ ਵੀ ਵਿਹਲੇ ਬੈਠੇ ਰਹਿੰਦੇ ਹਨ ਜਾਂ ਘਰ ਕੋਈ ਪੈਸਾ ਨਹੀਂ ਦਿੰਦੇ ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਪੈਸੇ-ਪੈਸੇ ਲਈ ਮੁਥਾਜ ਹੋ ਜਾਂਦੇ ਹਨ ਤੇ ਘਰ ਦੇ ਜੀਅ ਭੁੱਖੇ ਮਰਦੇ ਹਨ। ਬਾਈਬਲ ਕਹਿੰਦੀ ਹੈ: “ਜੇ ਕੋਈ ਇਨਸਾਨ ਆਪਣਿਆਂ ਦਾ, ਖ਼ਾਸ ਕਰਕੇ ਆਪਣੇ ਘਰ ਦੇ ਜੀਆਂ ਦਾ ਧਿਆਨ ਨਹੀਂ ਰੱਖਦਾ, ਤਾਂ ਉਸ ਨੇ ਨਿਹਚਾ ਕਰਨੀ ਛੱਡ ਦਿੱਤੀ ਹੈ ਅਤੇ ਉਹ ਇਨਸਾਨ ਨਿਹਚਾ ਨਾ ਕਰਨ ਵਾਲਿਆਂ ਨਾਲੋਂ ਵੀ ਬੁਰਾ ਹੈ।” (1 ਤਿਮੋਥਿਉਸ 5:8) ਜੇ ਉਹ ਆਪਣੇ ਆਪ ਨੂੰ ਨਹੀਂ ਬਦਲਦਾ, ਤਾਂ ਉਸ ਦੀ ਪਤਨੀ ਆਪਣੇ ਅਤੇ ਬੱਚਿਆਂ ਦੇ ਭਲੇ ਲਈ ਸ਼ਾਇਦ ਉਸ ਤੋਂ ਕਾਨੂੰਨੀ ਤੌਰ ਤੇ ਵੱਖ ਹੋਣ ਦਾ ਫ਼ੈਸਲਾ ਕਰ ਲਵੇ। ਪਰ ਮਸੀਹੀ ਬਜ਼ੁਰਗਾਂ ਨੂੰ ਪਤਨੀ ਵੱਲੋਂ ਪਤੀ ਤੇ ਲਾਏ ਇਸ ਦੋਸ਼ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ। ਪਰਿਵਾਰ ਦੀ ਦੇਖ-ਭਾਲ ਕਰਨ ਤੋਂ ਇਨਕਾਰ ਕਰਨ ਵਾਲੇ ਮਸੀਹੀ ਨੂੰ ਮੰਡਲੀ ਵਿੱਚੋਂ ਛੇਕਿਆ ਜਾ ਸਕਦਾ ਹੈ।

• ਮਾਰ-ਕੁਟਾਈ। ਕੋਈ ਸ਼ਾਇਦ ਆਪਣੇ ਜੀਵਨ ਸਾਥੀ ਨੂੰ ਇੰਨਾ ਮਾਰਦਾ-ਕੁੱਟਦਾ ਹੋਵੇ ਕਿ ਜੀਵਨ ਸਾਥੀ ਦੀ ਸਿਹਤ ਜਾਂ ਜ਼ਿੰਦਗੀ ਖ਼ਤਰੇ ਵਿਚ ਪੈ ਜਾਵੇ। ਜੇ ਮਾਰ-ਕੁਟਾਈ ਕਰਨ ਵਾਲਾ ਮਸੀਹੀ ਹੈ, ਤਾਂ ਮੰਡਲੀ ਦੇ ਬਜ਼ੁਰਗਾਂ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਜਿਹੜਾ ਮਸੀਹੀ ਗੁੱਸੇ ਵਿਚ ਆ ਕੇ ਮਾਰਦਾ-ਕੁੱਟਦਾ ਰਹਿੰਦਾ ਹੈ, ਉਸ ਨੂੰ ਮੰਡਲੀ ਵਿੱਚੋਂ ਛੇਕਿਆ ਜਾ ਸਕਦਾ ਹੈ।​—ਗਲਾਤੀਆਂ 5:19-21.

• ਜਦੋਂ ਜੀਵਨ ਸਾਥੀ ਨਾਲ ਰਹਿਣ ਕਰਕੇ ਪਰਮੇਸ਼ੁਰ ਨਾਲ ਰਿਸ਼ਤਾ ਖ਼ਤਰੇ ਵਿਚ ਪੈ ਜਾਵੇ। ਕਿਸੇ ਮਸੀਹੀ ਦਾ ਜੀਵਨ ਸਾਥੀ ਸ਼ਾਇਦ ਉਸ ਲਈ ਸ਼ੁੱਧ ਭਗਤੀ ਕਰਨੀ ਨਾਮੁਮਕਿਨ ਬਣਾਉਂਦਾ ਹੋਵੇ ਜਾਂ ਉਸ ਉੱਤੇ ਪਰਮੇਸ਼ੁਰ ਦੇ ਹੁਕਮ ਤੋੜਨ ਦਾ ਦਬਾਅ ਪਾਉਂਦਾ ਹੋਵੇ। ਅਜਿਹੀ ਹਾਲਤ ਵਿਚ ਉਹ ਫ਼ੈਸਲਾ ਕਰ ਸਕਦਾ ਹੈ ਕਿ ‘ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੁਕਮ ਮੰਨਣ’ ਲਈ ਆਪਣੇ ਪਤੀ ਜਾਂ ਪਤਨੀ ਤੋਂ ਅੱਡ ਹੋਣਾ ਜ਼ਰੂਰੀ ਹੈ।​—ਰਸੂਲਾਂ ਦੇ ਕੰਮ 5:29.

(1 ਕੁਰਿੰਥੀਆਂ 7:36) ਜੇ ਕਿਸੇ ਕੁਆਰੇ ਇਨਸਾਨ ਨੂੰ ਲੱਗਦਾ ਹੈ ਕਿ ਉਹ ਆਪਣੀ ਕਾਮ ਇੱਛਾ ʼਤੇ ਕਾਬੂ ਨਹੀਂ ਰੱਖ ਸਕੇਗਾ ਅਤੇ ਜੇ ਉਹ ਜਵਾਨੀ ਦੀ ਕੱਚੀ ਉਮਰ ਲੰਘ ਚੁੱਕਾ ਹੈ, ਤਾਂ ਉਸ ਨੂੰ ਇਹ ਕਰਨਾ ਚਾਹੀਦਾ ਹੈ: ਜੇ ਉਹ ਵਿਆਹ ਕਰਾਉਣਾ ਚਾਹੁੰਦਾ ਹੈ, ਤਾਂ ਉਹ ਕਰਾ ਲਵੇ; ਇੱਦਾਂ ਕਰ ਕੇ ਉਹ ਕੋਈ ਗੁਨਾਹ ਨਹੀਂ ਕਰੇਗਾ।

w00 7/15 31 ਪੈਰਾ 2

ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋ

ਨੌਜਵਾਨੋ, ਜੋਬਨ ਚੜ੍ਹਦਿਆਂ ਲਿੰਗੀ ਇੱਛਾਵਾਂ ਪੂਰੀਆਂ ਕਰਨ ਲਈ ਵਿਆਹ ਕਰਾਉਣ ਦੀ ਐਵੇਂ ਨਾ ਕਾਹਲੀ ਕਰੋ। ਵਿਆਹ ਕਰਨਾ ਕੋਈ ਛੋਟੀ ਗੱਲ ਨਹੀਂ ਹੈ, ਅਤੇ ਇਹ ਜ਼ਿੰਮੇਵਾਰੀ ਨਿਭਾਉਣ ਲਈ ਸਮਝ ਅਤੇ ਬੁੱਧ ਦੀ ਲੋੜ ਹੈ। (ਉਤਪਤ 2:24) ਬਿਹਤਰ ਹੋਵੇਗਾ ਜੇਕਰ ਤੁਸੀਂ “ਆਪਣੀ ਜੁਆਨੀ ਦੀ ਉਮਰੋਂ” ਲੰਘੋ—ਇਸ ਸਮੇਂ ਤੇ ਲਿੰਗੀ ਇੱਛਾ ਜ਼ਿਆਦਾ ਮਹਿਸੂਸ ਹੁੰਦੀ ਹੈ ਅਤੇ ਤੁਸੀਂ ਗ਼ਲਤ ਫ਼ੈਸਲੇ ਵੀ ਕਰ ਸਕਦੇ ਹੋ। (1 ਕੁਰਿੰਥੀਆਂ 7:36) ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਜੇਕਰ ਇਕ ਕੁਆਰਾ ਵਿਅਕਤੀ ਸਿਰਫ਼ ਇਸ ਲਈ ਅਨੈਤਿਕ ਕੰਮਾਂ ਵਿਚ ਫਸ ਜਾਵੇ ਕਿਉਂਕਿ ਉਸ ਨੂੰ ਹਾਲੇ ਕੋਈ ਸਾਥੀ ਨਹੀਂ ਮਿਲਿਆ!

ਬਾਈਬਲ ਪੜ੍ਹਾਈ

(1 ਕੁਰਿੰਥੀਆਂ 8:1-13) ਹੁਣ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਖਾਣ ਵਾਲੀਆਂ ਚੀਜ਼ਾਂ ਬਾਰੇ: ਅਸੀਂ ਜਾਣਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਇਸ ਬਾਰੇ ਗਿਆਨ ਹੈ। ਗਿਆਨ ਹੋਣ ਕਰਕੇ ਇਨਸਾਨ ਘਮੰਡ ਨਾਲ ਫੁੱਲ ਜਾਂਦਾ ਹੈ, ਪਰ ਪਿਆਰ ਹੱਲਾਸ਼ੇਰੀ ਦਿੰਦਾ ਹੈ। 2 ਜੇ ਕੋਈ ਸੋਚਦਾ ਹੈ ਕਿ ਉਹ ਕੋਈ ਗੱਲ ਜਾਣਦਾ ਹੈ, ਤਾਂ ਉਹ ਅਸਲ ਵਿਚ ਉਸ ਗੱਲ ਨੂੰ ਉੱਨੀ ਚੰਗੀ ਤਰ੍ਹਾਂ ਨਹੀਂ ਜਾਣਦਾ ਜਿੰਨੀ ਚੰਗੀ ਤਰ੍ਹਾਂ ਉਸ ਨੂੰ ਜਾਣਨਾ ਚਾਹੀਦਾ ਹੈ। 3 ਪਰ ਜੇ ਕੋਈ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਤਾਂ ਉਹ ਉਸ ਨੂੰ ਜਾਣਦਾ ਹੈ। 4 ਹੁਣ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਖਾਣ ਵਾਲੀਆਂ ਚੀਜ਼ਾਂ ਸੰਬੰਧੀ ਅਸੀਂ ਜਾਣਦੇ ਹਾਂ ਕਿ ਮੂਰਤੀਆਂ ਕੁਝ ਵੀ ਨਹੀਂ ਹਨ ਅਤੇ ਸਿਰਫ਼ ਇੱਕੋ ਪਰਮੇਸ਼ੁਰ ਹੈ। 5 ਕਿਉਂਕਿ ਭਾਵੇਂ ਸਵਰਗ ਵਿਚ ਅਤੇ ਧਰਤੀ ʼਤੇ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਨੂੰ “ਈਸ਼ਵਰ” ਕਿਹਾ ਜਾਂਦਾ ਹੈ ਅਤੇ ਬਹੁਤ ਸਾਰੇ “ਈਸ਼ਵਰ” ਤੇ ਬਹੁਤ ਸਾਰੇ “ਪ੍ਰਭੂ” ਹਨ, 6 ਪਰ ਸਾਡਾ ਇੱਕੋ ਪਰਮੇਸ਼ੁਰ ਹੈ ਜੋ ਸਾਡਾ ਪਿਤਾ ਹੈ ਅਤੇ ਜਿਸ ਨੇ ਸਭ ਕੁਝ ਬਣਾਇਆ ਹੈ ਅਤੇ ਸਾਨੂੰ ਆਪਣੇ ਲਈ ਬਣਾਇਆ ਹੈ; ਅਤੇ ਇੱਕੋ ਪ੍ਰਭੂ ਹੈ ਯਿਸੂ ਮਸੀਹ ਜਿਸ ਰਾਹੀਂ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਹਨ ਅਤੇ ਅਸੀਂ ਵੀ ਉਸ ਰਾਹੀਂ ਬਣਾਏ ਗਏ ਹਾਂ। 7 ਪਰ ਸਾਰਿਆਂ ਨੂੰ ਇਹ ਗਿਆਨ ਨਹੀਂ ਹੈ; ਕੁਝ ਮਸੀਹੀ ਪਹਿਲਾਂ ਮੂਰਤੀਆਂ ਦੀ ਪੂਜਾ ਕਰਦੇ ਹੁੰਦੇ ਸਨ, ਇਸ ਕਰਕੇ ਜਦੋਂ ਉਹ ਅਜਿਹੀ ਕੋਈ ਚੀਜ਼ ਖਾਂਦੇ ਹਨ ਜੋ ਮੂਰਤੀਆਂ ਨੂੰ ਚੜ੍ਹਾਈ ਗਈ ਹੋਵੇ, ਤਾਂ ਉਨ੍ਹਾਂ ਨੂੰ ਉਹੋ ਮੂਰਤੀਆਂ ਚੇਤੇ ਆ ਜਾਂਦੀਆਂ ਹਨ। ਇਸ ਕਰਕੇ ਉਨ੍ਹਾਂ ਦੀ ਜ਼ਮੀਰ ਕਮਜ਼ੋਰ ਹੋਣ ਕਾਰਨ ਭ੍ਰਿਸ਼ਟ ਹੋ ਜਾਂਦੀ ਹੈ। 8 ਪਰ ਇਸ ਤਰ੍ਹਾਂ ਨਹੀਂ ਹੈ ਕਿ ਭੋਜਨ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ; ਜੇ ਅਸੀਂ ਇਹ ਚੀਜ਼ਾਂ ਨਹੀਂ ਖਾਂਦੇ, ਤਾਂ ਸਾਨੂੰ ਕੋਈ ਘਾਟਾ ਨਹੀਂ ਹੁੰਦਾ ਅਤੇ ਜੇ ਅਸੀਂ ਖਾਂਦੇ ਹਾਂ, ਤਾਂ ਸਾਨੂੰ ਕੋਈ ਫ਼ਾਇਦਾ ਨਹੀਂ ਹੁੰਦਾ। 9 ਪਰ ਇਸ ਗੱਲ ਦਾ ਧਿਆਨ ਰੱਖੋ ਕਿ ਫ਼ੈਸਲਾ ਕਰਨ ਦਾ ਤੁਹਾਡਾ ਹੱਕ ਉਨ੍ਹਾਂ ਲੋਕਾਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਖੜ੍ਹੀ ਕਰੇ ਜਿਹੜੇ ਕਮਜ਼ੋਰ ਹਨ। 10 ਜੇ ਕੋਈ ਇਨਸਾਨ ਦੇਖੇ ਕਿ ਤੁਹਾਨੂੰ ਗਿਆਨ ਹੈ ਅਤੇ ਤੁਸੀਂ ਮੰਦਰ ਵਿਚ ਬੈਠ ਕੇ ਭੋਜਨ ਕਰ ਰਹੇ ਹੋ ਜਿੱਥੇ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਕੀ ਉਸ ਕਮਜ਼ੋਰ ਇਨਸਾਨ ਦੀ ਜ਼ਮੀਰ ਨੂੰ ਵੀ ਇਸ ਹੱਦ ਤਕ ਹੱਲਾਸ਼ੇਰੀ ਨਹੀਂ ਮਿਲੇਗੀ ਕਿ ਉਹ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਖਾਣ ਲੱਗ ਪਵੇ? 11 ਅਸਲ ਵਿਚ, ਤੁਹਾਡੇ ਗਿਆਨ ਕਰਕੇ ਉਸ ਕਮਜ਼ੋਰ ਇਨਸਾਨ ਦੀ ਨਿਹਚਾ ਬਰਬਾਦ ਹੁੰਦੀ ਹੈ ਜੋ ਤੁਹਾਡਾ ਭਰਾ ਹੈ ਅਤੇ ਜਿਸ ਲਈ ਮਸੀਹ ਨੇ ਆਪਣੀ ਕੁਰਬਾਨੀ ਦਿੱਤੀ ਸੀ। 12 ਪਰ ਜਦੋਂ ਤੁਸੀਂ ਆਪਣੇ ਭਰਾਵਾਂ ਖ਼ਿਲਾਫ਼ ਪਾਪ ਕਰਦੇ ਹੋ ਅਤੇ ਉਨ੍ਹਾਂ ਨੂੰ ਆਪਣੀ ਕਮਜ਼ੋਰ ਜ਼ਮੀਰ ਦੇ ਖ਼ਿਲਾਫ਼ ਜਾਣ ਲਈ ਉਕਸਾਉਂਦੇ ਹੋ, ਤਾਂ ਤੁਸੀਂ ਅਸਲ ਵਿਚ ਮਸੀਹ ਦੇ ਖ਼ਿਲਾਫ਼ ਪਾਪ ਕਰਦੇ ਹੋ। 13 ਇਸ ਲਈ ਜੇ ਖਾਣ-ਪੀਣ ਵਾਲੀਆਂ ਚੀਜ਼ਾਂ ਮੇਰੇ ਭਰਾ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਬਣਦੀਆਂ ਹਨ, ਤਾਂ ਮੈਂ ਕਦੀ ਵੀ ਮੀਟ ਨਹੀਂ ਖਾਵਾਂਗਾ ਤਾਂਕਿ ਮੈਂ ਆਪਣੇ ਭਰਾ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਨਾ ਕਰਾਂ।

