ਨੌਜਵਾਨ ਪੁੱਛਦੇ ਹਨ
ਮੈਂ ਇਕ ਵਧੀਆ ਆਦਰਸ਼ ਕਿਵੇਂ ਚੁਣ ਸਕਦਾ ਹਾਂ?
“ਸਕੂਲ ਵਿਚ ਜਦੋਂ ਵੀ ਮੈਨੂੰ ਕੋਈ ਮੁਸ਼ਕਲ ਆਉਂਦੀ ਹੈ, ਤਾਂ ਮੈਂ ਉਸ ਇਨਸਾਨ ਨੂੰ ਯਾਦ ਕਰਦੀ ਹਾਂ ਜਿਸ ਦੀ ਮੈਂ ਬਹੁਤ ਕਦਰ ਕਰਦੀ ਹਾਂ ਅਤੇ ਜੋ ਮੇਰੇ ਵਰਗੀਆਂ ਮੁਸ਼ਕਲਾਂ ਵਿੱਚੋਂ ਲੰਘਿਆ ਹੈ। ਫਿਰ ਮੈਂ ਉਸ ਵਾਂਗ ਮੁਸ਼ਕਲ ਦਾ ਸਾਮ੍ਹਣਾ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਇਕ ਵਧੀਆ ਆਦਰਸ਼ ਹੋਣ ਕਰਕੇ ਮੁਸ਼ਕਲ ਦਾ ਸਾਮ੍ਹਣਾ ਕਰਨਾ ਸੌਖਾ ਹੋ ਜਾਂਦਾ ਹੈ।”— ਹੇਲੀ।
ਇਕ ਆਦਰਸ਼ ਵਿਅਕਤੀ ਮੁਸ਼ਕਲਾਂ ਤੋਂ ਬਚਣ ਅਤੇ ਟੀਚਿਆਂ ਨੂੰ ਹਾਸਲ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਪਰ ਜ਼ਰੂਰੀ ਹੈ ਕਿ ਤੁਸੀਂ ਸਹੀ ਵਿਅਕਤੀ ਨੂੰ ਆਪਣਾ ਆਦਰਸ਼ ਚੁਣੋ।
ਸੋਚ-ਸਮਝ ਕੇ ਕਿਉਂ ਚੁਣੀਏ?
ਇਕ ਆਦਰਸ਼ ਦਾ ਤੁਹਾਡੇ ਵਿਵਹਾਰ ʼਤੇ ਅਸਰ ਪੈਂਦਾ ਹੈ।
ਬਾਈਬਲ ਮਸੀਹੀਆਂ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਉਹ ਉਨ੍ਹਾਂ ਲੋਕਾਂ ʼਤੇ ਧਿਆਨ ਦੇਣ ਜੋ ਵਧੀਆ ਮਿਸਾਲ ਹਨ। ਇਹ ਦੱਸਦੀ ਹੈ: “ਉਨ੍ਹਾਂ ਦੇ ਚਾਲ-ਚਲਣ ਦੇ ਚੰਗੇ ਨਤੀਜਿਆਂ ਉੱਤੇ ਗੌਰ ਕਰ ਕੇ ਉਨ੍ਹਾਂ ਦੀ ਨਿਹਚਾ ਦੀ ਮਿਸਾਲ ਉੱਤੇ ਚੱਲੋ।”—ਇਬਰਾਨੀਆਂ 13:7.
