ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਜੂਨ ਸਫ਼ੇ 8-13
  • ਮਰਦੇ ਵੇਲੇ ਕੀਤੀ ਭਵਿੱਖਬਾਣੀ ਤੋਂ ਸਬਕ—ਭਾਗ 2

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਰਦੇ ਵੇਲੇ ਕੀਤੀ ਭਵਿੱਖਬਾਣੀ ਤੋਂ ਸਬਕ—ਭਾਗ 2
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਜ਼ਬੂਲੁਨ
  • ਯਿਸਾਕਾਰ
  • ਦਾਨ
  • ਗਾਦ
  • ਆਸ਼ੇਰ
  • ਨਫ਼ਤਾਲੀ
  • ਯੂਸੁਫ਼
  • ਬਿਨਯਾਮੀਨ
  • ਮਰਦੇ ਵੇਲੇ ਕੀਤੀ ਭਵਿੱਖਬਾਣੀ ਤੋਂ ਸਬਕ—ਭਾਗ 1
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਯਾਕੂਬ ਤੇ ਏਸਾਓ ਵਿਚ ਸੁਲ੍ਹਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਯਾਦ ਰੱਖੋ ਕਿ ਯਹੋਵਾਹ “ਜੀਉਂਦਾ ਪਰਮੇਸ਼ੁਰ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਜੂਨ ਸਫ਼ੇ 8-13

ਅਧਿਐਨ ਲੇਖ 25

ਗੀਤ 96 ਰੱਬ ਦੀ ਕਿਤਾਬ​—ਇਕ ਖ਼ਜ਼ਾਨਾ

ਮਰਦੇ ਵੇਲੇ ਕੀਤੀ ਭਵਿੱਖਬਾਣੀ ਤੋਂ ਸਬਕ​—ਭਾਗ 2

“ਉਸ ਨੇ ਹਰੇਕ ਨੂੰ ਬਰਕਤ ਦਿੱਤੀ ਜਿਸ ਦੇ ਉਹ ਯੋਗ ਸੀ।”​—ਉਤ. 49:28.

ਕੀ ਸਿੱਖਾਂਗੇ?

ਯਾਕੂਬ ਨੇ ਆਪਣੇ ਅੱਠ ਮੁੰਡਿਆਂ ਨੂੰ ਜੋ ਆਖ਼ਰੀ ਸ਼ਬਦ ਕਹੇ, ਉਸ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ।

1. ਇਸ ਲੇਖ ਵਿਚ ਅਸੀਂ ਕੀ ਜਾਣਾਂਗੇ?

ਯਾਕੂਬ ਦੇ 12 ਪੁੱਤਰ ਉਸ ਦੇ ਆਲੇ-ਦੁਆਲੇ ਬੈਠੇ ਹੋਏ ਹਨ। ਉਹ ਇਕ-ਇਕ ਕਰ ਕੇ ਉਨ੍ਹਾਂ ਨੂੰ ਬਰਕਤ ਦੇ ਰਿਹਾ ਹੈ ਅਤੇ ਸਾਰੇ ਬੜੇ ਧਿਆਨ ਨਾਲ ਸੁਣ ਰਹੇ ਹਨ। ਪਿਛਲੇ ਲੇਖ ਵਿਚ ਅਸੀਂ ਜਾਣਿਆ ਸੀ ਕਿ ਯਾਕੂਬ ਨੇ ਰਊਬੇਨ, ਸ਼ਿਮਓਨ, ਲੇਵੀ ਅਤੇ ਯਹੂਦਾਹ ਨੂੰ ਬਰਕਤ ਦਿੱਤੀ ਸੀ। ਯਾਕੂਬ ਦੀਆਂ ਗੱਲਾਂ ਸੁਣ ਕੇ ਉਸ ਦੇ ਸਾਰੇ ਪੁੱਤਰ ਹੈਰਾਨ-ਪਰੇਸ਼ਾਨ ਸਨ। ਇਸ ਕਰਕੇ ਉਹ ਜ਼ਰੂਰ ਸੋਚ ਰਹੇ ਹੋਣੇ ਕਿ ਯਾਕੂਬ ਹੁਣ ਆਪਣੇ ਬਾਕੀ ਅੱਠ ਮੁੰਡਿਆਂ ਨੂੰ ਕੀ ਕਹੇਗਾ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਯਾਕੂਬ ਨੇ ਜ਼ਬੂਲੁਨ, ਯਿਸਾਕਾਰ, ਦਾਨ, ਗਾਦ, ਆਸ਼ੇਰ, ਨਫ਼ਤਾਲੀ, ਯੂਸੁਫ਼ ਅਤੇ ਬਿਨਯਾਮੀਨ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਅਤੇ ਅਸੀਂ ਉਸ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ।a

ਜ਼ਬੂਲੁਨ

2. ਯਾਕੂਬ ਨੇ ਜ਼ਬੂਲੁਨ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਅਤੇ ਇਹ ਕਿਵੇਂ ਪੂਰੀ ਹੋਈ? (ਉਤਪਤ 49:13) (ਡੱਬੀ ਵੀ ਦੇਖੋ।)

2 ਉਤਪਤ 49:13 ਪੜ੍ਹੋ। ਯਾਕੂਬ ਨੇ ਕਿਹਾ ਕਿ ਜ਼ਬੂਲੁਨ ਦਾ ਵੰਸ਼ ਸਮੁੰਦਰੀ ਕੰਢੇ ʼਤੇ ਵੱਸੇਗਾ। ਇਹ ਇਲਾਕਾ ਵਾਅਦਾ ਕੀਤੇ ਹੋਏ ਦੇਸ਼ ਦੇ ਉੱਤਰ ਵੱਲ ਸੀ। 200 ਤੋਂ ਜ਼ਿਆਦਾ ਸਾਲਾਂ ਬਾਅਦ ਜ਼ਬੂਲੁਨ ਦੇ ਵੰਸ਼ ਨੂੰ ਇਹ ਇਲਾਕਾ ਮਿਲਿਆ। ਇਹ ਇਲਾਕਾ ਗਲੀਲ ਦੀ ਝੀਲ ਅਤੇ ਭੂਮੱਧ ਸਾਗਰ ਦੇ ਵਿਚਕਾਰ ਸੀ। ਮੂਸਾ ਨੇ ਭਵਿੱਖਬਾਣੀ ਕੀਤੀ: “ਹੇ ਜ਼ਬੂਲੁਨ, ਤੂੰ ਆਪਣੇ ਵਪਾਰ ਕਰਕੇ ਖ਼ੁਸ਼ ਹੋ।” (ਬਿਵ. 33:18) ਇਸ ਭਵਿੱਖਬਾਣੀ ਦਾ ਕੀ ਮਤਲਬ ਸੀ? ਇਹ ਕਿ ਜ਼ਬੂਲੁਨ ਦੇ ਵੰਸ਼ ਨੇ ਦੋ ਸਮੁੰਦਰਾਂ ਵਿਚਕਾਰ ਵੱਸਣਾ ਸੀ ਅਤੇ ਸ਼ਾਇਦ ਇਸੇ ਕਰਕੇ ਉਨ੍ਹਾਂ ਲਈ ਵਪਾਰ ਕਰਨਾ ਬਹੁਤ ਸੌਖਾ ਹੋਣਾ ਸੀ। ਜੋ ਵੀ ਸੀ, ਜ਼ਬੂਲੁਨ ਦੇ ਵੰਸ਼ ਕੋਲ ਖ਼ੁਸ਼ ਹੋਣ ਦਾ ਕਾਰਨ ਸੀ।

ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ

ਜ਼ਬੂਲੁਨ।

ਪੁੱਤਰ

ਜ਼ਬੂਲੁਨ

ਭਵਿੱਖਬਾਣੀ

‘ਜ਼ਬੂਲੁਨ ਸਮੁੰਦਰੀ ਕੰਢੇ ʼਤੇ ਵੱਸੇਗਾ ਅਤੇ ਉਸ ਦੀ ਸਰਹੱਦ ਸੀਦੋਨ ਵੱਲ ਹੋਵੇਗੀ।’​—ਉਤ. 49:13.

ਪੂਰਤੀ

ਜ਼ਬੂਲੁਨ ਦੇ ਗੋਤ ਨੂੰ ਉੱਤਰ ਵਿਚ ਇਲਾਕਾ ਮਿਲਿਆ ਜੋ ਗਲੀਲ ਦੀ ਝੀਲ ਅਤੇ ਭੂਮੱਧ ਸਾਗਰ ਦੇ ਵਿਚ ਸੀ।​—ਯਹੋ.19:10-16.

