ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2025 Watch Tower Bible and Tract Society of Pennsylvania
1-7 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਕਹਾਉਤਾਂ 29
ਅਜਿਹੇ ਵਿਸ਼ਵਾਸਾਂ ਅਤੇ ਰੀਤੀ-ਰਿਵਾਜਾਂ ਤੋਂ ਦੂਰ ਰਹੋ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਨਹੀਂ ਹੁੰਦਾ
wp16.06 6, ਡੱਬੀ
ਸਵਰਗੀ ਪ੍ਰਾਣੀਆਂ ਬਾਰੇ ਦਰਸ਼ਣ
ਅੱਜ ਲੱਖਾਂ ਲੋਕ ਅੰਧ-ਵਿਸ਼ਵਾਸ ਦੀਆਂ ਬੇੜੀਆਂ ਵਿਚ ਜਕੜੇ ਹੋਏ ਹਨ ਅਤੇ ਉਹ ਬੁਰੀਆਂ ਆਤਮਾਵਾਂ ਤੋਂ ਵੀ ਡਰਦੇ ਹਨ। ਇਸ ਲਈ ਉਹ ਇਨ੍ਹਾਂ ਤੋਂ ਬਚਣ ਲਈ ਧਾਗੇ-ਤਵੀਤ ਪਾਉਂਦੇ ਅਤੇ ਜਾਦੂ-ਟੂਣੇ ਵਗੈਰਾ ਕਰਦੇ ਹਨ। ਪਰ ਸਾਨੂੰ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਬਾਈਬਲ ਵਿਚ ਸਾਨੂੰ ਯਕੀਨ ਦਿਵਾਇਆ ਗਿਆ ਹੈ ਕਿ “ਯਹੋਵਾਹ ਦੀਆਂ ਨਜ਼ਰਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂਕਿ ਉਹ ਉਨ੍ਹਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਵੇ ਜਿਨ੍ਹਾਂ ਦਾ ਦਿਲ ਉਸ ਵੱਲ ਪੂਰੀ ਤਰ੍ਹਾਂ ਲੱਗਾ ਹੋਇਆ ਹੈ।” (2 ਇਤਿਹਾਸ 16:9) ਯਹੋਵਾਹ ਸੱਚਾ ਪਰਮੇਸ਼ੁਰ ਹੈ ਅਤੇ ਸ਼ੈਤਾਨ ਤੋਂ ਕਿਤੇ ਜ਼ਿਆਦਾ ਤਾਕਤਵਰ ਹੈ। ਜੇ ਅਸੀਂ ਯਹੋਵਾਹ ਤੇ ਭਰੋਸਾ ਰੱਖੀਏ ਤਾਂ ਉਹ ਸਾਡੀ ਹਿਫਾਜ਼ਤ ਕਰੇਗਾ।
ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਰਾਖੀ ਕਰੇ, ਤਾਂ ਸਾਨੂੰ ਪਹਿਲਾਂ ਇਹ ਜਾਣਨ ਦੀ ਲੋੜ ਹੈ ਕਿ ਯਹੋਵਾਹ ਕਿਹੜੇ ਕੰਮਾਂ ਤੋਂ ਖ਼ੁਸ਼ ਹੁੰਦਾ ਹੈ ਅਤੇ ਫਿਰ ਸਾਨੂੰ ਉਹ ਕੰਮ ਕਰਨੇ ਚਾਹੀਦੇ ਹਨ। ਉਦਾਹਰਣ ਲਈ, ਪਹਿਲੀ ਸਦੀ ਦੇ ਅਫ਼ਸੁਸ ਦੇ ਮਸੀਹੀਆਂ ਨੇ ਜਾਦੂਗਰੀ ਦੀਆਂ ਆਪਣੀਆਂ ਸਾਰੀਆਂ ਕਿਤਾਬਾਂ ਸਾੜ ਦਿੱਤੀਆਂ। (ਰਸੂਲਾਂ ਦੇ ਕੰਮ 19:19, 20) ਉਸੇ ਤਰ੍ਹਾਂ ਸਾਨੂੰ ਵੀ ਜਾਦੂ-ਟੂਣੇ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਸਾੜ ਦੇਣੀਆਂ ਚਾਹੀਦੀਆਂ ਹਨ, ਜਿਵੇਂ ਕਿ ਧਾਗੇ-ਤਵੀਤ ਅਤੇ ਜਾਦੂਗਰੀ ਨਾਲ ਜੁੜੀਆਂ ਕਿਤਾਬਾਂ ਵਗੈਰਾ।
ਮਰੇ ਹੋਇਆਂ ਬਾਰੇ ਸੱਚਾਈ ਜਾਣੋ
13 ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਤੁਸੀਂ ਕਿਸੇ ਰੀਤੀ-ਰਿਵਾਜ ਜਾਂ ਕੰਮ ਵਿਚ ਹਿੱਸਾ ਲੈ ਸਕਦੇ ਹੋ ਜਾਂ ਨਹੀਂ, ਤਾਂ ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਬੁੱਧ ਮੰਗੋ। (ਯਾਕੂਬ 1:5 ਪੜ੍ਹੋ।) ਫਿਰ ਸਾਡੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰੋ। ਲੋੜ ਪੈਣ ʼਤੇ ਆਪਣੀ ਮੰਡਲੀ ਦੇ ਬਜ਼ੁਰਗਾਂ ਤੋਂ ਸਲਾਹ ਲਵੋ। ਉਹ ਇਹ ਨਹੀਂ ਦੱਸਣਗੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਪਰ ਉਹ ਤੁਹਾਨੂੰ ਬਾਈਬਲ ਵਿੱਚੋਂ ਕੁਝ ਅਸੂਲ ਦੱਸਣਗੇ, ਜਿਵੇਂ ਇਸ ਲੇਖ ਵਿਚ ਦੱਸੇ ਗਏ ਹਨ। ਇੱਦਾਂ ਕਰ ਕੇ ਤੁਸੀਂ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ” ਨੂੰ ਵਰਤਣਾ ਸਿੱਖੋਗੇ ਅਤੇ ਇਹ ਕਾਬਲੀਅਤ “ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ” ਵਿਚ ਤੁਹਾਡੀ ਮਦਦ ਕਰੇਗੀ।—ਇਬ. 5:14.
“ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ”
12 ਰੀਤੀ-ਰਿਵਾਜ ਜਿਨ੍ਹਾਂ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਨਹੀਂ ਹੁੰਦੀ। ਪਰਿਵਾਰ ਦੇ ਮੈਂਬਰ, ਨਾਲ ਕੰਮ ਕਰਨ ਵਾਲੇ ਜਾਂ ਨਾਲ ਪੜ੍ਹਨ ਵਾਲੇ ਸ਼ਾਇਦ ਸਾਨੂੰ ਆਪਣੇ ਨਾਲ ਤਿਉਹਾਰਾਂ ਵਿਚ ਹਿੱਸਾ ਲੈਣ ਲਈ ਕਹਿਣ। ਅਸੀਂ ਉਨ੍ਹਾਂ ਰੀਤੀ-ਰਿਵਾਜਾਂ ਤੇ ਦਿਨ-ਤਿਉਹਾਰਾਂ ਵਿਚ ਹਿੱਸਾ ਲੈਣ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਨਹੀਂ ਹੁੰਦਾ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦਿਨ-ਤਿਉਹਾਰ ਮਨਾਉਣ ਤੋਂ ਕਿਉਂ ਮਨ੍ਹਾ ਕਰਦਾ ਹੈ। ਅਸੀਂ ਆਪਣੇ ਪ੍ਰਕਾਸ਼ਨਾਂ ਤੋਂ ਖੋਜਬੀਨ ਕਰ ਸਕਦੇ ਹਾਂ ਅਤੇ ਆਪਣੇ ਆਪ ਨੂੰ ਯਾਦ ਕਰਾ ਸਕਦੇ ਹਾਂ ਕਿ ਇਨ੍ਹਾਂ ਦੀ ਸ਼ੁਰੂਆਤ ਕਿਵੇਂ ਹੋਈ ਸੀ। ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਅਸੀਂ ਦਿਨ-ਤਿਉਹਾਰ ਕਿਉਂ ਨਹੀਂ ਮਨਾਉਂਦੇ, ਤਾਂ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਅਸੀਂ ਉਸ ਰਾਹ ʼਤੇ ਚੱਲ ਰਹੇ ਹਾਂ ਜੋ ‘ਪ੍ਰਭੂ ਨੂੰ ਮਨਜ਼ੂਰ ਹੈ।’ (ਅਫ਼. 5:10) ਯਹੋਵਾਹ ਅਤੇ ਉਸ ਦੇ ਬਚਨ ʼਤੇ ਭਰੋਸਾ ਰੱਖਣ ਕਰਕੇ ਅਸੀਂ “ਮਨੁੱਖ ਦਾ ਭੈ” ਰੱਖਣ ਤੋਂ ਬਚਾਂਗੇ।—ਕਹਾ. 29:25.
ਹੀਰੇ-ਮੋਤੀ
it “ਚਾਪਲੂਸੀ” ਪੈਰਾ 1
ਚਾਪਲੂਸੀ
ਚਾਪਲੂਸੀ ਕਰਨ ਦਾ ਮਤਲਬ ਹੈ ਕਿਸੇ ਦੀ ਵਧਾ-ਚੜ੍ਹਾ ਕੇ ਜਾਂ ਝੂਠੀ ਤਾਰੀਫ਼ ਕਰਨੀ। ਇਸ ਨਾਲ ਉਸ ਦਾ ਨੁਕਸਾਨ ਹੋ ਸਕਦਾ ਹੈ। ਉਹ ਸਿਰਫ਼ ਆਪਣੇ ਬਾਰੇ ਸੋਚਣ ਲੱਗ ਸਕਦਾ ਹੈ ਤੇ ਆਪਣੇ-ਆਪ ਨੂੰ ਕੁਝ ਜ਼ਿਆਦਾ ਸਮਝਣ ਲੱਗ ਸਕਦਾ ਹੈ ਇੱਥੋਂ ਤਕ ਕਿ ਉਹ ਘਮੰਡੀ ਬਣ ਸਕਦਾ ਹੈ। ਲੋਕ ਦੂਜਿਆਂ ਨੂੰ ਖ਼ੁਸ਼ ਕਰਨ ਲਈ ਜਾਂ ਉਨ੍ਹਾਂ ਨਾਲ ਆਪਣਾ ਮਤਲਬ ਕੱਢਣ ਲਈ ਉਨ੍ਹਾਂ ਦੀ ਚਾਪਲੂਸੀ ਕਰਦੇ ਹਨ। ਜਿਸ ਦੀ ਚਾਪਲੂਸੀ ਕੀਤੀ ਜਾਂਦੀ ਹੈ, ਉਸ ਤੇ ਦਬਾਅ ਬਣ ਜਾਂਦਾ ਹੈ ਕਿ ਉਹ ਚਾਪਲੂਸੀ ਕਰਨ ਵਾਲੇ ਲਈ ਕੁਝ ਕਰੇ। ਇਹ ਦਿਖਾਉਂਦਾ ਹੈ ਕਿ ਕਿਸੇ ਦੀ ਝੂਠੀ ਤਾਰੀਫ਼ ਕਰਨੀ ਉਸ ਦੇ ਲਈ ਜਾਲ਼ ਵਿਛਾਉਣ ਵਾਂਗ ਹੈ। (ਕਹਾ. 29:5) ਚਾਪਲੂਸੀ ਕਰਨੀ ਸਵਰਗੀ ਬੁੱਧ ਦੀ ਨਹੀਂ, ਸਗੋਂ ਦੁਨਿਆਵੀ ਬੁੱਧ ਦੀ ਨਿਸ਼ਾਨੀ ਹੈ ਜਿਸ ਵਿਚ ਸੁਆਰਥ, ਪੱਖਪਾਤ ਅਤੇ ਪਖੰਡ ਕਰਨਾ ਸ਼ਾਮਲ ਹੈ। (ਯਾਕੂ. 3:17) ਪਰਮੇਸ਼ੁਰ ਇਸ ਗੱਲੋਂ ਖ਼ੁਸ਼ ਨਹੀਂ ਹੁੰਦਾ ਕਿ ਅਸੀਂ ਛਲ-ਕਪਟ ਕਰੀਏ, ਝੂਠ ਬੋਲੀਏ, ਲੋਕਾਂ ਦੀ ਹੱਦੋਂ ਵੱਧ ਤਾਰੀਫ਼ ਕਰੀਏ ਅਤੇ ਦੂਜਿਆਂ ਦਾ ਫ਼ਾਇਦਾ ਚੁੱਕੀਏ।—2 ਕੁਰਿੰ. 1:12; ਗਲਾ. 1:10; ਅਫ਼. 4:25; ਕੁਲੁ. 3:9; ਪ੍ਰਕਾ. 21:8.
8-14 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਕਹਾਉਤਾਂ 30
“ਮੈਨੂੰ ਨਾ ਗ਼ਰੀਬੀ ਦੇ, ਨਾ ਹੀ ਦੌਲਤ ਦੇ”
ਕਿਹੋ ਜਿਹੇ ਪਿਆਰ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ?
10 ਇਹ ਗੱਲ ਸੱਚ ਹੈ ਕਿ ਸਾਨੂੰ ਸਾਰਿਆਂ ਨੂੰ ਪੈਸੇ ਦੀ ਲੋੜ ਹੈ। ਇਸ ਨਾਲ ਸਾਡੀ ਕੁਝ ਹੱਦ ਤਕ ਰਾਖੀ ਹੁੰਦੀ ਹੈ। (ਉਪ. 7:12) ਪਰ ਕੀ ਅਸੀਂ ਖ਼ੁਸ਼ ਰਹਿ ਸਕਦੇ ਹਾਂ ਜੇ ਸਾਡੇ ਕੋਲ ਸਿਰਫ਼ ਲੋੜਾਂ ਪੂਰੀਆਂ ਕਰਨ ਜੋਗੇ ਹੀ ਪੈਸੇ ਹੋਣ? ਹਾਂਜੀ। (ਉਪਦੇਸ਼ਕ ਦੀ ਪੋਥੀ 5:12 ਪੜ੍ਹੋ।) ਯਾਕਹ ਦੇ ਪੁੱਤ੍ਰ ਆਗੂਰ ਨੇ ਲਿਖਿਆ: “ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ, ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ।” ਅਸੀਂ ਇਹ ਗੱਲ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਇਹ ਇਨਸਾਨ ਅੱਤ ਗ਼ਰੀਬੀ ਦੀ ਮਾਰ ਕਿਉਂ ਨਹੀਂ ਝੱਲਣੀ ਚਾਹੁੰਦਾ ਸੀ। ਉਸ ਨੇ ਕਿਹਾ ਕਿ ਉਹ ਚੋਰੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਚੋਰੀ ਕਰਨ ਨਾਲ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਹੋਣੀ ਸੀ। ਪਰ ਉਹ ਅਮੀਰ ਕਿਉਂ ਨਹੀਂ ਬਣਨਾ ਚਾਹੁੰਦਾ ਸੀ? ਉਸ ਨੇ ਲਿਖਿਆ: “ਮੈਂ ਰੱਜ ਪੁੱਜ ਕੇ ਮੁੱਕਰ ਜਾਵਾਂ ਅਤੇ ਆਖਾਂ ‘ਯਹੋਵਾਹ ਕੌਣ ਹੈ’?” (ਕਹਾ. 30:8, 9) ਸ਼ਾਇਦ ਤੁਸੀਂ ਵੀ ਉਨ੍ਹਾਂ ਲੋਕਾਂ ਨੂੰ ਜਾਣਦੇ ਹੋਵੋਗੇ ਜੋ ਪਰਮੇਸ਼ੁਰ ʼਤੇ ਭਰੋਸਾ ਰੱਖਣ ਦੀ ਬਜਾਇ ਧਨ-ਦੌਲਤ ʼਤੇ ਭਰੋਸਾ ਰੱਖਦੇ ਹਨ।
11 ਪੈਸੇ ਨੂੰ ਪਿਆਰ ਕਰਨ ਵਾਲਾ ਇਨਸਾਨ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਸਕਦਾ। ਯਿਸੂ ਨੇ ਕਿਹਾ: “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ, ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ, ਜਾਂ ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨਾਲ ਘਿਰਣਾ ਕਰੇਗਾ। ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਵਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।” ਉਸ ਨੇ ਅੱਗੇ ਕਿਹਾ: “ਧਰਤੀ ਉੱਤੇ ਆਪਣੇ ਲਈ ਧਨ ਜੋੜਨਾ ਛੱਡ ਦਿਓ, ਜਿੱਥੇ ਕੀੜਾ ਤੇ ਜੰਗਾਲ ਇਸ ਨੂੰ ਖਾ ਜਾਂਦੇ ਹਨ ਅਤੇ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ। ਇਸ ਦੀ ਬਜਾਇ, ਸਵਰਗ ਵਿਚ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੀੜਾ ਤੇ ਨਾ ਜੰਗਾਲ ਇਸ ਨੂੰ ਖਾਂਦੇ ਹਨ ਅਤੇ ਨਾ ਹੀ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ।”—ਮੱਤੀ 6:19, 20, 24.
12 ਬਹੁਤ ਸਾਰੇ ਯਹੋਵਾਹ ਦੇ ਸੇਵਕ ਸਾਦੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰਦੇ ਹਨ। ਜ਼ਿੰਦਗੀ ਸਾਦੀ ਕਰ ਕੇ ਉਨ੍ਹਾਂ ਕੋਲ ਯਹੋਵਾਹ ਦੀ ਸੇਵਾ ਲਈ ਜ਼ਿਆਦਾ ਸਮਾਂ ਹੁੰਦਾ ਹੈ ਅਤੇ ਉਹ ਜ਼ਿਆਦਾ ਖ਼ੁਸ਼ ਰਹਿੰਦੇ ਹਨ। ਅਮਰੀਕਾ ਵਿਚ ਰਹਿਣ ਵਾਲੇ ਜੈਕ ਨੇ ਆਪਣਾ ਵੱਡਾ ਘਰ ਤੇ ਕਾਰੋਬਾਰ ਵੇਚ ਦਿੱਤਾ ਤਾਂਕਿ ਉਹ ਆਪਣੀ ਪਤਨੀ ਨਾਲ ਪਾਇਨੀਅਰਿੰਗ ਕਰ ਸਕੇ। ਉਹ ਦੱਸਦਾ ਹੈ: “ਪਿੰਡ ਵਿਚ ਆਪਣੇ ਸੋਹਣੇ ਘਰ ਅਤੇ ਜ਼ਮੀਨ-ਜਾਇਦਾਦ ਨੂੰ ਛੱਡਣਾ ਸੌਖਾ ਨਹੀਂ ਸੀ। ਕੰਮ ਵਿਚ ਆਉਂਦੀਆਂ ਮੁਸ਼ਕਲਾਂ ਕਰਕੇ ਮੈਂ ਕਈ ਸਾਲਾਂ ਤਕ ਰੋਜ਼ ਸਤਿਆ-ਖਪਿਆ ਘਰ ਆਉਂਦਾ ਸੀ। ਪਰ ਮੇਰੀ ਪਤਨੀ ਰੈਗੂਲਰ ਪਾਇਨੀਅਰਿੰਗ ਕਰਨ ਕਰ ਕੇ ਹਮੇਸ਼ਾ ਖ਼ੁਸ਼ ਰਹਿੰਦੀ ਸੀ। ਉਹ ਕਹਿੰਦੀ ਸੀ, ‘ਮੇਰਾ ਮਾਲਕ ਦੁਨੀਆਂ ਦਾ ਸਭ ਤੋਂ ਚੰਗਾ ਮਾਲਕ ਹੈ।’ ਹੁਣ ਮੈਂ ਵੀ ਪਾਇਨੀਅਰਿੰਗ ਕਰਦਾ ਹਾਂ ਅਤੇ ਸਾਡੇ ਦੋਨਾਂ ਦਾ ਇੱਕੋ ਮਾਲਕ ਯਹੋਵਾਹ ਹੈ।”
w87 5/15 30 ਪੈਰਾ 8
ਯਹੋਵਾਹ ਦਾ ਡਰ ਮੰਨੋ ਤੇ ਖ਼ੁਸ਼ ਰਹੋ
◆ 30:15, 16—ਇਨ੍ਹਾਂ ਮਿਸਾਲਾਂ ਤੋਂ ਅਸੀਂ ਕੀ ਸਮਝਦੇ ਹਾਂ?
