ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g98 7/8 ਸਫ਼ੇ 3-5
  • ਸਵੈ-ਇਲਾਜ ਦੇ ਲਾਭ ਅਤੇ ਖ਼ਤਰੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਵੈ-ਇਲਾਜ ਦੇ ਲਾਭ ਅਤੇ ਖ਼ਤਰੇ
  • ਜਾਗਰੂਕ ਬਣੋ!—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਸਵੈ-ਇਲਾਜ ਖ਼ਤਰਨਾਕ ਹੈ?
  • ਆਪਣੇ ਆਪ ਸੁਰੱਖਿਅਤ ਰੋਗ-ਪਛਾਣ ਕਿਵੇਂ ਕੀਤੀ ਜਾ ਸਕਦੀ ਹੈ?
  • ਤੁਸੀਂ ਕਿਵੇਂ ਚੰਗੀ ਸਿਹਤ ਦਾ ਆਨੰਦ ਮਾਣ ਸਕਦੇ ਹੋ?
    ਜਾਗਰੂਕ ਬਣੋ!—1998
  • ਕੀ ਜੜੀ-ਬੂਟੀਆਂ ਤੁਹਾਨੂੰ ਕੋਈ ਫ਼ਾਇਦਾ ਪਹੁੰਚਾ ਸਕਦੀਆਂ ਹਨ?
    ਜਾਗਰੂਕ ਬਣੋ!—2004
  • ਸੋਚ-ਸਮਝ ਕੇ ਦਵਾਈਆਂ ਵਰਤਣੀਆਂ
    ਜਾਗਰੂਕ ਬਣੋ!—2001
  • ਡਾਕਟਰ ਤੋਂ ਮਿਲੀ ਦਵਾਈ ਦੀ ਵਰਤੋਂ ਅਤੇ ਕੁਵਰਤੋਂ
    ਜਾਗਰੂਕ ਬਣੋ!—2009
ਹੋਰ ਦੇਖੋ
ਜਾਗਰੂਕ ਬਣੋ!—1998
g98 7/8 ਸਫ਼ੇ 3-5

ਸਵੈ-ਇਲਾਜ ਦੇ ਲਾਭ ਅਤੇ ਖ਼ਤਰੇ

ਬ੍ਰਾਜ਼ੀਲ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

“ਸੰਸਾਰ ਭਰ ਵਿਚ ਸਵੈ-ਇਲਾਜ ਦਾ ਬਾਜ਼ਾਰ ਕਾਫ਼ੀ ਵੱਧ ਰਿਹਾ ਹੈ,” ਦਵਾਈਆਂ ਦੀ ਇਕ ਵੱਡੀ ਕੰਪਨੀ ਦੇ ਪ੍ਰਧਾਨ ਨੇ ਦਾਅਵਾ ਕੀਤਾ। “ਲੋਕ ਖ਼ੁਦ ਹੀ ਆਪਣੀ ਸਿਹਤ ਦੀ ਦੇਖ-ਭਾਲ ਕਰਨੀ ਚਾਹੁੰਦੇ ਹਨ।” ਭਾਵੇਂ ਕਿ ਮਾਮਲਾ ਇਵੇਂ ਹੈ, ਕੀ ਕੋਈ ਅਜਿਹੇ ਖ਼ਤਰੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਸਚੇਤ ਰਹਿਣਾ ਚਾਹੀਦਾ ਹੈ?

ਬਿਨਾਂ ਸ਼ੱਕ, ਜੇ ਦਵਾਈਆਂ ਸਹੀ ਤਰ੍ਹਾਂ ਵਰਤੀਆਂ ਜਾਣ, ਤਾਂ ਇਹ ਸਾਨੂੰ ਰੋਗਾਂ ਤੋਂ ਛੁਟਕਾਰਾ ਦੇ ਸਕਦੀਆਂ ਹਨ। ਮਿਸਾਲ ਲਈ, ਇਨਸੁਲੀਨ ਅਤੇ ਐਂਟੀਬਾਇਓਟਿਕਸ ਬੇਹਿਸਾਬ ਜਾਨਾਂ ਬਚਾਉਂਦੇ ਹਨ। ਸਰੀਰ ਵਿੱਚੋਂ ਪਾਣੀ ਮੁੱਕ ਜਾਣ ਤੇ ਓਰਲ ਰੀਹਾਈਡ੍ਰੇਸ਼ਨ ਥੈਰੇਪੀ ਦਾ ਸਸਤਾ ਅਤੇ ਸਾਧਾਰਣ ਫਾਰਮੂਲਾ ਵੀ ਜਾਨਾਂ ਬਚਾਉਂਦਾ ਹੈ। ਸਵੈ-ਇਲਾਜ ਕਰਨ ਵਿਚ ਇਹ ਜਾਣਨ ਦੀ ਚੁਣੌਤੀ ਹੁੰਦੀ ਹੈ ਕਿ ਲਾਭ ਨਾਲੋਂ ਕਿਤੇ ਜ਼ਿਆਦਾ ਖ਼ਤਰੇ ਤਾਂ ਨਹੀਂ ਪੇਸ਼ ਹਨ।

ਇਹ ਮੰਨਿਆ ਜਾਂਦਾ ਹੈ ਕਿ ਕੁਝ ਦੇਸ਼ਾਂ ਵਿਚ ਲੋਕਾਂ ਲਈ ਵਧੀਆ ਡਾਕਟਰੀ ਸੇਵਾ ਸ਼ਾਇਦ ਬਹੁਤ ਦੂਰ ਜਾਂ ਬਹੁਤ ਮਹਿੰਗੀ ਹੁੰਦੀ ਹੈ। ਇਸ ਕਰਕੇ, ਅਨੇਕ ਲੋਕ ਦਵਾਈਆਂ ਬਾਰੇ ਜਾਣਕਾਰੀ ਲਈ ਵਾਕਫ਼ਾਂ ਅਤੇ ਰਿਸ਼ਤੇਦਾਰਾਂ ਜਾਂ ਸਵੈ-ਮਦਦ ਕਿਤਾਬਾਂ ਦੀਆਂ ਸਲਾਹਾਂ ਉੱਤੇ ਨਿਰਭਰ ਕਰਦੇ ਹਨ। ਨਾਲੇ, ਬ੍ਰਾਜ਼ੀਲ ਵਿਖੇ, ਸਾਓ ਪੌਲੋ ਯੂਨੀਵਰਸਿਟੀ ਦੇ ਇਕ ਪ੍ਰੋਫ਼ੈਸਰ, ਫ਼ਰਨਾਨਡੋ ਲਾਫੀਵਰ ਨੇ ਕਿਹਾ, “ਇਸ਼ਤਿਹਾਰ ਇਹ ਵਿਚਾਰ ਪੇਸ਼ ਕਰਦੇ ਹਨ ਕਿ ਕਿਸੇ ਮਾਮੂਲੀ ਕੈਪਸੂਲ ਖ਼ਰੀਦਣ ਨਾਲ ਅਸੀਂ ਸਿਹਤ-ਸਲਾਮਤੀ ਹਾਸਲ ਕਰ ਸਕਦੇ ਹਾਂ।”a ਨਤੀਜੇ ਵਜੋਂ, ਕਈ ਲੋਕ ਜ਼ਿਆਦਾ ਕੰਮ, ਘਟੀਆ ਖ਼ੁਰਾਕ, ਅਤੇ ਛੋਟੀਆਂ-ਮੋਟੀਆਂ ਜਜ਼ਬਾਤੀ ਮੁਸ਼ਕਲਾਂ ਦੇ ਬੁਰੇ ਅਸਰਾਂ ਉੱਤੇ ਕਾਬੂ ਪਾਉਣ ਲਈ ਦਵਾਈਆਂ ਦਾ ਆਸਰਾ ਲੈਂਦੇ ਹਨ। ਲਾਫੀਵਰ ਅੱਗੇ ਕਹਿੰਦਾ ਹੈ: “ਆਪਣੇ ਜੀਵਨ ਨੂੰ ਸੁਧਾਰਨ ਦੀ ਬਜਾਇ, ਲੋਕ ਦੁਕਾਨਾਂ ਤੋਂ ਖ਼ਰੀਦੀਆਂ ਦਵਾਈਆਂ ਨਾਲ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ।” ਅਤੇ ਕੀ ਪਤਾ ਕਿ ਮਰੀਜ਼ਾਂ ਨੂੰ ਆਪਣੇ ਰੋਗ ਦੀ ਸਹੀ-ਸਹੀ ਪਛਾਣ ਵੀ ਹੁੰਦੀ ਹੈ ਕਿ ਨਹੀਂ!

