ਪ੍ਰਬੰਧਕ ਸਭਾ ਦੇ ਦੋ ਨਵੇਂ ਮੈਂਬਰ
5 ਅਕਤੂਬਰ 2024 ਨੂੰ ਸਾਲਾਨਾ ਸਭਾ ਵਿਚ ਇਕ ਖ਼ਾਸ ਘੋਸ਼ਣਾ ਕੀਤੀ ਗਈ ਸੀ। ਉਸ ਵਿਚ ਦੱਸਿਆ ਗਿਆ ਸੀ ਕਿ ਭਰਾ ਜੋਡੀ ਜੇਡਲੀ ਤੇ ਭਰਾ ਜੇਕਬ ਰਮਫ਼ ਹੁਣ ਤੋਂ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰਾਂ ਵਜੋਂ ਸੇਵਾ ਕਰਨਗੇ। ਇਹ ਦੋਵੇਂ ਭਰਾ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ।
ਜੋਡੀ ਜੇਡਲੀ ਅਤੇ ਉਨ੍ਹਾਂ ਦੀ ਪਤਨੀ ਦਮਾਰਿਸ
ਭਰਾ ਜੇਡਲੀ ਦਾ ਜਨਮ ਅਮਰੀਕਾ ਦੇ ਮਿਸੂਰੀ ਪ੍ਰਾਂਤ ਵਿਚ ਹੋਇਆ ਸੀ। ਉਨ੍ਹਾਂ ਦੀ ਪਰਵਰਿਸ਼ ਸੱਚਾਈ ਵਿਚ ਹੋਈ ਸੀ। ਉਨ੍ਹਾਂ ਦਾ ਪਰਿਵਾਰ ਅਜਿਹੇ ਇਲਾਕੇ ਵਿਚ ਰਹਿੰਦਾ ਸੀ ਜਿੱਥੇ ਥੋੜ੍ਹੇ ਹੀ ਗਵਾਹ ਸਨ। ਇਸ ਕਰਕੇ ਉਹ ਅਲੱਗ-ਅਲੱਗ ਦੇਸ਼ਾਂ ਦੇ ਭੈਣਾਂ-ਭਰਾਵਾਂ ਨੂੰ ਮਿਲੇ ਜੋ ਉੱਥੇ ਸੇਵਾ ਕਰਨ ਆਉਂਦੇ ਸਨ। ਉਨ੍ਹਾਂ ਵਿਚ ਪਿਆਰ ਤੇ ਏਕਤਾ ਦੇਖ ਕੇ ਭਰਾ ʼਤੇ ਬਹੁਤ ਵਧੀਆ ਅਸਰ ਪਿਆ। ਉਨ੍ਹਾਂ ਨੇ 15 ਅਕਤੂਬਰ 1983 ਵਿਚ ਬਪਤਿਸਮਾ ਲੈ ਲਿਆ। ਉਨ੍ਹਾਂ ਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਸੀ ਜਿਸ ਕਰਕੇ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਸਤੰਬਰ 1989 ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਜਦੋਂ ਭਰਾ ਜੇਡਲੀ ਛੋਟੇ ਸਨ, ਤਾਂ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਭੈਣ ਨੂੰ ਬੈਥਲ ਦਿਖਾਉਣ ਲਈ ਲੈ ਕੇ ਜਾਂਦੇ ਸਨ। ਇਸ ਕਰਕੇ ਦੋਵੇਂ ਬੱਚਿਆਂ ਨੇ ਬੈਥਲ ਜਾਣ ਦਾ ਟੀਚਾ ਰੱਖਿਆ ਅਤੇ ਉਸ ਟੀਚੇ ਨੂੰ ਹਾਸਲ ਵੀ ਕੀਤਾ। ਭਰਾ ਜੇਡਲੀ ਸਤੰਬਰ 1990 ਵਿਚ ਵੌਲਕਿਲ ਬੈਥਲ ਆਏ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸਫ਼ਾਈ ਵਿਭਾਗ ਵਿਚ ਅਤੇ ਫਿਰ ਮੈਡੀਕਲ ਵਿਭਾਗ ਵਿਚ ਕੰਮ ਕੀਤਾ।
