ਅਧਿਐਨ ਲੇਖ 48
ਗੀਤ 129 ਅੰਤ ਤਕ ਧੀਰਜ ਰੱਖਾਂਗੇ
ਦੁੱਖਾਂ ਵੇਲੇ ਅੱਯੂਬ ਦੀ ਕਿਤਾਬ ਤੋਂ ਮਦਦ ਪਾਓ
“ਇਹ ਗੱਲ ਪੱਕੀ ਹੈ ਕਿ ਪਰਮੇਸ਼ੁਰ ਦੁਸ਼ਟ ਕੰਮ ਨਹੀਂ ਕਰਦਾ।”—ਅੱਯੂ. 34:12.
ਕੀ ਸਿੱਖਾਂਗੇ?
ਅਸੀਂ ਅੱਯੂਬ ਦੀ ਕਿਤਾਬ ਤੋਂ ਸਿੱਖਾਂਗੇ ਕਿ ਪਰਮੇਸ਼ੁਰ ਸਾਡੇ ʼਤੇ ਦੁੱਖ ਕਿਉਂ ਆਉਣ ਦਿੰਦਾ ਹੈ ਅਤੇ ਅਸੀਂ ਕਿਵੇਂ ਦੁੱਖਾਂ ਦੌਰਾਨ ਧੀਰਜ ਰੱਖ ਕੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕਦੇ ਹਾਂ।
1-2. ਕਿਹੜੇ ਕੁਝ ਕਾਰਨਾਂ ਕਰਕੇ ਅੱਯੂਬ ਦੀ ਕਿਤਾਬ ਨੂੰ ਪੜ੍ਹਨਾ ਫ਼ਾਇਦੇਮੰਦ ਹੈ?
ਕੀ ਹਾਲ ਹੀ ਵਿਚ ਤੁਹਾਨੂੰ ਅੱਯੂਬ ਦੀ ਕਿਤਾਬ ਨੂੰ ਪੜ੍ਹਨ ਦਾ ਮੌਕਾ ਮਿਲਿਆ? ਇਹ ਕਿਤਾਬ ਤਕਰੀਬਨ 3,500 ਸਾਲ ਪਹਿਲਾਂ ਲਿਖੀ ਗਈ ਸੀ। ਇਸ ਕਿਤਾਬ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ ਵਿਚ ਗਿਣਿਆ ਜਾਂਦਾ ਹੈ। ਇਸ ਦੇ ਲਿਖਾਰੀ ਨੇ ਇਸ ਵਿਚਲੇ ਵਿਚਾਰਾਂ ਨੂੰ ਬਹੁਤ ਹੀ ਸੋਹਣੇ, ਸੌਖੇ ਤੇ ਦਮਦਾਰ ਤਰੀਕੇ ਨਾਲ ਪੇਸ਼ ਕੀਤਾ ਹੈ। ਇਨ੍ਹਾਂ ਖ਼ੂਬੀਆਂ ਕਰਕੇ ਇਕ ਕਿਤਾਬ ਵਿਚ ਇਸ ਬਾਰੇ ਕਿਹਾ ਗਿਆ ਹੈ, “ਇਸ ਦਾ ਲੇਖਕ ਕਮਾਲ ਦਾ ਹੈ।” ਭਾਵੇਂ ਕਿ ਇਸ ਕਿਤਾਬ ਨੂੰ ਮੂਸਾ ਨੇ ਲਿਖਿਆ ਹੈ, ਪਰ ਅਸਲ ਵਿਚ ਇਸ ਨੂੰ ਲਿਖਾਉਣ ਵਾਲਾ ਯਹੋਵਾਹ ਪਰਮੇਸ਼ੁਰ ਹੈ।—2 ਤਿਮੋ. 3:16.
2 ਅੱਯੂਬ ਦੀ ਕਿਤਾਬ ਬਾਈਬਲ ਦਾ ਅਹਿਮ ਹਿੱਸਾ ਹੈ। ਕਿਉਂ? ਇਸ ਦਾ ਇਕ ਕਾਰਨ ਹੈ ਕਿ ਇਸ ਵਿਚ ਸਭ ਤੋਂ ਅਹਿਮ ਮਸਲੇ ਬਾਰੇ ਸਾਫ਼-ਸਾਫ਼ ਸਮਝਾਇਆ ਗਿਆ ਹੈ। ਇਹ ਮਸਲਾ ਹੈ, ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨਾ। ਇਸ ਮਸਲੇ ਵਿਚ ਸਾਰੇ ਇਨਸਾਨ ਅਤੇ ਦੂਤ ਸ਼ਾਮਲ ਹਨ। ਇਸ ਕਿਤਾਬ ਤੋਂ ਸਾਨੂੰ ਯਹੋਵਾਹ ਦੇ ਸ਼ਾਨਦਾਰ ਗੁਣਾਂ ਬਾਰੇ ਵੀ ਪਤਾ ਲੱਗਦਾ ਹੈ, ਜਿਵੇਂ ਕਿ ਉਸ ਦੇ ਪਿਆਰ, ਬੁੱਧ, ਨਿਆਂ ਅਤੇ ਉਸ ਦੀ ਤਾਕਤ ਬਾਰੇ। ਮਿਸਾਲ ਲਈ, ਸਿਰਫ਼ ਅੱਯੂਬ ਦੀ ਕਿਤਾਬ ਵਿਚ ਹੀ ਪਰਮੇਸ਼ੁਰ ਨੂੰ 31 ਵਾਰ “ਸਰਬਸ਼ਕਤੀਮਾਨ” ਕਿਹਾ ਗਿਆ ਹੈ, ਜਦ ਕਿ ਬਾਈਬਲ ਦੀਆਂ ਬਾਕੀ ਕਿਤਾਬਾਂ ਨੂੰ ਮਿਲਾ ਕੇ ਵੀ ਇਹ ਸ਼ਬਦ ਇੰਨੀ ਵਾਰ ਨਹੀਂ ਆਉਂਦਾ। ਅੱਯੂਬ ਦੀ ਕਿਤਾਬ ਵਿਚ ਜ਼ਿੰਦਗੀ ਨਾਲ ਜੁੜੇ ਕਈ ਜ਼ਰੂਰੀ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਹਨ ਜਿਨ੍ਹਾਂ ਬਾਰੇ ਲੋਕ ਅਕਸਰ ਸੋਚਦੇ ਹਨ। ਇਨ੍ਹਾਂ ਵਿੱਚੋਂ ਇਕ ਸਵਾਲ ਹੈ: ਪਰਮੇਸ਼ੁਰ ਦੁੱਖ ਕਿਉਂ ਆਉਣ ਦਿੰਦਾ ਹੈ?
3. ਅੱਯੂਬ ਦੀ ਕਿਤਾਬ ਦਾ ਅਧਿਐਨ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
3 ਅਸੀਂ ਅੱਯੂਬ ਦੀ ਕਿਤਾਬ ਨੂੰ ਪੜ੍ਹਨ ਦੀ ਤੁਲਨਾ ਇਕ ਪਹਾੜ ʼਤੇ ਚੜ੍ਹਨ ਨਾਲ ਕਰ ਸਕਦੇ ਹਾਂ। ਜਿੱਦਾਂ ਪਹਾੜ ʼਤੇ ਚੜ੍ਹ ਕੇ ਸਾਨੂੰ ਆਲੇ-ਦੁਆਲੇ ਦਾ ਨਜ਼ਾਰਾ ਸਾਫ਼-ਸਾਫ਼ ਦਿਖਾਈ ਦਿੰਦਾ ਹੈ, ਉਸੇ ਤਰ੍ਹਾਂ ਅੱਯੂਬ ਦੀ ਕਿਤਾਬ ਨੂੰ ਪੜ੍ਹ ਕੇ ਸਾਨੂੰ ਦੁੱਖਾਂ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਸਾਫ਼-ਸਾਫ਼ ਪਤਾ ਲੱਗਦਾ ਹੈ। ਆਓ ਦੇਖੀਏ ਕਿ ਦੁੱਖ ਝੱਲਦੇ ਵੇਲੇ ਅੱਯੂਬ ਦੀ ਕਿਤਾਬ ਤੋਂ ਸਾਡੀ ਕਿਵੇਂ ਮਦਦ ਹੋ ਸਕਦੀ ਹੈ। ਨਾਲੇ ਅਸੀਂ ਦੇਖਾਂਗੇ ਕਿ ਅੱਯੂਬ ਦੀ ਕਹਾਣੀ ਤੋਂ ਇਜ਼ਰਾਈਲੀਆਂ ਨੂੰ ਕੀ ਫ਼ਾਇਦਾ ਹੋ ਸਕਦਾ ਸੀ ਤੇ ਅੱਜ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਬਾਈਬਲ ਦੀ ਇਸ ਕਿਤਾਬ ਤੋਂ ਅਸੀਂ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ।
ਪਰਮੇਸ਼ੁਰ ਨੇ ਅੱਯੂਬ ʼਤੇ ਦੁੱਖ ਆਉਣ ਦਿੱਤੇ
4. ਅੱਯੂਬ ਅਤੇ ਮਿਸਰ ਵਿਚ ਵੱਸਦੇ ਇਜ਼ਰਾਈਲੀਆਂ ਵਿਚ ਕਿਹੜਾ ਫ਼ਰਕ ਸੀ?