ਇਨ੍ਹਾਂ ਮਿਸਾਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਲਾਲਚ ਕਰਨ ਵਾਲਾ ਵਿਅਕਤੀ ਕਦੇ ਨਹੀਂ ਰੱਜਦਾ। ਜਿੱਦਾਂ ਜੋਕਾਂ ਆਪਣਾ ਢਿੱਡ ਭਰਨ ਲਈ ਖ਼ੂਨ ਚੂਸਦੀਆਂ ਰਹਿੰਦੀਆਂ ਹਨ, ਉੱਦਾਂ ਹੀ ਇਕ ਲਾਲਚੀ ਵਿਅਕਤੀ ਹੋਰ ਜ਼ਿਆਦਾ ਪੈਸੇ ਤੇ ਅਧਿਕਾਰ ਪਾਉਣ ਦਾ ਲਾਲਚ ਕਰਦਾ ਰਹਿੰਦਾ ਹੈ। ਉਸੇ ਤਰ੍ਹਾਂ ਸ਼ੀਓਲ (ਕਬਰ) ਕਦੇ ਵੀ ਰੱਜਦੀ ਨਹੀਂ, ਬਲਕਿ ਹੋਰ ਵੀ ਜ਼ਿਆਦਾ ਲੋਕਾਂ ਨੂੰ ਨਿਗਲਣ ਲਈ ਤਿਆਰ ਰਹਿੰਦੀ ਹੈ। ਇਕ ਬਾਂਝ ਔਰਤ ਬੱਚੇ ਦੀ ਮੰਗ ਕਰਦੀ ਹੈ। (ਉਤਪਤ 30:1) ਗਰਮੀ ਦੀ ਤਪਸ਼ ਨਾਲ ਸੁੱਕੀ ਜ਼ਮੀਨ ਮੀਂਹ ਦਾ ਪਾਣੀ ਸੋਖ ਲੈਂਦੀ ਹੈ ਅਤੇ ਜਲਦੀ ਹੀ ਫਿਰ ਦੁਬਾਰਾ ਸੁੱਕ ਜਾਂਦੀ ਹੈ। ਅੱਗ ਵਿਚ ਸੁੱਟੀਆਂ ਗਈਆਂ ਚੀਜ਼ਾਂ ਨੂੰ ਅੱਗ ਸਾੜ ਕੇ ਸੁਆਹ ਕਰ ਦਿੰਦੀ ਹੈ ਅਤੇ ਇਸ ਵਿੱਚੋਂ ਨਿਕਲਦੀਆਂ ਲਾਟਾਂ ਆਲੇ-ਦੁਆਲੇ ਪਈਆਂ ਬਲਣਸ਼ੀਲ ਚੀਜ਼ਾਂ ਨੂੰ ਵੀ ਸਾੜ ਦਿੰਦੀਆਂ ਹਨ। ਇੱਦਾਂ ਹੀ ਇਕ ਲਾਲਚੀ ਵਿਅਕਤੀ ਹੁੰਦਾ ਹੈ। ਪਰ ਪਰਮੇਸ਼ੁਰ ਦੀ ਬੁੱਧ ਮੁਤਾਬਕ ਚੱਲਣ ਵਾਲੇ ਆਪਣੇ ਸੁਆਰਥ ਲਈ ਕੰਮ ਨਹੀਂ ਕਰਦੇ।
ਚਾਦਰ ਦੇਖ ਕੇ ਪੈਰ ਪਸਾਰੋ—ਇਹ ਕਿਵੇਂ ਕੀਤਾ ਜਾ ਸਕਦਾ ਹੈ?
ਕੋਈ ਚੀਜ਼ ਖ਼ਰੀਦਣ ਤੋਂ ਪਹਿਲਾਂ ਪੈਸਾ ਜੋੜੋ। ਭਾਵੇਂ ਕਿ ਇਹ ਪੁਰਾਣੀ ਗੱਲ ਲੱਗੇ, ਪਰ ਕੋਈ ਚੀਜ਼ ਖ਼ਰੀਦਣ ਤੋਂ ਪਹਿਲਾਂ ਪੈਸਾ ਜੋੜਨਾ ਅਕਲਮੰਦੀ ਦੀ ਗੱਲ ਹੈ। ਇਸ ਤਰ੍ਹਾਂ ਅਸੀਂ ਕਰਜ਼ੇ ਹੇਠ ਨਹੀਂ ਆਉਂਦੇ ਨਾਲੇ ਹੋਰ ਮੁਸ਼ਕਲਾਂ ਖੜ੍ਹੀਆਂ ਨਹੀਂ ਹੁੰਦੀਆਂ, ਜਿਵੇਂ ਸਾਨੂੰ ਵਿਆਜ ਨਹੀਂ ਭਰਨਾ ਪੈਂਦਾ ਕਿਉਂਕਿ ਵਿਆਜ ʼਤੇ ਚੀਜ਼ਾਂ ਮਹਿੰਗੀਆਂ ਪੈਂਦੀਆਂ ਹਨ। ਸਾਨੂੰ ਕੀੜੀ ਤੋਂ ਕੁਝ ਸਿੱਖਣਾ ਚਾਹੀਦਾ ਹੈ। ਬਾਈਬਲ ਵਿਚ ਕੀੜੀ ਨੂੰ “ਬੁੱਧਵਾਨ” ਕਿਹਾ ਗਿਆ ਹੈ ਕਿਉਂਕਿ ਇਹ “ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ।”—ਕਹਾਉਤਾਂ 6:6-8; 30:24, 25.
ਯਹੋਵਾਹ ਦੇ ਮਹਿਮਾਨ ਬਣੇ ਰਹੋ!
18 ਸਾਡੇ ਲਈ ਪੈਸਿਆਂ ਬਾਰੇ ਆਪਣੀ ਸੋਚ ਜਾਣਨੀ ਬਹੁਤ ਜ਼ਰੂਰੀ ਹੈ। ਇਸ ਲਈ ਖ਼ੁਦ ਨੂੰ ਪੁੱਛੋ, ‘ਕੀ ਮੈਂ ਹਮੇਸ਼ਾ ਪੈਸਿਆਂ ਬਾਰੇ ਹੀ ਸੋਚਦਾ ਰਹਿੰਦਾ ਹਾਂ ਅਤੇ ਇਹ ਸੋਚਦਾ ਰਹਿੰਦਾ ਹਾਂ ਕਿ ਮੈਂ ਕੀ-ਕੀ ਖ਼ਰੀਦਣਾ ਹੈ? ਜੇ ਮੈਂ ਕਿਸੇ ਤੋਂ ਉਧਾਰ ਲੈਂਦਾ ਹਾਂ, ਤਾਂ ਕੀ ਮੈਂ ਉਸ ਨੂੰ ਚੁਕਾਉਣ ਵਿਚ ਢਿੱਲ-ਮੱਠ ਕਰਦਾ ਹਾਂ ਅਤੇ ਸੋਚਦਾ ਹਾਂ ਕਿ ਉਸ ਨੂੰ ਤਾਂ ਪੈਸਿਆਂ ਦੀ ਲੋੜ ਹੀ ਨਹੀਂ ਹੈ? ਕੀ ਪੈਸੇ ਕਰਕੇ ਮੈਂ ਖ਼ੁਦ ਨੂੰ ਦੂਜਿਆਂ ਤੋਂ ਵੱਡਾ ਸਮਝਦਾ ਹਾਂ? ਕਿਤੇ ਮੈਂ ਕੰਜੂਸ ਤਾਂ ਨਹੀਂ ਬਣ ਗਿਆ? ਕੀ ਮੈਂ ਅਮੀਰ ਭੈਣਾਂ-ਭਰਾਵਾਂ ਬਾਰੇ ਇਹ ਸੋਚਦਾ ਹਾਂ ਕਿ ਉਹ ਪੈਸੇ ਨੂੰ ਪਿਆਰ ਕਰਦੇ ਹਨ? ਕੀ ਮੈਂ ਸਿਰਫ਼ ਅਮੀਰ ਲੋਕਾਂ ਨਾਲ ਹੀ ਦੋਸਤੀ ਕਰਦਾ ਹਾਂ ਅਤੇ ਗ਼ਰੀਬਾਂ ਵੱਲ ਕੋਈ ਧਿਆਨ ਨਹੀਂ ਦਿੰਦਾ?’ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣਨਾ ਸਾਡੇ ਲਈ ਬਹੁਤ ਵੱਡੇ ਸਨਮਾਨ ਦੀ ਗੱਲ ਹੈ। ਜੇ ਅਸੀਂ ਉਸ ਦੇ ਤੰਬੂ ਵਿਚ ਰਹਿਣਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਪੈਸਿਆਂ ਨਾਲ ਪਿਆਰ ਨਾ ਕਰੀਏ। ਫਿਰ ਯਹੋਵਾਹ ਸਾਨੂੰ ਕਦੇ ਨਹੀਂ ਛੱਡੇਗਾ।—ਇਬਰਾਨੀਆਂ 13:5 ਪੜ੍ਹੋ।
ਹੀਰੇ-ਮੋਤੀ
ਸ੍ਰਿਸ਼ਟੀ ਵਿਚ ਯਹੋਵਾਹ ਦੀ ਬੁੱਧ ਝਲਕਦੀ ਹੈ
11 ਪਹਾੜੀ ਸੈਹਾ ਇਕ ਹੋਰ ਛੋਟਾ ਜਿਹਾ ਜੀਵ ਹੈ ਜਿਸ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ। (ਕਹਾਉਤਾਂ 30:26 ਪੜ੍ਹੋ।) ਇਹ ਦੇਖਣ ਨੂੰ ਕੁਝ-ਕੁਝ ਵੱਡੇ ਖ਼ਰਗੋਸ਼ ਵਰਗਾ ਲੱਗਦਾ ਹੈ, ਪਰ ਇਸ ਦੇ ਦੋ ਛੋਟੇ-ਛੋਟੇ ਗੋਲ ਕੰਨ ਹਨ ਅਤੇ ਪਿੱਦੀਆਂ-ਪਿੱਦੀਆਂ ਲੱਤਾਂ ਹਨ। ਇਹ ਜੀਵ ਪਹਾੜੀ ਇਲਾਕਿਆਂ ਵਿਚ ਰਹਿੰਦਾ ਹੈ ਅਤੇ ਉਸ ਦੀ ਤੇਜ਼ ਨਜ਼ਰ ਖ਼ਤਰੇ ਨੂੰ ਦੂਰੋਂ ਪਛਾਣ ਲੈਂਦੀ ਹੈ। ਸੈਹਾ ਆਪਣੀ ਖੁੱਡ ਸਿੱਧੀਆਂ ਚਟਾਨਾਂ ਵਿਚ ਬਣਾਉਂਦਾ ਹੈ ਜਿਸ ਕਰਕੇ ਉਹ ਛੇਤੀ ਹੀ ਕਿਸੇ ਦਾ ਸ਼ਿਕਾਰ ਨਹੀਂ ਬਣਦਾ। ਸੈਹਾ ਝੁੰਡ ਵਿਚ ਰਹਿੰਦਾ ਹੈ। ਇਸ ਤਰ੍ਹਾਂ ਉਹ ਨਾ ਸਿਰਫ਼ ਸੁਰੱਖਿਅਤ ਰਹਿੰਦਾ ਹੈ, ਸਗੋਂ ਸਰਦੀਆਂ ਵਿਚ ਉਸ ਨੂੰ ਨਿੱਘ ਵੀ ਮਿਲਦਾ ਹੈ।
12 ਅਸੀਂ ਪਹਾੜੀ ਸੈਹੇ ਤੋਂ ਕੀ ਸਿੱਖ ਸਕਦੇ ਹਾਂ? ਪਹਿਲੀ ਗੱਲ ਹੈ ਕਿ ਇਹ ਜਾਨਵਰ ਆਪਣੇ ਆਪ ਨੂੰ ਖ਼ਤਰੇ ਤੋਂ ਬਚਾ ਕੇ ਰੱਖਦਾ ਹੈ। ਉਹ ਆਪਣੀ ਤੇਜ਼ ਨਜ਼ਰ ਨਾਲ ਸ਼ਿਕਾਰੀਆਂ ਨੂੰ ਦੂਰੋਂ ਦੇਖ ਲੈਂਦਾ ਹੈ ਅਤੇ ਇਹ ਖੁੱਡ ਦੇ ਨੇੜੇ ਰਹਿੰਦਾ ਹੈ ਜਿਸ ਕਾਰਨ ਉਹ ਦੀ ਜਾਨ ਬਚ ਸਕਦੀ ਹੈ। ਇਸੇ ਤਰ੍ਹਾਂ ਸਾਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਤਾਂਕਿ ਅਸੀਂ ਸ਼ਤਾਨ ਦੀ ਦੁਨੀਆਂ ਦੇ ਖ਼ਤਰਿਆਂ ਤੋਂ ਬਚ ਸਕੀਏ। ਪਤਰਸ ਰਸੂਲ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਸੀ: “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਪਤ. 5:8) ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਸ਼ਤਾਨ ਨੇ ਉਸ ਦੀ ਖਰਿਆਈ ਤੋੜਨ ਦੀ ਹਰ ਕੋਸ਼ਿਸ਼ ਕੀਤੀ, ਪਰ ਯਿਸੂ ਨੇ ਸੁਚੇਤ ਰਹਿ ਕੇ ਸ਼ਤਾਨ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। (ਮੱਤੀ 4:1-11) ਇਸ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਲਈ ਇਕ ਸ਼ਾਨਦਾਰ ਨਮੂਨਾ ਛੱਡਿਆ!
13 ਸੁਚੇਤ ਰਹਿਣ ਦਾ ਇਕ ਤਰੀਕਾ ਹੈ ਕਿ ਅਸੀਂ ਯਹੋਵਾਹ ਦੇ ਕੀਤੇ ਸਾਰੇ ਪ੍ਰਬੰਧਾਂ ਦਾ ਫ਼ਾਇਦਾ ਉਠਾਈਏ। ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਮਸੀਹੀ ਸਭਾਵਾਂ ʼਤੇ ਹਾਜ਼ਰ ਹੋਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਲੂਕਾ 4:4; ਇਬ. 10:24, 25) ਜਿੱਦਾਂ ਸੈਹਾ ਝੁੰਡ ਵਿਚ ਰਹਿ ਕੇ ਸੁਰੱਖਿਅਤ ਰਹਿੰਦਾ ਹੈ, ਉਸੇ ਤਰ੍ਹਾਂ ਸਾਨੂੰ ਆਪਣੇ ਭੈਣਾਂ-ਭਰਾਵਾਂ ਦੇ ਨੇੜੇ ਰਹਿਣ ਦੀ ਲੋੜ ਹੈ ਤਾਂਕਿ ਸਾਨੂੰ ‘ਦੋਵੇਂ ਧਿਰਾਂ ਨੂੰ ਉਤਸ਼ਾਹ ਪ੍ਰਾਪਤ’ ਹੋਵੇ। (ਰੋਮ 1:12, CL) ਜਦੋਂ ਅਸੀਂ ਰਾਖੀ ਲਈ ਕੀਤੇ ਯਹੋਵਾਹ ਦੇ ਸਾਰੇ ਪ੍ਰਬੰਧਾਂ ਦਾ ਫ਼ਾਇਦਾ ਉਠਾਉਂਦੇ ਹਾਂ, ਤਾਂ ਅਸੀਂ ਜ਼ਬੂਰ ਦਾਊਦ ਦੀ ਤਰ੍ਹਾਂ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੁੰਦੇ ਹਾਂ: “ਯਹੋਵਾਹ ਮੇਰੀ ਚਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ, ਮੇਰਾ ਪਰਮੇਸ਼ੁਰ, ਮੇਰਾ ਟਿੱਲਾ, ਜਿਹ ਦੀ ਸ਼ਰਨੀ ਮੈਂ ਆਇਆ ਹਾਂ।”—ਜ਼ਬੂ. 18:2.
