ਹੀਰੇ ਇੰਨੇ ਮਹਿੰਗੇ ਕਿਉਂ ਹਨ?
ਸਪੇਨ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਕਦੇ-ਕਦਾਈਂ ਸੁੰਦਰਤਾ ਲੱਭੀ ਜਾ ਸਕਦੀ ਹੈ। ਹੋਰਨਾਂ ਸਮਿਆਂ ਤੇ ਇਸ ਨੂੰ ਰਚਾਉਣਾ ਪੈਂਦਾ ਹੈ। ਲੇਕਿਨ, ਇਕ ਹੀਰੇ ਨੂੰ, ਦੋਵੇਂ ਲੱਭਣਾ ਅਤੇ ਰਚਾਉਣਾ ਪੈਂਦਾ ਹੈ।
ਨਿਰਸੰਦੇਹ, ਅਣਘੜੇ ਹੀਰੇ ਕੁਦਰਤ ਦੀ ਇਕ ਸੁੰਦਰ ਰਚਨਾ ਹਨ। ਧਰਤੀ ਦੀ ਪੇਪੜੀ ਦੇ ਹੇਠ ਅਤਿਅੰਤ ਦਬਾਉ ਅਤੇ ਉੱਚਾ ਤਾਪਮਾਨ ਹੌਲੀ-ਹੌਲੀ ਸਾਧਾਰਣ ਕਾਰਬਨ ਨੂੰ ਠੋਸ, ਪਾਰਦਰਸ਼ੀ ਕ੍ਰਿਸਟਲ ਵਿਚ ਢਾਲ ਦਿੰਦੇ ਹਨ। ਲੇਕਿਨ ਇਹ ਦੁਰਲੱਭ ਕੀਮਤੀ ਪੱਥਰ ਲੱਭਣੇ ਅਕਸਰ ਮੁਸ਼ਕਲ ਹੁੰਦੇ ਹਨ। ਧਰਤੀ ਉੱਤੇ ਮਾਨਵ ਦੁਆਰਾ ਪੁੱਟੇ ਗਏ ਕਈ ਸਭ ਤੋਂ ਵੱਡੇ ਟੋਏ—ਜੋ ਆਸਟ੍ਰੇਲੀਆ, ਸਾਇਬੇਰੀਆ, ਅਤੇ ਦੱਖਣੀ ਅਫ਼ਰੀਕਾ ਦੇ ਭੂ-ਦ੍ਰਿਸ਼ਾਂ ਵਿਚ ਖਿੰਡਰੇ ਹੋਏ ਹਨ—ਇਨ੍ਹਾਂ ਕੀਮਤੀ ਪੱਥਰਾਂ ਦੀ ਖੋਜ ਵਿਚ ਪੁੱਟੇ ਗਏ ਹਨ। ਥੋੜ੍ਹੇ ਜਿਹੇ ਹੀਰਿਆਂ ਨੂੰ ਕੱਢਣ ਲਈ, ਜਿਨ੍ਹਾਂ ਦਾ ਭਾਰ ਕੇਵਲ ਤਕਰੀਬਨ ਛੇ ਗ੍ਰਾਮ ਹੀ ਹੁੰਦਾ ਹੈ, ਸ਼ਾਇਦ ਇਕ ਸੌ ਟਨ ਮਿੱਟੀ ਪੁੱਟਣੀ ਅਤੇ ਛਾਣਨੀ ਪਵੇ!
ਇਕ ਹੀਰਾ ਲੱਭਣ ਤੋਂ ਬਾਅਦ, ਇਸ ਤੋਂ ਪਹਿਲਾਂ ਕਿ ਇਹ ਇਕ ਅੰਗੂਠੀ ਜਾਂ ਇਕ ਹਾਰ ਨੂੰ ਚਾਰ ਚੰਨ ਲਾ ਸਕੇ, ਮਾਹਰ ਕਾਰੀਗਰਾਂ ਨੂੰ ਇਸ ਦੀ ਲੁਕਵੀਂ ਸੁੰਦਰਤਾ ਨੂੰ ਮਿਹਨਤ ਨਾਲ ਘੜਨ ਦੀ ਜ਼ਰੂਰਤ ਪੈਂਦੀ ਹੈ।
ਸੁਭਾਵਕ ਤੌਰ ਤੇ, ਇਹ ਸਾਰੇ ਜਤਨ ਅਤੇ ਮਹਾਰਤ ਸਸਤੀ ਨਹੀਂ ਪੈਂਦੀ ਹੈ। ਲੇਕਿਨ ਅਧਿਕਤਰ ਔਰਤਾਂ—ਅਤੇ ਆਦਮੀ—ਮਹਿਸੂਸ ਕਰਦੇ ਹਨ ਕਿ ਇਹ ਖ਼ਰਚ ਜਾਇਜ਼ ਹੈ, ਖ਼ਾਸ ਕਰਕੇ ਜੇ ਉਹ ਹੀਰਾ ਆਪਣੇ ਵਿਆਹੁਤਾ ਸਾਥੀ ਜਾਂ ਮੰਗੇਤਰ ਨੂੰ ਸਥਾਈ ਪਿਆਰ ਦੀ ਨਿਸ਼ਾਨੀ ਵਜੋਂ ਪੇਸ਼ ਕੀਤਾ ਗਿਆ ਇਕ ਤੋਹਫ਼ਾ ਹੁੰਦਾ ਹੈ। ਸੁੰਦਰਤਾ ਅਤੇ ਰੋਮਾਂਸ ਨੇ ਹੀਰੇ ਨੂੰ ਧਰਤੀ ਉੱਤੇ ਸਭ ਤੋਂ ਜ਼ਿਆਦਾ ਕੀਮਤੀ ਕ੍ਰਿਸਟਲ ਬਣਾ ਦਿੱਤਾ ਹੈ।a
ਐਂਟਵਰਪ ਦਾ ਇਕ ਦੌਰਾ
ਐਂਟਵਰਪ, ਬੈਲਜੀਅਮ, ਇਕ ਅਜਿਹਾ ਸ਼ਹਿਰ ਜਿਸ ਦੀ ਦੌਲਤ ਜ਼ਿਆਦਾਤਰ ਹੀਰਿਆਂ ਉੱਤੇ ਹੀ ਨਿਰਭਰ ਕਰਦੀ ਹੈ, ਦਾ ਦੌਰਾ ਕਰਦੇ ਸਮੇਂ, ਮੇਰੀ ਦਿਲਚਸਪੀ ਇਨ੍ਹਾਂ ਨਿਰਾਲੇ ਪੱਥਰਾਂ ਵਿਚ ਜਾਗ ਉੱਠੀ। ਮੈਂ ਸੋਚਿਆ, ‘ਇਕ ਹੀਰੇ ਨੂੰ ਕਿਹੜੀ ਚੀਜ਼ ਇੰਨਾ ਆਕਰਸ਼ਕ ਬਣਾਉਂਦੀ ਹੈ? ਇਕ ਹੀਰੇ ਦੀ ਰਚਣਾ ਦਾ ਕੀ ਰਾਜ਼ ਹੈ?’