4 ਜਦੋਂ ਇਜ਼ਰਾਈਲੀ ਮਿਸਰ ਵਿਚ ਗ਼ੁਲਾਮਾਂ ਵਜੋਂ ਦੁੱਖ ਝੱਲ ਰਹੇ ਸਨ, ਉਸ ਦੌਰਾਨ ਅੱਯੂਬ ਊਸ ਸ਼ਹਿਰ ਵਿਚ ਰਹਿੰਦਾ ਸੀ। ਹੋ ਸਕਦਾ ਹੈ ਕਿ ਊਸ ਸ਼ਹਿਰ ਵਾਅਦਾ ਕੀਤੇ ਹੋਏ ਦੇਸ਼ ਦੇ ਪੂਰਬ ਵੱਲ ਅਤੇ ਅਰਬ ਦੇ ਇਲਾਕੇ ਦੇ ਉੱਤਰ ਵਿਚ ਕਿਤੇ ਪੈਂਦਾ ਸੀ। ਮਿਸਰ ਵਿਚ ਇਜ਼ਰਾਈਲੀਆਂ ਨੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਸੀ, ਪਰ ਇਨ੍ਹਾਂ ਤੋਂ ਉਲਟ ਅੱਯੂਬ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰਦਾ ਸੀ। (ਯਹੋ. 24:14; ਹਿਜ਼. 20:8) ਯਹੋਵਾਹ ਨੇ ਅੱਯੂਬ ਬਾਰੇ ਕਿਹਾ: “ਧਰਤੀ ਉੱਤੇ ਉਸ ਵਰਗਾ ਕੋਈ ਨਹੀਂ ਹੈ।”a (ਅੱਯੂ. 1:8) ਅੱਯੂਬ ਬਹੁਤ ਅਮੀਰ ਅਤੇ ਇੱਜ਼ਤਦਾਰ ਆਦਮੀ ਸੀ, ਇਸ ਲਈ ਪੂਰਬ ਦੇ ਸਾਰੇ ਲੋਕਾਂ ਵਿਚ ਉਹ ਸਭ ਤੋਂ ਵੱਡਾ ਆਦਮੀ ਸੀ। (ਅੱਯੂ. 1:3) ਸ਼ੈਤਾਨ ਇਸ ਮੰਨੇ-ਪ੍ਰਮੰਨੇ ਤੇ ਪ੍ਰਭਾਵਸ਼ਾਲੀ ਆਦਮੀ ਨੂੰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਿਆਂ ਦੇਖ ਕੇ ਜ਼ਰੂਰ ਗੁੱਸੇ ਵਿਚ ਦੰਦ ਪੀਂਹਦਾ ਹੋਣਾ।
5. ਯਹੋਵਾਹ ਨੇ ਅੱਯੂਬ ʼਤੇ ਦੁੱਖ ਕਿਉਂ ਆਉਣ ਦਿੱਤੇ? (ਅੱਯੂਬ 1:20-22; 2:9, 10)
5 ਸ਼ੈਤਾਨ ਨੇ ਦਾਅਵਾ ਕੀਤਾ ਕਿ ਜੇ ਅੱਯੂਬ ʼਤੇ ਦੁੱਖ ਆਉਣਗੇ, ਤਾਂ ਉਹ ਸੱਚੀ ਭਗਤੀ ਕਰਨੀ ਛੱਡ ਦੇਵੇਗਾ। (ਅੱਯੂ. 1:7-11; 2:2-5) ਭਾਵੇਂ ਯਹੋਵਾਹ ਅੱਯੂਬ ਨੂੰ ਬਹੁਤ ਪਿਆਰ ਕਰਦਾ ਸੀ, ਪਰ ਸ਼ੈਤਾਨ ਦੇ ਇਸ ਖੋਖਲੇ ਦਾਅਵੇ ਕਰਕੇ ਹੋਰ ਵੀ ਕਈ ਅਹਿਮ ਮਸਲੇ ਖੜ੍ਹੇ ਹੋਏ। ਇਸ ਲਈ ਯਹੋਵਾਹ ਨੇ ਸ਼ੈਤਾਨ ਨੂੰ ਇਜਾਜ਼ਤ ਦਿੱਤੀ ਕਿ ਉਹ ਆਪਣਾ ਦਾਅਵਾ ਸੱਚ ਸਾਬਤ ਕਰ ਕੇ ਦਿਖਾਵੇ। (ਅੱਯੂ. 1:12-19; 2:6-8) ਸ਼ੈਤਾਨ ਨੇ ਅੱਯੂਬ ਦੇ ਸਾਰੇ ਇੱਜੜ ਖੋਹ ਲਏ, ਉਸ ਦੇ ਸਾਰੇ ਬੱਚਿਆਂ ਨੂੰ ਜਾਨੋਂ ਮਾਰ ਦਿੱਤਾ ਅਤੇ ਅੱਯੂਬ ਦਾ ਸਰੀਰ ਪੈਰਾਂ ਦੀਆਂ ਤਲੀਆਂ ਤੋਂ ਲੈ ਕੇ ਸਿਰ ਤਕ ਦਰਦਨਾਕ ਫੋੜਿਆਂ ਨਾਲ ਭਰ ਦਿੱਤਾ। ਪਰ ਇਸ ਸਭ ਦੇ ਬਾਵਜੂਦ ਵੀ ਸ਼ੈਤਾਨ ਅੱਯੂਬ ਦੀ ਵਫ਼ਾਦਾਰੀ ਨੂੰ ਤੋੜ ਨਹੀਂ ਸਕਿਆ ਅਤੇ ਉਹ ਝੂਠਾ ਸਾਬਤ ਹੋਇਆ। (ਅੱਯੂਬ 1:20-22; 2:9, 10 ਪੜ੍ਹੋ।) ਬਾਅਦ ਵਿਚ ਯਹੋਵਾਹ ਨੇ ਅੱਯੂਬ ਨੂੰ ਫਿਰ ਤੋਂ ਚੰਗੀ ਸਿਹਤ, ਧਨ-ਦੌਲਤ, ਚੰਗਾ ਨਾਮ ਅਤੇ ਦਸ ਬੱਚੇ ਦਿੱਤੇ। ਨਾਲੇ ਪਰਮੇਸ਼ੁਰ ਨੇ ਚਮਤਕਾਰੀ ਢੰਗ ਨਾਲ ਉਸ ਦੀ ਜ਼ਿੰਦਗੀ 140 ਸਾਲ ਹੋਰ ਵਧਾ ਦਿੱਤੀ ਜਿਸ ਕਰਕੇ ਉਹ ਆਪਣੀਆਂ ਆਉਣ ਵਾਲੀਆਂ ਚਾਰ ਪੀੜ੍ਹੀਆਂ ਦੇਖ ਸਕਿਆ। (ਅੱਯੂ. 42:10-13, 16) ਅੱਯੂਬ ਦੀ ਕਹਾਣੀ ਤੋਂ ਪੁਰਾਣੇ ਸਮੇਂ ਵਿਚ ਲੋਕਾਂ ਨੂੰ ਕੀ ਫ਼ਾਇਦਾ ਹੋ ਸਕਦਾ ਸੀ ਅਤੇ ਅੱਜ ਸਾਨੂੰ ਵੀ ਕੀ ਫ਼ਾਇਦਾ ਹੋ ਸਕਦਾ ਹੈ?
