ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ
1 ਅਪ੍ਰੈਲ 2024
ਕੋਲੰਬੀਆ ਵਿਚ ਰਹਿਣ ਵਾਲੀ ਨਿਕੋਲ ਨਾਂ ਦੀ ਇਕ ਨੌਜਵਾਨ ਭੈਣ ਦੱਸਦੀ ਹੈ: “ਮੈਨੂੰ ਆਪਣਾ ਕਿੰਗਡਮ ਹਾਲ ਬਹੁਤ ਪਿਆਰਾ ਹੈ! ਇੱਥੇ ਮੈਂ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਵਧੀਆ ਸਮਾਂ ਬਿਤਾ ਸਕਦੀ ਹਾਂ।” ਕੀ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋ?
ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਲਗਭਗ 63,000 ਕਿੰਗਡਮ ਹਾਲ ਹਨ। ਇਨ੍ਹਾਂ ਇਮਾਰਤਾਂ ਵਿਚ ਅਸੀਂ ਸਿਰਫ਼ ਆਰਾਮ ਨਾਲ ਬੈਠ ਕੇ ਯਹੋਵਾਹ ਦੀ ਭਗਤੀ ਹੀ ਨਹੀਂ ਕਰਦੇ, ਸਗੋਂ ਇਨ੍ਹਾਂ ਨੂੰ ਹੋਰ ਕੰਮਾਂ ਲਈ ਵੀ ਵਰਤਦੇ ਹਾਂ। ਕੋਲੰਬੀਆ ਵਿਚ ਰਹਿਣ ਵਾਲਾ ਡੇਵਿਡ ਰੈਗੂਲਰ ਪਾਇਨੀਅਰਿੰਗ ਕਰਦਾ ਹੈ। ਉਹ ਦੱਸਦਾ ਹੈ: “ਸਾਡੇ ਕਿੰਗਡਮ ਹਾਲਾਂ ਕਰਕੇ ਲੋਕ ਸਾਡੇ ਸੰਦੇਸ਼ ਵੱਲ ਖਿੱਚੇ ਚਲੇ ਆਉਂਦੇ ਹਨ। ਬਹੁਤ ਸਾਰੇ ਨਵੇਂ ਲੋਕ ਕਿੰਗਡਮ ਹਾਲ ਵਿਚ ਆਉਂਦੇ ਹਨ ਅਤੇ ਉਹ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਅਸੀਂ ਇਸ ਇਮਾਰਤ ਨੂੰ ਕਿੰਨੀ ਵਧੀਆ ਹਾਲਤ ਵਿਚ ਰੱਖਦੇ ਹਾਂ।” ਇਹ ਸਾਰਾ ਕੁਝ ਆਪਣੇ ਆਪ ਨਹੀਂ ਹੋ ਜਾਂਦਾ। ਇਸ ਦੀ ਬਜਾਇ, ਅਸੀਂ ਕਿੰਗਡਮ ਹਾਲਾਂ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਕਰਨ ਲਈ ਬਹੁਤ ਮਿਹਨਤ ਕਰਦੇ ਹਾਂ। ਇਹ ਕੰਮ ਕਿਵੇਂ ਕੀਤਾ ਜਾਂਦਾ ਹੈ?
ਸਾਂਭ-ਸੰਭਾਲ ਦਾ ਕੰਮ ਕਿਵੇਂ ਕੀਤਾ ਜਾਂਦਾ ਹੈ?