8-14 ਅਪ੍ਰੈਲ

ਰੱਬ ਦਾ ਬਚਨ ਖ਼ਜ਼ਾਨਾ ਹੈ | 1 ਕੁਰਿੰਥੀਆਂ 10–13

“ਯਹੋਵਾਹ ਵਫ਼ਾਦਾਰ ਹੈ”

(1 ਕੁਰਿੰਥੀਆਂ 10:13) ਤੁਹਾਡੇ ਉੱਤੇ ਅਜਿਹੀ ਕੋਈ ਪਰੀਖਿਆ ਨਹੀਂ ਆਈ ਹੈ ਜੋ ਦੂਸਰੇ ਲੋਕਾਂ ਉੱਤੇ ਨਾ ਆਈ ਹੋਵੇ। ਪਰ ਪਰਮੇਸ਼ੁਰ ਵਫ਼ਾਦਾਰ ਹੈ ਅਤੇ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ, ਸਗੋਂ ਪਰੀਖਿਆ ਦੇ ਵੇਲੇ ਉਹ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।

w17.02 29-30

ਪਾਠਕਾਂ ਵੱਲੋਂ ਸਵਾਲ

ਪੌਲੁਸ ਰਸੂਲ ਨੇ ਕਿਹਾ ਸੀ ਕਿ “ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ [ਯਹੋਵਾਹ] ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ।” (1 ਕੁਰਿੰ. 10:13) ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਪਹਿਲਾਂ ਤੋਂ ਹੀ ਹਿਸਾਬ ਲਗਾ ਲੈਂਦਾ ਹੈ ਕਿ ਅਸੀਂ ਕਿੰਨਾ ਸਹਿ ਸਕਦੇ ਹਾਂ ਅਤੇ ਫਿਰ ਉਹ ਪਰੀਖਿਆਵਾਂ ਚੁਣਦਾ ਹੈ ਜੋ ਅਸੀਂ ਸਹਿ ਸਕਾਂਗੇ?

▪ ਜੇ ਇਹ ਸੱਚ ਹੁੰਦਾ, ਤਾਂ ਸੋਚੋ ਇਸ ਦਾ ਸਾਡੀ ਜ਼ਿੰਦਗੀ ʼਤੇ ਕੀ ਅਸਰ ਪੈਣਾ ਸੀ। ਮਿਸਾਲ ਲਈ, ਇਕ ਭਰਾ ਦੇ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ ਅਤੇ ਉਸ ਨੇ ਆਪਣੇ ਆਪ ਤੋਂ ਪੁੱਛਿਆ: ‘ਕੀ ਯਹੋਵਾਹ ਨੇ ਪਹਿਲਾਂ ਹੀ ਹਿਸਾਬ ਲਗਾ ਲਿਆ ਸੀ ਕਿ ਮੈਂ ਤੇ ਮੇਰੀ ਪਤਨੀ ਆਪਣੇ ਮੁੰਡੇ ਦੀ ਮੌਤ ਦਾ ਗਮ ਸਹਿ ਸਕਾਂਗੇ? ਕੀ ਉਹ ਇਸ ਲਈ ਮਰਿਆ ਕਿਉਂਕਿ ਪਰਮੇਸ਼ੁਰ ਜਾਣਦਾ ਸੀ ਕਿ ਅਸੀਂ ਉਸ ਦੇ ਬਗੈਰ ਰਹਿ ਸਕਾਂਗੇ?’ ਸੋ ਕੀ ਸਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਸਾਡੀ ਜ਼ਿੰਦਗੀ ਵਿਚ ਜੋ ਵੀ ਹੁੰਦਾ ਹੈ, ਉਸ ਪਿੱਛੇ ਯਹੋਵਾਹ ਦਾ ਹੱਥ ਹੁੰਦਾ ਹੈ?

1 ਕੁਰਿੰਥੀਆਂ 10:13 ʼਤੇ ਗੌਰ ਕਰ ਕੇ ਅਸੀਂ ਜਾਣਾਂਗੇ ਕਿ ਬਾਈਬਲ ਤੋਂ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਯਹੋਵਾਹ ਪਹਿਲਾਂ ਤੋਂ ਹੀ ਜਾਣ ਲੈਂਦਾ ਹੈ ਕਿ ਅਸੀਂ ਕਿੰਨਾ ਦੁੱਖ ਸਹਿ ਸਕਦੇ ਹਾਂ ਅਤੇ ਫਿਰ ਇਸ ਆਧਾਰ ਤੇ ਸਾਡੇ ʼਤੇ ਪਰੀਖਿਆਵਾਂ ਲਿਆਉਂਦਾ ਹੈ। ਆਓ ਆਪਾਂ ਚਾਰ ਕਾਰਨਾਂ ʼਤੇ ਗੌਰ ਕਰੀਏ ਕਿ ਇਹ ਗੱਲ ਸੱਚ ਕਿਉਂ ਹੈ।

ਪਹਿਲਾ, ਯਹੋਵਾਹ ਨੇ ਇਨਸਾਨਾਂ ਨੂੰ ਆਜ਼ਾਦ ਮਰਜ਼ੀ ਦਿੱਤੀ ਹੈ। ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਫ਼ੈਸਲੇ ਖ਼ੁਦ ਕਰੀਏ। (ਬਿਵ. 30:19, 20; ਯਹੋ. 24:15) ਜੇ ਅਸੀਂ ਸਹੀ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਕਦਮਾਂ ਨੂੰ ਸੇਧ ਦੇਵੇਗਾ। (ਕਹਾ. 16:9) ਪਰ ਜੇ ਅਸੀਂ ਗ਼ਲਤ ਫ਼ੈਸਲੇ ਕਰਾਂਗੇ, ਤਾਂ ਸਾਨੂੰ ਇਨ੍ਹਾਂ ਦੇ ਅੰਜਾਮ ਭੁਗਤਣੇ ਪੈਣਗੇ। (ਗਲਾ. 6:7) ਸੋ ਜੇ ਯਹੋਵਾਹ ਚੁਣਦਾ ਹੈ ਕਿ ਸਾਡੇ ʼਤੇ ਕਿਹੜੀਆਂ ਪਰੀਖਿਆਵਾਂ ਆਉਣਗੀਆਂ, ਤਾਂ ਕੀ ਸਾਡੇ ਕੋਲ ਵਾਕਈ ਆਜ਼ਾਦ ਮਰਜ਼ੀ ਹੈ?

ਦੂਜਾ, ਯਹੋਵਾਹ ਸਾਨੂੰ ‘ਬੁਰੇ ਸਮਿਆਂ’ ਤੋਂ ਨਹੀਂ ਬਚਾਉਂਦਾ। (ਉਪ. 9:11, CL.) ਕਿਸੇ ਵੀ ਵਿਅਕਤੀ ਨਾਲ ਕਦੇ ਵੀ ਕੋਈ ਵੀ ਹਾਦਸਾ ਹੋ ਸਕਦਾ ਹੈ। ਯਿਸੂ ਨੇ ਇਕ ਹਾਦਸੇ ਦਾ ਜ਼ਿਕਰ ਕੀਤਾ ਸੀ ਜਿਸ ਵਿਚ ਇਕ ਬੁਰਜ ਡਿੱਗਣ ਕਰਕੇ 18 ਜਣੇ ਮਾਰੇ ਗਏ ਸਨ। ਉਸ ਨੇ ਸਾਫ਼-ਸਾਫ਼ ਸਮਝਾਇਆ ਕਿ ਉਨ੍ਹਾਂ ਦੀ ਮੌਤ ਪਿੱਛੇ ਰੱਬ ਦਾ ਹੱਥ ਨਹੀਂ ਸੀ। (ਲੂਕਾ 13:1-5) ਸੋ ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕਿ ਕੋਈ ਹਾਦਸਾ ਹੋਣ ਤੋਂ ਪਹਿਲਾਂ ਹੀ ਪਰਮੇਸ਼ੁਰ ਇਹ ਫ਼ੈਸਲਾ ਕਰ ਲੈਂਦਾ ਹੈ ਕਿ ਇਸ ਵਿਚ ਕੌਣ ਬਚੇਗਾ ਤੇ ਕੌਣ ਨਹੀਂ।

ਤੀਜਾ, ਸਾਨੂੰ ਸਾਰਿਆਂ ਨੂੰ ਯਹੋਵਾਹ ਪ੍ਰਤੀ ਖਰਿਆਈ ਬਣਾਈ ਰੱਖਣ ਦੀ ਲੋੜ ਹੈ। ਸ਼ੈਤਾਨ ਨੇ ਕਿਹਾ ਸੀ ਕਿ ਯਹੋਵਾਹ ਦੇ ਸੇਵਕ ਉਸ ਦੀ ਸੇਵਾ ਇਸ ਲਈ ਕਰਦੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਸਭ ਕੁਝ ਦਿੰਦਾ ਹੈ। ਸ਼ੈਤਾਨ ਨੇ ਦਾਅਵਾ ਕੀਤਾ ਸੀ ਕਿ ਅਜ਼ਮਾਇਸ਼ਾਂ ਆਉਣ ʼਤੇ ਅਸੀਂ ਯਹੋਵਾਹ ਦੇ ਵਫ਼ਾਦਾਰ ਨਹੀਂ ਰਹਾਂਗੇ। (ਅੱਯੂ. 1:9-11; 2:4; ਪ੍ਰਕਾ. 12:10) ਜੇ ਯਹੋਵਾਹ ਸਾਡੇ ʼਤੇ ਕੁਝ ਅਜ਼ਮਾਇਸ਼ਾਂ ਆਉਣ ਤੋਂ ਰੋਕਦਾ ਹੈ, ਤਾਂ ਲੱਗ ਸਕਦਾ ਹੈ ਕਿ ਸ਼ੈਤਾਨ ਦਾ ਦਾਅਵਾ ਸਹੀ ਹੈ।

ਚੌਥਾ, ਯਹੋਵਾਹ ਪਹਿਲਾਂ ਤੋਂ ਹੀ ਉਹ ਸਭ ਕੁਝ ਨਹੀਂ ਜਾਣ ਲੈਂਦਾ ਜੋ ਭਵਿੱਖ ਵਿਚ ਸਾਡੇ ਨਾਲ ਹੋਣਾ ਹੈ। ਬੇਸ਼ੱਕ, ਯਹੋਵਾਹ ਭਵਿੱਖ ਵਿਚ ਹੋਣ ਵਾਲੀਆਂ ਸਾਰੀਆਂ ਘਟਨਾਵਾਂ ਬਾਰੇ ਜਾਣ ਸਕਦਾ ਹੈ। (ਯਸਾ. 46:10) ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਨਹੀਂ ਕਰਦਾ। (ਉਤ. 18:20, 21; 22:12) ਯਹੋਵਾਹ ਪਿਆਰ ਕਰਨ ਵਾਲਾ ਅਤੇ ਧਰਮੀ ਪਰਮੇਸ਼ੁਰ ਹੈ। ਇਸ ਕਰਕੇ ਉਹ ਸਾਡੀ ਆਜ਼ਾਦ ਮਰਜ਼ੀ ਵਿਚ ਦਖ਼ਲਅੰਦਾਜ਼ੀ ਨਹੀਂ ਕਰਦਾ।​—ਬਿਵ. 32:4; 2 ਕੁਰਿੰ. 3:17.

ਫਿਰ ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ ਜਦ ਉਸ ਨੇ ਕਿਹਾ ਕਿ “ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ [ਯਹੋਵਾਹ] ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ”? ਇੱਥੇ ਪੌਲੁਸ ਦੱਸ ਰਿਹਾ ਸੀ ਕਿ ਯਹੋਵਾਹ ਅਜ਼ਮਾਇਸ਼ਾਂ ਦੌਰਾਨ ਕੀ ਕਰਦਾ ਹੈ, ਨਾ ਕੀ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਕੀ ਕਰਦਾ। ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ, ਤਾਂ ਉਹ ਕਿਸੇ ਵੀ ਅਜ਼ਮਾਇਸ਼ ਦੌਰਾਨ ਸਾਡੀ ਮਦਦ ਕਰੇਗਾ। (ਜ਼ਬੂ. 55:22) ਹੁਣ ਅਸੀਂ ਦੋ ਕਾਰਨਾਂ ʼਤੇ ਗੌਰ ਕਰਾਂਗੇ ਕਿ ਪੌਲੁਸ ਇਹ ਗੱਲ ਕਿਉਂ ਕਹਿ ਸਕਿਆ।

ਪਹਿਲਾ, ਅਸੀਂ ਜਿਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ, ਉਹ “ਦੂਸਰੇ ਲੋਕਾਂ ਉੱਤੇ” ਵੀ ਆਉਂਦੀਆਂ ਹਨ। ਇਸ ਦੁਨੀਆਂ ਵਿਚ ਰਹਿੰਦਿਆਂ ਸਾਨੂੰ ਸਾਰਿਆਂ ਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਤਾਂ ਅਜ਼ਮਾਇਸ਼ਾਂ ਸਹਿਣ ਦੇ ਨਾਲ-ਨਾਲ ਅਸੀਂ ਉਸ ਦੇ ਵਫ਼ਾਦਾਰ ਵੀ ਰਹਿ ਸਕਾਂਗੇ। (1 ਪਤ. 5:8, 9) ਪੌਲੁਸ ਨੇ 1 ਕੁਰਿੰਥੀਆਂ ਦੇ 10ਵੇਂ ਅਧਿਆਇ ਦੀਆਂ ਪਹਿਲੀਆਂ ਕੁਝ ਆਇਤਾਂ ਵਿਚ ਇਜ਼ਰਾਈਲੀਆਂ ਦੀਆਂ ਕੁਝ ਪਰੀਖਿਆਵਾਂ ਬਾਰੇ ਦੱਸਿਆ ਜੋ ਉਨ੍ਹਾਂ ਨੇ ਉਜਾੜ ਵਿਚ ਸਹੀਆਂ ਸਨ। (1 ਕੁਰਿੰ. 10:6-11) ਯਹੋਵਾਹ ʼਤੇ ਭਰੋਸਾ ਰੱਖਣ ਵਾਲੇ ਇਨ੍ਹਾਂ ਅਜ਼ਮਾਇਸ਼ਾਂ ਨੂੰ ਸਹਿ ਸਕੇ। ਪਰ ਕੁਝ ਇਜ਼ਰਾਈਲੀਆਂ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਉਹ ਯਹੋਵਾਹ ਦੇ ਵਫ਼ਾਦਾਰ ਨਹੀਂ ਰਹੇ ਕਿਉਂਕਿ ਉਨ੍ਹਾਂ ਨੇ ਉਸ ʼਤੇ ਭਰੋਸਾ ਨਹੀਂ ਰੱਖਿਆ।

ਦੂਜਾ, “ਪਰਮੇਸ਼ੁਰ ਵਫ਼ਾਦਾਰ ਹੈ।” ਇਸ ਦਾ ਕੀ ਮਤਲਬ ਹੈ? ਜਦੋਂ ਅਸੀਂ ਇਤਿਹਾਸ ʼਤੇ ਨਜ਼ਰ ਮਾਰ ਕੇ ਦੇਖਦੇ ਹਾਂ ਕਿ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਦੀ ਕਿਵੇਂ ਦੇਖ-ਭਾਲ ਕੀਤੀ ਹੈ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਵਫ਼ਾਦਾਰੀ ਨਾਲ ਉਨ੍ਹਾਂ ਦੀ ਮਦਦ ਕਰਦਾ ਹੈ “ਜਿਹੜੇ ਉਸ ਦੇ ਨਾਲ ਪ੍ਰੇਮ ਕਰਦੇ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ।” (ਬਿਵ. 7:9) ਨਾਲੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਵਾਅਦੇ ਨਿਭਾਉਂਦਾ ਹੈ। (ਯਹੋ. 23:14) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ (1) ਯਹੋਵਾਹ ਕਿਸੇ ਵੀ ਅਜ਼ਮਾਇਸ਼ ਨੂੰ ਇੰਨੀ ਨਹੀਂ ਵਧਣ ਦੇਵੇਗਾ ਕਿ ਅਸੀਂ ਸਹਿ ਨਾ ਸਕੀਏ ਅਤੇ (2) ਉਹ ਸਾਡੇ ਲਈ “ਰਾਹ ਵੀ ਖੋਲ੍ਹ ਦੇਵੇਗਾ।”

ਯਹੋਵਾਹ ਉਨ੍ਹਾਂ ਲਈ ‘ਰਾਹ ਕਿਵੇਂ ਖੋਲ੍ਹੇਗਾ’ ਜੋ ਉਸ ʼਤੇ ਭਰੋਸਾ ਰੱਖਦੇ ਹਨ? ਬੇਸ਼ੱਕ, ਉਹ ਸਾਡੀ ਅਜ਼ਮਾਇਸ਼ ਨੂੰ ਹਟਾ ਸਕਦਾ ਹੈ। ਪਰ ਪੌਲੁਸ ਦੇ ਸ਼ਬਦ ਯਾਦ ਕਰੋ ਕਿ ਯਹੋਵਾਹ “ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।” ਸੋ ਯਹੋਵਾਹ ਸਾਨੂੰ ਤਾਕਤ ਦੇ ਕੇ ਅਕਸਰ ਸਾਡੇ ਲਈ ਰਾਹ ਖੋਲ੍ਹਦਾ ਹੈ ਤਾਂਕਿ ਅਸੀਂ ਵਫ਼ਾਦਾਰ ਰਹਿ ਸਕੀਏ। ਆਓ ਆਪਾਂ ਗੌਰ ਕਰੀਏ ਕਿ ਉਹ ਕਿਨ੍ਹਾਂ ਕੁਝ ਤਰੀਕਿਆਂ ਨਾਲ ਸਾਡੇ ਲਈ ਰਾਹ ਖੋਲ੍ਹਦਾ ਹੈ।

▪ ਯਹੋਵਾਹ “ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।” (2 ਕੁਰਿੰ. 1:3, 4) ਉਹ ਬਾਈਬਲ, ਪਵਿੱਤਰ ਸ਼ਕਤੀ ਅਤੇ ਵਫ਼ਾਦਾਰ ਨੌਕਰ ਰਾਹੀਂ ਸਾਡੇ ਮਨ, ਦਿਲ ਅਤੇ ਜਜ਼ਬਾਤਾਂ ਨੂੰ ਸ਼ਾਂਤ ਕਰ ਸਕਦਾ ਹੈ।​—ਮੱਤੀ 24:45; ਯੂਹੰ. 14:16; ਰੋਮੀ. 15:4.

▪ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਨੂੰ ਸੇਧ ਦੇ ਸਕਦਾ ਹੈ। (ਯੂਹੰ. 14:26) ਪਵਿੱਤਰ ਸ਼ਕਤੀ ਬਾਈਬਲ ਦੀਆਂ ਗੱਲਾਂ ਅਤੇ ਅਸੂਲ ਯਾਦ ਰੱਖਣ ਵਿਚ ਸਾਡੀ ਮਦਦ ਕਰ ਸਕਦੀ ਹੈ ਤਾਂਕਿ ਅਸੀਂ ਵਧੀਆ ਫ਼ੈਸਲੇ ਕਰ ਸਕੀਏ।

▪ ਯਹੋਵਾਹ ਆਪਣੇ ਦੂਤਾਂ ਰਾਹੀਂ ਸਾਡੀ ਮਦਦ ਕਰ ਸਕਦਾ ਹੈ।​—ਇਬ. 1:14.

▪ ਯਹੋਵਾਹ ਸਾਡੇ ਭੈਣਾਂ-ਭਰਾਵਾਂ ਰਾਹੀਂ ਵੀ ਸਾਡੀ ਮਦਦ ਕਰ ਸਕਦਾ ਹੈ। ਉਹ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਸਾਨੂੰ ਮਜ਼ਬੂਤ ਕਰ ਸਕਦੇ ਹਨ।​—ਕੁਲੁ. 4:11.

ਸੋ ਅਸੀਂ 1 ਕੁਰਿੰਥੀਆਂ 10:13 ਵਿਚ ਦਿੱਤੇ ਪੌਲੁਸ ਦੇ ਸ਼ਬਦਾਂ ਤੋਂ ਕੀ ਸਿੱਖਦੇ ਹਾਂ? ਯਹੋਵਾਹ ਇਹ ਫ਼ੈਸਲਾ ਨਹੀਂ ਕਰਦਾ ਕਿ ਸਾਡੇ ʼਤੇ ਕਿਹੜੀਆਂ ਅਜ਼ਮਾਇਸ਼ਾਂ ਆਉਣਗੀਆਂ। ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਤਾਂ ਅਸੀਂ ਹਰ ਅਜ਼ਮਾਇਸ਼ ਦਾ ਸਾਮ੍ਹਣਾ ਕਰ ਸਕਾਂਗੇ। ਅਸੀਂ ਜਾਣਦੇ ਹਾਂ ਕਿ ਯਹੋਵਾਹ ਹਮੇਸ਼ਾ ਸਾਡੇ ਲਈ ਰਾਹ ਖੋਲ੍ਹੇਗਾ ਤਾਂਕਿ ਅਸੀਂ ਉਸ ਦੇ ਵਫ਼ਾਦਾਰ ਰਹਿ ਸਕੀਏ।

(1 ਕੁਰਿੰਥੀਆਂ 10:13) ਤੁਹਾਡੇ ਉੱਤੇ ਅਜਿਹੀ ਕੋਈ ਪਰੀਖਿਆ ਨਹੀਂ ਆਈ ਹੈ ਜੋ ਦੂਸਰੇ ਲੋਕਾਂ ਉੱਤੇ ਨਾ ਆਈ ਹੋਵੇ। ਪਰ ਪਰਮੇਸ਼ੁਰ ਵਫ਼ਾਦਾਰ ਹੈ ਅਤੇ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ, ਸਗੋਂ ਪਰੀਖਿਆ ਦੇ ਵੇਲੇ ਉਹ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।

(1 ਕੁਰਿੰਥੀਆਂ 10:13) ਤੁਹਾਡੇ ਉੱਤੇ ਅਜਿਹੀ ਕੋਈ ਪਰੀਖਿਆ ਨਹੀਂ ਆਈ ਹੈ ਜੋ ਦੂਸਰੇ ਲੋਕਾਂ ਉੱਤੇ ਨਾ ਆਈ ਹੋਵੇ। ਪਰ ਪਰਮੇਸ਼ੁਰ ਵਫ਼ਾਦਾਰ ਹੈ ਅਤੇ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ, ਸਗੋਂ ਪਰੀਖਿਆ ਦੇ ਵੇਲੇ ਉਹ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।

ਹੀਰੇ-ਮੋਤੀਆਂ ਦੀ ਖੋਜ ਕਰੋ

(1 ਕੁਰਿੰਥੀਆਂ 10:8) ਨਾ ਹੀ ਅਸੀਂ ਹਰਾਮਕਾਰੀ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਹਰਾਮਕਾਰੀ ਕੀਤੀ ਸੀ ਜਿਸ ਕਰਕੇ ਇਕ ਦਿਨ ਵਿਚ 23,000 ਲੋਕ ਮਾਰੇ ਗਏ।

w04 4/1 29

ਪਾਠਕਾਂ ਵੱਲੋਂ ਸਵਾਲ

ਪਹਿਲਾ ਕੁਰਿੰਥੀਆਂ 10:8 ਵਿਚ ਲਿਖਿਆ ਹੈ ਕਿ ਪਰਮੇਸ਼ੁਰ ਨੇ 23,000 ਇਸਰਾਏਲੀਆਂ ਨੂੰ ਸਜ਼ਾ ਦਿੱਤੀ ਸੀ, ਪਰ ਗਿਣਤੀ 25:9 ਵਿਚ 24,000 ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਗਿਣਤੀ ਵਿਚ ਫ਼ਰਕ ਕਿਉਂ ਹੈ?

ਇਨ੍ਹਾਂ ਦੋ ਆਇਤਾਂ ਵਿਚ ਫ਼ਰਕ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਇਸ ਸਵਾਲ ਦਾ ਸਭ ਤੋਂ ਸੌਖਾ ਜਵਾਬ ਇਹ ਹੈ ਕਿ ਸ਼ਾਇਦ ਇਹ ਗਿਣਤੀ 23,000 ਅਤੇ 24,000 ਲੋਕਾਂ ਦੇ ਵਿਚਕਾਰ ਸੀ, ਜਿਸ ਕਰਕੇ ਲਿਖਾਰੀਆਂ ਨੇ ਸ਼ਾਇਦ ਮੋਟਾ ਹਿਸਾਬ ਲਿਖ ਦਿੱਤਾ।

ਇਕ ਹੋਰ ਵੀ ਕਾਰਨ ਹੋ ਸਕਦਾ ਹੈ। ਕੁਰਿੰਥੀ ਲੋਕ ਆਪਣੇ ਭੈੜੇ ਅਤੇ ਅਨੈਤਿਕ ਕੰਮਾਂ ਲਈ ਮਸ਼ਹੂਰ ਸਨ। ਇਸ ਕਰਕੇ ਪੌਲੁਸ ਰਸੂਲ ਉੱਥੇ ਦੇ ਮਸੀਹੀਆਂ ਨੂੰ ਇਸਰਾਏਲੀਆਂ ਦੀ ਮਿਸਾਲ ਦੇ ਕੇ ਉਨ੍ਹਾਂ ਨੂੰ ਚੇਤਾਵਨੀ ਦੇ ਰਿਹਾ ਸੀ। ਉਸ ਨੇ ਲਿਖਿਆ: “ਅਸੀਂ ਵਿਭਚਾਰ ਨਾ ਕਰੀਏ, ਜਿਸ ਤਰ੍ਹਾਂ ਕਿ ਉਹਨਾਂ ਵਿਚੋਂ ਕੁਝ ਨੇ ਕੀਤਾ ਅਤੇ ਨਤੀਜੇ ਵਲੋਂ ਇਕ ਹੀ ਦਿਨ ਵਿਚ ਤੇਈ ਹਜ਼ਾਰ ਮੌਤ ਦੇ ਮੂੰਹ ਵਿਚ ਚਲੇ ਗਏ।” ਖ਼ਾਸ ਕਰਕੇ ਉਨ੍ਹਾਂ ਬਾਰੇ ਗੱਲ ਕਰਦੇ ਹੋਏ ਜਿਨ੍ਹਾਂ ਦੀਆਂ ਹਰਾਮਕਾਰੀ ਕਰਕੇ ਯਹੋਵਾਹ ਨੇ ਜਾਨਾਂ ਲਈਆਂ ਸਨ ਪੌਲੁਸ ਨੇ 23,000 ਜਣਿਆਂ ਦਾ ਜ਼ਿਕਰ ਕੀਤਾ।​—1 ਕੁਰਿੰਥੁਸ 10:8, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਪਰ, ਗਿਣਤੀ ਦੇ 25ਵੇਂ ਅਧਿਆਇ ਵਿਚ ਅਸੀਂ ਪੜ੍ਹਦੇ ਹਾਂ: “ਇਸਰਾਏਲ ਪਓਰ ਦੇ ਬਆਲ ਦੇਵ ਨਾਲ ਰਲ ਗਿਆ ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ।” ਇਸ ਦੇ ਮਗਰੋਂ ਯਹੋਵਾਹ ਨੇ ਮੂਸਾ ਨੂੰ “ਲੋਕਾਂ ਦੇ ਸਾਰੇ ਮੁਖੀਆਂ ਨੂੰ” ਮਾਰ ਦੇਣ ਲਈ ਕਿਹਾ। ਮੂਸਾ ਨੇ ਨਿਆਂਕਾਰਾਂ ਨੂੰ ਹੁਕਮ ਦਿੱਤਾ ਕਿ ਉਹ ਯਹੋਵਾਹ ਦੀ ਆਗਿਆ ਦੀ ਪਾਲਣਾ ਕਰਨ। ਅਖ਼ੀਰ ਵਿਚ ਜਦ ਫ਼ੀਨਹਾਸ ਨੇ ਜਲਦੀ ਕਦਮ ਚੁੱਕ ਕੇ ਉਸ ਇਸਰਾਏਲੀ ਨੂੰ ਜਾਨੋਂ ਮਾਰਿਆ ਜਿਸ ਨੇ ਮਿਦਯਾਨੀ ਤੀਵੀਂ ਨੂੰ ਇਸਰਾਏਲ ਦੀ ਮੰਡਲੀ ਵਿਚ ਲਿਆਂਦਾ ਸੀ, ਤਾਂ “ਬਵਾ ਰੁਕ ਗਈ।” ਇਸ ਬਿਰਤਾਂਤ ਦੇ ਅਖ਼ੀਰ ਵਿਚ ਸਾਨੂੰ ਦੱਸਿਆ ਗਿਆ ਹੈ: “ਜਿਹੜੇ ਉਸ ਬਵਾ ਨਾਲ ਮਰੇ ਓਹ ਚੌਵੀ ਹਜ਼ਾਰ ਸਨ।”​—ਗਿਣਤੀ 25:1-9.