6. ਅੱਯੂਬ ਦੀ ਕਹਾਣੀ ਤੋਂ ਇਜ਼ਰਾਈਲੀਆਂ ਨੂੰ ਕੀ ਫ਼ਾਇਦਾ ਹੋ ਸਕਦਾ ਸੀ? (ਤਸਵੀਰ ਵੀ ਦੇਖੋ।)
6 ਇਜ਼ਰਾਈਲੀਆਂ ਨੂੰ ਕੀ ਫ਼ਾਇਦਾ ਹੋ ਸਕਦਾ ਸੀ? ਮਿਸਰ ਵਿਚ ਇਜ਼ਰਾਈਲੀਆਂ ਦੀ ਜ਼ਿੰਦਗੀ ਸੌਖੀ ਨਹੀਂ ਸੀ। ਮਿਸਾਲ ਲਈ, ਯਹੋਸ਼ੁਆ ਤੇ ਕਾਲੇਬ ਦੀ ਸਾਰੀ ਜਵਾਨੀ ਗ਼ੁਲਾਮੀ ਵਿਚ ਹੀ ਨਿਕਲੀ। ਇਸ ਤੋਂ ਇਲਾਵਾ, ਭਾਵੇਂ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਫਿਰ ਵੀ ਉਨ੍ਹਾਂ ਨੂੰ 40 ਸਾਲ ਉਜਾੜ ਵਿਚ ਭਟਕਣਾ ਪਿਆ। ਜੇ ਇਜ਼ਰਾਈਲੀ ਅੱਯੂਬ ਦੀ ਕਹਾਣੀ ਜਾਣਦੇ ਹੋਣੇ, ਤਾਂ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ ਹੋਣਾ? ਬਿਨਾਂ ਸ਼ੱਕ ਇਸ ਕਰਕੇ ਉਸ ਜ਼ਮਾਨੇ ਦੇ ਇਜ਼ਰਾਈਲੀ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਸਮਝ ਸਕੀਆਂ ਹੋਣੀਆਂ ਕਿ ਉਨ੍ਹਾਂ ਦੇ ਦੁੱਖਾਂ ਪਿੱਛੇ ਅਸਲ ਵਿਚ ਕਿਸ ਦਾ ਹੱਥ ਸੀ। ਉਹ ਹੋਰ ਚੰਗੀ ਤਰ੍ਹਾਂ ਸਮਝ ਸਕੇ ਹੋਣੇ ਕਿ ਪਰਮੇਸ਼ੁਰ ਲੋਕਾਂ ʼਤੇ ਦੁੱਖ ਕਿਉਂ ਆਉਣ ਦਿੰਦਾ ਹੈ ਅਤੇ ਦੁੱਖਾਂ ਦੌਰਾਨ ਇਨਸਾਨਾਂ ਦੀ ਧਾਰਮਿਕਤਾ ਅਤੇ ਵਫ਼ਾਦਾਰੀ ਉਸ ਲਈ ਕਿੰਨੀ ਮਾਅਨੇ ਰੱਖਦੀ ਹੈ।
ਅੱਯੂਬ ਨਾਲ ਜੋ ਕੁਝ ਹੋਇਆ, ਉਸ ਬਾਰੇ ਲੰਬੇ ਸਮੇਂ ਤੋਂ ਮਿਸਰ ਵਿਚ ਗ਼ੁਲਾਮ ਇਜ਼ਰਾਈਲੀਆਂ ਨੂੰ ਜਾਣ ਕੇ ਫ਼ਾਇਦਾ ਹੋ ਸਕਦਾ ਸੀ (ਪੈਰਾ 6 ਦੇਖੋ)
7-8. ਦੁੱਖ ਸਹਿ ਰਹੇ ਲੋਕਾਂ ਦੀ ਅੱਯੂਬ ਦੀ ਕਿਤਾਬ ਤੋਂ ਕਿਵੇਂ ਮਦਦ ਹੋ ਸਕਦੀ ਹੈ? ਤਜਰਬਾ ਵੀ ਦੱਸੋ।
7 ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਦਾ ਪਰਮੇਸ਼ੁਰ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਚੰਗੇ ਲੋਕਾਂ ਨਾਲ ਮਾੜਾ ਕਿਉਂ ਹੁੰਦਾ ਹੈ। ਜ਼ਰਾ ਰਵਾਂਡਾ ਵਿਚ ਰਹਿਣ ਵਾਲੀ ਹੇਜ਼ਲb ਦੀ ਉਦਾਹਰਣ ʼਤੇ ਗੌਰ ਕਰੋ। ਛੋਟੇ ਹੁੰਦਿਆਂ ਉਹ ਰੱਬ ʼਤੇ ਯਕੀਨ ਕਰਦੀ ਸੀ। ਪਰ ਫਿਰ ਸਭ ਕੁਝ ਬਦਲ ਗਿਆ। ਉਸ ਦੇ ਮੰਮੀ-ਡੈਡੀ ਦਾ ਤਲਾਕ ਹੋ ਗਿਆ ਅਤੇ ਉਸ ਦੀ ਮੰਮੀ ਨੇ ਦੂਜਾ ਵਿਆਹ ਕਰਾ ਲਿਆ। ਉਸ ਦਾ ਮਤਰੇਆ ਪਿਤਾ ਉਸ ਨਾਲ ਬੁਰਾ ਸਲੂਕ ਕਰਦਾ ਸੀ। ਜਦੋਂ ਉਹ ਅੱਲ੍ਹੜ ਉਮਰ ਦੀ ਸੀ, ਤਾਂ ਇਕ ਆਦਮੀ ਨੇ ਉਸ ਦਾ ਬਲਾਤਕਾਰ ਕੀਤਾ। ਹੇਜ਼ਲ ਦਿਲਾਸਾ ਪਾਉਣ ਲਈ ਉੱਥੇ ਗਈ ਜਿੱਥੇ ਉਹ ਅਕਸਰ ਭਗਤੀ ਕਰਨ ਲਈ ਜਾਂਦੀ ਹੁੰਦੀ ਸੀ। ਪਰ ਉਸ ਨੂੰ ਉੱਥੋਂ ਕੋਈ ਦਿਲਾਸਾ ਨਹੀਂ ਮਿਲਿਆ। ਬਾਅਦ ਵਿਚ ਹੇਜ਼ਲ ਨੇ ਪਰਮੇਸ਼ੁਰ ਨੂੰ ਕਿਹਾ: “ਰੱਬਾ! ਮੈਂ ਤੈਨੂੰ ਪ੍ਰਾਰਥਨਾ ਕੀਤੀ, ਚੰਗੇ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਵੀ ਬਦਲੇ ਵਿਚ ਤੂੰ ਮੇਰੇ ਨਾਲ ਇੰਨਾ ਮਾੜਾ ਕੀਤਾ। ਹੁਣ ਮੈਂ ਤੈਨੂੰ ਛੱਡ ਰਹੀ ਹਾਂ ਤੇ ਮੈਂ ਫ਼ੈਸਲਾ ਕੀਤਾ ਹੈ ਕਿ ਮੈਂ ਉਹੀ ਕਰਾਂਗੀ ਜਿਸ ਤੋਂ ਮੈਨੂੰ ਖ਼ੁਸ਼ੀ ਮਿਲਦੀ ਹੈ।” ਹੇਜ਼ਲ ਵਰਗੇ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਝੂਠ ਸਿਖਾਇਆ ਜਾਂਦਾ ਹੈ। ਉਹ ਮੰਨਦੇ ਹਨ ਕਿ ਉਨ੍ਹਾਂ ਦੇ ਦੁੱਖਾਂ ਪਿੱਛੇ ਪਰਮੇਸ਼ੁਰ ਦਾ ਹੱਥ ਹੈ। ਸੱਚੀਂ! ਹੇਜ਼ਲ ਵਰਗੇ ਲੋਕਾਂ ਬਾਰੇ ਜਾਣ ਕੇ ਸਾਡਾ ਦਿਲ ਭਰ ਆਉਂਦਾ ਹੈ ਅਤੇ ਦੁੱਖ ਹੁੰਦਾ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਨਹੀਂ ਪਤਾ।
8 ਅੱਯੂਬ ਦੀ ਕਿਤਾਬ ਤੋਂ ਅਸੀਂ ਹੁਣ ਤਕ ਸਿੱਖਿਆ ਕਿ ਦੁੱਖਾਂ ਪਿੱਛੇ ਅਸਲ ਵਿਚ ਪਰਮੇਸ਼ੁਰ ਦਾ ਨਹੀਂ, ਸਗੋਂ ਸ਼ੈਤਾਨ ਦਾ ਹੱਥ ਹੈ। ਅਸੀਂ ਇਹ ਵੀ ਸਿੱਖਿਆ ਕਿ ਜਿਨ੍ਹਾਂ ਲੋਕਾਂ ʼਤੇ ਦੁੱਖ ਆਉਂਦੇ ਹਨ, ਸਾਨੂੰ ਉਨ੍ਹਾਂ ਬਾਰੇ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ ਉਨ੍ਹਾਂ ਨੇ ਜ਼ਰੂਰ ਕੁਝ ਗ਼ਲਤ ਕੀਤਾ ਹੋਣਾ। ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਹਰ ਕਿਸੇ ਉੱਤੇ “ਬੁਰਾ ਸਮਾਂ ਆਉਂਦਾ ਹੈ ਅਤੇ ਕਿਸੇ ਨਾਲ ਅਚਾਨਕ ਕੁਝ ਵੀ ਵਾਪਰ ਸਕਦਾ ਹੈ।” (ਉਪ. 9:11; ਅੱਯੂ. 4:1, 8) ਅਸੀਂ ਸਿੱਖਿਆ ਕਿ ਜਦੋਂ ਅਸੀਂ ਦੁੱਖਾਂ ਵੇਲੇ ਵੀ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਾਂ, ਤਾਂ ਅਸਲ ਵਿਚ ਅਸੀਂ ਯਹੋਵਾਹ ਨੂੰ ਮੌਕਾ ਦੇ ਰਹੇ ਹੁੰਦੇ ਹਾਂ ਕਿ ਉਹ ਸ਼ੈਤਾਨ ਨੂੰ ਝੂਠਾ ਸਾਬਤ ਕਰ ਸਕੇ। ਇਸ ਨਾਲ ਯਹੋਵਾਹ ਦੇ ਨਾਂ ਦੀ ਮਹਿਮਾ ਹੁੰਦੀ ਹੈ। (ਅੱਯੂ. 