ਸਹੀ ਤੇ ਗ਼ਲਤ ਬਾਰੇ: ਫ਼ਾਇਦੇਮੰਦ ਸਲਾਹਾਂ
ਬਾਈਬਲ ਵਿਚ ਜ਼ਿੰਦਗੀ ਦੇ ਕਈ ਮਾਮਲਿਆਂ ਬਾਰੇ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ। ਲੱਖਾਂ ਲੋਕਾਂ ਨੂੰ ਇਨ੍ਹਾਂ ਸਲਾਹਾਂ ਤੋਂ ਬਹੁਤ ਫ਼ਾਇਦਾ ਹੋਇਆ ਹੈ। ਜ਼ਰਾ ਇੱਦਾਂ ਦੇ ਚਾਰ ਮਾਮਲਿਆਂ ਵੱਲ ਧਿਆਨ ਦਿਓ।
1. ਵਿਆਹ
ਲੋਕਾਂ ਦੇ ਵਿਆਹ ਬਾਰੇ ਵੀ ਵੱਖੋ-ਵੱਖਰੇ ਵਿਚਾਰ ਹਨ ਅਤੇ ਇਸ ਬਾਰੇ ਵੀ ਵੱਖੋ-ਵੱਖਰੇ ਵਿਚਾਰ ਹਨ ਕਿ ਖ਼ੁਸ਼ੀਆਂ ਭਰੇ ਵਿਆਹੁਤਾ ਰਿਸ਼ਤੇ ਵਾਸਤੇ ਕੀ ਕਰਨ ਦੀ ਲੋੜ ਹੈ।
ਬਾਈਬਲ ਵਿਚ ਲਿਖਿਆ ਹੈ: “ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨਾਲ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।”—ਅਫ਼ਸੀਆਂ 5:33.
ਮਤਲਬ: ਪਰਮੇਸ਼ੁਰ ਨੇ ਹੀ ਵਿਆਹ ਦੀ ਸ਼ੁਰੂਆਤ ਕੀਤੀ, ਇਸ ਲਈ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਵਿਆਹੁਤਾ ਜੋੜੇ ਕਿਵੇਂ ਖ਼ੁਸ਼ ਰਹਿ ਸਕਦੇ ਹਨ। (ਮਰਕੁਸ 10:6-9) ਪਤੀ-ਪਤਨੀ ਤਾਂ ਹੀ ਖ਼ੁਸ਼ ਰਹਿ ਸਕਦੇ ਹਨ ਜੇ ਉਹ ਆਪਣੇ ਤੋਂ ਜ਼ਿਆਦਾ ਇਕ-ਦੂਜੇ ਦੀ ਪਰਵਾਹ ਕਰਨਗੇ। ਉਹ ਆਪਣੇ ਕੰਮਾਂ ਤੇ ਬੋਲੀ ਤੋਂ ਇਕ ਦੂਜੇ ਲਈ ਪਿਆਰ ਤੇ ਆਦਰ ਦਿਖਾ ਸਕਦੇ ਹਨ। ਜਿਹੜਾ ਪਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ, ਉਹ ਉਸ ਦੀ ਪਰਵਾਹ ਕਰਦਾ ਹੈ ਤੇ ਉਸ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਂਦਾ ਹੈ। ਜਿਹੜੀ ਪਤਨੀ ਆਪਣੇ ਪਤੀ ਦਾ ਆਦਰ ਕਰਦੀ ਹੈ, ਉਹ ਉਸ ਦਾ ਸਾਥ ਦਿੰਦੀ ਹੈ ਤੇ ਉਸ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਂਦੀ ਹੈ।