ਉਸ ਸਮੇਂ ਦੌਰਾਨ ਆਲੇ-ਦੁਆਲੇ ਦੀਆਂ ਸਪੇਨੀ ਭਾਸ਼ਾਵਾਂ ਦੀਆਂ ਮੰਡਲੀਆਂ ਵਿਚ ਬਹੁਤ ਤਰੱਕੀ ਹੋ ਰਹੀ ਸੀ ਅਤੇ ਉੱਥੇ ਭਰਾਵਾਂ ਦੀ ਲੋੜ ਸੀ। ਇਸ ਲਈ ਭਰਾ ਜੇਡਲੀ ਅਜਿਹੀ ਹੀ ਇਕ ਮੰਡਲੀ ਵਿਚ ਜਾਣ ਲੱਗ ਪਏ ਅਤੇ ਸਪੇਨੀ ਭਾਸ਼ਾ ਸਿੱਖਣ ਲੱਗ ਪਏ। ਕੁਝ ਸਮੇਂ ਬਾਅਦ ਉਹ ਦਮਾਰਿਸ ਨਾਂ ਦੀ ਭੈਣ ਨੂੰ ਮਿਲੇ ਜੋ ਉਸੇ ਸਰਕਟ ਵਿਚ ਪਾਇਨੀਅਰਿੰਗ ਕਰਦੀ ਸੀ। ਅੱਗੇ ਚੱਲ ਕੇ ਉਨ੍ਹਾਂ ਦਾ ਵਿਆਹ ਹੋ ਗਿਆ ਅਤੇ ਭੈਣ ਵੀ ਬੈਥਲ ਵਿਚ ਸੇਵਾ ਕਰਨ ਲੱਗ ਪਈ।
ਆਪਣੇ ਮਾਪਿਆਂ ਦੀ ਦੇਖ-ਭਾਲ ਕਰਨ ਲਈ ਭੈਣ ਤੇ ਭਰਾ ਨੂੰ 2005 ਵਿਚ ਬੈਥਲ ਛੱਡਣਾ ਪਿਆ। ਉਸ ਦੌਰਾਨ ਉਨ੍ਹਾਂ ਦੋਵਾਂ ਨੇ ਰੈਗੂਲਰ ਪਾਇਨੀਅਰਿੰਗ ਕੀਤੀ। ਭਰਾ ਨੇ ਪਾਇਨੀਅਰ ਸੇਵਾ ਸਕੂਲ ਵਿਚ ਸਿਖਲਾਈ ਦਿੱਤੀ ਅਤੇ ਹਸਪਤਾਲ ਸੰਪਰਕ ਕਮੇਟੀ ਤੇ ਸਥਾਨਕ ਉਸਾਰੀ ਕਮੇਟੀ ਵਿਚ ਵੀ ਸੇਵਾ ਕੀਤੀ।
2013 ਵਿਚ ਉਨ੍ਹਾਂ ਦੋਵਾਂ ਨੂੰ ਵਾਰਵਿਕ ਵਿਚ ਹੋ ਰਹੇ ਉਸਾਰੀ ਕੰਮ ਲਈ ਬੈਥਲ ਬੁਲਾਇਆ ਗਿਆ। ਭਰਾ ਜੇਡਲੀ ਨੇ ਸਥਾਨਕ ਡੀਜ਼ਾਈਨ/ਉਸਾਰੀ ਵਿਭਾਗ ਅਤੇ ਹਸਪਤਾਲ ਜਾਣਕਾਰੀ ਸੇਵਾਵਾਂ ਵਿਚ ਕੰਮ ਕੀਤਾ। ਮਾਰਚ 2023 ਵਿਚ ਭਰਾ ਨੂੰ ਪ੍ਰਚਾਰ ਸੇਵਾ ਕਮੇਟੀ ਦੇ ਸਹਾਇਕ ਦੇ ਤੌਰ ਤੇ ਨਿਯੁਕਤ ਕੀਤਾ ਗਿਆ। ਭਰਾ ਨੇ ਹੁਣ ਤਕ ਕਈ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਉਨ੍ਹਾਂ ਨੇ ਕਿਹਾ: “ਜਦੋਂ ਕੋਈ ਨਵੀਂ ਜ਼ਿੰਮੇਵਾਰੀ ਮਿਲਦੀ ਹੈ, ਤਾਂ ਘਬਰਾਹਟ ਤਾਂ ਹੁੰਦੀ ਹੈ। ਪਰ ਉਸ ਸਮੇਂ ਯਹੋਵਾਹ ʼਤੇ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਜੋ ਚਾਹੇ ਬਣ ਸਕਦਾ ਹੈ ਅਤੇ ਸਾਨੂੰ ਵੀ ਬਣਾ ਸਕਦਾ ਹੈ।”
ਜੇਕਬ ਰਮਫ਼ ਅਤੇ ਉਨ੍ਹਾਂ ਦੀ ਪਤਨੀ ਇੰਗਾ