ਇਨ੍ਹਾਂ ਸਵਾਲਾਂ ਦੇ ਜਵਾਬ ਲਈ, ਮੈਂ ਡਰਕ ਲੁਟਸ ਦੇ ਨਾਲ ਗੱਲ ਕੀਤੀ, ਜਿਸ ਦੇ ਪਰਿਵਾਰ ਨੇ ਤਿੰਨ ਪੀੜ੍ਹੀਆਂ ਤੋਂ ਹੀਰਿਆਂ ਦੇ ਵਪਾਰ ਵਿਚ ਕੰਮ ਕੀਤਾ ਹੈ। “ਅਸੀਂ ਐਂਟਵਰਪ ਨੂੰ ਹੀਰੇ ਦਾ ਸਭ ਤੋਂ ਜਿਗਰੀ ਦੋਸਤ ਆਖਦੇ ਹਾਂ, ਕਿਉਂਕਿ ਇਹ ਸ਼ਹਿਰ ਦੁਨੀਆਂ ਵਿਚ ਹੀਰਿਆਂ ਦਾ ਇਕ ਪ੍ਰਮੁੱਖ ਕੇਂਦਰ ਹੈ,” ਉਸ ਨੇ ਵਿਆਖਿਆ ਕੀਤਾ। “ਇਸ ਲਈ ਤੁਸੀਂ ਹੀਰੇ ਬਣਾਉਣ ਵਾਲੇ ਦੇ ਰਾਜ਼ ਜਾਣਨ ਲਈ ਸਭ ਤੋਂ ਵਧੀਆ ਜਗ੍ਹਾ ਤੇ ਆਏ ਹੋ।”
ਸਭ ਤੋਂ ਪਹਿਲਾਂ ਉਸ ਨੇ ਮੈਨੂੰ ਮੁੱਠੀ-ਭਰ ਅਣਘੜੇ ਹੀਰੇ ਦਿਖਾਏ ਜੋ ਉਸ ਨੇ ਥੋੜ੍ਹਾ ਹੀ ਸਮਾਂ ਪਹਿਲਾਂ ਖ਼ਰੀਦੇ ਸਨ। ਭਾਵੇਂ ਕਿ ਉਨ੍ਹਾਂ ਦੀ ਕੀਮਤ 3,50,000 ਡਾਲਰ ਸੀ, ਉਹ ਪਹਿਲੀ ਨਜ਼ਰ ਤੇ ਇੰਨੇ ਆਕਰਸ਼ਕ ਨਹੀਂ ਸੀ ਲੱਗਦੇ—ਬਲਕਿ ਮੁੱਠੀ-ਭਰ ਕੱਚ ਦੇ ਟੁਕੜੇ ਹੀ ਜਾਪਦੇ ਸਨ। ਲੇਕਿਨ ਜ਼ਿਆਦਾ ਨਜ਼ਦੀਕੀ ਜਾਂਚ ਨੇ ਅਜਿਹੀ ਅੰਦਰੂਨੀ ਲਿਸ਼ਕ ਨੂੰ ਪ੍ਰਗਟ ਕੀਤਾ ਜੋ ਉਸ ਸੁੰਦਰਤਾ ਦੀ ਝਲਕ ਦਿੰਦੀ ਸੀ ਜਿਸ ਨੂੰ ਹੀਰੇ ਨੂੰ ਕੱਟਣ ਵਾਲਾ ਹੀ ਪ੍ਰਗਟ ਕਰ ਸਕਦਾ ਸੀ। ਮੈਂ ਉਨ੍ਹਾਂ ਦੇ ਆਕਰਸ਼ਣ ਨੂੰ ਸਮਝਣ ਲੱਗਾ।
“ਕਦੀ-ਕਦਾਈਂ, ਜਦੋਂ ਮੈਂ ਇਕ ਵੱਡਾ ਅਣਘੜਿਆ ਹੀਰਾ ਦੇਖਦਾ ਹੈ, ਤਾਂ ਮੈਂ ਇਕ ਕਿਸਮ ਦਾ ਜਾਦੂ ਅਨੁਭਵ ਕਰਦਾ ਹਾਂ, ਇਕ ਭਾਵਾਤਮਕ ਲਗਾਉ ਦੇ ਵਾਂਗ,” ਡਰਕ ਨੇ ਕਬੂਲ ਕੀਤਾ। “ਸੁਭਾਵਕ ਤੌਰ ਤੇ, ਮੈਂ ਉਸ ਪੱਥਰ ਨੂੰ ਖ਼ਰੀਦਣਾ ਚਾਹੁੰਦਾ ਹਾਂ। ਇਹ ਮੈਨੂੰ ਉਸ ਆਦਮੀ ਦੇ ਬਾਰੇ ਯਿਸੂ ਦਾ ਦ੍ਰਿਸ਼ਟਾਂਤ ਯਾਦ ਦਿਲਾਉਂਦਾ ਹੈ ਜਿਸ ਨੂੰ ਇਕ ਬਹੁਮੁੱਲਾ ਮੋਤੀ ਲੱਭਿਆ ਸੀ, ਇਕ ਅਜਿਹਾ ਮੋਤੀ ਜੋ ਇੰਨਾ ਖਰਾ ਸੀ ਕਿ ਉਹ ਆਪਣਾ ਸਭ ਕੁਝ ਵੇਚਣ ਲਈ ਤਿਆਰ ਸੀ ਤਾਂਕਿ ਉਸ ਮੋਤੀ ਨੂੰ ਖ਼ਰੀਦ ਸਕੇ। ਮੈਂ ਇਸ ਹੱਦ ਤਕ ਤਾਂ ਕਦੇ ਨਹੀਂ ਗਿਆ,” ਉਹ ਮੁਸਕਰਾਇਆ, “ਲੇਕਿਨ ਮੈਂ ਇਹ ਕਬੂਲ ਕਰਦਾ ਹਾਂ ਹੈ ਕਿ ਕਈ ਉੱਤਮ ਪੱਥਰ ਵਿਸ਼ੇਸ਼ ਆਕਰਸ਼ਣ ਰੱਖਦੇ ਹਨ, ਸਾਡੇ ਵਿੱਚੋਂ ਉਨ੍ਹਾਂ ਵਿਅਕਤੀਆਂ ਲਈ ਵੀ ਜੋ ਆਪਣਾ ਪੂਰਾ ਜੀਵਨ ਇਨ੍ਹਾਂ ਦੀ ਖ਼ਰੀਦਾਰੀ ਅਤੇ ਵਿੱਕਰੀ ਵਿਚ ਗੁਜ਼ਾਰਦੇ ਹਨ। ਨਿਰਸੰਦੇਹ, ਇਕ ਅਣਘੜੇ ਪੱਥਰ ਤੋਂ ਇਕ ਨਗ ਬਣਾਉਣਾ, ਭਾਵੇਂ ਕਿੰਨਾ ਹੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਖ਼ਤਰਿਆਂ ਤੋਂ ਖਾਲੀ ਨਹੀਂ ਹੁੰਦਾ ਹੈ।”
ਇਕ ਅਣਘੜੇ ਹੀਰੇ ਨੂੰ ਪਾਲਿਸ਼ ਕਰਨਾ
ਮੈਂ ਸੁਣਿਆ ਸੀ ਕਿ ਇਕ ਲਾਪਰਵਾਹ ਹੀਰੇ ਕੱਟਣ ਵਾਲਾ ਇਕ ਅਨਮੋਲ ਪੱਥਰ ਨੂੰ ਚਕਨਾਚੂਰ ਕਰ ਸਕਦਾ ਸੀ। ਮੈਂ ਪੁੱਛਿਆ ਕਿ ਇਵੇਂ ਅਕਸਰ ਹੁੰਦਾ ਸੀ ਜਾਂ ਨਹੀਂ। “ਇਹ ਇਕ ਇੰਨੀ ਵਿਰਲੀ ਘਟਨਾ ਨਹੀਂ ਹੈ,” ਡਰਕ ਨੇ ਸਵੀਕਾਰ ਕੀਤਾ। “ਅਤੇ ਇਹ ਨਾ ਸਿਰਫ਼ ਉਦੋਂ ਹੀ ਹੋ ਸਕਦਾ ਹੈ ਜਦੋਂ ਪੱਥਰ ਨੂੰ ਕੱਟਿਆ ਜਾ ਰਿਹਾ ਹੁੰਦਾ ਹੈ। ਲੇਕਿਨ ਹੀਰੇ ਨੂੰ ਪਾਲਿਸ਼ ਕਰਨ ਵਾਲਾ ਵੀ ਕਦੀ-ਕਦਾਈਂ ਇਕ ਗਲੇਟਜ਼, ਜਾਂ ਅੰਦਰੂਨੀ ਨੁਕਸ ਨੂੰ ਛੋਹ ਸਕਦਾ ਹੈ, ਅਤੇ ਪੱਥਰ ਨੂੰ ਤਬਾਹ ਕਰ ਸਕਦਾ ਹੈ। ਅਸੀਂ ਅਣਘੜੇ ਪੱਥਰ ਨੂੰ ਹਮੇਸ਼ਾ ਧਰੁਵਿਤ ਰੌਸ਼ਨੀ ਦੇ ਜ਼ਰੀਏ ਧਿਆਨ ਨਾਲ ਜਾਂਚਦੇ ਹਾਂ, ਜੋ ਨੁਕਸਾਂ ਨੂੰ ਪ੍ਰਗਟ ਕਰ ਦਿੰਦੀ ਹੈ; ਲੇਕਿਨ ਅਫ਼ਸੋਸ ਦੀ ਗੱਲ ਹੈ ਕਿ ਕੋਈ ਵੀ ਤਰੀਕਾ ਖ਼ਤਰੇ ਤੋਂ ਖਾਲੀ ਨਹੀਂ ਹੈ।
“ਭਾਵੇਂ ਕਿ ਇਕ ਚਕਨਾਚੂਰ ਪੱਥਰ ਸਾਡਾ ਸਭ ਤੋਂ ਵੱਡਾ ਡਰ ਹੁੰਦਾ ਹੈ, ਸਿਰਫ਼ ਇਹੀ ਮੁਸ਼ਕਲ ਪੇਸ਼ ਨਹੀਂ ਆਉਂਦੀ ਹੈ। ਕਦੇ-ਕਦਾਈਂ ਪੱਥਰ ਦੇ ਪਾਸਿਆਂ ਨੂੰ ਕੱਟੇ ਅਤੇ ਪਾਲਿਸ਼ ਕੀਤੇ ਜਾਣ ਤੋਂ ਬਾਅਦ ਇਸ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ, ਜਿਸ ਕਰਕੇ ਇਸ ਦੀ ਕੀਮਤ ਘੱਟ ਜਾਂਦੀ ਹੈ। ਅਤੇ ਇਸ ਗੱਲ ਨੂੰ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਕ ਉੱਚ ਦਰਜੇ ਦਾ ਨਗ ਬਣਾਉਣ ਵਾਸਤੇ ਸਾਨੂੰ ਅਕਸਰ ਅਣਘੜੇ ਪੱਥਰ ਦਾ 60 ਫੀ ਸਦੀ ਜਾਂ ਜ਼ਿਆਦਾ ਹਿੱਸਾ ਕੱਟਣਾ ਪੈਂਦਾ ਹੈ।”