3. ਖ਼ੁਸ਼ ਰਹਿਣ ਲਈ ਅਸੀਂ ਕੀ ਕਰ ਸਕਦੇ ਹਾਂ?

3 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਚਾਹੇ ਅਸੀਂ ਜਿੱਥੇ ਮਰਜ਼ੀ ਰਹਿੰਦੇ ਹੋਈਏ ਜਾਂ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਫਿਰ ਵੀ ਸਾਡੇ ਕੋਲ ਖ਼ੁਸ਼ ਰਹਿਣ ਦਾ ਹਮੇਸ਼ਾ ਕੋਈ-ਨਾ-ਕੋਈ ਕਾਰਨ ਜ਼ਰੂਰ ਹੁੰਦਾ ਹੈ। ਖ਼ੁਸ਼ ਰਹਿਣ ਲਈ ਜ਼ਰੂਰੀ ਹੈ ਕਿ ਸਾਡੇ ਕੋਲ ਜੋ ਕੁਝ ਹੈ, ਅਸੀਂ ਉਸ ਵਿਚ ਸੰਤੁਸ਼ਟ ਰਹੀਏ। (ਜ਼ਬੂ. 16:6; 24:5) ਕਦੇ-ਕਦੇ ਅਸੀਂ ਉਨ੍ਹਾਂ ਚੀਜ਼ਾਂ ਬਾਰੇ ਸੋਚਣ ਲੱਗ ਪੈਂਦੇ ਹਾਂ ਜੋ ਸਾਡੇ ਕੋਲ ਨਹੀਂ ਹਨ ਅਤੇ ਇਸ ਕਰਕੇ ਅਸੀਂ ਦੁਖੀ ਹੋ ਜਾਂਦੇ ਹਾਂ। ਇਸ ਦੀ ਬਜਾਇ, ਸਾਨੂੰ ਉਨ੍ਹਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈ ਜੋ ਸਾਡੇ ਕੋਲ ਹਨ। ਇੱਦਾਂ ਕਰ ਕੇ ਅਸੀਂ ਖ਼ੁਸ਼ ਰਹਾਂਗੇ, ਫਿਰ ਚਾਹੇ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ।​—ਗਲਾ. 6:4.

ਯਿਸਾਕਾਰ

4. ਯਾਕੂਬ ਨੇ ਯਿਸਾਕਾਰ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਅਤੇ ਇਹ ਕਿਵੇਂ ਪੂਰੀ ਹੋਈ? (ਉਤਪਤ 49:14, 15) (ਡੱਬੀ ਵੀ ਦੇਖੋ।)

4 ਉਤਪਤ 49:14, 15 ਪੜ੍ਹੋ। ਯਾਕੂਬ ਨੇ ਯਿਸਾਕਾਰ ਦੀ ਤਾਰੀਫ਼ ਕੀਤੀ ਕਿ ਉਹ ਸਖ਼ਤ ਮਿਹਨਤ ਕਰਦਾ ਸੀ। ਉਸ ਨੇ ਉਸ ਦੀ ਤੁਲਨਾ ਮਜ਼ਬੂਤ ਹੱਡਾਂ ਵਾਲੇ ਗਧੇ ਨਾਲ ਕੀਤੀ ਜੋ ਭਾਰੇ ਤੋਂ ਭਾਰਾ ਸਾਮਾਨ ਢੋਹ ਸਕਦਾ ਹੈ। ਉਸ ਨੇ ਇਹ ਵੀ ਕਿਹਾ ਕਿ ਯਿਸਾਕਾਰ ਨੂੰ ਵਧੀਆ ਜ਼ਮੀਨ ਮਿਲੇਗੀ। ਯਾਕੂਬ ਦੇ ਸ਼ਬਦਾਂ ਮੁਤਾਬਕ ਯਿਸਾਕਾਰ ਦੇ ਵੰਸ਼ ਨੂੰ ਯਰਦਨ ਦਰਿਆ ਲਾਗੇ ਬਹੁਤ ਹੀ ਵਧੀਆ ਤੇ ਉਪਜਾਊ ਜ਼ਮੀਨ ਦਿੱਤੀ ਗਈ। (ਯਹੋ. 19:22) ਉਨ੍ਹਾਂ ਨੇ ਉੱਥੇ ਖੇਤੀਬਾੜੀ ਕਰਨ ਲਈ ਜ਼ਰੂਰ ਸਖ਼ਤ ਮਿਹਨਤ ਕੀਤੀ ਹੋਣੀ। ਇੰਨਾ ਹੀ ਨਹੀਂ, ਉਹ ਦੂਜਿਆਂ ਦੀ ਮਦਦ ਕਰਨ ਲਈ ਵੀ ਤਿਆਰ ਰਹਿੰਦੇ ਸਨ। (1 ਰਾਜ. 4:7, 17) ਮਿਸਾਲ ਲਈ, ਜਦੋਂ ਨਿਆਂਕਾਰ ਬਾਰਾਕ ਅਤੇ ਦਬੋਰਾਹ ਨਬੀਆ ਨੇ ਸੀਸਰਾ ਖ਼ਿਲਾਫ਼ ਲੜਨ ਲਈ ਇਜ਼ਰਾਈਲੀਆਂ ਤੋਂ ਮਦਦ ਮੰਗੀ, ਤਾਂ ਯਿਸਾਕਾਰ ਦਾ ਗੋਤ ਮਦਦ ਕਰਨ ਲਈ ਸਭ ਤੋਂ ਪਹਿਲਾਂ ਅੱਗੇ ਆਇਆ। ਨਾਲੇ ਉਹ ਹੋਰ ਸਮਿਆਂ ਤੇ ਵੀ ਦੁਸ਼ਮਣਾਂ ਨਾਲ ਲੜਨ ਲਈ ਤਿਆਰ ਸੀ।​—ਨਿਆ. 5:15.

ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ

ਯਿਸਾਕਾਰ।

ਪੁੱਤਰ

ਯਿਸਾਕਾਰ

ਭਵਿੱਖਬਾਣੀ

“ਉਹ ਭਾਰ ਚੁੱਕਣ ਲਈ ਆਪਣਾ ਮੋਢਾ ਨੀਵਾਂ ਕਰੇਗਾ।”​—ਉਤ. 49:14, 15.

ਪੂਰਤੀ

ਯਿਸਾਕਾਰ ਦੇ ਗੋਤ ਨੇ ਇਜ਼ਰਾਈਲ ਕੌਮ ਦੀ ਖ਼ਾਤਰ ਮਿਹਨਤ ਕੀਤੀ।​—ਨਿਆ. 5:15; 1 ਰਾਜਿ. 4:1,7, 17.

5. ਸਾਨੂੰ ਸਖ਼ਤ ਮਿਹਨਤ ਕਿਉਂ ਕਰਨੀ ਚਾਹੀਦੀ ਹੈ?

5 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਯਿਸਾਕਾਰ ਦੇ ਗੋਤ ਨੇ ਜੋ ਸਖ਼ਤ ਮਿਹਨਤ ਕੀਤੀ, ਉਸ ਲਈ ਯਹੋਵਾਹ ਨੇ ਉਨ੍ਹਾਂ ਦੀ ਕਦਰ ਕੀਤੀ। ਇਸੇ ਤਰ੍ਹਾਂ ਅੱਜ ਅਸੀਂ ਉਸ ਦੀ ਸੇਵਾ ਕਰਨ ਲਈ ਜੋ ਸਖ਼ਤ ਮਿਹਨਤ ਕਰਦੇ ਹਾਂ, ਉਹ ਉਸ ਦੀ ਵੀ ਕਦਰ ਕਰਦਾ ਹੈ। (ਉਪ. 2:24) ਜ਼ਰਾ ਬਜ਼ੁਰਗਾਂ ਬਾਰੇ ਸੋਚੋ ਜੋ ਮੰਡਲੀ ਦਾ ਖ਼ਿਆਲ ਰੱਖਦੇ ਹਨ। (1 ਤਿਮੋ. 3:1) ਚਾਹੇ ਕਿ ਇਹ ਭਰਾ ਸੱਚ-ਮੁੱਚ ਦੇ ਯੁੱਧ ਨਹੀਂ ਲੜਦੇ, ਪਰ ਉਹ ਭੈਣਾਂ-ਭਰਾਵਾਂ ਦੀ ਉਨ੍ਹਾਂ ਚੀਜ਼ਾਂ ਤੋਂ ਹਿਫਾਜ਼ਤ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ ਜਿਨ੍ਹਾਂ ਕਰਕੇ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। (1 ਕੁਰਿੰ. 5:1, 5; ਯਹੂ. 17-23) ਉਹ ਭਾਸ਼ਣ ਅਤੇ ਹੋਰ ਭਾਗ ਤਿਆਰ ਕਰਨ ਵਿਚ ਵੀ ਸਖ਼ਤ ਮਿਹਨਤ ਕਰਦੇ ਹਨ ਤਾਂਕਿ ਉਹ ਭੈਣਾਂ-ਭਰਾਵਾਂ ਦਾ ਹੌਸਲਾ ਵਧਾ ਸਕਣ।​—1 ਤਿਮੋ. 5:17.