ਸੁਝਾਅ: ਇਕ ਆਦਰਸ਼ ਦਾ ਤੁਹਾਡੇ ʼਤੇ ਜਾਂ ਤਾਂ ਚੰਗਾ ਅਸਰ ਪੈ ਸਕਦਾ ਹੈ ਜਾਂ ਮਾੜਾ। ਇਸ ਕਰਕੇ ਬੱਸ ਇਹੀ ਦੇਖ ਕੇ ਕਿਸੇ ਨੂੰ ਆਦਰਸ਼ ਨਾ ਚੁਣੋ ਕਿ ਉਹ ਬਹੁਤ ਮਸ਼ਹੂਰ ਹੈ ਜਾਂ ਤੁਹਾਡੀ ਉਮਰ ਦਾ ਹੈ। ਇਸ ਦੀ ਬਜਾਇ, ਇੱਦਾਂ ਦਾ ਵਿਅਕਤੀ ਚੁਣੋ ਜਿਸ ਵਿਚ ਚੰਗੇ ਗੁਣ ਹਨ।
“ਮੈਂ ਇਕ ਮਸੀਹੀ ਭਰਾ ਐਡਮ ਦੇ ਰਵੱਈਏ ਅਤੇ ਵਿਵਹਾਰ ਤੋਂ ਬਹੁਤ ਕੁਝ ਸਿੱਖਿਆ। ਹੈਰਾਨੀ ਦੀ ਗੱਲ ਹੈ ਕਿ ਮੈਨੂੰ ਅੱਜ ਵੀ ਉਨ੍ਹਾਂ ਦੀਆਂ ਕਹੀਆਂ ਕੁਝ ਗੱਲਾਂ ਅਤੇ ਉਨ੍ਹਾਂ ਦੇ ਕੁਝ ਕੰਮ ਯਾਦ ਹਨ। ਉਨ੍ਹਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੈ ਕਿ ਉਨ੍ਹਾਂ ਨੇ ਮੇਰੇ ʼਤੇ ਕਿੰਨਾ ਗਹਿਰਾ ਅਸਰ ਪਾਇਆ ਹੈ।”—ਕੌਲਿਨ।
ਤੁਹਾਡੇ ਆਦਰਸ਼ ਦਾ ਤੁਹਾਡੀ ਸੋਚ ਅਤੇ ਤੁਹਾਡੀਆਂ ਭਾਵਨਾਵਾਂ ʼਤੇ ਅਸਰ ਪੈਂਦਾ ਹੈ।
ਬਾਈਬਲ ਦੱਸਦੀ ਹੈ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।”—1 ਕੁਰਿੰਥੀਆਂ 15:33.
ਸੁਝਾਅ: ਸਿਰਫ਼ ਬਾਹਰੀ ਰੂਪ ਦੇਖ ਕੇ ਹੀ ਨਹੀਂ, ਸਗੋਂ ਚੰਗੇ ਗੁਣ ਦੇਖ ਕੇ ਕਿਸੇ ਨੂੰ ਆਪਣਾ ਆਦਰਸ਼ ਚੁਣੋ। ਜੇ ਤੁਸੀਂ ਇੱਦਾਂ ਨਹੀਂ ਕਰਦੇ, ਤਾਂ ਤੁਹਾਡੇ ਹੱਥ ਨਿਰਾਸ਼ਾ ਹੀ ਲੱਗੇਗੀ।
“ਜਦੋਂ ਤੁਸੀਂ ਆਪਣੀ ਤੁਲਨਾ ਖੂਬਸੂਰਤ ਲੋਕਾਂ ਨਾਲ ਕਰਦੇ ਰਹਿੰਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਛੋਟਾ ਅਤੇ ਬਦਸੂਰਤ ਮਹਿਸੂਸ ਕਰੋਗੇ। ਫਿਰ ਤੁਹਾਡੇ ʼਤੇ ਆਪਣੀ ਖੂਬਸੂਰਤੀ ਨੂੰ ਨਿਖਾਰਨ ਦਾ ਭੂਤ ਸਵਾਰ ਰਹੇਗਾ।”—ਤਮਾਰਾ।
ਜ਼ਰਾ ਸੋਚੋ: ਫ਼ਿਲਮੀ ਹਸਤੀਆਂ ਅਤੇ ਖਿਡਾਰੀਆਂ ਨੂੰ ਆਪਣੇ ਆਦਰਸ਼ ਚੁਣਨ ਨਾਲ ਕਿਹੜੇ ਨੁਕਸਾਨ ਹੋ ਸਕਦੇ ਹਨ?
ਤੁਹਾਡਾ ਆਦਰਸ਼ ਕੌਣ ਹੈ, ਇਸ ਤੋਂ ਤੈਅ ਹੋਵੇਗਾ ਕਿ ਤੁਸੀਂ ਆਪਣੇ ਟੀਚੇ ਹਾਸਲ ਕਰ ਸਕੋਗੇ ਜਾਂ ਨਹੀਂ।
ਬਾਈਬਲ ਦੱਸਦੀ ਹੈ: “ਬੁੱਧੀਮਾਨਾਂ ਦਾ ਸਾਥੀ ਬੁੱਧੀਮਾਨ ਬਣ ਜਾਵੇਗਾ।”—ਕਹਾਉਤਾਂ 13:20.