ਸਿਰਦਰਦ, ਹਾਈ ਬਲੱਡ ਪ੍ਰੈਸ਼ਰ, ਅਤੇ ਪੇਟ ਦੀ ਖ਼ਰਾਬੀ ਵਰਗੇ ਰੋਗਾਂ ਦਾ ਇਲਾਜ ਕਰਨ ਲਈ ਦਵਾਈਆਂ ਵਰਤਣ ਤੋਂ ਇਲਾਵਾ, ਕਈ ਲੋਕ ਚਿੰਤਾ, ਡਰ, ਅਤੇ ਉਦਾਸੀ ਦਾ ਸਾਮ੍ਹਣਾ ਕਰਨ ਲਈ ਦਵਾਈਆਂ ਦਾ ਆਸਰਾ ਲੈਂਦੇ ਹਨ। “ਲੋਕ ਇਹ ਸੋਚ ਕੇ ਡਾਕਟਰ ਦੀ ਮਦਦ ਭਾਲਦੇ ਹਨ ਕਿ ਕੋਈ-ਨ-ਕੋਈ ਗੋਲੀ ਉਨ੍ਹਾਂ ਦੀ ਸਮੱਸਿਆ ਦੂਰ ਕਰ ਦੇਵੇਗੀ,” ਡਾ. ਆਂਡਰੇ ਫਾਇਨਗੋਲਡ ਕਹਿੰਦਾ ਹੈ। “ਸਿਹਤ-ਸੰਭਾਲ ਮਾਹਰਾਂ ਨੂੰ ਵੀ ਦਵਾਈਆਂ ਅਤੇ ਬੇਸ਼ੁਮਾਰ ਟੈੱਸਟ ਕਰਾਉਣ ਦੇ ਮਸ਼ਵਰੇ ਦੇਣ ਦੀ ਆਦਤ ਪਈ ਹੋਈ ਹੈ। ਮਰੀਜ਼ ਦੇ ਸਿਹਤ-ਪਿਛੋਕੜ ਨੂੰ ਜਾਣਨ ਦਾ ਕੋਈ ਜਤਨ ਨਹੀਂ ਕੀਤਾ ਜਾਂਦਾ ਹੈ, ਜਿਸ ਦਾ ਜੀਵਨ-ਢੰਗ ਜ਼ਿਆਦਾ ਮਾਮਲਿਆਂ ਵਿਚ ਉਗੜ-ਦੁਘੜ, ਤਣਾਅ ਭਰਿਆ, ਅਤੇ ਹਾਨੀਕਾਰਕ ਹੁੰਦਾ ਹੈ।” ਸਾਈਕੋਟ੍ਰੋਪਿਕਸ (ਸਮਝ ਜਾਂ ਵਤੀਰੇ ਨੂੰ ਬਦਲਣ ਵਾਲੀਆਂ ਦਵਾਈਆਂ) ਦੀ ਦੁਰਵਰਤੋਂ ਰੋਕਣ ਲਈ ਵਿਸ਼ਵ ਕੌਂਸਲ ਦਾ ਰੋਮਿਲਡੋ ਬਵੇਨੋ ਸਵੀਕਾਰ ਕਰਦਾ ਹੈ: “ਡਾਕਟਰ ਕੋਲ ਮਰੀਜ਼ਾਂ ਦੀ ਗੱਲ ਸੁਣਨ ਲਈ ਥੋੜ੍ਹਾ ਹੀ ਸਮਾਂ ਹੁੰਦਾ ਹੈ, ਅਤੇ ਉਹ ਉਨ੍ਹਾਂ ਦੀ ਬੀਮਾਰੀ ਦੇ ਲੱਛਣਾਂ ਦਾ ਹੀ ਇਲਾਜ ਕਰ ਕੇ ਫਟਾਫਟ ਉਨ੍ਹਾਂ ਨੂੰ ਭੇਜ ਦਿੰਦਾ ਹੈ।” ਉਹ ਦੇ ਅਨੁਸਾਰ ਇਹ ਦਵਾਈਆਂ “ਨਿੱਜੀ ਸਮੱਸਿਆਵਾਂ ਨੂੰ [ਸੁਲਝਾਉਣ] ਲਈ” ਵਰਤੀਆਂ ਜਾਂਦੀਆਂ ਹਨ। ਪਰੰਤੂ, ਇਕ ਹੋਰ ਡਾਕਟਰ ਖ਼ਬਰਦਾਰ ਕਰਦਾ ਹੈ ਕਿ ਕਈਆਂ ਮਰੀਜ਼ਾਂ ਨੂੰ ਧਿਆਨ ਨਾਲ ਦਿੱਤੀਆਂ ਜਾਂਦੀਆਂ ਸਾਈਕੋਟ੍ਰੋਪਿਕ ਦਵਾਈਆਂ ਦੀ ਜ਼ਰੂਰਤ ਵੀ ਹੁੰਦੀ ਹੈ।

