ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g99 4/8 ਸਫ਼ੇ 3-4
  • ਬੱਚਿਆਂ ਉੱਤੇ ਔਖੀ ਘੜੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬੱਚਿਆਂ ਉੱਤੇ ਔਖੀ ਘੜੀ
  • ਜਾਗਰੂਕ ਬਣੋ!—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਲ ਸੈਨਿਕ ਅਤੇ ਯਤੀਮਖ਼ਾਨੇ
  • ਬਾਲ ਯੌਨ ਸ਼ੋਸ਼ਣ ਇਕ ਵਿਸ਼ਵ-ਵਿਆਪੀ ਸਮੱਸਿਆ
    ਜਾਗਰੂਕ ਬਣੋ!—1997
  • ਔਰਤਾਂ ਖ਼ਿਲਾਫ਼ ਪੱਖਪਾਤ
    ਜਾਗਰੂਕ ਬਣੋ!—1998
  • ਇਹ ਸੰਕਟ ਵਿਸ਼ਵ-ਵਿਆਪੀ ਹੈ
    ਜਾਗਰੂਕ ਬਣੋ!—1999
  • ਬਾਲ ਵੇਸਵਾ-ਗਮਨ ਵਿਚ ਵਾਧਾ ਕਿਉਂ?
    ਜਾਗਰੂਕ ਬਣੋ!—2003
ਹੋਰ ਦੇਖੋ
ਜਾਗਰੂਕ ਬਣੋ!—1999
g99 4/8 ਸਫ਼ੇ 3-4

ਬੱਚਿਆਂ ਉੱਤੇ ਔਖੀ ਘੜੀ

“ਜਦੋਂ ਤਕ ਬੱਚਿਆਂ ਵੱਲ ਖ਼ਾਸ ਧਿਆਨ ਨਹੀਂ ਦਿੱਤਾ ਜਾਂਦਾ, ਉਦੋਂ ਤਕ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਮਨੁੱਖਤਾ ਦੀਆਂ ਸਭ ਤੋਂ ਬੁਨਿਆਦੀ ਸਮੱਸਿਆਵਾਂ ਇਸੇ ਤਰ੍ਹਾਂ ਬਣੀਆਂ ਰਹਿਣਗੀਆਂ।”—ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ।

ਸਾਰੀ ਦੁਨੀਆਂ ਵਿਚ, ਬੱਚੇ ਸੰਕਟ ਵਿਚ ਹਨ। ਇਸ ਦੁਖਾਂਤ ਦੀ ਵਿਸ਼ਾਲਤਾ ਦੇ ਕਾਫ਼ੀ ਸਾਰੇ ਸਬੂਤ, 1996 ਵਿਚ ਸਵੀਡਨ ਦੇ ਸਟਾਕਹੋਮ ਸ਼ਹਿਰ ਵਿਖੇ ਹੋਏ ਵਪਾਰਕ ਬਾਲ ਯੌਨ ਸ਼ੋਸ਼ਣ ਵਿਰੁੱਧ ਵਿਸ਼ਵ ਸੰਮੇਲਨ ਵਿਚ ਪੇਸ਼ ਕੀਤੇ ਗਏ ਸਨ ਅਤੇ ਇਸ ਵਿਚ 130 ਦੇਸ਼ਾਂ ਦੇ ਪ੍ਰਤਿਨਿਧ ਹਾਜ਼ਰ ਹੋਏ ਸਨ। ਉਦਾਹਰਣ ਲਈ, ਇਸ ਗੱਲ ਦਾ ਲਿਖਤੀ ਸਬੂਤ ਪੇਸ਼ ਕੀਤਾ ਗਿਆ ਸੀ ਕਿ ਸੰਸਾਰ ਦੇ ਕਈਆਂ ਹਿੱਸਿਆਂ ਵਿਚ ਲੱਖਾਂ ਹੀ ਛੋਟੀਆਂ ਕੁੜੀਆਂ ਨੂੰ ਵੇਸਵਾਵਾਂ ਬਣਨ ਲਈ ਮਜਬੂਰ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ ਕੁਝ ਸਿਰਫ਼ ਦਸ ਸਾਲ ਦੀਆਂ ਹਨ।