ਦਾਨ

6. ਦਾਨ ਦੇ ਗੋਤ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਸੀ? (ਉਤਪਤ 49:17, 18) (ਡੱਬੀ ਵੀ ਦੇਖੋ।)

6 ਉਤਪਤ 49:17, 18 ਪੜ੍ਹੋ। ਯਾਕੂਬ ਨੇ ਦਾਨ ਦੀ ਤੁਲਨਾ ਇਕ ਅਜਿਹੇ ਸੱਪ ਨਾਲ ਕੀਤੀ ਜੋ ਵੱਡੇ ਤੋਂ ਵੱਡੇ ਜਾਨਵਰ ਤੋਂ ਵੀ ਨਹੀਂ ਡਰਦਾ। ਉਹ ਯੁੱਧ ਦੇ ਘੋੜਿਆਂ ਅਤੇ ਉਨ੍ਹਾਂ ਦੇ ਸਵਾਰਾਂ ਨੂੰ ਡੰਗ ਮਾਰਨ ਲਈ ਤਿਆਰ ਰਹਿੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦਾਨ ਦੇ ਵੰਸ਼ ਨੇ ਬਹੁਤ ਦਲੇਰ ਹੋਣਾ ਸੀ ਅਤੇ ਇਜ਼ਰਾਈਲ ਦੇ ਵੱਡੇ-ਵੱਡੇ ਦੁਸ਼ਮਣਾਂ ਦਾ ਡਟ ਕੇ ਸਾਮ੍ਹਣਾ ਕਰਨਾ ਸੀ। ਜਦੋਂ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵੱਲ ਜਾ ਰਹੇ ਸਨ, ਤਾਂ ਦਾਨ ਦਾ ਗੋਤ ਸਾਰੇ ਗੋਤਾਂ ਦੀ ਹਿਫਾਜ਼ਤ ਕਰਨ ਲਈ ‘ਸਭ ਤੋਂ ਪਿੱਛੇ ਚੱਲ ਰਿਹਾ ਸੀ।’ (ਗਿਣ. 10:25) ਚਾਹੇ ਕਿ ਕੌਮ ਦੇ ਬਾਕੀ ਲੋਕ ਦਾਨ ਦੇ ਗੋਤ ਨੂੰ ਨਹੀਂ ਦੇਖ ਸਕਦੇ ਸਨ, ਪਰ ਉਸ ਦੀ ਜ਼ਿੰਮੇਵਾਰੀ ਬਹੁਤ ਖ਼ਾਸ ਸੀ।

ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ

ਦਾਨ।

ਪੁੱਤਰ

ਦਾਨ

ਭਵਿੱਖਬਾਣੀ

‘ਦਾਨ ਘੋੜੇ ਦੀ ਅੱਡੀ ʼਤੇ ਡੰਗ ਮਾਰਦਾ ਹੈ।’ ​—ਉਤ. 49:16-18.

ਪੂਰਤੀ

ਵਾਅਦਾ ਕੀਤੇ ਹੋਏ ਦੇਸ਼ ਨੂੰ ਜਾਂਦਿਆਂ ਦਾਨ ਦਾ ਗੋਤ ‘ਸਭ ਤੋਂ ਪਿੱਛੇ ਚੱਲਦਾ ਸੀ।’​—ਗਿਣ. 10:25.

7. ਯਹੋਵਾਹ ਦੀ ਸੇਵਾ ਵਿਚ ਮਿਲਦੀ ਕਿਸੇ ਵੀ ਜ਼ਿੰਮੇਵਾਰੀ ਬਾਰੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

7 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਕੀ ਤੁਸੀਂ ਕਦੇ ਕੋਈ ਕੰਮ ਕੀਤਾ ਹੈ ਜਿਸ ਵੱਲ ਦੂਜਿਆਂ ਨੇ ਕੋਈ ਧਿਆਨ ਨਹੀਂ ਦਿੱਤਾ? ਸ਼ਾਇਦ ਤੁਸੀਂ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਜਾਂ ਸਾਂਭ-ਸੰਭਾਲ ਵਿਚ ਮਦਦ ਕੀਤੀ ਹੋਵੇ, ਕਿਸੇ ਸੰਮੇਲਨ ਵਿਚ ਕੋਈ ਕੰਮ ਕੀਤਾ ਹੋਵੇ ਜਾਂ ਕੋਈ ਹੋਰ ਜ਼ਿੰਮੇਵਾਰੀ ਨਿਭਾਈ ਹੋਵੇ। ਜੇ ਹਾਂ, ਤਾਂ ਤੁਸੀਂ ਤਾਰੀਫ਼ ਦੇ ਲਾਇਕ ਹੋ। ਹਮੇਸ਼ਾ ਯਾਦ ਰੱਖੋ ਕਿ ਤੁਸੀਂ ਯਹੋਵਾਹ ਲਈ ਜੋ ਵੀ ਕਰਦੇ ਹੋ, ਉਹ ਉਸ ਵੱਲ ਧਿਆਨ ਦਿੰਦਾ ਹੈ ਅਤੇ ਤੁਹਾਡੀ ਕਦਰ ਕਰਦਾ ਹੈ। ਉਹ ਖ਼ਾਸ ਕਰਕੇ ਉਦੋਂ ਜ਼ਿਆਦਾ ਖ਼ੁਸ਼ ਹੁੰਦਾ ਹੈ ਜਦੋਂ ਤੁਸੀਂ ਦਿਲੋਂ ਪਿਆਰ ਹੋਣ ਕਰਕੇ ਉਸ ਦੀ ਸੇਵਾ ਕਰਦੇ ਹੋ, ਨਾ ਕਿ ਵਾਹ-ਵਾਹ ਖੱਟਣ ਲਈ।​—ਮੱਤੀ 6:1-4.

ਗਾਦ

8. ਇਜ਼ਰਾਈਲ ਦੇ ਦੁਸ਼ਮਣਾਂ ਲਈ ਗਾਦ ʼਤੇ ਹਮਲਾ ਕਰਨਾ ਇੰਨਾ ਸੌਖਾ ਕਿਉਂ ਸੀ? (ਉਤਪਤ 49:19) (ਡੱਬੀ ਵੀ ਦੇਖੋ।)

8 ਉਤਪਤ 49:19 ਪੜ੍ਹੋ। ਯਾਕੂਬ ਨੇ ਭਵਿੱਖਬਾਣੀ ਕੀਤੀ ਕਿ ਗਾਦ ʼਤੇ ਲੁਟੇਰੇ ਹਮਲਾ ਕਰਨਗੇ। ਇਸ ਤੋਂ ਲਗਭਗ 200 ਸਾਲਾਂ ਬਾਅਦ ਗਾਦ ਦੇ ਗੋਤ ਨੂੰ ਯਰਦਨ ਦਰਿਆ ਦੇ ਪੂਰਬ ਵੱਲ ਦਾ ਇਲਾਕਾ ਦਿੱਤਾ ਗਿਆ। ਉਨ੍ਹਾਂ ਦਾ ਇਲਾਕਾ ਜਿੱਥੇ ਖ਼ਤਮ ਹੁੰਦਾ ਸੀ, ਉੱਥੇ ਦੁਸ਼ਮਣਾਂ ਦਾ ਇਲਾਕਾ ਸ਼ੁਰੂ ਹੁੰਦਾ ਸੀ। ਇਸ ਕਰਕੇ ਦੁਸ਼ਮਣ ਉਨ੍ਹਾਂ ʼਤੇ ਸੌਖਿਆਂ ਹੀ ਹਮਲਾ ਕਰ ਸਕਦੇ ਸਨ। ਫਿਰ ਵੀ ਗਾਦ ਦਾ ਵੰਸ਼ ਉੱਥੇ ਹੀ ਵੱਸਣਾ ਚਾਹੁੰਦਾ ਸੀ ਕਿਉਂਕਿ ਉਹ ਇਲਾਕਾ ਪਸ਼ੂ-ਪਾਲਣ ਲਈ ਵਧੀਆ ਸੀ। (ਗਿਣ. 32:1, 5) ਬਿਨਾਂ ਸ਼ੱਕ, ਗਾਦ ਦਾ ਵੰਸ਼ ਬਹੁਤ ਦਲੇਰ ਸੀ। ਪਰ ਉਨ੍ਹਾਂ ਨੂੰ ਆਪਣੀ ਤਾਕਤ ਤੋਂ ਜ਼ਿਆਦਾ ਯਹੋਵਾਹ ʼਤੇ ਭਰੋਸਾ ਸੀ। ਉਹ ਜਾਣਦੇ ਸਨ ਕਿ ਯਹੋਵਾਹ ਲੁਟੇਰਿਆਂ ਤੋਂ ਉਨ੍ਹਾਂ ਦੀ ਹਿਫਾਜ਼ਤ ਕਰ ਸਕਦਾ ਸੀ। ਇੰਨਾ ਹੀ ਨਹੀਂ, ਜਦੋਂ ਬਾਕੀ ਗੋਤ ਯਰਦਨ ਦੇ ਪੱਛਮ ਵੱਲ ਕਬਜ਼ਾ ਕਰਨ ਗਏ, ਤਾਂ ਗਾਦ ਦੇ ਗੋਤ ਨੇ ਉਨ੍ਹਾਂ ਦੀ ਮਦਦ ਕਰਨ ਲਈ ਆਪਣੇ ਫ਼ੌਜੀ ਭੇਜੇ। (ਗਿਣ. 32:16-19) ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਫ਼ੌਜੀਆਂ ਦੀ ਗ਼ੈਰ-ਹਾਜ਼ਰੀ ਵਿਚ ਯਹੋਵਾਹ ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚਿਆਂ ਦੀ ਹਿਫਾਜ਼ਤ ਕਰੇਗਾ। ਦਲੇਰੀ ਦਿਖਾਉਣ ਅਤੇ ਕੁਰਬਾਨੀਆਂ ਕਰਨ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ।​—ਯਹੋ. 22:1-4.

ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ

ਗਾਦ।

ਪੁੱਤਰ

ਗਾਦ

ਭਵਿੱਖਬਾਣੀ

“ਗਾਦ ਉੱਤੇ ਲੁਟੇਰੇ ਹਮਲਾ ਕਰਨਗੇ।” ​—ਉਤ. 49:19.

ਪੂਰਤੀ

ਗਾਦ ਦਾ ਇਲਾਕਾ ਯਰਦਨ ਦੇ ਪੂਰਬ ਵਿਚ ਸੀ ਅਤੇ ਦੁਸ਼ਮਣ ਸੌਖਿਆਂ ਹੀ ਉਸ ʼਤੇ ਹਮਲਾ ਕਰ ਸਕਦੇ ਸਨ।​—ਯਹੋ. 13:24-28.

9. ਯਹੋਵਾਹ ʼਤੇ ਭਰੋਸਾ ਹੋਣ ਕਰਕੇ ਅਸੀਂ ਕੀ ਕਰਾਂਗੇ?

9 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਲਈ ਸਾਨੂੰ ਹਮੇਸ਼ਾ ਉਸ ʼਤੇ ਭਰੋਸਾ ਕਰਨਾ ਚਾਹੀਦਾ ਹੈ। (ਜ਼ਬੂ. 37:3) ਅੱਜ ਬਹੁਤ ਸਾਰੇ ਭੈਣ-ਭਰਾ ਯਹੋਵਾਹ ʼਤੇ ਭਰੋਸਾ ਰੱਖਦੇ ਹਨ ਅਤੇ ਉਸ ਦੀ ਸੇਵਾ ਕਰਨ ਲਈ ਬਹੁਤ ਸਾਰੀਆਂ ਕੁਰਬਾਨੀਆਂ ਕਰਦੇ ਹਨ। ਮਿਸਾਲ ਲਈ, ਕੁਝ ਭੈਣ-ਭਰਾ ਭਗਤੀ ਨਾਲ ਜੁੜੀਆਂ ਇਮਾਰਤਾਂ ਦੀ ਉਸਾਰੀ ਕਰਦੇ ਹਨ, ਉੱਥੇ ਜਾ ਕੇ ਪ੍ਰਚਾਰ ਕਰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਜਾਂ ਹੋਰ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਉਹ ਇਹ ਸਾਰੀਆਂ ਕੁਰਬਾਨੀਆਂ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਹਮੇਸ਼ਾ ਉਨ੍ਹਾਂ ਦੀ ਦੇਖ-ਭਾਲ ਕਰਦਾ ਰਹੇਗਾ।​—ਜ਼ਬੂ. 23:1.

ਆਸ਼ੇਰ

10. ਆਸ਼ੇਰ ਨੇ ਕੀ ਨਹੀਂ ਕੀਤਾ ਅਤੇ ਇਸ ਦਾ ਕੀ ਅਸਰ ਪਿਆ? (ਉਤਪਤ 49:20) (ਡੱਬੀ ਵੀ ਦੇਖੋ।)

10 ਉਤਪਤ 49:20 ਪੜ੍ਹੋ। ਯਾਕੂਬ ਨੇ ਭਵਿੱਖਬਾਣੀ ਕੀਤੀ ਕਿ ਆਸ਼ੇਰ ਦਾ ਗੋਤ ਵਧੇ-ਫੁੱਲੇਗਾ ਅਤੇ ਬਿਲਕੁਲ ਇੱਦਾਂ ਹੀ ਹੋਇਆ। ਆਸ਼ੇਰ ਦੇ ਗੋਤ ਨੂੰ ਪੂਰੇ ਇਜ਼ਰਾਈਲ ਵਿਚ ਸਭ ਤੋਂ ਜ਼ਿਆਦਾ ਉਪਜਾਊ ਇਲਾਕਾ ਦਿੱਤਾ ਗਿਆ। (ਬਿਵ. 33:24) ਨਾਲੇ ਉਨ੍ਹਾਂ ਦੇ ਇਲਾਕੇ ਦੀ ਪੱਛਮੀ ਸਰਹੱਦ ʼਤੇ ਭੂਮੱਧ ਸਾਗਰ ਸੀ ਅਤੇ ਉੱਥੇ ਹੀ ਸੀਦੋਨ ਦੀ ਬੰਦਰਗਾਹ ਵੀ ਸੀ ਜਿੱਥੇ ਫੈਨੀਕੇ ਦੇ ਅਮੀਰ ਵਪਾਰੀ ਬਹੁਤ ਜ਼ਿਆਦਾ ਵਪਾਰ ਕਰਦੇ ਸਨ। ਪਰ ਆਸ਼ੇਰ ਦੇ ਵੰਸ਼ ਨੇ ਇਕ ਕੰਮ ਨਹੀਂ ਕੀਤਾ। ਉਨ੍ਹਾਂ ਨੇ ਇਲਾਕੇ ਵਿੱਚੋਂ ਕਨਾਨੀਆਂ ਨੂੰ ਨਹੀਂ ਕੱਢਿਆ। (ਨਿਆ. 1:31, 32) ਇਸ ਕਰਕੇ ਕਨਾਨੀਆਂ ਦਾ ਉਨ੍ਹਾਂ ʼਤੇ ਬੁਰਾ ਅਸਰ ਪਿਆ। ਨਾਲੇ ਇੱਦਾਂ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੀ ਧਨ-ਦੌਲਤ ਨਾਲ ਇੰਨਾ ਪਿਆਰ ਹੋ ਗਿਆ ਕਿ ਸ਼ੁੱਧ ਭਗਤੀ ਲਈ ਉਨ੍ਹਾਂ ਦਾ ਜੋਸ਼ ਘੱਟ ਗਿਆ। ਜਦੋਂ ਨਿਆਂਕਾਰ ਬਾਰਾਕ ਨੇ ਕਨਾਨ ਦੀ ਫ਼ੌਜ ਖ਼ਿਲਾਫ਼ ਲੜਨ ਲਈ ਇਜ਼ਰਾਈਲੀਆਂ ਤੋਂ ਮਦਦ ਮੰਗੀ, ਤਾਂ ਆਸ਼ੇਰ ਦਾ ਗੋਤ ਮਦਦ ਕਰਨ ਲਈ ਅੱਗੇ ਨਹੀਂ ਆਇਆ। ਨਤੀਜੇ ਵਜੋਂ, ਉਹ ਉਨ੍ਹਾਂ ਸ਼ਾਨਦਾਰ ਕੰਮਾਂ ਨੂੰ ਨਹੀਂ ਦੇਖ ਸਕਿਆ ਜੋ ਯਹੋਵਾਹ ਨੇ “ਮਗਿੱਦੋ ਦੇ ਪਾਣੀਆਂ ਕੋਲ” ਇਜ਼ਰਾਈਲੀਆਂ ਨੂੰ ਜਿੱਤ ਦਿਵਾਉਣ ਲਈ ਕੀਤੇ ਸਨ। (ਨਿਆ. 5:19-21) ਇਸ ਜਿੱਤ ਤੋਂ ਬਾਅਦ ਬਾਰਾਕ ਅਤੇ ਦਬੋਰਾਹ ਨੇ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਜਿੱਤ ਦਾ ਇਕ ਗੀਤ ਗਾਇਆ। ਇਸ ਵਿਚ ਉਨ੍ਹਾਂ ਨੇ ਗਾਇਆ: “ਆਸ਼ੇਰ ਸਮੁੰਦਰ ਕਿਨਾਰੇ ਹੱਥ ʼਤੇ ਹੱਥ ਧਰ ਕੇ ਬੈਠਾ ਰਿਹਾ।” (ਨਿਆ. 5:17) ਜ਼ਰਾ ਸੋਚੋ, ਇਹ ਗੀਤ ਸੁਣ ਕੇ ਆਸ਼ੇਰ ਦੇ ਵੰਸ਼ ਨੂੰ ਕਿੰਨੀ ਸ਼ਰਮਿੰਦਗੀ ਮਹਿਸੂਸ ਹੋਈ ਹੋਣੀ!

ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ

ਆਸ਼ੇਰ।

ਪੁੱਤਰ

ਆਸ਼ੇਰ

ਭਵਿੱਖਬਾਣੀ

“ਆਸ਼ੇਰ ਕੋਲ ਖਾਣ ਲਈ ਭਰਪੂਰ ਭੋਜਨ ਹੋਵੇਗਾ।”​—ਉਤ. 49:20.

ਪੂਰਤੀ

ਆਸ਼ੇਰ ਦਾ ਗੋਤ ਵਾਅਦਾ ਕੀਤੇ ਹੋਏ ਦੇਸ਼ ਵਿਚ ਵਧਿਆ-ਫੁੱਲਿਆ।​—ਬਿਵ. 33:24.

11. ਸਾਨੂੰ ਪੈਸੇ ਅਤੇ ਚੀਜ਼ਾਂ ਪ੍ਰਤੀ ਸਹੀ ਨਜ਼ਰੀਆ ਬਣਾਈ ਰੱਖਣ ਦੀ ਕਿਉਂ ਲੋੜ ਹੈ?

11 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ। ਇੱਦਾਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਪੈਸੇ ਅਤੇ ਚੀਜ਼ਾਂ ਪ੍ਰਤੀ ਦੁਨੀਆਂ ਦੇ ਨਜ਼ਰੀਏ ਨੂੰ ਠੁਕਰਾਈਏ। (ਕਹਾ. 18:11) ਸਾਨੂੰ ਪੈਸੇ ਅਤੇ ਚੀਜ਼ਾਂ ਪ੍ਰਤੀ ਸਹੀ ਨਜ਼ਰੀਆ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਉਪ. 7:12; ਇਬ. 13:5) ਅਸੀਂ ਬੇਲੋੜੀਆਂ ਚੀਜ਼ਾਂ ਇਕੱਠੀਆਂ ਕਰਨ ਵਿਚ ਆਪਣਾ ਸਮਾਂ ਅਤੇ ਤਾਕਤ ਨਹੀਂ ਲਾਉਂਦੇ। ਇਸ ਦੀ ਬਜਾਇ, ਅਸੀਂ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ। ਸਾਨੂੰ ਪਤਾ ਹੈ ਕਿ ਜੇ ਅਸੀਂ ਵਫ਼ਾਦਾਰੀ ਬਣਾਈ ਰੱਖਾਂਗੇ, ਤਾਂ ਯਹੋਵਾਹ ਭਵਿੱਖ ਵਿਚ ਸਾਨੂੰ ਸ਼ਾਨਦਾਰ ਜ਼ਿੰਦਗੀ ਦਾ ਇਨਾਮ ਦੇਵੇਗਾ।​—ਜ਼ਬੂ. 4:8.

ਨਫ਼ਤਾਲੀ

12. ਨਫ਼ਤਾਲੀ ਬਾਰੇ ਕੀਤੀ ਯਾਕੂਬ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ? (ਉਤਪਤ 49:21) (ਡੱਬੀ ਵੀ ਦੇਖੋ।)

12 ਉਤਪਤ 49:21 ਪੜ੍ਹੋ। ਯਾਕੂਬ ਨੇ ਕਿਹਾ ਕਿ ਨਫ਼ਤਾਲੀ ਦੀਆਂ “ਗੱਲਾਂ ਦਿਲ ਨੂੰ ਖ਼ੁਸ਼” ਕਰਨ ਵਾਲੀਆਂ ਹੋਣਗੀਆਂ। ਉਹ ਸ਼ਾਇਦ ਇਹ ਦੱਸ ਰਿਹਾ ਸੀ ਕਿ ਅੱਗੇ ਚੱਲ ਕੇ ਜਦੋਂ ਯਿਸੂ ਧਰਤੀ ʼਤੇ ਆਵੇਗਾ, ਤਾਂ ਉਸ ਦੀਆਂ ਗੱਲਾਂ ਕਿਹੋ ਜਿਹੀਆਂ ਹੋਣਗੀਆਂ। ਯਿਸੂ ਨੇ ਕਫ਼ਰਨਾਹੂਮ ਵਿਚ ਲੋਕਾਂ ਨੂੰ ਸਿਖਾਉਣ ਵਿਚ ਕਾਫ਼ੀ ਸਮਾਂ ਲਾਇਆ। ਇਸ ਕਰਕੇ ਇਸ ਸ਼ਹਿਰ ਨੂੰ ਯਿਸੂ ਦਾ ‘ਆਪਣਾ ਸ਼ਹਿਰ’ ਕਿਹਾ ਗਿਆ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਕਫ਼ਰਨਾਹੂਮ ਨਫ਼ਤਾਲੀ ਦੇ ਗੋਤ ਦੇ ਇਲਾਕੇ ਵਿਚ ਹੀ ਸੀ। (ਮੱਤੀ 4:13; 9:1; ਯੂਹੰ. 7:46) ਯਸਾਯਾਹ ਨਬੀ ਨੇ ਵੀ ਯਿਸੂ ਬਾਰੇ ਭਵਿੱਖਬਾਣੀ ਕੀਤੀ ਸੀ ਕਿ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕ “ਵੱਡਾ ਚਾਨਣ” ਦੇਖਣਗੇ। (ਯਸਾ. 9:1, 2) ਯਿਸੂ ਉਹ “ਸੱਚਾ ਚਾਨਣ” ਸੀ ਜਿਸ ਨੇ ਆਪਣੀਆਂ ਸਿੱਖਿਆਵਾਂ ਰਾਹੀਂ ‘ਹਰ ਤਰ੍ਹਾਂ ਦੇ ਲੋਕਾਂ ਨੂੰ ਚਾਨਣ ਦਿੱਤਾ।’​—ਯੂਹੰ. 1:9.

ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ

ਨਫ਼ਤਾਲੀ।

ਪੁੱਤਰ

ਨਫ਼ਤਾਲੀ

ਭਵਿੱਖਬਾਣੀ

“ਉਸ ਦੀਆਂ ਗੱਲਾਂ ਦਿਲ ਨੂੰ ਖ਼ੁਸ਼ ਕਰਦੀਆਂ ਹਨ।”​—ਉਤ. 49:21.