ਬਾਈਬਲ ਦੀ ਸਲਾਹ ਤੋਂ ਫ਼ਾਇਦਾ ਹੋਇਆ: ਵੀਅਤਨਾਮ ਵਿਚ ਰਹਿਣ ਵਾਲੇ ਕਵੇਨ ਤੇ ਥੀ ਨੂੰ ਲੱਗਦਾ ਸੀ ਕਿ ਪਤੀ-ਪਤਨੀ ਵਜੋਂ ਉਹ ਕਦੀ ਵੀ ਖ਼ੁਸ਼ ਨਹੀਂ ਰਹਿ ਸਕਦੇ। ਕਵੇਨ ਆਪਣੀ ਪਤਨੀ ਨਾਲ ਅਕਸਰ ਰੁੱਖੇ ਤਰੀਕੇ ਨਾਲ ਪੇਸ਼ ਆਉਂਦਾ ਸੀ। ਉਹ ਦੱਸਦਾ ਹੈ: “ਮੈਨੂੰ ਥੀ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਸੀ ਤੇ ਮੈਂ ਅਕਸਰ ਉਸ ਦੀ ਬੇਇੱਜ਼ਤੀ ਕਰ ਦਿੰਦਾ ਸੀ।” ਥੀ ਤਲਾਕ ਲੈਣਾ ਚਾਹੁੰਦੀ ਸੀ। ਉਸ ਨੇ ਕਿਹਾ: “ਮੈਨੂੰ ਲੱਗਦਾ ਸੀ ਕਿ ਮੈਂ ਨਾ ਤਾਂ ਆਪਣੇ ਪਤੀ ʼਤੇ ਭਰੋਸਾ ਕਰ ਸਕਦੀ ਹਾਂ ਤੇ ਨਾ ਹੀ ਉਸ ਦਾ ਆਦਰ ਕਰ ਸਕਦੀ ਹਾਂ।”
ਅਖ਼ੀਰ ਕਵੇਨ ਤੇ ਥੀ ਨੇ ਬਾਈਬਲ ਤੋਂ ਸਿੱਖਣਾ ਸ਼ੁਰੂ ਕੀਤਾ। ਉਨ੍ਹਾਂ ਨੇ ਸਿੱਖਿਆ ਕਿ ਉਹ ਪਤੀ-ਪਤਨੀ ਵਜੋਂ ਅਫ਼ਸੀਆਂ 5:33 ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਨ। ਕਵੇਨ ਦੱਸਦਾ ਹੈ: “ਇਸ ਆਇਤ ਤੋਂ ਮੈਂ ਸਿੱਖਿਆ ਕਿ ਮੈਨੂੰ ਆਪਣੀ ਪਤਨੀ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਨਾਲੇ ਮੈਨੂੰ ਉਸ ਨੂੰ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਮੈਨੂੰ ਉਸ ਦੇ ਜਜ਼ਬਾਤਾਂ ਦੀ ਅਤੇ ਉਸ ਦੀਆਂ ਸਾਰੀਆਂ ਲੋੜਾਂ ਦੀ ਪਰਵਾਹ ਹੈ। ਜਦੋਂ ਮੈਂ ਉਸ ਨਾਲ ਇੱਦਾਂ ਪੇਸ਼ ਆਉਣਾ ਸ਼ੁਰੂ ਕੀਤਾ, ਤਾਂ ਉਹ ਮੇਰੇ ਨਾਲ ਹੋਰ ਵੀ ਜ਼ਿਆਦਾ ਪਿਆਰ ਤੇ ਆਦਰ ਨਾਲ ਪੇਸ਼ ਆਉਣ ਲੱਗੀ।” ਥੀ ਕਹਿੰਦੀ ਹੈ: “ਜਿੰਨਾ ਜ਼ਿਆਦਾ ਮੈਂ ਅਫ਼ਸੀਆਂ 5:33 ਦੀ ਸਲਾਹ ਨੂੰ ਲਾਗੂ ਕੀਤਾ ਅਤੇ ਆਪਣੇ ਪਤੀ ਦਾ ਆਦਰ ਕੀਤਾ, ਉੱਨਾ ਜ਼ਿਆਦਾ ਮੇਰੇ ਪਤੀ ਮੇਰਾ ਖ਼ਿਆਲ ਰੱਖਣ ਅਤੇ ਮੇਰੇ ਨਾਲ ਪਿਆਰ ਤੇ ਸ਼ਾਂਤੀ ਨਾਲ ਪੇਸ਼ ਆਉਣ ਲੱਗ ਪਏ।”
ਵਿਆਹੁਤਾ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈਣ ਲਈ jw.org/pa ʼਤੇ 2018 ਦਾ ਜਾਗਰੂਕ ਬਣੋ! ਨੰ. 2 ਰਸਾਲਾ ਪੜ੍ਹੋ ਜਿਸ ਦਾ ਵਿਸ਼ਾ ਹੈ, “ਸੁਖੀ ਪਰਿਵਾਰਾਂ ਦੇ 12 ਰਾਜ਼।”
2. ਦੂਜਿਆਂ ਨਾਲ ਪੇਸ਼ ਆਉਣਾ
ਲੋਕ ਅਕਸਰ ਕਿਸੇ ਦੇ ਧਰਮ ਜਾਂ ਰੰਗ-ਰੂਪ ਕਰਕੇ ਜਾਂ ਕਿਸੇ ਦੀ ਨਸਲ ਜਾਂ ਕੌਮ ਕਰਕੇ ਜਾਂ ਕਿਸੇ ਦੇ ਸਮਲਿੰਗੀ ਹੋਣ ਕਰਕੇ ਉਸ ਨਾਲ ਬੁਰਾ ਸਲੂਕ ਕਰਦੇ ਹਨ।
ਬਾਈਬਲ ਵਿਚ ਲਿਖਿਆ ਹੈ: “ਹਰ ਤਰ੍ਹਾਂ ਦੇ ਲੋਕਾਂ ਦਾ ਆਦਰ ਕਰੋ।”—1 ਪਤਰਸ 2:17.
ਮਤਲਬ: ਬਾਈਬਲ ਸਾਨੂੰ ਇਹ ਨਹੀਂ ਸਿਖਾਉਂਦੀ ਕਿ ਅਸੀਂ ਦੂਜੀ ਨਸਲ ਜਾਂ ਕੌਮ ਦੇ ਲੋਕਾਂ ਨਾਲ ਜਾਂ ਸਮਲਿੰਗੀ ਲੋਕਾਂ ਨਾਲ ਨਫ਼ਰਤ ਕਰੀਏ। ਇਸ ਦੀ ਬਜਾਇ, ਇਹ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਸਾਰਿਆਂ ਦਾ ਆਦਰ ਕਰੀਏ, ਫਿਰ ਚਾਹੇ ਉਹ ਜਿਹੜੀ ਮਰਜ਼ੀ ਨਸਲ ਜਾਂ ਕੌਮ ਦੇ ਹੋਣ ਜਾਂ ਫਿਰ ਅਮੀਰ ਜਾਂ ਗ਼ਰੀਬ ਹੋਣ। (ਰਸੂਲਾਂ ਦੇ ਕੰਮ 10:34) ਚਾਹੇ ਅਸੀਂ ਉਨ੍ਹਾਂ ਦੇ ਵਿਸ਼ਵਾਸਾਂ ਨਾਲ ਜਾਂ ਕੰਮਾਂ ਨਾਲ ਸਹਿਮਤ ਨਾ ਵੀ ਹੋਈਏ, ਫਿਰ ਵੀ ਅਸੀਂ ਉਨ੍ਹਾਂ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਈਏ।—ਮੱਤੀ 7:12.