2:3; ਕਹਾ. 27:11) ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਇਹ ਗੱਲਾਂ ਬਾਈਬਲ ਵਿੱਚੋਂ ਸਿੱਖੀਆਂ ਹਨ ਕਿਉਂਕਿ ਇਨ੍ਹਾਂ ਕਰਕੇ ਹੀ ਅਸੀਂ ਸਮਝ ਸਕੇ ਹਾਂ ਕਿ ਸਾਡੇ ਉੱਤੇ ਜਾਂ ਸਾਡੇ ਅਜ਼ੀਜ਼ਾਂ ਉੱਤੇ ਦੁੱਖ ਕਿਉਂ ਆਉਂਦੇ ਹਨ। ਬਾਅਦ ਵਿਚ ਹੇਜ਼ਲ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਕੇ ਸਮਝ ਸਕੀ ਕਿ ਉਸ ਦੇ ਦੁੱਖਾਂ ਪਿੱਛੇ ਪਰਮੇਸ਼ੁਰ ਦਾ ਹੱਥ ਨਹੀਂ ਹੈ। ਉਸ ਨੇ ਕਿਹਾ: “ਮੈਂ ਫਿਰ ਤੋਂ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕੀਤੀ ਅਤੇ ਮੈਂ ਯਹੋਵਾਹ ਨੂੰ ਕਿਹਾ ਕਿ ਜਦੋਂ ਮੈਂ ਉਸ ਨੂੰ ਕਹਿ ਰਹੀ ਸੀ ਕਿ ਮੈਂ ਉਸ ਨੂੰ ਛੱਡ ਰਹੀ ਹਾਂ, ਤਾਂ ਅਸਲ ਵਿਚ ਮੈਂ ਉਸ ਨੂੰ ਛੱਡ ਨਹੀਂ ਰਹੀ ਸੀ। ਮੈਂ ਇਹ ਸਭ ਕੁਝ ਇਸ ਲਈ ਕਿਹਾ ਕਿਉਂਕਿ ਉਦੋਂ ਮੈਂ ਉਸ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੀ ਸੀ। ਹੁਣ ਮੈਂ ਸਮਝ ਗਈ ਹਾਂ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ ਤੇ ਮੈਂ ਬਹੁਤ ਖ਼ੁਸ਼ ਹਾਂ।” ਅਸੀਂ ਸ਼ੁਕਰਗੁਜ਼ਾਰ ਹਾਂ ਕਿ ਹੁਣ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਇਨਸਾਨਾਂ ʼਤੇ ਦੁੱਖ ਕਿਉਂ ਆਉਣ ਦਿੰਦਾ ਹੈ। ਆਓ ਦੇਖੀਏ ਕਿ ਅੱਯੂਬ ਦੀ ਕਿਤਾਬ ਦੁੱਖਾਂ ਦੌਰਾਨ ਸਾਡੀ ਕਿਵੇਂ ਮਦਦ ਕਰ ਸਕਦੀ ਹੈ।
ਅੱਯੂਬ ਤੋਂ ਧੀਰਜ ਨਾਲ ਦੁੱਖ ਸਹਿਣੇ ਸਿੱਖੋ
9. ਅੱਯੂਬ ਦੀ ਹਾਲਤ ਕਿਹੋ ਜਿਹੀ ਹੈ? (ਯਾਕੂਬ 5:11)
9 ਸੋਚੋ ਕਿ ਅੱਯੂਬ ਨੂੰ ਹੋਰ ਕਿਹੜੇ ਦੁੱਖ ਝੱਲਣੇ ਪਏ। ਉਹ ਸੁਆਹ ਵਿਚ ਇਕੱਲਾ ਬੈਠਾ ਹੋਇਆ ਹੈ। ਉਸ ਦਾ ਸਾਰਾ ਸਰੀਰ ਪੈਰਾਂ ਦੀਆਂ ਤਲੀਆਂ ਤੋਂ ਲੈ ਕੇ ਸਿਰ ਤਕ ਫੋੜਿਆਂ ਨਾਲ ਭਰਿਆ ਹੋਇਆ ਹੈ। ਉਹ ਸੁੱਕ ਕੇ ਪਿੰਜਰ ਬਣ ਗਿਆ ਹੈ ਤੇ ਉਸ ਦੀ ਚਮੜੀ ਕਾਲੀ ਪੈ ਕੇ ਉੱਤਰ ਰਹੀ ਹੈ। ਉਸ ਦੇ ਸਰੀਰ ਵਿਚ ਬਿਲਕੁਲ ਵੀ ਜਾਨ ਨਹੀਂ ਹੈ, ਫਿਰ ਵੀ ਉਹ ਇਕ ਠੀਕਰੀ ਨਾਲ ਆਪਣੇ ਸਰੀਰ ਨੂੰ ਖੁਰਕਦਾ ਹੈ। ਉਸ ਦਾ ਦਰਦ ਸਹਿਣ ਤੋਂ ਬਾਹਰ ਹੈ। ਪਰ ਅੱਯੂਬ ਇਹ ਸਾਰੇ ਦੁੱਖ ਸਿਰਫ਼ ਝੱਲ ਹੀ ਨਹੀਂ ਰਿਹਾ, ਸਗੋਂ ਉਸ ਨੇ ਧੀਰਜ ਨਾਲ ਦੁੱਖ ਸਹਿ ਕੇ ਵਫ਼ਾਦਾਰੀ ਵੀ ਬਣਾਈ ਰੱਖੀ ਹੈ। (ਯਾਕੂਬ 5:11 ਪੜ੍ਹੋ।) ਕਿਹੜੀ ਗੱਲ ਨੇ ਅੱਯੂਬ ਦੀ ਧੀਰਜ ਨਾਲ ਦੁੱਖ ਸਹਿਣ ਵਿਚ ਮਦਦ ਕੀਤੀ?
10. ਅੱਯੂਬ ਦਾ ਯਹੋਵਾਹ ਨਾਲ ਕਿਹੋ ਜਿਹਾ ਰਿਸ਼ਤਾ ਸੀ? ਸਮਝਾਓ।
10 ਅੱਯੂਬ ਨੇ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਯਹੋਵਾਹ ਅੱਗੇ ਜ਼ਾਹਰ ਕੀਤੀਆਂ। (ਅੱਯੂ. 10:1, 2; 16:20) ਮਿਸਾਲ ਲਈ, ਅਧਿਆਇ ਤਿੰਨ ਵਿਚ ਦੱਸਿਆ ਗਿਆ ਹੈ ਕਿ ਅੱਯੂਬ ਉੱਤੇ ਆਏ ਦੁੱਖਾਂ ਕਰਕੇ ਉਹ ਕੜਵਾਹਟ ਨਾਲ ਭਰ ਗਿਆ ਤੇ ਸ਼ਿਕਾਇਤ ਕਰਨ ਲੱਗਾ। ਉਸ ਨੇ ਇਹ ਵੀ ਸੋਚਿਆ ਕਿ ਉਸ ਦੇ ਦੁੱਖਾਂ ਪਿੱਛੇ ਯਹੋਵਾਹ ਦਾ ਹੱਥ ਸੀ। ਉਸ ਦੇ ਤਿੰਨ ਦੋਸਤ ਉਸ ਨੂੰ ਵਾਰ-ਵਾਰ ਕਹਿ ਰਹੇ ਸਨ ਕਿ ਪਰਮੇਸ਼ੁਰ ਉਸ ਨੂੰ ਉਸ ਦੇ ਬੁਰੇ ਕੰਮਾਂ ਦੀ ਸਜ਼ਾ ਦੇ ਰਿਹਾ ਸੀ। ਪਰ ਅੱਯੂਬ ਵਾਰ-ਵਾਰ ਖ਼ੁਦ ਨੂੰ ਖਰਾ ਕਹਿੰਦਾ ਰਿਹਾ। ਆਪਣੇ ਦੋਸਤਾਂ ਨਾਲ ਗੱਲ ਕਰਦਿਆਂ ਉਸ ਨੇ ਕਈ ਵਾਰ ਯਹੋਵਾਹ ਨੂੰ ਵੀ ਕਿਹਾ ਕਿ ਉਹ ਬੇਕਸੂਰ ਸੀ। ਅੱਯੂਬ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਸਮੇਂ ਤੇ ਖ਼ੁਦ ਨੂੰ ਯਹੋਵਾਹ ਨਾਲੋਂ ਜ਼ਿਆਦਾ ਧਰਮੀ ਸਮਝਣ ਲੱਗ ਪਿਆ ਸੀ। (ਅੱਯੂ. 10:1-3; 32:1, 2; 35:1, 2) ਬਾਅਦ ਵਿਚ ਉਸ ਨੇ ਮੰਨਿਆ ਕਿ ਜਦੋਂ ਉਸ ʼਤੇ ਦੁੱਖ ਆਏ, ਤਾਂ ਉਸ ਦੇ ਮੂੰਹੋਂ “ਆਵਾਗੌਣ ਗੱਲਾਂ” ਨਿਕਲੀਆਂ ਸਨ। (ਅੱਯੂ. 6:3, 26) ਅਧਿਆਇ 31 ਵਿਚ ਅਸੀਂ ਪੜ੍ਹਦੇ ਹਾਂ ਕਿ ਅੱਯੂਬ ਚਾਹੁੰਦਾ ਸੀ ਕਿ ਪਰਮੇਸ਼ੁਰ ਉਸ ਨੂੰ ਸਿੱਧਾ-ਸਿੱਧਾ ਦੱਸੇ ਕਿ ਉਹ ਬੇਕਸੂਰ ਸੀ। (ਅੱਯੂ. 31:35) ਪਰ ਪਰਮੇਸ਼ੁਰ ਤੋਂ ਇਸ ਤਰ੍ਹਾਂ ਜਵਾਬ ਦੀ ਮੰਗ ਕਰਨੀ ਸਰਾਸਰ ਗ਼ਲਤ ਸੀ।
11. ਜਦੋਂ ਅੱਯੂਬ ਨੇ ਖ਼ੁਦ ਨੂੰ ਧਰਮੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਯਹੋਵਾਹ ਉਸ ਨਾਲ ਕਿਵੇਂ ਪੇਸ਼ ਆਇਆ?