15-21 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਕਹਾਉਤਾਂ 31
ਮਾਂ ਦੀਆਂ ਪਿਆਰ ਭਰੀਆਂ ਹਿਦਾਇਤਾਂ ਤੋਂ ਸਬਕ
ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਸਿਖਾਓ
ਸੈਕਸ ਬਾਰੇ ਸਹੀ-ਸਹੀ ਦੱਸੋ। ਬੱਚਿਆਂ ਨੂੰ ਸੈਕਸ ਕਰਨ ਦੇ ਬੁਰੇ ਨਤੀਜਿਆਂ ਬਾਰੇ ਖ਼ਬਰਦਾਰ ਕਰਨਾ ਜ਼ਰੂਰੀ ਹੈ। (1 ਕੁਰਿੰਥੀਆਂ 6:18; ਯਾਕੂਬ 1:14, 15) ਪਰ ਆਮ ਤੌਰ ਤੇ ਬਾਈਬਲ ਕਹਿੰਦੀ ਹੈ ਕਿ ਸੈਕਸ ਪਰਮੇਸ਼ੁਰ ਵੱਲੋਂ ਇਕ ਦਾਤ ਹੈ ਨਾ ਕਿ ਸ਼ਤਾਨ ਵੱਲੋਂ ਇਕ ਫੰਦਾ। (ਕਹਾਉਤਾਂ 5:18, 19; ਸਰੇਸ਼ਟ ਗੀਤ 1:2) ਪਰ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਿਰਫ਼ ਇਹੀ ਦੱਸੋ ਕਿ ਸੈਕਸ ਕਿੰਨਾ ਵੱਡਾ ਫੰਦਾ ਹੋ ਸਕਦਾ ਹੈ, ਤਾਂ ਸੈਕਸ ਬਾਰੇ ਉਨ੍ਹਾਂ ਦੇ ਵਿਚਾਰ ਗ਼ਲਤ ਹੋਣਗੇ। ਕੋਰੀਨਾ, ਜੋ ਫ੍ਰਾਂਸ ਵਿਚ ਰਹਿੰਦੀ ਹੈ, ਦੱਸਦੀ ਹੈ: “ਮੇਰੇ ਮੰਮੀ-ਡੈਡੀ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੰਦੇ ਸਨ ਕਿ ਨਾਜਾਇਜ਼ ਸਰੀਰਕ ਸੰਬੰਧ ਰੱਖਣੇ ਗ਼ਲਤ ਹਨ। ਇਸ ਕਰਕੇ ਮੈਂ ਸੈਕਸ ਨੂੰ ਬੁਰਾ ਸਮਝਣ ਲੱਗ ਪਈ।”
ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੈਕਸ ਬਾਰੇ ਸਹੀ-ਸਹੀ ਦੱਸੋ। ਨਾਡੀਆ ਨਾਂ ਦੀ ਮਾਂ ਜੋ ਮੈਕਸੀਕੋ ਵਿਚ ਰਹਿੰਦੀ ਹੈ, ਕਹਿੰਦੀ ਹੈ: “ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸੈਕਸ ਯਹੋਵਾਹ ਪਰਮੇਸ਼ੁਰ ਵੱਲੋਂ ਇਨਸਾਨਾਂ ਨੂੰ ਦਿੱਤੀ ਇਕ ਵਧੀਆ ਦਾਤ ਹੈ। ਪਰ ਇਹ ਸਿਰਫ਼ ਸ਼ਾਦੀ-ਸ਼ੁਦਾ ਲੋਕਾਂ ਲਈ ਹੈ। ਇਹ ਸਾਨੂੰ ਖ਼ੁਸ਼ੀ ਦੇ ਸਕਦੀ ਹੈ। ਪਰ ਜੇ ਵਿਆਹ ਤੋਂ ਪਹਿਲਾਂ ਸੈਕਸ ਕੀਤਾ ਜਾਵੇ, ਤਾਂ ਇਸ ਦੇ ਬੁਰੇ ਨਤੀਜੇ ਭੁਗਤਣੇ ਪੈ ਸਕਦੇ ਹਨ।”
ਸ਼ਰਾਬ ਬਾਰੇ ਆਪਣੇ ਬੱਚਿਆਂ ਨਾਲ ਗੱਲ ਕਰਨੀ
ਗੱਲ ਕਰਨ ਵਿਚ ਪਹਿਲ ਕਰੋ। ਬ੍ਰਿਟੇਨ ਵਿਚ ਰਹਿਣ ਵਾਲਾ ਮਾਰਕ ਨਾਂ ਦਾ ਪਿਤਾ ਦੱਸਦਾ ਹੈ: “ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਸ਼ਰਾਬ ਪੀਣੀ ਸਹੀ ਹੈ ਜਾਂ ਗ਼ਲਤ। ਇਸ ਬਾਰੇ ਮੈਂ ਆਪਣੇ ਅੱਠ ਸਾਲਾਂ ਦੇ ਮੁੰਡੇ ਨੂੰ ਪੁੱਛਿਆ। ਮਾਹੌਲ ਖ਼ੁਸ਼ਨੁਮਾ ਹੋਣ ਕਰਕੇ ਉਹ ਖੁੱਲ੍ਹ ਕੇ ਆਪਣੇ ਵਿਚਾਰ ਦੱਸ ਸਕਿਆ।”
ਜੇ ਤੁਸੀਂ ਅਲੱਗ-ਅਲੱਗ ਸਮੇਂ ʼਤੇ ਇਸ ਵਿਸ਼ੇ ਬਾਰੇ ਗੱਲ ਕਰਦੇ ਹੋ, ਤਾਂ ਜ਼ਿਆਦਾ ਫ਼ਾਇਦਾ ਹੋਵੇਗਾ। ਬੱਚੇ ਦੀ ਉਮਰ ਅਨੁਸਾਰ ਤੁਸੀਂ ਸ਼ਰਾਬ ਬਾਰੇ ਗੱਲ ਕਰਨ ਦੇ ਨਾਲ-ਨਾਲ ਹੋਰ ਵਿਸ਼ਿਆਂ ʼਤੇ ਵੀ ਗੱਲ ਕਰ ਸਕਦੇ ਹੋ, ਜਿਵੇਂ ਸੜਕ ʼਤੇ ਸੁਰੱਖਿਆ ਅਤੇ ਸੈਕਸ ਬਾਰੇ ਜਾਣਕਾਰੀ।
ਮਿਸਾਲ ਰੱਖੋ। ਬੱਚੇ ਸਪੰਜ ਦੀ ਤਰ੍ਹਾਂ ਹੁੰਦੇ ਹਨ ਜੋ ਸਾਰਾ ਕੁਝ ਸੋਖ ਲੈਂਦੇ ਹਨ। ਖੋਜਕਾਰ ਦੱਸਦੇ ਹਨ ਕਿ ਬੱਚਿਆਂ ʼਤੇ ਸਭ ਤੋਂ ਜ਼ਿਆਦਾ ਅਸਰ ਮਾਪਿਆਂ ਦਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇ ਤੁਸੀਂ ਸ਼ਾਂਤੀ ਪਾਉਣ ਜਾਂ ਤਣਾਅ ਘਟਾਉਣ ਲਈ ਮੁੱਖ ਤੌਰ ਤੇ ਸ਼ਰਾਬ ਪੀਂਦੇ ਹੋ, ਤਾਂ ਉਨ੍ਹਾਂ ਨੂੰ ਲੱਗੇਗਾ ਕਿ ਜ਼ਿੰਦਗੀ ਦੀਆਂ ਚਿੰਤਾਵਾਂ ਤੋਂ ਬਚਣ ਲਈ ਸ਼ਰਾਬ ਜ਼ਰੂਰੀ ਹੈ। ਇਸ ਲਈ ਆਪਣੇ ਬੱਚਿਆਂ ਲਈ ਵਧੀਆ ਮਿਸਾਲ ਬਣੋ। ਯਕੀਨੀ ਬਣਾਓ ਕਿ ਤੁਸੀਂ ਸ਼ਰਾਬ ਦੀ ਵਰਤੋਂ ਸਮਝਦਾਰੀ ਨਾਲ ਕਰਦੇ ਹੋ।
ਬੱਚਿਆਂ ਨੂੰ ਨਿਮਰ ਬਣਨਾ ਸਿਖਾਓ
ਖੁੱਲ੍ਹੇ ਦਿਲ ਵਾਲੇ ਬਣਨਾ ਸਿਖਾਓ। ਆਪਣੀ ਮਿਸਾਲ ਰਾਹੀਂ ਆਪਣੇ ਬੱਚੇ ਨੂੰ ਸਿਖਾਓ ਕਿ “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂਲਾਂ ਦੇ ਕੰਮ 20:35) ਕਿਵੇਂ? ਇਕੱਠੇ ਮਿਲ ਕੇ ਤੁਸੀਂ ਉਨ੍ਹਾਂ ਵਿਅਕਤੀਆਂ ਦੇ ਨਾਂ ਲਿਖ ਸਕਦੇ ਹੋ ਜਿਨ੍ਹਾਂ ਨੂੰ ਖ਼ਰੀਦਾਰੀ, ਆਉਣ-ਜਾਣ ਲਈ ਗੱਡੀ ਜਾਂ ਮੁਰੰਮਤ ਦੇ ਕਿਸੇ ਕੰਮ ਵਿਚ ਮਦਦ ਦੀ ਲੋੜ ਹੈ। ਜਦੋਂ ਤੁਸੀਂ ਇਨ੍ਹਾਂ ਵਿਅਕਤੀਆਂ ਦੀ ਮਦਦ ਕਰਦੇ ਹੋ, ਤਾਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾਓ। ਤੁਹਾਡੇ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਦੂਜਿਆਂ ਦੀ ਮਦਦ ਕਰ ਕੇ ਤੁਹਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ। ਆਪਣੀ ਮਿਸਾਲ ਰਾਹੀਂ ਆਪਣੇ ਬੱਚਿਆਂ ਨੂੰ ਨਿਮਰ ਬਣਨਾ ਸਿਖਾਓ। ਇਹ ਸਿਖਾਉਣ ਦਾ ਸਭ ਤੋਂ ਜ਼ਬਰਦਸਤ ਤਰੀਕਾ ਹੈ।—ਬਾਈਬਲ ਦਾ ਅਸੂਲ: ਲੂਕਾ 6:38.
ਹੀਰੇ-ਮੋਤੀ
w92 11/1 11 ਪੈਰੇ 7-8
ਬਾਈਬਲ ਜ਼ਮਾਨੇ ਵਿਚ ਸਿੱਖਿਆ
7 ਇਜ਼ਰਾਈਲ ਵਿਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਆਪਣੇ ਮਾਪਿਆਂ ਦੁਆਰਾ ਸਿੱਖਿਆ ਦਿੱਤੀ ਜਾਂਦੀ ਸੀ। (ਬਿਵਸਥਾ ਸਾਰ 11:18, 19; ਕਹਾਉਤਾਂ 1:8; 31:26) ਫ਼੍ਰੈਂਚ ਭਾਸ਼ਾ ਦੀ ਬਾਈਬਲ ਦੇ ਇਕ ਸ਼ਬਦ-ਕੋਸ਼ ਵਿਚ ਬਾਈਬਲ ਦੇ ਇਕ ਵਿਦਵਾਨ ਮੈਨਗੀਨੋਟ ਨੇ ਲਿਖਿਆ, “ਜਿੱਦਾਂ ਹੀ ਬੱਚਾ ਬੋਲਣਾ ਸ਼ੁਰੂ ਕਰਦਾ ਸੀ, ਉਸ ਨੂੰ ਕਾਨੂੰਨ ਦੀਆਂ ਕੁਝ ਗੱਲਾਂ ਸਿਖਾਈਆਂ ਜਾਂਦੀਆਂ ਸੀ। ਮਾਂ ਇਕ ਆਇਤ ਨੂੰ ਵਾਰ-ਵਾਰ ਦੁਹਰਾਉਂਦੀ ਸੀ ਤੇ ਜਦੋਂ ਬੱਚਾ ਉਸ ਆਇਤ ਨੂੰ ਸਿੱਖ ਜਾਂਦਾ ਸੀ, ਤਾਂ ਮਾਂ ਉਸ ਨੂੰ ਇਕ ਹੋਰ ਆਇਤ ਦੱਸ ਦਿੰਦੀ ਸੀ। ਜਿਹੜੀਆਂ ਆਇਤਾਂ ਬੱਚੇ ਨੂੰ ਮੂੰਹ-ਜ਼ਬਾਨੀ ਯਾਦ ਕਰਾਈਆਂ ਗਈਆਂ ਸਨ, ਬਾਅਦ ਵਿਚ ਉਹ ਆਇਤਾਂ ਲਿਖ ਕੇ ਬੱਚੇ ਨੂੰ ਦੇ ਦਿੱਤੀਆਂ ਜਾਂਦੀਆਂ ਸਨ। ਇਸ ਤਰ੍ਹਾਂ ਬੱਚੇ ਨੂੰ ਪੜ੍ਹਨਾ ਸਿਖਾਇਆ ਜਾਂਦਾ ਸੀ। ਨਾਲੇ ਜਿੱਦਾਂ-ਜਿੱਦਾਂ ਬੱਚਾ ਵੱਡਾ ਹੁੰਦਾ ਸੀ, ਉੱਦਾਂ-ਉੱਦਾਂ ਉਹ ਪਰਮੇਸ਼ੁਰ ਦਾ ਕਾਨੂੰਨ ਪੜ੍ਹ ਕੇ ਅਤੇ ਉਸ ਉੱਤੇ ਮਨਨ ਕਰ ਕੇ ਪਰਮੇਸ਼ੁਰ ਵੱਲੋਂ ਹਿਦਾਇਤਾਂ ਲੈ ਪਾਉਂਦਾ ਸੀ।”
8 ਇਸ ਤੋਂ ਪਤਾ ਲੱਗਦਾ ਹੈ ਕਿ ਮੂੰਹ ਜ਼ਬਾਨੀ ਯਾਦ ਕਰਨਾ ਸਿੱਖਿਆ ਦੇਣ ਦਾ ਮੁੱਖ ਤਰੀਕਾ ਸੀ। ਯਹੋਵਾਹ ਦੇ ਕਾਨੂੰਨ ਬਾਰੇ ਤੇ ਲੋਕਾਂ ਨਾਲ ਉਸ ਦੇ ਪੇਸ਼ ਆਉਣ ਦੇ ਤਰੀਕੇ ਬਾਰੇ ਉਹ ਜੋ ਸਿੱਖਦੇ ਸਨ, ਉਹ ਗੱਲਾਂ ਉਨ੍ਹਾਂ ਦੇ ਦਿਲਾਂ ਤਕ ਪਹੁੰਚਣੀਆਂ ਸਨ। (ਬਿਵਸਥਾ ਸਾਰ 6:6, 7) ਇਨ੍ਹਾਂ ਤੇ ਮਨਨ ਕੀਤਾ ਜਾਣਾ ਚਾਹੀਦਾ ਸੀ। (ਜ਼ਬੂਰ 77:11, 12) ਬੱਚਿਆਂ ਤੇ ਬਜ਼ੁਰਗਾਂ ਦੀ ਯਾਦ ਰੱਖਣ ਵਿਚ ਮਦਦ ਕਰਨ ਲਈ ਅਲੱਗ-ਅਲੱਗ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਇਨ੍ਹਾਂ ਵਿੱਚੋਂ ਕੁਝ ਤਰੀਕੇ ਇਹ ਸਨ, ਵਰਣਮਾਲਾ ਦੇ ਅੱਖਰਾਂ ਨੂੰ ਤਰਤੀਬ ਵਿਚ ਬੋਲਣਾ, ਵਰਣਮਾਲਾ ਦੇ ਅਲੱਗ-ਅਲੱਗ ਅੱਖਰਾਂ ਤੋਂ ਸ਼ੁਰੂ ਹੋਣ ਵਾਲੀਆਂ ਜ਼ਬੂਰ ਦੀਆਂ ਆਇਤਾਂ ਜਾਂ ਵਰਣਮਾਲਾ ਦੇ ਅੱਖਰਾਂ ਦੀ ਤਰਤੀਬ ਨਾਲ ਸ਼ੁਰੂ ਹੋਣ ਵਾਲੀਆਂ ਆਇਤਾਂ ਨੂੰ ਬੋਲਣਾ। (ਜਿਵੇਂ ਕਿ ਕਹਾਉਤਾਂ 31:10-31) ਅਨੁਪ੍ਰਾਸ (ਉਹ ਸ਼ਬਦ ਜੋ ਇਕ ਹੀ ਅੱਖਰ ਜਾਂ ਸੁਰ ਨਾਲ ਸ਼ੁਰੂ ਹੁੰਦੇ ਹਨ) ਅਤੇ ਗਿਣਤੀ ਦੀ ਵਰਤੋਂ, ਜਿੱਦਾਂ ਕਹਾਉਤਾਂ ਅਧਿਆਇ 30 ਦੇ ਦੂਜੇ ਭਾਗ ਵਿਚ ਕੀਤੀ ਗਈ ਹੈ। ਦਿਲਚਸਪੀ ਦੀ ਗੱਲ ਹੈ ਕਿ ਇਬਰਾਨੀ ਲਿਖਤਾਂ ਦੀਆਂ ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ ਵਿੱਚੋਂ ਗਜ਼ਰ ਕਲੰਡਰ ਇਕ ਹੈ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਇਸ ਹੱਥ-ਲਿਖਤ ਨੂੰ ਇਕ ਸਕੂਲ ਜਾਣ ਵਾਲੇ ਮੁੰਡੇ ਨੇ ਯਾਦ ਕਰਨ ਲਈ ਲਿਖਿਆ ਸੀ।
22-28 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਪਦੇਸ਼ਕ ਦੀ ਕਿਤਾਬ 1–2
ਅਗਲੀ ਪੀੜ੍ਹੀ ਨੂੰ ਸਿਖਾਉਂਦੇ ਰਹੋ
“ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ”