ਬਾਈਬਲ ਦੀ ਸਲਾਹ ਤੋਂ ਫ਼ਾਇਦਾ ਹੋਇਆ: ਡਾਨੀਏਲ ਨੂੰ ਇਹ ਸਿਖਾਇਆ ਗਿਆ ਸੀ ਕਿ ਏਸ਼ੀਆ ਦੇ ਲੋਕ ਉਸ ਦੇ ਦੇਸ਼ ਲਈ ਖ਼ਤਰਾ ਹਨ। ਇਸ ਲਈ ਉਹ ਏਸ਼ੀਆ ਤੋਂ ਆਏ ਹਰ ਇਨਸਾਨ ਨਾਲ ਨਫ਼ਰਤ ਕਰਨ ਲੱਗ ਪਿਆ ਤੇ ਉਹ ਅਕਸਰ ਸਾਰਿਆਂ ਸਾਮ੍ਹਣੇ ਉਨ੍ਹਾਂ ਦੀ ਬੇਇੱਜ਼ਤੀ ਕਰ ਦਿੰਦਾ ਸੀ। ਉਹ ਕਹਿੰਦਾ ਹੈ: “ਮੈਨੂੰ ਲੱਗਦਾ ਸੀ ਕਿ ਇੱਦਾਂ ਕਰ ਕੇ ਮੈਂ ਆਪਣੇ ਦੇਸ਼ ਦਾ ਸਮਰਥਨ ਕਰ ਰਿਹਾ ਹਾਂ ਤੇ ਮੈਨੂੰ ਆਪਣਾ ਇਹ ਵਰਤਾਅ ਤੇ ਇਹ ਸੋਚ ਗ਼ਲਤ ਨਹੀਂ ਲੱਗਦੀ ਸੀ।”
ਅਖ਼ੀਰ ਡਾਨੀਏਲ ਨੇ ਜਾਣਿਆ ਕਿ ਬਾਈਬਲ ਕੀ ਸਿਖਾਉਂਦੀ ਹੈ। ਡਾਨੀਏਲ ਕਹਿੰਦਾ ਹੈ: “ਮੈਨੂੰ ਆਪਣੀ ਸੋਚ ਪੂਰੀ ਤਰ੍ਹਾਂ ਬਦਲਣੀ ਪਈ। ਮੈਨੂੰ ਸਿੱਖਣਾ ਪਿਆ ਕਿ ਮੈਂ ਪਰਮੇਸ਼ੁਰ ਦੇ ਨਜ਼ਰੀਏ ਤੋਂ ਲੋਕਾਂ ਨੂੰ ਦੇਖਾਂ। ਮੈਂ ਸਿੱਖਿਆ ਕਿ ਅਸੀਂ ਸਾਰੇ ਜਣੇ ਬਰਾਬਰ ਹਾਂ, ਫਿਰ ਚਾਹੇ ਸਾਡਾ ਪਿਛੋਕੜ ਜੋ ਮਰਜ਼ੀ ਹੋਵੇ।” ਡਾਨੀਏਲ ਦੱਸਦਾ ਹੈ ਕਿ ਹੁਣ ਲੋਕਾਂ ਨੂੰ ਮਿਲਦੇ ਵੇਲੇ ਉਸ ਦਾ ਕੀ ਨਜ਼ਰੀਆ ਹੁੰਦਾ ਹੈ। ਉਹ ਕਹਿੰਦਾ ਹੈ: “ਹੁਣ ਮੇਰੇ ਦਿਮਾਗ਼ ਵਿਚ ਇਹ ਖ਼ਿਆਲ ਤਕ ਵੀ ਨਹੀਂ ਆਉਂਦਾ ਕਿ ਉਹ ਕਿੱਥੋਂ ਆਏ ਹਨ। ਮੈਂ ਸਾਰੇ ਲੋਕਾਂ ਨੂੰ ਪਿਆਰ ਕਰਦਾ ਹਾਂ ਅਤੇ ਦੁਨੀਆਂ ਭਰ ਵਿਚ ਮੇਰੇ ਜਿਗਰੀ ਦੋਸਤ ਹਨ।”
ਹੋਰ ਜਾਣਕਾਰੀ ਲਈ jw.org/pa ʼਤੇ 2020 ਦਾ ਜਾਗਰੂਕ ਬਣੋ! ਨੰ. 3 ਰਸਾਲਾ ਪੜ੍ਹੋ ਜਿਸ ਦਾ ਵਿਸ਼ਾ ਹੈ, “ਕੀ ਪੱਖਪਾਤ ਕਦੇ ਖ਼ਤਮ ਹੋਵੇਗਾ?”