ਆਸਟ੍ਰੇਲੀਆ ਦੀ ਮੈਲਬੋਰਨ ਯੂਨੀਵਰਸਿਟੀ ਲੌ ਰਿਵਿਊ ਨੇ ਇਸ ਤਰ੍ਹਾਂ ਦੇ ਜਬਰੀ ਵੇਸਵਾ-ਗਮਨ ਨੂੰ “ਗ਼ੁਲਾਮੀ ਦਾ ਇਕ ਸਭ ਤੋਂ ਭੈੜਾ ਆਧੁਨਿਕ ਰੂਪ” ਕਿਹਾ। ਸਾਲਾਂ ਤੋਂ ਕੀਤੇ ਜਾ ਰਹੇ ਸਰੀਰਕ, ਮਾਨਸਿਕ ਅਤੇ ਭਾਵਾਤਮਕ ਦੁਰਵਿਹਾਰ ਨੇ ਇਨ੍ਹਾਂ ਕੁੜੀਆਂ ਤੇ ਬਹੁਤ ਮਾੜਾ ਅਸਰ ਪਾਇਆ ਹੈ ਜੋ ਜੀਵਨ ਭਰ ਰਹਿੰਦਾ ਹੈ। ਜ਼ਿਆਦਾਤਰ ਹਾਲਤਾਂ ਵਿਚ ਕੁੜੀਆਂ ਨੇ ਇਸ ਬੇਰਹਿਮੀ ਨੂੰ ਸਿਰਫ਼ ਇਸ ਕਰਕੇ ਸਹਿਣ ਕੀਤਾ, ਕਿਉਂਕਿ ਉਨ੍ਹਾਂ ਨੂੰ ਜੀਉਂਦੇ ਰਹਿਣ ਲਈ ਰੋਟੀ ਦੀ ਲੋੜ ਸੀ। ਜੇ ਨਹੀਂ ਕਰਦੀਆਂ ਤਾਂ ਉਹ ਭੁੱਖੀਆਂ ਮਰ ਜਾਂਦੀਆਂ। ਦੁੱਖ ਦੀ ਗੱਲ ਹੈ ਕਿ ਇਨ੍ਹਾਂ ਬਹੁਤ ਸਾਰੀਆਂ ਬੇਸਹਾਰਾ ਬੱਚੀਆਂ ਨੂੰ ਆਪਣੇ ਗ਼ਰੀਬ ਮਾਪਿਆਂ ਦੁਆਰਾ ਵੇਸਵਾਵਾਂ ਬਣਨ ਲਈ ਮਜਬੂਰ ਕੀਤਾ ਗਿਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਪੈਸਿਆਂ ਲਈ ਵੇਚ ਦਿੱਤਾ ਸੀ।

ਬਾਲ-ਮਜ਼ਦੂਰੀ ਦੇ ਵਿਵਾਦਗ੍ਰਸਤ ਵਿਸ਼ੇ ਨੇ ਬੱਚਿਆਂ ਦੇ ਇਸ ਪ੍ਰਤੱਖ ਦੁਖਾਂਤ ਨੂੰ ਹੋਰ ਜ਼ਿਆਦਾ ਵਧਾਇਆ ਹੈ। ਏਸ਼ੀਆ, ਦੱਖਣੀ ਅਮਰੀਕਾ ਅਤੇ ਦੂਜੀਆਂ ਹੋਰ ਕਈਆਂ ਥਾਵਾਂ ਤੇ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਕੁਝ ਪਰਵਾਸੀ ਬਰਾਦਰੀਆਂ ਵਿਚ ਪੰਜ ਸਾਲ ਦੀ ਉਮਰ ਦੇ ਬੱਚਿਆਂ ਤੋਂ ਵੀ ਜ਼ਬਰਦਸਤੀ “ਗ਼ੁਲਾਮ ਮਜ਼ਦੂਰੀ” ਕਰਵਾਈ ਜਾਂਦੀ ਹੈ। ਬਹੁਤ ਹੀ ਭੈੜੀਆਂ ਹਾਲਤਾਂ ਵਿਚ ਮਸ਼ੀਨ ਵਾਂਗ ਕੰਮ ਕਰਨ ਕਰਕੇ ਉਨ੍ਹਾਂ ਦੇ ਸਰੀਰਾਂ ਅਤੇ ਮਨਾਂ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਜ਼ਿਆਦਾਤਰ ਬੱਚੇ ਪੜ੍ਹੇ-ਲਿਖੇ ਨਹੀਂ ਹਨ, ਨਾ ਹੀ ਉਨ੍ਹਾਂ ਕੋਲ ਮਾਪਿਆਂ ਦਾ ਪਿਆਰ, ਸੁਰੱਖਿਅਤ ਮਹਿਸੂਸ ਕਰਾਉਣ ਵਾਲਾ ਘਰ, ਨਾ ਹੀ ਖਿਡੌਣੇ ਤੇ ਖੇਡਣ ਲਈ ਪਾਰਕ ਹੁੰਦੇ ਹਨ। ਬਹੁਤ ਸਾਰੇ ਬੱਚਿਆਂ ਦੇ ਆਪਣੇ ਹੀ ਮਾਪੇ ਉਨ੍ਹਾਂ ਦਾ ਬੇਦਰਦੀ ਨਾਲ ਸ਼ੋਸ਼ਣ ਕਰਦੇ ਹਨ।

