ਪੱਥਰ ਤੋਂ ਬਣੇ ਜਵਾਹਰ
ਬੈਲਜੀਅਮ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਇਸ ਦੀ ਖ਼ਾਸ ਸੁੰਦਰਤਾ ਦੇ ਕਾਰਨ, ਸਦੀਆਂ ਤੋਂ ਇਹ ਸਭ ਤੋਂ ਮਨ-ਪਸੰਦ ਜਵਾਹਰ ਰਿਹਾ ਹੈ। ਇੰਨੇ ਠੋਸ ਹੋਣ ਦੇ ਕਾਰਨ—ਮਨੁੱਖਾਂ ਨੂੰ ਹੋਰ ਕਿਸੇ ਵੀ ਕੁਦਰਤੀ ਚੀਜ਼ ਬਾਰੇ ਨਹੀਂ ਪਤਾ ਜੋਂ ਇੰਨੀ ਠੋਸ ਹੈ—ਇਸ ਨੂੰ ਸੰਦਾਂ ਅਤੇ ਮਸ਼ੀਨਾਂ ਵਿਚ ਬਹੁਤ ਵਰਤਿਆ ਜਾਂਦਾ ਹੈ। ਇਹ ਮਨਮੋਹਕ ਪੱਥਰ ਹੀਰਾ ਹੈ।
ਕੁਝ ਮਸ਼ਹੂਰ ਹੀਰਿਆਂ ਬਾਰੇ ਬਹੁਤ ਦਿਲਚਸਪ ਕਹਾਣੀਆਂ ਹਨ। ਕੋਹਿਨੂਰ ਨਾਂ ਦਾ ਹੀਰਾ, ਜਿਸ ਦਾ ਮਤਲਬ ਹੈ “ਚਾਨਣ ਦਾ ਪਹਾੜ,” ਸੱਤ ਸਦੀਆਂ ਪਹਿਲਾਂ ਭਾਰਤ ਵਿਚ ਲੱਭਿਆ ਗਿਆ ਸੀ। ਸ਼ੁਰੂ ਵਿਚ, ਇਹ ਅਣਘੜਿਆ ਪੱਥਰ 191 ਕੈਰਟਾਂ ਦਾ ਸੀ, ਪਰ ਬਾਅਦ ਵਿਚ ਇਸ ਨੂੰ ਕੱਟ ਕੇ 109 ਕੈਰਟਾਂ ਦਾ ਬਣਾਇਆ ਗਿਆ।a ਨਾਲੇ, ਕਲੀਨਨ ਹੀਰਾ ਵੀ ਹੈ। ਇਹ ਬਰਤਾਨਵੀ ਸ਼ਾਹੀ ਜਵਾਹਰਾਂ ਵਿੱਚੋਂ ਹੈ ਅਤੇ ਸਭ ਤੋਂ ਵੱਡਾ ਹੀਰਾ ਹੈ ਜਿਸ ਨੂੰ ਕਦੀ ਲੱਭ ਕੇ ਘੜਿਆ ਗਿਆ ਹੈ।
ਪੱਥਰ ਤੋਂ ਬਣੇ ਜਵਾਹਰ
ਹੀਰੇ ਸੁੰਦਰ ਜਵਾਹਰਾਂ ਦੇ ਰੂਪ ਵਿਚ ਨਹੀਂ ਲੱਭੇ ਜਾਂਦੇ। ਕਈਆਂ ਨੂੰ ਧਰਤੀ ਵਿੱਚੋਂ ਖੋਦਣਾ ਪੈਂਦਾ ਹੈ। ਸ਼ੁੱਧ ਹੀਰਿਆਂ ਦੇ ਇੱਕੋ ਹੀ ਕੈਰਟ ਹਾਸਲ ਕਰਨ ਵਾਸਤੇ ਮਿਟੀ ਦੇ ਔਸਤਨ 250 ਟਨਾਂ ਨੂੰ ਪੁੱਟ ਕੇ ਛਾਣਨਾ ਪੈਂਦਾ ਹੈ। ਹਰੇਕ ਸਾਲ ਪੁੱਟੇ ਗਏ 4 ਤੋਂ 5 ਕਰੋੜ ਕੈਰਟ ਦੇ ਹਿਰਿਆਂ ਵਿੱਚੋਂ, ਸਿਰਫ਼ ਥੋੜ੍ਹੇ ਜਿਹੇ ਗਹਿਣਿਆਂ ਵਿਚ ਲਾਉਣ ਲਈ ਠੀਕ ਹੁੰਦੇ ਹਨ।