11 ਅਸੀਂ ਦੇਖਿਆ ਕਿ ਅੱਯੂਬ ਨੇ ਖੁੱਲ੍ਹ ਕੇ ਯਹੋਵਾਹ ਨੂੰ ਆਪਣੀਆਂ ਭਾਵਨਾਵਾਂ ਦੱਸੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਭਗਤੀ ਕਰਨ ਦਾ ਉਸ ਦਾ ਇਰਾਦਾ ਕਿੰਨਾ ਪੱਕਾ ਸੀ ਤੇ ਉਸ ਨੂੰ ਪੱਕੀ ਉਮੀਦ ਸੀ ਕਿ ਯਹੋਵਾਹ ਉਸ ਨੂੰ ਧਰਮੀ ਠਹਿਰਾਏਗਾ। ਜਦੋਂ ਅਖ਼ੀਰ ਯਹੋਵਾਹ ਨੇ ਤੂਫ਼ਾਨ ਵਿਚ ਉਸ ਨੂੰ ਜਵਾਬ ਦਿੱਤਾ, ਤਾਂ ਯਹੋਵਾਹ ਨੇ ਅੱਯੂਬ ਨੂੰ ਉਸ ਦੇ ਦੁੱਖਾਂ ਦਾ ਕਾਰਨ ਖੁੱਲ੍ਹ ਕੇ ਨਹੀਂ ਸਮਝਾਇਆ। ਨਾਲੇ ਸ਼ਿਕਾਇਤ ਕਰਨ ਤੇ ਯਹੋਵਾਹ ਨੇ ਉਸ ਦੀ ਨਿੰਦਿਆ ਨਹੀਂ ਕੀਤੀ ਅਤੇ ਨਾ ਹੀ ਖ਼ੁਦ ਨੂੰ ਧਰਮੀ ਸਾਬਤ ਕਰਨ ਕਰਕੇ ਉਸ ਨੂੰ ਸਜ਼ਾ ਸੁਣਾਈ। ਇਸ ਦੀ ਬਜਾਇ, ਇਕ ਪਿਤਾ ਹੋਣ ਦੇ ਨਾਤੇ ਯਹੋਵਾਹ ਨੇ ਅੱਯੂਬ ਨੂੰ ਆਪਣਾ ਪੁੱਤਰ ਸਮਝ ਕੇ ਸਿਖਾਇਆ। ਇਸ ਦਾ ਨਤੀਜਾ ਕੀ ਨਿਕਲਿਆ? ਅੱਯੂਬ ਨਿਮਰ ਸੀ, ਇਸ ਲਈ ਉਹ ਸਮਝ ਸਕਿਆ ਕਿ ਯਹੋਵਾਹ ਸਾਮ੍ਹਣੇ ਉਸ ਦੀ ਸੋਚ ਕਿੰਨੀ ਛੋਟੀ ਸੀ। ਅੱਯੂਬ ਨੇ ਆਪਣੀਆਂ ਆਵਾਗੌਣ ਗੱਲਾਂ ਲਈ ਤੋਬਾ ਵੀ ਕੀਤੀ। (ਅੱਯੂ. 31:6; 40:4, 5; 42:1-6) ਅੱਯੂਬ ਦੀ ਕਹਾਣੀ ਤੋਂ ਪੁਰਾਣੇ ਸਮੇਂ ਦੇ ਲੋਕਾਂ ਨੂੰ ਕੀ ਫ਼ਾਇਦਾ ਹੋ ਸਕਦਾ ਸੀ ਤੇ ਅੱਜ ਵੀ ਲੋਕਾਂ ਨੂੰ ਕੀ ਫ਼ਾਇਦਾ ਹੋ ਸਕਦਾ ਹੈ?
12. ਅੱਯੂਬ ਦੀ ਕਹਾਣੀ ਤੋਂ ਇਜ਼ਰਾਈਲੀਆਂ ਨੂੰ ਕੀ ਫ਼ਾਇਦਾ ਹੋ ਸਕਦਾ ਸੀ?
12 ਇਜ਼ਰਾਈਲੀਆਂ ਨੂੰ ਕੀ ਫ਼ਾਇਦਾ ਹੋ ਸਕਦਾ ਸੀ? ਅੱਯੂਬ ਨਾਲ ਜੋ ਹੋਇਆ, ਉਸ ਤੋਂ ਇਜ਼ਰਾਈਲੀ ਬਹੁਤ ਕੁਝ ਸਿੱਖ ਸਕਦੇ ਸਨ। ਮੂਸਾ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਹ ਇਜ਼ਰਾਈਲੀਆਂ ਦੀ ਅਗਵਾਈ ਕਰ ਰਿਹਾ ਸੀ, ਤਾਂ ਉਨ੍ਹਾਂ ਕਰਕੇ ਉਸ ਨੂੰ ਕਈ ਮੁਸ਼ਕਲਾਂ ਆਈਆਂ ਅਤੇ ਉਹ ਕਈ ਵਾਰ ਦੁਖੀ ਤੇ ਨਿਰਾਸ਼ ਹੋਇਆ। ਮੁਸ਼ਕਲਾਂ ਦੌਰਾਨ ਇਜ਼ਰਾਈਲੀ ਅਕਸਰ ਯਹੋਵਾਹ ਖ਼ਿਲਾਫ਼ ਸ਼ਿਕਾਇਤ ਕਰਦੇ ਸਨ। ਪਰ ਮੂਸਾ ਮੁਸ਼ਕਲਾਂ ਦੌਰਾਨ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਮਦਦ ਮੰਗਦਾ ਸੀ। (ਕੂਚ 16:6-8; ਗਿਣ. 11:10-14; 14:1-4, 11; 16:41, 49; 17:5) ਅੱਯੂਬ ਦੀ ਕਹਾਣੀ ਤੋਂ ਉਦੋਂ ਵੀ ਮੂਸਾ ਦੀ ਮਦਦ ਹੋਈ ਹੋਣੀ ਜਦੋਂ ਯਹੋਵਾਹ ਨੇ ਉਸ ਨੂੰ ਸੁਧਾਰਿਆ ਸੀ। ਮਿਸਾਲ ਲਈ, ਸੰਭਵ ਹੈ ਕਿ ਇਜ਼ਰਾਈਲੀਆਂ ਨੂੰ ਉਜਾੜ ਵਿਚ ਘੁੰਮਦਿਆਂ ਨੂੰ 40 ਸਾਲ ਹੋਣ ਵਾਲੇ ਸੀ ਅਤੇ ਉਸ ਦੌਰਾਨ ਉਨ੍ਹਾਂ ਨੇ ਕਾਦੇਸ਼ ਵਿਚ ਡੇਰਾ ਲਾਇਆ ਹੋਇਆ ਸੀ। ਉਦੋਂ ਮੂਸਾ “ਬਿਨਾਂ ਸੋਚੇ-ਸਮਝੇ ਬੋਲਿਆ” ਅਤੇ ਉਸ ਨੇ ਯਹੋਵਾਹ ਦਾ ਨਾਂ ਉੱਚਾ ਨਹੀਂ ਕੀਤਾ। (ਜ਼ਬੂ. 106:32, 33) ਇਸ ਲਈ ਯਹੋਵਾਹ ਨੇ ਮੂਸਾ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਨਹੀਂ ਦਿੱਤਾ। (ਬਿਵ. 32:50-52) ਭਾਵੇਂ ਕਿ ਮੂਸਾ ਨੂੰ ਦੁੱਖ ਲੱਗਾ, ਪਰ ਫਿਰ ਵੀ ਉਸ ਨੇ ਯਹੋਵਾਹ ਦੀ ਇਹ ਗੱਲ ਮੰਨੀ। ਅੱਯੂਬ ਦੀ ਕਹਾਣੀ ਤੋਂ ਇਜ਼ਰਾਈਲੀਆਂ ਦੀ ਉਹ ਮੁਸ਼ਕਲਾਂ ਝੱਲਣ ਵਿਚ ਮਦਦ ਹੋ ਸਕਦੀ ਸੀ ਜੋ ਉਨ੍ਹਾਂ ਨੂੰ ਵਾਅਦਾ ਕੀਤੇ ਦੇਸ਼ ਵਿਚ ਆਉਣੀਆਂ ਸਨ। ਅੱਯੂਬ ਦੀ ਕਹਾਣੀ ʼਤੇ ਸੋਚ-ਵਿਚਾਰ ਕਰ ਕੇ ਉਨ੍ਹਾਂ ਨੇ ਇਹ ਵੀ ਜਾਣਿਆ ਹੋਣਾ ਕਿ ਵਫ਼ਾਦਾਰ ਲੋਕ ਯਹੋਵਾਹ ਅੱਗੇ ਆਪਣੀਆਂ ਭਾਵਨਾਵਾਂ ਕਿਵੇਂ ਜ਼ਾਹਰ ਕਰ ਸਕਦੇ ਸਨ ਅਤੇ ਵਧੀਕ ਧਰਮੀ ਬਣਨ ਤੋਂ ਕਿਵੇਂ ਬਚ ਸਕਦੇ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਿੱਖਿਆ ਹੋਣਾ ਕਿ ਜਦੋਂ ਯਹੋਵਾਹ ਉਨ੍ਹਾਂ ਨੂੰ ਸੁਧਾਰਦਾ ਹੈ, ਤਾਂ ਉਨ੍ਹਾਂ ਨੂੰ ਨਿਮਰਤਾ ਨਾਲ ਉਸ ਦੀ ਗੱਲ ਸੁਣਨੀ ਚਾਹੀਦੀ ਹੈ।
13. ਅੱਯੂਬ ਦੀ ਕਿਤਾਬ ਦੁੱਖਾਂ ਦੌਰਾਨ ਧੀਰਜ ਰੱਖਣ ਵਿਚ ਕਿਵੇਂ ਸਾਡੀ ਮਦਦ ਕਰ ਸਕਦੀ ਹੈ? (ਇਬਰਾਨੀਆਂ 10:36)
13 ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? ਮਸੀਹੀ ਹੋਣ ਦੇ ਨਾਤੇ ਸਾਨੂੰ ਵੀ ਦੁੱਖਾਂ ਦੌਰਾਨ ਧੀਰਜ ਰੱਖ ਕੇ ਵਫ਼ਾਦਾਰੀ ਬਣਾਈ ਰੱਖਣੀ ਚਾਹੀਦੀ ਹੈ। (ਇਬਰਾਨੀਆਂ 10:36 ਪੜ੍ਹੋ।) ਮਿਸਾਲ ਲਈ, ਸ਼ਾਇਦ ਅਸੀਂ ਸਰੀਰਕ ਜਾਂ ਮਾਨਸਿਕ ਤੌਰ ʼਤੇ ਦੁੱਖ ਝੱਲ ਰਹੇ ਹੋਈਏ, ਸਾਡੇ ਪਰਿਵਾਰ ਵਿਚ ਕੋਈ ਮੁਸ਼ਕਲ ਖੜ੍ਹੀ ਹੋਈ ਹੋਵੇ, ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਗਈ ਹੋਵੇ ਜਾਂ ਫਿਰ ਕੋਈ ਹੋਰ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੋਵੇ। ਸ਼ਾਇਦ ਉਸ ਵੇਲੇ ਦੂਜਿਆਂ ਦੀਆਂ ਗੱਲਾਂ ਜਾਂ ਕੰਮਾਂ ਕਰਕੇ ਸਾਡੇ ਲਈ ਧੀਰਜ ਰੱਖਣਾ ਹੋਰ ਵੀ ਔਖਾ ਹੋ ਜਾਵੇ। (ਕਹਾ. 12:18) ਪਰ ਅਸੀਂ ਅੱਯੂਬ ਦੀ ਕਿਤਾਬ ਤੋਂ ਸਿੱਖਦੇ ਹਾਂ ਕਿ ਅਸੀਂ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਯਹੋਵਾਹ ਨੂੰ ਦੱਸ ਸਕਦੇ ਹਾਂ ਅਤੇ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਡੀ ਜ਼ਰੂਰ ਸੁਣੇਗਾ। (1 ਯੂਹੰ. 5:14) ਨਾਲੇ ਅੱਯੂਬ ਵਾਂਗ ਜੇ ਸਾਡੇ ਮੂੰਹੋਂ “ਆਵਾਗੌਣ ਗੱਲਾਂ” ਨਿਕਲ ਜਾਣ, ਤਾਂ ਯਹੋਵਾਹ ਸਾਡੇ ਤੋਂ ਗੁੱਸੇ ਨਹੀਂ ਹੋਵੇਗਾ। ਇਸ ਦੀ ਬਜਾਇ, ਉਹ ਸਾਨੂੰ ਤਾਕਤ ਤੇ ਬੁੱਧ ਦੇਵੇਗਾ ਤਾਂਕਿ ਅਸੀਂ ਦੁੱਖਾਂ ਦੌਰਾਨ ਧੀਰਜ ਰੱਖ ਸਕੀਏ। (2 ਇਤਿ. 16:9; ਯਾਕੂ. 1:5) ਨਾਲੇ ਉਹ ਲੋੜ ਮੁਤਾਬਕ ਸਾਨੂੰ ਸੁਧਾਰੇਗਾ ਵੀ ਜਿੱਦਾਂ ਉਸ ਨੇ ਅੱਯੂਬ ਨੂੰ ਸੁਧਾਰਿਆ ਸੀ। ਇਸ ਕਿਤਾਬ ਤੋਂ ਅਸੀਂ ਇਹ ਵੀ ਸਿੱਖਿਆ ਕਿ ਜਦੋਂ ਸਾਨੂੰ ਪਰਮੇਸ਼ੁਰ ਦੇ ਬਚਨ, ਉਸ ਦੇ ਸੰਗਠਨ ਜਾਂ ਸਮਝਦਾਰ ਦੋਸਤਾਂ ਤੋਂ ਸਲਾਹ ਮਿਲਦੀ ਹੈ, ਤਾਂ ਅਸੀਂ ਉਸ ਵੇਲੇ ਵੀ ਕਿਵੇਂ ਧੀਰਜ ਰੱਖ ਕੇ ਵਫ਼ਾਦਾਰੀ ਬਣਾਈ ਰੱਖ ਸਕਦੇ ਹਾਂ। (ਇਬ. 12:5-7) ਜਿੱਦਾਂ ਅੱਯੂਬ ਨੂੰ ਨਿਮਰਤਾ ਨਾਲ ਸਲਾਹ ਮੰਨ ਕੇ ਫ਼ਾਇਦਾ ਹੋਇਆ, ਉੱਦਾਂ ਸਾਨੂੰ ਵੀ ਹੋ ਸਕਦਾ ਹੈ। (2 ਕੁਰਿੰ. 13:11) ਅੱਯੂਬ ਤੋਂ ਅਸੀਂ ਕਿੰਨੇ ਹੀ ਵਧੀਆ ਸਬਕ ਸਿੱਖੇ! ਆਓ ਆਪਾਂ ਦੇਖੀਏ ਕਿ ਅਸੀਂ ਅੱਯੂਬ ਦੀ ਕਿਤਾਬ ਤੋਂ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ।
ਦੂਜਿਆਂ ਦੀ ਮਦਦ ਕਰਨ ਲਈ ਅੱਯੂਬ ਦੀ ਕਿਤਾਬ ਵਰਤੋ
14. ਤੁਸੀਂ ਕੀ ਜਵਾਬ ਦਿਓਗੇ ਜੇ ਪ੍ਰਚਾਰ ਵਿਚ ਕੋਈ ਪੁੱਛਦਾ ਹੈ ਕਿ ਚੰਗੇ ਲੋਕਾਂ ʼਤੇ ਦੁੱਖ ਕਿਉਂ ਆਉਂਦੇ ਹਨ?