ਪੂਰਤੀ

ਯਿਸੂ ਨੇ ਨਫ਼ਤਾਲੀ ਗੋਤ ਦੇ ਇਲਾਕੇ ਵਿਚ ਲੋਕਾਂ ਨੂੰ ਸਿਖਾਉਣ ਵਿਚ ਕਾਫ਼ੀ ਸਮਾਂ ਲਾਇਆ। ​—ਮੱਤੀ 4:13; 9:1.

13. ਅਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਨ ਵਾਲੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ?

13 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਕੀ ਕਹਿੰਦੇ ਹਾਂ ਅਤੇ ਕਿੱਦਾਂ ਕਹਿੰਦੇ ਹਾਂ, ਉਸ ਨਾਲ ਯਹੋਵਾਹ ਨੂੰ ਫ਼ਰਕ ਪੈਂਦਾ ਹੈ। ਤਾਂ ਫਿਰ ਅਸੀਂ ਯਹੋਵਾਹ ਦੇ ‘ਦਿਲ ਨੂੰ ਖ਼ੁਸ਼ ਕਰਨ ਵਾਲੀਆਂ’ ਗੱਲਾਂ ਕਿਵੇਂ ਕਰ ਸਕਦੇ ਹਾਂ? ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। (ਜ਼ਬੂ. 15:1, 2) ਨਾਲੇ ਸਾਨੂੰ ਆਪਣੀਆਂ ਗੱਲਾਂ ਨਾਲ ਦੂਜਿਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਸਾਨੂੰ ਦੂਜਿਆਂ ਵਿਚ ਕਮੀਆਂ ਨਹੀਂ ਲੱਭਣੀਆਂ ਚਾਹੀਦੀਆਂ, ਸਗੋਂ ਉਨ੍ਹਾਂ ਦੇ ਚੰਗੇ ਗੁਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਤਾਰੀਫ਼ ਕਰਨੀ ਚਾਹੀਦੀ ਹੈ। (ਅਫ਼. 4:29) ਇਸ ਤੋਂ ਇਲਾਵਾ, ਸਾਨੂੰ ਲੋਕਾਂ ਨਾਲ ਗੱਲਬਾਤ ਸ਼ੁਰੂ ਕਰਨ ਦਾ ਆਪਣਾ ਹੁਨਰ ਵੀ ਨਿਖਾਰਨਾ ਚਾਹੀਦਾ ਹੈ ਤਾਂਕਿ ਅਸੀਂ ਲੋਕਾਂ ਨੂੰ ਚੰਗੀ ਤਰ੍ਹਾਂ ਗਵਾਹੀ ਦੇ ਸਕੀਏ।

ਯੂਸੁਫ਼

14. ਯੂਸੁਫ਼ ਬਾਰੇ ਕੀਤੀ ਯਾਕੂਬ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ? (ਉਤਪਤ 49:22, 26) (ਡੱਬੀ ਵੀ ਦੇਖੋ।)

14 ਉਤਪਤ 49:22, 26 ਪੜ੍ਹੋ। ਯਾਕੂਬ ਨੂੰ ਯੂਸੁਫ਼ ʼਤੇ ਬਹੁਤ ਜ਼ਿਆਦਾ ਮਾਣ ਹੋਣਾ। ਕਿਉਂ? ਕਿਉਂਕਿ ਯਹੋਵਾਹ ਨੇ ਯੂਸੁਫ਼ ਨੂੰ ਉਸ ਦੇ “ਆਪਣੇ ਭਰਾਵਾਂ ਵਿੱਚੋਂ ਚੁਣਿਆ” ਸੀ। ਯਾਕੂਬ ਨੇ ਯੂਸੁਫ਼ ਬਾਰੇ ਕਿਹਾ ਕਿ ਉਹ “ਇਕ ਫਲਦਾਰ ਦਰਖ਼ਤ ਦੀ ਟਾਹਣੀ” ਸੀ। ਯਾਕੂਬ ਖ਼ੁਦ ਉਹ ਦਰਖ਼ਤ ਸੀ ਅਤੇ ਯੂਸੁਫ਼ ਉਸ ਦੀ ਟਾਹਣੀ। ਨਾਲੇ ਇਹ ਸਹੀ ਵੀ ਸੀ ਕਿਉਂਕਿ ਯੂਸੁਫ਼ ਯਾਕੂਬ ਦੀ ਪਿਆਰੀ ਪਤਨੀ ਰਾਕੇਲ ਦਾ ਜੇਠਾ ਪੁੱਤਰ ਸੀ। ਯਾਕੂਬ ਨੇ ਭਵਿੱਖਬਾਣੀ ਕੀਤੀ ਕਿ ਯੂਸੁਫ਼ ਨੂੰ ਵਿਰਸੇ ਵਿਚ ਦੁਗਣਾ ਹਿੱਸਾ ਮਿਲੇਗਾ, ਨਾ ਕਿ ਰਊਬੇਨ ਨੂੰ ਜੋ ਉਸ ਦੀ ਪਤਨੀ ਲੇਆਹ ਦਾ ਜੇਠਾ ਪੁੱਤਰ ਸੀ। (ਉਤ. 48:5, 6; 1 ਇਤਿ. 5:1, 2) ਇਸ ਭਵਿੱਖਬਾਣੀ ਦੀ ਪੂਰਤੀ ਉਦੋਂ ਹੋਈ ਜਦੋਂ ਯੂਸੁਫ਼ ਦੇ ਦੋ ਪੁੱਤਰਾਂ ਇਫ਼ਰਾਈਮ ਅਤੇ ਮਨੱਸ਼ਹ ਦੇ ਵੰਸ਼ ਤੋਂ ਦੋ ਵੱਖੋ-ਵੱਖਰੇ ਗੋਤ ਬਣੇ ਅਤੇ ਉਨ੍ਹਾਂ ਨੂੰ ਆਪੋ-ਆਪਣਾ ਇਲਾਕਾ ਮਿਲਿਆ।​—ਉਤ. 49:25; ਯਹੋ. 14:4.

ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ

ਯੂਸੁਫ਼।

ਪੁੱਤਰ

ਯੂਸੁਫ਼

ਭਵਿੱਖਬਾਣੀ

ਬਰਕਤਾਂ ‘ਯੂਸੁਫ਼ ਦੇ ਸਿਰ ʼਤੇ ਰਹਿਣਗੀਆਂ ਜਿਸ ਨੂੰ ਆਪਣੇ ਭਰਾਵਾਂ ਵਿੱਚੋਂ ਚੁਣਿਆ ਗਿਆ ਹੈ।’ ​—ਉਤ. 49:22-26.

ਪੂਰਤੀ

ਯੂਸੁਫ਼ ਨੂੰ ਜੇਠੇ ਹੋਣ ਦਾ ਹੱਕ ਮਿਲਿਆ ਅਤੇ ਉਸ ਦੇ ਦੋ ਪੁੱਤਰਾਂ ਦੇ ਵੰਸ਼ ਤੋਂ ਦੋ ਵੱਖੋ-ਵੱਖਰੇ ਗੋਤ ਬਣੇ। ​—ਯਹੋ. 14:4; 1 ਇਤਿ. 5:1, 2.

15. ਬੇਇਨਸਾਫ਼ੀ ਹੋਣ ਤੇ ਯੂਸੁਫ਼ ਕਿਵੇਂ ਪੇਸ਼ ਆਇਆ?

