ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr24 ਨਵੰਬਰ ਸਫ਼ੇ 1-11
  • “ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ” ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ” ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2024
  • ਸਿਰਲੇਖ
  • 4-10 ਨਵੰਬਰ
  • 11-17 ਨਵੰਬਰ
  • 18-24 ਨਵੰਬਰ
  • 25 ਨਵੰਬਰ–1 ਦਸੰਬਰ
  • 2-8 ਦਸੰਬਰ
  • 9-15 ਦਸੰਬਰ
  • 16-22 ਦਸੰਬਰ
  • 23-29 ਦਸੰਬਰ
  • 30 ਦਸੰਬਰ–5 ਜਨਵਰੀ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2024
mwbr24 ਨਵੰਬਰ ਸਫ਼ੇ 1-11

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

© 2024 Watch Tower Bible and Tract Society of Pennsylvania

4-10 ਨਵੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 105

“ਉਹ ਆਪਣਾ ਇਕਰਾਰ ਸਦਾ ਯਾਦ ਰੱਖਦਾ ਹੈ”

w23.04 28 ਪੈਰੇ 11-12

ਯਹੋਵਾਹ ਦੇ ਨਵੀਂ ਦੁਨੀਆਂ ਦੇ ਵਾਅਦੇ ʼਤੇ ਆਪਣੀ ਨਿਹਚਾ ਮਜ਼ਬੂਤ ਕਰੋ

11 ਜ਼ਰਾ ਯਹੋਵਾਹ ਦੇ ਕੁਝ ਅਜਿਹੇ ਵਾਅਦਿਆਂ ʼਤੇ ਧਿਆਨ ਦਿਓ ਜਿਹੜੇ ਪੂਰੇ ਹੋਣੇ ਨਾਮੁਮਕਿਨ ਲੱਗਦੇ ਸਨ। ਉਸ ਨੇ ਅਬਰਾਹਾਮ ਅਤੇ ਸਾਰਾਹ ਨੂੰ ਦੱਸਿਆ ਕਿ ਉਨ੍ਹਾਂ ਦੇ ਬੁਢਾਪੇ ਵਿਚ ਉਨ੍ਹਾਂ ਦੇ ਇਕ ਪੁੱਤਰ ਹੋਵੇਗਾ। (ਉਤ. 17:15-17) ਉਸ ਨੇ ਅਬਰਾਹਾਮ ਨੂੰ ਇਹ ਵੀ ਦੱਸਿਆ ਕਿ ਉਸ ਦੀ ਔਲਾਦ ਨੂੰ ਕਨਾਨ ਦੇਸ਼ ਦਿੱਤਾ ਜਾਵੇਗਾ। ਪਰ ਕਈ ਸਾਲਾਂ ਤਕ ਅਬਰਾਹਾਮ ਦੀ ਔਲਾਦ ਯਾਨੀ ਇਜ਼ਰਾਈਲੀ ਮਿਸਰ ਵਿਚ ਗ਼ੁਲਾਮ ਸਨ। ਇਸ ਲਈ ਸ਼ਾਇਦ ਲੱਗਦਾ ਹੋਣਾ ਕਿ ਇਹ ਵਾਅਦਾ ਕਦੇ ਪੂਰਾ ਨਹੀਂ ਹੋਣਾ, ਪਰ ਇਹ ਵਾਅਦਾ ਪੂਰਾ ਹੋਇਆ। ਫਿਰ ਇਸ ਤੋਂ ਹਜ਼ਾਰਾਂ ਸਾਲਾਂ ਬਾਅਦ ਯਹੋਵਾਹ ਨੇ ਇਲੀਸਬਤ ਨਾਲ ਵਾਅਦਾ ਕੀਤਾ ਕਿ ਉਸ ਦੇ ਇਕ ਪੁੱਤਰ ਹੋਵੇਗਾ ਜਦ ਕਿ ਉਸ ਵੇਲੇ ਉਹ ਬੁੱਢੀ ਹੋ ਚੁੱਕੀ ਸੀ। ਯਹੋਵਾਹ ਨੇ ਮਰੀਅਮ ਨੂੰ ਵੀ ਦੱਸਿਆ ਕਿ ਉਹ ਉਸ ਦੇ ਪੁੱਤਰ ਨੂੰ ਜਨਮ ਦੇਵੇਗੀ ਜਦ ਕਿ ਉਹ ਉਸ ਵੇਲੇ ਕੁਆਰੀ ਸੀ। ਇਸ ਪੁੱਤਰ ਬਾਰੇ ਯਹੋਵਾਹ ਨੇ ਹਜ਼ਾਰਾਂ ਸਾਲ ਪਹਿਲਾਂ ਅਦਨ ਦੇ ਬਾਗ਼ ਵਿਚ ਵਾਅਦਾ ਕੀਤਾ ਸੀ। ਯਹੋਵਾਹ ਨੇ ਆਪਣਾ ਇਹ ਵਾਅਦਾ ਵੀ ਪੂਰਾ ਕੀਤਾ।​—ਉਤ. 3:15.

12 ਜਦੋਂ ਅਸੀਂ ਇਸ ਬਾਰੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਕਿਹੜੇ ਵਾਅਦੇ ਕੀਤੇ ਅਤੇ ਉਨ੍ਹਾਂ ਨੂੰ ਕਿਵੇਂ ਪੂਰਾ ਕੀਤਾ ਹੈ, ਤਾਂ ਇਸ ਗੱਲ ʼਤੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਕਿ ਯਹੋਵਾਹ ਕੋਲ ਨਵੀਂ ਦੁਨੀਆਂ ਲਿਆਉਣ ਦੀ ਸ਼ਕਤੀ ਹੈ। (ਯਹੋਸ਼ੁਆ 23:14; ਯਸਾਯਾਹ 55:10, 11 ਪੜ੍ਹੋ।) ਇਸ ਕਰਕੇ ਅਸੀਂ ਦੂਜਿਆਂ ਨੂੰ ਵੀ ਪੂਰੇ ਯਕੀਨ ਨਾਲ ਦੱਸ ਪਾਉਂਦੇ ਹਾਂ ਕਿ ਨਵੀਂ ਦੁਨੀਆਂ ਦਾ ਵਾਅਦਾ ਕੋਈ ਸੁਪਨਾ ਜਾਂ ਕੋਰੀ ਕਲਪਨਾ ਨਹੀਂ, ਸਗੋਂ ਹਕੀਕਤ ਹੈ। ਦਰਅਸਲ, ਨਵੀਂ ਧਰਤੀ ਅਤੇ ਨਵੇਂ ਆਕਾਸ਼ ਬਾਰੇ ਯਹੋਵਾਹ ਨੇ ਖ਼ੁਦ ਕਿਹਾ: “ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ।”​—ਪ੍ਰਕਾ. 21:1, 5.

it-2 1201 ਪੈਰਾ 2

ਬਚਨ

ਯਹੋਵਾਹ ਦਾ ਬਚਨ ਭਰੋਸੇਯੋਗ ਹੈ। ਉਹ ਆਪਣਾ ਹਰ ਵਾਅਦਾ ਪੂਰਾ ਕਰਦਾ ਹੈ। (ਬਿਵ 9:5; ਜ਼ਬੂ 105:42-45) ਉਹ ਆਪਣਾ ਵਾਅਦਾ ਪੂਰਾ ਕਰਨ ਲਈ ਆਪਣੀ ਕਿਸੇ ਵੀ ਸ੍ਰਿਸ਼ਟੀ ਨੂੰ ਵਰਤ ਸਕਦਾ ਹੈ। (ਜ਼ਬੂ 103:20; 148:8) ਯਹੋਵਾਹ ਭਰੋਸਾ ਦਿਵਾਉਂਦਾ ਹੈ ਕਿ ਉਸ ਦਾ “ਬਚਨ ਹਮੇਸ਼ਾ ਕਾਇਮ ਰਹਿੰਦਾ ਹੈ” ਅਤੇ ਕਦੇ ਵੀ ਪੂਰਾ ਹੋਏ ਬਿਨਾਂ ਉਸ ਕੋਲ ਨਹੀਂ ਮੁੜਦਾ।​—ਯਸਾ 40:8; 55:10, 11; 1 ਪਤ 1:25.

ਹੀਰੇ-ਮੋਤੀ

w86 11/1 19 ਪੈਰਾ 15

ਨੌਜਵਾਨੋ, ਤੁਸੀਂ ਖ਼ੁਸ਼ਹਾਲ ਤੇ ਏਕਤਾ ਦੇ ਬੰਧਨ ਵਿਚ ਬੱਝੇ ਪਰਿਵਾਰ ਦਾ ਹਿੱਸਾ ਹੋ

15 “ਉਸ ਨੇ ਉਨ੍ਹਾਂ ਦੇ ਅੱਗੇ-ਅੱਗੇ ਯੂਸੁਫ਼ ਨੂੰ ਭੇਜਿਆ ਜਿਸ ਨੂੰ ਗ਼ੁਲਾਮ ਵਜੋਂ ਵੇਚਿਆ ਗਿਆ ਸੀ। ਉਨ੍ਹਾਂ ਨੇ ਉਸ ਦੇ ਪੈਰ ਬੇੜੀਆਂ ਨਾਲ ਜਕੜ ਦਿੱਤੇ, ਉਸ ਦੀ ਧੌਣ ʼਤੇ ਲੋਹੇ ਦੀਆਂ ਜ਼ੰਜੀਰਾਂ ਪਾ ਦਿੱਤੀਆਂ; ਜਦ ਤਕ ਪਰਮੇਸ਼ੁਰ ਦਾ ਵਾਅਦਾ ਪੂਰਾ ਨਹੀਂ ਹੋਇਆ, ਯਹੋਵਾਹ ਦਾ ਬਚਨ ਉਸ ਨੂੰ ਸ਼ੁੱਧ ਕਰਦਾ ਰਿਹਾ।” (ਜ਼ਬੂਰ 105:17-19) ਯਹੋਵਾਹ ਦਾ ਵਾਅਦਾ ਪੂਰਾ ਹੋਣ ਤਕ ਯੂਸੁਫ਼ ਨੂੰ 13 ਸਾਲਾਂ ਤਕ ਇਕ ਕੈਦੀ ਤੇ ਗ਼ੁਲਾਮ ਵਜੋਂ ਜ਼ਿੰਦਗੀ ਬਿਤਾਉਣੀ ਪਈ। ਇਸ ਦੌਰਾਨ ਉਸ ਨੇ “ਯਹੋਵਾਹ ਦੀਆਂ ਗੱਲਾਂ” ʼਤੇ ਪੂਰਾ ਭਰੋਸਾ ਰੱਖਿਆ। ਨਾਲੇ ਉਸ ʼਤੇ ਜੋ ਵੀ ਬੀਤਿਆ, ਉਸ ਕਰਕੇ ਉਹ “ਸ਼ੁੱਧ” ਹੋਇਆ ਯਾਨੀ ਉਹ ਆਪਣੇ ਵਿਚ ਚੰਗੇ ਗੁਣ ਪੈਦਾ ਕਰ ਸਕਿਆ, ਜਿਵੇਂ ਧੀਰਜ, ਨਿਮਰਤਾ ਅਤੇ ਮੁਸ਼ਕਲਾਂ ਦੌਰਾਨ ਪੱਕੇ ਇਰਾਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨਾ। ਨਾਲੇ ਉਹ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾ ਸਕਿਆ। ਜਿੱਦਾਂ ਕਿ ਸੋਨਾ ਅੱਗ ਦੀ ਭੱਠੀ ਵਿਚ ਤਪ ਕੇ ਖਰਾ ਸੋਨਾ ਬਣ ਜਾਂਦਾ ਹੈ, ਉਸੇ ਤਰ੍ਹਾਂ ਮੁਸ਼ਕਲਾਂ ਵਿੱਚੋਂ ਲੰਘਣ ਤੋਂ ਬਾਅਦ ਯੂਸੁਫ਼ ਯਹੋਵਾਹ ਦੀਆਂ ਨਜ਼ਰਾਂ ਵਿਚ ਹੋਰ ਵੀ ਜ਼ਿਆਦਾ ਅਨਮੋਲ ਬਣ ਗਿਆ। ਇਸ ਕਰਕੇ ਯਹੋਵਾਹ ਨੇ ਉਸ ਨੂੰ ਲਾਜਵਾਬ ਤਰੀਕੇ ਨਾਲ ਇਸਤੇਮਾਲ ਕੀਤਾ।​—ਉਤਪਤ 41:14, 38-41, 46; 42:6, 9.

11-17 ਨਵੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 106

“ਉਹ ਆਪਣੇ ਮੁਕਤੀਦਾਤੇ ਪਰਮੇਸ਼ੁਰ ਨੂੰ ਭੁੱਲ ਗਏ”

w18.07 20 ਪੈਰਾ 13

ਕੌਣ ਯਹੋਵਾਹ ਵੱਲ ਹੈ?