3. ਪੈਸੇ
ਕੁਝ ਲੋਕ ਖ਼ੁਸ਼ੀ ਤੇ ਵਧੀਆ ਭਵਿੱਖ ਪਾਉਣ ਲਈ ਅਮੀਰ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਹਨ।
ਬਾਈਬਲ ਵਿਚ ਲਿਖਿਆ ਹੈ: “ਜਿਵੇਂ ਪੈਸਾ ਸੁਰੱਖਿਆ ਦਿੰਦਾ ਹੈ, ਤਿਵੇਂ ਬੁੱਧ ਸੁਰੱਖਿਆ ਦਿੰਦੀ ਹੈ। ਪਰ ਗਿਆਨ ਦੇ ਨਾਲ-ਨਾਲ ਬੁੱਧ ਹੋਣ ਦਾ ਫ਼ਾਇਦਾ ਇਹ ਹੈ ਕਿ ਇਹ ਆਪਣੇ ਮਾਲਕ ਦੀ ਜਾਨ ਦੀ ਰਾਖੀ ਕਰਦੀ ਹੈ।”—ਉਪਦੇਸ਼ਕ ਦੀ ਕਿਤਾਬ 7:12.
ਮਤਲਬ: ਸਾਨੂੰ ਪੈਸੇ ਦੀ ਲੋੜ ਹੈ, ਪਰ ਇਸ ਨਾਲ ਇਹ ਗਾਰੰਟੀ ਨਹੀਂ ਮਿਲਦੀ ਕਿ ਸਾਨੂੰ ਖ਼ੁਸ਼ੀਆਂ ਮਿਲਣਗੀਆਂ ਜਾਂ ਸਾਡਾ ਭਵਿੱਖ ਵਧੀਆ ਹੋਵੇਗਾ। (ਕਹਾਉਤਾਂ 18:11; 23:4, 5) ਪਰ ਬਾਈਬਲ ਵਿਚ ਦਰਜ ਰੱਬ ਦੀਆਂ ਸਲਾਹਾਂ ਨੂੰ ਲਾਗੂ ਕਰ ਕੇ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ ਅਤੇ ਸਾਡਾ ਭਵਿੱਖ ਵਧੀਆ ਹੋਵੇਗਾ।—1 ਤਿਮੋਥਿਉਸ 6:17-19.
ਬਾਈਬਲ ਦੀ ਸਲਾਹ ਤੋਂ ਫ਼ਾਇਦਾ ਹੋਇਆ: ਇੰਡੋਨੇਸ਼ੀਆ ਵਿਚ ਰਹਿਣ ਵਾਲੇ ਕਾਰਡੋ ਨੇ ਆਪਣਾ ਪੂਰਾ ਧਿਆਨ ਪੈਸੇ ਕਮਾਉਣ ʼਤੇ ਲਾਇਆ ਸੀ। ਉਸ ਨੇ ਕਿਹਾ: “ਮੇਰੇ ਕੋਲ ਉਹ ਸਾਰੀਆਂ ਚੀਜ਼ਾਂ ਸਨ ਜਿਨ੍ਹਾਂ ਦੇ ਜ਼ਿਆਦਾਤਰ ਲੋਕ ਸੁਪਨੇ ਹੀ ਦੇਖਦੇ ਹਨ। ਮੈਂ ਕਿਤੇ ਵੀ ਘੁੰਮਣ-ਫਿਰਨ ਜਾ ਸਕਦਾ ਸੀ। ਮੈਂ ਐਸ਼ੋ-ਆਰਾਮ ਦੀਆਂ ਚੀਜ਼ਾਂ, ਕਾਰਾਂ ਅਤੇ ਘਰ ਖ਼ਰੀਦ ਸਕਦਾ ਸੀ।” ਪਰ ਪੈਸਾ ਹਮੇਸ਼ਾ ਇਕ ਦੇ ਹੱਥਾਂ ਵਿਚ ਨਹੀਂ ਟਿਕਦਾ। ਉਹ ਅੱਗੇ ਦੱਸਦਾ ਹੈ: “ਮੇਰੇ ਨਾਲ ਧੋਖਾ ਹੋਇਆ। ਜਿਸ ਪੈਸੇ ਨੂੰ ਕਮਾਉਣ ਲਈ ਮੈਂ ਇੰਨੀ ਮਿਹਨਤ ਕੀਤੀ ਸੀ, ਉਹ ਅੱਖ ਝਮਕਦਿਆਂ ਮੇਰੇ ਹੱਥੋਂ ਜਾਂਦਾ ਲੱਗਾ। ਮੈਂ ਆਪਣੀ ਪੂਰੀ ਜ਼ਿੰਦਗੀ ਧਨ-ਦੌਲਤ ਇਕੱਠੀ ਕਰਨ ਵਿਚ ਲਾ ਦਿੱਤੀ, ਪਰ ਅਖ਼ੀਰ ਮੇਰੇ ਹੱਥ ਖਾਲੀਪਣ ਤੇ ਨਿਰਾਸ਼ਾ ਹੀ ਲੱਗੀ।”
ਕਾਰਡੋ ਨੇ ਬਾਈਬਲ ਦੀ ਸਲਾਹ ਮੁਤਾਬਕ ਚੱਲਣਾ ਸ਼ੁਰੂ ਕਰ ਦਿੱਤਾ। ਹੁਣ ਉਹ ਆਪਣੀ ਸਾਰੀ ਤਾਕਤ ਪੈਸੇ ਇਕੱਠੇ ਕਰਨ ʼਤੇ ਨਹੀਂ ਲਾਉਂਦਾ, ਸਗੋਂ ਉਹ ਹੁਣ ਸਾਦੀ ਜ਼ਿੰਦਗੀ ਜੀਉਂਦਾ ਹੈ। ਉਹ ਕਹਿੰਦਾ ਹੈ: ‘ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਅਸਲੀ ਦੌਲਤ ਮਿਲੀ ਹੈ ਯਾਨੀ ਹੁਣ ਮੇਰਾ ਪਰਮੇਸ਼ੁਰ ਨਾਲ ਵਧੀਆ ਰਿਸ਼ਤਾ ਹੈ। ਮੈਂ ਹਰ ਰਾਤ ਚੈਨ ਦੀ ਨੀਂਦ ਸੌਂਦਾ ਹਾਂ। ਸੱਚੀਂ! ਮੈਂ ਬਹੁਤ ਖ਼ੁਸ਼ ਹਾਂ।’
ਪੈਸੇ ਬਾਰੇ ਬਾਈਬਲ ਦਾ ਨਜ਼ਰੀਆ ਜਾਣਨ ਲਈ jw.org/pa ʼਤੇ 2021 ਦੇ ਪਹਿਰਾਬੁਰਜ ਨੰ. 3 ਵਿੱਚੋਂ “ਕੀ ਜ਼ਿਆਦਾ ਪੜ੍ਹਾਈ-ਲਿਖਾਈ ਅਤੇ ਪੈਸੇ ਨਾਲ ਸਾਡਾ ਭਵਿੱਖ ਵਧੀਆ ਹੋ ਸਕਦਾ ਹੈ?” ਨਾਂ ਦਾ ਲੇਖ ਪੜ੍ਹੋ।
4. ਸੈਕਸ