ਜ਼ਾਹਰ ਹੈ ਕਿ ਨਿਆਂਕਾਰਾਂ ਦੇ ਹੱਥੀ ਮਾਰੇ ਗਏ ‘ਲੋਕਾਂ ਦੇ ਸਾਰੇ ਮੁਖੀ’ ਅਤੇ ਯਹੋਵਾਹ ਦੇ ਹੱਥੀ ਮਾਰੇ ਗਏ ਲੋਕ ਇਸ 24,000 ਦੀ ਗਿਣਤੀ ਵਿਚ ਸ਼ਾਮਲ ਸਨ। ਜੇਕਰ ਘਟੋ-ਘੱਟ 1,000 ਕੁ ਮੁਖੀ ਸਨ, ਤਾਂ ਉਨ੍ਹਾਂ ਨੂੰ ਬਾਕੀ 23,000 ਨਾਲ ਮਿਲਾ ਕੇ ਕੁਲ ਗਿਣਤੀ 24,000 ਬਣਦੀ ਹੈ। ਇਹ ਮੁਖੀ ਚਾਹੇ ਹਰਾਮਕਾਰੀ ਜਾਂ ਮੌਜ-ਮਸਤੀਆਂ ਕਰਦੇ ਸਨ ਜਾਂ ਨਹੀਂ, ਜਾਂ ਇਹ ਲੋਕਾਂ ਦੇ ਗ਼ਲਤ ਕੰਮਾਂ ਨਾਲ ਸਹਿਮਤ ਸਨ ਜਾਂ ਨਹੀਂ, ਇਕ ਗੱਲ ਪੱਕੀ ਹੈ ਕਿ ਇਹ “ਬਆਲ ਪਓਰ ਨਾਲ ਰਲ ਗਏ” ਸਨ।

ਇਸ ਦਾ ਕੀ ਮਤਲਬ ਹੈ ਕਿ ਉਹ ਬਆਲ ਪਓਰ ਨਾਲ “ਰਲ ਗਏ” ਸਨ? ਬਾਈਬਲ ਬਾਰੇ ਇਕ ਕਿਤਾਬ ਅਨੁਸਾਰ ਇਸ ਦਾ ਮਤਲਬ ਹੋ ਸਕਦਾ ਹੈ “ਕਿਸੇ ਨਾਲ ਬੰਧਨ ਵਿਚ ਬੱਝਣਾ।” ਇਸਰਾਏਲੀ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਸਨ, ਪਰ ਜਦ ਉਹ “ਬਆਲ ਪਓਰ ਨਾਲ ਰਲ ਗਏ,” ਤਾਂ ਉਨ੍ਹਾਂ ਨੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਤੋੜ ਦਿੱਤਾ। ਕੁਝ 700 ਸਾਲ ਬਾਅਦ ਯਹੋਵਾਹ ਨੇ ਹੋਸ਼ੇਆ ਨਬੀ ਜ਼ਰੀਏ ਇਸਰਾਏਲੀਆਂ ਬਾਰੇ ਕਿਹਾ: “ਉਹਨਾਂ ਨੇ ਬਆਲ-ਪਓਰ ਪਹਾੜ ਤੇ ਪਹੁੰਚਦੇ ਹੀ, ਬਆਲ ਦੀ ਪੂਜਾ ਸ਼ੁਰੂ ਕਰ ਦਿੱਤੀ ਅਤੇ ਉਹ ਆਪਣੇ ਪੂਜਕ ਦੇਵਤੇ ਬਆਲ ਵਾਂਗ ਘਿਣਾਉਣੇ ਬਣ ਗਏ।” (ਹੋਸ਼ੇਆ 9:10, ਨਵਾਂ ਅਨੁਵਾਦ) ਉਹ ਸਾਰੇ ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਪਰਮੇਸ਼ੁਰ ਦੀ ਸਜ਼ਾ ਦੇ ਲਾਇਕ ਸਨ। ਇਸ ਲਈ ਮੂਸਾ ਨੇ ਇਸਰਾਏਲੀਆਂ ਨੂੰ ਯਾਦ ਕਰਾਇਆ: “ਜੋ ਕੁਝ ਯਹੋਵਾਹ ਨੇ ਬਆਲ-ਪਓਰ ਦੇ ਕਾਰਨ ਕੀਤਾ ਤੁਹਾਡੀਆਂ ਅੱਖਾਂ ਨੇ ਵੇਖਿਆ ਹੈ ਕਿਉਂ ਜੋ ਜਿਹੜੇ ਮਨੁੱਖ ਬਆਲ-ਪਓਰ ਦੇ ਪਿੱਛੇ ਗਏ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਤੁਹਾਡੇ ਵਿੱਚੋਂ ਨਾਸ ਕਰ ਦਿੱਤਾ ਹੈ।”​—ਬਿਵਸਥਾ ਸਾਰ 4:3.

(1 ਕੁਰਿੰਥੀਆਂ 11:5, 6) ਪਰ ਜਿਹੜੀ ਵੀ ਤੀਵੀਂ ਨੰਗੇ ਸਿਰ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦੀ ਹੈ, ਉਹ ਆਪਣੇ ਸਿਰ ਦੀ ਬੇਇੱਜ਼ਤੀ ਕਰਦੀ ਹੈ, ਕਿਉਂਕਿ ਉਹ ਉਸ ਤੀਵੀਂ ਵਰਗੀ ਹੈ ਜਿਸ ਦਾ ਸਿਰ ਮੁੰਨਿਆ ਗਿਆ ਹੋਵੇ। ਜੇ ਤੀਵੀਂ ਆਪਣਾ ਸਿਰ ਨਹੀਂ ਢਕਦੀ ਹੈ, ਤਾਂ ਉਹ ਆਪਣੇ ਵਾਲ਼ ਕਟਵਾ ਲਵੇ; ਪਰ ਜੇ ਵਾਲ਼ ਕਟਵਾਉਣੇ ਜਾਂ ਸਿਰ ਮੁੰਨਾਉਣਾ ਉਸ ਲਈ ਸ਼ਰਮ ਦੀ ਗੱਲ ਹੈ, ਤਾਂ ਉਹ ਆਪਣਾ ਸਿਰ ਢਕੇ।

(1 ਕੁਰਿੰਥੀਆਂ 11:10) ਇਸ ਕਰਕੇ ਅਤੇ ਦੂਤਾਂ ਕਰਕੇ ਤੀਵੀਂ ਨੂੰ ਇਹ ਦਿਖਾਉਣ ਲਈ ਆਪਣਾ ਸਿਰ ਢਕਣਾ ਚਾਹੀਦਾ ਹੈ ਕਿ ਉਹ ਆਪਣੇ ਪਤੀ ਦੇ ਅਧੀਨ ਹੈ।

w15 2/15 30

ਪਾਠਕਾਂ ਵੱਲੋਂ ਸਵਾਲ

ਜੇ ਕੋਈ ਭੈਣ ਕਿਸੇ ਭਰਾ ਨੂੰ ਸਟੱਡੀ ਤੇ ਲੈ ਕੇ ਜਾਂਦੀ ਹੈ, ਤਾਂ ਕੀ ਉਸ ਨੂੰ ਆਪਣਾ ਸਿਰ ਢਕਣਾ ਚਾਹੀਦਾ ਹੈ?

▪ 15 ਜੁਲਾਈ 2002 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਛਾਪਿਆ ਗਿਆ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਕਿਸੇ ਭਰਾ ਦੀ ਹਾਜ਼ਰੀ ਵਿਚ ਇਕ ਭੈਣ ਨੂੰ ਸਟੱਡੀ ਕਰਵਾਉਂਦੇ ਵੇਲੇ ਆਪਣਾ ਸਿਰ ਢਕਣਾ ਚਾਹੀਦਾ ਹੈ, ਚਾਹੇ ਭਰਾ ਨੇ ਬਪਤਿਸਮਾ ਲਿਆ ਹੈ ਜਾਂ ਨਹੀਂ। ਇਸ ਮਾਮਲੇ ʼਤੇ ਹੋਰ ਸੋਚ-ਵਿਚਾਰ ਕਰਨ ਤੋਂ ਬਾਅਦ ਇਸ ਹਿਦਾਇਤ ਵਿਚ ਤਬਦੀਲੀ ਕੀਤੀ ਗਈ ਹੈ।

ਜੇ ਭੈਣ ਕਿਸੇ ਬਪਤਿਸਮਾ-ਪ੍ਰਾਪਤ ਭਰਾ ਨੂੰ ਆਪਣੀ ਸਟੱਡੀ ਤੇ ਲੈ ਕੇ ਜਾਂਦੀ ਹੈ, ਤਾਂ ਉਸ ਨੂੰ ਸਟੱਡੀ ਕਰਾਉਂਦੇ ਵੇਲੇ ਆਪਣਾ ਸਿਰ ਜ਼ਰੂਰ ਢਕਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਯਹੋਵਾਹ ਵੱਲੋਂ ਮਸੀਹੀ ਮੰਡਲੀ ਵਿਚ ਕੀਤੇ ਗਏ ਅਧੀਨਗੀ ਦੇ ਇੰਤਜ਼ਾਮ ਦਾ ਆਦਰ ਕਰਦੀ ਹੈ ਕਿਉਂਕਿ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਭਰਾਵਾਂ ਦੀ ਹੈ। (1 ਕੁਰਿੰ. 11:5, 6, 10) ਜੇ ਭਰਾ ਸਟੱਡੀ ਕਰਵਾਉਣ ਦੇ ਕਾਬਲ ਹੈ, ਤਾਂ ਉਹ ਭਰਾ ਨੂੰ ਸਟੱਡੀ ਕਰਵਾਉਣ ਲਈ ਕਹਿ ਸਕਦੀ ਹੈ।

ਦੂਜੇ ਪਾਸੇ, ਜੇ ਕੋਈ ਭੈਣ ਕਿਸੇ ਬਪਤਿਸਮਾ-ਰਹਿਤ ਪਬਲੀਸ਼ਰ ਨੂੰ, ਜੋ ਉਸ ਦਾ ਪਤੀ ਨਹੀਂ ਹੈ, ਆਪਣੇ ਨਾਲ ਕੁਝ ਸਮੇਂ ਤੋਂ ਚੱਲ ਰਹੀ ਬਾਈਬਲ ਸਟੱਡੀ ਤੇ ਲੈ ਕੇ ਜਾਂਦੀ ਹੈ, ਤਾਂ ਬਾਈਬਲ ਮੁਤਾਬਕ ਉਸ ਨੂੰ ਆਪਣਾ ਸਿਰ ਢਕਣ ਦੀ ਲੋੜ ਨਹੀਂ ਹੈ। ਪਰ ਫਿਰ ਵੀ ਜੇ ਉਸ ਦੀ ਜ਼ਮੀਰ ਕਹਿੰਦੀ ਹੈ, ਤਾਂ ਉਹ ਬਾਈਬਲ ਸਟੱਡੀ ਕਰਵਾਉਂਦੇ ਵੇਲੇ ਆਪਣਾ ਸਿਰ ਢਕ ਸਕਦੀ ਹੈ।