“ਪਰੋਜ਼ੈਕ ਦੀ ਮਸ਼ਹੂਰੀ” ਬਾਰੇ ਚਰਚਾ ਕਰਨ ਤੋਂ ਬਾਅਦ, ਬ੍ਰਾਜ਼ੀਲੀ ਅਖ਼ਬਾਰ ਔ ਏਸਟਾਡੌ ਡੇ ਸਾਓ ਪੌਲੋ ਕਹਿੰਦਾ ਹੈ: “ਵਾਲਾਂ ਦੀ ਨਵੀਂ ਸਟਾਈਲ ਵਾਂਗ, ਅਜਿਹਾ ਕੋਈ ਇਲਾਜ ਜੋ ਫ਼ੈਸ਼ਨਦਾਰ ਬਣ ਜਾਂਦਾ ਹੈ, ਅਸਲ ਵਿਚ ਬਹੁਤ ਅਜੀਬ ਹੀ ਹੋ ਸਕਦਾ ਹੈ।” ਇਹ ਅਖ਼ਬਾਰ ਮਨੋ-ਚਿਕਿਤਸਕ ਆਰਥਰ ਕੌਫ਼ਮਨ ਦਾ ਹਵਾਲਾ ਦਿੰਦਾ ਹੈ: “ਜੀਵਨ ਵਿਚ ਸਹੀ ਦ੍ਰਿਸ਼ਟੀਕੋਣ ਅਤੇ ਮਕਸਦ ਦੀ ਕਮੀ, ਇਕ ਅਜੀਬ ਸਥਿਤੀ ਪੈਦਾ ਕਰ ਦਿੰਦੀ ਹੈ ਕਿ ਲੋਕਾਂ ਭਾਣੇ ਇਕ ਅਸਰਦਾਰ ਦਵਾਈ ਸਾਰੀਆਂ ਹੀ ਮੰਦੀਆਂ ਹਾਲਤਾਂ ਦਾ ਇਲਾਜ ਹੁੰਦਾ ਹੈ।” ਕੌਫ਼ਮਨ ਅੱਗੇ ਕਹਿੰਦਾ ਹੈ: “ਇਨਸਾਨ ਝਟਾਪਟ ਠੀਕ ਕਰਨ ਵਾਲੇ ਇਲਾਜ ਹੀ ਭਾਲਦਾ ਹੈ, ਅਤੇ ਜਦੋਂ ਉਸ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿਚ ਕੋਈ ਦਿਲਚਸਪੀ ਨਹੀਂ ਰਹਿੰਦੀ, ਉਹ ਸਮੱਸਿਆਵਾਂ ਨੂੰ ਸੁਲਝਾਉਣ ਦੀ ਥਾਂ ਦਵਾਈਆਂ ਲੈਣਾ ਪਸੰਦ ਕਰਦਾ ਹੈ।” ਪਰ ਕੀ ਸਵੈ-ਇਲਾਜ ਕਰਨਾ ਬਿਨਾਂ ਖ਼ਤਰੇ ਤੋਂ ਹੈ?

ਕੀ ਸਵੈ-ਇਲਾਜ ਖ਼ਤਰਨਾਕ ਹੈ?

ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ “20ਵੀਂ ਸਦੀ ਦੌਰਾਨ ਡਾਕਟਰੀ ਖੇਤਰ ਵਿਚ ਨਵੀਆਂ ਦਵਾਈਆਂ ਦੇ ਸੰਬੰਧ ਵਿਚ ਮਾਅਰਕੇ ਦੀ ਤਰੱਕੀ ਹੋਈ ਹੈ।” ਪਰ ਉਹ ਇਹ ਵੀ ਕਹਿੰਦਾ ਹੈ: “ਇਹ ਸੰਭਵ ਹੈ ਕਿ ਹੋਰ ਕਿਸੇ ਕਾਰਨ ਨਾਲੋਂ ਦਵਾਈਆਂ ਦੀ ਦੁਰਵਰਤੋਂ ਹੀ ਸਰੀਰ ਵਿਚ ਜ਼ਹਿਰ ਚੜ੍ਹਨ ਦਾ ਸਭ ਤੋਂ ਵੱਡਾ ਕਾਰਨ ਹੈ।” ਸੱਚ-ਮੁੱਚ, ਦਵਾਈਆਂ ਇਲਾਜ ਹੀ ਨਹੀਂ ਕਰਦੀਆਂ ਪਰ ਨੁਕਸਾਨ ਵੀ ਕਰ ਸਕਦੀਆਂ ਹਨ। ਭੁੱਖ ਮਿਟਾਉਣ ਵਾਲੀਆਂ ਦਵਾਈਆਂ “ਤੰਤੂ ਪ੍ਰਬੰਧ ਉੱਤੇ ਅਸਰ ਪਾਉਂਦੀਆਂ ਹਨ ਅਤੇ ਇਸ ਲਈ ਉਹ ਅਜਿਹੇ ਨੁਕਸਾਨਦਾਰ ਲੱਛਣ ਸ਼ੁਰੂ ਕਰ ਸਕਦੀਆਂ ਹਨ ਜਿਵੇਂ ਕਿ ਉਣੀਂਦਰਾ-ਰੋਗ, ਚਾਲ-ਚੱਲਣ ਵਿਚ ਤਬਦੀਲੀਆਂ, ਅਤੇ ਕੁਝ ਹਾਲਤਾਂ ਵਿਚ ਭਰਮ-ਰੋਗ ਵੀ,” ਲੇਖਕਾ ਸਿਲੇਨ ਡ ਕੈਸਟ੍ਰੋ ਨੇ ਵਿਆਖਿਆ ਕੀਤੀ। ਉਹ ਅੱਗੇ ਕਹਿੰਦੀ ਹੈ: “ਪਰ ਜਿਹੜਾ ਕੋਈ ਸੋਚਦਾ ਹੈ ਕਿ ਭੁੱਖ ਮਿਟਾਉਣ ਵਾਲੀਆਂ ਗੋਲੀਆਂ ਸਿਰਫ਼ ਭੁੱਖ ਨੂੰ ਹੀ ਮਾਰਦੀਆਂ ਹਨ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ। ਇੱਕੋ ਗੋਲੀ ਅਜਿਹੇ ਇਲਾਜਾਂ ਦੇ ਭੈੜੇ ਚੱਕਰ ਨੂੰ ਆਰੰਭ ਕਰ ਸਕਦੀ ਹੈ ਜਿਸ ਵਿਚ ਇਕ ਇਲਾਜ ਦੂਜੇ ਇਲਾਜ ਦੇ ਅਸਰਾਂ ਨੂੰ ਬੇਅਸਰ ਕਰ ਦਿੰਦਾ ਹੈ।”

ਆਮ ਤੌਰ ਤੇ ਵਰਤੀਆਂ ਜਾਂਦੀਆਂ ਕਈ ਦਵਾਈਆਂ ਪੇਟ ਦੀ ਜਲਨ ਅਤੇ ਕਚਿਆਣ, ਉਲਟੀਆਂ, ਅਤੇ ਰੱਤ-ਵਹਾਅ ਵੀ ਸ਼ੁਰੂ ਕਰ ਸਕਦੀਆਂ ਹਨ। ਖ਼ਾਸ ਦਵਾਈਆਂ ਲੈਣ ਦੀ ਆਦਤ ਵੀ ਪੈ ਸਕਦੀ ਹੈ ਜਾਂ ਉਹ ਗੁਰਦਿਆਂ ਅਤੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਮਸ਼ਹੂਰ ਸਿਹਤ ਸੰਬੰਧੀ ਪਦਾਰਥਾਂ ਤੇ ਵੀ ਹਮੇਸ਼ਾ ਇਤਬਾਰ ਨਹੀਂ ਕੀਤਾ ਜਾ ਸਕਦਾ। “ਵਾਧੂ ਵਿਟਾਮਿਨ ਲੈਣ ਦੀ ਆਦਤ ਵੀ ਬਹੁਤ ਖ਼ਤਰਨਾਕ ਹੈ,” ਇਕ ਬ੍ਰਾਜ਼ੀਲੀ ਡਾਕਟਰੀ ਸੰਸਥਾ ਦਾ ਪ੍ਰਧਾਨ ਡਾ. ਈਫ਼ਰਾਇਮ ਓਲਸ਼ੀਵਰ ਚੇਤਾਵਨੀ ਦਿੰਦਾ ਹੈ। “ਸਿਰਫ਼ ਜਨਤਾ ਹੀ ਨਹੀਂ ਸਵੈ-ਇਲਾਜ ਕਰ ਰਹੀ ਪਰ ਕੁਝ ਅਣਜਾਣ ਡਾਕਟਰ ਵੀ ਸ਼ੱਕੀ ਦਵਾਈਆਂ ਦੀਆਂ ਪਰਚੀਆਂ ਲਿਖ ਦਿੰਦੇ ਹਨ ਅਤੇ ਉਨ੍ਹਾਂ ਦੇ ਖ਼ਤਰਿਆਂ ਦੀ ਪਰਵਾਹ ਨਹੀਂ ਕਰਦੇ।” ਪਰੰਤੂ, ਇਕ ਹੋਰ ਡਾਕਟਰ ਕਹਿੰਦਾ ਹੈ ਕਿ ਠੀਕ-ਠੀਕ ਮਾਤਰਾ ਵਿਚ ਦਿੱਤੇ ਗਏ ਵਿਟਾਮਿਨ ਸ਼ਾਇਦ ਲੋੜੀਂਦੇ ਹੋ ਸਕਦੇ ਹਨ ਜਾਂ ਖ਼ਾਸ ਬੀਮਾਰੀਆਂ ਅਤੇ ਕਸਰਾਂ ਲਈ ਲਾਭਦਾਇਕ ਹੋ ਸਕਦੇ ਹਨ।