ਜਦ ਤਕ ਮੈਨੂੰ ਇਹ ਸਮਝ ਨਹੀਂ ਆਇਆ ਕਿ ਇਕ ਹੀਰੇ ਨੂੰ ਬਣਾਉਣ ਵਿਚ ਕੀ ਕੁਝ ਸ਼ਾਮਲ ਹੈ, ਉਦੋਂ ਤਕ ਮੈਨੂੰ ਲੱਗਦਾ ਸੀ ਕਿ ਕਾਫ਼ੀ ਸਾਰਾ ਪੈਸਾ ਬਰਬਾਦ ਹੋ ਰਿਹਾ ਹੈ। ਡਰਕ ਨੇ ਮੈਨੂੰ ਇਕ ਬਹੁਤ ਵੱਡਾ ਦਿਲ-ਨੁਮਾ ਹੀਰਾ ਦਿਖਾਇਆ ਜੋ ਥੋੜ੍ਹੀ ਦੇਰ ਪਹਿਲਾਂ ਹੀ ਕੱਟਿਆ ਅਤੇ ਪਾਲਿਸ਼ ਕੀਤਾ ਗਿਆ ਸੀ। “ਕੀ ਤੁਸੀਂ ਦੇਖਦੇ ਹੋ ਕਿ ਇਹ ਕਿਸ ਤਰ੍ਹਾਂ ਲਿਸ਼ਕਦਾ ਹੈ?” ਉਸ ਨੇ ਮੈਨੂੰ ਪੁੱਛਿਆ। “ਪੱਥਰ ਵਿਚ ਇਹ ‘ਚਮਕ’ ਅਸਲ ਵਿਚ ਸਿਰਫ਼ ਪ੍ਰਤਿਬਿੰਬਤ ਰੌਸ਼ਨੀ ਹੀ ਹੈ।
“ਕਾਰੀਗਰ ਨੂੰ ਪੱਥਰ ਹਰ ਪਾਸਿਓਂ ਅਜਿਹੇ ਢੰਗ ਨਾਲ ਕੱਟਣਾ ਪੈਂਦਾ ਹੈ ਤਾਂਕਿ ਰੌਸ਼ਨੀ ਪੱਥਰ ਦੇ ਅੰਦਰ ਕੈਦ ਕੀਤੀ ਜਾਵੇ ਅਤੇ ਫਿਰ ਦੇਖਣ ਵਾਲੇ ਵੱਲ ਪ੍ਰਤਿਬਿੰਬਤ ਹੋਵੇ। ਕੁਝ ਰਵਾਇਤੀ ਸ਼ਕਲ, ਜਿਵੇਂ ਕਿ ਗੋਲਾਕਾਰ ਕਾਟ, ਸਭ ਤੋਂ ਵਧੀਆ ਤਰੀਕੇ ਨਾਲ ਰੌਸ਼ਨੀ ਪ੍ਰਤਿਬਿੰਬਤ ਕਰਦੀ ਹੈ। ਲੇਕਿਨ ਸਜਾਵਟੀ ਡੀਜ਼ਾਈਨ ਵੀ, ਜਿਵੇਂ ਕਿ ਇਹ ਦਿਲ-ਨੁਮਾ ਹੀਰਾ, ਸਭ ਤੋਂ ਜ਼ਿਆਦਾ ਮੁਮਕਿਨ ਰੌਸ਼ਨੀ ਪ੍ਰਤਿਬਿੰਬਤ ਕਰਨ ਦੇ ਮਕਸਦ ਨਾਲ ਬਣਾਏ ਜਾਂਦੇ ਹਨ। ਹੀਰੇ ਬਣਾਉਣ ਵਾਲੇ ਦੀ ਇਹ ਸਭ ਤੋਂ ਮਹੱਤਵਪੂਰਣ ਕਲਾ ਹੈ। ਦਰਅਸਲ, ਹੀਰਿਆਂ ਦੇ ਇਕ ਬਹੁਤ ਮਸ਼ਹੂਰ ਉਤਪਾਦਕ ਨੇ ਆਪਣਾ ਇਹ ਮਾਟੋ ਚੁਣਿਆ ਹੈ, ‘ਕਾਰੀਗਰੀ ਵਿਚ ਜਾਦੂ ਹੈ।’”
“ਤੁਸੀਂ ਕਿਸ ਤਰ੍ਹਾਂ ਫ਼ੈਸਲਾ ਕਰਦੇ ਹੋ ਕਿ ਹੀਰੇ ਨੂੰ ਕਿਹੜੀ ਸ਼ਕਲ ਵਿਚ ਕੱਟਿਆ ਜਾਵੇ?” ਮੈਂ ਡਰਕ ਨੂੰ ਪੁੱਛਿਆ। “ਅਸੀਂ ਸਭ ਤੋਂ ਪਹਿਲਾਂ ਉਸ ਖ਼ਰੀਦੇ ਗਏ ਮੂਲ ਪੱਥਰ ਨੂੰ ਬਹੁਤ ਧਿਆਨ ਨਾਲ ਦੇਖਦੇ ਹਾਂ,” ਉਸ ਨੇ ਕਿਹਾ। “ਅਤੇ ਸੱਚ-ਮੁੱਚ ਧਿਆਨਪੂਰਵਕ! ਮੈਨੂੰ ਇਕ ਵੱਡਾ ਪੱਥਰ ਚੇਤੇ ਆਉਂਦਾ ਹੈ ਜਿਸ ਬਾਰੇ ਅੰਤਲਾ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਇਕ ਮਹੀਨਾ ਉਸ ਦੀ ਜਾਂਚ ਕੀਤੀ ਕਿ ਉਸ ਨੂੰ ਕਿਵੇਂ ਕੱਟਿਆ ਜਾਵੇ। ਕਦੀ-ਕਦਾਈਂ ਇਹ ਸੌਖਾ ਹੁੰਦਾ ਹੈ ਕਿਉਂਕਿ ਅਣਘੜਿਆ ਪੱਥਰ ਖ਼ੁਦ ਹੀ ਇਕ ਖ਼ਾਸ ਸ਼ਕਲ ਵਿਚ ਕੱਟੇ ਜਾਣ ਲਈ ਢਲਿਆ ਹੁੰਦਾ ਹੈ। ਹਰੇਕ ਮਾਮਲੇ ਵਿਚ ਟੀਚਾ ਇਹ ਹੁੰਦਾ ਹੈ ਕਿ ਉਸ ਖ਼ਾਸ ਪੱਥਰ ਲਈ ਸਭ ਤੋਂ ਵਧੀਆ ਸ਼ਕਲ ਨਿਰਧਾਰਿਤ ਕੀਤੀ ਜਾਵੇ ਤਾਂਕਿ ਅਸੀਂ ਘੱਟ ਤੋਂ ਘੱਟ ਪੱਥਰ ਗੁਆਈਏ। ਲੇਕਿਨ ਹਰੇਕ ਪਾਸਾ ਜੋ ਅਸੀਂ ਕੱਟਦੇ ਹਾਂ—ਅਤੇ ਇਕ ਆਦਰਸ਼ਕ ਹੀਰੇ ਦੇ 50 ਤੋਂ ਜ਼ਿਆਦਾ ਪਾਸੇ ਹੁੰਦੇ ਹਨ—ਦਾ ਅਰਥ ਹੁੰਦਾ ਹੈ ਵਜ਼ਨ ਦਾ ਘਟਣਾ।”
ਫਿਰ ਡਰਕ ਨੇ ਮੈਨੂੰ ਇਕ ਖ਼ਾਸ ਪੱਥਰ ਵੱਲ ਧਿਆਨਪੂਰਵਕ ਦੇਖਣ ਲਈ ਕਿਹਾ। ਮੈਨੂੰ ਜੌਹਰੀ ਦਾ ਇਕ ਵੱਡਦਰਸ਼ੀ ਸ਼ੀਸ਼ਾ ਫੜਾਉਂਦੇ ਹੋਏ ਉਸ ਨੇ ਪੁੱਛਿਆ, “ਕੀ ਤੁਸੀਂ ਪੱਥਰ ਦੇ ਸੱਜੇ ਪਾਸੇ ਇੱਥੇ ਉੱਪਰ ਨੁਕਸ ਦੇਖਦੇ ਹੋ?” ਮੈਂ ਹੀਰੇ ਦੇ ਇਕ ਕੋਣੇ ਅੰਦਰ, ਤਿੜਕੇ ਹੋਏ ਸ਼ੀਸ਼ੇ ਦੀਆਂ ਟੇਢੀਆਂ ਰੇਖਾਵਾਂ ਵਰਗੀਆਂ ਕੁਝ ਰੇਖਾਵਾਂ ਦੇਖੀਆਂ। “ਅਜਿਹੀ ਕਿਸਮ ਦੇ ਨੁਕਸ ਹੀਰੇ ਦੀ ਕੀਮਤ ਨੂੰ ਬਹੁਤ ਜ਼ਿਆਦਾ ਘਟਾ ਦਿੰਦੇ ਹਨ। ਬੇਸ਼ੱਕ, ਅਸੀਂ ਇਸ ਨੂੰ ਕੱਟ ਸਕਦੇ ਹਾਂ, ਲੇਕਿਨ ਕੱਟਣ ਨਾਲ ਸ਼ਾਇਦ ਪੱਥਰ ਦਾ ਬਹੁਤ ਜ਼ਿਆਦਾ ਹਿੱਸਾ ਗੁਆ ਸਕਦੇ ਹਾਂ। ਜੇਕਰ ਨੁਕਸ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਹੈ, ਤਾਂ ਅਸੀਂ ਫਿਰ ਵੀ ਪੱਥਰ ਨੂੰ ਥੋੜ੍ਹੀ ਘੱਟ ਕੀਮਤ ਤੇ ਵੇਚ ਸਕਦੇ ਹਾਂ।”
ਮੈਨੂੰ ਇਹ ਜਾਣਨ ਵਿਚ ਦਿਲਚਸਪੀ ਸੀ ਕਿ ਅਜਿਹੇ ਿਨੱਕੇ-ਿਨੱਕੇ ਪੱਥਰ ਇੰਨੇ ਕੀਮਤੀ ਕਿਉਂ ਹਨ। ਸਪੱਸ਼ਟ ਤੌਰ ਤੇ, ਇਸ ਦੇ ਅਨੇਕ ਕਾਰਨ ਹਨ।
“ਇਹ ਆਮ ਕਹਾਵਤ ਕਿ ‘ਇਕ ਹੀਰਾ ਸਦਾ ਲਈ ਹੁੰਦਾ ਹੈ’—ਭਾਵੇਂ ਇਕ ਇਸ਼ਤਿਹਾਰੀ ਨਾਅਰਾ ਹੈ—ਆਮ ਤੌਰ ਤੇ ਸੱਚ ਹੈ,” ਡਰਕ ਨੇ ਕਿਹਾ। “ਹੀਰੇ ਘੱਸਦੇ ਨਹੀਂ ਹਨ, ਅਤੇ ਉਨ੍ਹਾਂ ਦੀ ਚਮਕ ਘੱਟਦੀ ਨਹੀਂ ਹੈ। ਇਹ ਦੁਰਲੱਭ ਹਨ, ਲੇਕਿਨ ਇੰਨੇ ਦੁਰਲੱਭ ਨਹੀਂ ਜਿੰਨੇ ਕਿ ਅੱਗੇ ਹੁੰਦੇ ਸਨ, ਅਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਆਕਰਸ਼ਕ ਹਨ! ਲੇਕਿਨ ਸ਼ਾਇਦ ਇਨ੍ਹਾਂ ਦੀ ਕੀਮਤ ਨੂੰ ਨਿਰਧਾਰਿਤ ਕਰਨ ਦਾ ਸਭ ਤੋਂ ਮਹੱਤਵਪੂਰਣ ਕਾਰਨ ਹੈ ਹੀਰਿਆਂ ਦੀ ਵਿਸ਼ਵ-ਵਿਆਪੀ ਮੰਗ। ਇਹ ਬਹੁਤ ਹੱਦ ਤਕ ਇਸ਼ਤਿਹਾਰਬਾਜ਼ੀ ਉੱਤੇ ਨਿਰਭਰ ਹੁੰਦਾ ਹੈ।