14 ਕੀ ਤੁਹਾਨੂੰ ਪ੍ਰਚਾਰ ਵਿਚ ਕਿਸੇ ਨੇ ਪੁੱਛਿਆ ਕਿ ਚੰਗੇ ਲੋਕਾਂ ਨੂੰ ਹੀ ਦੁੱਖ ਕਿਉਂ ਸਹਿਣੇ ਪੈਂਦੇ ਹਨ? ਤੁਸੀਂ ਇਸ ਦਾ ਕੀ ਜਵਾਬ ਦਿੱਤਾ? ਸ਼ਾਇਦ ਤੁਸੀਂ ਬਾਈਬਲ ਵਿੱਚੋਂ ਅਦਨ ਦੇ ਬਾਗ਼ ਵਿਚ ਹੋਈ ਘਟਨਾ ਬਾਰੇ ਦੱਸਿਆ ਹੋਣਾ। ਸ਼ਾਇਦ ਤੁਸੀਂ ਇਹ ਕਹਿ ਕੇ ਸ਼ੁਰੂਆਤ ਕੀਤੀ ਹੋਣੀ ਕਿ ਦੁਸ਼ਟ ਦੂਤ ਯਾਨੀ ਸ਼ੈਤਾਨ ਨੇ ਪਹਿਲੇ ਜੋੜੇ ਨਾਲ ਝੂਠ ਬੋਲਿਆ ਜਿਸ ਕਰਕੇ ਉਨ੍ਹਾਂ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ। (ਉਤ. 3:1-6) ਫਿਰ ਤੁਸੀਂ ਸ਼ਾਇਦ ਦੱਸਿਆ ਹੋਣਾ ਕਿ ਆਦਮ ਤੇ ਹੱਵਾਹ ਦੀ ਬਗਾਵਤ ਕਰਕੇ ਇਨਸਾਨਾਂ ʼਤੇ ਦੁੱਖ-ਤਕਲੀਫ਼ਾਂ ਅਤੇ ਮੌਤ ਆਈ। (ਰੋਮੀ. 5:12) ਅਖ਼ੀਰ ਵਿਚ ਤੁਸੀਂ ਦੱਸਿਆ ਹੋਣਾ ਕਿ ਪਰਮੇਸ਼ੁਰ ਨੇ ਕਾਫ਼ੀ ਸਮਾਂ ਦਿੱਤਾ ਤਾਂਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਸ਼ੈਤਾਨ ਦਾ ਦਾਅਵਾ ਝੂਠਾ ਹੈ। ਨਾਲੇ ਇਸ ਦੌਰਾਨ ਲੋਕਾਂ ਨੂੰ ਇਹ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਮਿਲ ਸਕੇ ਕਿ ਯਹੋਵਾਹ ਜਲਦੀ ਹੀ ਦੁਨੀਆਂ ਵਿੱਚੋਂ ਸਾਰੇ ਦੁੱਖ ਖ਼ਤਮ ਕਰ ਦੇਵੇਗਾ ਅਤੇ ਇਨਸਾਨ ਹਮੇਸ਼ਾ ਲਈ ਜੀ ਸਕਣਗੇ। (ਪ੍ਰਕਾ. 21:3, 4) ਇਸ ਤਰ੍ਹਾਂ ਸਮਝਾਉਣਾ ਵਧੀਆ ਹੈ ਅਤੇ ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੀ ਇਹ ਸਮਝਣ ਵਿਚ ਮਦਦ ਹੋ ਸਕਦੀ ਹੈ ਕਿ ਚੰਗੇ ਲੋਕਾਂ ʼਤੇ ਦੁੱਖ ਕਿਉਂ ਆਉਂਦੇ ਹਨ।
15. ਅੱਯੂਬ ਦੀ ਕਿਤਾਬ ਦੇ ਜ਼ਰੀਏ ਅਸੀਂ ਦੂਜਿਆਂ ਦੀ ਇਹ ਸਮਝਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ ਕਿ ਸਾਡੇ ʼਤੇ ਦੁੱਖ ਕਿਉਂ ਆਉਂਦੇ ਹਨ? (ਤਸਵੀਰਾਂ ਵੀ ਦੇਖੋ।)
15 ਸਾਡੇ ʼਤੇ ਦੁੱਖ ਕਿਉਂ ਆਉਂਦੇ ਹਨ? ਇਸ ਸਵਾਲ ਦਾ ਜਵਾਬ ਦੇਣ ਦਾ ਇਕ ਹੋਰ ਤਰੀਕਾ ਹੈ ਕਿ ਅਸੀਂ ਲੋਕਾਂ ਨੂੰ ਅੱਯੂਬ ਬਾਰੇ ਦੱਸ ਸਕਦੇ ਹਾਂ। ਸ਼ੁਰੂ ਵਿਚ ਅਸੀਂ ਉਸ ਵਿਅਕਤੀ ਦੀ ਤਾਰੀਫ਼ ਕਰ ਸਕਦੇ ਹਾਂ ਕਿ ਉਸ ਨੇ ਵਧੀਆ ਸਵਾਲ ਪੁੱਛਿਆ। ਫਿਰ ਅਸੀਂ ਉਸ ਨੂੰ ਦੱਸ ਸਕਦੇ ਹਾਂ ਕਿ ਅੱਯੂਬ ਪਰਮੇਸ਼ੁਰ ਦਾ ਵਫ਼ਾਦਾਰ ਸੇਵਕ ਸੀ। ਉਸ ਨੇ ਬਹੁਤ ਦੁੱਖ ਝੱਲੇ ਅਤੇ ਉਸ ਨੇ ਵੀ ਕੁਝ ਅਜਿਹਾ ਹੀ ਸਵਾਲ ਪੁੱਛਿਆ। ਉਸ ਨੂੰ ਤਾਂ ਇਹ ਵੀ ਲੱਗਦਾ ਸੀ ਕਿ ਪਰਮੇਸ਼ੁਰ ਹੀ ਉਸ ਨੂੰ ਦੁੱਖ ਦੇ ਰਿਹਾ ਸੀ। (ਅੱਯੂ. 7:17-21) ਉਸ ਵਿਅਕਤੀ ʼਤੇ ਸ਼ਾਇਦ ਇਸ ਗੱਲ ਦਾ ਜ਼ਬਰਦਸਤ ਅਸਰ ਹੋਵੇ ਕਿ ਲੋਕ ਸਦੀਆਂ ਤੋਂ ਇਹ ਸਵਾਲ ਪੁੱਛਦੇ ਆਏ ਹਨ। ਫਿਰ ਅਸੀਂ ਸਮਝਾ ਸਕਦੇ ਹਾਂ ਕਿ ਅੱਯੂਬ ਦੇ ਦੁੱਖਾਂ ਪਿੱਛੇ ਪਰਮੇਸ਼ੁਰ ਦਾ ਨਹੀਂ, ਸਗੋਂ ਸ਼ੈਤਾਨ ਦਾ ਹੱਥ ਸੀ। ਇਹ ਸਭ ਕੁਝ ਕਰ ਕੇ ਸ਼ੈਤਾਨ ਸਾਬਤ ਕਰਨਾ ਚਾਹੁੰਦਾ ਸੀ ਕਿ ਇਨਸਾਨ ਸਿਰਫ਼ ਸੁਆਰਥ ਕਰਕੇ ਹੀ ਯਹੋਵਾਹ ਦੀ ਸੇਵਾ ਕਰਦੇ ਹਨ। ਅਸੀਂ ਇਹ ਵੀ ਦੱਸ ਸਕਦੇ ਹਾਂ ਕਿ ਪਰਮੇਸ਼ੁਰ ਨੇ ਅੱਯੂਬ ਨੂੰ ਦੁੱਖ ਨਹੀਂ ਦਿੱਤੇ, ਪਰ ਉਸ ਨੇ ਇਨ੍ਹਾਂ ਦੀ ਇਜਾਜ਼ਤ ਜ਼ਰੂਰ ਦਿੱਤੀ। ਇਸ ਤਰ੍ਹਾਂ ਯਹੋਵਾਹ ਨੇ ਆਪਣੇ ਸਾਰੇ ਵਫ਼ਾਦਾਰ ਸੇਵਕਾਂ ʼਤੇ ਭਰੋਸਾ ਦਿਖਾਇਆ ਕਿ ਉਹ ਸ਼ੈਤਾਨ ਨੂੰ ਜ਼ਰੂਰ ਝੂਠਾ ਸਾਬਤ ਕਰਨਗੇ। ਅਖ਼ੀਰ ਵਿਚ ਅਸੀਂ ਦੱਸ ਸਕਦੇ ਹਾਂ ਕਿ ਅੱਯੂਬ ਦੇ ਵਫ਼ਾਦਾਰ ਰਹਿਣ ਕਰਕੇ ਪਰਮੇਸ਼ੁਰ ਨੇ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ। ਇਸ ਤਰ੍ਹਾਂ ਅਸੀਂ ਲੋਕਾਂ ਨੂੰ ਯਕੀਨ ਦਿਵਾ ਸਕਦੇ ਹਾਂ ਕਿ ਸਾਡੇ ਦੁੱਖਾਂ ਪਿੱਛੇ ਯਹੋਵਾਹ ਦਾ ਹੱਥ ਨਹੀਂ ਹੈ ਅਤੇ ਇੱਦਾਂ ਅਸੀਂ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹਾਂ।