ਅਣਘੜੇ ਹੀਰਿਆਂ ਨੂੰ ਸਾਈਜ਼, ਸਫ਼ਾਈ, ਰੰਗ, ਸ਼ਕਲ ਦੇ ਹਿਸਾਬ ਨਾਲ ਵੱਖਰਾ ਕੀਤਾ ਜਾਣਾ ਪੈਂਦਾ ਹੈ। ਅਣਘੜੇ ਹੋਏ ਰੂਪ ਵਿਚ, ਤਕਰੀਬਨ ਹਰੇਕ ਹੀਰੇ ਵਿਚ ਨੁਕਸ ਹੁੰਦੇ ਹਨ। ਪਰ ਕਦੀ-ਕਦੀ ਇਸ ਦੇ ਕਿਸੇ ਹਿੱਸੇ ਵਿਚ ਥੋੜ੍ਹੇ ਜਿਹੇ ਜਾਂ ਬਿਲਕੁਲ ਕੋਈ ਨੁਕਸ ਨਹੀਂ ਹੁੰਦੇ। ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਨੁਕਸ-ਰਹਿਤ ਹਿੱਸੇ ਨੂੰ ਕੱਟ ਕੇ ਜਾਂ ਚੀਰ ਕੇ ਵੱਖਰਾ ਕੀਤਾ ਜਾਂਦਾ ਹੈ। ਜਦੋਂ ਵੱਡੇ ਅਤੇ ਮਹਿੰਗੇ ਜਵਾਹਰਾਂ ਦੀ ਗੱਲ ਹੁੰਦੀ ਹੈ, ਤਾਂ ਕੁਝ ਕਾਰੀਗਰਾਂ ਨੇ ਕੱਟ-ਕਟਾਈ ਕਰਨ ਤੋਂ ਪਹਿਲਾਂ ਕਦੀ-ਕਦੀ ਕਈ ਮਹੀਨਿਆਂ ਲਈ ਸੋਚ-ਵਿਚਾਰ ਕੀਤਾ ਹੈ। ਜਦੋਂ ਤੁਸੀਂ ਸੋਚਦੇ ਹੋ ਕਿ ਕੱਟਦੇ ਸਮੇਂ ਇਕ ਵੀ ਗ਼ਲਤੀ ਹੀਰੇ ਦੀ ਕੀਮਤ ਨੂੰ ਬਹੁਤ ਘਟਾ ਸਕਦੀ ਹੈ, ਜਾਂ ਇਸ ਨੂੰ ਪੂਰੀ ਤਰ੍ਹਾਂ ਖ਼ਰਾਬ ਕਰ ਸਕਦੀ ਹੈ, ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹ ਇੰਨਾ ਸਮਾਂ ਕਿਉਂ ਲਾਉਂਦੇ ਹਨ।
ਅਖ਼ੀਰ ਵਿਚ, ਹੀਰੇ ਨੂੰ ਆਪਣੇ ਆਕਾਰ ਅਨੁਸਾਰ ਪਾਲਿਸ਼ ਕਰ ਕੇ ਇਸ ਦੇ ਵੱਖ-ਵੱਖ ਪਾਸਿਆਂ ਦੀ ਕਟਾਈ ਕੀਤੀ ਜਾਂਦੀ ਹੈ। ਇਨ੍ਹਾਂ ਕਈਆਂ ਪਾਸਿਆਂ ਕਰਕੇ ਜਵਾਹਰ ਰੌਸ਼ਨੀ ਪ੍ਰਤਿਬਿੰਬਤ ਕਰ ਸਕਦਾ ਹੈ, ਅਤੇ ਇਸੇ ਕਰਕੇ ਹੀਰੇ ਆਪਣੀ ਲਿਸ਼ਕ ਲਈ ਮਸ਼ਹੂਰ ਹੁੰਦੇ ਹਨ।
ਜਦੋਂ ਅਗਲੀ ਵਾਰ ਹੀਰਾ ਆਪਣੀ ਲਿਸ਼ਕ ਅਤੇ ਸੁੰਦਰਤਾ ਨਾਲ ਤੁਹਾਡਾ ਧਿਆਨ ਖਿੱਚਦਾ ਹੈ, ਤਾਂ ਖਾਣ ਖੋਦਣ ਵਾਲਿਆਂ ਦੀ ਮਿਹਨਤ ਅਤੇ ਕਾਰੀਗਰਾਂ ਦੀ ਸਾਵਧਾਨੀ ਅਤੇ ਕੁਸ਼ਲਤਾ ਨੂੰ ਯਾਦ ਕਰੋ। ਉਨ੍ਹਾਂ ਬਗੈਰ ਇਕ ਹੀਰਾ ਕਿਸੇ ਸਾਧਾਰਣ ਜਿਹੇ ਕੱਚ ਦੇ ਪੱਥਰ ਤੋਂ ਇਕ ਸੁੰਦਰ ਜਵਾਹਰ ਦਾ ਰੂਪ ਕਦੀ ਨਹੀਂ ਲੈ ਸਕਦਾ।
[ਫੁਟਨੋਟ]
a ਕੈਰਟ ਵਜ਼ਨ ਦੀ ਮਾਤਰਾ ਹੈ ਜੋ ਕਿ ਇਕ ਗ੍ਰਾਮ ਦੇ ਪੰਜਵੇਂ ਹਿੱਸੇ ਦੇ ਬਰਾਬਰ ਹੈ।