15 ਯਾਕੂਬ ਨੇ ਭਵਿੱਖਬਾਣੀ ਵਿਚ ਇਹ ਵੀ ਦੱਸਿਆ ਕਿ ‘ਤੀਰਅੰਦਾਜ਼ ਯੂਸੁਫ਼ ਉੱਤੇ ਤੀਰ ਚਲਾਉਣਗੇ ਅਤੇ ਉਸ ਨਾਲ ਦੁਸ਼ਮਣੀ ਰੱਖਣਗੇ।’ (ਉਤ. 49:23) ਇਹ ਤੀਰਅੰਦਾਜ਼ ਯੂਸੁਫ਼ ਦੇ ਭਰਾ ਸਨ ਜੋ ਉਸ ਨਾਲ ਈਰਖਾ ਕਰਦੇ ਸਨ। ਉਨ੍ਹਾਂ ਨੇ ਉਸ ਨਾਲ ਬੇਇਨਸਾਫ਼ੀ ਕੀਤੀ ਅਤੇ ਇਸ ਕਰਕੇ ਉਸ ਨੂੰ ਕਈ ਮੁਸ਼ਕਲਾਂ ਸਹਿਣੀਆਂ ਪਈਆਂ ਸਨ। ਫਿਰ ਵੀ ਯੂਸੁਫ਼ ਨੇ ਨਾ ਤਾਂ ਆਪਣੇ ਭਰਾਵਾਂ ਲਈ ਅਤੇ ਨਾ ਹੀ ਯਹੋਵਾਹ ਲਈ ਆਪਣੇ ਦਿਲ ਵਿਚ ਕੜਵਾਹਟ ਪੈਦਾ ਹੋਣ ਦਿੱਤੀ। ਇਸ ਦੀ ਬਜਾਇ, ਅਜ਼ਮਾਇਸ਼ਾਂ ਦੌਰਾਨ ਯੂਸੁਫ਼ ਤਕੜਾ ਰਿਹਾ ਅਤੇ ਉਸ ਨੇ ਯਹੋਵਾਹ ʼਤੇ ਭਰੋਸਾ ਰੱਖਿਆ। ਨਾਲੇ ਜਿਵੇਂ ਯਾਕੂਬ ਨੇ ਉਸ ਬਾਰੇ ਕਿਹਾ ਸੀ: “[ਯੂਸੁਫ਼] ਦੀ ਕਮਾਨ ਆਪਣੀ ਜਗ੍ਹਾ ਤੋਂ ਨਹੀਂ ਹਿੱਲੀ ਅਤੇ ਉਸ ਦੇ ਹੱਥ ਮਜ਼ਬੂਤ ਅਤੇ ਫੁਰਤੀਲੇ ਰਹੇ।” (ਉਤ. 49:24) ਉਸ ਨੇ ਨਾ ਸਿਰਫ਼ ਆਪਣੇ ਭਰਾਵਾਂ ਨੂੰ ਮਾਫ਼ ਕੀਤਾ, ਸਗੋਂ ਉਨ੍ਹਾਂ ਨਾਲ ਪਿਆਰ ਨਾਲ ਵੀ ਪੇਸ਼ ਆਇਆ। (ਉਤ. 47:11, 12) ਅੱਗ ਵਰਗੀਆਂ ਅਜ਼ਮਾਇਸ਼ਾਂ ਨੇ ਯੂਸੁਫ਼ ਨੂੰ ਹੋਰ ਵੀ ਨਿਖਾਰ ਦਿੱਤਾ। (ਜ਼ਬੂ. 105:17-19) ਨਤੀਜੇ ਵਜੋਂ, ਯਹੋਵਾਹ ਨੇ ਉਸ ਤੋਂ ਕਈ ਸ਼ਾਨਦਾਰ ਕੰਮ ਕਰਵਾਏ।

16. ਅਜ਼ਮਾਇਸ਼ਾਂ ਦੌਰਾਨ ਅਸੀਂ ਯੂਸੁਫ਼ ਦੀ ਰੀਸ ਕਿਵੇਂ ਕਰ ਸਕਦੇ ਹਾਂ?

16 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਆਓ ਆਪਾਂ ਮੁਸ਼ਕਲਾਂ ਦੌਰਾਨ ਕਦੇ ਵੀ ਆਪਣੇ ਆਪ ਨੂੰ ਯਹੋਵਾਹ ਜਾਂ ਭੈਣਾਂ-ਭਰਾਵਾਂ ਤੋਂ ਦੂਰ ਨਾ ਕਰੀਏ। ਯਾਦ ਰੱਖੋ ਕਿ ਯਹੋਵਾਹ ਸਾਡੀ ਨਿਹਚਾ ਦੀ ਸ਼ਾਇਦ ਇਸ ਕਰਕੇ ਪਰਖ ਹੋਣ ਦਿੰਦਾ ਹੈ ਤਾਂਕਿ ਉਹ ਸਾਨੂੰ ਸਿਖਲਾਈ ਦੇ ਸਕੇ। (ਇਬ. 12:7, ਫੁਟਨੋਟ) ਇਸ ਸਿਖਲਾਈ ਕਰਕੇ ਅਸੀਂ ਆਪਣੇ ਅੰਦਰ ਮਸੀਹੀ ਗੁਣ ਪੈਦਾ ਕਰ ਸਕਦੇ ਹਾਂ ਅਤੇ ਇਨ੍ਹਾਂ ਨੂੰ ਹੋਰ ਨਿਖਾਰ ਸਕਦੇ ਹਾਂ, ਜਿਵੇਂ ਕਿ ਦਇਆ ਕਰਨੀ ਅਤੇ ਮਾਫ਼ ਕਰਨਾ। (ਇਬ. 12:11) ਯੂਸੁਫ਼ ਵਾਂਗ ਯਹੋਵਾਹ ਸਾਡੇ ਧੀਰਜ ਦਾ ਵੀ ਸਾਨੂੰ ਜ਼ਰੂਰ ਇਨਾਮ ਦੇਵੇਗਾ।

ਬਿਨਯਾਮੀਨ

17. ਬਿਨਯਾਮੀਨ ਬਾਰੇ ਕੀਤੀ ਯਾਕੂਬ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ? (ਉਤਪਤ 49:27) (ਡੱਬੀ ਵੀ ਦੇਖੋ।)

17 ਉਤਪਤ 49:27 ਪੜ੍ਹੋ। ਯਾਕੂਬ ਨੇ ਬਿਨਯਾਮੀਨ ਦੇ ਗੋਤ ਦੀ ਤੁਲਨਾ ਇਕ ਬਘਿਆੜ ਨਾਲ ਕੀਤੀ ਜੋ ਬਿਨਾਂ ਡਰੇ ਆਪਣੇ ਦੁਸ਼ਮਣਾਂ ʼਤੇ ਹਮਲਾ ਕਰਦਾ ਹੈ। (ਨਿਆ. 20:15, 16; 1 ਇਤਿ. 12:2) ਯਾਕੂਬ ਨੇ ਕਿਹਾ: “ਉਹ ਸਵੇਰ ਨੂੰ ਆਪਣਾ ਸ਼ਿਕਾਰ ਖਾਵੇਗਾ।” ਇੱਥੇ “ਸਵੇਰ ਨੂੰ” ਦਾ ਕੀ ਮਤਲਬ ਹੈ? ਜਦੋਂ ਰਾਜਿਆਂ ਨੇ ਇਜ਼ਰਾਈਲ ʼਤੇ ਰਾਜ ਕਰਨਾ ਸ਼ੁਰੂ ਕੀਤਾ, ਤਾਂ ਇਜ਼ਰਾਈਲ ਦਾ ਸਭ ਤੋਂ ਪਹਿਲਾ ਰਾਜਾ ਸ਼ਾਊਲ ਸੀ ਜੋ ਬਿਨਯਾਮੀਨ ਦੇ ਗੋਤ ਵਿੱਚੋਂ ਸੀ। ਉਹ ਇਕ ਮਹਾਨ ਯੋਧਾ ਸੀ ਜੋ ਫਲਿਸਤੀਆਂ ਖ਼ਿਲਾਫ਼ ਬਹੁਤ ਦਲੇਰੀ ਨਾਲ ਲੜਿਆ। (1 ਸਮੂ. 9:15-17, 21) ਯਾਕੂਬ ਨੇ ਬਿਨਯਾਮੀਨ ਬਾਰੇ ਇਹ ਵੀ ਕਿਹਾ ਕਿ ਉਹ “ਸ਼ਾਮ ਨੂੰ ਲੁੱਟ ਦਾ ਮਾਲ ਵੰਡੇਗਾ।” ਇੱਥੇ “ਸ਼ਾਮ ਨੂੰ” ਦਾ ਕੀ ਮਤਲਬ ਹੈ? ਜਦੋਂ ਰਾਜਿਆਂ ਨੇ ਇਜ਼ਰਾਈਲ ʼਤੇ ਰਾਜ ਕਰਨਾ ਬੰਦ ਕਰ ਦਿੱਤਾ ਅਤੇ ਇਜ਼ਰਾਈਲੀ ਫਾਰਸ ਦੀ ਹਕੂਮਤ ਅਧੀਨ ਹੋ ਗਏ, ਉਦੋਂ ਪੂਰੀ ਇਜ਼ਰਾਈਲ ਕੌਮ ਨੂੰ ਮਿਟਾਉਣ ਦੀ ਸਾਜ਼ਸ਼ ਰਚੀ ਗਈ। ਪਰ ਰਾਣੀ ਅਸਤਰ ਅਤੇ ਪ੍ਰਧਾਨ ਮੰਤਰੀ ਮਾਰਦਕਈ ਨੇ, ਜੋ ਬਿਨਯਾਮੀਨ ਦੇ ਗੋਤ ਵਿੱਚੋਂ ਸਨ, ਉਸ ਸਾਜ਼ਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇਜ਼ਰਾਈਲੀਆਂ ਦਾ ਨਾਮੋ-ਨਿਸ਼ਾਨ ਮਿਟਣ ਤੋਂ ਬਚਾ ਲਿਆ।​—ਅਸ. 2:5-7; 8:3; 10:3.