13 ਯਹੋਵਾਹ ਨੇ ਜਿਸ ਅਨੋਖੇ ਤਰੀਕੇ ਨਾਲ ਆਪਣੀ ਤਾਕਤ ਦਿਖਾਈ, ਉਸ ਤੋਂ ਇਜ਼ਰਾਈਲੀ ਡਰ ਗਏ। ਇਸ ਲਈ ਇਜ਼ਰਾਈਲੀਆਂ ਵੱਲੋਂ ਯਹੋਵਾਹ ਨਾਲ ਗੱਲ ਕਰਨ ਲਈ ਮੂਸਾ ਸੀਨਈ ਪਹਾੜ ʼਤੇ ਗਿਆ। (ਕੂਚ 20:18-21) ਪਰ ਕਾਫ਼ੀ ਸਮਾਂ ਬੀਤਣ ਤੇ ਵੀ ਮੂਸਾ ਹੇਠਾਂ ਡੇਰੇ ਵਿਚ ਵਾਪਸ ਨਹੀਂ ਆਇਆ। ਕੀ ਇਜ਼ਰਾਈਲੀ ਉਜਾੜ ਵਿਚ ਬਿਨਾਂ ਕਿਸੇ ਆਗੂ ਦੇ ਫਸ ਗਏ ਸਨ? ਹੋ ਸਕਦਾ ਹੈ ਕਿ ਇਜ਼ਰਾਈਲੀ ਇਨਸਾਨੀ ਆਗੂ ਮੂਸਾ ʼਤੇ ਹੱਦੋਂ ਵੱਧ ਭਰੋਸਾ ਕਰਦੇ ਸਨ। ਉਹ ਬਹੁਤ ਪਰੇਸ਼ਾਨ ਹੋ ਗਏ ਤੇ ਉਨ੍ਹਾਂ ਨੇ ਹਾਰੂਨ ਨੂੰ ਕਿਹਾ: “ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂ ਜੋ ਏਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ਹੈ ਅਸੀਂ ਨਹੀਂ ਜਾਣਦੇ ਉਹ ਨੂੰ ਕੀ ਹੋ ਗਿਆ ਹੈ।”​—ਕੂਚ 32:1, 2.

ਹੀਰੇ-ਮੋਤੀ

w06 7/15 13 ਪੈਰਾ 9

ਜ਼ਬੂਰਾਂ ਦੀ ਪੋਥੀ ਦੇ ਤੀਜੇ ਤੇ ਚੌਥੇ ਭਾਗ ਦੇ ਕੁਝ ਖ਼ਾਸ ਨੁਕਤੇ

106:36, 37. ਇਨ੍ਹਾਂ ਆਇਤਾਂ ਵਿਚ ਬੁੱਤਾਂ ਦੀ ਪੂਜਾ ਦਾ ਸੰਬੰਧ ਭੂਤਨਿਆਂ ਯਾਨੀ ਸ਼ਤਾਨ ਦੇ ਦੂਤਾਂ ਨਾਲ ਜੋੜਿਆ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਮੂਰਤੀ-ਪੂਜਾ ਕਰਦਾ ਹੈ, ਤਾਂ ਉਹ ਸ਼ਤਾਨ ਦੇ ਪ੍ਰਭਾਵ ਹੇਠ ਆ ਸਕਦਾ ਹੈ। ਇਸ ਲਈ ਬਾਈਬਲ ਵਿਚ ਜ਼ੋਰ ਦਿੱਤਾ ਗਿਆ ਹੈ: “ਤੁਸੀਂ ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।”​—1 ਯੂਹੰ 5:21.

18-24 ਨਵੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 107-108

“ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਚੰਗਾ ਹੈ”

w07 4/15 20 ਪੈਰਾ 2

ਕਲੀਸਿਯਾ ਵਿਚ ਯਹੋਵਾਹ ਦੀ ਉਸਤਤ ਕਰੋ

2 ਕਲੀਸਿਯਾ ਕੋਈ ਸਮਾਜਕ ਸੰਘ ਜਾਂ ਕਲੱਬ ਨਹੀਂ ਹੈ ਜਿਸ ਦੇ ਮੈਂਬਰ ਖੇਡਾਂ ਖੇਡਣ ਜਾਂ ਹੋਰ ਸ਼ੌਕ ਪੂਰੇ ਕਰਨ ਲਈ ਇਕੱਠੇ ਹੁੰਦੇ ਹਨ। ਕਲੀਸਿਯਾ ਖ਼ਾਸ ਤੌਰ ਤੇ ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰਨ ਲਈ ਸਥਾਪਿਤ ਕੀਤੀ ਗਈ ਹੈ। ਸਦੀਆਂ ਤੋਂ ਯਹੋਵਾਹ ਦੇ ਭਗਤ ਇਕੱਠੇ ਮਿਲ ਕੇ ਉਸ ਦੀ ਉਸਤਤ ਕਰਦੇ ਆਏ ਹਨ, ਜਿਵੇਂ ਜ਼ਬੂਰਾਂ ਦੀ ਪੋਥੀ ਵਿਚ ਦੱਸਿਆ ਹੈ। ਜ਼ਬੂਰ 35:18 ਵਿਚ ਅਸੀਂ ਪੜ੍ਹਦੇ ਹਾਂ: “ਮੈਂ ਮਹਾ ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ।” ਇਸੇ ਤਰ੍ਹਾਂ ਜ਼ਬੂਰ 107:31, 32 ਵਿਚ ਸਾਨੂੰ ਉਤਸ਼ਾਹ ਦਿੱਤਾ ਗਿਆ ਹੈ: ‘ਯਹੋਵਾਹ ਲਈ ਉਹ ਦੀ ਦਯਾ ਦਾ ਧੰਨਵਾਦ ਕਰੋ, ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ! ਓਹ ਪਰਜਾ ਦੀ ਸਭਾ ਵਿੱਚ ਉਹ ਨੂੰ ਵਡਿਆਉਣ।’

w15 1/15 9 ਪੈਰਾ 4

ਯਹੋਵਾਹ ਦਾ ਧੰਨਵਾਦ ਕਰੋ ਤੇ ਬਰਕਤਾਂ ਪਾਓ

4 ਜੇ ਅਸੀਂ ਧੰਨਵਾਦ ਕਰਦੇ ਰਹਿਣਾ ਚਾਹੁੰਦੇ ਹਾਂ, ਤਾਂ ਪਹਿਲਾਂ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਯਹੋਵਾਹ ਨੇ ਸਾਨੂੰ ਕਿਨ੍ਹਾਂ ਤਰੀਕਿਆਂ ਨਾਲ ਬਰਕਤਾਂ ਦਿੱਤੀਆਂ ਹਨ। ਫਿਰ ਸਾਨੂੰ ਧਿਆਨ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਇਨ੍ਹਾਂ ਬਰਕਤਾਂ ਤੋਂ ਸਾਡੇ ਲਈ ਪਰਮੇਸ਼ੁਰ ਦਾ ਪਿਆਰ ਕਿਵੇਂ ਝਲਕਦਾ ਹੈ। ਜਦ ਜ਼ਬੂਰਾਂ ਦੇ ਲਿਖਾਰੀ ਨੇ ਇੱਦਾਂ ਕੀਤਾ, ਤਾਂ ਉਹ ਯਹੋਵਾਹ ਦੇ ਕੀਤੇ ਬਹੁਤ ਸਾਰੇ ਸ਼ਾਨਦਾਰ ਕੰਮਾਂ ਕਰਕੇ ਹੈਰਾਨ ਰਹਿ ਗਿਆ ਸੀ।​—ਜ਼ਬੂਰਾਂ ਦੀ ਪੋਥੀ 40:5; 107:43 ਪੜ੍ਹੋ।

ਹੀਰੇ-ਮੋਤੀ

it-2 420 ਪੈਰਾ 4

ਮੋਆਬ

ਜਦੋਂ ਦਾਊਦ ਰਾਜਾ ਬਣਿਆ, ਤਾਂ ਇਜ਼ਰਾਈਲ ਤੇ ਮੋਆਬ ਵਿਚ ਯੁੱਧ ਛਿੜ ਗਿਆ। ਦਾਊਦ ਦੀ ਫ਼ੌਜ ਨੇ ਮੋਆਬ ਦੀ ਫ਼ੌਜ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਦੇ ਦੋ-ਤਿਹਾਈ ਫ਼ੌਜੀਆਂ ਨੂੰ ਮਾਰ-ਮੁਕਾਇਆ। (2 ਸਮੂ 8:2, 11, 12; 1 ਇਤਿ 18:2, 11) ਯਹੋਯਾਦਾ ਦੇ ਪੁੱਤਰ ਬਨਾਯਾਹ ਨੇ “ਮੋਆਬ ਦੇ ਅਰੀਏਲ ਦੇ ਦੋ ਪੁੱਤਰਾਂ ਨੂੰ ਮਾਰ ਸੁੱਟਿਆ।” (2 ਸਮੂ 23:20; 1 ਇਤਿ 11:22) ਇਸ ਵੱਡੀ ਜਿੱਤ ਨਾਲ ਉਹ ਭਵਿੱਖਬਾਣੀ ਪੂਰੀ ਹੋਈ ਜੋ ਬਿਲਾਮ ਨੇ 400 ਸਾਲ ਪਹਿਲਾਂ ਕੀਤੀ ਸੀ। (ਗਿਣ 24:17) ਜ਼ਬੂਰ ਦੇ ਲਿਖਾਰੀ ਨੇ ਸ਼ਾਇਦ ਇਸ ਜਿੱਤ ਨੂੰ ਧਿਆਨ ਵਿਚ ਰੱਖ ਕੇ ਲਿਖਿਆ ਕਿ ਮੋਆਬ ਪਰਮੇਸ਼ੁਰ ਲਈ ‘ਹੱਥ-ਪੈਰ ਧੋਣ ਵਾਲੇ ਭਾਂਡੇ’ ਵਾਂਗ ਹੈ।​—ਜ਼ਬੂ 60:8; 108:9.

25 ਨਵੰਬਰ–1 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 109-112

ਆਪਣੇ ਰਾਜੇ ਯਿਸੂ ਦਾ ਸਾਥ ਦਿਓ

w06 9/1 13 ਪੈਰਾ 6

ਜ਼ਬੂਰਾਂ ਦੀ ਪੋਥੀ ਦੇ ਪੰਜਵੇਂ ਭਾਗ ਦੇ ਕੁਝ ਖ਼ਾਸ ਨੁਕਤੇ

110:1, 2​—ਦਾਊਦ ਦੇ “ਪ੍ਰਭੁ” ਯਿਸੂ ਮਸੀਹ ਨੇ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਕੇ ਕੀ ਕੀਤਾ ਸੀ? ਸਵਰਗ ਨੂੰ ਜੀ ਉਠਾਏ ਜਾਣ ਤੋਂ ਬਾਅਦ ਯਿਸੂ ਨੇ 1914 ਤਕ ਪਰਮੇਸ਼ੁਰ ਦੇ ਸੱਜੇ ਹੱਥ ਬੈਠ ਕੇ ਇੰਤਜ਼ਾਰ ਕੀਤਾ ਜਦੋਂ ਉਸ ਨੂੰ ਸਵਰਗੀ ਰਾਜ ਦਾ ਰਾਜਾ ਬਣਾਇਆ ਗਿਆ। ਇਸ ਸਮੇਂ ਦੌਰਾਨ ਉਹ ਆਪਣੇ ਮਸਹ ਕੀਤੇ ਹੋਏ ਚੇਲਿਆਂ ਤੇ ਰਾਜ ਕਰ ਰਿਹਾ ਸੀ ਅਤੇ ਪ੍ਰਚਾਰ ਦੇ ਕੰਮ ਵਿਚ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਇਸ ਤੋਂ ਇਲਾਵਾ ਯਿਸੂ ਉਨ੍ਹਾਂ ਨੂੰ ਆਪਣੇ ਨਾਲ ਰਾਜ ਕਰਨ ਲਈ ਤਿਆਰ ਵੀ ਕਰ ਰਿਹਾ ਸੀ।​—ਮੱਤੀ 24:14; 28:18-20; ਲੂਕਾ 22:28-30.

w00 4/1 18 ਪੈਰਾ 3

ਪਰਮੇਸ਼ੁਰ ਨਾਲ ਲੜਨ ਵਾਲੇ ਨਹੀਂ ਜਿੱਤਣਗੇ!