ਆਪਣੇ ਆਪ ਸੁਰੱਖਿਅਤ ਰੋਗ-ਪਛਾਣ ਕਿਵੇਂ ਕੀਤੀ ਜਾ ਸਕਦੀ ਹੈ?

ਕਿਉਂਕਿ ਅਸੀਂ ਹਰ ਤਕਲੀਫ਼ ਲਈ ਡਾਕਟਰ ਕੋਲ ਨਹੀਂ ਜਾ ਸਕਦੇ, ਸਾਡੇ ਪਰਿਵਾਰਾਂ ਲਈ ਸਿਹਤ ਸਿੱਖਿਆ ਅਤੇ ਥੋੜ੍ਹਾ-ਬਹੁਤਾ ਸਵੈ-ਇਲਾਜ ਲਾਭਦਾਇਕ ਹੋ ਸਕਦਾ ਹੈ। ਪਰ, ਇਸ ਤੋਂ ਪਹਿਲਾਂ ਕਿ ਕੋਈ ਵੀ ਦਵਾਈ ਲਈ ਜਾਵੇ, ਸਹੀ-ਸਹੀ ਸਵੈ-ਰੋਗ-ਪਛਾਣ ਬਹੁਤ ਹੀ ਜ਼ਰੂਰੀ ਹੈ। ਜੇਕਰ ਤੁਹਾਡੇ ਇਲਾਕੇ ਵਿਚ ਕੋਈ ਡਾਕਟਰ ਨਹੀਂ ਹੈ ਜਾਂ ਤੁਸੀਂ ਉਹ ਦੀ ਫੀਸ ਨਹੀਂ ਦੇ ਸਕਦੇ ਹੋ, ਤਾਂ ਰੋਗ ਦੀ ਸਹੀ-ਸਹੀ ਪਛਾਣ ਕਰਨ ਵਿਚ ਇਕ ਉਚਿਤ ਡਾਕਟਰੀ ਪੁਸਤਕ ਤੁਹਾਡੀ ਮਦਦ ਕਰ ਸਕਦੀ ਹੈ। ਮਿਸਾਲ ਲਈ, ਅਮੈਰੀਕਨ ਮੈਡੀਕਲ ਐਸੋਸੀਏਸ਼ਨ, ਪਰਿਵਾਰਕ ਮੈਡੀਕਲ ਗਾਈਡ ਪ੍ਰਕਾਸ਼ਿਤ ਕਰਦੀ ਹੈ ਜਿਸ ਵਿਚ 183 ਸਫ਼ਿਆਂ ਵਾਲਾ ਰੋਗਾਂ ਦੇ ਲੱਛਣਾਂ ਦਾ ਹਿੱਸਾ ਪਾਇਆ ਜਾਂਦਾ ਹੈ। ਇਹ ਮਰੀਜ਼ ਨੂੰ ਸਵਾਲਾਂ ਦੀਆਂ ਲੜੀਆਂ ਪੇਸ਼ ਕਰਦਾ ਹੈ ਜਿਨ੍ਹਾਂ ਦੇ ਜਵਾਬ ਹਾਂ ਜਾਂ ਨਾ ਹੋ ਸਕਦੇ ਹਨ। ਇਸ ਛਾਣਬੀਣ ਦੇ ਜ਼ਰੀਏ ਰੋਗ ਦੀ ਪਛਾਣ ਕੀਤੀ ਜਾ ਸਕਦੀ ਹੈ।