ਸੁਝਾਅ: ਇਕ ਅਜਿਹੇ ਵਿਅਕਤੀ ਨੂੰ ਆਪਣਾ ਆਦਰਸ਼ ਚੁਣੋ ਜਿਸ ਦੇ ਗੁਣ ਤੁਸੀਂ ਆਪਣੇ ਅੰਦਰ ਵਧਾਉਣੇ ਚਾਹੁੰਦੇ ਹੋ। ਜੇ ਤੁਸੀਂ ਉਸ ʼਤੇ ਧਿਆਨ ਦਿਓਗੇ, ਤਾਂ ਤੁਸੀਂ ਕੁਝ ਅਜਿਹੇ ਤਰੀਕੇ ਸਿੱਖ ਸਕੋਗੇ ਜਿਨ੍ਹਾਂ ਕਰਕੇ ਤੁਸੀਂ ਆਪਣੇ ਟੀਚੇ ਹਾਸਲ ਕਰ ਸਕੋਗੇ।
“ਇੱਦਾਂ ਹੀ ਕੋਈ ਟੀਚਾ ਨਾ ਰੱਖੋ ਕਿ ‘ਮੈਂ ਹੋਰ ਵੀ ਜ਼ਿੰਮੇਵਾਰ ਬਣਨਾ ਚਾਹੁੰਦੀ ਹਾਂ।’ ਇਸ ਦੀ ਬਜਾਇ, ਸਾਫ਼-ਸਾਫ਼ ਟੀਚਾ ਰੱਖੋ ਕਿ ‘ਮੈਂ ਜੇਨ ਵਾਂਗ ਹੋਰ ਵੀ ਜ਼ਿੰਮੇਵਾਰ ਬਣਨਾ ਚਾਹੁੰਦੀ ਹਾਂ। ਉਹ ਸਮੇਂ ਦੀ ਪਾਬੰਦ ਹੈ ਅਤੇ ਆਪਣੀ ਹਰ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੀ ਹੈ।’ ” —ਮੀਰੀਅਮ।
ਮੁੱਖ ਗੱਲ: ਜਦੋਂ ਤੁਸੀਂ ਇਕ ਸਹੀ ਵਿਅਕਤੀ ਨੂੰ ਆਪਣਾ ਆਦਰਸ਼ ਚੁਣੋਗੇ, ਤਾਂ ਤੁਸੀਂ ਤੈਅ ਕਰ ਰਹੇ ਹੋਵੋਗੇ ਕਿ ਤੁਸੀਂ ਕਿਹੋ ਜਿਹੇ ਇਨਸਾਨ ਬਣੋਗੇ।
ਇਕ ਵਧੀਆ ਵਿਅਕਤੀ ਦੀ ਮਿਸਾਲ ʼਤੇ ਚੱਲ ਕੇ ਤੁਸੀਂ ਜਲਦੀ ਆਪਣੀ ਮੰਜ਼ਲ ʼਤੇ ਪਹੁੰਚ ਸਕਦੇ ਹੋ।
ਕਿਵੇਂ ਚੁਣੀਏ?