3 ਸਾਨੂੰ ਯਹੋਵਾਹ ਦੀ ਸੇਵਾ ਕਰਨੀ ਬਹੁਤ ਪਸੰਦ ਹੈ ਅਤੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਨਮੋਲ ਸਮਝਦੇ ਹਾਂ। ਸਾਡੇ ਵਿੱਚੋਂ ਬਹੁਤ ਜਣਿਆਂ ਨੂੰ ਆਪਣਾ ਕੰਮ ਕਰ ਕੇ ਇੰਨਾ ਮਜ਼ਾ ਆਉਂਦਾ ਹੈ ਕਿ ਉਹ ਇਸ ਨੂੰ ਲੰਬੇ ਸਮੇਂ ਤਕ ਕਰਦੇ ਰਹਿਣਾ ਚਾਹੁੰਦੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਵਧਦੀ ਉਮਰ ਕਰਕੇ ਸ਼ਾਇਦ ਉਹ ਹੁਣ ਪਹਿਲਾਂ ਵਾਂਗ ਕੰਮ ਨਹੀਂ ਕਰ ਸਕਦੇ। (ਉਪ. 1:4) ਇਸ ਕਰਕੇ ਯਹੋਵਾਹ ਦੇ ਲੋਕਾਂ ਨੂੰ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅੱਜ ਪ੍ਰਚਾਰ ਦਾ ਕੰਮ ਵਧਦਾ ਜਾ ਰਿਹਾ ਹੈ। ਯਹੋਵਾਹ ਦਾ ਸੰਗਠਨ ਆਧੁਨਿਕ ਤਕਨਾਲੋਜੀ ਦਾ ਇਸਤੇਮਾਲ ਕਰ ਰਿਹਾ ਹੈ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚ ਸਕੇ। ਪਰ ਕਈ ਵਾਰ ਬਿਰਧ ਭੈਣਾਂ-ਭਰਾਵਾਂ ਲਈ ਕੰਮ ਕਰਨ ਦੇ ਨਵੇਂ ਤਰੀਕੇ ਸਿੱਖਣੇ ਔਖੇ ਹੋ ਸਕਦੇ ਹਨ। (ਲੂਕਾ 5:39) ਨਾਲੇ ਵਧਦੀ ਉਮਰ ਨਾਲ ਲੋਕਾਂ ਦੀ ਤਾਕਤ ਘੱਟਦੀ ਰਹਿੰਦੀ ਹੈ। (ਕਹਾ. 20:29) ਇਸ ਲਈ ਇਹ ਪਿਆਰ ਅਤੇ ਸਮਝਦਾਰੀ ਦੀ ਗੱਲ ਹੋਵੇਗੀ ਕਿ ਬਿਰਧ ਭਰਾ ਨੌਜਵਾਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਦੀ ਸਿਖਲਾਈ ਦੇਣ।—ਜ਼ਬੂਰਾਂ ਦੀ ਪੋਥੀ 71:18 ਪੜ੍ਹੋ।
4 ਜ਼ਿੰਮੇਵਾਰ ਭਰਾਵਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਨੌਜਵਾਨਾਂ ਨੂੰ ਦੇਣੀਆਂ ਹਮੇਸ਼ਾ ਸੌਖੀਆਂ ਨਹੀਂ ਹੁੰਦੀਆਂ। ਇਹ ਸੋਚ ਕੇ ਭਰਾ ਦੁਖੀ ਹੋ ਸਕਦੇ ਹਨ ਕਿ ਉਨ੍ਹਾਂ ਨੂੰ ਉਹ ਜ਼ਿੰਮੇਵਾਰੀ ਛੱਡਣੀ ਪਵੇਗੀ ਜਿਸ ਨੂੰ ਕਰਨ ਵਿਚ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ। ਉਹ ਸ਼ਾਇਦ ਇਸ ਗੱਲ ਕਰਕੇ ਨਿਰਾਸ਼ ਹੋ ਜਾਣ ਕਿ ਉਨ੍ਹਾਂ ਦੇ ਹੱਥੋਂ ਜ਼ਿੰਮੇਵਾਰੀ ਖੁੰਝ ਜਾਵੇਗੀ। ਜਾਂ ਉਨ੍ਹਾਂ ਨੂੰ ਸ਼ਾਇਦ ਇਹ ਚਿੰਤਾ ਹੋਵੇ ਕਿ ਜੇ ਉਹ ਕੰਮ ਨਹੀਂ ਕਰਨਗੇ, ਤਾਂ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਜਾਵੇਗਾ। ਸ਼ਾਇਦ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਕੋਲ ਦੂਜਿਆਂ ਨੂੰ ਸਿਖਲਾਈ ਦੇਣ ਲਈ ਸਮਾਂ ਨਹੀਂ ਹੈ। ਦੂਜੇ ਪਾਸੇ, ਜਦੋਂ ਨੌਜਵਾਨਾਂ ਨੂੰ ਹੋਰ ਜ਼ਿੰਮੇਵਾਰੀਆਂ ਨਹੀਂ ਦਿੱਤੀਆਂ ਜਾਂਦੀਆਂ, ਤਾਂ ਉਨ੍ਹਾਂ ਨੂੰ ਧੀਰਜ ਰੱਖਣ ਦੀ ਲੋੜ ਹੈ।
ਹੀਰੇ-ਮੋਤੀ
it “ਉਪਦੇਸ਼ਕ” ਪੈਰਾ 1
ਉਪਦੇਸ਼ਕ
ਉਪਦੇਸ਼ਕ ਦੀ ਕਿਤਾਬ ਦਾ ਇਬਰਾਨੀ ਨਾਂ ਹੈ, ਕੋਹੇਲੇਥ। ਇਸ ਦਾ ਮਤਲਬ ਹੈ, “ਸਭਾ ਬੁਲਾਉਣ ਵਾਲਾ” ਜਾਂ “ਲੋਕਾਂ ਨੂੰ ਇਕੱਠਾ ਕਰਨ ਵਾਲਾ”। ਰਾਜਾ ਸੁਲੇਮਾਨ ਨੂੰ “ਲੋਕਾਂ ਨੂੰ ਇਕੱਠਾ ਕਰਨ ਵਾਲਾ” (ਉਪ 1:1, 12, ਫੁਟਨੋਟ) ਇਸ ਲਈ ਕਿਹਾ ਗਿਆ ਹੈ ਕਿਉਂਕਿ ਉਸ ਦੀ ਜ਼ਿੰਮੇਵਾਰੀ ਸੀ ਕਿ ਉਹ ਇਜ਼ਰਾਈਲ ਦੇ ਲੋਕਾਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਲਈ ਇਕੱਠਾ ਕਰੇ। (1 ਰਾਜ. 8:1-5, 41-43, 66) ਇਕ ਰਾਜੇ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਲੋਕਾਂ ਦੀ ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਮਦਦ ਕਰੇ ਅਤੇ ਸੱਚੀ ਭਗਤੀ ਕਰਨ ਵਿਚ ਉਨ੍ਹਾਂ ਦੀ ਅਗਵਾਈ ਕਰੇ। ਜੇ ਉਹ ਆਪਣੀ ਇਹ ਜ਼ਿੰਮੇਵਾਰੀ ਨਿਭਾਉਂਦਾ, ਤਾਂ ਉਹ ਇਕ ਚੰਗਾ ਰਾਜਾ ਮੰਨਿਆ ਜਾਂਦਾ ਸੀ। (2 ਰਾਜ. 16:1-4; 18:1-6) ਸੁਲੇਮਾਨ ਪਹਿਲਾਂ ਤੋਂ ਹੀ ਲੋਕਾਂ ਨੂੰ ਮੰਦਰ ਵਿਚ ਯਹੋਵਾਹ ਦੀ ਭਗਤੀ ਕਰਨ ਲਈ ਇਕੱਠਾ ਕਰ ਚੁੱਕਾ ਸੀ। ਉਪਦੇਸ਼ਕ ਦੀ ਕਿਤਾਬ ਦੇ ਜ਼ਰੀਏ ਉਸ ਨੇ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਉਨ੍ਹਾਂ ਕੰਮਾਂ ʼਤੇ ਧਿਆਨ ਲਾਉਣ ਜਿਨ੍ਹਾਂ ਤੋਂ ਯਹੋਵਾਹ ਦੀ ਮਹਿਮਾ ਹੁੰਦੀ ਹੈ, ਨਾ ਕਿ ਦੁਨੀਆਂ ਦੇ ਬੇਕਾਰ ਦੇ ਕੰਮਾਂ ʼਤੇ।
29 ਸਤੰਬਰ–5 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਪਦੇਸ਼ਕ ਦੀ ਕਿਤਾਬ 3-4
ਤਿੰਨ ਧਾਗਿਆਂ ਦੀ ਡੋਰੀ ਨੂੰ ਮਜ਼ਬੂਤ ਕਰੋ
ਤਕਨਾਲੋਜੀ ਦੀ ਸਹੀ ਵਰਤੋਂ ਕਿਵੇਂ ਕਰੀਏ?
● ਜੇ ਮੋਬਾਇਲ ਜਾਂ ਟੈਬਲੇਟ ਦੀ ਸਹੀ ਵਰਤੋਂ ਕੀਤੀ ਜਾਵੇ, ਤਾਂ ਇਸ ਨਾਲ ਪਤੀ-ਪਤਨੀ ਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ, ਜਿਵੇਂ ਕਿ ਜਦੋਂ ਪਤੀ-ਪਤਨੀ ਪੂਰਾ ਦਿਨ ਇਕ-ਦੂਸਰੇ ਤੋਂ ਦੂਰ ਰਹਿੰਦੇ ਹਨ, ਤਾਂ ਉਹ ਫ਼ੋਨ ʼਤੇ ਗੱਲ ਕਰ ਸਕਦੇ ਹਨ।
“ਇਕ ਛੋਟੇ ਜਿਹੇ ਮੈਸਿਜ ਨਾਲ ਵੀ ਬਹੁਤ ਫ਼ਰਕ ਪੈਂਦਾ ਹੈ, ਜਿਵੇਂ ‘ਆਈ ਲਵ ਯੂ ਜਾਂ ਮੈਨੂੰ ਤੇਰੀ ਯਾਦ ਆ ਰਹੀ ਹੈ।’”—ਜੋਨਾਥਨ।
● ਜੇ ਮੋਬਾਇਲ ਜਾਂ ਟੈਬਲੇਟ ਦੀ ਸਹੀ ਵਰਤੋਂ ਨਾ ਕੀਤੀ ਜਾਵੇ, ਤਾਂ ਇਸ ਨਾਲ ਪਤੀ-ਪਤਨੀ ਦਾ ਰਿਸ਼ਤਾ ਕਮਜ਼ੋਰ ਪੈ ਸਕਦਾ ਹੈ। ਮਿਸਾਲ ਲਈ, ਕੁਝ ਲੋਕ ਦਿਨ-ਰਾਤ ਮੋਬਾਇਲ ʼਤੇ ਲੱਗੇ ਰਹਿੰਦੇ ਹਨ ਜਿਸ ਕਾਰਨ ਉਹ ਆਪਣੇ ਸਾਥੀ ਨੂੰ ਸਮਾਂ ਨਹੀਂ ਦੇ ਪਾਉਂਦੇ।
“ਕਈ ਵਾਰ ਇੱਦਾਂ ਹੁੰਦਾ ਹੈ ਕਿ ਮੇਰੇ ਪਤੀ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ, ਪਰ ਕਰ ਨਹੀਂ ਪਾਉਂਦੇ ਕਿਉਂਕਿ ਮੈਂ ਫ਼ੋਨ ʼਤੇ ਲੱਗੀ ਰਹਿੰਦੀ ਹਾਂ।”—ਜੂਲਿਸਾ।
● ਕੁਝ ਲੋਕ ਕਹਿੰਦੇ ਹਨ ਕਿ ਉਹ ਆਪਣੀ ਪਤਨੀ ਜਾਂ ਪਤੀ ਨਾਲ ਗੱਲ ਕਰਨ ਦੇ ਨਾਲ-ਨਾਲ ਮੋਬਾਇਲ ਦੀ ਵਰਤੋਂ ਵੀ ਕਰ ਸਕਦੇ ਹਨ। ਸਮਾਜ ਬਾਰੇ ਖੋਜਬੀਨ ਕਰਨ ਵਾਲੀ ਸ਼ੈਰੀ ਟਰਕਲ ਕਹਿੰਦੀ ਹੈ, ‘ਲੋਕਾਂ ਨੂੰ ਲੱਗਦਾ ਹੈ ਕਿ ਉਹ ਇੱਕੋ ਸਮੇਂ ਤੇ ਕਈ ਕੰਮ ਕਰ ਸਕਦੇ ਹਨ। ਪਰ ਇਹ ਸੱਚ ਨਹੀਂ ਹੈ ਕਿਉਂਕਿ ਇੱਕੋ ਵਾਰ ਬਹੁਤ ਸਾਰੇ ਕੰਮ ਕਰਨ ਨਾਲ ਕੰਮ ਬਣਦੇ ਨਹੀਂ, ਸਗੋਂ ਵਿਗੜ ਜਾਂਦੇ ਹਨ।’
“ਜਦੋਂ ਮੈਂ ਆਪਣੇ ਪਤੀ ਨਾਲ ਗੱਲ ਕਰਦੀ ਹਾਂ, ਤਾਂ ਮੈਨੂੰ ਖ਼ੁਸ਼ੀ ਹੁੰਦੀ ਹੈ। ਪਰ ਜਦੋਂ ਉਹ ਗੱਲ ਕਰਦੇ-ਕਰਦੇ ਕੋਈ ਹੋਰ ਕੰਮ ਕਰਨ ਲੱਗ ਪੈਂਦੇ ਹਨ, ਤਾਂ ਮੈਨੂੰ ਚੰਗਾ ਨਹੀਂ ਲੱਗਦਾ। ਮੈਨੂੰ ਇੱਦਾਂ ਲੱਗਦਾ ਹੈ ਜਿਵੇਂ ਮੇਰੇ ਉੱਥੇ ਹੋਣ ਜਾਂ ਨਾ ਹੋਣ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਹੀ ਨਹੀਂ ਪੈਂਦਾ।”—ਸਾਰਾ।
ਮੁੱਖ ਗੱਲ: ਤੁਸੀਂ ਜਿਸ ਤਰੀਕੇ ਨਾਲ ਤਕਨਾਲੋਜੀ ਦੀ ਵਰਤੋਂ ਕਰਦੇ ਹੋ, ਉਸ ਨਾਲ ਤੁਹਾਡਾ ਵਿਆਹੁਤਾ
ਰਿਸ਼ਤਾ ਜਾਂ ਤਾਂ ਮਜ਼ਬੂਤ ਹੋ ਸਕਦਾ ਜਾਂ ਕਮਜ਼ੋਰ।
“ਯਾਹ ਦੀ ਲਾਟ” ਬੁਝਣ ਨਾ ਦਿਓ
12 ਪਤੀ-ਪਤਨੀਓ, ਤੁਸੀਂ ਪ੍ਰਿਸਕਿੱਲਾ ਤੇ ਅਕੂਲਾ ਤੋਂ ਕੀ ਸਿੱਖ ਸਕਦੇ ਹੋ? ਤੁਸੀਂ ਦੋਵੇਂ ਪੂਰਾ ਦਿਨ ਬਹੁਤ ਸਾਰੇ ਕੰਮ ਕਰਦੇ ਹੋਣੇ। ਕੀ ਇਨ੍ਹਾਂ ਵਿੱਚੋਂ ਕੁਝ ਕੰਮ ਤੁਸੀਂ ਮਿਲ ਕੇ ਕਰ ਸਕਦੇ ਹੋ? ਉਦਾਹਰਣ ਲਈ, ਪ੍ਰਿਸਕਿੱਲਾ ਤੇ ਅਕੂਲਾ ਇਕੱਠੇ ਮਿਲ ਕੇ ਪ੍ਰਚਾਰ ਕਰਦੇ ਸਨ। ਕੀ ਤੁਸੀਂ ਵੀ ਅਕਸਰ ਇਕੱਠੇ ਮਿਲ ਕੇ ਪ੍ਰਚਾਰ ਕਰਦੇ ਹੋ? ਪ੍ਰਿਸਕਿੱਲਾ ਤੇ ਅਕੂਲਾ ਇਕੱਠੇ ਮਿਲ ਕੇ ਕੰਮ ਕਰਦੇ ਸਨ। ਸ਼ਾਇਦ ਤੁਸੀਂ ਅਤੇ ਤੁਹਾਡਾ ਸਾਥੀ ਇੱਕੋ ਜਗ੍ਹਾ ʼਤੇ ਨੌਕਰੀ ਜਾਂ ਕੰਮ ਨਹੀਂ ਕਰਦੇ ਹੋਣੇ। ਪਰ ਕੀ ਤੁਸੀਂ ਘਰ ਦੇ ਕੰਮ ਇਕੱਠੇ ਮਿਲ ਕੇ ਕਰ ਸਕਦੇ ਹੋ? (ਉਪ. 4:9) ਜਦੋਂ ਤੁਸੀਂ ਕਿਸੇ ਕੰਮ ਵਿਚ ਇਕ-ਦੂਜੇ ਦਾ ਹੱਥ ਵਟਾਉਂਦੇ ਹੋ, ਤਾਂ ਤੁਸੀਂ ਇਕ ਟੀਮ ਵਾਂਗ ਮਹਿਸੂਸ ਕਰਦੇ ਹੋ ਅਤੇ ਤੁਹਾਡੇ ਕੋਲ ਗੱਲ ਕਰਨ ਦਾ ਮੌਕਾ ਹੁੰਦਾ ਹੈ। ਭਰਾ ਰੌਬਰਟ ਅਤੇ ਭੈਣ ਲੀਨਾ ਦੀ ਮਿਸਾਲ ʼਤੇ ਗੌਰ ਕਰੋ ਜਿਨ੍ਹਾਂ ਦੇ ਵਿਆਹ ਨੂੰ 50 ਤੋਂ ਜ਼ਿਆਦਾ ਸਾਲ ਹੋ ਗਏ ਹਨ। ਭਰਾ ਰੌਬਰਟ ਕਹਿੰਦਾ ਹੈ: “ਸੱਚ ਦੱਸਾਂ, ਤਾਂ ਸਾਡੇ ਕੋਲ ਮਨੋਰੰਜਨ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ। ਪਰ ਜਦੋਂ ਮੈਂ ਭਾਂਡੇ ਧੋਂਦਾ ਹਾਂ ਅਤੇ ਮੇਰੀ ਪਤਨੀ ਕੋਲ ਖੜ੍ਹ ਕੇ ਕੱਪੜੇ ਨਾਲ ਉਨ੍ਹਾਂ ਨੂੰ ਸੁਕਾ ਦਿੰਦੀ ਹੈ ਜਾਂ ਜਦੋਂ ਮੈਂ ਬਾਗ਼ ਵਿਚ ਕੰਮ ਕਰਦਾ ਹਾਂ ਅਤੇ ਉਹ ਆ ਕੇ ਮੇਰੀ ਮਦਦ ਕਰਦੀ ਹੈ, ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ। ਇਕੱਠੇ ਮਿਲ ਕੇ ਕੰਮ ਕਰਨ ਨਾਲ ਅਸੀਂ ਇਕ-ਦੂਜੇ ਦੇ ਨੇੜੇ ਆਉਂਦੇ ਹਾਂ ਅਤੇ ਸਾਡਾ ਪਿਆਰ ਵਧਦਾ ਹੈ।”