ਪਰ ਡਾਕਟਰ ਸਾਡੀ ਕਿਵੇਂ ਮਦਦ ਕਰ ਸਕਦੇ ਹਨ ਅਤੇ ਸਾਨੂੰ ਉਨ੍ਹਾਂ ਦੀ ਮਾਹਰ ਸਲਾਹ ਕਦੋਂ ਭਾਲਣੀ ਚਾਹੀਦੀ ਹੈ? ਅਸੀਂ ਆਪਣੀ ਸਿਹਤ ਬਾਰੇ ਬੇਹੱਦ ਫ਼ਿਕਰ ਕਰਨ ਤੋਂ, ਜਾਂ ਦੂਜੇ ਪਾਸੇ ਲਾਪਰਵਾਹੀ ਕਰਨ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਾਂ? ਦਰਅਸਲ, ਅਜਿਹੇ ਸੰਸਾਰ ਵਿਚ ਜਿੱਥੇ ਹਰ ਥਾਂ ਮਨੋ-ਸਰੀਰਕ ਰੋਗ ਅਤੇ ਬੀਮਾਰੀ ਹੀ ਬੀਮਾਰੀ ਹੈ, ਅਸੀਂ ਕਿਵੇਂ ਚੰਗੀ ਸਿਹਤ ਦਾ ਆਨੰਦ ਮਾਣ ਸਕਦੇ ਹਾਂ?

[ਫੁਟਨੋਟ]

a ਬਹੁਤ ਸਾਰੇ ਦੇਸ਼ਾਂ ਵਿਚ ਡਾਕਟਰਾਂ ਅਤੇ ਡਾਕਟਰੀ ਸੰਸਥਾਵਾਂ ਵੱਲੋਂ ਇਸ ਅਭਿਆਸ ਦੀ ਆਲੋਚਨਾ ਦੇ ਬਾਵਜੂਦ, “ਮਰੀਜ਼ਾਂ ਨੂੰ ਸਿੱਧੀਆਂ ਉਪਲਬਧ” ਦਵਾਈਆਂ, ਜੋ ਪਹਿਲਾਂ ਸਿਰਫ਼ ਡਾਕਟਰ ਦੀ ਸਲਾਹ ਨਾਲ ਮਿਲਦੀਆਂ ਸਨ, ਦਾ ਇਸ਼ਤਿਹਾਰ ਹਾਲ ਹੀ ਦੇ ਸਾਲਾਂ ਵਿਚ ਬਹੁਤ ਵੱਧ ਗਿਆ ਹੈ।

[ਸਫ਼ੇ 4 ਉੱਤੇ ਸੁਰਖੀ]

“ਮਰੀਜ਼ ਦੇ ਸਿਹਤ-ਪਿਛੋਕੜ ਨੂੰ ਜਾਣਨ ਦਾ ਕੋਈ ਜਤਨ ਨਹੀਂ ਕੀਤਾ ਜਾਂਦਾ ਹੈ, ਜਿਸ ਦਾ ਜੀਵਨ-ਢੰਗ ਜ਼ਿਆਦਾ ਮਾਮਲਿਆਂ ਵਿਚ ਉਗੜ-ਦੁਘੜ, ਤਣਾਅ ਭਰਿਆ, ਅਤੇ ਹਾਨੀਕਾਰਕ ਹੁੰਦਾ ਹੈ।”—ਡਾ. ਆਂਡਰੇ ਫਾਇਨਗੋਲਡ

[ਸਫ਼ੇ 4 ਉੱਤੇ ਡੱਬੀ]