ਤੁਸੀਂ ਹੇਠਾਂ ਦੱਸੇ ਕਿਸੇ ਵੀ ਇਕ ਤਰੀਕੇ ਰਾਹੀਂ ਆਪਣਾ ਆਦਰਸ਼ ਚੁਣ ਸਕਦੇ ਹੋ।
ਇਕ ਅਜਿਹਾ ਗੁਣ ਚੁਣੋ ਜੋ ਤੁਸੀਂ ਆਪਣੇ ਅੰਦਰ ਵਧਾਉਣਾ ਚਾਹੁੰਦੇ ਹੋ। ਫਿਰ ਅਜਿਹਾ ਵਿਅਕਤੀ ਚੁਣੋ ਜਿਸ ਦੀ ਤੁਸੀਂ ਬਹੁਤ ਕਦਰ ਕਰਦੇ ਹੋ ਅਤੇ ਜਿਸ ਵਿਚ ਉਹ ਗੁਣ ਹੈ।
ਇਕ ਅਜਿਹਾ ਵਿਅਕਤੀ ਚੁਣੋ ਜਿਸ ਦੀ ਤੁਸੀਂ ਬਹੁਤ ਕਦਰ ਕਰਦੇ ਹੋ। ਫਿਰ ਉਸ ਵਿਚ ਜੋ ਗੁਣ ਹਨ, ਉਨ੍ਹਾਂ ਵਿੱਚੋਂ ਇਕ ਚੁਣੋ ਜੋ ਤੁਸੀਂ ਆਪਣੇ ਅੰਦਰ ਵਧਾਉਣਾ ਚਾਹੁੰਦੇ ਹੋ।
ਇਸ ਲੇਖ ਨਾਲ ਦਿੱਤੇ ਅਭਿਆਸ ਨਾਲ ਤੁਹਾਡੀ ਮਦਦ ਹੋ ਸਕਦੀ ਹੈ।
ਤੁਸੀਂ ਇਨ੍ਹਾਂ ਲੋਕਾਂ ਨੂੰ ਆਪਣਾ ਆਦਰਸ਼ ਚੁਣ ਸਕਦੇ ਹੋ:
ਤੁਹਾਡੇ ਹਾਣੀ। “ਮੈਂ ਆਪਣੀ ਸਭ ਤੋਂ ਵਧੀਆ ਸਹੇਲੀ ਵਾਂਗ ਬਣਨਾ ਚਾਹੁੰਦੀ ਹਾਂ। ਦੂਸਰਿਆਂ ਦੀ ਮਦਦ ਕਰਨ ਲਈ ਉਸ ਕੋਲ ਹਮੇਸ਼ਾ ਸਮਾਂ ਹੁੰਦਾ ਹੈ। ਉਹ ਮੇਰੇ ਤੋਂ ਛੋਟੀ ਹੈ, ਪਰ ਉਸ ਵਿਚ ਉਹ ਵਧੀਆ ਗੁਣ ਹਨ ਜੋ ਮੇਰੇ ਵਿਚ ਨਹੀਂ ਹਨ। ਇਸ ਲਈ ਮੈਂ ਉਸ ਦੀ ਰੀਸ ਕਰਨੀ ਚਾਹੁੰਦੀ ਹਾਂ।”—ਮੀਰੀਅਮ।
ਵੱਡੀ ਉਮਰ ਦੇ। ਇਨ੍ਹਾਂ ਵਿਚ ਤੁਹਾਡੇ ਮਾਪੇ ਜਾਂ ਮਸੀਹੀ ਭੈਣ-ਭਰਾ ਹੋ ਸਕਦੇ ਹਨ। “ਇਸ ਵਿਚ ਕੋਈ ਸ਼ੱਕ ਨਹੀਂ ਕਿ ਮੇਰੇ ਮਾਪੇ ਮੇਰੇ ਲਈ ਆਦਰਸ਼ ਹਨ। ਉਨ੍ਹਾਂ ਵਿਚ ਬਹੁਤ ਵਧੀਆ ਗੁਣ ਹਨ। ਚਾਹੇ ਉਨ੍ਹਾਂ ਵਿਚ ਕਮੀਆਂ-ਕਮਜ਼ੋਰੀਆਂ ਹਨ, ਫਿਰ ਵੀ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ। ਜਦੋਂ ਮੈਂ ਉਨ੍ਹਾਂ ਦੀ ਉਮਰ ਦੀ ਹੋ ਜਾਵਾਂਗੀ, ਤਾਂ ਮੈਂ ਉਮੀਦ ਕਰਦੀ ਹਾਂ ਕਿ ਮੇਰੇ ਬਾਰੇ ਵੀ ਇਹੀ ਕਿਹਾ ਜਾਵੇ।”—ਅਨੈੱਟ।