3 ਵੀਹਵੀਂ ਸਦੀ ਦੇ ਸ਼ੁਰੂ ਤੋਂ ਹੀ ਯਹੋਵਾਹ ਦੇ ਲੋਕਾਂ ਉੱਤੇ ਹਮਲੇ ਹੁੰਦੇ ਰਹੇ ਹਨ। ਬਹੁਤ ਸਾਰੇ ਦੇਸ਼ਾਂ ਵਿਚ ਬੁਰੇ ਇਰਾਦਿਆਂ ਵਾਲੇ ਲੋਕਾਂ ਨੇ ਪਰਮੇਸ਼ੁਰ ਦੇ ਰਾਜ ਦੇ ਐਲਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਸਾਡਾ ਮੁੱਖ ਵੈਰੀ, ਇਬਲੀਸ ਭੜਕਾਉਂਦਾ ਹੈ ਜੋ ਇਕ “ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਪਤਰਸ 5:8) ਸਾਲ 1914 ਵਿਚ “ਪਰਾਈਆਂ ਕੌਮਾਂ ਦੇ ਸਮੇ ਪੂਰੇ” ਹੋ ਜਾਣ ਤੋਂ ਬਾਅਦ, ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਧਰਤੀ ਦੇ ਨਵੇਂ ਰਾਜੇ ਵਜੋਂ ਸਿੰਘਾਸਣ ਉੱਤੇ ਬਿਠਾਇਆ ਅਤੇ ਉਸ ਨੂੰ ਹੁਕਮ ਦਿੱਤਾ ਕਿ ਉਹ ‘ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰੇ।’ (ਲੂਕਾ 21:24; ਜ਼ਬੂਰ 110:2) ਆਪਣੀ ਬਾਦਸ਼ਾਹੀ ਤਾਕਤ ਇਸਤੇਮਾਲ ਕਰਦੇ ਹੋਏ ਮਸੀਹ ਨੇ ਸ਼ਤਾਨ ਨੂੰ ਸਵਰਗ ਵਿੱਚੋਂ ਕੱਢ ਕੇ ਧਰਤੀ ਉੱਤੇ ਸੁੱਟ ਦਿੱਤਾ। ਉਸ ਲਈ ਸਵਰਗ ਦੇ ਦਰਵਾਜ਼ੇ ਹਮੇਸ਼ਾ-ਹਮੇਸ਼ਾ ਲਈ ਬੰਦ ਕਰ ਦਿੱਤੇ। ਇਬਲੀਸ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਰਹਿ ਗਿਆ ਹੈ, ਇਸ ਲਈ ਉਹ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਆਪਣਾ ਗੁੱਸਾ ਕੱਢਦਾ ਹੈ। (ਪਰਕਾਸ਼ ਦੀ ਪੋਥੀ 12:9, 17) ਪਰਮੇਸ਼ੁਰ ਨਾਲ ਲੜਨ ਵਾਲਿਆਂ ਵੱਲੋਂ ਕੀਤੇ ਗਏ ਲਗਾਤਾਰ ਹਮਲਿਆਂ ਦੇ ਕੀ ਨਤੀਜੇ ਨਿਕਲੇ ਹਨ?

be 76 ਪੈਰਾ 2

ਅੱਗੇ ਵਧਦੇ ਰਹੋ​—ਤਰੱਕੀ ਕਰਦੇ ਰਹੋ

ਪੌਲੁਸ ਰਸੂਲ ਨੇ ਆਪਣੇ ਤੋਹਫ਼ੇ ਨੂੰ ਇਸਤੇਮਾਲ ਕਰਨ ਦੀ ਜੋ ਹੱਲਾਸ਼ੇਰੀ ਦਿੱਤੀ, ਉਸ ਵਿਚ ਖ਼ੁਦ ਪਹਿਲ ਕਰਨਾ ਵੀ ਸ਼ਾਮਲ ਹੈ। ਕੀ ਤੁਸੀਂ ਪ੍ਰਚਾਰ ਵਿਚ ਦੂਜੇ ਭੈਣਾਂ-ਭਰਾਵਾਂ ਨਾਲ ਮਿਲ ਕੇ ਕੰਮ ਕਰਨ ਵਿਚ ਪਹਿਲ ਕਰਦੇ ਹੋ? ਕੀ ਤੁਸੀਂ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਮੌਕੇ ਭਾਲਦੇ ਹੋ, ਜਿਵੇਂ ਕਿ ਨਵੇਂ ਲੋਕਾਂ ਦੀ, ਨੌਜਵਾਨਾਂ ਦੀ ਜਾਂ ਬੀਮਾਰਾਂ ਦੀ? ਕੀ ਤੁਸੀਂ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਕਰਨ ਜਾਂ ਸੰਮੇਲਨ ਹਾਲਾਂ ਵਿਚ ਅਲੱਗ-ਅਲੱਗ ਕੰਮਾਂ ਵਿਚ ਹੱਥ ਵਟਾਉਣ ਵਾਸਤੇ ਖ਼ੁਸ਼ੀ-ਖ਼ੁਸ਼ੀ ਆਪਣੇ ਆਪ ਨੂੰ ਪੇਸ਼ ਕਰਦੇ ਹੋ? ਕੀ ਤੁਸੀਂ ਸਮੇਂ-ਸਮੇਂ ਤੇ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹੋ? ਕੀ ਤੁਸੀਂ ਰੈਗੂਲਰ ਪਾਇਨੀਅਰਿੰਗ ਜਾਂ ਉਸ ਥਾਂ ʼਤੇ ਜਾ ਕੇ ਸੇਵਾ ਕਰ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਜੇ ਤੁਸੀਂ ਭਰਾ ਹੋ, ਤਾਂ ਕੀ ਤੁਸੀਂ ਉਹ ਮੰਗਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਜੋ ਬਾਈਬਲ ਵਿਚ ਸਹਾਇਕ ਸੇਵਕਾਂ ਅਤੇ ਬਜ਼ੁਰਗਾਂ ਲਈ ਦੱਸੀਆਂ ਗਈਆਂ ਹਨ? ਜੇ ਤੁਸੀਂ ਖ਼ੁਸ਼ੀ-ਖ਼ੁਸ਼ੀ ਆਪਣੇ ਆਪ ਨੂੰ ਪੇਸ਼ ਕਰਦੇ ਹੋ ਅਤੇ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਰਹਿੰਦੇ ਹੋ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਤਰੱਕੀ ਕਰ ਰਹੇ ਹੋ।​—ਜ਼ਬੂ. 110:3.

ਹੀਰੇ-ਮੋਤੀ

it-1 524 ਪੈਰਾ 2

ਇਕਰਾਰ

ਮਲਕਿਸਿਦਕ ਵਾਂਗ ਪੁਜਾਰੀ ਬਣਨ ਦਾ ਇਕਰਾਰ। ਜ਼ਬੂਰ 110:4 ਵਿਚ ਯਹੋਵਾਹ ਨੇ ਯਿਸੂ ਮਸੀਹ ਨਾਲ ਇਕਰਾਰ ਕੀਤਾ ਕਿ ਉਹ ਉਸ ਨੂੰ ਮਲਕਿਸਿਦਕ ਵਾਂਗ ਪੁਜਾਰੀ ਬਣਾਵੇਗਾ। ਬਾਅਦ ਵਿਚ ਜਦੋਂ ਯਿਸੂ ਨੇ ਆਪਣੇ ਚੇਲਿਆਂ ਨਾਲ ਰਾਜ ਦਾ ਇਕਰਾਰ ਕੀਤਾ, ਤਾਂ ਉਹ ਸ਼ਾਇਦ ਇਸੇ ਇਕਰਾਰ ਦਾ ਜ਼ਿਕਰ ਕਰ ਰਿਹਾ ਸੀ। (ਲੂਕਾ 22:19) ਇਸ ਇਕਰਾਰ ਮੁਤਾਬਕ ਯਿਸੂ ਨੇ ਮਲਕਿਸਿਦਕ ਵਾਂਗ ਇਕ ਪੁਜਾਰੀ ਬਣਨਾ ਸੀ। ਮਲਕਿਸਿਦਕ ਪਰਮੇਸ਼ੁਰ ਵੱਲੋਂ ਧਰਤੀ ʼਤੇ ਠਹਿਰਾਇਆ ਇਕ ਰਾਜਾ ਤੇ ਪੁਜਾਰੀ ਸੀ। ਇਸੇ ਤਰ੍ਹਾਂ ਯਿਸੂ ਨੇ ਧਰਤੀ ʼਤੇ ਨਹੀਂ, ਸਗੋਂ ਸਵਰਗ ਵਿਚ ਰਾਜਾ ਤੇ ਮਹਾਂ ਪੁਜਾਰੀ ਬਣਨਾ ਸੀ। (ਇਬ 6:20; 7:26, 28; 8:1) ਯਹੋਵਾਹ ਦੀ ਅਗਵਾਈ ਅਧੀਨ ਯਿਸੂ ਹਮੇਸ਼ਾ ਲਈ ਰਾਜਾ ਤੇ ਮਹਾਂ ਪੁਜਾਰੀ ਬਣੇਗਾ। ਇਸ ਲਈ ਇਹ ਇਕਰਾਰ ਹਮੇਸ਼ਾ ਲਈ ਰਹੇਗਾ।​—ਇਬ 7:3.

2-8 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 113-118

ਅਸੀਂ ਯਹੋਵਾਹ ਨੂੰ ਬਦਲੇ ਵਿਚ ਕੀ ਦੇ ਸਕਦੇ ਹਾਂ?

w01 1/1 11 ਪੈਰਾ 13

ਪਿਆਰ ਨਾਲ ਮਜ਼ਬੂਤ ਹੋਵੋ

13 ਯਿਸੂ ਨੇ ਸਾਫ਼-ਸਾਫ਼ ਦੱਸਿਆ ਕਿ ਸਾਨੂੰ ਸਭ ਤੋਂ ਪਹਿਲਾਂ ਯਹੋਵਾਹ ਨਾਲ ਪਿਆਰ ਕਰਨਾ ਚਾਹੀਦਾ ਹੈ। ਪਰ ਅਸੀਂ ਜਨਮ ਤੋਂ ਹੀ ਯਹੋਵਾਹ ਨਾਲ ਪਿਆਰ ਨਹੀਂ ਕਰਨ ਲੱਗ ਪੈਂਦੇ। ਇਹ ਪਿਆਰ ਸਾਨੂੰ ਆਪਣੇ ਵਿਚ ਪੈਦਾ ਕਰਨਾ ਪੈਂਦਾ ਹੈ। ਜਦੋਂ ਅਸੀਂ ਪਹਿਲੀ ਵਾਰ ਉਸ ਬਾਰੇ ਸੁਣਿਆ ਅਤੇ ਜੋ ਕੁਝ ਉਸ ਬਾਰੇ ਸਿੱਖਿਆ, ਉਸ ਤੋਂ ਅਸੀਂ ਉਸ ਵੱਲ ਖਿੱਚੇ ਗਏ। ਥੋੜ੍ਹਾ-ਥੋੜ੍ਹਾ ਕਰ ਕੇ ਅਸੀਂ ਸਿੱਖਿਆ ਕਿ ਉਸ ਨੇ ਧਰਤੀ ਇਨਸਾਨ ਦੇ ਰਹਿਣ ਲਈ ਬਣਾਈ ਸੀ। (ਉਤਪਤ 2:5-23) ਅਸੀਂ ਸਿੱਖਿਆ ਕਿ ਉਹ ਇਨਸਾਨਜਾਤੀ ਨਾਲ ਕਿੱਦਾਂ ਪੇਸ਼ ਆਇਆ ਅਤੇ ਜਦੋਂ ਇਨਸਾਨ ਨੇ ਪਹਿਲੀ ਵਾਰ ਪਾਪ ਕੀਤਾ ਸੀ, ਤਾਂ ਉਸ ਨੇ ਸਾਨੂੰ ਤਿਆਗ ਨਹੀਂ ਦਿੱਤਾ ਸਗੋਂ ਸਾਡੇ ਛੁਟਕਾਰੇ ਦਾ ਪ੍ਰਬੰਧ ਕੀਤਾ। (ਉਤਪਤ 3:1-5, 15) ਉਹ ਉਨ੍ਹਾਂ ਵਿਅਕਤੀਆਂ ਨਾਲ ਬੜੇ ਹੀ ਪਿਆਰ ਨਾਲ ਪੇਸ਼ ਆਇਆ ਜਿਹੜੇ ਉਸ ਪ੍ਰਤੀ ਵਫ਼ਾਦਾਰ ਸਨ ਅਤੇ ਅਖ਼ੀਰ ਉਸ ਨੇ ਸਾਡੇ ਪਾਪਾਂ ਦੀ ਮਾਫ਼ੀ ਲਈ ਆਪਣੇ ਇੱਕੋ-ਇਕ ਪੁੱਤਰ ਦੀ ਕੁਰਬਾਨੀ ਦਿੱਤੀ। (ਯੂਹੰਨਾ 3:16, 36) ਅਸੀਂ ਯਹੋਵਾਹ ਬਾਰੇ ਜਿੰਨਾ ਜ਼ਿਆਦਾ ਗਿਆਨ ਲਿਆ ਹੈ, ਉਸ ਨਾਲ ਸਾਡੇ ਦਿਲਾਂ ਵਿਚ ਯਹੋਵਾਹ ਪ੍ਰਤੀ ਸਾਡੀ ਸ਼ੁਕਰਗੁਜ਼ਾਰੀ ਵਧੀ ਹੈ। (ਯਸਾਯਾਹ 25:1) ਰਾਜਾ ਦਾਊਦ ਨੇ ਕਿਹਾ ਸੀ ਕਿ ਉਸ ਨੇ ਯਹੋਵਾਹ ਨਾਲ ਪਿਆਰ ਕੀਤਾ ਕਿਉਂਕਿ ਯਹੋਵਾਹ ਨੇ ਉਸ ਦੀ ਪਿਆਰ ਨਾਲ ਦੇਖਭਾਲ ਕੀਤੀ ਸੀ। (ਜ਼ਬੂਰ 116:1-9) ਅੱਜ ਯਹੋਵਾਹ ਸਾਡੀ ਵੀ ਦੇਖਭਾਲ ਕਰਦਾ ਹੈ, ਸਾਨੂੰ ਵੀ ਸਹੀ ਰਾਹ ਦਿਖਾਉਂਦਾ ਹੈ, ਤਾਕਤ ਅਤੇ ਹੌਸਲਾ ਦਿੰਦਾ ਹੈ। ਅਸੀਂ ਉਸ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ, ਅਸੀਂ ਉਸ ਨਾਲ ਉੱਨਾ ਹੀ ਜ਼ਿਆਦਾ ਪਿਆਰ ਕਰਾਂਗੇ।​—ਜ਼ਬੂਰ 31:23; ਸਫ਼ਨਯਾਹ 3:17; ਰੋਮੀਆਂ 8:28.