ਯਾਕੂਬ ਨੇ ਮਰਦੇ ਵੇਲੇ ਭਵਿੱਖਬਾਣੀ ਕੀਤੀ

ਬਿਨਯਾਮੀਨ।

ਪੁੱਤਰ

ਬਿਨਯਾਮੀਨ

ਭਵਿੱਖਬਾਣੀ

“ਉਹ ਸਵੇਰ ਨੂੰ ਆਪਣਾ ਸ਼ਿਕਾਰ ਖਾਵੇਗਾ ਅਤੇ ਸ਼ਾਮ ਨੂੰ ਲੁੱਟ ਦਾ ਮਾਲ ਵੰਡੇਗਾ।”​—ਉਤ. 49:27.

ਪੂਰਤੀ

ਸ਼ਾਊਲ ਇਜ਼ਰਾਈਲ ਦਾ ਪਹਿਲਾ ਰਾਜਾ ਬਣਿਆ ਸੀ। (1 ਸਮੂ. 9:15-17) ਅੱਗੇ ਚੱਲ ਕੇ ਅਸਤਰ ਤੇ ਮਾਰਦਕਈ ਨੇ ਯਹੋਵਾਹ ਦੇ ਲੋਕਾਂ ਦੀ ਜਾਨ ਬਚਾਈ।​—ਅਸ. 2:5-7; 8:3; 10:3.

18. ਅਸੀਂ ਬਿਨਯਾਮੀਨੀਆਂ ਵਾਂਗ ਵਫ਼ਾਦਾਰੀ ਕਿਵੇਂ ਦਿਖਾ ਸਕਦੇ ਹਾਂ?

18 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਬਿਨਾਂ ਸ਼ੱਕ, ਬਿਨਯਾਮੀਨ ਦਾ ਗੋਤ ਇਹ ਦੇਖ ਕੇ ਬਹੁਤ ਖ਼ੁਸ਼ ਹੋਇਆ ਹੋਣਾ ਕਿ ਉਨ੍ਹਾਂ ਦੇ ਗੋਤ ਵਿੱਚੋਂ ਇਜ਼ਰਾਈਲ ਦਾ ਪਹਿਲਾ ਰਾਜਾ ਚੁਣਿਆ ਗਿਆ, ਜਿਵੇਂ ਯਾਕੂਬ ਨੇ ਭਵਿੱਖਬਾਣੀ ਕੀਤੀ ਸੀ। ਪਰ ਜਦੋਂ ਅਗਲਾ ਰਾਜਾ ਯਹੂਦਾਹ ਦੇ ਗੋਤ ਵਿੱਚੋਂ ਚੁਣਿਆ ਗਿਆ, ਜੋ ਕਿ ਦਾਊਦ ਸੀ, ਤਾਂ ਅੱਗੇ ਚੱਲ ਕੇ ਬਿਨਯਾਮੀਨੀਆਂ ਨੇ ਉਸ ਦਾ ਪੂਰਾ ਸਾਥ ਦਿੱਤਾ। (2 ਸਮੂ. 3:17-19) ਕਈ ਸਾਲਾਂ ਬਾਅਦ ਜਦੋਂ ਦਸ-ਗੋਤੀ ਰਾਜ ਨੇ ਯਹੂਦਾਹ ਦੇ ਗੋਤ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ, ਤਾਂ ਬਿਨਯਾਮੀਨ ਦਾ ਗੋਤ ਯਹੂਦਾਹ ਅਤੇ ਯਹੋਵਾਹ ਦੇ ਚੁਣੇ ਹੋਏ ਰਾਜੇ ਪ੍ਰਤੀ ਵਫ਼ਾਦਾਰ ਰਿਹਾ। (1 ਰਾਜ. 11:31, 32; 12:19, 21) ਆਓ ਆਪਾਂ ਵੀ ਉਨ੍ਹਾਂ ਭਰਾਵਾਂ ਦਾ ਵਫ਼ਾਦਾਰੀ ਨਾਲ ਸਾਥ ਦੇਈਏ ਜਿਨ੍ਹਾਂ ਨੂੰ ਯਹੋਵਾਹ ਨੇ ਅੱਜ ਸਾਡੀ ਅਗਵਾਈ ਕਰਨ ਲਈ ਚੁਣਿਆ ਹੈ।​—1 ਥੱਸ. 5:12.

19. ਯਾਕੂਬ ਨੇ ਮਰਦੇ ਵੇਲੇ ਜੋ ਭਵਿੱਖਬਾਣੀ ਕੀਤੀ ਸੀ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

19 ਯਾਕੂਬ ਨੇ ਮਰਦੇ ਵੇਲੇ ਜੋ ਭਵਿੱਖਬਾਣੀ ਕੀਤੀ ਸੀ, ਉਸ ਤੋਂ ਅਸੀਂ ਬਹੁਤ ਕੁਝ ਸਿੱਖਿਆ। ਇਸ ʼਤੇ ਚਰਚਾ ਕਰ ਕੇ ਸਾਡੀ ਨਿਹਚਾ ਹੋਰ ਮਜ਼ਬੂਤ ਹੋਈ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਕੀਤੀਆਂ ਹੋਰ ਭਵਿੱਖਬਾਣੀਆਂ ਵੀ ਜ਼ਰੂਰ ਪੂਰੀਆਂ ਹੋਣਗੀਆਂ। ਨਾਲੇ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਜੋ ਕਿਹਾ, ਉਸ ਤੋਂ ਅਸੀਂ ਸਿੱਖਿਆ ਕਿ ਅਸੀਂ ਯਹੋਵਾਹ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ।

ਅਸੀਂ ਉਨ੍ਹਾਂ ਗੱਲਾਂ ਤੋਂ ਕੀ ਸਿੱਖ ਸਕਦੇ ਹਾਂ ਜੋ ਯਾਕੂਬ ਨੇ . . .

  • ਜ਼ਬੂਲੁਨ, ਯਿਸਾਕਾਰ ਅਤੇ ਦਾਨ ਨੂੰ ਕਹੀਆਂ ਸਨ?

  • ਗਾਦ, ਆਸ਼ੇਰ ਅਤੇ ਨਫ਼ਤਾਲੀ ਨੂੰ ਕਹੀਆਂ ਸਨ?

  • ਯੂਸੁਫ਼ ਅਤੇ ਬਿਨਯਾਮੀਨ ਨੂੰ ਕਹੀਆਂ ਸਨ?

ਗੀਤ 128 ਤੂੰ ਅੰਤ ਤਕ ਧੀਰਜ ਨਾਲ ਸਹਿੰਦਾ ਰਹੀਂ

a ਯਾਕੂਬ ਨੇ ਸਭ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਰਊਬੇਨ ਨੂੰ, ਫਿਰ ਆਪਣੇ ਦੂਜੇ ਤੇ ਤੀਜੇ ਪੁੱਤਰ ਸ਼ਿਮਓਨ ਤੇ ਲੇਵੀ ਨੂੰ ਅਤੇ ਫਿਰ ਆਪਣੇ ਚੌਥੇ ਪੁੱਤਰ ਯਹੂਦਾਹ ਨੂੰ ਬਰਕਤ ਦਿੱਤੀ। ਪਰ ਬਾਕੀ ਪੁੱਤਰਾਂ ਨੂੰ ਉਨ੍ਹਾਂ ਦੀ ਉਮਰ ਮੁਤਾਬਕ ਵੱਡੇ ਤੋਂ ਸ਼ੁਰੂ ਕਰ ਕੇ ਛੋਟੇ ਨੂੰ ਸਿਲਸਿਲੇਵਾਰ ਢੰਗ ਨਾਲ ਬਰਕਤ ਨਹੀਂ ਦਿੱਤੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