ਸਰੀਰਕ ਸੰਬੰਧਾਂ ਬਾਰੇ ਕੀ ਸਹੀ ਹੈ ਤੇ ਕੀ ਗ਼ਲਤ, ਇਸ ਨੂੰ ਲੈ ਕੇ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ।
ਬਾਈਬਲ ਵਿਚ ਲਿਖਿਆ ਹੈ: “ਹਰਾਮਕਾਰੀ ਤੋਂ ਦੂਰ ਰਹੋ। ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਸਰੀਰ ਨੂੰ ਪਵਿੱਤਰ ਅਤੇ ਆਦਰਯੋਗ ਤਰੀਕੇ ਨਾਲ ਕਿਵੇਂ ਕਾਬੂ ਵਿਚ ਰੱਖਣਾ ਹੈ। ਤੁਸੀਂ ਲਾਲਚ ਵਿਚ ਆ ਕੇ ਆਪਣੀ ਕਾਮ-ਵਾਸ਼ਨਾ ਨੂੰ ਬੇਕਾਬੂ ਨਾ ਹੋਣ ਦਿਓ, ਜਿਵੇਂ ਦੁਨੀਆਂ ਦੇ ਲੋਕ ਕਰਦੇ ਹਨ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ।”—1 ਥੱਸਲੁਨੀਕੀਆਂ 4: 3-5.
ਮਤਲਬ: ਬਾਈਬਲ ਵਿਚ ਸਰੀਰਕ ਸੰਬੰਧਾਂ ਲਈ ਹੱਦਾਂ ਠਹਿਰਾਈਆਂ ਗਈਆਂ ਹਨ। ਇੱਥੇ ਵਰਤੇ ਗਏ ਸ਼ਬਦ “ਹਰਾਮਕਾਰੀ” ਵਿਚ ਇਹ ਸਾਰੇ ਕੰਮ ਸ਼ਾਮਲ ਹਨ: ਆਪਣੇ ਜੀਵਨ-ਸਾਥੀ ਤੋਂ ਇਲਾਵਾ ਕਿਸੇ ਹੋਰ ਦੇ ਸਾਥੀ ਨਾਲ ਸਰੀਰਕ ਸੰਬੰਧ, ਵੇਸਵਾਗਿਰੀ, ਕੁਆਰਿਆਂ ਵਿਚ ਸਰੀਰਕ ਸੰਬੰਧ, ਸਮਲਿੰਗੀ ਸੰਬੰਧ ਅਤੇ ਜਾਨਵਰਾਂ ਨਾਲ ਸੰਬੰਧ। (1 ਕੁਰਿੰਥੀਆਂ 6:9, 10) ਸਰੀਰਕ ਸੰਬੰਧ ਰੱਬ ਵੱਲੋਂ ਇਨਸਾਨਾਂ ਲਈ ਤੋਹਫ਼ਾ ਹਨ ਤੇ ਉਹ ਚਾਹੁੰਦਾ ਹੈ ਕਿ ਸਰੀਰਕ ਸੰਬੰਧ ਸਿਰਫ਼ ਉਸ ਆਦਮੀ ਤੇ ਔਰਤ ਵਿਚ ਹੋਣ ਜੋ ਇਕ-ਦੂਜੇ ਨਾਲ ਵਿਆਹੇ ਹੋਏ ਹਨ।—ਕਹਾਉਤਾਂ 5:18, 19.