w09 7/15 29 ਪੈਰੇ 4-5

ਸ਼ੁਕਰਗੁਜ਼ਾਰੀ ਨਾਲ ਲਓ ਅਤੇ ਦਿਲੋਂ ਦਿਓ

ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?” (ਜ਼ਬੂ. 116:12) ਉਸ ਉੱਤੇ ਕਿਹੜੇ ਉਪਕਾਰ ਹੋਏ ਸਨ? “ਦੁਖ ਤੇ ਸੋਗ” ਦੀਆਂ ਘੜੀਆਂ ਦੌਰਾਨ ਯਹੋਵਾਹ ਨੇ ਉਸ ਨੂੰ ਸੰਭਾਲਿਆ ਸੀ। ਇਸ ਤੋਂ ਇਲਾਵਾ, ਯਹੋਵਾਹ ਨੇ ‘ਉਸ ਦੀ ਜਾਨ ਨੂੰ ਮੌਤ ਤੋਂ ਛੁਡਾਇਆ’ ਸੀ। ਪਰ ਹੁਣ ਉਹ ਯਹੋਵਾਹ ਨੂੰ ਕੁਝ ‘ਮੋੜਨਾ’ ਚਾਹੁੰਦਾ ਸੀ। ਜ਼ਬੂਰ ਇੱਦਾਂ ਕਿਵੇਂ ਕਰ ਸਕਦਾ ਸੀ? ਉਸ ਨੇ ਕਿਹਾ: “ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ।” (ਜ਼ਬੂ. 116:3, 4, 8, 10-14) ਉਸ ਨੇ ਯਹੋਵਾਹ ਅੱਗੇ ਸੁੱਖੀਆਂ ਸੁਖਣਾਂ ਅਤੇ ਆਪਣੇ ਬਣਦੇ ਫ਼ਰਜ਼ਾਂ ਨੂੰ ਪੂਰਾ ਕਰਨ ਦੀ ਠਾਣ ਲਈ ਸੀ।

ਤੁਸੀਂ ਵੀ ਇੱਦਾਂ ਕਰ ਸਕਦੇ ਹੋ। ਕਿਵੇਂ? ਅਸੀਂ ਹਰ ਸਮੇਂ ਯਹੋਵਾਹ ਦੇ ਕਾਨੂੰਨਾਂ ਅਤੇ ਅਸੂਲਾਂ ਅਨੁਸਾਰ ਚੱਲ ਕੇ ਇੱਦਾਂ ਕਰ ਸਕਦੇ ਹਾਂ। ਇਸ ਲਈ ਤੁਹਾਨੂੰ ਦੇਖਣ ਦੀ ਲੋੜ ਹੈ ਕਿ ਤੁਸੀਂ ਯਹੋਵਾਹ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਗੱਲ ਸਮਝਦੇ ਹੋ ਅਤੇ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਅਨੁਸਾਰ ਚੱਲ ਕੇ ਸਭ ਕੁਝ ਕਰਦੇ ਹੋ। (ਉਪ. 12:13; ਗਲਾ. 5:16-18) ਪਰ ਅਸਲ ਗੱਲ ਤਾਂ ਇਹ ਹੈ ਕਿ ਤੁਸੀਂ ਕਦੀ ਵੀ ਯਹੋਵਾਹ ਨੂੰ ਉਸ ਸਭ ਕਾਸੇ ਦੇ ਬਦਲੇ ਕੁਝ ਨਹੀਂ ਮੋੜ ਸਕਦੇ ਜੋ ਕੁਝ ਉਹ ਨੇ ਤੁਹਾਡੇ ਲਈ ਕੀਤਾ ਹੈ। ਫਿਰ ਵੀ ਤੁਸੀਂ ਯਹੋਵਾਹ ਦੇ ‘ਜੀ ਨੂੰ ਅਨੰਦ ਕਰਦੇ’ ਹੋ ਜਦੋਂ ਤੁਸੀਂ ਤਨੋਂ-ਮਨੋ ਯਹੋਵਾਹ ਦੀ ਸੇਵਾ ਕਰਦੇ ਹੋ। (ਕਹਾ. 27:11) ਇਸ ਤਰ੍ਹਾਂ ਯਹੋਵਾਹ ਨੂੰ ਖ਼ੁਸ਼ ਕਰਨਾ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ!

w19.11 22-23 ਪੈਰੇ 9-11

ਅਸੀਂ ਲੇਵੀਆਂ ਦੀ ਕਿਤਾਬ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?

9 ਦੂਜਾ ਸਬਕ: ਸ਼ੁਕਰਗੁਜ਼ਾਰ ਹੋਣ ਕਰਕੇ ਅਸੀਂ ਯਹੋਵਾਹ ਦੀ ਸੇਵਾ ਕਰਦੇ ਹਾਂ। ਇਸ ਨੂੰ ਧਿਆਨ ਵਿਚ ਰੱਖਦਿਆਂ ਆਓ ਆਪਾਂ ਸੁੱਖ-ਸਾਂਦ ਦੀਆਂ ਬਲ਼ੀਆਂ ʼਤੇ ਗੌਰ ਕਰੀਏ ਜੋ ਇਜ਼ਰਾਈਲੀ ਚੜ੍ਹਾਉਂਦੇ ਸਨ। ਲੇਵੀਆਂ ਦੀ ਕਿਤਾਬ ਵਿਚ ਅਸੀਂ ਪੜ੍ਹਦੇ ਹਾਂ ਕਿ ਇਕ ਇਜ਼ਰਾਈਲੀ ਸੁੱਖ-ਸਾਂਦ ਦੀ ਬਲ਼ੀ “ਧੰਨਵਾਦ ਦੀ ਭੇਟ” ਵਜੋਂ ਚੜ੍ਹਾਉਂਦਾ ਸੀ। (ਲੇਵੀ. 7:11-13, 16-18) ਉਹ ਇਹ ਬਲ਼ੀ ਇਸ ਲਈ ਨਹੀਂ ਚੜ੍ਹਾਉਂਦਾ ਸੀ ਕਿਉਂਕਿ ਉਸ ਨੂੰ ਚੜ੍ਹਾਉਣੀ ਹੀ ਪੈਂਦੀ ਸੀ, ਸਗੋਂ ਉਹ ਆਪਣੀ ਮਰਜ਼ੀ ਨਾਲ ਚੜ੍ਹਾਉਂਦਾ ਸੀ। ਇਸ ਲਈ ਸੁੱਖ-ਸਾਂਦ ਦੀ ਬਲ਼ੀ ਆਪਣੀ ਖ਼ੁਸ਼ੀ ਨਾਲ ਚੜ੍ਹਾਈ ਜਾਂਦੀ ਸੀ। ਇੱਦਾਂ ਕਰਕੇ ਉਹ ਵਿਅਕਤੀ ਦਿਖਾਉਂਦਾ ਸੀ ਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਪਿਆਰ ਕਰਦਾ ਸੀ। ਬਲ਼ੀ ਚੜ੍ਹਾਉਣ ਵਾਲਾ ਵਿਅਕਤੀ, ਉਸ ਦਾ ਪਰਿਵਾਰ ਅਤੇ ਪੁਜਾਰੀ ਬਲ਼ੀ ਕੀਤੇ ਜਾਨਵਰ ਦਾ ਮਾਸ ਇਕੱਠੇ ਮਿਲ ਕੇ ਖਾਂਦੇ ਸਨ। ਪਰ ਬਲ਼ੀ ਕੀਤੇ ਜਾਨਵਰ ਦੇ ਕੁਝ ਖ਼ਾਸ ਅੰਗ ਸਿਰਫ਼ ਯਹੋਵਾਹ ਨੂੰ ਹੀ ਚੜ੍ਹਾਏ ਜਾਂਦੇ ਸਨ। ਉਹ ਕਿਹੜੇ ਅੰਗ ਸਨ?

10 ਤੀਜਾ ਸਬਕ: ਪਿਆਰ ਹੋਣ ਕਰਕੇ ਅਸੀਂ ਯਹੋਵਾਹ ਨੂੰ ਸਭ ਤੋਂ ਵਧੀਆ ਹਿੱਸਾ ਦਿੰਦੇ ਹਾਂ। ਯਹੋਵਾਹ ਦੀਆਂ ਨਜ਼ਰਾਂ ਵਿਚ ਜਾਨਵਰ ਦੀ ਚਰਬੀ ਸਭ ਤੋਂ ਵਧੀਆ ਹੁੰਦੀ ਸੀ। ਉਸ ਨੇ ਇਹ ਵੀ ਦੱਸਿਆ ਕਿ ਕੁਝ ਖ਼ਾਸ ਅੰਗ ਬਹੁਤ ਅਹਿਮ ਹੁੰਦੇ ਸਨ, ਜਿਵੇਂ ਗੁਰਦੇ, ਜਿਗਰ। (ਲੇਵੀਆਂ 3:6, 12, 14-16 ਪੜ੍ਹੋ।) ਸੋ ਜਦੋਂ ਕੋਈ ਇਜ਼ਰਾਈਲੀ ਯਹੋਵਾਹ ਨੂੰ ਖ਼ੁਸ਼ੀ ਨਾਲ ਚਰਬੀ ਜਾਂ ਖ਼ਾਸ ਅੰਗ ਚੜ੍ਹਾਉਂਦਾ ਸੀ, ਤਾਂ ਉਹ ਉਸ ਤੋਂ ਬਹੁਤ ਖ਼ੁਸ਼ ਹੁੰਦਾ ਸੀ। ਇਸ ਤਰ੍ਹਾਂ ਦੀ ਬਲ਼ੀ ਚੜ੍ਹਾ ਕੇ ਇਕ ਇਜ਼ਰਾਈਲੀ ਦਿਖਾਉਂਦਾ ਸੀ ਕਿ ਉਹ ਯਹੋਵਾਹ ਨੂੰ ਸਭ ਤੋਂ ਵਧੀਆ ਹਿੱਸਾ ਦੇਣਾ ਚਾਹੁੰਦਾ ਸੀ। ਇਸੇ ਤਰ੍ਹਾਂ ਪਿਆਰ ਹੋਣ ਕਰਕੇ ਯਿਸੂ ਨੇ ਯਹੋਵਾਹ ਦੀ ਸੇਵਾ ਵਿਚ ਆਪਣੀ ਪੂਰੀ ਵਾਹ ਲਾਈ ਅਤੇ ਸਭ ਤੋਂ ਵਧੀਆ ਹਿੱਸਾ ਦਿੱਤਾ। (ਯੂਹੰ. 14:31) ਯਿਸੂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਸੀ ਅਤੇ ਉਸ ਨੂੰ ਪਰਮੇਸ਼ੁਰ ਦੇ ਕਾਨੂੰਨਾਂ ਨਾਲ ਗਹਿਰਾ ਲਗਾਅ ਸੀ। (ਜ਼ਬੂ. 40:8) ਯਿਸੂ ਨੂੰ ਦਿਲੋਂ ਸੇਵਾ ਕਰਦਿਆਂ ਦੇਖ ਕੇ ਯਹੋਵਾਹ ਨੂੰ ਕਿੰਨੀ ਖ਼ੁਸ਼ੀ ਮਿਲੀ ਹੋਣੀ!

11 ਜਿੱਦਾਂ ਸੁੱਖ-ਸਾਂਦ ਦੀਆਂ ਬਲ਼ੀਆਂ ਆਪਣੀ ਖ਼ੁਸ਼ੀ ਨਾਲ ਚੜ੍ਹਾਈਆਂ ਜਾਂਦੀਆਂ ਸਨ, ਉਸੇ ਤਰ੍ਹਾਂ ਅਸੀਂ ਵੀ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰ ਕੇ ਦਿਖਾਉਂਦੇ ਹਾਂ ਕਿ ਅਸੀਂ ਉਸ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ। ਅਸੀਂ ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਹਿੱਸਾ ਦਿੰਦੇ ਹਾਂ ਕਿਉਂਕਿ ਅਸੀਂ ਉਸ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰਦੇ ਹਾਂ। ਯਹੋਵਾਹ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਮਿਲਦੀ ਹੋਣੀ ਕਿ ਉਸ ਦੇ ਲੱਖਾਂ ਹੀ ਭਗਤ ਉਸ ਲਈ ਅਤੇ ਉਸ ਦੇ ਰਾਹਾਂ ਲਈ ਦਿਲੋਂ ਪਿਆਰ ਹੋਣ ਕਰਕੇ ਸੇਵਾ ਕਰਦੇ ਹਨ! ਸਾਨੂੰ ਇਹ ਜਾਣ ਕੇ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਨਾ ਸਿਰਫ਼ ਸਾਡੇ ਕੰਮਾਂ ਨੂੰ, ਸਗੋਂ ਸਾਡੇ ਇਰਾਦਿਆਂ ਨੂੰ ਵੀ ਦੇਖਦਾ ਹੈ। ਮਿਸਾਲ ਲਈ, ਜੇ ਤੁਸੀਂ ਸਿਆਣੀ ਉਮਰ ਦੇ ਹੋ ਅਤੇ ਉੱਨਾ ਨਹੀਂ ਕਰ ਸਕਦੇ ਜਿੰਨਾ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੇ ਹਾਲਾਤ ਸਮਝਦਾ ਹੈ। ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਜ਼ਿਆਦਾ ਨਹੀਂ ਕਰ ਰਹੇ, ਪਰ ਯਹੋਵਾਹ ਦੇਖ ਸਕਦਾ ਹੈ ਕਿ ਉਸ ਲਈ ਗਹਿਰਾ ਪਿਆਰ ਹੋਣ ਕਰਕੇ ਤੁਸੀਂ ਉਹ ਕਰ ਰਹੇ ਹੋ ਜੋ ਤੁਸੀਂ ਕਰ ਸਕਦੇ ਹੋ। ਜਦੋਂ ਤੁਸੀਂ ਆਪਣੇ ਵੱਲੋਂ ਸਭ ਤੋਂ ਵਧੀਆ ਹਿੱਸਾ ਦਿੰਦੇ ਹੋ, ਤਾਂ ਪਰਮੇਸ਼ੁਰ ਨੂੰ ਖ਼ੁਸ਼ੀ ਹੁੰਦੀ ਹੈ।