ਜੜੀ-ਬੂਟੀਆਂ ਨਾਲ ਦੇਸੀ ਇਲਾਜ

ਹਜ਼ਾਰਾਂ ਹੀ ਸਾਲਾਂ ਲਈ, ਕਈਆਂ ਸਭਿਆਚਾਰਾਂ ਵਿਚ ਲੋਕਾਂ ਨੇ ਉਹ ਪੌਦੇ ਵਰਤ ਕੇ, ਜੋ ਖੇਤਾਂ ਅਤੇ ਜੰਗਲਾਂ ਵਿਚ ਪਾਏ ਜਾਂਦੇ ਹਨ, ਜੜੀ-ਬੂਟੀਆਂ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਕੀਤਾ ਹੈ। ਅੱਜ-ਕੱਲ੍ਹ ਦੀਆਂ ਕਈ ਦਵਾਈਆਂ ਵੀ ਪੌਦਿਆਂ ਤੋਂ ਬਣਾਈਆਂ ਜਾਂਦੀਆਂ ਹਨ, ਜਿਵੇਂ ਕਿ ਡਿਜੀਟੈਲਿਸ, ਜੋ ਦਿਲ ਦੇ ਰੋਗਾਂ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹੈ। ਇਸ ਕਰਕੇ ਯੂਨਾਇਟਿਡ ਕਿੰਗਡਮ ਵਿਚ ਨੈਸ਼ਨਲ ਇੰਸਟੀਚਿਊਟ ਆਫ਼ ਮੈਡੀਕਲ ਹਰਬਾਲਿਸਟਸ ਦੀ ਇਕ ਮੈਂਬਰ, ਪਨੈਲਪੀ ਔਡੀ, ਆਪਣੀ ਪੁਸਤਕ ਵਿਚ ਕਹਿੰਦੀ ਹੈ ਕਿ “ਆਮ ਤਕਲੀਫ਼ਾਂ ਲਈ 250 ਤੋਂ ਜ਼ਿਆਦਾ ਸੁਰੱਖਿਅਤ ਇਲਾਜ ਹਨ—ਇਨ੍ਹਾਂ ਵਿਚ ਸਾਧਾਰਣ ਖੰਘ, ਜ਼ੁਕਾਮ, ਅਤੇ ਸਿਰਦਰਦ ਤੋਂ ਲੈ ਕੇ ਚਮੜੀ, ਹਾਜ਼ਮੇ, ਅਤੇ ਬੱਚਿਆਂ ਦੇ ਰੋਗਾਂ ਲਈ ਵਿਸ਼ੇਸ਼ ਦਵਾ-ਦਾਰੂ ਹਨ।”

ਉਹ ਲਿਖਦੀ ਹੈ: “ਜੜੀ-ਬੂਟੀ ਦੇ ਇਲਾਜ ਨੂੰ ਹਮੇਸ਼ਾ ‘ਆਮ ਲੋਕਾਂ ਦੀ ਦਵਾਈ’ ਸਮਝਿਆ ਗਿਆ ਹੈ। ਇਹ ਦੇਸੀ ਦਵਾਈਆਂ ਘੱਟ ਗੰਭੀਰ ਬੀਮਾਰੀਆਂ ਜਾਂ ਚਿਰ ਤੋਂ ਗੰਭੀਰ ਬੀਮਾਰੀਆਂ ਵਾਸਤੇ ਮਾਹਰਾਂ ਦੁਆਰਾ ਦੱਸੇ ਗਏ ਜ਼ਿਆਦਾ ਅਸਰਦਾਰ ਇਲਾਜਾਂ ਦੇ ਨਾਲ-ਨਾਲ ਘਰ ਹੀ ਵਰਤੀਆਂ ਜਾ ਸਕਦੀਆਂ ਹਨ।” ਉਹ ਅੱਗੇ ਕਹਿੰਦੀ ਹੈ: “ਭਾਵੇਂ ਕਿ ਕਈ ਜੜੀ-ਬੂਟੀਆਂ ਹਾਨੀਕਾਰਕ ਨਹੀਂ ਹਨ, ਫਿਰ ਵੀ ਉਨ੍ਹਾਂ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਉਸ ਤੋਂ ਵੱਧ ਦਵਾਈ ਨਾ ਲਵੋ ਜਿੰਨੀ ਦੱਸੀ ਗਈ ਹੋਵੇ, ਨਾ ਹੀ ਦੇਸੀ ਇਲਾਜ ਜਾਰੀ ਰੱਖੋ ਜੇਕਰ ਹਾਲਤ ਬਿਹਤਰ ਨਾ ਹੋਵੇ, ਜਾਂ ਵਿਗੜ ਜਾਵੇ, ਜਾਂ ਬੀਮਾਰੀ ਦੀ ਸਹੀ ਪਛਾਣ ਬਾਰੇ ਕੋਈ ਸ਼ੱਕ ਹੋਵੇ।”—ਦ ਕੰਪਲੀਟ ਮਡੀਸਿਨਲ ਹਰਬਲ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