ਕਿੰਗਡਮ ਹਾਲ ਨੂੰ ਇਸਤੇਮਾਲ ਕਰਨ ਵਾਲੀਆਂ ਮੰਡਲੀਆਂ ਇਸ ਦੀ ਸਾਂਭ-ਸੰਭਾਲ ਕਰਦੀਆਂ ਹਨ। ਇੱਦਾਂ ਕਰਨ ਲਈ ਭੈਣ-ਭਰਾ ਬਾਕਾਇਦਾ ਇਸ ਦੀ ਸਾਫ਼-ਸਫ਼ਾਈ ਕਰਦੇ ਹਨ ਅਤੇ ਥੋੜ੍ਹੀ-ਬਹੁਤ ਮੁਰੰਮਤ ਕਰਦੇ ਹਨ। ਨਾਲੇ ਸਮੇਂ-ਸਮੇਂ ਤੇ ਦੇਖਿਆ ਜਾਂਦਾ ਹੈ ਕਿ ਸਾਰਾ ਕੁਝ ਸਹੀ ਹਾਲਤ ਵਿਚ ਹੈ ਜਾਂ ਨਹੀਂ ਤਾਂਕਿ ਬਾਅਦ ਵਿਚ ਜ਼ਿਆਦਾ ਮੁਰੰਮਤ ਦੀ ਲੋੜ ਨਾ ਪਵੇ।
ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ ਵਿਚ ਮਦਦ ਕਰਨ ਲਈ ਸਥਾਨਕ ਡੀਜ਼ਾਈਨ/ਉਸਾਰੀ ਵਿਭਾਗ ਕੁਝ ਭਰਾਵਾਂ ਨੂੰ ਚੁਣਦਾ ਹੈ ਜੋ ਸਾਂਭ-ਸੰਭਾਲ ਦੀ ਸਿਖਲਾਈ ਦਿੰਦੇ ਹਨ। ਹਰ ਭਰਾ 6 ਤੋਂ 10 ਕਿੰਗਡਮ ਹਾਲਾਂ ਦੀ ਦੇਖ-ਰੇਖ ਕਰਦਾ ਹੈ। ਉਹ ਕਿੰਗਡਮ ਹਾਲਾਂ ਨੂੰ ਦੇਖਣ ਜਾਂਦਾ ਹੈ ਅਤੇ ਉੱਥੇ ਦੇ ਭੈਣਾਂ-ਭਰਾਵਾਂ ਨੂੰ ਸਿਖਲਾਈ ਦਿੰਦਾ ਹੈ ਕਿ ਉਹ ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ ਕਿਵੇਂ ਕਰ ਸਕਦੇ ਹਨ। ਹਰ ਤਿੰਨ ਸਾਲ ਬਾਅਦ ਉਹ ਇਨ੍ਹਾਂ ਇਮਾਰਤਾਂ ਦੀ ਜਾਂਚ ਕਰਦਾ ਹੈ ਅਤੇ ਦੇਖਦਾ ਹੈ ਕਿ ਸੁਰੱਖਿਆ ਜਾਂ ਸਾਂਭ-ਸੰਭਾਲ ਸੰਬੰਧੀ ਕਿੱਥੇ ਸਮੱਸਿਆ ਹੈ।
ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ ਦੀ ਸਿਖਲਾਈ ਦੇਣ ਵਾਲੇ ਭਰਾ ਇਨ੍ਹਾਂ ਨੂੰ ਵਧੀਆ ਹਾਲਤ ਵਿਚ ਰੱਖਣ ਵਿਚ ਸਾਡੀ ਮਦਦ ਕਰਦੇ ਹਨ