ਹੀਰੇ-ਮੋਤੀ

w12 5/15 22 ਪੈਰੇ 1-2

ਪਾਠਕਾਂ ਵੱਲੋਂ ਸਵਾਲ

ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਭਗਤਾਂ ਦੀ ਮੌਤ, ਪ੍ਰਭੂ ਦੀਆਂ ਨਜ਼ਰਾਂ ਵਿਚ ਬਹੁਤ ਕੀਮਤੀ ਹੈ।” (ਭਜਨ 116:15, CL) ਯਹੋਵਾਹ ਦੇ ਹਰ ਭਗਤ ਦੀ ਜਾਨ ਉਸ ਲਈ ਕੀਮਤੀ ਹੈ। ਪਰ ਇੱਥੇ ਸਿਰਫ਼ ਇਕ ਇਨਸਾਨ ਦੀ ਮੌਤ ਦੀ ਗੱਲ ਨਹੀਂ ਕੀਤੀ ਗਈ ਹੈ।

ਜਦੋਂ ਇਕ ਮਸੀਹੀ ਦੀ ਮੌਤ ʼਤੇ ਭਾਸ਼ਣ ਦਿੱਤਾ ਜਾਂਦਾ ਹੈ, ਤਾਂ ਇਹ ਆਇਤ ਉਸ ਮਰ ਚੁੱਕੇ ਮਸੀਹੀ ਲਈ ਵਰਤਣੀ ਸਹੀ ਨਹੀਂ ਹੈ, ਭਾਵੇਂ ਕਿ ਉਹ ਯਹੋਵਾਹ ਦਾ ਵਫ਼ਾਦਾਰ ਭਗਤ ਸੀ। ਕਿਉਂ? ਕਿਉਂਕਿ ਇੱਥੇ ਜ਼ਬੂਰਾਂ ਦਾ ਲਿਖਾਰੀ ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਸੇਵਕਾਂ ਦੀ ਮੌਤ ਦੀ ਗੱਲ ਕਰ ਰਿਹਾ ਸੀ। ਇਸ ਆਇਤ ਦਾ ਮਤਲਬ ਹੈ ਕਿ ਪਰਮੇਸ਼ੁਰ ਕਦੇ ਵੀ ਧਰਤੀ ਉੱਤੋਂ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਣ ਦੇਵੇਗਾ ਕਿਉਂਕਿ ਉਹ ਯਹੋਵਾਹ ਲਈ ਅਨਮੋਲ ਹਨ।​—ਜ਼ਬੂਰਾਂ ਦੀ ਪੋਥੀ 72:14; 116:8 ਦੇਖੋ।

9-15 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 119:1-56

“ਨੌਜਵਾਨ ਆਪਣੀ ਜ਼ਿੰਦਗੀ ਬੇਦਾਗ਼ ਕਿਵੇਂ ਰੱਖ ਸਕਦਾ ਹੈ?”

w87 11/1 18 ਪੈਰਾ 10

ਕੀ ਤੁਸੀਂ ਹਰ ਮਾਮਲੇ ਵਿਚ ਆਪਣੇ ਆਪ ਨੂੰ ਸ਼ੁੱਧ ਬਣਾਈ ਰੱਖਦੇ ਹੋ?

10 ਹਰ ਸਾਲ ਹਜ਼ਾਰਾਂ ਹੀ ਭੈਣਾਂ-ਭਰਾਵਾਂ ਨੂੰ ਅਨੈਤਿਕ ਸਰੀਰਕ ਸੰਬੰਧਾਂ ਕਰਕੇ ਮੰਡਲੀ ਵਿੱਚੋਂ ਛੇਕਿਆ ਜਾਂਦਾ ਹੈ। ਬਾਈਬਲ ਵਿਚ ਅਨੈਤਿਕ ਸਰੀਰਕ ਸੰਬੰਧਾਂ ਨੂੰ “ਸਰੀਰ ਦੇ ਖ਼ਿਲਾਫ਼ ਪਾਪ” ਕਿਹਾ ਗਿਆ ਹੈ। (1 ਕੁਰਿੰਥੀਆਂ 6:18; ਅਫ਼ਸੀਆਂ 5:5) ਪਰਮੇਸ਼ੁਰ ਦੇ “ਬਚਨ ਮੁਤਾਬਕ ਚੌਕਸ” ਨਾ ਰਹਿਣ ਕਰਕੇ ਇਕ ਵਿਅਕਤੀ ਇਹ ਪਾਪ ਕਰਦਾ ਹੈ। (ਜ਼ਬੂਰ 119:9) ਬਹੁਤ ਸਾਰੇ ਭੈਣ-ਭਰਾ ਛੁੱਟੀਆਂ ਵੇਲੇ ਨੈਤਿਕ ਮਿਆਰਾਂ ਵੱਲ ਧਿਆਨ ਦੇਣਾ ਭੁੱਲ ਜਾਂਦੇ ਹਨ। ਉਹ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣ ਦੀ ਬਜਾਇ ਦੁਨੀਆਂ ਦੇ ਲੋਕਾਂ ਨਾਲ ਜ਼ਿਆਦਾ ਘੁਲ-ਮਿਲ ਜਾਂਦੇ ਹਨ। ਕੁਝ ਭੈਣ-ਭਰਾ ਤਾਂ ਉਨ੍ਹਾਂ ਨਾਲ ਮਿਲ ਕੇ ਅਜਿਹੇ ਕੰਮਾਂ ਵਿਚ ਵੀ ਹਿੱਸਾ ਲੈਂਦੇ ਹਨ ਜੋ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹਨ। ਕੁਝ ਭੈਣ-ਭਰਾ ਆਪਣੇ ਨਾਲ ਕੰਮ ਕਰਨ ਵਾਲਿਆਂ ਨਾਲ ਹੱਦੋਂ-ਵੱਧ ਦੋਸਤੀ ਕਰਦੇ ਹਨ। ਇੱਦਾਂ ਹੀ ਇਕ ਮੰਡਲੀ ਦੇ ਬਜ਼ੁਰਗ ਨਾਲ ਹੋਇਆ ਜੋ ਵਿਆਹਿਆ ਹੋਇਆ ਸੀ। ਉਸ ਨੇ ਆਪਣੇ ਨਾਲ ਕੰਮ ਕਰਨ ਵਾਲੀ ਔਰਤ ਨਾਲ ਦੋਸਤੀ ਕਰ ਲਈ ਅਤੇ ਉਸ ਨਾਲ ਰਹਿਣ ਲੱਗ ਪਿਆ। ਇਸ ਕਰਕੇ ਉਸ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ। ਬਾਈਬਲ ਦੇ ਇਹ ਸ਼ਬਦ ਕਿੰਨੇ ਸਹੀ ਹਨ, “ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।”​—1 ਕੁਰਿੰਥੀਆਂ 15:33.

w06 6/15 25 ਪੈਰਾ 1

‘ਤੇਰੀਆਂ ਸਾਖੀਆਂ ਮੇਰੀ ਖੁਸ਼ੀ ਹਨ’

ਯਹੋਵਾਹ ਆਪਣੇ ਲੋਕਾਂ ਨੂੰ ਸਾਖੀਆਂ ਜਾਂ ਜ਼ਰੂਰੀ ਗੱਲਾਂ ਵਾਰ-ਵਾਰ ਚੇਤੇ ਕਰਾਉਂਦਾ ਹੈ ਤਾਂਕਿ ਉਹ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਆਪਣੀ ਨਿਹਚਾ ਕਾਇਮ ਰੱਖ ਸਕਣ। ਬਾਈਬਲ ਪੜ੍ਹਨ, ਸਭਾਵਾਂ ਵਿਚ ਜਾਣਕਾਰੀ ਲੈਣ ਤੇ ਭੈਣਾਂ-ਭਰਾਵਾਂ ਦੀਆਂ ਟਿੱਪਣੀਆਂ ਰਾਹੀਂ ਉਹ ਸਾਨੂੰ ਕਈ ਗੱਲਾਂ ਯਾਦ ਕਰਾਉਂਦਾ ਹੈ। ਆਮ ਕਰਕੇ ਇਨ੍ਹਾਂ ਮੌਕਿਆਂ ਤੇ ਅਸੀਂ ਕੁਝ ਨਵਾਂ ਨਹੀਂ ਪੜ੍ਹਦੇ ਜਾਂ ਸੁਣਦੇ। ਸਾਨੂੰ ਇਹ ਜਾਣਕਾਰੀ ਕਈ ਵਾਰ ਪਹਿਲਾਂ ਵੀ ਮਿਲ ਚੁੱਕੀ ਹੁੰਦੀ ਹੈ। ਪਰ ਕਿਉਂਕਿ ਅਸੀਂ ਯਹੋਵਾਹ ਦੇ ਮਕਸਦਾਂ, ਨਿਯਮਾਂ ਅਤੇ ਹਿਦਾਇਤਾਂ ਬਾਰੇ ਕਈ ਗੱਲਾਂ ਭੁੱਲ ਜਾਂਦੇ ਹਾਂ, ਸਾਨੂੰ ਵਾਰ-ਵਾਰ ਇਹ ਗੱਲਾਂ ਦੱਸੀਆਂ ਜਾਂਦੀਆਂ ਹਨ। ਇਸ ਕਰਕੇ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਗੱਲਾਂ ਬਾਰੇ ਲਗਾਤਾਰ ਪੜ੍ਹਦੇ ਤੇ ਸੁਣਦੇ ਰਹਿਣ ਕਰਕੇ ਅਸੀਂ ਚੇਤੇ ਰੱਖਦੇ ਹਾਂ ਕਿ ਅਸੀਂ ਯਹੋਵਾਹ ਦੀ ਸੇਵਾ ਕਰਨ ਦਾ ਰਾਹ ਕਿਉਂ ਚੁਣਿਆ ਸੀ। ਇਹ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਲਈ ਸਾਡੇ ਵਿਚ ਨਵੇਂ ਸਿਰਿਓਂ ਜੋਸ਼ ਪੈਦਾ ਕਰੇਗਾ। ਇਸ ਲਈ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: ‘ਤੇਰੀਆਂ ਸਾਖੀਆਂ ਮੇਰੀ ਖੁਸ਼ੀ ਹਨ।’​—ਜ਼ਬੂਰਾਂ ਦੀ ਪੋਥੀ 119:24.

w10 4/15 20 ਪੈਰਾ 2

ਅੱਖਾਂ ਨੂੰ ਵਿਅਰਥ ਚੀਜ਼ਾਂ ਤੋਂ ਮੋੜੋ!

2 ਪਰ ਕੁਝ ਚੀਜ਼ਾਂ ਦੇਖ ਕੇ ਸਾਡਾ ਨੁਕਸਾਨ ਵੀ ਹੋ ਸਕਦਾ ਹੈ। ਸਾਡੀਆਂ ਅੱਖਾਂ ਦਾ ਦਿਮਾਗ਼ ਨਾਲ ਇੰਨਾ ਗੂੜ੍ਹਾ ਸੰਬੰਧ ਹੈ ਕਿ ਅਸੀਂ ਜੋ ਕੁਝ ਦੇਖਦੇ ਹਾਂ, ਉਹ ਸਾਡੇ ਦਿਲ ʼਤੇ ਅਸਰ ਕਰ ਕੇ ਸਾਡੇ ਅੰਦਰ ਖ਼ਾਹਸ਼ਾਂ ਪੈਦਾ ਕਰ ਸਕਦਾ ਹੈ ਜਾਂ ਖ਼ਾਹਸ਼ਾਂ ਨੂੰ ਵਧਾ ਸਕਦਾ ਹੈ। ਸ਼ਤਾਨ ਦੀ ਸੁਆਰਥੀ ਅਤੇ ਗੰਦੀ ਦੁਨੀਆਂ ਵਿਚ ਰਹਿੰਦਿਆਂ ਜਿੱਥੇ ਕਿਤੇ ਵੀ ਦੇਖੋ, ਤਸਵੀਰਾਂ ਅਤੇ ਇਸ਼ਤਿਹਾਰ ਨਜ਼ਰ ਆਉਂਦੇ ਹਨ ਅਤੇ ਝੂਠੀ ਜਾਣਕਾਰੀ ਦੀ ਭਰਮਾਰ ਹੈ। ਇਨ੍ਹਾਂ ਦੀ ਇਕ ਝਲਕ ਵੀ ਸਾਨੂੰ ਗੁਮਰਾਹ ਕਰ ਸਕਦੀ ਹੈ। (1 ਯੂਹੰ. 5:19) ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜ਼ਬੂਰਾਂ ਦੇ ਇਕ ਲਿਖਾਰੀ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ, ਆਪਣੇ ਰਾਹਾਂ ਉੱਤੇ ਮੈਨੂੰ ਜਿਵਾਲ!”​—ਜ਼ਬੂ. 119:37.