ਬਾਈਬਲ ਪੜ੍ਹਾਈ

(1 ਕੁਰਿੰਥੀਆਂ 10:1-17) ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਓ ਕਿ ਸਾਡੇ ਸਾਰੇ ਪਿਉ-ਦਾਦੇ ਬੱਦਲ ਦੇ ਥੱਲੇ ਸਨ ਅਤੇ ਉਹ ਸਾਰੇ ਸਮੁੰਦਰ ਵਿੱਚੋਂ ਦੀ ਲੰਘੇ ਸਨ 2 ਅਤੇ ਉਨ੍ਹਾਂ ਸਾਰਿਆਂ ਨੇ ਮੂਸਾ ਦੀ ਅਗਵਾਈ ਵਿਚ ਚੱਲ ਕੇ ਬਪਤਿਸਮਾ ਲਿਆ ਸੀ ਜਦੋਂ ਉਹ ਬੱਦਲ ਥੱਲੇ ਸਨ ਅਤੇ ਜਦੋਂ ਉਹ ਸਮੁੰਦਰ ਵਿੱਚੋਂ ਦੀ ਲੰਘੇ ਸਨ 3 ਅਤੇ ਉਨ੍ਹਾਂ ਸਾਰਿਆਂ ਨੇ ਪਰਮੇਸ਼ੁਰ ਵੱਲੋਂ ਦਿੱਤਾ ਇੱਕੋ ਜਿਹਾ ਭੋਜਨ ਖਾਧਾ ਸੀ 4 ਅਤੇ ਸਾਰਿਆਂ ਨੇ ਪਰਮੇਸ਼ੁਰ ਵੱਲੋਂ ਦਿੱਤਾ ਇੱਕੋ ਜਿਹਾ ਪਾਣੀ ਪੀਤਾ ਸੀ। ਉਨ੍ਹਾਂ ਨੇ ਪਰਮੇਸ਼ੁਰ ਵੱਲੋਂ ਦਿੱਤੀ ਗਈ ਚਟਾਨ ਵਿੱਚੋਂ ਪਾਣੀ ਪੀਤਾ ਸੀ ਜੋ ਉਨ੍ਹਾਂ ਦੇ ਪਿੱਛੇ-ਪਿੱਛੇ ਆਈ ਸੀ ਅਤੇ ਉਹ ਚਟਾਨ ਮਸੀਹ ਸੀ। 5 ਪਰ ਪਰਮੇਸ਼ੁਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਤੋਂ ਖ਼ੁਸ਼ ਨਹੀਂ ਸੀ, ਇਸ ਲਈ ਉਹ ਉਜਾੜ ਵਿਚ ਮਾਰੇ ਗਏ ਸਨ। 6 ਇਹ ਗੱਲਾਂ ਸਾਡੇ ਲਈ ਸਬਕ ਹਨ ਤਾਂਕਿ ਅਸੀਂ ਬੁਰੀਆਂ ਚੀਜ਼ਾਂ ਦੀ ਇੱਛਾ ਨਾ ਰੱਖੀਏ, ਜਿਵੇਂ ਉਨ੍ਹਾਂ ਨੇ ਇੱਛਾ ਰੱਖੀ ਸੀ। 7 ਨਾ ਹੀ ਮੂਰਤੀ-ਪੂਜਾ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਕੀਤੀ ਸੀ; ਜਿਵੇਂ ਲਿਖਿਆ ਹੈ: “ਲੋਕਾਂ ਨੇ ਖਾਧਾ-ਪੀਤਾ ਅਤੇ ਉਨ੍ਹਾਂ ਨੇ ਮੌਜ-ਮਸਤੀ ਕੀਤੀ।” 8 ਨਾ ਹੀ ਅਸੀਂ ਹਰਾਮਕਾਰੀ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਹਰਾਮਕਾਰੀ ਕੀਤੀ ਸੀ ਜਿਸ ਕਰਕੇ ਇਕ ਦਿਨ ਵਿਚ 23,000 ਲੋਕ ਮਾਰੇ ਗਏ। 9 ਨਾ ਹੀ ਅਸੀਂ ਯਹੋਵਾਹ ਨੂੰ ਪਰਖੀਏ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਉਸ ਨੂੰ ਪਰਖਿਆ ਸੀ ਅਤੇ ਇਸ ਕਰਕੇ ਉਹ ਸੱਪਾਂ ਦੇ ਡੰਗਣ ਨਾਲ ਮਾਰੇ ਗਏ ਸਨ। 10 ਨਾ ਹੀ ਬੁੜ-ਬੁੜ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਬੁੜ-ਬੁੜ ਕੀਤੀ ਸੀ ਜਿਸ ਕਰਕੇ ਉਹ ਨਾਸ਼ ਕਰਨ ਵਾਲੇ ਦੇ ਹੱਥੋਂ ਮਾਰੇ ਗਏ। 11 ਇਹ ਸਾਰਾ ਕੁਝ ਜੋ ਉਨ੍ਹਾਂ ਨਾਲ ਹੋਇਆ, ਉਦਾਹਰਣਾਂ ਸਨ ਅਤੇ ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਸਨ ਜਿਨ੍ਹਾਂ ਉੱਤੇ ਯੁਗਾਂ ਦੇ ਅੰਤ ਆ ਗਏ ਹਨ। 12 ਇਸ ਲਈ ਜਿਹੜਾ ਸੋਚਦਾ ਹੈ ਕਿ ਉਹ ਖੜ੍ਹਾ ਹੈ, ਖ਼ਬਰਦਾਰ ਰਹੇ ਕਿ ਉਹ ਕਿਤੇ ਡਿਗ ਨਾ ਪਵੇ। 13 ਤੁਹਾਡੇ ਉੱਤੇ ਅਜਿਹੀ ਕੋਈ ਪਰੀਖਿਆ ਨਹੀਂ ਆਈ ਹੈ ਜੋ ਦੂਸਰੇ ਲੋਕਾਂ ਉੱਤੇ ਨਾ ਆਈ ਹੋਵੇ। ਪਰ ਪਰਮੇਸ਼ੁਰ ਵਫ਼ਾਦਾਰ ਹੈ ਅਤੇ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ, ਸਗੋਂ ਪਰੀਖਿਆ ਦੇ ਵੇਲੇ ਉਹ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ। 14 ਇਸ ਲਈ ਪਿਆਰੇ ਭਰਾਵੋ, ਮੂਰਤੀ-ਪੂਜਾ ਤੋਂ ਭੱਜੋ। 15 ਤੁਸੀਂ ਆਪ ਸਮਝਦਾਰ ਹੋ, ਇਸ ਲਈ ਆਪ ਫ਼ੈਸਲਾ ਕਰੋ ਕਿ ਮੈਂ ਜੋ ਕਹਿ ਰਿਹਾ ਹਾਂ, ਉਹ ਸਹੀ ਹੈ ਜਾਂ ਨਹੀਂ। 16 ਅਸੀਂ ਬਰਕਤ ਦੇ ਜਿਸ ਪਿਆਲੇ ਉੱਤੇ ਪ੍ਰਾਰਥਨਾ ਕਰਦੇ ਹਾਂ, ਕੀ ਇਹ ਮਸੀਹ ਦੇ ਲਹੂ ਵਿਚ ਹਿੱਸੇਦਾਰੀ ਨਹੀਂ ਹੈ? ਅਸੀਂ ਜਿਹੜੀ ਰੋਟੀ ਤੋੜਦੇ ਹਾਂ, ਕੀ ਇਹ ਮਸੀਹ ਦੇ ਸਰੀਰ ਵਿਚ ਹਿੱਸੇਦਾਰੀ ਨਹੀਂ ਹੈ? 17 ਇੱਕੋ ਰੋਟੀ ਹੈ ਅਤੇ ਭਾਵੇਂ ਅਸੀਂ ਬਹੁਤ ਸਾਰੇ ਹਾਂ, ਫਿਰ ਵੀ ਇਕ ਸਰੀਰ ਹਾਂ ਕਿਉਂਕਿ ਅਸੀਂ ਸਾਰੇ ਇਹ ਇੱਕੋ ਰੋਟੀ ਖਾਂਦੇ ਹਾਂ।

22-28 ਅਪ੍ਰੈਲ

ਰੱਬ ਦਾ ਬਚਨ ਖ਼ਜ਼ਾਨਾ ਹੈ | 1 ਕੁਰਿੰਥੀਆਂ 14–16

“‘ਪਰਮੇਸ਼ੁਰ ਹੀ ਸਾਰਿਆਂ ਦਾ ਰਾਜਾ’ ਹੋਵੇਗਾ”

(1 ਕੁਰਿੰਥੀਆਂ 15:24, 25) ਅਖ਼ੀਰ ਵਿਚ, ਜਦੋਂ ਮਸੀਹ ਸਾਰੀਆਂ ਸਰਕਾਰਾਂ ਅਤੇ ਅਧਿਕਾਰ ਤੇ ਤਾਕਤ ਰੱਖਣ ਵਾਲਿਆਂ ਨੂੰ ਖ਼ਤਮ ਕਰ ਦੇਵੇਗਾ, ਤਾਂ ਉਹ ਆਪਣੇ ਪਿਤਾ ਪਰਮੇਸ਼ੁਰ ਨੂੰ ਰਾਜ ਵਾਪਸ ਸੌਂਪ ਦੇਵੇਗਾ। 25 ਕਿਉਂਕਿ ਉਹ ਰਾਜੇ ਵਜੋਂ ਉਦੋਂ ਤਕ ਰਾਜ ਕਰੇਗਾ ਜਦੋਂ ਤਕ ਪਰਮੇਸ਼ੁਰ ਸਾਰੇ ਦੁਸ਼ਮਣਾਂ ਨੂੰ ਉਸ ਦੇ ਪੈਰਾਂ ਹੇਠ ਨਹੀਂ ਕਰ ਦਿੰਦਾ।

w98 7/1 20 ਪੈਰਾ 10

‘ਮੌਤ ਦਾ ਨਾਸ਼ ਹੋਣਾ ਹੈ’

10 “ਅੰਤ” ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦਾ ਅੰਤ ਹੈ, ਜਦੋਂ ਯਿਸੂ ਨਿਮਰਤਾ ਅਤੇ ਨਿਸ਼ਠਾ ਨਾਲ ਰਾਜ ਆਪਣੇ ਪਰਮੇਸ਼ੁਰ ਅਤੇ ਪਿਤਾ ਨੂੰ ਸੌਂਪ ਦੇਵੇਗਾ। (ਪਰਕਾਸ਼ ਦੀ ਪੋਥੀ 20:4) ‘ਸਭਨਾਂ ਨੂੰ ਮਸੀਹ ਵਿੱਚ ਇਕੱਠਾ ਕਰਨ’ ਦਾ ਪਰਮੇਸ਼ੁਰ ਦਾ ਮਕਸਦ ਪੂਰਾ ਹੋ ਗਿਆ ਹੋਵੇਗਾ। (ਅਫ਼ਸੀਆਂ 1:9, 10) ਪਰੰਤੂ ਇਸ ਤੋਂ ਪਹਿਲਾਂ, ਮਸੀਹ ਨੇ ਪਰਮੇਸ਼ੁਰ ਦੀ ਉੱਤਮ ਇੱਛਾ ਦਾ ਵਿਰੋਧ ਕਰਨ ਵਾਲੇ “ਸਭ ਰਾਜਿਆਂ, ਅਧਿਕਾਰੀਆਂ ਅਤੇ ਸ਼ਕਤੀਆਂ” ਦਾ ਨਾਸ਼ ਕਰ ਦਿੱਤਾ ਹੋਵੇਗਾ। ਇਸ ਵਿਚ ਆਰਮਾਗੇਡਨ ਵਿਚ ਕੀਤੇ ਗਏ ਵਿਨਾਸ਼ ਤੋਂ ਜ਼ਿਆਦਾ ਸ਼ਾਮਲ ਹੋਵੇਗਾ। (ਪਰਕਾਸ਼ ਦੀ ਪੋਥੀ 16:16; 19:11-21) ਪੌਲੁਸ ਕਹਿੰਦਾ ਹੈ: “ਜਿੰਨਾ ਚਿਰ [ਮਸੀਹ] ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉੱਨਾ ਚਿਰ ਉਸ ਨੇ ਰਾਜ ਕਰਨਾ ਹੈ। ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ।” (1 ਕੁਰਿੰਥੀਆਂ 15:25, 26) ਜੀ ਹਾਂ, ਆਦਮ ਦੁਆਰਾ ਆਏ ਪਾਪ ਅਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਹੋਵੇਗਾ। ਫਿਰ, ਇਹ ਜ਼ਰੂਰੀ ਹੈ ਕਿ ਪਰਮੇਸ਼ੁਰ ਮਰੇ ਹੋਇਆਂ ਨੂੰ ਦੁਬਾਰਾ ਜੀਵਨ ਦੇ ਕੇ “ਕਬਰਾਂ” ਨੂੰ ਖਾਲੀ ਕਰ ਚੁੱਕਾ ਹੋਵੇਗਾ।​—ਯੂਹੰਨਾ 5:28.

(1 ਕੁਰਿੰਥੀਆਂ 15:26) ਅਤੇ ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।

kr 237 ਪੈਰਾ 21

ਪਰਮੇਸ਼ੁਰ ਦੇ ਰਾਜ ਦੌਰਾਨ ਧਰਤੀ ʼਤੇ ਉਸ ਦੀ ਇੱਛਾ ਪੂਰੀ ਹੋਵੇਗੀ

21 ਪਰ ਬੀਮਾਰੀ ਅਤੇ ਪਾਪ ਦੇ ਖ਼ਤਰਨਾਕ ਅੰਜਾਮ ਮੌਤ ਦਾ ਕੀ ਹੋਵੇਗਾ? ਇਹ ਸਾਡੀ “ਆਖ਼ਰੀ ਦੁਸ਼ਮਣ” ਹੈ। ਇਹ ਅਜਿਹੀ ਦੁਸ਼ਮਣ ਹੈ ਜਿਸ ਦੇ ਸਾਮ੍ਹਣੇ ਹਰ ਨਾਮੁਕੰਮਲ ਇਨਸਾਨ ਅੱਜ ਨਹੀਂ ਤਾਂ ਕੱਲ੍ਹ ਗੋਡੇ ਟੇਕ ਦਿੰਦਾ ਹੈ। (1 ਕੁਰਿੰ. 15:26) ਪਰ ਕੀ ਮੌਤ ਇੰਨੀ ਤਾਕਤਵਰ ਹੈ ਕਿ ਯਹੋਵਾਹ ਵੀ ਉਸ ਨੂੰ ਹਰਾ ਨਹੀਂ ਸਕਦਾ? ਧਿਆਨ ਦਿਓ ਕਿ ਯਸਾਯਾਹ ਨੇ ਕੀ ਭਵਿੱਖਬਾਣੀ ਕੀਤੀ ਸੀ: “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।” (ਯਸਾ 25:8) ਕੀ ਤੁਸੀਂ ਉਸ ਸਮੇਂ ਦੀ ਕਲਪਨਾ ਕਰ ਸਕਦੇ ਹੋ? ਨਾ ਸੰਸਕਾਰ ਕੀਤੇ ਜਾਣਗੇ, ਨਾ ਹੀ ਕਬਰਸਤਾਨ ਹੋਣਗੇ ਤੇ ਨਾ ਹੀ ਦੁੱਖ ਦੇ ਹੰਝੂ ਹੋਣਗੇ। ਇਸ ਦੀ ਬਜਾਇ, ਖ਼ੁਸ਼ੀ ਦੇ ਹੰਝੂ ਹੋਣਗੇ ਜਦੋਂ ਯਹੋਵਾਹ ਮਰੇ ਹੋਏ ਲੋਕਾਂ ਨੂੰ ਮੁੜ ਜੀਉਂਦਾ ਕੀਤਾ ਜਾਣ ਦਾ ਆਪਣਾ ਸ਼ਾਨਦਾਰ ਵਾਅਦਾ ਪੂਰਾ ਕਰੇਗਾ। (ਯਸਾਯਾਹ 26:19 ਪੜ੍ਹੋ।) ਅਖ਼ੀਰ, ਮੌਤ ਦੇ ਡੰਗ ਨਾਲ ਹੋਏ ਅਣਗਿਣਤ ਜ਼ਖ਼ਮ ਭਰ ਜਾਣਗੇ।

(1 ਕੁਰਿੰਥੀਆਂ 15:27, 28) ਪਰਮੇਸ਼ੁਰ ਨੇ “ਸਾਰਾ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਹੈ।” ਪਰ ਇਸ ਗੱਲ ਦਾ ਕਿ ‘ਸਾਰਾ ਕੁਝ ਮਸੀਹ ਦੇ ਅਧੀਨ ਕੀਤਾ ਗਿਆ ਹੈ,’ ਇਹ ਮਤਲਬ ਨਹੀਂ ਹੈ ਕਿ ਪਰਮੇਸ਼ੁਰ ਜਿਸ ਨੇ ਸਭ ਕੁਝ ਉਸ ਦੇ ਅਧੀਨ ਕੀਤਾ ਹੈ, ਆਪ ਵੀ ਉਸ ਦੇ ਅਧੀਨ ਹੋ ਗਿਆ ਹੈ। 28 ਇਸ ਦੀ ਬਜਾਇ, ਸਾਰਾ ਕੁਝ ਪੁੱਤਰ ਦੇ ਅਧੀਨ ਹੋ ਜਾਣ ਤੋਂ ਬਾਅਦ ਪੁੱਤਰ ਆਪ ਵੀ ਪਰਮੇਸ਼ੁਰ ਦੇ ਅਧੀਨ ਹੋ ਜਾਵੇਗਾ ਜਿਸ ਨੇ ਪੁੱਤਰ ਦੇ ਅਧੀਨ ਸਾਰਾ ਕੁਝ ਕੀਤਾ ਹੈ ਤਾਂਕਿ ਪਰਮੇਸ਼ੁਰ ਹੀ ਸਾਰਿਆਂ ਦਾ ਰਾਜਾ ਹੋਵੇ।

w12 9/15 12 ਪੈਰਾ 17

ਹਜ਼ਾਰ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਸ਼ਾਂਤੀ!