ਬਾਲ ਸੈਨਿਕ ਅਤੇ ਯਤੀਮਖ਼ਾਨੇ

ਇਹ ਦੁਖਾਂਤ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਜਦੋਂ ਅਸੀਂ ਗੁਰੀਲਾ ਫ਼ੌਜਾਂ ਵਿਚ ਬਾਲ ਸੈਨਿਕਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਦੇਖਦੇ ਹਾਂ। ਬੱਚਿਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਜਾਂ ਗ਼ੁਲਾਮਾਂ ਦੇ ਬਾਜ਼ਾਰਾਂ ਵਿੱਚੋਂ ਖ਼ਰੀਦਿਆ ਜਾਂਦਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਬਾਕਾਇਦਾ ਕਠੋਰ ਬਣਾਇਆ ਜਾਂਦਾ ਹੈ ਅਤੇ ਕਈ ਵਾਰ ਤਾਂ ਉਨ੍ਹਾਂ ਨੂੰ ਕਿਸੇ ਦਾ ਖ਼ੂਨ ਹੁੰਦੇ ਹੋਏ ਦੇਖਣ ਲਈ ਮਜਬੂਰ ਕੀਤਾ ਜਾਂਦਾ ਹੈ। ਕੁਝ ਬੱਚਿਆਂ ਨੂੰ ਆਪਣੇ ਮਾਂ-ਬਾਪ ਨੂੰ ਮਾਰਨ ਜਾਂ ਨਸ਼ੀਲੀਆਂ ਦਵਾਈਆਂ ਲੈਣ ਦਾ ਹੁਕਮ ਦਿੱਤਾ ਜਾਂਦਾ ਹੈ ਤਾਂਕਿ ਉਨ੍ਹਾਂ ਵਿਚ ਖ਼ੂਨੀ ਨੀਅਤ ਵਧੇ।

ਹੇਠਾਂ ਇਕ ਨਮੂਨਾ ਦਿੱਤਾ ਗਿਆ ਹੈ ਜੋ ਦਿਖਾਉਂਦਾ ਹੈ ਕਿ ਅਫ਼ਰੀਕਾ ਵਿਚ ਹਜ਼ਾਰਾਂ ਹੀ ਬਾਲ ਸੈਨਿਕਾਂ ਦੀ ਸੋਚਣੀ ਨੂੰ ਕਿਵੇਂ ਬਦਲਿਆ ਜਾਂਦਾ ਹੈ। ਇਹ ਸੁੰਨ ਕਰ ਦੇਣ ਵਾਲੀ ਗੱਲਬਾਤ ਇਕ ਸਮਾਜ ਸੇਵਕ ਅਤੇ ਇਕ ਬਾਲ ਸੈਨਿਕ ਦੇ ਵਿਚਕਾਰ ਹੋਈ, ਜੋ ਸਪੱਸ਼ਟ ਤੌਰ ਤੇ ਆਪਣੀ ਬਚੀ-ਖੁਚੀ ਮਾਸੂਮੀਅਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ:

“ਕੀ ਤੂੰ ਖ਼ੂਨ ਕੀਤਾ? ‘ਨਹੀਂ।’

ਕੀ ਤੇਰੇ ਕੋਲ ਬੰਦੂਕ ਸੀ? ‘ਹਾਂ।’

ਕੀ ਤੂੰ ਬੰਦੂਕ ਨਾਲ ਨਿਸ਼ਾਨਾ ਲਾਇਆ? ‘ਹਾਂ।’

ਕੀ ਤੂੰ ਗੋਲੀ ਚਲਾਈ? ‘ਹਾਂ।’

ਫਿਰ ਕੀ ਹੋਇਆ? ‘ਉਹ ਡਿੱਗ ਗਏ।’”

ਇਨ੍ਹਾਂ ਵਿੱਚੋਂ ਕੁਝ ਸੈਨਿਕ ਸਿਰਫ਼ ਛੇ ਕੁ ਸਾਲ ਦੀ ਉਮਰ ਦੇ ਹੁੰਦੇ ਹਨ ਅਤੇ ਮਸਾਂ ਨਿਆਣੇ ਹੀ ਹੁੰਦੇ ਹਨ। ਇਹ ਰਿਪੋਰਟ ਕੀਤਾ ਗਿਆ ਹੈ ਕਿ 1988 ਵਿਚ ਵੀ ਪੂਰੇ ਸੰਸਾਰ ਵਿਚ ਬਾਲ ਸੈਨਿਕਾਂ ਦੀ ਗਿਣਤੀ ਕੁਝ 2,00,000 ਸੀ।