13 ਪਤੀ-ਪਤਨੀਓ, ਯਾਦ ਰੱਖੋ ਕਿ ਸਿਰਫ਼ ਇਕੱਠੇ ਰਹਿਣ ਨਾਲ ਹੀ ਤੁਸੀਂ ਇਕ-ਦੂਜੇ ਦੇ ਨੇੜੇ ਨਹੀਂ ਆ ਜਾਓਗੇ। ਬ੍ਰਾਜ਼ੀਲ ਦੀ ਇਕ ਵਿਆਹੀ ਭੈਣ ਦੱਸਦੀ ਹੈ: “ਕਦੇ-ਕਦੇ ਸਾਨੂੰ ਲੱਗ ਸਕਦਾ ਹੈ ਕਿ ਜੇ ਅਸੀਂ ਇੱਕੋ ਛੱਤ ਹੇਠਾਂ ਰਹਿ ਰਹੇ ਹਾਂ, ਤਾਂ ਅਸੀਂ ਇਕ-ਦੂਜੇ ਨਾਲ ਸਮਾਂ ਬਿਤਾ ਰਹੇ ਹਾਂ। ਪਰ ਅਸਲ ਵਿਚ ਇੱਦਾਂ ਸੋਚ ਕੇ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋਵਾਂਗੇ। ਕਿਉਂ? ਕਿਉਂਕਿ ਅੱਜ ਬਹੁਤ ਸਾਰੀਆਂ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਹਨ ਜਿਨ੍ਹਾਂ ਕਰਕੇ ਅਸੀਂ ਇਕੱਠੇ ਹੁੰਦੇ ਹੋਏ ਵੀ ਇਕੱਠੇ ਨਹੀਂ ਹੁੰਦੇ। ਮੈਨੂੰ ਅਹਿਸਾਸ ਹੋਇਆ ਕਿ ਸਿਰਫ਼ ਇਕ-ਦੂਜੇ ਨਾਲ ਹੋਣਾ ਹੀ ਕਾਫ਼ੀ ਨਹੀਂ ਹੈ। ਮੈਨੂੰ ਆਪਣੇ ਪਤੀ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ।” ਜ਼ਰਾ ਧਿਆਨ ਦਿਓ ਕਿ ਭਰਾ ਬਰੂਨੋ ਅਤੇ ਉਸ ਦੀ ਪਤਨੀ ਟੇਜ਼ ਇਸ ਗੱਲ ਦਾ ਕਿਵੇਂ ਖ਼ਿਆਲ ਰੱਖਦੇ ਹਨ। ਭਰਾ ਦੱਸਦਾ ਹੈ: “ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਤਾਂ ਅਸੀਂ ਆਪਣੇ ਫ਼ੋਨ ਇਕ ਪਾਸੇ ਰੱਖ ਦਿੰਦੇ ਹਾਂ ਤਾਂਕਿ ਅਸੀਂ ਇਕ-ਦੂਜੇ ਨਾਲ ਚੰਗੀ ਤਰ੍ਹਾਂ ਸਮਾਂ ਬਿਤਾ ਸਕੀਏ।”
14 ਹੋ ਸਕਦਾ ਹੈ ਕਿ ਤੁਹਾਨੂੰ ਇਕ-ਦੂਜੇ ਨਾਲ ਸਮਾਂ ਬਿਤਾਉਣਾ ਵਧੀਆ ਹੀ ਨਾ ਲੱਗਦਾ ਹੋਵੇ। ਸ਼ਾਇਦ ਤੁਹਾਡੀ ਪਸੰਦ-ਨਾਪਸੰਦ ਵੱਖੋ-ਵੱਖਰੀ ਹੋਵੇ ਜਾਂ ਤੁਸੀਂ ਇਕ-ਦੂਜੇ ਦੀਆਂ ਗੱਲਾਂ ਤੋਂ ਖਿੱਝ ਜਾਂਦੇ ਹੋਵੋ। ਫਿਰ ਤੁਸੀਂ ਕੀ ਕਰ ਸਕਦੇ ਹੋ? ਜ਼ਰਾ ਇਕ ਵਾਰ ਫਿਰ ਅੱਗ ਦੀ ਉਦਾਹਰਣ ʼਤੇ ਗੌਰ ਕਰੋ। ਅੱਗ ਬਾਲ਼ਣ ਤੋਂ ਤੁਰੰਤ ਬਾਅਦ ਹੀ ਉਸ ਵਿੱਚੋਂ ਲਾਟਾਂ ਨਹੀਂ ਨਿਕਲਣ ਲੱਗ ਪੈਂਦੀਆਂ, ਸਗੋਂ ਸਾਨੂੰ ਹੌਲੀ-ਹੌਲੀ ਇਸ ਵਿਚ ਲੱਕੜਾਂ ਪਾਉਣੀਆਂ ਪੈਂਦੀਆਂ ਹਨ, ਪਹਿਲਾਂ ਛੋਟੀਆਂ ਲੱਕੜਾਂ ਅਤੇ ਫਿਰ ਵੱਡੀਆਂ। ਇਸੇ ਤਰ੍ਹਾਂ ਕਿਉਂ ਨਾ ਹਰ ਰੋਜ਼ ਕੁਝ ਸਮਾਂ ਇਕੱਠਿਆਂ ਬਿਤਾਓ? ਧਿਆਨ ਰੱਖੋ ਕਿ ਤੁਸੀਂ ਅਜਿਹਾ ਕੁਝ ਨਾ ਕਰੋ ਜਿਸ ਨਾਲ ਤੁਹਾਡੇ ਸਾਥੀ ਨੂੰ ਗੁੱਸਾ ਆਵੇ, ਸਗੋਂ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰੋ ਜਿਸ ਨਾਲ ਤੁਹਾਨੂੰ ਦੋਹਾਂ ਨੂੰ ਮਜ਼ਾ ਆਵੇ। (ਯਾਕੂ. 3:18) ਇਸ ਤਰ੍ਹਾਂ ਜਦੋਂ ਤੁਸੀਂ ਇਕ-ਦੂਜੇ ਨਾਲ ਥੋੜ੍ਹਾ-ਥੋੜ੍ਹਾ ਸਮਾਂ ਬਿਤਾਓਗੇ, ਤਾਂ ਤੁਹਾਡਾ ਇਕ-ਦੂਜੇ ਲਈ ਪਿਆਰ ਫਿਰ ਤੋਂ ਜਾਗ ਜਾਵੇਗਾ।
“ਯਾਹ ਦੀ ਲਾਟ” ਬੁਝਣ ਨਾ ਦਿਓ
3 ਪਤੀ-ਪਤਨੀਓ ਜੇ ਤੁਸੀਂ ਚਾਹੁੰਦੇ ਕਿ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ “ਯਾਹ ਦੀ ਲਾਟ” ਨਾ ਬੁੱਝੇ, ਤਾਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਰਹੋ। ਇੱਦਾਂ ਕਰਨ ਨਾਲ ਤੁਹਾਡਾ ਇਕ-ਦੂਜੇ ਨਾਲ ਵੀ ਰਿਸ਼ਤਾ ਮਜ਼ਬੂਤ ਹੋਵੇਗਾ। ਕਿਵੇਂ? ਜਦੋਂ ਪਤੀ-ਪਤਨੀ ਆਪਣੇ ਸਵਰਗੀ ਪਿਤਾ ਨਾਲ ਆਪਣੇ ਰਿਸ਼ਤੇ ਨੂੰ ਅਹਿਮੀਅਤ ਦਿੰਦੇ ਹਨ, ਤਾਂ ਉਨ੍ਹਾਂ ਲਈ ਉਸ ਦੀ ਸਲਾਹ ਮੰਨਣੀ ਸੌਖੀ ਹੁੰਦੀ ਹੈ। ਇਸ ਤਰ੍ਹਾਂ ਉਹ ਕਾਫ਼ੀ ਹੱਦ ਤਕ ਉਨ੍ਹਾਂ ਮੁਸ਼ਕਲਾਂ ਤੋਂ ਬਚ ਪਾਉਂਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਦਾ ਪਿਆਰ ਠੰਢਾ ਪੈ ਸਕਦਾ ਹੈ। ਨਾਲੇ ਉਹ ਜ਼ਿੰਦਗੀ ਵਿਚ ਮੁਸ਼ਕਲਾਂ ਆਉਣ ʼਤੇ ਇਨ੍ਹਾਂ ਨੂੰ ਸੁਲਝਾ ਵੀ ਪਾਉਂਦੇ ਹਨ। (ਉਪਦੇਸ਼ਕ ਦੀ ਕਿਤਾਬ 4:12 ਪੜ੍ਹੋ।) ਇਸ ਤੋਂ ਇਲਾਵਾ, ਜਿਨ੍ਹਾਂ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਹੁੰਦਾ ਹੈ, ਉਹ ਉਸ ਵਰਗੇ ਬਣਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਯਹੋਵਾਹ ਵਾਂਗ ਧੀਰਜ ਰੱਖਣ, ਇਕ-ਦੂਜੇ ਨੂੰ ਮਾਫ਼ ਕਰਨ ਅਤੇ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਅਫ਼. 4:32–5:1) ਜਿਹੜੇ ਜੋੜੇ ਇਹ ਗੁਣ ਦਿਖਾਉਂਦੇ ਹਨ, ਉਨ੍ਹਾਂ ਲਈ ਇਕ-ਦੂਜੇ ਨੂੰ ਪਿਆਰ ਕਰਨਾ ਹੋਰ ਵੀ ਸੌਖਾ ਹੋ ਜਾਂਦਾ ਹੈ। ਭੈਣ ਲੀਨਾ ਦੇ ਵਿਆਹ ਨੂੰ 25 ਤੋਂ ਵੀ ਜ਼ਿਆਦਾ ਸਾਲ ਹੋ ਗਏ ਹਨ। ਉਹ ਦੱਸਦੀ ਹੈ: “ਯਹੋਵਾਹ ਨੂੰ ਪਿਆਰ ਕਰਨ ਵਾਲੇ ਵਿਅਕਤੀ ਨੂੰ ਪਿਆਰ ਕਰਨਾ ਅਤੇ ਉਸ ਦਾ ਆਦਰ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ।”
ਹੀਰੇ-ਮੋਤੀ
it “ਪਿਆਰ” ਪੈਰਾ 39
ਪਿਆਰ
“ਇਕ ਪਿਆਰ ਕਰਨ ਦਾ ਸਮਾਂ ਹੈ”: ਉਸ ਵਿਅਕਤੀ ਨਾਲ ਪਿਆਰ ਨਹੀਂ ਕੀਤਾ ਜਾਂਦਾ ਜੋ ਆਪਣੇ ਕੰਮਾਂ ਰਾਹੀਂ ਸਾਬਤ ਕਰਦਾ ਹੈ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਿਆਰ ਦੇ ਲਾਇਕ ਨਹੀਂ ਹੈ ਜਾਂ ਉਹ ਬੁਰੇ ਕੰਮਾਂ ਵਿਚ ਲੱਗਾ ਰਹਿੰਦਾ ਹੈ। ਯਹੋਵਾਹ ਸਾਰੇ ਇਨਸਾਨਾਂ ਨਾਲ ਪਿਆਰ ਕਰਦਾ ਹੈ, ਪਰ ਜਦੋਂ ਕੋਈ ਪਰਮੇਸ਼ੁਰ ਨਾਲ ਨਫ਼ਰਤ ਕਰਦਾ ਹੈ, ਤਾਂ ਪਰਮੇਸ਼ੁਰ ਉਸ ਇਨਸਾਨ ਨਾਲ ਪਿਆਰ ਕਰਨਾ ਛੱਡ ਦਿੰਦਾ ਹੈ। ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਧਾਰਮਿਕਤਾ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਕਰਦੇ ਹਨ। (ਜ਼ਬੂ. 45:7; ਇਬ. 1:9) ਪਰਮੇਸ਼ੁਰ ਨਾਲ ਸਖ਼ਤ ਨਫ਼ਰਤ ਕਰਨ ਵਾਲਿਆਂ ਨੂੰ ਪਿਆਰ ਨਹੀਂ ਦਿਖਾਇਆ ਜਾਣਾ ਚਾਹੀਦਾ। ਅਜਿਹੇ ਲੋਕਾਂ ਨੂੰ ਪਿਆਰ ਦਿਖਾਉਂਦੇ ਰਹਿਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਉਹ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਦੇਖ ਕੇ ਵੀ ਉਸ ਨਾਲ ਪਿਆਰ ਨਹੀਂ ਕਰਨਗੇ। (ਜ਼ਬੂ. 139:21, 22; ਯਸਾ. 26:10) ਇਸ ਲਈ ਇਹ ਸਹੀ ਹੈ ਕਿ ਪਰਮੇਸ਼ੁਰ ਉਨ੍ਹਾਂ ਨਾਲ ਨਫ਼ਰਤ ਕਰਦਾ ਹੈ ਅਤੇ ਉਸ ਨੇ ਉਨ੍ਹਾਂ ਨੂੰ ਸਜ਼ਾ ਦੇਣ ਦਾ ਸਮਾਂ ਤੈਅ ਕੀਤਾ ਹੈ।—ਜ਼ਬੂ. 21:8, 9; ਉਪ. 3:1, 8.
6-12 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਪਦੇਸ਼ਕ ਦੀ ਕਿਤਾਬ 5-6
ਅਸੀਂ ਆਪਣੇ ਮਹਾਨ ਪਰਮੇਸ਼ੁਰ ਪ੍ਰਤੀ ਗਹਿਰਾ ਆਦਰ ਕਿਵੇਂ ਦਿਖਾ ਸਕਦੇ ਹਾਂ?
ਦੂਸਰਿਆਂ ਦੀ ਇੱਜ਼ਤ ਕਰ ਕੇ ਯਹੋਵਾਹ ਦਾ ਆਦਰ ਕਰੋ
17 ਯਹੋਵਾਹ ਦੀ ਭਗਤੀ ਕਰਨ ਸਮੇਂ ਸਾਨੂੰ ਉਸ ਦਾ ਆਦਰ ਕਰਨਾ ਚਾਹੀਦਾ ਹੈ। ਉਪਦੇਸ਼ਕ ਦੀ ਪੋਥੀ 5:1 ਵਿਚ ਲਿਖਿਆ ਹੈ: “ਜਿਸ ਵੇਲੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇਂ ਤਾਂ ਪੈਰ ਚੌਕਸੀ ਨਾਲ ਧਰ।” ਮੂਸਾ ਅਤੇ ਯਹੋਸ਼ੁਆ ਦੋਹਾਂ ਨੂੰ ਪਵਿੱਤਰ ਜਗ੍ਹਾ ਵਿਚ ਹੋਣ ਕਰਕੇ ਪੈਰੋਂ ਜੁੱਤੀ ਲਾਉਣ ਲਈ ਕਿਹਾ ਗਿਆ ਸੀ। (ਕੂਚ 3:5; ਯਹੋ. 5:15) ਇਹ ਪਰਮੇਸ਼ੁਰ ਦਾ ਆਦਰ ਕਰਨ ਲਈ ਸੀ। ਲੇਵੀ ਜਾਜਕਾਂ ਨੂੰ ਆਪਣਾ ‘ਨੰਗੇਜ ਕੱਜਣ ਲਈ’ ਕਤਾਨ ਦੇ ਕਛਹਿਰੇ ਪਾਉਣ ਨੂੰ ਕਿਹਾ ਗਿਆ ਸੀ। (ਕੂਚ 28:42, 43) ਇਸ ਤਰ੍ਹਾਂ ਚੱਜ ਦੇ ਕੱਪੜੇ ਪਾ ਕੇ ਉਹ ਪਰਮੇਸ਼ੁਰ ਦਾ ਆਦਰ ਕਰਦੇ ਸਨ। ਜਾਜਕਾਂ ਦੇ ਪਰਿਵਾਰਾਂ ਦੇ ਹਰ ਮੈਂਬਰ ਨੂੰ ਵੀ ਚੱਜ ਦੇ ਕੱਪੜੇ ਪਾਉਣੇ ਪੈਂਦੇ ਸਨ।
18 ਆਦਰ-ਸਤਿਕਾਰ ਦਾ ਭਗਤੀ ਨਾਲ ਸੰਬੰਧ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਕੋਈ ਸਾਡਾ ਆਦਰ-ਸਤਿਕਾਰ ਕਰੇ, ਤਾਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦਾ ਆਦਰ-ਸਤਿਕਾਰ ਕਰੀਏ। ਇਹ ਸਾਨੂੰ ਉੱਪਰੋਂ-ਉੱਪਰੋਂ ਦਿਖਾਵੇ ਲਈ ਨਹੀਂ, ਸਗੋਂ ਦਿਲੋਂ ਕਰਨਾ ਚਾਹੀਦਾ ਹੈ। (1 ਸਮੂ. 16:7; ਕਹਾ. 21:2) ਸਾਡੀ ਕਹਿਣੀ ਅਤੇ ਕਰਨੀ ਤੋਂ ਹਰ ਵੇਲੇ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਦੂਸਰਿਆਂ ਦਾ ਆਦਰ-ਮਾਣ ਕਰਦੇ ਹਾਂ। ਨਾਲੇ ਸਾਨੂੰ ਆਪਣਾ ਮਾਣ ਕਰਨਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਆਪਣਾ ਨਾ ਕੀਤਾ, ਤਾਂ ਹੋਰ ਕੋਈ ਸਾਡਾ ਕਿਉਂ ਕਰੇਗਾ? ਸਾਨੂੰ ਆਪਣੇ ਚਾਲ-ਚਲਣ ਅਤੇ ਪਹਿਰਾਵੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਆਓ ਆਪਾਂ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਉੱਤੇ ਚੱਲੀਏ: “ਅਸੀਂ ਕਿਸੇ ਗੱਲ ਵਿੱਚ ਠੋਕਰ ਨਹੀਂ ਖੁਆਉਂਦੇ ਭਈ ਕਿਤੇ ਇਸ ਸੇਵਕਾਈ ਉੱਤੇ ਹਰਫ਼ ਨਾ ਆਵੇ। ਪਰ ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦਿੰਦੇ ਹਾਂ।” (2 ਕੁਰਿੰ. 6:3, 4) ਅਸੀਂ ‘ਸਾਰੀਆਂ ਗੱਲਾਂ ਵਿੱਚ ਆਪਣੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਦੇ ਹਾਂ।’—ਤੀਤੁ. 2:10.
ਬਾਈਬਲ ਦਾ ਅਧਿਐਨ ਕਰ ਕੇ ਹੋਰ ਵੀ ਵਧੀਆ ਪ੍ਰਾਰਥਨਾਵਾਂ ਕਰੋ
21 ਯਿਸੂ ਬੜੀ ਸ਼ਰਧਾ ਤੇ ਪੂਰੀ ਨਿਹਚਾ ਨਾਲ ਪ੍ਰਾਰਥਨਾ ਕਰਦਾ ਸੀ। ਮਿਸਾਲ ਲਈ, ਲਾਜ਼ਰ ਨੂੰ ਜੀ ਉਠਾਉਣ ਤੋਂ ਪਹਿਲਾਂ, “ਯਿਸੂ ਨੇ ਅੱਖਾਂ ਉਤਾਹਾਂ ਕਰ ਕੇ ਆਖਿਆ, ਹੇ ਪਿਤਾ ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈਂ ਮੇਰੀ ਸੁਣੀ। ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈਂ।” (ਯੂਹੰ. 11:41, 42) ਕੀ ਤੁਹਾਡੀਆਂ ਪ੍ਰਾਰਥਨਾਵਾਂ ਤੋਂ ਵੀ ਇਹੋ ਜਿਹੀ ਸ਼ਰਧਾ ਤੇ ਨਿਹਚਾ ਜ਼ਾਹਰ ਹੁੰਦੀ ਹੈ? ਯਿਸੂ ਦੀ ਆਦਰ ਨਾਲ ਕੀਤੀ ਉਹ ਪ੍ਰਾਰਥਨਾ ਧਿਆਨ ਨਾਲ ਪੜ੍ਹੋ ਜੋ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਈ ਸੀ। ਤੁਸੀਂ ਦੇਖੋਗੇ ਕਿ ਪ੍ਰਾਰਥਨਾ ਵਿਚ ਉਸ ਨੇ ਸਭ ਤੋਂ ਪਹਿਲਾਂ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ, ਉਸ ਦੇ ਰਾਜ ਦੇ ਆਉਣ ਅਤੇ ਉਸ ਦੀ ਮਰਜ਼ੀ ਪੂਰੀ ਹੋਣ ʼਤੇ ਜ਼ੋਰ ਦਿੱਤਾ ਸੀ। (ਮੱਤੀ 6:9, 10) ਆਪਣੀਆਂ ਪ੍ਰਾਰਥਨਾਵਾਂ ਬਾਰੇ ਸੋਚੋ। ਕੀ ਤੁਸੀਂ ਵੀ ਪ੍ਰਾਰਥਨਾ ਵਿਚ ਦਿਲੋਂ ਕਹਿੰਦੇ ਹੋ ਕਿ ਯਹੋਵਾਹ ਦਾ ਰਾਜ ਆਵੇ, ਉਸ ਦੀ ਮਰਜ਼ੀ ਪੂਰੀ ਹੋਵੇ ਅਤੇ ਉਸ ਦੇ ਨਾਮ ਨੂੰ ਪਵਿੱਤਰ ਕੀਤਾ ਜਾਵੇ? ਤੁਹਾਨੂੰ ਇਵੇਂ ਕਰਨਾ ਚਾਹੀਦਾ ਹੈ।
“ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ”
12 ਪਰ ਬਪਤਿਸਮਾ ਸਿਰਫ਼ ਸ਼ੁਰੂਆਤ ਹੈ। ਇਸ ਤੋਂ ਬਾਅਦ ਵੀ ਅਸੀਂ ਆਪਣੇ ਸਮਰਪਣ ਦੇ ਵਾਅਦੇ ਅਨੁਸਾਰ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਨੀ ਚਾਹੁੰਦੇ ਹਾਂ। ਇਸ ਲਈ ਆਪਣੇ ਆਪ ਤੋਂ ਪੁੱਛੋ: ‘ਬਪਤਿਸਮੇ ਤੋਂ ਬਾਅਦ ਕੀ ਮੈਂ ਸੱਚਾਈ ਵਿਚ ਤਰੱਕੀ ਕਰ ਰਿਹਾ ਹਾਂ? ਕੀ ਮੈਂ ਅਜੇ ਵੀ ਯਹੋਵਾਹ ਦੀ ਦਿਲੋਂ ਸੇਵਾ ਕਰ ਰਿਹਾ ਹਾਂ? (ਕੁਲੁ. 3:23) ਕੀ ਮੈਂ ਬਾਕਾਇਦਾ ਪ੍ਰਾਰਥਨਾ ਕਰਦਾ ਹਾਂ? ਕੀ ਮੈਂ ਰੋਜ਼ ਬਾਈਬਲ ਪੜਦਾ ਹਾਂ? ਕੀ ਮੈਂ ਹਰ ਸਭਾ ਵਿਚ ਜਾਂਦਾ ਹਾਂ? ਜਿੰਨਾ ਹੋ ਸਕੇ ਕੀ ਮੈਂ ਪ੍ਰਚਾਰ ਵਿਚ ਹਿੱਸਾ ਲੈਂਦਾ ਹਾਂ? ਜਾਂ ਕੀ ਇਨ੍ਹਾਂ ਕੰਮਾਂ ਲਈ ਮੇਰਾ ਜੋਸ਼ ਠੰਢਾ ਪੈ ਗਿਆ ਹੈ?’ ਜੇ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਜੋਸ਼ ਠੰਢਾ ਪਵੇ, ਤਾਂ ਸਾਨੂੰ ਪਤਰਸ ਰਸੂਲ ਦੀ ਸਲਾਹ ਅਨੁਸਾਰ ਧੀਰਜ ਤੇ ਗਿਆਨ ਨੂੰ ਵਧਾਉਣ ਦੇ ਨਾਲ-ਨਾਲ ਭਗਤੀ ਦੇ ਕੰਮਾਂ ਵਿਚ ਵੀ ਅੱਗੇ ਵਧਣਾ ਚਾਹੀਦਾ ਹੈ।—2 ਪਤਰਸ 1:5-8 ਪੜ੍ਹੋ।
ਹੀਰੇ-ਮੋਤੀ
ਪਾਠਕਾਂ ਵੱਲੋਂ ਸਵਾਲ
ਉਪਦੇਸ਼ਕ ਦੀ ਪੋਥੀ 5:8 ਵਿਚ ਉਸ ਅਧਿਕਾਰੀ ਬਾਰੇ ਦੱਸਿਆ ਗਿਆ ਹੈ ਜਿਹੜਾ ਗ਼ਰੀਬਾਂ ਉੱਤੇ ਅਤਿਆਚਾਰ ਅਤੇ ਅਨਿਆਂ ਕਰਦਾ ਹੈ। ਉਸ ਅਧਿਕਾਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਤੋਂ ਉੱਪਰ ਵੀ ਕੋਈ ਸਰਕਾਰੀ ਅਧਿਕਾਰੀ ਹੈ ਜੋ ਉਸ ਉੱਤੇ ਨਜ਼ਰ ਰੱਖ ਰਿਹਾ ਹੈ। ਸ਼ਾਇਦ ਹੋਰਾਂ ਕੋਲ ਉਸ ਤੋਂ ਵੀ ਉੱਚਾ ਰੁਤਬਾ ਹੋਵੇ। ਦੁੱਖ ਦੀ ਗੱਲ ਹੈ ਕਿ ਸ਼ਾਇਦ ਇਨਸਾਨੀ ਸਰਕਾਰਾਂ ਦੇ ਇਹ ਸਾਰੇ ਅਧਿਕਾਰੀ ਭ੍ਰਿਸ਼ਟ ਹੋਣ ਅਤੇ ਆਮ ਲੋਕਾਂ ਨੂੰ ਇਨ੍ਹਾਂ ਦੇ ਰਾਜ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।
ਅੱਜ ਦੇ ਹਾਲਾਤਾਂ ਨੂੰ ਦੇਖ ਕੇ ਸ਼ਾਇਦ ਸਾਨੂੰ ਲੱਗੇ ਕਿ ਸੁਧਾਰ ਨਹੀਂ ਹੋਵੇਗਾ, ਪਰ ਸਾਨੂੰ ਇਹ ਜਾਣ ਕੇ ਦਿਲਾਸਾ ਮਿਲ ਸਕਦਾ ਹੈ ਕਿ ਯਹੋਵਾਹ ਇਨਸਾਨੀ ਸਰਕਾਰਾਂ ਦੇ ਉੱਚ ਅਧਿਕਾਰੀਆਂ ਉੱਤੇ ਨਜ਼ਰ ਰੱਖਦਾ ਹੈ। ਅਸੀਂ ਯਹੋਵਾਹ ਨੂੰ ਬੇਨਤੀ ਕਰ ਸਕਦੇ ਹਾਂ ਅਤੇ ਉਸ ʼਤੇ ਆਪਣਾ ਬੋਝ ਸੁੱਟ ਸਕਦੇ ਹਾਂ। (ਜ਼ਬੂ. 55:22; ਫ਼ਿਲਿ. 4:6, 7) ਅਸੀਂ ਜਾਣਦੇ ਹਾਂ ਕਿ “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।”—2 ਇਤ. 16:9.
ਸੋ ਉਪਦੇਸ਼ਕ ਦੀ ਪੋਥੀ 5:8 ਵਿਚ ਸਾਨੂੰ ਦੁਨੀਆਂ ਦੀ ਅਸਲੀਅਤ ਬਾਰੇ ਯਾਦ ਕਰਾਇਆ ਗਿਆ ਹੈ ਅਤੇ ਇਹ ਵੀ ਕਿ ਹਮੇਸ਼ਾ ਕਿਸੇ-ਨਾ-ਕਿਸੇ ਕੋਲ ਜ਼ਿਆਦਾ ਅਧਿਕਾਰ ਹੁੰਦਾ ਹੈ। ਇਹ ਆਇਤ ਸਾਨੂੰ ਸਭ ਤੋਂ ਜ਼ਰੂਰੀ ਗੱਲ ਯਾਦ ਕਰਾਉਂਦੀ ਹੈ ਕਿ ਯਹੋਵਾਹ ਤੋਂ ਉੱਪਰ ਹੋਰ ਕੋਈ ਨਹੀਂ ਅਤੇ ਉਹੀ ਅੱਤ ਮਹਾਨ ਹੈ। ਉਹ ਹੁਣ ਆਪਣੇ ਪੁੱਤਰ ਯਿਸੂ ਮਸੀਹ ਰਾਹੀਂ ਰਾਜ ਕਰ ਰਿਹਾ ਹੈ। ਸਰਬਸ਼ਕਤੀਮਾਨ ਸਾਰਿਆਂ ʼਤੇ ਧਿਆਨ ਦਿੰਦਾ ਹੈ ਅਤੇ ਭਵਿੱਖ ਵਿਚ ਉਹ ਅਤੇ ਉਸ ਦਾ ਪੁੱਤਰ ਨਿਆਂ ਕਰਨਗੇ।
13-19 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਪਦੇਸ਼ਕ ਦੀ ਕਿਤਾਬ 7-8
‘ਸੋਗ ਵਾਲੇ ਘਰ ਜਾਓ’
it “ਸੋਗ ਮਨਾਉਣਾ” ਪੈਰਾ 9
ਸੋਗ ਮਨਾਉਣਾ
ਸੋਗ ਮਨਾਉਣ ਦਾ ਸਮਾਂ। ਉਪਦੇਸ਼ਕ ਦੀ ਕਿਤਾਬ 3: 1, 4 ਵਿਚ ਲਿਖਿਆ ਹੈ, “ਇਕ ਰੋਣ ਦਾ ਸਮਾਂ ਹੈ ਅਤੇ ਇਕ ਹੱਸਣ ਦਾ ਸਮਾਂ ਹੈ; ਇਕ ਸੋਗ ਮਨਾਉਣ ਦਾ ਸਮਾਂ ਹੈ ਅਤੇ ਇਕ ਨੱਚਣ ਦਾ ਸਮਾਂ ਹੈ।” ਇਕ ਬੁੱਧੀਮਾਨ ਵਿਅਕਤੀ ਯਾਦ ਰੱਖਦਾ ਹੈ ਕਿ ਸਾਰੇ ਇਨਸਾਨ ਮੌਤ ਦੇ ਵੱਸ ਵਿਚ ਹਨ, ਇਸ ਲਈ ਉਸ ਦਾ ਮਨ ਦਾਅਵਤ ਵਾਲੇ ਘਰ ਜਾਣ ਦੀ ਬਜਾਇ “ਸੋਗ ਵਾਲੇ ਘਰ” ਜਾਣ ʼਤੇ ਲੱਗਾ ਰਹਿੰਦਾ ਹੈ। (ਉਪ. 7:2, 4; ਕਹਾ. 14:13 ਵਿਚ ਨੁਕਤਾ ਦੇਖੋ।) ਇਸ ਲਈ ਇਕ ਬੁੱਧੀਮਾਨ ਇਨਸਾਨ ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦੇਣ ਅਤੇ ਉਨ੍ਹਾਂ ਦਾ ਦੁੱਖ ਵੰਡਾਉਣ ਲਈ ਸਮਾਂ ਕੱਢਦਾ ਹੈ, ਨਾ ਕਿ ਉਹ ਇਸ ਮੌਕੇ ਨੂੰ ਨਜ਼ਰਅੰਦਾਜ਼ ਕਰ ਕੇ ਮੌਜ-ਮਸਤੀ ਕਰਨ ਬਾਰੇ ਸੋਚਦਾ ਹੈ। ਇੱਦਾਂ ਉਹ ਯਾਦ ਰੱਖਦਾ ਹੈ ਕਿ ਉਹ ਵੀ ਮਰਨਹਾਰ ਇਨਸਾਨ ਹੈ ਅਤੇ ਉਹ ਦਿਲੋਂ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਚੱਲਦਾ ਹੈ।
ਤਣਾਅ ਦਾ ਸਾਮ੍ਹਣਾ ਕਰਨ ਵਿਚ ਦੂਜਿਆਂ ਦੀ ਮਦਦ ਕਰੋ
15 ਵਿਲੀਅਮ ਦੀ ਪਤਨੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ। ਉਹ ਕਹਿੰਦਾ ਹੈ: “ਮੈਨੂੰ ਚੰਗਾ ਲੱਗਦਾ ਹੈ ਜਦੋਂ ਦੂਜੇ ਮੇਰੇ ਨਾਲ ਮੇਰੀ ਪਤਨੀ ਬਾਰੇ ਵਧੀਆ ਗੱਲਾਂ ਕਰਦੇ ਹਨ। ਇਸ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਲੋਕ ਉਸ ਨਾਲ ਪਿਆਰ ਕਰਦੇ ਸਨ ਤੇ ਉਸ ਦੀ ਇੱਜ਼ਤ ਕਰਦੇ ਸਨ। ਇਸ ਤਰ੍ਹਾਂ ਮੇਰੀ ਬਹੁਤ ਮਦਦ ਹੁੰਦੀ ਹੈ। ਮੈਨੂੰ ਬਹੁਤ ਦਿਲਾਸਾ ਮਿਲਦਾ ਹੈ ਕਿਉਂਕਿ ਅਸੀਂ ਹਮੇਸ਼ਾ ਇਕੱਠੇ ਹੁੰਦੇ ਸੀ ਅਤੇ ਉਹ ਮੇਰੇ ਲਈ ਬਹੁਤ ਅਨਮੋਲ ਸੀ।” ਇਕ ਵਿਧਵਾ ਭੈਣ ਬਿਆਂਕਾ ਦੱਸਦੀ ਹੈ: “ਮੈਨੂੰ ਦਿਲਾਸਾ ਮਿਲਦਾ ਹੈ ਜਦੋਂ ਦੂਜੇ ਮੇਰੇ ਨਾਲ ਪ੍ਰਾਰਥਨਾ ਕਰਦੇ ਹਨ ਅਤੇ ਮੇਰੇ ਨਾਲ ਇਕ ਜਾਂ ਦੋ ਆਇਤਾਂ ਪੜ੍ਹਦੇ ਹਨ। ਮੈਨੂੰ ਵਧੀਆ ਲੱਗਦਾ ਹੈ ਜਦੋਂ ਉਹ ਮੇਰੇ ਪਤੀ ਬਾਰੇ ਗੱਲਾਂ ਕਰਦੇ ਹਨ ਅਤੇ ਮੇਰੀਆਂ ਗੱਲਾਂ ਸੁਣਦੇ ਹਨ ਜਦੋਂ ਮੈਂ ਆਪਣੇ ਪਤੀ ਬਾਰੇ ਦੱਸਦੀ ਹਾਂ।”
“ਰੋਣ ਵਾਲੇ ਲੋਕਾਂ ਨਾਲ ਰੋਵੋ”
16 ਸੋਗ ਮਨਾਉਣ ਵਾਲੇ ਭੈਣਾਂ-ਭਰਾਵਾਂ ਨੂੰ ਸਾਡੀਆਂ ਪ੍ਰਾਰਥਨਾਵਾਂ ਤੋਂ ਵੀ ਦਿਲਾਸਾ ਮਿਲ ਸਕਦਾ ਹੈ। ਅਸੀਂ ਉਨ੍ਹਾਂ ਲਈ ਜਾਂ ਉਨ੍ਹਾਂ ਨਾਲ ਪ੍ਰਾਰਥਨਾ ਕਰ ਸਕਦੇ ਹਾਂ। ਸ਼ਾਇਦ ਤੁਹਾਡੇ ਲਈ ਇਸ ਤਰ੍ਹਾਂ ਕਰਨਾ ਔਖਾ ਹੋਵੇ ਕਿਉਂਕਿ ਤੁਸੀਂ ਸੋਚਦੇ ਹੋ ਕਿ ਪ੍ਰਾਰਥਨਾ ਕਰਦਿਆਂ ਤੁਸੀਂ ਰੋ ਪਵੋਗੇ। ਪਰ ਤੁਹਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਤੋਂ ਉਨ੍ਹਾਂ ਨੂੰ ਹੌਸਲਾ ਮਿਲ ਸਕਦਾ ਹੈ। ਡੀਲੇਨ ਯਾਦ ਕਰਦੀ ਹੈ: “ਜਦੋਂ ਭੈਣਾਂ ਮੈਨੂੰ ਦਿਲਾਸਾ ਦੇਣ ਆਉਂਦੀਆਂ ਸਨ, ਤਾਂ ਮੈਂ ਉਨ੍ਹਾਂ ਨੂੰ ਪ੍ਰਾਰਥਨਾ ਕਰਨ ਲਈ ਕਹਿੰਦੀ ਸੀ। ਪ੍ਰਾਰਥਨਾ ਦੇ ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਤੋਂ ਬੋਲ ਹੀ ਨਹੀਂ ਸੀ ਹੁੰਦਾ। ਪਰ ਹਰ ਵਾਰ ਕੁਝ ਹੀ ਗੱਲਾਂ ਕਹਿਣ ਤੋਂ ਬਾਅਦ ਉਨ੍ਹਾਂ ਨੂੰ ਹਿੰਮਤ ਆ ਜਾਂਦੀ ਸੀ ਅਤੇ ਉਹ ਇੰਨੀ ਵਧੀਆ ਪ੍ਰਾਰਥਨਾ ਕਰਦੀਆਂ ਸਨ ਕਿ ਉਨ੍ਹਾਂ ਦੇ ਲਫ਼ਜ਼ ਮੇਰੇ ਧੁਰ ਅੰਦਰ ਚਲੇ ਜਾਂਦੇ ਸਨ। ਉਨ੍ਹਾਂ ਦੀ ਪੱਕੀ ਨਿਹਚਾ, ਪਿਆਰ ਅਤੇ ਪਰਵਾਹ ਕਰਕੇ ਮੇਰੀ ਨਿਹਚਾ ਮਜ਼ਬੂਤ ਹੋਈ ਹੈ।”