ਤੁਸੀਂ ਅੱਯੂਬ ਦੀ ਕਿਤਾਬ ਤੋਂ ਦੂਜਿਆਂ ਨੂੰ ਕਿਵੇਂ ਭਰੋਸਾ ਦਿਵਾ ਸਕਦੇ ਹੋ ਕਿ “ਪਰਮੇਸ਼ੁਰ ਦੁਸ਼ਟ ਕੰਮ ਨਹੀਂ ਕਰਦਾ”? (ਪੈਰਾ 15 ਦੇਖੋ)
16. ਤਜਰਬਾ ਦੱਸੋ ਕਿ ਦੁੱਖ ਝੱਲ ਰਹੇ ਇਕ ਵਿਅਕਤੀ ਦੀ ਕਿੱਦਾਂ ਮਦਦ ਹੋਈ।
16 ਧਿਆਨ ਦਿਓ ਕਿ ਮਾਰਿਓ ਨੂੰ ਅੱਯੂਬ ਦੀ ਕਿਤਾਬ ਤੋਂ ਕੀ ਮਦਦ ਮਿਲੀ। ਸਾਲ 2021 ਵਿਚ ਇਕ ਦਿਨ ਇਕ ਭੈਣ ਫ਼ੋਨ ਰਾਹੀਂ ਗਵਾਹੀ ਦੇ ਰਹੀ ਸੀ। ਜਦੋਂ ਉਸ ਨੇ ਪਹਿਲਾ ਫ਼ੋਨ ਕੀਤਾ, ਤਾਂ ਉਸ ਦੀ ਗੱਲ ਮਾਰਿਓ ਨਾਲ ਹੋਈ। ਉਸ ਨੇ ਮਾਰਿਓ ਨੂੰ ਇਕ ਆਇਤ ਪੜ੍ਹ ਕੇ ਸੁਣਾਈ ਅਤੇ ਸਮਝਾਇਆ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਤਾਂ ਸੁਣਦਾ ਹੀ ਹੈ, ਇਸ ਦੇ ਨਾਲ-ਨਾਲ ਉਹ ਸਾਨੂੰ ਵਧੀਆ ਭਵਿੱਖ ਦੀ ਉਮੀਦ ਵੀ ਦਿੰਦਾ ਹੈ। ਜਦੋਂ ਉਸ ਨੇ ਮਾਰਿਓ ਦੇ ਵਿਚਾਰ ਜਾਣਨੇ ਚਾਹੇ, ਤਾਂ ਮਾਰਿਓ ਨੇ ਕਿਹਾ ਕਿ ਉਹ ਆਤਮ-ਹੱਤਿਆ ਕਰਨ ਲੱਗਾ ਸੀ। ਉਹ ਇਸ ਬਾਰੇ ਖਤ ਲਿਖ ਹੀ ਰਿਹਾ ਸੀ ਕਿ ਉਸ ਦਾ ਫ਼ੋਨ ਆ ਗਿਆ। ਉਸ ਨੇ ਕਿਹਾ: “ਮੈਂ ਰੱਬ ʼਤੇ ਵਿਸ਼ਵਾਸ ਕਰਦਾ ਹਾਂ, ਪਰ ਅੱਜ ਸਵੇਰੇ ਮੈਂ ਸੋਚ ਰਿਹਾ ਸੀ ਕਿ ਉਸ ਨੂੰ ਮੇਰੀ ਕੋਈ ਪਰਵਾਹ ਨਹੀਂ ਹੈ।” ਦੂਜੀ ਵਾਰ ਜਦੋਂ ਭੈਣ ਨੇ ਫ਼ੋਨ ਕੀਤਾ, ਤਾਂ ਭੈਣ ਨੇ ਅੱਯੂਬ ਦੇ ਦੁੱਖਾਂ ਬਾਰੇ ਉਸ ਨਾਲ ਚਰਚਾ ਕੀਤੀ। ਮਾਰਿਓ ਨੇ ਫ਼ੈਸਲਾ ਕੀਤਾ ਕਿ ਉਹ ਅੱਯੂਬ ਦੀ ਪੂਰੀ ਕਿਤਾਬ ਪੜ੍ਹੇਗਾ। ਇਸ ਲਈ ਭੈਣ ਨੇ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਬਾਈਬਲ ਦਾ ਲਿੰਕ ਉਸ ਨੂੰ ਭੇਜਿਆ। ਇਸ ਦਾ ਕੀ ਨਤੀਜਾ ਨਿਕਲਿਆ? ਮਾਰਿਓ ਬਾਈਬਲ ਸਟੱਡੀ ਕਰਨ ਲੱਗ ਪਿਆ ਅਤੇ ਉਹ ਉਸ ਪਿਆਰੇ ਪਰਮੇਸ਼ੁਰ ਬਾਰੇ ਹੋਰ ਜਾਣਨ ਲਈ ਬੇਤਾਬ ਸੀ ਜਿਸ ਨੂੰ ਉਸ ਦੀ ਪਰਵਾਹ ਹੈ।
17. ਤੁਸੀਂ ਕਿਉਂ ਸ਼ੁਕਰਗੁਜ਼ਾਰ ਹੋ ਕਿ ਯਹੋਵਾਹ ਨੇ ਅੱਯੂਬ ਦੀ ਕਿਤਾਬ ਆਪਣੇ ਬਚਨ ਵਿਚ ਦਰਜ ਕਰਵਾਈ? (ਅੱਯੂਬ 34:12)
17 ਇਹ ਸੱਚ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਲੋਕਾਂ ਦੀ ਮਦਦ ਕਰਨ ਦੀ ਜ਼ਬਰਦਸਤ ਤਾਕਤ ਹੈ ਅਤੇ ਇਸ ਤੋਂ ਦੁੱਖ ਝੱਲ ਰਹੇ ਲੋਕਾਂ ਨੂੰ ਦਿਲਾਸਾ ਵੀ ਮਿਲਦਾ ਹੈ। (ਇਬ. 4:12) ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਅੱਯੂਬ ਦੀ ਕਹਾਣੀ ਆਪਣੇ ਬਚਨ ਵਿਚ ਦਰਜ ਕਰਵਾਈ! (ਅੱਯੂ. 19:23, 24) ਅੱਯੂਬ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ “ਇਹ ਗੱਲ ਪੱਕੀ ਹੈ ਕਿ ਪਰਮੇਸ਼ੁਰ ਦੁਸ਼ਟ ਕੰਮ ਨਹੀਂ ਕਰਦਾ।” (ਅੱਯੂਬ 34:12 ਪੜ੍ਹੋ।) ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸਾਡੇ ʼਤੇ ਦੁੱਖ ਕਿਉਂ ਆਉਣ ਦਿੰਦਾ ਹੈ ਅਤੇ ਅਸੀਂ ਧੀਰਜ ਨਾਲ ਇਨ੍ਹਾਂ ਨੂੰ ਕਿਵੇਂ ਝੱਲ ਸਕਦੇ ਹਾਂ। ਨਾਲੇ ਇਸ ਕਿਤਾਬ ਤੋਂ ਅਸੀਂ ਦੁੱਖ ਝੱਲ ਰਹੇ ਲੋਕਾਂ ਨੂੰ ਦਿਲਾਸਾ ਵੀ ਦੇ ਸਕਦੇ ਹਾਂ। ਅਗਲੇ ਲੇਖ ਵਿਚ ਅਸੀਂ ਗੌਰ ਕਰਾਂਗੇ ਕਿ ਅੱਯੂਬ ਦੀ ਕਿਤਾਬ ਦੂਜਿਆਂ ਨੂੰ ਵਧੀਆ ਸਲਾਹ ਦੇਣ ਵਿਚ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ।
ਗੀਤ 156 ਨਿਹਚਾ ਮੇਰੀ, ਨਾ ਡੋਲੇਗੀ ਕਦੀ
a ਲੱਗਦਾ ਹੈ ਕਿ ਯੂਸੁਫ਼ ਦੀ ਮੌਤ (1657 ਈਸਵੀ ਪੂਰਵ) ਤੋਂ ਲੈ ਕੇ ਮੂਸਾ ਦੇ ਇਜ਼ਰਾਈਲ ਕੌਮ ਦੇ ਆਗੂ ਚੁਣੇ ਜਾਣ (ਲਗਭਗ 1514 ਈਸਵੀ ਪੂਰਵ) ਦੇ ਸਮੇਂ ਦੌਰਾਨ ਅੱਯੂਬ ਜੀਉਂਦਾ ਹੋਣਾ। ਇਸ ਲਈ ਸੰਭਵ ਹੈ ਕਿ ਇਸੇ ਸਮੇਂ ਦੌਰਾਨ ਯਹੋਵਾਹ ਤੇ ਸ਼ੈਤਾਨ ਵਿਚ ਗੱਲਬਾਤ ਹੋਈ ਹੋਣੀ ਅਤੇ ਅੱਯੂਬ ʼਤੇ ਦੁੱਖ ਆਏ ਹੋਣੇ।
b ਕੁਝ ਨਾਂ ਬਦਲੇ ਗਏ ਹਨ।