ਹੀਰੇ-ਮੋਤੀ

w05 4/15 10 ਪੈਰਾ 2

ਯਹੋਵਾਹ ਦੇ ਬਚਨ ਉੱਤੇ ਭਰੋਸਾ ਰੱਖੋ

2 ਇਸ ਜ਼ਬੂਰ ਵਿਚ ਖ਼ਾਸਕਰ ਪਰਮੇਸ਼ੁਰ ਦੇ ਬਚਨ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੇ ਲੇਖਕ ਨੇ ਇਸ ਨੂੰ ਬਾਵਨ ਅੱਖਰੀ ਸ਼ਕਲ ਦਿੱਤੀ, ਪਰ ਕਿਉਂ? ਕਿਉਂਕਿ ਅਜਿਹੀ ਸੀਹਰਫ਼ੀ ਸ਼ਕਲ ਭਜਨ ਨੂੰ ਮੂੰਹ-ਜ਼ਬਾਨੀ ਯਾਦ ਰੱਖਣ ਵਿਚ ਆਸਾਨ ਬਣਾਉਂਦੀ ਸੀ। ਇਸ ਦੀਆਂ 176 ਆਇਤਾਂ 22 ਪਉੜੀਆਂ ਵਿਚ ਵੰਡੀਆਂ ਹੋਈਆਂ ਹਨ ਅਤੇ ਹਰੇਕ ਪਉੜੀ ਇਬਰਾਨੀ ਦੀ ਵਰਣਮਾਲਾ ਨਾਲ ਸਿਲਸਲੇਵਾਰ ਸ਼ੁਰੂ ਹੁੰਦੀ ਸੀ। ਹਰੇਕ ਪਉੜੀ ਵਿਚ 8 ਆਇਤਾਂ ਹਨ ਅਤੇ ਪੁਰਾਣੀ ਇਬਰਾਨੀ ਵਿਚ ਇਹ ਵਰਣਮਾਲਾ ਦੇ ਇੱਕੋ ਅੱਖਰ ਨਾਲ ਸ਼ੁਰੂ ਹੁੰਦੀਆਂ ਹਨ। ਇਸ ਜ਼ਬੂਰ ਵਿਚ ਪਰਮੇਸ਼ੁਰ ਦੇ ਬਚਨ, ਬਿਵਸਥਾ, ਸਾਖੀਆਂ, ਰਾਹ, ਫ਼ਰਮਾਨ, ਹੁਕਮ, ਬਿਧੀਆਂ ਅਤੇ ਨਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਅਤੇ ਅਗਲੇ ਲੇਖ ਵਿਚ 119ਵੇਂ ਜ਼ਬੂਰ ਉੱਤੇ ਚਰਚਾ ਕੀਤੀ ਜਾਵੇਗੀ। ਅਸੀਂ ਯਹੋਵਾਹ ਦੇ ਪ੍ਰਾਚੀਨ ਅਤੇ ਮੌਜੂਦਾ ਸੇਵਕਾਂ ਦੇ ਤਜਰਬਿਆਂ ਉੱਤੇ ਵੀ ਮਨਨ ਕਰਾਂਗੇ ਤਾਂਕਿ ਅਸੀਂ ਇਸ ਜ਼ਬੂਰ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੀਏ ਅਤੇ ਆਪਣੇ ਦਿਲ ਵਿਚ ਬਾਈਬਲ ਲਈ ਕਦਰ ਵਧਾ ਸਕੀਏ।

16-22 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 119:57-120

ਮੁਸ਼ਕਲਾਂ ਕਿੱਦਾਂ ਸਹੀਏ?

w06 6/15 20 ਪੈਰਾ 2

“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ”

2 ਤੁਸੀਂ ਸ਼ਾਇਦ ਪੁੱਛੋ: “ਪਰਮੇਸ਼ੁਰ ਦੀ ਬਿਵਸਥਾ ਤੋਂ ਜ਼ਬੂਰਾਂ ਦੇ ਲਿਖਾਰੀ ਨੂੰ ਦਿਲਾਸਾ ਕਿਵੇਂ ਮਿਲਿਆ?” ਉਸ ਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਨੂੰ ਉਸ ਦਾ ਫ਼ਿਕਰ ਸੀ ਅਤੇ ਇਸ ਗੱਲ ਨੇ ਉਸ ਨੂੰ ਤਾਕਤ ਬਖ਼ਸ਼ੀ। ਭਾਵੇਂ ਉਸ ਦੇ ਵਿਰੋਧੀਆਂ ਨੇ ਉਸ ਉੱਤੇ ਦੁੱਖ ਲਿਆਂਦੇ, ਫਿਰ ਵੀ ਬਿਵਸਥਾ ਦੇ ਫ਼ਾਇਦੇਮੰਦ ਅਸੂਲਾਂ ਉੱਤੇ ਚੱਲ ਕੇ ਉਸ ਨੂੰ ਖ਼ੁਸ਼ੀ ਮਿਲੀ। ਉਹ ਜਾਣਦਾ ਸੀ ਕਿ ਉਸ ਉੱਤੇ ਯਹੋਵਾਹ ਦੀ ਮਿਹਰ ਸੀ। ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਬਿਵਸਥਾ ਦੀ ਸੇਧ ਵਿਚ ਚੱਲ ਕੇ ਜ਼ਬੂਰਾਂ ਦਾ ਲਿਖਾਰੀ ਆਪਣੇ ਦੁਸ਼ਮਣਾਂ ਨਾਲੋਂ ਬੁੱਧਵਾਨ ਬਣਿਆ ਅਤੇ ਜੀਉਂਦਾ ਰਿਹਾ। ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਨਾਲ ਉਸ ਦੇ ਮਨ ਨੂੰ ਸ਼ਾਂਤੀ ਮਿਲੀ ਅਤੇ ਉਸ ਦੀ ਜ਼ਮੀਰ ਸਾਫ਼ ਰਹੀ।​—ਜ਼ਬੂਰਾਂ ਦੀ ਪੋਥੀ 119:1, 9, 65, 93, 98, 165.

w00 12/1 14 ਪੈਰਾ 3

ਕੀ ਤੁਸੀਂ ਯਹੋਵਾਹ ਦੀਆਂ ਸਾਖੀਆਂ ਨਾਲ ਵੱਡੀ ਪ੍ਰੀਤ ਕਰਦੇ ਹੋ?

3 ਜ਼ਬੂਰਾਂ ਦੇ ਲਿਖਾਰੀ ਲਈ ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਬਹੁਤ ਅਹਿਮੀਅਤ ਰੱਖਦੀਆਂ ਸਨ। ਉਸ ਨੇ ਇਕ ਗੀਤ ਵਿਚ ਕਿਹਾ ਸੀ ਕਿ “ਮੈਂ ਛੇਤੀ ਕੀਤੀ ਅਤੇ ਢਿੱਲ ਨਾ ਲਾਈ, ਭਈ ਤੇਰੇ ਹੁਕਮਾਂ ਦੀ ਪਾਲਨਾ ਕਰਾਂ। ਦੁਸ਼ਟਾਂ ਦੇ ਬੰਨ੍ਹਾਂ ਨੇ ਮੈਨੂੰ ਵਲ ਲਿਆ, ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ।” (ਜ਼ਬੂਰ 119:60, 61) ਸਤਾਹਟ ਸਹਿਣ ਵਿਚ ਵੀ ਯਹੋਵਾਹ ਦੀਆਂ ਯਾਦ-ਦਹਾਨੀਆਂ ਸਾਡੀ ਬੜੀ ਮਦਦ ਕਰਦੀਆਂ ਹਨ ਕਿਉਂਕਿ ਸਾਨੂੰ ਪੂਰਾ ਭਰੋਸਾ ਹੈ ਕਿ ਸਾਡਾ ਸਵਰਗੀ ਪਿਤਾ ਉਨ੍ਹਾਂ ਬੰਦਸ਼ਾਂ ਦੀਆਂ ਰੱਸੀਆਂ ਨੂੰ ਕੱਟ ਸਕਦਾ ਹੈ ਜਿਨ੍ਹਾਂ ਨਾਲ ਸਾਡੇ ਵੈਰੀ ਸਾਨੂੰ ਬੰਨ੍ਹਦੇ ਹਨ। ਆਪਣੇ ਨਿਯਤ ਸਮੇਂ ਤੇ ਉਹ ਸਾਨੂੰ ਮੁਸ਼ਕਲਾਂ ਤੋਂ ਆਜ਼ਾਦ ਕਰਦਾ ਹੈ ਤਾਂਕਿ ਅਸੀਂ ਉਸ ਦੇ ਰਾਜ ਦਾ ਪ੍ਰਚਾਰ ਕਰਦੇ ਰਹੀਏ।​—ਮਰਕੁਸ 13:10.

w06 9/1 14 ਪੈਰਾ 4

ਜ਼ਬੂਰਾਂ ਦੀ ਪੋਥੀ ਦੇ ਪੰਜਵੇਂ ਭਾਗ ਦੇ ਕੁਝ ਖ਼ਾਸ ਨੁਕਤੇ

119:71​—ਦੁਖੀ ਹੋਣ ਵਿਚ ਕੀ ਭਲਾ ਹੈ? ਦੁਖੀ ਹੋਣ ਵਿਚ ਕੀ ਭਲਾ ਹੈ? ਜਦ ਅਸੀਂ ਕੋਈ ਦੁੱਖ ਝੱਲਦੇ ਹਾਂ, ਤਾਂ ਅਸੀਂ ਯਹੋਵਾਹ ਦਾ ਹੋਰ ਆਸਰਾ ਭਾਲਦੇ ਹਾਂ, ਉਸ ਅੱਗੇ ਰੋ-ਰੋ ਕੇ ਪ੍ਰਾਰਥਨਾ ਕਰਦੇ ਹਾਂ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਾਈਬਲ ਪੜਦੇ ਤੇ ਉਸ ਤੇ ਅਮਲ ਕਰਦੇ ਹਾਂ। ਦੁੱਖ ਸਹਿੰਦੇ ਸਮੇਂ ਸਾਨੂੰ ਆਪਣੇ ਆਪ ਬਾਰੇ ਵੀ ਪਤਾ ਲੱਗਦਾ ਹੈ ਕਿ ਸਾਡੇ ਵਿਚ ਕਿਨ੍ਹਾਂ ਗੁਣਾਂ ਦੀ ਕਮੀ ਹੈ ਤੇ ਸਾਨੂੰ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਜੇ ਅਸੀਂ ਦੁੱਖ ਦੀਆਂ ਘੜੀਆਂ ਨੂੰ ਚੰਗੇ ਇਨਸਾਨ ਬਣਨ ਦਾ ਮੌਕਾ ਸਮਝੀਏ, ਤਾਂ ਸਾਡੇ ਦਿਲ ਵਿਚ ਨਫ਼ਰਤ ਦਾ ਜ਼ਹਿਰ ਕਦੇ ਨਹੀਂ ਘੁਲੇਗਾ।

w17.07 13 ਪੈਰੇ 3, 5

“ਰੋਣ ਵਾਲੇ ਲੋਕਾਂ ਨਾਲ ਰੋਵੋ”

3 ਯਹੋਵਾਹ ਸਾਡਾ ਦਇਆਵਾਨ ਪਿਤਾ ਹੈ ਇਸ ਕਰਕੇ ਉਸ ਵਰਗਾ ਦਿਲਾਸਾ ਹੋਰ ਕਈ ਨਹੀਂ ਦੇ ਸਕਦਾ। ਉਹ ਲੋੜ ਪੈਣ ʼਤੇ ਸਾਨੂੰ ਹਮੇਸ਼ਾ ਦਿਲਾਸਾ ਦਿੰਦਾ ਹੈ। (2 ਕੁਰਿੰਥੀਆਂ 1:3, 4 ਪੜ੍ਹੋ।) ਜਿੱਦਾਂ ਯਹੋਵਾਹ ਸਾਡੇ ਨਾਲ ਹਮਦਰਦੀ ਨਾਲ ਪੇਸ਼ ਆਉਂਦਾ, ਉੱਦਾਂ ਕੋਈ ਵੀ ਨਹੀਂ ਪੇਸ਼ ਆ ਸਕਦਾ। ਉਸ ਨੇ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ “ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ।”​—ਯਸਾ. 51:12; ਜ਼ਬੂ. 119:50, 52, 76.

5 ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਸਾਡੀ ਮਦਦ ਕਰੇਗਾ। ਇਸ ਲਈ ਅਸੀਂ ਬੇਝਿਜਕ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਅਸੀਂ ਉਸ ਨੂੰ ਆਪਣੀਆਂ ਡੂੰਘੀਆਂ ਭਾਵਨਾਵਾਂ ਤੇ ਗਹਿਰੇ ਜਜ਼ਬਾਤ ਦੱਸ ਸਕਦੇ ਹਾਂ। ਇਹ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਸਾਡੀਆਂ ਭਾਵਨਾਵਾਂ ਸਮਝਦਾ ਹੈ ਅਤੇ ਮਾੜੇ ਸਮਿਆਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ। ਪਰ ਉਹ ਇਹ ਕਿਵੇਂ ਕਰਦਾ ਹੈ?