ਭਰਾ ਰਮਫ਼ ਦਾ ਜਨਮ ਅਮਰੀਕਾ ਦੇ ਕੈਲੇਫ਼ੋਰਨੀਆ ਪ੍ਰਾਂਤ ਵਿਚ ਹੋਇਆ ਸੀ। ਭਰਾ ਦੇ ਮੰਮੀ ਯਹੋਵਾਹ ਦੇ ਗਵਾਹ ਸਨ। ਪਰ ਉਹ ਸਭਾਵਾਂ ਅਤੇ ਪ੍ਰਚਾਰ ʼਤੇ ਨਹੀਂ ਜਾਂਦੇ ਸਨ। ਫਿਰ ਵੀ ਉਨ੍ਹਾਂ ਨੇ ਭਰਾ ਨੂੰ ਬਚਪਨ ਵਿਚ ਬਾਈਬਲ ਦੀਆਂ ਕੁਝ ਸੱਚਾਈਆਂ ਸਿਖਾਈਆਂ ਸਨ। ਭਰਾ ਹਰ ਸਾਲ ਆਪਣੀ ਦਾਦੀ ਨੂੰ ਮਿਲਣ ਜਾਂਦੇ ਸਨ ਜੋ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਸਨ। ਉਨ੍ਹਾਂ ਨੇ ਭਰਾ ਦੇ ਦਿਲ ਵਿਚ ਸੱਚਾਈ ਲਈ ਪਿਆਰ ਵਧਾਇਆ। ਇਸ ਕਰਕੇ ਭਰਾ ਨੇ 13 ਸਾਲ ਦੀ ਉਮਰ ਵਿਚ ਬਾਈਬਲ ਸਟੱਡੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ 27 ਸਤੰਬਰ 1992 ਵਿਚ ਉਨ੍ਹਾਂ ਨੇ ਬਪਤਿਸਮਾ ਲੈ ਲਿਆ। ਉਨ੍ਹਾਂ ਦੀ ਮੰਮੀ ਫਿਰ ਤੋਂ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ। ਉਨ੍ਹਾਂ ਦੇ ਡੈਡੀ ਅਤੇ ਭੈਣਾਂ-ਭਰਾਵਾਂ ਨੇ ਵੀ ਤਰੱਕੀ ਕੀਤੀ ਅਤੇ ਬਪਤਿਸਮਾ ਲੈ ਲਿਆ।
ਜਦੋਂ ਭਰਾ ਨੌਜਵਾਨ ਸੀ, ਤਾਂ ਉਨ੍ਹਾਂ ਨੇ ਦੇਖਿਆ ਕਿ ਪਾਇਨੀਅਰ ਬਹੁਤ ਖ਼ੁਸ਼ ਰਹਿੰਦੇ ਸਨ। ਇਸ ਕਰਕੇ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸਤੰਬਰ 1995 ਵਿਚ ਉਨ੍ਹਾਂ ਨੇ ਵੀ ਪਾਇਨੀਅਰ ਸੇਵਾ ਸ਼ੁਰੂ ਕਰ ਦਿੱਤੀ। ਫਿਰ 2000 ਵਿਚ ਉਹ ਇਕਵੇਡਾਰ ਚਲੇ ਗਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਉੱਥੇ ਉਹ ਇੰਗਾ ਨਾਂ ਦੀ ਇਕ ਪਾਇਨੀਅਰ ਭੈਣ ਨੂੰ ਮਿਲੇ ਜੋ ਕੈਨੇਡਾ ਤੋਂ ਸੀ। ਬਾਅਦ ਵਿਚ ਉਨ੍ਹਾਂ ਨੇ ਵਿਆਹ ਕਰਾ ਲਿਆ। ਵਿਆਹ ਤੋਂ ਬਾਅਦ ਉਹ ਇਕਵੇਡਾਰ ਦੇ ਇਕ ਛੋਟੇ ਜਿਹੇ ਕਸਬੇ ਵਿਚ ਸੇਵਾ ਕਰਨ ਲੱਗ ਪਏ ਜਿੱਥੇ ਪ੍ਰਚਾਰਕਾਂ ਦਾ ਇਕ ਛੋਟਾ ਗਰੁੱਪ ਸੀ। ਅੱਜ ਉੱਥੇ ਇਕ ਵੱਡੀ ਮੰਡਲੀ ਹੈ।