ਸਾਡੇ ਭੈਣ-ਭਰਾ ਇਨ੍ਹਾਂ ਭਰਾਵਾਂ ਤੋਂ ਮਿਲੀ ਸਿਖਲਾਈ ਦੀ ਬਹੁਤ ਕਦਰ ਕਰਦੇ ਹਨ। ਭਾਰਤ ਵਿਚ ਰਹਿਣ ਵਾਲੀ ਭੈਣ ਇੰਦੂਮਤੀ ਕਹਿੰਦੀ ਹੈ: “ਇਹ ਟ੍ਰੇਨਿੰਗ ਬਹੁਤ ਵਧੀਆ ਸੀ। ਇਹ ਸਿੱਖ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ ਕਿ ਅਸੀਂ ਆਪਣੇ ਕਿੰਗਡਮ ਹਾਲਾਂ ਦੀ ਦੇਖ-ਭਾਲ ਕਿਵੇਂ ਕਰ ਸਕਦੇ ਹਾਂ।” ਕੀਨੀਆ ਵਿਚ ਰਹਿਣ ਵਾਲਾ ਭਰਾ ਐਵਨਜ਼ ਦੱਸਦਾ ਹੈ: “ਅਸੀਂ ਸਿੱਖਿਆ ਕਿ ਛੋਟੀਆਂ ਸਮੱਸਿਆਵਾਂ ਨੂੰ ਵਧਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਹੱਲ ਕਰ ਕੇ ਬਹੁਤ ਸਾਰੇ ਪੈਸੇ ਕਿਵੇਂ ਬਚਾਏ ਜਾ ਸਕਦੇ ਹਨ।”
ਖ਼ਰਚਿਆਂ ਲਈ ਪੈਸੇ
ਕਿੰਗਡਮ ਹਾਲ ਨੂੰ ਚਲਾਉਣ ਅਤੇ ਇਸ ਦੀ ਸਾਂਭ-ਸੰਭਾਲ ਕਰਨ ਵਿਚ ਹਰ ਸਾਲ ਵੱਖੋ-ਵੱਖਰੇ ਕੰਮਾਂ ʼਤੇ ਸੈਂਕੜੇ ਤੋਂ ਹਜ਼ਾਰਾਂ ਅਮਰੀਕੀ ਡਾਲਰਾਂ ਦਾ ਖ਼ਰਚਾ ਹੋ ਸਕਦਾ ਹੈ। ਇਹ ਇਸ ਗੱਲ ʼਤੇ ਵੀ ਨਿਰਭਰ ਕਰਦਾ ਹੈ ਕਿ ਹਾਲ ਕਿਸ ਜਗ੍ਹਾ ʼਤੇ ਹੈ, ਇਹ ਕਿੰਨਾ ਪੁਰਾਣਾ ਹੈ ਅਤੇ ਕਿੰਨੀਆਂ ਮੰਡਲੀਆਂ ਇਸ ਨੂੰ ਵਰਤਦੀਆਂ ਹਨ। ਇਹ ਖ਼ਰਚਾ ਕਿਵੇਂ ਚਲਾਇਆ ਜਾਂਦਾ ਹੈ?
ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ ਲਈ ਖ਼ਰਚੇ ਦਾਨ ਕੀਤੇ ਗਏ ਪੈਸਿਆਂ ਵਿੱਚੋਂ ਕੀਤੇ ਜਾਂਦੇ ਹਨ। ਕਜ਼ਾਕਸਤਾਨ ਵਿਚ ਰਹਿਣ ਵਾਲਾ ਇਕ ਭਰਾ ਐਲੇਗਜ਼ੈਂਡਰ ਦੱਸਦਾ ਹੈ: “ਇਨ੍ਹਾਂ ਵਿੱਚੋਂ ਕੁਝ ਪੈਸੇ ਇੰਟਰਨੈੱਟ ਕਨੈਕਸ਼ਨ ਅਤੇ ਹੋਰ ਖ਼ਰਚਿਆਂ ਲਈ ਵਰਤੇ ਜਾਂਦੇ ਹਨ, ਜਿਵੇਂ ਕਿ ਪਾਣੀ ਅਤੇ ਬਿਜਲੀ ਦੇ ਬਿੱਲਾਂ ਲਈ। ਹੋਰ ਪੈਸੇ ਟਾਇਲਟ ਪੇਪਰ, ਦਸਤਾਨੇ, ਸਾਫ਼-ਸਫ਼ਾਈ ਦਾ ਸਮਾਨ ਅਤੇ ਪੇਂਟ ਵਰਗੀਆਂ ਜ਼ਰੂਰੀ ਚੀਜ਼ਾਂ ਲਈ ਵਰਤੇ ਜਾਂਦੇ ਹਨ।” ਬਚੇ ਹੋਏ ਪੈਸਿਆਂ ਨੂੰ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮਾਂ ਲਈ ਦਾਨ ਕਰ ਦਿੱਤਾ ਜਾਂਦਾ ਹੈ ਤਾਂਕਿ ਪੂਰੀ ਦੁਨੀਆਂ ਵਿਚ ਹੋ ਰਹੇ ਸਾਂਭ-ਸੰਭਾਲ ਦੇ ਵੱਡੇ ਪ੍ਰਾਜੈਕਟ ਪੂਰੇ ਹੋ ਸਕਣ ਜਿਨ੍ਹਾਂ ਵਿਚ ਜ਼ਿਆਦਾ ਪੈਸਿਆਂ ਦੀ ਲੋੜ ਹੁੰਦੀ ਹੈ।
ਸਾਂਭ-ਸੰਭਾਲ ਦੇ ਵੱਡੇ ਪ੍ਰਾਜੈਕਟ
ਜੇ ਕਿੰਗਡਮ ਹਾਲ ਦੀ ਮੁਰੰਮਤ ʼਤੇ ਉਸ ਖ਼ਰਚੇ ਨਾਲੋਂ ਵੱਧ ਖ਼ਰਚਾ ਕਰਨ ਦੀ ਲੋੜ ਪੈਂਦੀ ਹੈ ਜੋ ਭਰਾ ਆਮ ਤੌਰ ਤੇ ਉਸੇ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨ ਲਈ ਦੋ ਜਾਂ ਤਿੰਨ ਮਹੀਨਿਆਂ ਵਿਚ ਖ਼ਰਚ ਸਕਦੇ ਹਨ, ਤਾਂ ਮੰਡਲੀ ਦੇ ਬਜ਼ੁਰਗ ਉਸ ਭਰਾ ਨਾਲ ਸੰਪਰਕ ਕਰਦੇ ਹਨ ਜੋ ਉਸ ਕਿੰਗਡਮ ਹਾਲ ਦੀ ਦੇਖ-ਰੇਖ ਕਰਦਾ ਹੈ। ਜੇ ਸਥਾਨਕ ਡੀਜ਼ਾਈਨ/ਉਸਾਰੀ ਵਿਭਾਗ ਇਸ ਕੰਮ ਲਈ ਮਨਜ਼ੂਰੀ ਦਿੰਦਾ ਹੈ, ਤਾਂ ਇਸ ਦਾ ਖ਼ਰਚਾ ਅਕਸਰ ਦੁਨੀਆਂ ਭਰ ਵਿਚ ਹੋ ਰਹੇ ਕੰਮਾਂ ਲਈ ਦਿੱਤੇ ਜਾਂਦੇ ਦਾਨ ਵਿੱਚੋਂ ਪੂਰਾ ਕੀਤਾ ਜਾਂਦਾ ਹੈ। 2023 ਸੇਵਾ ਸਾਲ ਦੌਰਾਨ ਇੱਦਾਂ ਦੇ 8,793 ਪ੍ਰਾਜੈਕਟ ਪੂਰੇ ਕੀਤੇ ਗਏ ਜਿਨ੍ਹਾਂ ʼਤੇ 7 ਕਰੋੜ 66 ਲੱਖ ਅਮਰੀਕੀ ਡਾਲਰ (ਲਗਭਗ 6 ਅਰਬ 74 ਕਰੋੜ ਰੁਪਏ) ਲੱਗੇ। ਆਓ ਇੱਦਾਂ ਦੇ ਦੋ ਪ੍ਰਾਜੈਕਟਾਂ ʼਤੇ ਗੌਰ ਕਰੀਏ।