ਹੀਰੇ-ਮੋਤੀ

w06 9/1 14 ਪੈਰਾ 5

ਜ਼ਬੂਰਾਂ ਦੀ ਪੋਥੀ ਦੇ ਪੰਜਵੇਂ ਭਾਗ ਦੇ ਕੁਝ ਖ਼ਾਸ ਨੁਕਤੇ

119:96​—“ਸਾਰੇ ਕਮਾਲ ਦਾ ਅੰਤ” ਕਿਵੇਂ ਹੋ ਸਕਦਾ ਹੈ? ਇਨਸਾਨ ਦੀ ਨਜ਼ਰ ਵਿਚ ਕੋਈ ਚੀਜ਼ ਭਾਵੇਂ ਕਮਾਲ ਦੀ ਹੋਵੇ ਫਿਰ ਵੀ ਉਸ ਦਾ ਅੰਤ ਹੋ ਜਾਂਦਾ ਹੈ। ਪਰ ਯਹੋਵਾਹ ਦੇ ਹੁਕਮਨਾਮਿਆਂ ਦਾ ਕੋਈ ਅੰਤ ਨਹੀਂ ਹੋਵੇਗਾ ਅਤੇ ਉਨ੍ਹਾਂ ਦੀ ਸੇਧ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਤੇ ਲਾਗੂ ਹੁੰਦੀ ਹੈ। ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਇਸੇ ਆਇਤ ਦਾ ਤਰਜਮਾ ਇਸ ਤਰ੍ਹਾਂ ਕੀਤਾ ਗਿਆ ਹੈ: “ਮੈਂ ਜਾਣ ਗਿਆ ਹਾਂ ਕਿ ਕੋਈ ਚੀਜ਼ ਪੂਰਨ ਨਹੀਂ; ਪਰ ਤੇਰੇ ਹੁਕਮਾਂ ਦੀ ਕੋਈ ਹੱਦ ਨਹੀਂ ਹੈ।”

23-29 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 119:121-176

ਖ਼ੁਦ ਨੂੰ ਫ਼ਜ਼ੂਲ ਦੀਆਂ ਮੁਸੀਬਤਾਂ ਤੋਂ ਕਿਵੇਂ ਬਚਾਈਏ?

w18.06 17 ਪੈਰੇ 5-6

ਪਰਮੇਸ਼ੁਰ ਦੇ ਕਾਨੂੰਨਾਂ ਤੇ ਅਸੂਲਾਂ ਨਾਲ ਆਪਣੀ ਜ਼ਮੀਰ ਨੂੰ ਸਿਖਾਓ

5 ਪਰਮੇਸ਼ੁਰ ਦੇ ਕਾਨੂੰਨਾਂ ਤੋਂ ਫ਼ਾਇਦਾ ਪਾਉਣ ਲਈ ਸਾਨੂੰ ਸਿਰਫ਼ ਇਨ੍ਹਾਂ ਨੂੰ ਪੜ੍ਹਨਾ ਜਾਂ ਇਨ੍ਹਾਂ ਨੂੰ ਜਾਣਨਾ ਹੀ ਨਹੀਂ ਚਾਹੀਦਾ, ਸਗੋਂ ਸਾਨੂੰ ਇਨ੍ਹਾਂ ਨੂੰ ਪਿਆਰ ਕਰਨਾ ਤੇ ਇਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ। ਬਾਈਬਲ ਕਹਿੰਦੀ ਹੈ: “ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ।” (ਆਮੋ. 5:15) ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਯਹੋਵਾਹ ਵਰਗਾ ਨਜ਼ਰੀਆ ਅਪਣਾਉਣ ਦੀ ਲੋੜ ਹੈ। ਜ਼ਰਾ ਸੋਚੋ, ਤੁਹਾਨੂੰ ਨੀਂਦ ਨਹੀਂ ਆਉਂਦੀ। ਇਸ ਕਰਕੇ ਡਾਕਟਰ ਤੁਹਾਨੂੰ ਪੌਸ਼ਟਿਕ ਖਾਣਾ ਖਾਣ, ਕਸਰਤ ਕਰਨ ਤੇ ਜ਼ਿੰਦਗੀ ਵਿਚ ਕੁਝ ਤਬਦੀਲੀਆਂ ਕਰਨ ਦੀ ਸਲਾਹ ਦਿੰਦਾ ਹੈ। ਤੁਸੀਂ ਉਸ ਦੀ ਸਲਾਹ ਨੂੰ ਮੰਨਦੇ ਹੋ ਤੇ ਦੇਖਦੇ ਹੋ ਕਿ ਤੁਹਾਨੂੰ ਫ਼ਾਇਦਾ ਹੋਇਆ ਹੈ। ਤੁਸੀਂ ਡਾਕਟਰ ਦੀ ਸਲਾਹ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

6 ਇਸੇ ਤਰ੍ਹਾਂ ਸਾਡੇ ਸ੍ਰਿਸ਼ਟੀਕਰਤਾ ਨੇ ਸਾਨੂੰ ਕਾਨੂੰਨ ਦਿੱਤੇ ਹਨ ਤਾਂਕਿ ਅਸੀਂ ਪਾਪ ਦੇ ਬੁਰੇ ਨਤੀਜਿਆਂ ਤੋਂ ਬਚ ਸਕੀਏ ਅਤੇ ਸਾਡੀ ਜ਼ਿੰਦਗੀ ਵਿਚ ਸੁਧਾਰ ਹੋ ਸਕੇ। ਮਿਸਾਲ ਲਈ, ਬਾਈਬਲ ਸਾਨੂੰ ਝੂਠ ਬੋਲਣ, ਚੋਰੀ ਕਰਨ, ਹਰਾਮਕਾਰੀ ਕਰਨ, ਹਿੰਸਾ ਕਰਨ ਜਾਂ ਜਾਦੂ-ਟੂਣੇ ਨਾਲ ਜੁੜਿਆ ਹਰ ਕੰਮ ਕਰਨ ਤੋਂ ਮਨ੍ਹਾ ਕਰਦੀ ਹੈ। (ਕਹਾਉਤਾਂ 6:16-19 ਪੜ੍ਹੋ; ਪ੍ਰਕਾ. 21:8) ਜਦੋਂ ਯਹੋਵਾਹ ਦਾ ਕਹਿਣਾ ਮੰਨ ਕੇ ਵਧੀਆ ਨਤੀਜੇ ਨਿਕਲਦੇ ਹਨ, ਤਾਂ ਉਸ ਲਈ ਅਤੇ ਉਸ ਦੇ ਕਾਨੂੰਨਾਂ ਲਈ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੁੰਦਾ ਹੈ।

w93 4/15 17 ਪੈਰਾ 12

ਨੌਜਵਾਨੋ, ਤੁਸੀਂ ਜ਼ਿੰਦਗੀ ਵਿਚ ਕੀ ਹਾਸਲ ਕਰਨਾ ਚਾਹੁੰਦੇ ਹੋ?

12 ਬੁਰਾਈ ਨਾਲ ਨਫ਼ਰਤ ਤੇ ਘਿਣ ਕਰਨੀ ਸਿੱਖੋ। (ਜ਼ਬੂਰ 97:10) ਤੁਸੀਂ ਉਨ੍ਹਾਂ ਕੰਮਾਂ ਨਾਲ ਨਫ਼ਰਤ ਕਿਵੇਂ ਕਰ ਸਕਦੇ ਹੋ ਜੋ ਤੁਹਾਨੂੰ ਪਹਿਲਾਂ ਕਰ ਕੇ ਮਜ਼ਾ ਆਉਂਦਾ ਸੀ। ਉਨ੍ਹਾਂ ਕੰਮਾਂ ਦੇ ਨਤੀਜਿਆਂ ਬਾਰੇ ਸੋਚੋ। “ਧੋਖਾ ਨਾ ਖਾਓ: ਕੋਈ ਵੀ ਪਰਮੇਸ਼ੁਰ ਨੂੰ ਮੂਰਖ ਨਹੀਂ ਬਣਾ ਸਕਦਾ। ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ; ਜਿਹੜਾ ਇਨਸਾਨ ਸਰੀਰ ਦੀਆਂ ਗ਼ਲਤ ਇੱਛਾਵਾਂ ਅਨੁਸਾਰ ਬੀਜਦਾ ਹੈ, ਉਹ ਸਰੀਰ ਤੋਂ ਵਿਨਾਸ਼ ਦੀ ਫ਼ਸਲ ਵੱਢੇਗਾ।” (ਗਲਾਤੀਆਂ 6:7, 8) ਜਦੋਂ ਤੁਸੀਂ ਕੋਈ ਗ਼ਲਤ ਕੰਮ ਕਰਨ ਲਈ ਲੁਭਾਏ ਜਾਂਦੇ ਹੋ, ਤਾਂ ਪਹਿਲਾਂ ਸੋਚੋ ਕਿ ਯਹੋਵਾਹ ਨੂੰ ਕਿੱਦਾਂ ਲੱਗੇਗਾ। (ਜ਼ਬੂਰ 78:41 ਨਾਲ ਤੁਲਨਾ ਕਰੋ।) ਇਨ੍ਹਾਂ ਕਰਕੇ ਅਣਚਾਹਿਆ ਗਰਭ ਠਹਿਰ ਸਕਦਾ ਹੈ ਜਾਂ ਛੂਤ ਦਾ ਕੋਈ ਰੋਗ ਲੱਗ ਸਕਦਾ ਹੈ, ਜਿਵੇਂ ਕਿ ਏਡਜ਼। ਸੋਚੋ ਕਿ ਇਸ ਕਰਕੇ ਤੁਹਾਡਾ ਮਨ ਵੀ ਕਿੰਨਾ ਦੁਖੀ ਹੋਵੇਗਾ ਤੇ ਤੁਸੀਂ ਆਪਣੀਆਂ ਨਜ਼ਰਾਂ ਵਿਚ ਡਿੱਗ ਜਾਓਗੇ। ਇਸ ਦੇ ਨਤੀਜੇ ਸ਼ਾਇਦ ਲੰਬੇ ਸਮੇਂ ਤਕ ਵੀ ਰਹਿਣ, ਜਿਵੇਂ ਕਿ ਤੁਹਾਡੇ ਵਿਆਹੁਤਾ ਰਿਸ਼ਤੇ ਵਿਚ ਮੁਸ਼ਕਲਾਂ ਆਉਣ। ਇਸ ਕਰਕੇ ਤੁਸੀਂ ਮੰਡਲੀ ਵਿਚ ਮਿਲੇ ਸਨਮਾਨ ਗੁਆ ਬੈਠੋਗੇ ਅਤੇ ਤੁਹਾਨੂੰ ਮੰਡਲੀ ਵਿੱਚੋਂ ਛੇਕਿਆ ਜਾ ਸਕਦਾ ਹੈ। (1 ਕੁਰਿੰਥੀਆਂ 5:9-13) ਇਨ੍ਹਾਂ ਬੁਰੇ ਕੰਮਾਂ ਦੇ ਨਤੀਜਿਆਂ ਬਾਰੇ ਸੋਚ ਕੇ ਤੁਸੀਂ ਬੁਰਾਈ ਨਾਲ ਨਫ਼ਰਤ ਕਰ ਸਕੋਗੇ। ਕੀ ਕੁਝ ਪਲਾਂ ਦੀ ਖ਼ੁਸ਼ੀ ਵਾਸਤੇ ਇੰਨੀ ਵੱਡੀ ਕੀਮਤ ਚੁਕਾਉਣੀ ਸਹੀ ਹੋਵੇਗੀ?

ਹੀਰੇ-ਮੋਤੀ

w23.01 2 ਪੈਰਾ 2

ਭਰੋਸਾ ਰੱਖੋ ਕਿ ਪਰਮੇਸ਼ੁਰ ਦਾ ਬਚਨ “ਸੱਚਾਈ” ਹੈ

2 ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ “ਸੱਚਾਈ ਦਾ ਪਰਮੇਸ਼ੁਰ ਹੈ” ਅਤੇ ਉਹ ਹਮੇਸ਼ਾ ਸਾਡਾ ਭਲਾ ਚਾਹੁੰਦਾ ਹੈ। (ਜ਼ਬੂ. 31:5; ਯਸਾ. 48:17) ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਸੀਂ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ʼਤੇ ਭਰੋਸਾ ਕਰ ਸਕਦੇ ਹਾਂ ਕਿਉਂਕਿ ਸਾਨੂੰ ਯਕੀਨ ਹੈ ਕਿ “[ਪਰਮੇਸ਼ੁਰ ਦਾ] ਬਚਨ ਸੱਚਾਈ ਹੀ ਹੈ।” (ਜ਼ਬੂਰ 119:160 ਪੜ੍ਹੋ।) ਅਸੀਂ ਬਾਈਬਲ ਦੇ ਇਕ ਮਾਹਰ ਦੀ ਇਸ ਗੱਲ ਨਾਲ ਸਹਿਮਤ ਹਾਂ: “ਪਰਮੇਸ਼ੁਰ ਕਦੇ ਝੂਠ ਨਹੀਂ ਬੋਲਦਾ ਅਤੇ ਉਸ ਦੀ ਹਰ ਗੱਲ ਸੱਚ ਸਾਬਤ ਹੁੰਦੀ ਹੈ। ਪਰਮੇਸ਼ੁਰ ਦੇ ਲੋਕ ਉਸ ʼਤੇ ਭਰੋਸਾ ਕਰਦੇ ਹਨ, ਇਸ ਲਈ ਉਹ ਉਸ ਦੀ ਕਹੀ ਹਰ ਗੱਲ ʼਤੇ ਵੀ ਭਰੋਸਾ ਕਰ ਸਕਦੇ ਹਨ।”

30 ਦਸੰਬਰ–5 ਜਨਵਰੀ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 120-126

ਉਨ੍ਹਾਂ ਨੇ ਹੰਝੂਆਂ ਨਾਲ ਬੀਜਿਆ, ਪਰ ਖ਼ੁਸ਼ੀ ਨਾਲ ਵੱਢਿਆ

w04 6/1 16 ਪੈਰਾ 10

ਧੰਨ ਹਨ ਉਹ ਜੋ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ

10 ਜਦੋਂ ਅਸੀਂ ਯਿਸੂ ਦੇ ਜੂਲੇ ਥੱਲੇ ਆ ਕੇ ਉਸ ਦੇ ਚੇਲੇ ਬਣਦੇ ਹਾਂ, ਤਾਂ ਅਸੀਂ ਸ਼ਤਾਨ ਨਾਲ ਲੜਦੇ ਹਾਂ। ਯਾਕੂਬ 4:7 ਵਿਚ ਇਹ ਵਾਅਦਾ ਕੀਤਾ ਗਿਆ ਹੈ: “ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।” ਇਸ ਦਾ ਇਹ ਮਤਲਬ ਨਹੀਂ ਕਿ ਇਹ ਕੋਈ ਸੌਖਾ ਕੰਮ ਹੈ। ਪਰਮੇਸ਼ੁਰ ਦੀ ਸੇਵਾ ਵਿਚ ਸਾਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। (ਲੂਕਾ 13:24) ਪਰ ਜ਼ਬੂਰਾਂ ਦੀ ਪੋਥੀ 126:5 ਵਿਚ ਲਿਖਿਆ ਹੈ: “ਜਿਹੜੇ ਅੰਝੂਆਂ ਨਾਲ ਬੀਜਦੇ ਹਨ, ਓਹ ਜੈਕਾਰਿਆਂ ਨਾਲ ਵੱਢਣਗੇ।” ਅਸੀਂ ਅਜਿਹੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਜੋ ਸਾਡੀ ਮਿਹਨਤ ਦੀ ਕਦਰ ਕਰਦਾ ਹੈ। “ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ” ਯਾਨੀ ਉਹ ਉਸ ਦੀ ਵਡਿਆਈ ਕਰਨ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ।​—ਇਬਰਾਨੀਆਂ 11:6.

w21.11 24 ਪੈਰਾ 17

ਤੁਹਾਡੀ ਨਿਹਚਾ ਕਿੰਨੀ ਕੁ ਪੱਕੀ ਹੈ?