ਬਾਈਬਲ ਪਾਤਰ। “ਮੈਂ ਬਾਈਬਲ ਦੇ ਕਈ ਪਾਤਰਾਂ ਨੂੰ ਆਪਣੇ ਆਦਰਸ਼ ਚੁਣਿਆ ਹੈ, ਜਿਵੇਂ ਤਿਮੋਥਿਉਸ, ਰੂਥ, ਅੱਯੂਬ, ਪਤਰਸ ਅਤੇ ਛੋਟੀ ਇਜ਼ਰਾਈਲੀ ਕੁੜੀ। ਹਰੇਕ ਪਾਤਰ ਨੂੰ ਚੁਣਨ ਦਾ ਇਕ ਖ਼ਾਸ ਕਾਰਨ ਹੈ। ਮੈਂ ਇਨ੍ਹਾਂ ਪਾਤਰਾਂ ਬਾਰੇ ਜਿੰਨਾ ਜ਼ਿਆਦਾ ਸਿੱਖਦੀ ਹਾਂ, ਇਹ ਮੇਰੇ ਲਈ ਉੱਨੇ ਜ਼ਿਆਦਾ ਅਸਲੀ ਬਣਦੇ ਹਨ। ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ ਕਿਤਾਬ ਵਿਚ ਦਿੱਤੀਆਂ ਇਨ੍ਹਾਂ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਨਾਲੇ ਨੌਜਵਾਨਾਂ ਦੇ ਸਵਾਲ (ਅੰਗ੍ਰੇਜ਼ੀ) ਕਿਤਾਬ ਦੇ ਦੋਵੇਂ ਭਾਗਾਂ ਵਿਚ ‘ਆਦਰਸ਼ਾਂ ਦੀ ਸੂਚੀ’ ਵਿਚ ਦਿੱਤੀਆਂ ਮਿਸਾਲਾਂ ਪੜ੍ਹ ਕੇ ਵੀ ਮੈਨੂੰ ਬਹੁਤ ਵਧੀਆ ਲੱਗਦਾ ਹੈ।”—ਮਲਿੰਡਾ।
ਸੁਝਾਅ: ਸਿਰਫ਼ ਇਕ ਹੀ ਵਿਅਕਤੀ ਨੂੰ ਆਪਣਾ ਆਦਰਸ਼ ਨਾ ਚੁਣੋ। ਯਿਸੂ ਮਸੀਹ ਦੇ ਇਕ ਚੇਲੇ ਪੌਲੁਸ ਰਸੂਲ ਨੇ ਦੂਸਰੇ ਮਸੀਹੀਆਂ ਨੂੰ ਕਿਹਾ: “ਉਨ੍ਹਾਂ ਲੋਕਾਂ ਵੱਲ ਧਿਆਨ ਦਿੰਦੇ ਰਹੋ ਜੋ ਸਾਡੀ ਮਿਸਾਲ ਉੱਤੇ ਚੱਲਦੇ ਹਨ ਜਿਹੜੀ ਅਸੀਂ ਤੁਹਾਡੇ ਲਈ ਕਾਇਮ ਕੀਤੀ ਹੈ।”—ਫ਼ਿਲਿੱਪੀਆਂ 3:17.
ਕੀ ਤੁਸੀਂ ਜਾਣਦੇ ਹੋ? ਤੁਸੀਂ ਵੀ ਕਿਸੇ ਦੇ ਆਦਰਸ਼ ਬਣ ਸਕਦੇ ਹੋ। ਬਾਈਬਲ ਦੱਸਦੀ ਹੈ: “ਵਫ਼ਾਦਾਰ ਸੇਵਕਾਂ ਲਈ ਆਪਣੀ ਬੋਲੀ ਵਿਚ, ਚਾਲ-ਚਲਣ ਵਿਚ, ਪਿਆਰ ਵਿਚ, ਨਿਹਚਾ ਵਿਚ ਅਤੇ ਸ਼ੁੱਧ ਰਹਿਣ ਵਿਚ ਚੰਗੀ ਮਿਸਾਲ ਕਾਇਮ ਕਰ।”—1 ਤਿਮੋਥਿਉਸ 4:12.
“ਤੁਸੀਂ ਸ਼ਾਇਦ ਆਪਣੇ ਵਿਚ ਵਧੀਆ ਗੁਣ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋਵੋਗੇ, ਪਰ ਇਸ ਦੌਰਾਨ ਵੀ ਤੁਸੀਂ ਦੂਜਿਆਂ ਦੀ ਮਦਦ ਕਰ ਸਕਦੇ ਹੋ। ਭਾਵੇਂ ਤੁਹਾਨੂੰ ਪਤਾ ਵੀ ਨਾ ਹੋਵੇ ਕਿ ਤੁਹਾਨੂੰ ਕੌਣ ਦੇਖ ਰਿਹਾ ਹੈ ਅਤੇ ਤੁਹਾਡੀਆਂ ਗੱਲਾਂ ਨਾਲ ਉਸ ਦੀ ਜ਼ਿੰਦਗੀ ਬਦਲ ਸਕਦੀ ਹੈ।”—ਕੀਆਨਾ।