17 ਇਸ ਤੋਂ ਵਧੀਆ ਹੋਰ ਗੱਲ ਕੀ ਹੋ ਸਕਦੀ ਹੈ ਕਿ ਹਜ਼ਾਰ ਸਾਲ ਦੇ ਅੰਤ ਵਿਚ ‘ਪਰਮੇਸ਼ੁਰ ਹੀ ਸਾਰਿਆਂ ਦਾ ਰਾਜਾ ਹੋਵੇਗਾ।’ ਇਸ ਦਾ ਕੀ ਮਤਲਬ ਹੈ? ਉਸ ਸਮੇਂ ਬਾਰੇ ਸੋਚੋ ਜਦੋਂ ਅਦਨ ਦੇ ਬਾਗ਼ ਵਿਚ ਮੁਕੰਮਲ ਇਨਸਾਨ ਆਦਮ ਤੇ ਹੱਵਾਹ ਯਹੋਵਾਹ ਦੇ ਸ਼ਾਂਤਮਈ ਪਰਿਵਾਰ ਦੇ ਮੈਂਬਰ ਸਨ। ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਸਵਰਗ ਅਤੇ ਧਰਤੀ ਉੱਤੇ ਆਪਣੀ ਸਾਰੀ ਸ੍ਰਿਸ਼ਟੀ ʼਤੇ ਸਿੱਧਾ ਰਾਜ ਕਰਦਾ ਸੀ। ਸਾਰੇ ਉਸ ਨਾਲ ਸਿੱਧੀ ਗੱਲ ਕਰ ਸਕਦੇ ਸਨ, ਉਸ ਦੀ ਭਗਤੀ ਕਰ ਸਕਦੇ ਸਨ ਅਤੇ ਉਸ ਤੋਂ ਬਰਕਤਾਂ ਪਾ ਸਕਦੇ ਸਨ। ਪਰਮੇਸ਼ੁਰ “ਸਾਰਿਆਂ ਦਾ ਰਾਜਾ” ਸੀ।

ਹੀਰੇ-ਮੋਤੀਆਂ ਦੀ ਖੋਜ ਕਰੋ

(1 ਕੁਰਿੰਥੀਆਂ 14:34, 35) ਤੀਵੀਆਂ ਮੰਡਲੀਆਂ ਵਿਚ ਚੁੱਪ ਰਹਿਣ ਕਿਉਂਕਿ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ। ਇਸ ਦੀ ਬਜਾਇ, ਉਹ ਅਧੀਨ ਰਹਿਣ, ਜਿਵੇਂ ਪਰਮੇਸ਼ੁਰ ਦੇ ਕਾਨੂੰਨ ਵਿਚ ਵੀ ਕਿਹਾ ਗਿਆ ਹੈ। 35 ਜੇ ਉਨ੍ਹਾਂ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ, ਤਾਂ ਉਹ ਘਰ ਆਪਣੇ ਪਤੀਆਂ ਨੂੰ ਪੁੱਛਣ ਕਿਉਂਕਿ ਤੀਵੀਆਂ ਲਈ ਮੰਡਲੀ ਵਿਚ ਬੋਲਣਾ ਸ਼ਰਮ ਦੀ ਗੱਲ ਹੈ।

w12 9/1 9, ਡੱਬੀ

ਕੀ ਪੌਲੁਸ ਰਸੂਲ ਨੇ ਔਰਤਾਂ ਨੂੰ ਬੋਲਣ ਤੋਂ ਰੋਕਿਆ ਸੀ?

ਪੌਲੁਸ ਨੇ ਲਿਖਿਆ: “ਤੀਵੀਆਂ ਮੰਡਲੀਆਂ ਵਿਚ ਚੁੱਪ ਰਹਿਣ।” (1 ਕੁਰਿੰਥੀਆਂ 14:34) ਉਸ ਦੇ ਕਹਿਣ ਦਾ ਕੀ ਮਤਲਬ ਸੀ? ਕੀ ਉਹ ਉਨ੍ਹਾਂ ਨੂੰ ਨੀਵਾਂ ਸਮਝ ਰਿਹਾ ਸੀ? ਨਹੀਂ। ਦਰਅਸਲ, ਉਸ ਨੇ ਅਕਸਰ ਤੀਵੀਆਂ ਨੂੰ ਵਧੀਆ ਸਿੱਖਿਆ ਦਿੱਤੀ ਸੀ। (2 ਤਿਮੋਥਿਉਸ 1:5; ਤੀਤੁਸ 2:3-5) ਕੁਰਿੰਥੀਆਂ ਨੂੰ ਚਿੱਠੀ ਲਿਖਦਿਆਂ ਪੌਲੁਸ ਨੇ ਨਾ ਸਿਰਫ਼ ਔਰਤਾਂ ਨੂੰ ਇਹ ਸਲਾਹ ਦਿੱਤੀ, ਸਗੋਂ ਹਰ ਉਸ ਇਨਸਾਨ ਨੂੰ ਵੀ “ਚੁੱਪ ਰਹਿਣ” ਦੀ ਸਲਾਹ ਦਿੱਤੀ ਜਿਸ ਕੋਲ ਅਲੱਗ-ਅਲੱਗ ਭਾਸ਼ਾਵਾਂ ਬੋਲਣ ਅਤੇ ਭਵਿੱਖਬਾਣੀਆਂ ਕਰਨ ਦਾ ਸਨਮਾਨ ਸੀ। ਉਨ੍ਹਾਂ ਨੂੰ ਉਦੋਂ ਚੁੱਪ ਰਹਿਣਾ ਚਾਹੀਦਾ ਸੀ ਜਦੋਂ ਕੋਈ ਹੋਰ ਜਣਾ ਗੱਲ ਕਰ ਰਿਹਾ ਹੁੰਦਾ ਸੀ। (1 ਕੁਰਿੰਥੀਆਂ 14:26-30, 33) ਕੁਝ ਮਸੀਹੀ ਤੀਵੀਆਂ ਨਵੇਂ ਵਿਸ਼ਵਾਸਾਂ ਕਰਕੇ ਇੰਨੀਆਂ ਜੋਸ਼ੀਲੀਆਂ ਸਨ ਕਿ ਉਹ ਸਵਾਲ ਪੁੱਛਣ ਲਈ ਭਾਸ਼ਣਕਾਰ ਨੂੰ ਵਿੱਚੇ ਹੀ ਟੋਕ ਦਿੰਦੀਆਂ ਸਨ ਜਿਵੇਂ ਉਸ ਸਮੇਂ ਉੱਥੇ ਦਾ ਰਿਵਾਜ ਸੀ। ਇਸ ਤਰ੍ਹਾਂ ਕਰਨ ਤੋਂ ਰੋਕਣ ਲਈ ਪੌਲੁਸ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ “ਘਰ ਆਪਣੇ ਪਤੀਆਂ ਨੂੰ ਪੁੱਛਣ।”​—1 ਕੁਰਿੰਥੀਆਂ 14:35.

(1 ਕੁਰਿੰਥੀਆਂ 15:53) ਨਾਸ਼ਵਾਨ ਸਰੀਰ ਬਦਲ ਕੇ ਅਵਿਨਾਸ਼ੀ ਬਣ ਜਾਵੇਗਾ ਅਤੇ ਮਰਨਹਾਰ ਸਰੀਰ ਬਦਲ ਕੇ ਅਮਰ ਬਣ ਜਾਵੇਗਾ।

it-1 1197-1198

ਅਵਿਨਾਸ਼ੀ

ਜਿਨ੍ਹਾਂ ਨੇ ਯਿਸੂ ਨਾਲ ਰਾਜ ਕਰਨਾ ਹੈ, ਉਨ੍ਹਾਂ ਨੂੰ ਸਿਰਫ਼ ਦੂਤਾਂ ਵਜੋਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਹੀ ਜੀਉਂਦਾ ਨਹੀਂ ਕੀਤਾ ਜਾਂਦਾ, ਸਗੋਂ ਉਨ੍ਹਾਂ ਨੂੰ ਵੀ ਅਮਰਤਾ ਦਾ ਇਨਾਮ ਮਿਲਦਾ ਹੈ ਤੇ ਉਨ੍ਹਾਂ ਨੂੰ ਅਵਿਨਾਸ਼ੀ ਸਰੀਰ ਦਿੱਤੇ ਜਾਂਦੇ ਹਨ। ਜਦੋਂ ਉਹ ਵਫ਼ਾਦਾਰੀ ਨਾਲ ਸੇਵਾ ਕਰ ਕੇ ਮਰ ਜਾਂਦੇ ਹਨ, ਤਾਂ ਉਨ੍ਹਾਂ ਨੂੰ ਅਵਿਨਾਸ਼ੀ ਸਰੀਰ ਦਿੱਤਾ ਜਾਂਦਾ ਹੈ ਜਿਵੇਂ 1 ਕੁਰਿੰਥੀਆਂ 15:42-54 ਵਿਚ ਪੌਲੁਸ ਨੇ ਦੱਸਿਆ ਹੈ। ਅਮਰਤਾ ਉਨ੍ਹਾਂ ਦੀ ਵਧੀਆ ਜ਼ਿੰਦਗੀ ਨੂੰ ਦਰਸਾਉਂਦੀ ਹੈ ਜੋ ਨਾ ਕਦੇ ਖ਼ਤਮ ਹੋਵੇਗੀ ਅਤੇ ਨਾ ਕਦੇ ਨਾਸ਼ ਹੋਵੇਗੀ, ਜਦ ਕਿ ਅਵਿਨਾਸ਼ੀ ਸ਼ਬਦ ਪਰਮੇਸ਼ੁਰ ਤੋਂ ਮਿਲੇ ਅਜਿਹੇ ਸਰੀਰ ਨੂੰ ਦਰਸਾਉਂਦਾ ਹੈ ਜੋ ਨਾ ਕਦੇ ਖ਼ਰਾਬ ਹੋਵੇਗਾ, ਨਾ ਗਲੇਗਾ-ਸੜੇਗਾ ਤੇ ਨਾ ਹੀ ਕਦੇ ਨਾਸ਼ ਹੋਵੇਗਾ। ਸੋ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਖ਼ੁਦ ਜੀਉਂਦਾ ਰਹਿਣ ਦੀ ਤਾਕਤ ਦਿੰਦਾ ਹੈ। ਉਨ੍ਹਾਂ ਨੂੰ ਸਾਡੇ ਜਾਂ ਦੂਸਰੇ ਦੂਤਾਂ ਵਾਂਗ ਜੀਉਂਦੇ ਰਹਿਣ ਲਈ ਕਿਸੇ ਹੋਰ ਚੀਜ਼ ʼਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਉਨ੍ਹਾਂ ʼਤੇ ਕਿੰਨਾ ਭਰੋਸਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਨੂੰ ਯਹੋਵਾਹ ਦੇ ਅਧੀਨ ਰਹਿਣ ਦੀ ਲੋੜ ਨਹੀਂ ਹੈ। ਉਹ ਆਪਣੇ ਸਿਰ ਯਿਸੂ ਮਸੀਹ ਵਾਂਗ ਹਮੇਸ਼ਾ ਆਪਣੇ ਪਿਤਾ ਦੀ ਇੱਛਾ ਅਤੇ ਹਿਦਾਇਤਾਂ ਮੁਤਾਬਕ ਕੰਮ ਕਰਦੇ ਹਨ।​—1 ਕੁਰਿੰ 15 23-28.