“ਰੋਣ ਵਾਲੇ ਲੋਕਾਂ ਨਾਲ ਰੋਵੋ”
17 ਅਸੀਂ ਨਹੀਂ ਦੱਸ ਸਕਦੇ ਕਿ ਕਿਸੇ ਨੂੰ ਕਿੰਨੀ ਦੇਰ ਤਕ ਸੋਗ ਮਨਾਉਣਾ ਚਾਹੀਦਾ ਹੈ। ਕਿਸੇ ਦੀ ਮੌਤ ਹੋਣ ਤੇ ਬਹੁਤ ਸਾਰੇ ਦੋਸਤ ਅਤੇ ਰਿਸ਼ਤੇਦਾਰ ਦਿਲਾਸਾ ਦੇਣ ਆਉਂਦੇ ਹਨ। ਬਾਅਦ ਵਿਚ ਸਾਰੇ ਆਪੋ-ਆਪਣੀਆਂ ਜ਼ਿੰਦਗੀਆਂ ਵਿਚ ਰੁੱਝ ਜਾਂਦੇ ਹਨ। ਪਰ ਸੋਗ ਮਨਾਉਣ ਵਾਲੇ ਨੂੰ ਬਾਅਦ ਵਿਚ ਵੀ ਦਿਲਾਸੇ ਦੀ ਲੋੜ ਹੁੰਦੀ ਹੈ। ਇਸ ਲਈ ਹਮੇਸ਼ਾ ਦਿਲਾਸਾ ਦੇਣ ਲਈ ਤਿਆਰ ਰਹੋ। “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾ. 17:17) ਜਿੰਨੀ ਦੇਰ ਤਕ ਸੋਗ ਮਨਾਉਣ ਵਾਲੇ ਦੇ ਜ਼ਖ਼ਮ ਨਹੀਂ ਭਰਦੇ, ਉੱਨੀ ਦੇਰ ਤਕ ਸਾਨੂੰ ਦਿਲਾਸਾ ਦਿੰਦੇ ਰਹਿਣਾ ਚਾਹੀਦਾ ਹੈ।—1 ਥੱਸਲੁਨੀਕੀਆਂ 3:7 ਪੜ੍ਹੋ।
18 ਯਾਦ ਰੱਖੋ ਕਿ ਸੋਗ ਮਨਾਉਣ ਵਾਲੇ ਦਾ ਦਿਲ ਕਦੀ ਵੀ ਭਰ ਆ ਸਕਦਾ ਹੈ। ਇਹ ਕਈ ਕਾਰਨਾਂ ਕਰਕੇ ਹੋ ਸਕਦਾ, ਜਿਵੇਂ ਕਿ ਵਿਆਹ ਦੀ ਸਾਲ-ਗਿਰ੍ਹਾ, ਸੰਗੀਤ, ਤਸਵੀਰਾਂ, ਕੰਮ, ਆਵਾਜ਼, ਰੁੱਤ ਜਾਂ ਇੱਥੋਂ ਤਕ ਕਿ ਕਿਸੇ ਤਰ੍ਹਾਂ ਦੀ ਖ਼ੁਸ਼ਬੂ ਕਰਕੇ ਵੀ ਹੋ ਸਕਦਾ ਹੈ। ਆਪਣੇ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਕੋਈ ਕੰਮ ਇਕੱਲੇ ਕਰਨਾ ਬਹੁਤ ਔਖਾ ਹੋ ਸਕਦਾ ਹੈ, ਜਿਵੇਂ ਸੰਮੇਲਨ ਜਾਂ ਮੈਮੋਰੀਅਲ ʼਤੇ ਜਾਣਾ। ਇਕ ਭਰਾ ਦੱਸਦਾ ਹੈ: “ਮੇਰੀ ਪਤਨੀ ਦੀ ਮੌਤ ਤੋਂ ਬਾਅਦ ਮੈਨੂੰ ਲੱਗਾ ਕਿ ਮੇਰੇ ਲਈ ਆਪਣੇ ਵਿਆਹ ਦੀ ਸਾਲ-ਗਿਰ੍ਹਾ ਵਾਲਾ ਦਿਨ ਕੱਟਣਾ ਬਹੁਤ ਔਖਾ ਹੋਵੇਗਾ। ਸੱਚੀ ਉਸ ਦੀ ਬਹੁਤ ਯਾਦ ਆਈ। ਪਰ ਕੁਝ ਭੈਣਾਂ-ਭਰਾਵਾਂ ਨੇ ਮੰਡਲੀ ਦੇ ਮੇਰੇ ਕੁਝ ਨੇੜਲੇ ਦੋਸਤਾਂ ਨੂੰ ਇਕੱਠੇ ਕੀਤਾ ਤਾਂਕਿ ਮੈਂ ਇਕੱਲਾ ਨਾ ਮਹਿਸੂਸ ਕਰਾਂ।”
19 ਯਾਦ ਰੱਖੋ ਕਿ ਸੋਗ ਮਨਾਉਣ ਵਾਲਿਆਂ ਨੂੰ ਸਿਰਫ਼ ਖ਼ਾਸ ਮੌਕਿਆਂ ʼਤੇ ਹੀ ਦਿਲਾਸੇ ਦੀ ਲੋੜ ਨਹੀਂ ਹੁੰਦੀ। ਜੂਨੀਆ ਦੱਸਦੀ ਹੈ: “ਸੋਗ ਮਨਾਉਣ ਵਾਲੇ ਨੂੰ ਬਹੁਤ ਤਸੱਲੀ ਮਿਲਦੀ ਹੈ ਜਦੋਂ ਖ਼ਾਸ ਮੌਕਿਆਂ ਤੋਂ ਇਲਾਵਾ ਕੋਈ ਉਸ ਨਾਲ ਸਮਾਂ ਬਿਤਾਉਂਦਾ ਹੈ। ਜਦੋਂ ਅਚਾਨਕ ਕੋਈ ਮੈਨੂੰ ਯਾਦ ਕਰਦਾ ਅਤੇ ਮੇਰੀ ਮਦਦ ਕਰਦਾ ਹੈ, ਤਾਂ ਮੈਨੂੰ ਬਹੁਤ ਦਿਲਾਸਾ ਮਿਲਦਾ ਹੈ।” ਇਹ ਸੱਚ ਹੈ ਕਿ ਅਸੀਂ ਪੂਰੀ ਤਰ੍ਹਾਂ ਉਨ੍ਹਾਂ ਦੇ ਦੁੱਖ ਜਾਂ ਇਕੱਲੇਪਣ ਨੂੰ ਖ਼ਤਮ ਨਹੀਂ ਕਰ ਸਕਦੇ, ਪਰ ਛੋਟੇ-ਛੋਟੇ ਕੰਮ ਕਰ ਕੇ ਅਸੀਂ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹਾਂ। (1 ਯੂਹੰ. 3:18) ਗੈਬੀ ਕਹਿੰਦੀ ਹੈ: “ਮੈਂ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੰਡਲੀ ਦੇ ਬਜ਼ੁਰਗਾਂ ਨੇ ਕਦਮ-ਕਦਮ ʼਤੇ ਮੇਰਾ ਸਾਥ ਦਿੱਤਾ। ਉਨ੍ਹਾਂ ਦੇ ਪਿਆਰ ਕਰਕੇ ਮੈਨੂੰ ਇੱਦਾਂ ਲੱਗਾ ਜਿਵੇਂ ਯਹੋਵਾਹ ਨੇ ਮੈਨੂੰ ਆਪਣੀਆਂ ਬਾਹਾਂ ਵਿਚ ਸੰਭਾਲਿਆ ਹੈ।”
ਹੀਰੇ-ਮੋਤੀ
“ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ”
18 ਸ਼ਾਇਦ ਕਈ ਵਾਰ ਸਾਨੂੰ ਲੱਗੇ ਕਿ ਸਾਨੂੰ ਉਸ ਭੈਣ ਜਾਂ ਭਰਾ ਨਾਲ ਗੱਲ ਕਰਨੀ ਚਾਹੀਦੀ ਹੈ ਜਿਸ ਨੇ ਸਾਨੂੰ ਠੇਸ ਪਹੁੰਚਾਈ ਹੈ। ਪਰ ਇੱਦਾਂ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਨੂੰ ਸਾਰੀ ਗੱਲ ਪਤਾ ਹੈ?’ (ਕਹਾ. 18:13) ‘ਕੀ ਇੱਦਾਂ ਹੋ ਸਕਦਾ ਹੈ ਕਿ ਉਸ ਨੇ ਅਣਜਾਣੇ ਵਿਚ ਇਹ ਗ਼ਲਤੀ ਕੀਤੀ ਹੋਵੇ?’ (ਉਪ. 7:20) ‘ਕੀ ਮੇਰੇ ਤੋਂ ਵੀ ਕਦੇ ਇੱਦਾਂ ਦੀ ਗ਼ਲਤੀ ਹੋਈ ਹੈ?’ (ਉਪ. 7:21, 22) ‘ਕੀ ਉਸ ਨਾਲ ਗੱਲ ਕਰ ਕੇ ਮਸਲਾ ਸੁਲਝਣ ਦੀ ਬਜਾਇ ਹੋਰ ਤਾਂ ਨਹੀਂ ਵਿਗੜ ਜਾਵੇਗਾ?’ (ਕਹਾਉਤਾਂ 26:20 ਪੜ੍ਹੋ।) ਜਦੋਂ ਅਸੀਂ ਸਮਾਂ ਕੱਢ ਕੇ ਇਨ੍ਹਾਂ ਸਾਰੇ ਸਵਾਲਾਂ ʼਤੇ ਸੋਚ-ਵਿਚਾਰ ਕਰਾਂਗੇ, ਤਾਂ ਸ਼ਾਇਦ ਅਸੀਂ ਇਸ ਸਿੱਟੇ ʼਤੇ ਪਹੁੰਚੀਏ ਕਿ ਪਿਆਰ ਹੋਣ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ।
20-26 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਪਦੇਸ਼ਕ ਦੀ ਕਿਤਾਬ 9-10
ਆਪਣੀਆਂ ਅਜ਼ਮਾਇਸ਼ਾਂ ਪ੍ਰਤੀ ਸਹੀ ਨਜ਼ਰੀਆ ਰੱਖੋ
w13 8/15 14 ਪੈਰੇ 20-21 ਕਦੀ ਵੀ “ਯਹੋਵਾਹ ਤੇ ਗੁੱਸੇ” ਨਾ ਹੋਵੋ
20 ਮੁਸ਼ਕਲਾਂ ਦੀ ਜੜ੍ਹ ਨੂੰ ਚੇਤੇ ਰੱਖੋ। ਕਦੇ-ਕਦੇ ਅਸੀਂ ਆਪਣੇ ਲਈ ਆਪ ਹੀ ਮੁਸ਼ਕਲਾਂ ਖੜ੍ਹੀਆਂ ਕਰ ਲੈਂਦੇ ਹਾਂ। (ਗਲਾ. 6:7) ਇਸ ਲਈ ਇਨ੍ਹਾਂ ਦਾ ਦੋਸ਼ ਯਹੋਵਾਹ ʼਤੇ ਨਾ ਲਾਓ। ਕਿਉਂ? ਫ਼ਰਜ਼ ਕਰੋ ਕਿ ਕਾਰ ਚਲਾਉਣ ਵਾਲਾ ਬੜੀ ਤੇਜ਼ੀ ਨਾਲ ਕਾਰ ਚਲਾਉਂਦਾ ਹੈ ਤੇ ਅਚਾਨਕ ਹਾਦਸਾ ਹੋ ਜਾਂਦਾ ਹੈ। ਕੀ ਇਸ ਵਿਚ ਕਾਰ ਬਣਾਉਣ ਵਾਲੇ ਦਾ ਕਸੂਰ ਹੈ? ਬਿਲਕੁਲ ਨਹੀਂ! ਇਸੇ ਤਰ੍ਹਾਂ ਯਹੋਵਾਹ ਨੇ ਸਾਨੂੰ ਆਪਣੇ ਫ਼ੈਸਲੇ ਖ਼ੁਦ ਕਰਨ ਦੀ ਆਜ਼ਾਦੀ ਦਿੱਤੀ ਹੈ। ਪਰ ਉਸ ਨੇ ਸਾਨੂੰ ਇਹ ਵੀ ਦੱਸਿਆ ਹੈ ਕਿ ਅਸੀਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ। ਇਸ ਲਈ ਸਾਨੂੰ ਆਪਣੀਆਂ ਗ਼ਲਤੀਆਂ ਲਈ ਉਸ ਨੂੰ ਕਸੂਰਵਾਰ ਨਹੀਂ ਠਹਿਰਾਉਣਾ ਚਾਹੀਦਾ।
21 ਪਰ ਸਾਡੀਆਂ ਸਾਰੀਆਂ ਮੁਸ਼ਕਲਾਂ ਸਾਡੀਆਂ ਗ਼ਲਤੀਆਂ ਕਰਕੇ ਨਹੀਂ ਹੁੰਦੀਆਂ। ਬਾਈਬਲ ਕਹਿੰਦੀ ਹੈ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪ. 9:11, CL) ਨਾਲੇ ਇਹ ਕਦੇ ਨਾ ਭੁੱਲੋ ਕਿ ਬੁਰਾਈ ਦੀ ਅਸਲੀ ਜੜ੍ਹ ਸ਼ੈਤਾਨ ਹੈ। (1 ਯੂਹੰ. 5:19; ਪ੍ਰਕਾ. 12:9) ਉਹ ਸਾਡਾ ਦੁਸ਼ਮਣ ਹੈ ਨਾ ਕਿ ਯਹੋਵਾਹ!—1 ਪਤ. 5:8.
ਯਹੋਵਾਹ ਆਪਣੇ ਨਿਮਰ ਸੇਵਕਾਂ ਦੀ ਕਦਰ ਕਰਦਾ ਹੈ
10 ਨਿਮਰਤਾ ਹੋਣ ਕਰਕੇ ਅਸੀਂ ਸੌਖਿਆਂ ਹੀ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਾਂ। ਅਸਲ ਵਿਚ, ਅਸੀਂ ਕਈ ਵਾਰੀ ਬੇਇਨਸਾਫ਼ੀ ਹੁੰਦੀ ਦੇਖਦੇ ਹਾਂ ਜਾਂ ਖ਼ੁਦ ਸਾਡੇ ਨਾਲ ਬੇਇਨਸਾਫ਼ੀ ਹੁੰਦੀ ਹੈ। ਬੁੱਧੀਮਾਨ ਰਾਜੇ ਸੁਲੇਮਾਨ ਨੇ ਕਿਹਾ: “ਮੈਂ ਡਿੱਠਾ ਜੋ ਟਹਿਲੀਏ ਘੋੜਿਆਂ ਉੱਤੇ ਚੜ੍ਹਦੇ, ਅਤੇ ਸਰਦਾਰ ਟਹਿਲੀਆਂ ਵਾਂਙੁ ਧਰਤੀ ਉੱਤੇ ਪੈਰੀਂ ਤੁਰਦੇ ਹਨ।” (ਉਪ. 10:7) ਕਈ ਵਾਰ ਕਾਬਲ ਲੋਕਾਂ ਦੀ ਤਾਰੀਫ਼ ਨਹੀਂ ਹੁੰਦੀ। ਪਰ ਜਿਹੜੇ ਲੋਕ ਇੰਨੇ ਕਾਬਲ ਨਹੀਂ ਹੁੰਦੇ, ਉਨ੍ਹਾਂ ਨੂੰ ਕਦੀ-ਕਦਾਈਂ ਬਹੁਤ ਆਦਰ ਮਿਲਦਾ ਹੈ। ਇਸ ਬਾਰੇ ਸੁਲੇਮਾਨ ਨੇ ਕਿਹਾ ਕਿ ਸਾਡੇ ਲਈ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਜ਼ਿੰਦਗੀ ਦੀ ਅਸਲੀਅਤ ਪਛਾਣੀਏ ਅਤੇ ਜ਼ਿੰਦਗੀ ਵਿਚ ਜੋ ਹੁੰਦਾ ਹੈ ਉਸ ਕਰਕੇ ਨਿਰਾਸ਼ ਨਾ ਹੋਈਏ। (ਉਪ. 6:9) ਨਿਮਰ ਹੋਣ ਕਰਕੇ ਸਾਡੇ ਲਈ ਇਹ ਸੱਚਾਈ ਸਵੀਕਾਰ ਕਰਨੀ ਸੌਖੀ ਹੋਵੇਗੀ ਕਿ ਜ਼ਿੰਦਗੀ ਵਿਚ ਹਮੇਸ਼ਾ ਉੱਦਾਂ ਨਹੀਂ ਹੁੰਦਾ, ਜਿੱਦਾਂ ਅਸੀਂ ਸੋਚਦੇ ਹਾਂ।
ਕੀ ਮਨੋਰੰਜਨ ਤੋਂ ਤੁਹਾਨੂੰ ਫ਼ਾਇਦਾ ਹੁੰਦਾ ਹੈ?
ਬਾਈਬਲ ਪੜ੍ਹ ਕੇ ਸਾਨੂੰ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਮਜ਼ਾ ਲਈਏ। ਮਿਸਾਲ ਲਈ, ਜ਼ਬੂਰਾਂ ਦੀ ਪੋਥੀ 104:14, 15 ਵਿਚ ਦੱਸਿਆ ਹੈ ਕਿ ਯਹੋਵਾਹ ‘ਧਰਤੀ ਵਿੱਚੋਂ ਅਹਾਰ ਕੱਢਦਾ ਹੈ, ਦਾਖ ਰਸ ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ, ਅਤੇ ਤੇਲ ਜਿਹੜਾ ਉਹ ਦੇ ਮੁਖੜੇ ਨੂੰ ਚਮਕਾਉਂਦਾ ਹੈ, ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜਿਆਂ ਕਰਦੀ ਹੈ।’ ਵਾਕਈ ਯਹੋਵਾਹ ਸਾਨੂੰ ਖਾਣ-ਪੀਣ ਦੀਆਂ ਚੀਜ਼ਾਂ ਦਿੰਦਾ ਹੈ। ਉਹ ਫ਼ਸਲਾਂ ਨੂੰ ਵਧਾਉਂਦਾ ਹੈ ਤਾਂਕਿ ਸਾਨੂੰ ਕਣਕ, ਤੇਲ ਅਤੇ ਦਾਖਰਸ ਮਿਲ ਸਕੇ। ਭਾਵੇਂ ਕਿ ਜੀਣ ਲਈ ਦਾਖਰਸ ਜ਼ਰੂਰੀ ਨਹੀਂ, ਫਿਰ ਵੀ ਇਹ “ਦਿਲ ਨੂੰ ਅਨੰਦ ਕਰਦੀ ਹੈ।” (ਉਪ. 9:7; 10:19) ਜੀ ਹਾਂ, ਯਹੋਵਾਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਸਾਡੇ ਦਿਲ “ਅਨੰਦ ਨਾਲ ਭਰਪੂਰ” ਰਹਿਣ।—ਰਸੂ. 14:16, 17.