17 ਕੀ ਤੁਸੀਂ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਸੋਗ ਮਨਾ ਰਹੇ ਹੋ? ਜੇ ਹਾਂ, ਤਾਂ ਸਮਾਂ ਕੱਢ ਕੇ ਬਾਈਬਲ ਵਿੱਚੋਂ ਉਨ੍ਹਾਂ ਬਿਰਤਾਂਤਾਂ ਬਾਰੇ ਪੜ੍ਹੋ ਜਿਨ੍ਹਾਂ ਵਿਚ ਮਰੇ ਹੋਇਆਂ ਦੇ ਦੁਬਾਰਾ ਜੀ ਉਠਾਏ ਜਾਣ ਬਾਰੇ ਦੱਸਿਆ ਗਿਆ ਹੈ। ਇਸ ਤਰ੍ਹਾਂ ਕਰ ਕੇ ਤੁਹਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ। ਕੀ ਤੁਸੀਂ ਇਸ ਕਰਕੇ ਦੁਖੀ ਹੋ ਕਿਉਂਕਿ ਤੁਹਾਡੇ ਪਰਿਵਾਰ ਦੇ ਕਿਸੇ ਜੀਅ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ ਹੈ? ਜੇ ਹਾਂ, ਤਾਂ ਕਿਉਂ ਨਾ ਅਧਿਐਨ ਕਰ ਕੇ ਆਪਣੇ ਆਪ ਨੂੰ ਯਕੀਨ ਦਿਵਾਓ ਕਿ ਯਹੋਵਾਹ ਦੇ ਅਨੁਸ਼ਾਸਨ ਦੇਣ ਦਾ ਤਰੀਕਾ ਬਿਲਕੁਲ ਸਹੀ ਹੈ। ਜਦੋਂ ਤੁਹਾਡੇ ʼਤੇ ਮੁਸ਼ਕਲਾਂ ਆਉਂਦੀਆਂ ਹਨ, ਤਾਂ ਇਸ ਨੂੰ ਯਹੋਵਾਹ ʼਤੇ ਆਪਣੀ ਨਿਹਚਾ ਪੱਕੀ ਕਰਨ ਦਾ ਮੌਕਾ ਸਮਝੋ। ਪ੍ਰਾਰਥਨਾ ਰਾਹੀਂ ਯਹੋਵਾਹ ਸਾਮ੍ਹਣੇ ਆਪਣਾ ਦਿਲ ਖੋਲ੍ਹ ਦਿਓ। ਆਪਣੇ ਆਪ ਨੂੰ ਭੈਣਾਂ-ਭਰਾਵਾਂ ਤੋਂ ਅਲੱਗ ਨਾ ਕਰੋ, ਸਗੋਂ ਭੈਣਾਂ-ਭਰਾਵਾਂ ਨਾਲ ਮਿਲਦੇ-ਜੁਲਦੇ ਰਹੋ। (ਕਹਾ. 18:1) ਚਾਹੇ ਤੁਹਾਨੂੰ ਆਪਣੇ ਦੁੱਖਾਂ ਬਾਰੇ ਸੋਚ ਕੇ ਰੋਣਾ ਹੀ ਕਿਉਂ ਨਾ ਆਉਂਦਾ ਹੋਵੇ, ਫਿਰ ਵੀ ਉਨ੍ਹਾਂ ਕੰਮਾਂ ਵਿਚ ਲੱਗੇ ਰਹੋ ਜਿਨ੍ਹਾਂ ਨੂੰ ਕਰ ਕੇ ਤੁਸੀਂ ਆਪਣੇ ਦੁੱਖਾਂ ਨੂੰ ਸਹਿ ਸਕਦੇ ਹੋ। (ਜ਼ਬੂ. 126:5, 6) ਪਹਿਲਾਂ ਵਾਂਗ ਹੀ ਮੀਟਿੰਗਾਂ ਅਤੇ ਪ੍ਰਚਾਰ ʼਤੇ ਜਾਂਦੇ ਰਹੋ ਤੇ ਬਾਈਬਲ ਪੜ੍ਹਦੇ ਰਹੋ। ਨਾਲੇ ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ʼਤੇ ਆਪਣਾ ਧਿਆਨ ਲਾਈ ਰੱਖੋ। ਜਦੋਂ ਤੁਸੀਂ ਆਪਣੀ ਅੱਖੀਂ ਦੇਖੋਗੇ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰਦਾ ਹੈ, ਤਾਂ ਉਸ ʼਤੇ ਤੁਹਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ।

w01 7/15 18-19 ਪੈਰੇ 13-14

ਵਾਢੀ ਦੇ ਕੰਮ ਵਿਚ ਲੱਗੇ ਰਹੋ!

13 ਵਾਢੀ ਕਰਨ ਵਾਲਿਆਂ ਨੂੰ ਜ਼ਬੂਰ 126:5, 6 ਤੋਂ ਬਹੁਤ ਦਿਲਾਸਾ ਮਿਲਦਾ ਹੈ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਸਤਾਏ ਜਾਂਦੇ ਹਨ: “ਜਿਹੜੇ ਅੰਝੂਆਂ ਨਾਲ ਬੀਜਦੇ ਹਨ, ਓਹ ਜੈਕਾਰਿਆਂ ਨਾਲ ਵੱਢਣਗੇ। ਜਿਹੜਾ ਬੀਜਣ ਲਈ ਬੀ ਚੁੱਕ ਕੇ ਰੋਂਦਿਆਂ ਜਾਂਦਾ ਹੈ, ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ!” ਬੀਜਣ ਅਤੇ ਵੱਢਣ ਬਾਰੇ ਜ਼ਬੂਰ ਲਿਖਣ ਵਾਲੇ ਦੇ ਸ਼ਬਦ ਦਿਖਾਉਂਦੇ ਹਨ ਕਿ ਪ੍ਰਾਚੀਨ ਬਾਬਲ ਦੀ ਗ਼ੁਲਾਮੀ ਵਿੱਚੋਂ ਮੁੜਨ ਵਾਲੇ ਬਕੀਏ ਉੱਤੇ ਯਹੋਵਾਹ ਦੀ ਨਿਗਰਾਨੀ ਅਤੇ ਬਰਕਤ ਸੀ। ਆਜ਼ਾਦੀ ਪਾ ਕੇ ਉਹ ਬਹੁਤ ਖ਼ੁਸ਼ ਸਨ, ਪਰ ਉਹ ਸ਼ਾਇਦ 70 ਸਾਲਾਂ ਲਈ ਅਣਵਾਹੀ ਅਤੇ ਵਿਰਾਨ ਪਈ ਰਹੀ ਜ਼ਮੀਨ ਵਿਚ ਬੀ ਬੀਜਦੇ ਹੋਏ ਰੋਏ ਹੋਣ। ਪਰ, ਬੀਜਣ ਅਤੇ ਉਸਾਰੀ ਦਾ ਕੰਮ ਕਰਨ ਵਾਲਿਆਂ ਨੇ ਆਪਣੀ ਮਿਹਨਤ ਤੋਂ ਫਲ ਅਤੇ ਸੰਤੁਸ਼ਟੀ ਪਾਈ।

14 ਸੱਚਾਈ ਦੇ ਕਾਰਨ ਜਦੋਂ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ ਜਾਂ ਸਾਡੇ ਭੈਣ-ਭਰਾ ਦੁੱਖ ਝੱਲਦੇ ਹਨ ਅਸੀਂ ਸ਼ਾਇਦ ਅੰਝੂ ਵਹਾਈਏ। (1 ਪਤਰਸ 3:14) ਪ੍ਰਚਾਰ ਦੇ ਕੰਮ ਵਿਚ ਸਾਡੀ ਮਿਹਨਤ ਦਾ ਫਲ ਨਾ ਦਿੱਸਣ ਕਰਕੇ ਸ਼ਾਇਦ ਸਾਨੂੰ ਪਹਿਲਾਂ-ਪਹਿਲਾਂ ਵਾਢੀ ਕਰਨੀ ਔਖੀ ਲੱਗੇ। ਪਰ ਜੇ ਅਸੀਂ ਬੀਜਦੇ ਅਤੇ ਸਿੰਜਦੇ ਰਹਾਂਗੇ ਤਾਂ ਪਰਮੇਸ਼ੁਰ ਫਲ ਵਧਾਏਗਾ, ਅਤੇ ਇਹ ਵਾਧਾ ਸ਼ਾਇਦ ਸਾਡੀ ਉਮੀਦ ਤੋਂ ਵੀ ਜ਼ਿਆਦਾ ਹੋਵੇ। (1 ਕੁਰਿੰਥੀਆਂ 3:6) ਇਸ ਗੱਲ ਦਾ ਸਬੂਤ ਬਾਈਬਲ ਅਤੇ ਹੋਰ ਪ੍ਰਕਾਸ਼ਨ ਵੰਡਣ ਦੇ ਨਤੀਜਿਆਂ ਤੋਂ ਮਿਲਦਾ ਹੈ।

ਹੀਰੇ-ਮੋਤੀ

cl 73 ਪੈਰਾ 15

ਰੱਖਿਆ ਕਰਨ ਦੀ ਸ਼ਕਤੀ​—“ਪਰਮੇਸ਼ੁਰ ਸਾਡੀ ਪਨਾਹ ਹੈ”

15 ਪਹਿਲਾਂ ਆਓ ਆਪਾਂ ਜਿਸਮਾਨੀ ਸੁਰੱਖਿਆ ਦੀ ਗੱਲ ਕਰੀਏ। ਯਹੋਵਾਹ ਦੇ ਭਗਤ ਹੋਣ ਦੇ ਨਾਤੇ ਅਸੀਂ ਇਕ ਸੰਗਠਨ ਵਜੋਂ ਸੁਰੱਖਿਆ ਦੀ ਉਮੀਦ ਰੱਖ ਸਕਦੇ ਹਾਂ। ਨਹੀਂ ਤਾਂ ਸ਼ਤਾਨ ਸਾਨੂੰ ਆਸਾਨੀ ਨਾਲ ਨਿਗਲ਼ ਸਕੇਗਾ। ਜ਼ਰਾ ਇਸ ਬਾਰੇ ਸੋਚੋ: “ਜਗਤ ਦਾ ਸਰਦਾਰ” ਹੋਣ ਕਰਕੇ ਸ਼ਤਾਨ ਸ਼ੁੱਧ ਭਗਤੀ ਨੂੰ ਖ਼ਤਮ ਕਰਕੇ ਬਹੁਤ ਹੀ ਖ਼ੁਸ਼ ਹੋਵੇਗਾ। (ਯੂਹੰਨਾ 12:31; ਪਰਕਾਸ਼ ਦੀ ਪੋਥੀ 12:17) ਦੁਨੀਆਂ ਦੀਆਂ ਕਈ ਸ਼ਕਤੀਸ਼ਾਲੀ ਸਰਕਾਰਾਂ ਨੇ ਸਾਡੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀਆਂ ਲਾਈਆਂ ਹਨ ਅਤੇ ਸਾਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਦੇ ਬਾਵਜੂਦ ਯਹੋਵਾਹ ਦੇ ਲੋਕ ਦ੍ਰਿੜ੍ਹ ਤੇ ਮਜ਼ਬੂਤ ਰਹਿ ਕੇ ਪ੍ਰਚਾਰ ਕਰਨੋਂ ਨਹੀਂ ਹਟੇ ਹਨ! ਭਾਵੇਂ ਅਸੀਂ ਗਿਣਤੀ ਵਿਚ ਘੱਟ ਹਾਂ ਅਤੇ ਦੇਖਣ ਨੂੰ ਕਮਜ਼ੋਰ ਨਜ਼ਰ ਆਉਂਦੇ ਹਾਂ, ਫਿਰ ਵੀ ਇਹ ਸ਼ਕਤੀਸ਼ਾਲੀ ਸਰਕਾਰਾਂ ਸਾਡੇ ਕੰਮ ਨੂੰ ਰੋਕ ਕਿਉਂ ਨਹੀਂ ਸਕੀਆਂ ਹਨ? ਕਿਉਂਕਿ ਯਹੋਵਾਹ ਨੇ ਆਪਣੇ ਖੰਭਾਂ ਦੀ ਛਾਇਆ ਨਾਲ ਸਾਡੀ ਰੱਖਿਆ ਕੀਤੀ ਹੈ!​—ਜ਼ਬੂਰਾਂ ਦੀ ਪੋਥੀ 17:7, 8.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