ਬਾਈਬਲ ਪੜ੍ਹਾਈ

(1 ਕੁਰਿੰਥੀਆਂ 14:20-40) ਭਰਾਵੋ, ਨਿਆਣਿਆਂ ਵਾਲੀ ਸਮਝ ਨਾ ਰੱਖੋ, ਸਗੋਂ ਬੁਰਾਈ ਵਿਚ ਨਿਆਣੇ ਬਣੋ; ਪਰ ਸਮਝ ਵਿਚ ਸਿਆਣੇ ਬਣੋ। 21 ਮੂਸਾ ਦੇ ਕਾਨੂੰਨ ਵਿਚ ਇਹ ਲਿਖਿਆ ਹੈ: “‘ਮੈਂ ਹੋਰ ਬੋਲੀਆਂ ਬੋਲਣ ਵਾਲੇ ਲੋਕਾਂ ਅਤੇ ਅਜਨਬੀਆਂ ਰਾਹੀਂ ਇਨ੍ਹਾਂ ਨਾਲ ਗੱਲ ਕਰਾਂਗਾ, ਫਿਰ ਵੀ ਉਹ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਨਗੇ,’ ਯਹੋਵਾਹ ਕਹਿੰਦਾ ਹੈ।” 22 ਇਸ ਕਰਕੇ, ਹੋਰ ਬੋਲੀਆਂ ਬੋਲਣ ਦੀ ਦਾਤ ਨਿਹਚਾਵਾਨਾਂ ਲਈ ਨਹੀਂ, ਸਗੋਂ ਅਵਿਸ਼ਵਾਸੀ ਲੋਕਾਂ ਲਈ ਇਕ ਨਿਸ਼ਾਨੀ ਹੈ, ਜਦ ਕਿ ਭਵਿੱਖਬਾਣੀਆਂ ਕਰਨ ਦੀ ਦਾਤ ਅਵਿਸ਼ਵਾਸੀ ਲੋਕਾਂ ਲਈ ਨਹੀਂ, ਸਗੋਂ ਨਿਹਚਾਵਾਨਾਂ ਲਈ ਇਕ ਨਿਸ਼ਾਨੀ ਹੈ। 23 ਇਸ ਲਈ, ਜੇ ਪੂਰੀ ਮੰਡਲੀ ਇਕ ਜਗ੍ਹਾ ਇਕੱਠੀ ਹੁੰਦੀ ਹੈ ਅਤੇ ਸਾਰੇ ਜਣੇ ਵੱਖੋ-ਵੱਖਰੀਆਂ ਬੋਲੀਆਂ ਵਿਚ ਗੱਲ ਕਰਦੇ ਹਨ, ਤਾਂ ਕੀ ਉੱਥੇ ਆਉਣ ਵਾਲੇ ਆਮ ਬੰਦੇ ਜਾਂ ਅਵਿਸ਼ਵਾਸੀ ਲੋਕ ਤੁਹਾਨੂੰ ਪਾਗਲ ਨਹੀਂ ਕਹਿਣਗੇ? 24 ਪਰ ਜੇ ਤੁਸੀਂ ਸਾਰੇ ਭਵਿੱਖਬਾਣੀਆਂ ਕਰਦੇ ਹੋ ਅਤੇ ਕੋਈ ਅਵਿਸ਼ਵਾਸੀ ਜਾਂ ਆਮ ਬੰਦਾ ਆਉਂਦਾ ਹੈ, ਤਾਂ ਉਸ ਨੂੰ ਤੁਹਾਡੇ ਸਾਰਿਆਂ ਦੀਆਂ ਗੱਲਾਂ ਤੋਂ ਤਾੜਨਾ ਮਿਲੇਗੀ ਅਤੇ ਉਹ ਧਿਆਨ ਨਾਲ ਆਪਣੀ ਜਾਂਚ ਕਰਨ ਲਈ ਪ੍ਰੇਰਿਤ ਹੋਵੇਗਾ। 25 ਫਿਰ ਉਸ ਦੇ ਦਿਲ ਦੇ ਭੇਤ ਜ਼ਾਹਰ ਹੋ ਜਾਣਗੇ ਅਤੇ ਉਹ ਗੋਡਿਆਂ ਭਾਰ ਬੈਠ ਕੇ ਪਰਮੇਸ਼ੁਰ ਨੂੰ ਮੱਥਾ ਟੇਕੇਗਾ ਅਤੇ ਕਹੇਗਾ: “ਪਰਮੇਸ਼ੁਰ ਵਾਕਈ ਤੁਹਾਡੇ ਨਾਲ ਹੈ।” 26 ਤਾਂ ਫਿਰ ਭਰਾਵੋ, ਕੀ ਕਰਨਾ ਚਾਹੀਦਾ ਹੈ? ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਤਾਂ ਕੋਈ ਜ਼ਬੂਰ ਗਾਉਂਦਾ ਹੈ, ਕੋਈ ਸਿਖਾਉਂਦਾ ਹੈ, ਕੋਈ ਪਰਮੇਸ਼ੁਰ ਦੇ ਸੰਦੇਸ਼ ਸੁਣਾਉਂਦਾ ਹੈ, ਕੋਈ ਦੂਸਰੀ ਬੋਲੀ ਵਿਚ ਗੱਲ ਕਰਦਾ ਹੈ ਅਤੇ ਕੋਈ ਹੋਰ ਉਨ੍ਹਾਂ ਗੱਲਾਂ ਦਾ ਅਨੁਵਾਦ ਕਰਦਾ ਹੈ। ਇਕ-ਦੂਜੇ ਨੂੰ ਤਕੜਾ ਕਰਨ ਲਈ ਹੀ ਸਭ ਕੁਝ ਕਰੋ। 27 ਅਤੇ ਜੇ ਕਿਸੇ ਨੇ ਹੋਰ ਬੋਲੀ ਵਿਚ ਗੱਲ ਕਰਨੀ ਹੈ, ਤਾਂ ਦੋ ਜਾਂ ਤਿੰਨ ਤੋਂ ਵੱਧ ਜਣੇ ਹੋਰ ਬੋਲੀ ਵਿਚ ਗੱਲ ਨਾ ਕਰਨ ਅਤੇ ਸਾਰੇ ਵਾਰੀ-ਵਾਰੀ ਗੱਲ ਕਰਨ; ਅਤੇ ਕੋਈ ਜਣਾ ਉਨ੍ਹਾਂ ਦੀਆਂ ਗੱਲਾਂ ਦਾ ਅਰਥ ਸਮਝਾਵੇ। 28 ਪਰ ਜੇ ਉੱਥੇ ਅਨੁਵਾਦ ਕਰਨ ਲਈ ਕੋਈ ਨਹੀਂ ਹੈ, ਤਾਂ ਉਹ ਮੰਡਲੀ ਵਿਚ ਚੁੱਪ ਰਹੇ ਅਤੇ ਆਪਣੇ ਮਨ ਵਿਚ ਪਰਮੇਸ਼ੁਰ ਨਾਲ ਗੱਲ ਕਰੇ। 29 ਨਾਲੇ ਦੋ ਜਾਂ ਤਿੰਨ ਨਬੀ ਹੀ ਗੱਲ ਕਰਨ ਅਤੇ ਦੂਸਰੇ ਉਨ੍ਹਾਂ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਨ। 30 ਪਰ ਜੇ ਉੱਥੇ ਬੈਠੇ-ਬੈਠੇ ਕਿਸੇ ਨੂੰ ਪਰਮੇਸ਼ੁਰ ਤੋਂ ਸੰਦੇਸ਼ ਮਿਲਦਾ ਹੈ, ਤਾਂ ਜਿਹੜਾ ਗੱਲ ਕਰ ਰਿਹਾ ਹੈ, ਉਹ ਚੁੱਪ ਕਰ ਜਾਵੇ। 31 ਤੁਸੀਂ ਸਾਰੇ ਇਕ-ਇਕ ਕਰ ਕੇ ਭਵਿੱਖਬਾਣੀਆਂ ਕਰ ਸਕਦੇ ਹੋ ਤਾਂਕਿ ਸਾਰੇ ਜਣੇ ਸਿੱਖਣ ਅਤੇ ਸਾਰਿਆਂ ਨੂੰ ਹੱਲਾਸ਼ੇਰੀ ਮਿਲੇ। 32 ਜਦੋਂ ਨਬੀ ਪਵਿੱਤਰ ਸ਼ਕਤੀ ਦੁਆਰਾ ਮਿਲੀਆਂ ਦਾਤਾਂ ਨੂੰ ਇਸਤੇਮਾਲ ਕਰਦੇ ਹਨ, ਤਾਂ ਉਹ ਆਪਣੇ ਆਪ ਨੂੰ ਕਾਬੂ ਵਿਚ ਰੱਖਣ। 33 ਕਿਉਂਕਿ ਪਰਮੇਸ਼ੁਰ ਗੜਬੜੀ ਦਾ ਪਰਮੇਸ਼ੁਰ ਨਹੀਂ ਹੈ, ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ। ਜਿਵੇਂ ਪਵਿੱਤਰ ਸੇਵਕਾਂ ਦੀਆਂ ਸਾਰੀਆਂ ਮੰਡਲੀਆਂ ਵਿਚ ਹੁੰਦਾ ਹੈ, 34 ਤੀਵੀਆਂ ਮੰਡਲੀਆਂ ਵਿਚ ਚੁੱਪ ਰਹਿਣ ਕਿਉਂਕਿ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ। ਇਸ ਦੀ ਬਜਾਇ, ਉਹ ਅਧੀਨ ਰਹਿਣ, ਜਿਵੇਂ ਪਰਮੇਸ਼ੁਰ ਦੇ ਕਾਨੂੰਨ ਵਿਚ ਵੀ ਕਿਹਾ ਗਿਆ ਹੈ। 35 ਜੇ ਉਨ੍ਹਾਂ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ, ਤਾਂ ਉਹ ਘਰ ਆਪਣੇ ਪਤੀਆਂ ਨੂੰ ਪੁੱਛਣ ਕਿਉਂਕਿ ਤੀਵੀਆਂ ਲਈ ਮੰਡਲੀ ਵਿਚ ਬੋਲਣਾ ਸ਼ਰਮ ਦੀ ਗੱਲ ਹੈ। 36 ਕੀ ਪਰਮੇਸ਼ੁਰ ਦਾ ਬਚਨ ਤੁਹਾਡੇ ਤੋਂ ਆਇਆ ਸੀ ਜਾਂ ਸਿਰਫ਼ ਤੁਹਾਨੂੰ ਹੀ ਮਿਲਿਆ ਸੀ? 37 ਜੇ ਕੋਈ ਸੋਚਦਾ ਹੈ ਕਿ ਉਹ ਨਬੀ ਹੈ ਜਾਂ ਉਸ ਨੂੰ ਪਵਿੱਤਰ ਸ਼ਕਤੀ ਰਾਹੀਂ ਦਾਤਾਂ ਮਿਲੀਆਂ ਹਨ, ਤਾਂ ਉਸ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਮੈਂ ਜੋ ਲਿਖ ਰਿਹਾ ਹਾਂ, ਉਹ ਪ੍ਰਭੂ ਦੇ ਹੁਕਮ ਹਨ। 38 ਪਰ ਜੇ ਕੋਈ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ, ਤਾਂ ਉਹ ਅਣਜਾਣ ਰਹੇਗਾ। 39 ਇਸ ਕਰਕੇ, ਮੇਰੇ ਭਰਾਵੋ, ਤੁਸੀਂ ਭਵਿੱਖਬਾਣੀਆਂ ਕਰਨ ਦੀ ਦਾਤ ਪ੍ਰਾਪਤ ਕਰਨ ਦਾ ਪੂਰਾ ਜਤਨ ਕਰੋ, ਪਰ ਜਿਹੜੇ ਹੋਰ ਬੋਲੀਆਂ ਵਿਚ ਗੱਲ ਕਰਦੇ ਹਨ, ਉਨ੍ਹਾਂ ਨੂੰ ਨਾ ਰੋਕੋ। 40 ਪਰ ਸਾਰੇ ਕੰਮ ਸਲੀਕੇ ਨਾਲ ਅਤੇ ਸਹੀ ਢੰਗ ਨਾਲ ਕਰੋ।

29 ਅਪ੍ਰੈਲ–5 ਮਈ

ਰੱਬ ਦਾ ਬਚਨ ਖ਼ਜ਼ਾਨਾ ਹੈ | 2 ਕੁਰਿੰਥੀਆਂ 1–3

“ਯਹੋਵਾਹ ‘ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ’”

(2 ਕੁਰਿੰਥੀਆਂ 1:3) ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਮਹਿਮਾ ਹੋਵੇ ਜਿਹੜਾ ਦਇਆ ਕਰਨ ਵਾਲਾ ਪਿਤਾ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।

w17.07 13 ਪੈਰਾ 4

“ਰੋਣ ਵਾਲੇ ਲੋਕਾਂ ਨਾਲ ਰੋਵੋ”

4 ਸਾਡੇ ਪਿਆਰੇ ਪਿਤਾ ਨੇ ਵੀ ਆਪਣੇ ਅਜ਼ੀਜ਼ਾਂ ਦੀ ਮੌਤ ਦਾ ਗਮ ਸਹਿਆ ਹੈ। ਉਸ ਨੇ ਅਬਰਾਹਾਮ, ਇਸਹਾਕ, ਯਾਕੂਬ, ਮੂਸਾ ਅਤੇ ਰਾਜਾ ਦਾਊਦ ਵਰਗੇ ਸੇਵਕਾਂ ਨੂੰ ਖੋਹਿਆ ਹੈ। (ਗਿਣ. 12:6-8; ਮੱਤੀ 22:31, 32; ਰਸੂ. 13:22) ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਜੀਉਂਦਾ ਕਰਨ ਲਈ ਤਰਸਦਾ ਹੈ। (ਅੱਯੂ. 14:14, 15) ਉਸ ਵੇਲੇ ਉਸ ਦੇ ਸਾਰੇ ਸੇਵਕ ਖ਼ੁਸ਼ ਹੋਣਗੇ ਅਤੇ ਹਮੇਸ਼ਾ ਚੰਗੀ ਸਹਿਤ ਦਾ ਆਨੰਦ ਮਾਣਨਗੇ। ਯਹੋਵਾਹ ਨੇ ਆਪਣੇ ਜੇਠੇ ਪੁੱਤਰ ਦੀ ਮੌਤ ਦਾ ਗਮ ਵੀ ਸਹਿਆ ਹੈ। ਬਾਈਬਲ ਕਹਿੰਦੀ ਹੈ ਕਿ ਯਿਸੂ ਪਰਮੇਸ਼ੁਰ ਦਾ “ਪਿਆਰਾ ਪੁੱਤਰ ਹੈ।” (ਮੱਤੀ 3:17) ਅਸੀਂ ਸੋਚ ਵੀ ਨਹੀਂ ਸਕਦੇ ਕਿ ਯਹੋਵਾਹ ਉੱਤੇ ਕੀ ਬੀਤੀ ਸੀ ਜਦੋਂ ਉਸ ਨੇ ਆਪਣੇ ਪਿਆਰੇ ਪੁੱਤਰ ਨੂੰ ਦਰਦਨਾਕ ਮੌਤ ਮਰਦੇ ਦੇਖਿਆ ਸੀ।​—ਯੂਹੰ. 5:20; 10:17.