ਇਹ ਕਿਹਾ ਜਾਂਦਾ ਹੈ ਕਿ 1988 ਅਤੇ 1992 ਦੇ ਸਾਲਾਂ ਵਿਚਕਾਰ, ਇਕ ਏਸ਼ੀਆਈ ਦੇਸ਼ ਦੇ ਇਕ ਯਤੀਮਖ਼ਾਨੇ ਵਿਚ, 550 ਬੱਚਿਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੁੜੀਆਂ ਸਨ, ਨੂੰ ਭੁੱਖ ਨਾਲ ਮਰਨ ਲਈ ਛੱਡ ਦਿੱਤਾ ਗਿਆ ਸੀ। ਇਕ ਡਾਕਟਰਨੀ ਕਹਿੰਦੀ ਹੈ: “ਇਨ੍ਹਾਂ ਯਤੀਮਾਂ ਨੂੰ ਦਰਦ ਘਟਾਉਣ ਲਈ ਦਵਾਈਆਂ ਨਹੀਂ ਦਿੱਤੀਆਂ ਗਈਆਂ। ਜਦੋਂ ਉਹ ਮਰਨ ਕੰਢੇ ਪਏ ਹੋਏ ਸਨ, ਉਦੋਂ ਵੀ ਉਹ ਆਪਣੀਆਂ ਮੰਜੀਆਂ ਦੇ ਨਾਲ ਬੰਨ੍ਹੇ ਹੋਏ ਸਨ।”

ਯੂਰਪ ਦੇ ਬਾਰੇ ਕੀ? ਇਸ ਖ਼ਬਰ ਨੇ ਇਕ ਯੂਰਪੀ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਕਿ ਉੱਥੇ ਬਾਲ ਅਸ਼ਲੀਲ ਸਾਹਿੱਤ ਦਾ ਇਕ ਅੰਤਰਰਾਸ਼ਟਰੀ ਗਰੋਹ ਸਰਗਰਮ ਸੀ, ਜੋ ਕਿ ਕੁੜੀਆਂ ਨੂੰ ਯੌਨ ਸ਼ੋਸ਼ਣ ਲਈ ਅਗਵਾ ਕਰਦਾ ਸੀ। ਕੁਝ ਬੇਚਾਰੀਆਂ ਕੁੜੀਆਂ ਨੂੰ ਤਾਂ ਕਤਲ ਕਰ ਦਿੱਤਾ ਗਿਆ ਸੀ ਜਾਂ ਭੁੱਖਿਆ ਮਾਰ ਦਿੱਤਾ ਗਿਆ ਸੀ।

ਇਹ ਰਿਪੋਰਟਾਂ ਸਪੱਸ਼ਟ ਤੌਰ ਤੇ ਦਿਖਾਉਂਦੀਆਂ ਹਨ ਕਿ ਬਹੁਤ ਸਾਰੇ ਦੇਸ਼ਾਂ ਵਿਚ ਬੱਚਿਆਂ ਨਾਲ ਦੁਰਵਿਹਾਰ ਅਤੇ ਸ਼ੋਸ਼ਣ ਇਕ ਵੱਡੀ ਸਮੱਸਿਆ ਹੈ। ਪਰ ਕੀ ਇਹ ਗੱਲ ਵਧਾ-ਚੜ੍ਹਾ ਕੇ ਕਹੀ ਗਈ ਹੈ ਕਿ ਇਹ ਇਕ ਵਿਸ਼ਵ-ਵਿਆਪੀ ਸਮੱਸਿਆ ਹੈ? ਅਗਲਾ ਲੇਖ ਇਸ ਸਵਾਲ ਦਾ ਜਵਾਬ ਦੇਵੇਗਾ।

[ਸਫ਼ੇ 4 ਉੱਤੇ ਤਸਵੀਰ]

ਲਾਈਬੀਰੀਆ ਵਿਚ ਇਕ ਬਾਲ ਸੈਨਿਕ

[ਕ੍ਰੈਡਿਟ ਲਾਈਨ]

John Gunston/Sipa Press

[ਸਫ਼ੇ 4 ਉੱਤੇ ਤਸਵੀਰ]

ਕੋਲੰਬੀਆ ਵਿਖੇ ਇੱਟਾਂ ਦੀ ਇਕ ਫੈਕਟਰੀ ਵਿਚ, ਬੱਚੇ ਕੁਲੀਆਂ ਵਜੋਂ ਕੰਮ ਕਰਦੇ ਹਨ

[ਕ੍ਰੈਡਿਟ ਲਾਈਨ]

UN PHOTO 148000/Jean Pierre Laffont

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

FAO photo/F. Botts

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