ਅੰਗੋਲਾ ਵਿਚ 15 ਸਾਲ ਪੁਰਾਣਾ ਇਕ ਕਿੰਗਡਮ ਹਾਲ ਸੀ ਜਿਸ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਸਨ। ਇੱਥੇ ਬਿਜਲੀ ਦੀ ਫਿਟਿੰਗ ਦੁਬਾਰਾ ਕਰਾਉਣ ਦੀ ਲੋੜ ਸੀ, ਕੰਧਾਂ ਵਿਚ ਤਰੇੜਾਂ ਆਈਆਂ ਹੋਈਆਂ ਸਨ ਅਤੇ ਮੀਂਹ ਦਾ ਪਾਣੀ ਕਿੰਗਡਮ ਹਾਲ ਤੋਂ ਇਕੱਠਾ ਹੋ ਕੇ ਗੁਆਂਢੀਆਂ ਦੇ ਘਰਾਂ ਵਿਚ ਜਾਂਦਾ ਸੀ। ਸਥਾਨਕ ਡੀਜ਼ਾਈਨ/ਉਸਾਰੀ ਵਿਭਾਗ ਨੇ ਇਹ ਸਭ ਕੁਝ ਠੀਕ ਕਰਨ ਦਾ ਕੰਮ ਸ਼ੁਰੂ ਕੀਤਾ। ਇਸ ਕੰਮ ਵਿਚ 9,285 ਅਮਰੀਕੀ ਡਾਲਰਾਂ (ਲਗਭਗ 8 ਲੱਖ 18 ਹਜ਼ਾਰ 150 ਰੁਪਏ) ਦਾ ਖ਼ਰਚਾ ਆਇਆ। ਉੱਥੇ ਦੇ ਗੁਆਂਢੀ ਬਹੁਤ ਸ਼ੁਕਰਗੁਜ਼ਾਰ ਸਨ ਅਤੇ ਉਹ ਸਾਡੇ ਕੰਮ ਕਰਨ ਦੇ ਤਰੀਕੇ ਤੋਂ ਬਹੁਤ ਹੈਰਾਨ ਹੋਏ।
ਅੰਗੋਲਾ ਦਾ ਇਕ ਕਿੰਗਡਮ ਹਾਲ ਜਿਸ ਦੀ ਮੁਰੰਮਤ ਕੀਤੀ ਗਈ ਹੈ
ਪੋਲੈਂਡ ਦੇ ਇਕ ਕਿੰਗਡਮ ਹਾਲ ਦੀ ਛੱਤ ਚੋ ਰਹੀ ਸੀ ਅਤੇ ਫ਼ਰਸ਼ ʼਤੇ ਵਿਛਿਆ ਕਾਰਪੈੱਟ ਇੰਨਾ ਖ਼ਰਾਬ ਹੋ ਗਿਆ ਸੀ ਕਿ ਉਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਸੀ। ਸਥਾਨਕ ਡੀਜ਼ਾਈਨ/ਉਸਾਰੀ ਵਿਭਾਗ ਨੇ ਉਸ ਕਿੰਗਡਮ ਹਾਲ ਦੀ ਮੁਰੰਮਤ ਕਰਨ ਦੀ ਮਨਜ਼ੂਰੀ ਦਿੱਤੀ। ਛੱਤ ਦੀ ਇਸ ਤਰ੍ਹਾਂ ਮੁਰੰਮਤ ਕੀਤੀ ਗਈ ਤਾਂਕਿ ਇਹ ਫਿਰ ਤੋਂ ਚੋਵੇ ਨਾ ਅਤੇ ਫ਼ਰਸ਼ ਦੇ ਕਾਰਪੈੱਟ ਨੂੰ ਬਦਲਿਆ ਗਿਆ। ਇਸ ਕੰਮ ਵਿਚ 9,757 ਅਮਰੀਕੀ ਡਾਲਰਾਂ (ਲਗਭਗ 8 ਲੱਖ 59 ਹਜ਼ਾਰ 740 ਰੁਪਏ) ਦਾ ਖ਼ਰਚਾ ਆਇਆ। ਨਤੀਜੇ ਵਜੋਂ, ਇਸ ਕਿੰਗਡਮ ਹਾਲ ਨੂੰ ਆਉਣ ਵਾਲੇ ਕਈ ਸਾਲਾਂ ਵਿਚ ਵੱਡੀ ਮੁਰੰਮਤ ਦੀ ਲੋੜ ਨਹੀਂ ਪਵੇਗੀ।
ਪੋਲੈਂਡ ਦੇ ਇਕ ਕਿੰਗਡਮ ਹਾਲ ਦੀ ਮੁਰੰਮਤ ਕੀਤੀ ਜਾ ਰਹੀ ਹੈ
ਸਾਂਭ-ਸੰਭਾਲ ਕਰਨ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ
ਸਾਂਭ-ਸੰਭਾਲ ਕਰਨ ਨਾਲ ਨਾ ਸਿਰਫ਼ ਦਾਨ ਕੀਤੇ ਗਏ ਪੈਸੇ ਬਚਦੇ ਹਨ, ਸਗੋਂ ਇਸ ਨਾਲ ਯਹੋਵਾਹ ਦੀ ਮਹਿਮਾ ਵੀ ਹੁੰਦੀ ਹੈ। ਟੋਂਗਾ ਵਿਚ ਰਹਿਣ ਵਾਲਾ ਸ਼ੌਨ ਨਾਂ ਦਾ ਭਰਾ ਕਹਿੰਦਾ ਹੈ: “ਸਾਂਭ-ਸੰਭਾਲ ਕਰਨ ਕਰਕੇ ਅਸੀਂ ਇੱਦਾਂ ਦੇ ਕਿੰਗਡਮ ਹਾਲ ਵਿਚ ਯਹੋਵਾਹ ਦੀ ਭਗਤੀ ਕਰ ਸਕਦੇ ਹਾਂ ਜੋ ਸਾਫ਼-ਸੁਥਰਾ ਹੈ ਅਤੇ ਜਿਸ ਵਿਚ ਹਰ ਚੀਜ਼ ਸਹੀ ਤਰੀਕੇ ਨਾਲ ਕੰਮ ਕਰਦੀ ਹੈ। ਇਸ ਕਰਕੇ ਆਲੇ-ਦੁਆਲੇ ਦੇ ਲੋਕਾਂ ਵਿਚ ਯਹੋਵਾਹ ਦੇ ਨਾਂ ਦੀ ਮਹਿਮਾ ਹੁੰਦੀ ਹੈ। ਸਾਨੂੰ ਲੋਕਾਂ ਨੂੰ ਕਿੰਗਡਮ ਹਾਲ ਵਿਚ ਬੁਲਾਉਣ ਵਿਚ ਬਹੁਤ ਮਾਣ ਮਹਿਸੂਸ ਹੁੰਦਾ ਹੈ।”
ਤੁਸੀਂ ਕਿਵੇਂ ਮਦਦ ਕਰ ਸਕਦੇ ਹੋ?
ਅਸੀਂ ਸਾਰੇ ਆਪਣੀ ਭਗਤੀ ਦੀ ਥਾਂ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਕਰਨ ਵਿਚ ਮਦਦ ਕਰ ਸਕਦੇ ਹਾਂ। ਆਸਟ੍ਰੇਲੀਆ ਦਾ ਰਹਿਣ ਵਾਲਾ ਮੈਰੀਨੋ ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ ਦੀ ਸਿਖਲਾਈ ਦਿੰਦਾ ਹੈ। ਉਹ ਕਹਿੰਦਾ ਹੈ: “ਅਸੀਂ ਸਾਰੇ ਜਣੇ ਕਿੰਗਡਮ ਹਾਲਾਂ ਦੀ ਦੇਖ-ਰੇਖ ਦੇ ਕੰਮ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇੱਦਾਂ ਕਰ ਕੇ ਅਸੀਂ ਦਾਨ ਕੀਤਾ ਗਿਆ ਪੈਸਾ ਬਚਾ ਰਹੇ ਹੁੰਦੇ ਹਾਂ ਤਾਂਕਿ ਇਹ ਉੱਥੇ ਇਸਤੇਮਾਲ ਕੀਤਾ ਜਾ ਸਕੇ ਜਿੱਥੇ ਵਾਕਈ ਇਸ ਦੀ ਲੋੜ ਹੁੰਦੀ ਹੈ।”