ਸਮੇਂ ਦੀ ਬੀਤਣ ਨਾਲ ਭਰਾ ਅਤੇ ਭੈਣ ਨੂੰ ਸਪੈਸ਼ਲ ਪਾਇਨੀਅਰ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੇ ਸਰਕਟ ਕੰਮ ਵੀ ਕੀਤਾ। 2011 ਵਿਚ ਉਨ੍ਹਾਂ ਨੂੰ ਗਿਲਿਅਡ ਸਕੂਲ ਦੀ 132ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਗ੍ਰੈਜੂਏਟ ਹੋਣ ਤੋਂ ਬਾਅਦ ਉਨ੍ਹਾਂ ਨੇ ਅਲੱਗ-ਅਲੱਗ ਦੇਸ਼ਾਂ ਵਿਚ ਵੱਖੋ-ਵੱਖਰੇ ਤਰੀਕਿਆਂ ਨਾਲ ਸੇਵਾ ਕੀਤੀ, ਜਿਵੇਂ ਕਿ ਉਨ੍ਹਾਂ ਨੇ ਬੈਥਲ ਵਿਚ ਸੇਵਾ ਕੀਤੀ, ਮਿਸ਼ਨਰੀ ਸੇਵਾ ਕੀਤੀ ਤੇ ਸਰਕਟ ਕੰਮ ਵੀ ਕੀਤਾ। ਭਰਾ ਰਮਫ਼ ਨੂੰ ਰਾਜ ਦੇ ਪ੍ਰਚਾਰਕਾਂ ਦੇ ਸਕੂਲ ਵਿਚ ਵੀ ਸਿਖਾਉਣ ਦਾ ਮੌਕਾ ਮਿਲਿਆ।
ਕੋਵਿਡ-19 ਮਹਾਂਮਾਰੀ ਕਰਕੇ ਭਰਾ ਅਤੇ ਭੈਣ ਨੂੰ ਵਾਪਸ ਅਮਰੀਕਾ ਆਉਣਾ ਪਿਆ। ਫਿਰ ਉਨ੍ਹਾਂ ਨੂੰ ਵੌਲਕਿਲ ਬੈਥਲ ਵਿਚ ਆਉਣ ਦਾ ਸੱਦਾ ਮਿਲਿਆ ਜਿੱਥੇ ਭਰਾ ਨੂੰ ਸੇਵਾ ਵਿਭਾਗ ਵਿਚ ਕੰਮ ਕਰਨ ਦੀ ਟ੍ਰੇਨਿੰਗ ਮਿਲੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਵਾਪਸ ਇਕਵੇਡਾਰ ਦੇ ਬ੍ਰਾਂਚ ਆਫ਼ਿਸ ਭੇਜਿਆ ਗਿਆ। ਉੱਥੇ ਭਰਾ ਨੇ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕੀਤੀ। ਫਿਰ 2023 ਵਿਚ ਭਰਾ ਅਤੇ ਭੈਣ ਨੂੰ ਵਾਰਵਿਕ ਬੈਥਲ ਵਿਚ ਜਾਣ ਦਾ ਸੱਦਾ ਮਿਲਿਆ। ਜਨਵਰੀ 2024 ਵਿਚ ਭਰਾ ਨੂੰ ਪ੍ਰਚਾਰ ਸੇਵਾ ਕਮੇਟੀ ਦੇ ਸਹਾਇਕ ਦੇ ਤੌਰ ਤੇ ਨਿਯੁਕਤ ਕੀਤਾ ਗਿਆ। ਭਰਾ ਨੇ ਕਈ ਵੱਖੋ-ਵੱਖਰੀਆਂ ਥਾਵਾਂ ʼਤੇ ਸੇਵਾ ਕੀਤੀ। ਪਰ ਉਹ ਕਹਿੰਦੇ ਹਨ: “ਜ਼ਿੰਮੇਵਾਰੀ ਕਦੇ ਵੀ ਖ਼ਾਸ ਨਹੀਂ ਹੁੰਦੀ, ਲੋਕ ਖ਼ਾਸ ਹੁੰਦੇ ਹਨ ਜਿਨ੍ਹਾਂ ਨਾਲ ਮਿਲ ਕੇ ਅਸੀਂ ਸੇਵਾ ਕਰਦੇ ਹਾਂ।”
ਅਸੀਂ ਇਨ੍ਹਾਂ ਭਰਾਵਾਂ ਦੀ ਮਿਹਨਤ ਲਈ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਅਸੀਂ ਅਜਿਹੇ “ਭਰਾਵਾਂ ਦੀ ਕਦਰ ਕਰਦੇ” ਹਾਂ।—ਫ਼ਿਲਿ. 2:29.