ਬਾਈਬਲ ਦੀ ਸਲਾਹ ਤੋਂ ਫ਼ਾਇਦਾ ਹੋਇਆ: ਆਸਟ੍ਰੇਲੀਆ ਵਿਚ ਰਹਿਣ ਵਾਲੀ ਕਾਇਲੀ ਕਹਿੰਦੀ ਹੈ: “ਕੁਆਰੇ ਹੁੰਦਿਆਂ ਮੈਂ ਸੋਚਦੀ ਸੀ ਕਿ ਜੇ ਮੈਂ ਕਿਸੇ ਨਾਲ ਸਰੀਰਕ ਸੰਬੰਧ ਬਣਾਵਾਂਗੀ, ਤਾਂ ਮੈਨੂੰ ਲੱਗੇਗਾ ਕਿ ਕੋਈ ਮੈਨੂੰ ਪਿਆਰ ਕਰਦਾ ਹੈ ਤੇ ਮੇਰੀ ਪਰਵਾਹ ਕਰਦਾ ਹੈ। ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਮੇਰਾ ਦਿਲ ਟੁੱਟ ਗਿਆ ਅਤੇ ਮੈਂ ਪਰੇਸ਼ਾਨ ਰਹਿਣ ਲੱਗ ਪਈ।”
ਬਾਅਦ ਵਿਚ ਕਾਇਲੀ ਨੇ ਸਿੱਖਿਆ ਕਿ ਬਾਈਬਲ ਸੈਕਸ ਬਾਰੇ ਕੀ ਕਹਿੰਦੀ ਹੈ ਅਤੇ ਉਸ ਨੇ ਇਸ ਸਲਾਹ ਨੂੰ ਲਾਗੂ ਵੀ ਕੀਤਾ। ਉਹ ਕਹਿੰਦੀ ਹੈ: “ਮੈਂ ਦੇਖ ਸਕਦੀ ਹਾਂ ਕਿ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲ ਕੇ ਮੈਂ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਤੇ ਦੁਖੀ ਕਰਨ ਤੋਂ ਬਚ ਸਕੀ। ਮੈਂ ਯਹੋਵਾਹ ਦੀ ਮਰਜ਼ੀ ਮੁਤਾਬਕ ਚੱਲਦੀ ਹਾਂ। ਹੁਣ ਮੈਂ ਵਿਆਹੀ ਹੋਈ ਹਾਂ ਅਤੇ ਮੇਰਾ ਪਤੀ ਮੈਨੂੰ ਪਿਆਰ ਕਰਦਾ ਹੈ ਤੇ ਮੇਰੀ ਪਰਵਾਹ ਕਰਦਾ ਹੈ। ਬਾਈਬਲ ਦੀ ਸਲਾਹ ਮੁਤਾਬਕ ਚੱਲ ਕੇ ਮੈਂ ਬਹੁਤ ਸਾਰੇ ਦੁੱਖਾਂ ਤੋਂ ਬਚੀ।”
ਹੋਰ ਜਾਣਕਾਰੀ ਲੈਣ ਲਈ jw.org/pa ʼਤੇ “ਵਿਆਹ ਤੋਂ ਬਗੈਰ ਇਕੱਠੇ ਰਹਿਣ ਬਾਰੇ ਬਾਈਬਲ ਕੀ ਕਹਿੰਦੀ ਹੈ?” ਨਾਂ ਦਾ ਲੇਖ ਪੜ੍ਹੋ।
ਸਹੀ ਤੇ ਗ਼ਲਤ ਬਾਰੇ ਜਾਣਨ ਵਿਚ ਸਾਡਾ ਸ੍ਰਿਸ਼ਟੀਕਰਤਾ ਸਾਡੀ ਮਦਦ ਕਰ ਸਕਦਾ ਹੈ। ਚਾਹੇ ਕਦੇ-ਕਦੇ ਉਸ ਦੀ ਸਲਾਹ ਮੁਤਾਬਕ ਚੱਲਣਾ ਸੌਖਾ ਨਹੀਂ ਹੁੰਦਾ, ਪਰ ਉਸ ਮੁਤਾਬਕ ਚੱਲ ਕੇ ਹਮੇਸ਼ਾ ਫ਼ਾਇਦਾ ਹੁੰਦਾ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਸ ਦੀ ਸਲਾਹ ਮੁਤਾਬਕ ਚੱਲ ਕੇ ਸਾਡੀ ਖ਼ੁਸ਼ੀ ਬਣੀ ਰਹੇਗੀ।