2 ਜੇ ਅਸੀਂ ਆਪਣਾ ਕੁਝ ਸਮਾਂ “ਅਕਾਸ਼ ਦੇ ਪੰਛੀਆਂ” ਅਤੇ “ਜੰਗਲੀ ਸੋਸਨਾਂ” ਯਾਨੀ ਫੁੱਲਾਂ ਨੂੰ ਦੇਖਣ ਵਿਚ ਲਾਉਂਦੇ ਹਾਂ, ਤਾਂ ਗ਼ਲਤ ਨਹੀਂ ਹੈ। ਇੱਦਾਂ ਕਰ ਕੇ ਸਾਨੂੰ ਤਾਜ਼ਗੀ ਅਤੇ ਖ਼ੁਸ਼ੀ ਮਿਲਦੀ ਹੈ। (ਮੱਤੀ 6:26, 28; ਜ਼ਬੂ. 8:3, 4) ਖ਼ੁਸ਼ੀ ਭਰੀ ਜ਼ਿੰਦਗੀ “ਪਰਮੇਸ਼ੁਰ ਦੀ ਦਾਤ” ਹੈ। (ਉਪ. 3:12, 13) ਜਿਹੜਾ ਸਮਾਂ ਅਸੀਂ ਮਨੋਰੰਜਨ ਕਰਨ ਵਿਚ ਲਾਉਂਦੇ ਹਾਂ, ਉਹ ਵੀ ਪਰਮੇਸ਼ੁਰ ਵੱਲੋਂ ਮਿਲੀ ਦਾਤ ਦਾ ਇਕ ਹਿੱਸਾ ਹੈ। ਇਸ ਕਰਕੇ ਸਾਨੂੰ ਇਸ ਸਮੇਂ ਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਵਰਤਣਾ ਚਾਹੀਦਾ ਹੈ।
ਹੀਰੇ-ਮੋਤੀ
it “ਗੱਪ-ਸ਼ੱਪ, ਬਦਨਾਮ ਕਰਨਾ” ਪੈਰੇ 4, 8
ਗੱਪ-ਸ਼ੱਪ, ਬਦਨਾਮ ਕਰਨਾ
ਗੱਪ-ਸ਼ੱਪ ਕਰਦਿਆਂ ਸਾਡੀ ਗੱਲਬਾਤ ਦਾ ਰੁੱਖ ਬਦਲ ਸਕਦਾ ਹੈ ਤੇ ਅਸੀਂ ਕਿਸੇ ਦੀ ਬਦਨਾਮੀ ਕਰਨ ਲੱਗ ਸਕਦੇ ਹਾਂ। ਨਾਲੇ ਬਦਨਾਮੀ ਕਰਨ ਵਾਲੇ ਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈ ਸਕਦੇ ਹਨ। ਉਪਦੇਸ਼ਕ ਦੀ ਕਿਤਾਬ 10:12-14 ਵਿਚ ਲਿਖੀ ਗੱਲ ਬਿਲਕੁਲ ਸੱਚ ਹੈ ਜਿੱਥੇ ਲਿਖਿਆ ਹੈ: “ਮੂਰਖ ਦੀ ਜ਼ਬਾਨ ਉਸ ਦੀ ਆਪਣੀ ਹੀ ਬਰਬਾਦੀ ਦਾ ਕਾਰਨ ਬਣਦੀ ਹੈ। ਮੂਰਖ ਆਪਣੀ ਗੱਲ ਮੂਰਖਤਾ ਨਾਲ ਸ਼ੁਰੂ ਕਰਦਾ ਹੈ ਅਤੇ ਪਾਗਲਪੁਣੇ ਨਾਲ ਖ਼ਤਮ ਕਰਦਾ ਹੈ ਜਿਸ ਕਰਕੇ ਮੁਸੀਬਤ ਖੜ੍ਹੀ ਹੁੰਦੀ ਹੈ। ਫਿਰ ਵੀ ਮੂਰਖ ਆਪਣਾ ਮੂੰਹ ਬੰਦ ਨਹੀਂ ਕਰਦਾ।“
ਕਦੇ-ਕਦੇ ਲੱਗ ਸਕਦਾ ਹੈ ਕਿ ਗੱਪ-ਸ਼ੱਪ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਪਰ ਦੇਖਦੇ ਹੀ ਦੇਖਦੇ ਅਸੀਂ ਕਿਸੇ ਦੀ ਬੁਰਾਈ ਕਰਨ ਲੱਗ ਸਕਦੇ ਹਾਂ। ਇਸ ਨਾਲ ਹਮੇਸ਼ਾ ਨੁਕਸਾਨ ਹੁੰਦਾ ਹੈ, ਦੂਸਰਿਆਂ ਨੂੰ ਠੇਸ ਲੱਗ ਸਕਦੀ ਹੈ ਅਤੇ ਰਿਸ਼ਤੇ ਵਿਗੜ ਸਕਦੇ ਹਨ। ਭਾਵੇਂ ਸਾਡਾ ਇਰਾਦਾ ਦੂਜਿਆਂ ਨੂੰ ਬਦਨਾਮ ਕਰਨ ਦਾ ਹੋਵੇ ਜਾਂ ਨਾ ਹੋਵੇ, ਪਰ ਅਸੀਂ ਦੋਨਾਂ ਮਾਮਲਿਆਂ ਵਿਚ ਯਹੋਵਾਹ ਦੀ ਮਿਹਰ ਗੁਆ ਸਕਦੇ ਹਾਂ। ਪਰਮੇਸ਼ੁਰ “ਭਰਾਵਾਂ ਵਿਚ ਝਗੜੇ ਪੁਆਉਣ” ਵਾਲੇ ਨਾਲ ਨਫ਼ਰਤ ਕਰਦਾ ਹੈ। (ਕਹਾ. 6:16-19) “ਬਦਨਾਮ ਕਰਨ ਵਾਲੇ” ਤੇ “ਦੋਸ਼ ਲਾਉਣ ਵਾਲੇ” ਲਈ ਯੂਨਾਨੀ ਭਾਸ਼ਾ ਵਿਚ ਦੀਆਬੋਲੋਸ ਸ਼ਬਦ ਵਰਤਿਆ ਗਿਆ ਹੈ ਅਤੇ ਇਹ ਸ਼ਬਦ ਸ਼ੈਤਾਨ ਲਈ ਵੀ ਵਰਤਿਆ ਗਿਆ ਹੈ ਜਿਸ ਨੇ ਪਰਮੇਸ਼ੁਰ ਨੂੰ ਸਭ ਤੋਂ ਜ਼ਿਆਦਾ ਬਦਨਾਮ ਕੀਤਾ।—ਯੂਹੰ. 8:44; ਪ੍ਰਕਾ. 12:9, 10; ਉਤ. 3:2-5.
27 ਅਕਤੂਬਰ–2 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਪਦੇਸ਼ਕ ਦੀ ਕਿਤਾਬ 11-12
ਤੰਦਰੁਸਤ ਅਤੇ ਖ਼ੁਸ਼ ਰਹੋ
ਤਾਜ਼ੀ ਹਵਾ ਤੇ ਧੁੱਪ—ਕੁਦਰਤੀ “ਰੋਗਾਣੂਨਾਸ਼ਕ”?
ਸੂਰਜ ਦੀ ਰੌਸ਼ਨੀ ਨਾਲ ਬੀਮਾਰੀ ਪੈਦਾ ਕਰਨ ਵਾਲੇ ਹਾਨੀਕਾਰਕ ਰੋਗਾਣੂ ਖ਼ਤਮ ਹੋ ਸਕਦੇ ਹਨ। ਇਕ ਰਸਾਲੇ ਮੁਤਾਬਕ ਹਵਾ ਵਿਚ ਪਾਏ ਜਾਣ ਵਾਲੇ ਜ਼ਿਆਦਾਤਰ ਰੋਗਾਣੂ ਸੂਰਜ ਦੀ ਰੌਸ਼ਨੀ ਨਾਲ ਖ਼ਤਮ ਹੋ ਜਾਂਦੇ ਹਨ।
ਤੁਸੀਂ ਇਸ ਦਾ ਫ਼ਾਇਦਾ ਕਿਵੇਂ ਲੈ ਸਕਦੇ ਹੋ? ਤੁਸੀਂ ਕੁਝ ਦੇਰ ਧੁੱਪੇ ਬੈਠ ਸਕਦੇ ਹੋ ਤੇ ਤਾਜ਼ੀ ਹਵਾ ਲੈ ਸਕਦੇ ਹੋ। ਇੱਦਾਂ ਕਰਨਾ ਤੁਹਾਡੀ ਸਿਹਤ ਲਈ ਬਹੁਤ ਚੰਗਾ ਹੋਵੇਗਾ।
ਪਰਮੇਸ਼ੁਰ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰੋ!
6 ਬਾਈਬਲ ਕੋਈ ਸਿਹਤ-ਸੰਭਾਲ ਜਾਂ ਚੰਗੇ ਖਾਣ-ਪੀਣ ਬਾਰੇ ਦੱਸਣ ਵਾਲੀ ਕਿਤਾਬ ਨਹੀਂ ਹੈ। ਪਰ ਇਹ ਸਾਨੂੰ ਇਨ੍ਹਾਂ ਗੱਲਾਂ ਬਾਰੇ ਯਹੋਵਾਹ ਦੀ ਸੋਚ ਜ਼ਰੂਰ ਦੱਸਦੀ ਹੈ। ਉਦਾਹਰਣ ਲਈ, ਯਹੋਵਾਹ ਸਾਨੂੰ ਗੁਜ਼ਾਰਸ਼ ਕਰਦਾ ਹੈ ਕਿ ਅਸੀਂ “ਨੁਕਸਾਨਦੇਹ ਕੰਮਾਂ ਤੋਂ” ਦੂਰ ਰਹੀਏ ਜਿਨ੍ਹਾਂ ਕਰਕੇ ਸਾਡੀ ਸਿਹਤ ਖ਼ਰਾਬ ਹੋ ਸਕਦੀ ਹੈ। (ਉਪ. 11:10) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਅਸੀਂ ਬਹੁਤ ਜ਼ਿਆਦਾ ਸ਼ਰਾਬ ਦੀ ਵਰਤੋਂ ਨਾ ਕਰੀਏ ਅਤੇ ਨਾ ਹੀ ਹੱਦੋਂ ਵੱਧ ਖਾਈਏ। ਕਿਉਂਕਿ ਇਨ੍ਹਾਂ ਆਦਤਾਂ ਕਰਕੇ ਸਾਡੀ ਸਿਹਤ ਖ਼ਰਾਬ ਹੋ ਸਕਦੀ ਹੈ, ਇੱਥੋਂ ਤਕ ਕਿ ਸਾਡੀ ਜਾਨ ਵੀ ਜਾ ਸਕਦੀ ਹੈ। (ਕਹਾ. 23:20) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਹ ਫ਼ੈਸਲਾ ਲੈਂਦੇ ਵੇਲੇ ਸੰਜਮ ਤੋਂ ਕੰਮ ਲਈਏ ਕਿ ਅਸੀਂ ਕੀ ਖਾਣਾ-ਪੀਣਾ ਹੈ ਤੇ ਕਿੰਨਾ ਖਾਣਾ-ਪੀਣਾ ਹੈ।—1 ਕੁਰਿੰ. 6:12; 9:25.
7 ਜਦੋਂ ਅਸੀਂ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਯਹੋਵਾਹ ਵੱਲੋਂ ਮਿਲੇ ਜ਼ਿੰਦਗੀ ਦੇ ਤੋਹਫ਼ੇ ਲਈ ਕਦਰ ਦਿਖਾਉਂਦੇ ਹਾਂ। (ਜ਼ਬੂ. 119:99, 100; ਕਹਾਉਤਾਂ 2:11 ਪੜ੍ਹੋ।) ਉਦਾਹਰਣ ਲਈ, ਖਾਣ-ਪੀਣ ਦੀ ਹੀ ਗੱਲ ਲੈ ਲਓ। ਜੇ ਸਾਨੂੰ ਕੋਈ ਖਾਣਾ ਬਹੁਤ ਪਸੰਦ ਹੈ ਅਤੇ ਸਾਨੂੰ ਪਤਾ ਹੈ ਕਿ ਉਸ ਨੂੰ ਖਾ ਕੇ ਅਸੀਂ ਬੀਮਾਰ ਹੋ ਜਾਂਦੇ ਹਾਂ, ਤਾਂ ਇਹ ਸਮਝਦਾਰੀ ਹੋਵੇਗੀ ਕਿ ਅਸੀਂ ਉਹ ਨਾ ਖਾਈਏ। ਚੰਗੀ ਨੀਂਦ ਲੈ ਕੇ, ਬਾਕਾਇਦਾ ਕਸਰਤ ਕਰ ਕੇ ਅਤੇ ਆਪਣੇ ਆਪ ਨੂੰ ਤੇ ਆਪਣੇ ਘਰ ਨੂੰ ਸਾਫ਼-ਸੁਥਰਾ ਰੱਖਣ ਦੀ ਚੰਗੀ ਆਦਤ ਪਾ ਕੇ ਵੀ ਅਸੀਂ ਸਮਝਦਾਰੀ ਤੋਂ ਕੰਮ ਲੈ ਰਹੇ ਹੁੰਦੇ ਹਾਂ।
“ਬਚਨ ਉੱਤੇ ਚੱਲਣ ਵਾਲੇ ਬਣੋ”
2 ਜੀ ਹਾਂ, ਯਹੋਵਾਹ ਦੇ ਸੇਵਕਾਂ ਕੋਲ ਖ਼ੁਸ਼ ਰਹਿਣ ਦੇ ਬਹੁਤ ਸਾਰੇ ਕਾਰਨ ਹਨ। ਪਰ ਇਨ੍ਹਾਂ ਵਿੱਚੋਂ ਇਕ ਅਹਿਮ ਕਾਰਨ ਇਹ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਦੇ ਅਤੇ ਸਿੱਖੀਆਂ ਗੱਲਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।—ਯਾਕੂਬ 1:22-25 ਪੜ੍ਹੋ।
3 ਪਰਮੇਸ਼ੁਰ ਦੇ “ਬਚਨ ਉੱਤੇ ਚੱਲਣ” ਕਰਕੇ ਸਾਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਗੱਲ ਤੋਂ ਖ਼ੁਸ਼ੀ ਮਿਲਦੀ ਹੈ ਕਿ ਬਾਈਬਲ ਵਿਚ ਦਰਜ ਗੱਲਾਂ ਮੰਨ ਕੇ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰ ਰਹੇ ਹੁੰਦੇ ਹਾਂ। (ਉਪ. 12:13) ਨਾਲੇ ਬਾਈਬਲ ਵਿਚ ਦਿੱਤੀਆਂ ਸਲਾਹਾਂ ਮੰਨਣ ਕਰਕੇ ਸਾਡੇ ਪਰਿਵਾਰ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸਾਡਾ ਵਧੀਆ ਰਿਸ਼ਤਾ ਬਣਿਆ ਰਹਿੰਦਾ ਹੈ। ਤੁਸੀਂ ਵੀ ਇਹ ਗੱਲ ਆਪਣੀ ਜ਼ਿੰਦਗੀ ਵਿਚ ਸੱਚ ਸਾਬਤ ਹੁੰਦੀ ਦੇਖੀ ਹੋਣੀ। ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਮੁਸ਼ਕਲਾਂ ਤੋਂ ਬਚੇ ਰਹਿੰਦੇ ਹਾਂ ਜਿਹੜੀਆਂ ਪਰਮੇਸ਼ੁਰ ਦਾ ਕਹਿਣਾ ਨਾ ਮੰਨਣ ਵਾਲੇ ਲੋਕਾਂ ʼਤੇ ਆਉਂਦੀਆਂ ਹਨ। ਰਾਜਾ ਦਾਊਦ ਨੇ ਬਿਲਕੁਲ ਸਹੀ ਕਿਹਾ ਸੀ ਕਿ ਪਰਮੇਸ਼ੁਰ ਦੇ ਕਾਨੂੰਨ ਅਤੇ ਹੁਕਮ “ਮੰਨਣ ਨਾਲ ਵੱਡਾ ਇਨਾਮ ਮਿਲਦਾ ਹੈ।”—ਜ਼ਬੂ. 19:7-11.
ਹੀਰੇ-ਮੋਤੀ
it “ਪਰਮੇਸ਼ੁਰ ਦੀ ਪ੍ਰੇਰਣਾ ਨਾਲ” ਪੈਰਾ 10
ਪਰਮੇਸ਼ੁਰ ਦੀ ਪ੍ਰੇਰਣਾ ਨਾਲ
ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਜਿਨ੍ਹਾਂ ਆਦਮੀਆਂ ਦੇ ਰਾਹੀਂ ਬਾਈਬਲ ਲਿਖਵਾਈ ਉਨ੍ਹਾਂ ਨੂੰ ਉਸ ਨੇ ਸ਼ਬਦ-ਬ-ਸ਼ਬਦ ਲਿਖਣ ਲਈ ਨਹੀਂ ਕਿਹਾ। ਇਸ ਦੀ ਬਜਾਇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਸ਼ਬਦਾਂ ਅਤੇ ਆਪਣੇ ਤਰੀਕੇ ਨਾਲ ਦਰਸ਼ਣਾਂ ਨੂੰ ਲਿਖਣ ਦੀ ਆਜ਼ਾਦੀ ਦਿੱਤੀ। (ਹੱਬ. 2:2) ਪਰ ਉਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਖੁੱਲ੍ਹ ਨਹੀਂ ਦਿੱਤੀ ਅਤੇ ਦਰਸ਼ਣਾਂ ਨੂੰ ਲਿਖਣ ਵਿਚ ਹਮੇਸ਼ਾ ਉਨ੍ਹਾਂ ਦੀ ਅਗਵਾਈ ਕੀਤੀ। ਇਸ ਤਰ੍ਹਾਂ ਪਰਮੇਸ਼ੁਰ ਨੇ ਧਿਆਨ ਰੱਖਿਆਂ ਕਿ ਪੂਰੀ ਬਾਈਬਲ ਵਿਚ ਲਿਖੀਆਂ ਗੱਲਾਂ ਸਹੀ, ਸੱਚੀਆਂ ਤੇ ਉਸ ਦੇ ਮਕਸਦ ਮੁਤਾਬਕ ਹੋਣ। (ਕਹਾ. 30:5, 6) ਬਾਈਬਲ ਦੇ ਲਿਖਾਰੀਆਂ ਨੇ ਸੋਚ-ਵਿਚਾਰ ਕਰਨ, ਸ਼ਬਦ ਲੱਭਣ ਅਤੇ ਉਨ੍ਹਾਂ ਨੂੰ ਵਧੀਆ ਢੰਗ ਨਾਲ ਵਰਤਣ ਲਈ ਬਹੁਤ ਮਿਹਨਤ ਕੀਤੀ ਤਾਂਕਿ ਉਹ ਪਰਮੇਸ਼ੁਰ ਦੇ ਸੰਦੇਸ਼ ਨੂੰ ਸਹੀ-ਸਹੀ ਲਿਖ ਸਕਣ, ਜਿੱਦਾਂ ਕਿ ਉਪਦੇਸ਼ਕ ਦੀ ਕਿਤਾਬ 12:9,10 ਵਿਚ ਲਿਖਿਆ ਗਿਆ ਹੈ। (ਲੂਕਾ 1:1-4 ਵਿਚ ਨੁਕਤਾ ਦੇਖੋ) ਮਿਸਾਲ ਲਈ, ਇਕ ਦੂਤ ਰਾਹੀਂ ਯੂਹੰਨਾ ਰਸੂਲ ਨੂੰ ਗੱਲਾਂ ਪ੍ਰਗਟ ਕੀਤੀਆਂ ਗਈਆਂ ਅਤੇ ਉਸ ਨੇ ਪਰਮੇਸ਼ੁਰ ਦੀ ਅਗਵਾਈ ਅਧੀਨ ਉਹ ਸਾਰੀਆਂ ਗੱਲਾਂ ਲਿਖੀਆਂ।—ਪ੍ਰਕਾ. 1:1,2, 10, 11.