ਭਾਰਤ ਦੇ ਇਕ ਭਰਾ ਜੋਅਲ ਨੂੰ ਆਪਣੇ ਕਿੰਗਡਮ ਹਾਲ ਦੀ ਸਾਂਭ-ਸੰਭਾਲ ਦੇ ਕੰਮ ਵਿਚ ਹੱਥ ਵਟਾ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਉਹ ਕਹਿੰਦਾ ਹੈ: “ਭਰਾਵਾਂ ਨਾਲ ਕੰਮ ਕਰ ਕੇ ਮੈਂ ਨਵੀਂ ਦੁਨੀਆਂ ਦੀ ਇਕ ਝਲਕ ਦੇਖ ਪਾਉਂਦਾ ਹਾਂ।” ਨਿਕੋਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਸਾਡੇ ਕਿੰਗਡਮ ਹਾਲ ਦੇ ਬਾਥਰੂਮ ਵਿੱਚੋਂ ਪਾਣੀ ਲੀਕ ਹੋ ਰਿਹਾ ਸੀ। ਹਾਲ ਹੀ ਵਿਚ ਜਦੋਂ ਕੁਝ ਭਰਾ ਉਸ ਨੂੰ ਠੀਕ ਕਰ ਰਹੇ ਸਨ, ਉਦੋਂ ਮੈਂ ਉੱਥੇ ਪੋਚਾ ਲਾਉਣ ਵਿਚ ਮਦਦ ਕੀਤੀ। ਭਾਵੇਂ ਕਿ ਮੈਂ ਮੁਰੰਮਤ ਕਰਨ ਵਿਚ ਮਦਦ ਨਹੀਂ ਕੀਤੀ, ਪਰ ਫ਼ਰਸ਼ ਤੋਂ ਪਾਣੀ ਸਾਫ਼ ਕਰ ਕੇ ਮੈਂ ਉੱਥੇ ਕੋਈ ਵੀ ਹਾਦਸਾ ਹੋਣ ਤੋਂ ਰੋਕ ਸਕੀ।”
ਜੇ ਤੁਸੀਂ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨ ਵਿਚ ਮਦਦ ਕਰਨੀ ਚਾਹੁੰਦੇ ਹੋ, ਤਾਂ ਆਪਣੀ ਮੰਡਲੀ ਦੇ ਬਜ਼ੁਰਗਾਂ ਨਾਲ ਗੱਲ ਕਰੋ। ਇਸ ਤੋਂ ਇਲਾਵਾ, ਤੁਹਾਡੇ ਵੱਲੋਂ ਦਿੱਤੇ ਦਾਨ ਰਾਹੀਂ ਨਾ ਸਿਰਫ਼ ਤੁਹਾਡੇ ਕਿੰਗਡਮ ਹਾਲ ਦੀ, ਸਗੋਂ ਦੁਨੀਆਂ ਭਰ ਦੇ ਹੋਰ ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ ਵਿਚ ਵੀ ਮਦਦ ਹੁੰਦੀ ਹੈ। ਜੇ ਤੁਸੀਂ ਦਾਨ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਕਿੰਗਡਮ ਹਾਲ ਦੀ ਦਾਨ-ਪੇਟੀ ਵਿਚ ਦਾਨ ਪਾ ਸਕਦੇ ਹੋ ਜਾਂ donate.jw.org ਰਾਹੀਂ ਦਾਨ ਦੇ ਸਕਦੇ ਹੋ। ਅਸੀਂ ਤੁਹਾਡੀ ਖੁੱਲ੍ਹ-ਦਿਲੀ ਦੀ ਬਹੁਤ ਕਦਰ ਕਰਦੇ ਹਾਂ।
ਅਸੀਂ ਸਾਰੇ ਜਣੇ ਕਿੰਗਡਮ ਹਾਲ ਦੀ ਦੇਖ-ਰੇਖ ਕਰਨ ਵਿਚ ਮਦਦ ਕਰ ਸਕਦੇ ਹਾਂ