(2 ਕੁਰਿੰਥੀਆਂ 1:4) ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ ਤਾਂਕਿ ਅਸੀਂ ਉਸ ਤੋਂ ਦਿਲਾਸਾ ਪਾ ਕੇ ਉਸ ਦਿਲਾਸੇ ਨਾਲ ਹਰ ਤਰ੍ਹਾਂ ਦੀ ਮੁਸੀਬਤ ਵਿਚ ਦੂਸਰਿਆਂ ਨੂੰ ਦਿਲਾਸਾ ਦੇ ਸਕੀਏ।

w17.07 15 ਪੈਰਾ 14

“ਰੋਣ ਵਾਲੇ ਲੋਕਾਂ ਨਾਲ ਰੋਵੋ”

14 ਕਦੀ-ਕਦੀ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਸੋਗ ਮਨਾਉਣ ਵਾਲੇ ਵਿਅਕਤੀ ਨੂੰ ਕੀ ਕਹੀਏ। ਪਰ ਬਾਈਬਲ ਕਹਿੰਦੀ ਕਿ “ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾ. 12:18) ਮੌਤ ਦਾ ਗਮ ਕਿੱਦਾਂ ਸਹੀਏ? ਨਾਂ ਦੇ ਬਰੋਸ਼ਰ ਤੋਂ ਕਈਆਂ ਨੇ ਦਿਲਾਸੇ ਭਰੇ ਸ਼ਬਦ ਕਹਿਣੇ ਸਿੱਖੇ ਹਨ। ਪਰ ਕਦੀ-ਕਦੀ ਸਭ ਤੋਂ ਵਧੀਆ ਹੋਵੇਗਾ ਕਿ ਅਸੀਂ ਬੱਸ ‘ਰੋਣ ਵਾਲਿਆਂ ਨਾਲ ਰੋਈਏ।’ (ਰੋਮੀ. 12:15) ਗੈਬੀ ਨਾਂ ਦੀ ਇਕ ਵਿਧਵਾ ਭੈਣ ਦੱਸਦੀ ਹੈ ਕਿ ਕਈ ਵਾਰ ਉਹ ਸਿਰਫ਼ ਰੋ ਕੇ ਹੀ ਆਪਣਾ ਦਿਲ ਹਲਕਾ ਕਰਦੀ ਹੈ। ਉਹ ਇਹ ਵੀ ਕਹਿੰਦੀ ਹੈ: “ਜਦੋਂ ਮੇਰੀਆਂ ਸਹੇਲੀਆਂ ਮੇਰੇ ਨਾਲ ਰੋਂਦੀਆਂ ਹਨ, ਤਾਂ ਮੈਨੂੰ ਬਹੁਤ ਦਿਲਾਸਾ ਮਿਲਦਾ ਹੈ। ਉਸ ਵੇਲੇ ਮੈਨੂੰ ਇੱਦਾਂ ਲੱਗਦਾ ਹੈ ਕਿ ਮੈਂ ਆਪਣੇ ਦੁੱਖਾਂ ਵਿਚ ਇਕੱਲੀ ਨਹੀਂ ਹਾਂ।”

ਹੀਰੇ-ਮੋਤੀਆਂ ਦੀ ਖੋਜ ਕਰੋ

(2 ਕੁਰਿੰਥੀਆਂ 1:22) ਉਸ ਨੇ ਸਾਡੇ ਉੱਤੇ ਆਪਣੀ ਮੁਹਰ ਵੀ ਲਾਈ ਹੈ ਅਤੇ ਭਵਿੱਖ ਵਿਚ ਮਿਲਣ ਵਾਲੀ ਵਿਰਾਸਤ ਤੋਂ ਪਹਿਲਾਂ ਬਿਆਨੇ ਦੇ ਤੌਰ ਤੇ ਪਵਿੱਤਰ ਸ਼ਕਤੀ ਸਾਡੇ ਦਿਲਾਂ ਵਿਚ ਪਾਈ ਹੈ।

w16.04 32

ਪਾਠਕਾਂ ਵੱਲੋਂ ਸਵਾਲ

ਪੌਲੁਸ ਨੇ ਕਿਹਾ ਕਿ ਹਰ ਚੁਣੇ ਹੋਏ ਮਸੀਹੀ ਨੂੰ ਪਰਮੇਸ਼ੁਰ ਤੋਂ ‘ਬਿਆਨਾ’ ਮਿਲਦਾ ਹੈ ਅਤੇ ਉਨ੍ਹਾਂ ʼਤੇ “ਮੁਹਰ” ਲਾਈ ਜਾਂਦੀ ਹੈ। ਇਸ ਦਾ ਮਤਲਬ ਕੀ ਹੈ?​—2 ਕੁਰਿੰ. 1:21, 22.

▪ ਬਿਆਨਾ: ਇਕ ਕਿਤਾਬ ਮੁਤਾਬਕ 2 ਕੁਰਿੰਥੀਆਂ 1:22 ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ‘ਬਿਆਨਾ’ ਕੀਤਾ ਗਿਆ, ਉਹ ਸ਼ਬਦ “ਕਾਨੂੰਨੀ ਤੇ ਵਪਾਰਕ” ਮਾਮਲੇ ਵਿਚ ਵਰਤਿਆ ਜਾਂਦਾ ਸੀ। ਇਸ ਦਾ ਮਤਲਬ ਹੈ, “ਪਹਿਲੀ ਕਿਸ਼ਤ, ਪੇਸ਼ਗੀ ਜਾਂ ਜ਼ਮਾਨਤ। ਇਹ ਰਕਮ ਕਿਸੇ ਚੀਜ਼ ਨੂੰ ਖ਼ਰੀਦਣ ਤੋਂ ਪਹਿਲਾਂ ਦਿੱਤੀ ਜਾਂਦੀ ਹੈ। ਇਹ ਰਕਮ ਦੇ ਕੇ ਤੁਸੀਂ ਜਿਸ ਚੀਜ਼ ਨੂੰ ਖ਼ਰੀਦਣਾ ਚਾਹੁੰਦੇ ਹੋ, ਉਸ ਉੱਤੇ ਤੁਹਾਡਾ ਕਾਨੂੰਨੀ ਹੱਕ ਹੋ ਜਾਂਦਾ ਹੈ ਜਾਂ ਤੁਹਾਡੇ ਵੱਲੋਂ ਕੀਤਾ ਇਕਰਾਰ ਪੱਕਾ ਹੋ ਜਾਂਦਾ ਹੈ।” ਚੁਣੇ ਹੋਏ ਮਸੀਹੀ ਦੇ ਮਾਮਲੇ ਵਿਚ 2 ਕੁਰਿੰਥੀਆਂ 5:1-5 ਵਿਚ ਪੂਰੀ ਰਕਮ ਯਾਨੀ ਇਨਾਮ ਬਾਰੇ ਗੱਲ ਕੀਤੀ ਗਈ ਹੈ ਜਿਸ ਵਿਚ ਉਹ ਅਵਿਨਾਸ਼ੀ ਸਵਰਗੀ ਸਰੀਰ ਪਾਉਂਦੇ ਹਨ। ਉਨ੍ਹਾਂ ਨੂੰ ਇਨਾਮ ਵਜੋਂ ਅਮਰ ਜੀਵਨ ਵੀ ਮਿਲੇਗਾ।​—1 ਕੁਰਿੰ. 15:48-54.

ਅੱਜ ਯੂਨਾਨੀ ਭਾਸ਼ਾ ਵਿਚ “ਬਿਆਨੇ” ਨਾਲ ਮਿਲਦਾ-ਜੁਲਦਾ ਸ਼ਬਦ ਮੰਗਣੀ ਦੀ ਮੁੰਦੀ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਉਨ੍ਹਾਂ ਲਈ ਢੁਕਵਾਂ ਹੈ ਜੋ ਮਸੀਹ ਦੀ ਲਾੜੀ ਬਣਨਗੇ।​—2 ਕੁਰਿੰ. 11:2; ਪ੍ਰਕਾ. 21:2, 9.

▪ ਮੁਹਰ: ਪੁਰਾਣੇ ਜ਼ਮਾਨਿਆਂ ਵਿਚ ਦਸਤਖਤ ਦੀ ਜਗ੍ਹਾ ਮੁਹਰ ਨੂੰ ਇਸਤੇਮਾਲ ਕੀਤਾ ਜਾਂਦਾ ਸੀ। ਕਿਸੇ ਵੀ ਚੀਜ਼ ਉੱਤੇ ਲੱਗੀ ਮੁਹਰ ਉਸ ਦੇ ਮਾਲਕ ਦੀ ਨਿਸ਼ਾਨੀ ਹੁੰਦੀ ਸੀ। ਇਸੇ ਤਰ੍ਹਾਂ ਯਹੋਵਾਹ ਨੇ ਚੁਣੇ ਹੋਏ ਮਸੀਹੀਆਂ ਨੂੰ ਆਪਣੇ ਸਮਝ ਕੇ ਉਨ੍ਹਾਂ ʼਤੇ ਪਵਿੱਤਰ ਸ਼ਕਤੀ ਰਾਹੀਂ “ਮੁਹਰ” ਲਾਈ ਹੈ। (ਅਫ਼. 1:13, 14) ਪਰ ਇਹ ਮੁਹਰ ਪੱਕੀ ਨਹੀਂ। ਪੱਕੀ ਮੁਹਰ ਸਿਰਫ਼ ਚੁਣੇ ਹੋਏ ਮਸੀਹੀਆਂ ਦੇ ਮਰਨ ਤੋਂ ਕੁਝ ਸਮਾਂ ਪਹਿਲਾਂ ਲੱਗਦੀ ਹੈ ਜਾਂ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਲੱਗੇਗੀ।​—ਅਫ਼. 4:30; ਪ੍ਰਕਾ. 7:2-4.

(2 ਕੁਰਿੰਥੀਆਂ 2:14-16) ਪਰ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜਿਹੜਾ ਜਿੱਤ ਦੇ ਜਲੂਸ ਵਿਚ ਹਮੇਸ਼ਾ ਸਾਡੀ ਅਗਵਾਈ ਕਰਦਾ ਹੈ ਅਤੇ ਸਾਨੂੰ ਮਸੀਹ ਦੇ ਨਾਲ-ਨਾਲ ਲੈ ਕੇ ਜਾਂਦਾ ਹੈ ਅਤੇ ਸਾਡੇ ਰਾਹੀਂ ਆਪਣੇ ਗਿਆਨ ਦੀ ਖ਼ੁਸ਼ਬੂ ਸਾਰੇ ਪਾਸੇ ਫੈਲਾਉਂਦਾ ਹੈ! 15 ਮਸੀਹ ਦੇ ਸੰਦੇਸ਼ ਦਾ ਐਲਾਨ ਕਰਨ ਕਰਕੇ ਅਸੀਂ ਪਰਮੇਸ਼ੁਰ ਲਈ ਖ਼ੁਸ਼ਬੂ ਹਾਂ ਅਤੇ ਇਹ ਖ਼ੁਸ਼ਬੂ ਮੁਕਤੀ ਦੇ ਰਾਹ ਉੱਤੇ ਚੱਲ ਰਹੇ ਲੋਕ ਅਤੇ ਵਿਨਾਸ਼ ਦੇ ਰਾਹ ਉੱਤੇ ਚੱਲ ਰਹੇ ਲੋਕ ਸੁੰਘਦੇ ਹਨ। 16 ਵਿਨਾਸ਼ ਦੇ ਰਾਹ ਉੱਤੇ ਚੱਲਣ ਵਾਲਿਆਂ ਲਈ ਇਹ ਖ਼ੁਸ਼ਬੂ ਮੌਤ ਦੀ ਬਦਬੂ ਹੈ ਜਿਸ ਦਾ ਅੰਤ ਮੌਤ ਹੈ ਅਤੇ ਮੁਕਤੀ ਦੇ ਰਾਹ ਉੱਤੇ ਚੱਲਣ ਵਾਲਿਆਂ ਲਈ ਇਹ ਜ਼ਿੰਦਗੀ ਦੀ ਖ਼ੁਸ਼ਬੂ ਹੈ ਜਿਸ ਦਾ ਅੰਤ ਜ਼ਿੰਦਗੀ ਹੈ। ਅਤੇ ਕੌਣ ਇਹ ਸੇਵਾ ਕਰਨ ਦੇ ਯੋਗ ਹੈ?

w11 4/15 28

ਕੀ ਤੁਸੀਂ ਜਾਣਦੇ ਹੋ?

ਪੌਲੁਸ ਦੇ ਮਨ ਵਿਚ ਕੀ ਸੀ ਜਦੋਂ ਉਸ ਨੇ “ਫਤਹ” ਦੇ ਜਲੂਸ ਦੀ ਗੱਲ ਕੀਤੀ?

ਪੌਲੁਸ ਨੇ ਲਿਖਿਆ: “ਪਰਮੇਸ਼ੁਰ . . . ਮਸੀਹ ਵਿੱਚ ਸਾਨੂੰ ਸਦਾ ਫਤਹ ਦੇ ਕੇ ਲਈ ਫਿਰਦਾ ਹੈ ਅਰ ਉਹ ਦੇ ਗਿਆਨ ਦੀ ਵਾਸਨਾ ਸਾਡੇ ਰਾਹੀਂ ਥਾਓਂ ਥਾਈਂ ਖਿਲਾਰਦਾ ਹੈ। ਕਿਉਂ ਜੋ ਅਸੀਂ ਪਰਮੇਸ਼ੁਰ ਦੇ ਲਈ ਓਹਨਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਓਹਨਾਂ ਵਿੱਚ ਜਿਹੜੇ ਨਾਸ ਹੋ ਰਹੇ ਹਨ ਮਸੀਹ ਦੀ ਸੁਗੰਧੀ ਹਾਂ। ਏਹਨਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਓਹਨਾਂ ਨੂੰ ਜੀਵਨ ਲਈ ਜੀਵਨ ਦੀ ਬੋ ਹਾਂ।”​—2 ਕੁਰਿੰ. 2:14-16.

ਪੌਲੁਸ ਰਸੂਲ ਰੋਮੀ ਦਸਤੂਰ ਦੀ ਗੱਲ ਕਰ ਰਿਹਾ ਸੀ ਜਦੋਂ ਸਰਕਾਰ ਦੇ ਦੁਸ਼ਮਣਾਂ ਉੱਪਰ ਜਿੱਤ ਹਾਸਲ ਕਰਨ ਵਾਲੇ ਜਰਨੈਲ ਦੇ ਸਨਮਾਨ ਵਿਚ ਜਲੂਸ ਕੱਢਿਆ ਜਾਂਦਾ ਸੀ। ਯੁੱਧ ਜਿੱਤਣ ਤੋਂ ਬਾਅਦ ਇਨ੍ਹਾਂ ਮੌਕਿਆਂ ਤੇ ਲੁੱਟ ਦੇ ਮਾਲ ਤੇ ਬਣਾਏ ਗਏ ਕੈਦੀਆਂ ਦੀ ਨੁਮਾਇਸ਼ ਕੀਤੀ ਜਾਂਦੀ ਸੀ ਅਤੇ ਬਲਦਾਂ ਨੂੰ ਬਲੀਆਂ ਚੜ੍ਹਾਉਣ ਲਈ ਲਿਜਾਇਆ ਜਾਂਦਾ ਸੀ ਜਦਕਿ ਜੇਤੂ ਜਰਨੈਲ ਅਤੇ ਉਸ ਦੀ ਫ਼ੌਜ ਦੀ ਲੋਕ ਜੈ ਜੈ ਕਾਰ ਕਰਦੇ ਸਨ। ਜਲੂਸ ਕੱਢਣ ਤੋਂ ਬਾਅਦ ਬਲਦਾਂ ਦੀਆਂ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ ਅਤੇ ਕਈ ਕੈਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ।

ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਕਹਿੰਦਾ ਹੈ: “ਸ਼ਾਇਦ ਰੋਮੀ ਦਸਤੂਰ ਅਨੁਸਾਰ ਜਲੂਸ ਦੌਰਾਨ ਧੁਖਾਏ ਜਾਂਦੇ ਧੂਪ” ਤੋਂ ਰੂਪਕ (metaphor) “ਮਸੀਹ ਦੀ ਸੁਗੰਧੀ” ਤੋਂ ਆਇਆ ਹੈ ਜਿਸ ਨੂੰ ਕੁਝ ਲੋਕਾਂ ਲਈ ਜ਼ਿੰਦਗੀ ਅਤੇ ਹੋਰਨਾਂ ਲਈ ਮੌਤ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। “ਜੇਤੂਆਂ ਦੀ ਜਿੱਤ ਨੂੰ ਦਰਸਾਉਣ ਵਾਲੀ ਸੁਗੰਧ ਤੋਂ ਕੈਦੀਆਂ ਨੂੰ ਯਾਦ ਦਿਲਾਇਆ ਜਾਂਦਾ ਸੀ ਕਿ ਉਨ੍ਹਾਂ ਦੀ ਮੌਤ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ।”

ਬਾਈਬਲ ਪੜ੍ਹਾਈ

(2 ਕੁਰਿੰਥੀਆਂ 3:1-18)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