“ਇਕ ਔਰਤ ਹੀਰੇ ਦੀ ਅੰਗੂਠੀ ਕਿਉਂ ਚਾਹੁੰਦੀ ਹੈ?” ਡਰਕ ਨੇ ਵਿਚਾਰ ਕੀਤਾ। “ਉਹ ਸ਼ਾਇਦ ਹੀਰਿਆਂ ਨੂੰ ਪ੍ਰੇਮ ਅਤੇ ਰੋਮਾਂਸ ਨਾਲ ਜੋੜਦੀ ਹੈ। ਇਕ ਹੀਰਾ ਇਕ ਵਿਸ਼ੇਸ਼ ਚੀਜ਼ ਹੈ, ਸਦਾ ਦੇ ਲਈ ਸਾਂਭ ਕੇ ਰੱਖਣ ਵਾਲੀ ਇਕ ਚੀਜ਼, ਜੋ ਉਸ ਨੂੰ ਅਜਿਹੇ ਪ੍ਰੇਮ ਦਾ ਚੇਤਾ ਦਿਲਾਵੇ, ਜੋ ਹੋ ਸਕੇ ਤਾਂ ਉੱਨਾ ਚਿਰ ਕਾਇਮ ਰਹੇਗਾ ਜਿੰਨਾ ਚਿਰ ਹੀਰਾ ਕਾਇਮ ਰਹੇਗਾ। ਇਹ ਵਿਚਾਰ, ਜਾਂ ਰਹੱਸਾਤਮਕਤਾ, ਜਿਵੇਂ ਕੁਝ ਲੋਕ ਇਸ ਨੂੰ ਆਖਦੇ ਹਨ, ਨੂੰ ਕੁਸ਼ਲਤਾ ਨਾਲ ਵਿਕਸਿਤ ਕੀਤਾ ਗਿਆ ਹੈ। 1995 ਵਿਚ ਇਸ ਸੰਦੇਸ਼ ਦਾ ਇਸ਼ਤਿਹਾਰ ਦੇਣ ਲਈ ਕੁਝ 18,00,00,000 ਡਾਲਰ ਖ਼ਰਚੇ ਗਏ ਸਨ, ਅਜਿਹਾ ਇਕ ਸੰਦੇਸ਼ ਜੋ ਸਾਰੀ ਦੁਨੀਆਂ ਦੇ ਲੋਕਾਂ ਨੂੰ ਹੀਰਿਆਂ ਦੇ ਗਾਹਕ ਬਣਾਈ ਰੱਖਦਾ ਹੈ।”
ਇਕ ਹੀਰੇ ਦੀ ਕੀਮਤ
“ਮੇਰੇ ਖ਼ਿਆਲ ਵਿਚ ਇਕ ਤਿਆਰ ਹੀਰੇ ਦੀ ਕੀਮਤ ਉਸ ਦੇ ਸਾਈਜ਼ ਉੱਤੇ ਨਿਰਭਰ ਕਰਦੀ ਹੈ,” ਮੈਂ ਕਿਹਾ। “ਇਹ ਇੰਨਾ ਆਸਾਨ ਨਹੀਂ ਹੈ,” ਡਰਕ ਨੇ ਜਵਾਬ ਦਿੱਤਾ। “ਹੀਰਿਆਂ ਦੇ ਵਪਾਰੀ ਇਹ ਕਹਿਣ ਦੇ ਆਦੀ ਹਨ ਕਿ ਹੀਰੇ ਦੀ ਕੀਮਤ ਚਾਰ ਗੁਣਾਂ ਉੱਤੇ ਨਿਰਭਰ ਕਰਦੀ ਹੈ: ਕਾਟ, ਕੈਰਟ, ਰੰਗ, ਅਤੇ ਸਫ਼ਾਈ। ਹਰ ਗੁਣ ਪੱਥਰ ਦੀ ਸੁੰਦਰਤਾ—ਅਤੇ ਅੱਗੋਂ ਉਸ ਦੀ ਕੀਮਤ—ਉੱਤੇ ਪ੍ਰਭਾਵ ਪਾਉਂਦਾ ਹੈ।
“ਆਓ ਅਸੀਂ ਕਾਟ ਦੇ ਵਿਸ਼ੇ ਨਾਲ ਸ਼ੁਰੂ ਕਰੀਏ। ਇਕ ਚੰਗੀ ਕਾਟ ਇਕ ਕਲਾ ਹੈ, ਅਰਥਾਤ, ਤੁਸੀਂ ਕਹਿ ਸਕਦੇ ਹੋ ਲਘੂ ਰੂਪ ਵਿਚ ਮੂਰਤੀਕਲਾ। ਉਸ ਦਿਲ-ਨੁਮਾ ਹੀਰੇ ਜਿਸ ਦੀ ਤੁਸੀਂ ਤਾਰੀਫ਼ ਕਰ ਰਹੇ ਸੀ, ਨੂੰ ਨੇੜਿਓਂ ਦੇਖੋ। ਇਹ ਸ਼ਕਲ ਬਣਾਉਣੀ ਸੌਖੀ ਨਹੀਂ ਹੈ, ਅਤੇ ਦੂਜੀਆਂ ਸ਼ਕਲਾਂ ਨਾਲੋਂ ਇਹ ਸ਼ਕਲ ਬਣਾਉਣ ਲਈ ਮੂਲ ਪੱਥਰ ਦਾ ਜ਼ਿਆਦਾ ਹਿੱਸਾ ਵਿਅਰਥ ਹੁੰਦਾ ਹੈ। ਧਿਆਨ ਦਿਓ ਕਿ ਨਗ ਦੀ ਸੁੰਦਰਤਾ ਨੂੰ ਵਧਾਉਣ ਲਈ ਕਿਸ ਤਰ੍ਹਾਂ ਸਾਰੇ ਪਾਸੇ ਇੱਕੋ ਜਿਹੇ ਤਿਆਰ ਕੀਤੇ ਗਏ ਹਨ। ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਖ਼ਾਸ ਹੀਰੇ ਨੂੰ ਬਹੁਤ ਵਧੀਆ ਕੱਟਿਆ ਗਿਆ ਹੈ।
“ਤੁਸੀਂ ਪਹਿਲਾਂ ਇਸ ਦੇ ਸਾਈਜ਼ ਤੋਂ ਪ੍ਰਭਾਵਿਤ ਹੋਏ ਸੀ, ਅਤੇ ਇਹ ਗੱਲ ਸਮਝਣਯੋਗ ਹੈ, ਕਿਉਂਕਿ ਇਹ ਇਕ ਵੱਡਾ, 8 ਕੈਰਟ ਦਾ ਪੱਥਰ ਹੈ। ਇਕ ਕੈਰਟ ਇਕ ਗ੍ਰਾਮ ਦੇ ਪੰਜਵੇਂ ਹਿੱਸੇ ਦੇ ਬਰਾਬਰ ਹੈ, ਇਸ ਲਈ ਅਸੀਂ ਕੇਵਲ ਪੱਥਰ ਨੂੰ ਤੋਲਣ ਦੁਆਰਾ ਕੈਰਟ ਦੀ ਕੀਮਤ ਨੂੰ ਨਿਰਧਾਰਿਤ ਕਰਦੇ ਹਾਂ। ਆਮ ਤੌਰ ਤੇ, ਜ਼ਿਆਦਾ ਕੈਰਟਾਂ ਦਾ ਅਰਥ ਹੈ ਜ਼ਿਆਦਾ ਕੀਮਤੀ ਹੀਰਾ, ਪਰੰਤੂ ਰੰਗ ਅਤੇ ਸਫ਼ਾਈ ਵੀ ਇਸ ਦੀ ਕੀਮਤ ਉੱਤੇ ਪ੍ਰਭਾਵ ਪਾਉਣਗੇ।
“ਹੀਰੇ ਅਨੇਕ ਸ਼ਕਲਾਂ ਅਤੇ ਰੰਗਾਂ ਵਿਚ ਮਿਲਦੇ ਹਨ, ਜਿਵੇਂ ਤੁਸੀਂ ਸਾਡੇ ਅਣਘੜੇ ਹੀਰਿਆਂ ਵਿਚ ਦੇਖਿਆ ਹੋਵੇਗਾ। ਉਨ੍ਹਾਂ ਨੂੰ ਰੰਗਾਂ ਅਨੁਸਾਰ ਵੱਖਰਾ ਕਰਨਾ ਸਾਡਾ ਪਹਿਲਾ ਕੰਮ ਹੁੰਦਾ ਹੈ, ਅਤੇ ਚਿੱਟੇ ਹੀਰੇ ਜ਼ਿਆਦਾ ਕੀਮਤੀ ਹੁੰਦੇ ਹਨ। ਹਾਲਾਂਕਿ, ਕੁਝ ਅਜਿਹੇ ਪੱਥਰ ਵੀ ਹੁੰਦੇ ਹਨ ਜਿਨ੍ਹਾਂ ਦੇ ਅਜਿਹੇ ਰੰਗ ਹਨ ਜਿਨ੍ਹਾਂ ਨੂੰ ਅਸੀਂ ਸਜਾਵਟੀ ਰੰਗ ਸੱਦਦੇ ਹਾਂ, ਜਿਵੇਂ ਕਿ ਗੁਲਾਬੀ, ਨੀਲਾ, ਜਾਂ ਲਾਲ; ਅਤੇ ਇਹ ਚਿੱਟੇ ਪੱਥਰਾਂ ਨਾਲੋਂ ਜ਼ਿਆਦਾ ਕੀਮਤ ਤੇ ਵਿੱਕਦੇ ਹਨ, ਕਿਉਂਕਿ ਇਹ ਬਹੁਤ ਹੀ ਦੁਰਲੱਭ ਹਨ।
“ਆਖ਼ਰਕਾਰ, ਸਾਨੂੰ ਪੱਥਰ ਨੂੰ ਉਸ ਦੀ ਸਫ਼ਾਈ ਦੇ ਅਨੁਸਾਰ ਵਰਗੀਕ੍ਰਿਤ ਕਰਨਾ ਪੈਂਦਾ ਹੈ। ਜੇਕਰ ਪੱਥਰ ਨੁਕਸਰਹਿਤ ਵਰਗੀਕ੍ਰਿਤ ਕੀਤਾ ਜਾਂਦਾ ਹੈ, ਮਤਲਬ ਕਿ ਜਦੋਂ ਤੁਸੀਂ ਪੱਥਰ ਦੇ ਅੰਦਰ ਦੇਖਦੇ ਹੋ—ਇਕ ਵੱਡਦਰਸ਼ੀ ਸ਼ੀਸ਼ੇ ਦੇ ਨਾਲ ਵੀ—ਤਾਂ ਤੁਸੀਂ ਕੋਈ ਵੀ ਨੁਕਸ ਨਹੀਂ ਦੇਖੋਗੇ। ਇਸ ਲਈ, ਇਕ ਹੀਰੇ ਦੀ ਕਾਟ, ਸਫ਼ਾਈ ਅਤੇ ਰੰਗ ਉੱਨੇ ਹੀ ਮਹੱਤਵਪੂਰਣ ਹੋ ਸਕਦੇ ਹਨ ਜਿੰਨਾ ਕਿ ਉਸ ਦਾ ਕੈਰਟਾਂ ਵਿਚ ਵਜ਼ਨ। ਉਦਾਹਰਣ ਵਜੋਂ, 1995 ਵਿਚ, ਪਾਲਿਸ਼ ਕੀਤੇ ਗਏ ਸ਼ਾਇਦ ਇਕ ਸਭ ਤੋਂ ਵੱਡੇ ਹੀਰੇ (546.67 ਕੈਰਟਾਂ) ਦੀ ਨੁਮਾਇਸ਼ ਲਗਾਈ ਗਈ ਸੀ। ਲੇਕਿਨ ਉਸ ਦੇ ਆਕਾਰ ਦੇ ਬਾਵਜੂਦ—ਜੋ ਲਗਭਗ ਇਕ ਗੌਲਫ ਦੀ ਗੇਂਦ ਜਿੰਨਾ ਸੀ—ਉਸ ਦੀ ਘਟੀਆ ਸਫ਼ਾਈ ਅਤੇ ਪੀਲੇ-ਭੂਰੇ ਰੰਗ ਦੇ ਕਾਰਨ, ਉਹ ਦੁਨੀਆਂ ਦਾ ਸਭ ਤੋਂ ਕੀਮਤੀ ਹੀਰਾ ਨਹੀਂ ਹੈ।”
ਐਂਟਵਰਪ ਤੋਂ ਰਵਾਨਾ ਹੋਣ ਤੋਂ ਪਹਿਲਾਂ, ਮੈਂ ਹਾਂਜ਼ ਵਿੰਸ ਨਾਲ ਗੱਲ ਕੀਤੀ, ਜੋ 50 ਸਾਲਾਂ ਤੋਂ ਹੀਰਿਆਂ ਦੇ ਕਾਰੋਬਾਰ ਵਿਚ ਹੈ। ਮੈਂ ਇਕ ਆਖ਼ਰੀ ਸਵਾਲ ਪੁੱਛਣਾ ਚਾਹੁੰਦਾ ਸੀ ਕਿ ਇਕ ਹੀਰੇ ਨੂੰ ਕਿਹੜੀ ਚੀਜ਼ ਇੰਨਾ ਵਿਸ਼ੇਸ਼ ਬਣਾਉਂਦੀ ਹੈ?
“ਮੈਨੂੰ ਛੋਟੇ ਪੱਥਰ ਇੰਨੇ ਦਿਲਚਸਪ ਨਹੀਂ ਲੱਗਦੇ ਹਨ—ਉਹ ਇਕ ਮਸ਼ੀਨ ਉੱਤੇ ਵੀ ਤਰਾਸ਼ੇ ਜਾ ਸਕਦੇ ਹਨ,” ਉਸ ਨੇ ਜਵਾਬ ਦਿੱਤਾ। “ਲੇਕਿਨ ਵੱਡੇ ਹੀਰੇ ਮੈਨੂੰ ਆਕਰਸ਼ਿਤ ਕਰਦੇ ਹਨ। ਹਰੇਕ ਪੱਥਰ ਵੱਖਰਾ ਹੁੰਦਾ ਹੈ—ਇਕ ਨਿਰਾਲੀ ਰਚਨਾ ਜੋ ਲੱਖਾਂ ਹੀ ਸਾਲਾਂ ਤੋਂ ਜੁਆਲਾਮੁਖੀ ਦਬਾਉ ਕਾਰਨ ਕਾਰਬਨ ਤੋਂ ਉਤਪੰਨ ਹੁੰਦੀ ਹੈ। ਜਦੋਂ ਤੁਸੀਂ ਪੱਥਰ ਦੀ ਜਾਂਚ ਕਰਦੇ ਹੋ, ਤਾਂ ਤੁਸੀਂ ਅਸਲ ਵਿਚ ਉਸ ਦੀਆਂ ਵਿਕਾਸ ਰੇਖਾਵਾਂ ਨੂੰ ਦੇਖ ਸਕਦੇ ਹੋ, ਜਿਵੇਂ ਕਿ ਇਕ ਦਰਖ਼ਤ ਦੇ ਤਣੇ ਵਿਚ। ਇਕ ਤਜਰਬੇਕਾਰ ਵਪਾਰੀ ਤੁਹਾਨੂੰ ਇਹ ਵੀ ਦੱਸ ਸਕਦਾ ਹੈ ਕਿ ਉਹ ਕਿਸ ਖਾਣ ਵਿੱਚੋਂ ਆਇਆ ਹੈ।
“ਇਕ ਹੀਰੇ ਦਾ ਕਾਰੀਗਰ ਅਜਿਹੇ ਪੱਥਰ ਨੂੰ ਉਸੇ ਤਰ੍ਹਾਂ ਦੇਖਦਾ ਹੈ ਜਿਵੇਂ ਇਕ ਮੂਰਤੀਕਾਰ ਸੰਗਮਰਮਰ ਦੇ ਟੁਕੜੇ ਵੱਲ ਦੇਖਦਾ ਹੈ। ਉਹ ਪਹਿਲਾਂ ਤੋਂ ਹੀ ਕਲਪਨਾ ਕਰਦਾ ਹੈ ਕਿ ਉਹ ਕੀ ਰਚਾ ਸਕਦਾ ਹੈ। ਆਪਣੀ ਕਲਪਨਾ ਵਿਚ, ਉਹ ਤਰਾਸ਼ ਰਿਹਾ ਹੁੰਦਾ ਹੈ ਅਤੇ ਇਕ ਸ਼ਾਨਦਾਰ ਨਗ ਉਤਪੰਨ ਹੁੰਦਾ ਹੈ। ਮੈਂ ਇਹ ਸੋਚਣਾ ਪਸੰਦ ਕਰਦਾ ਹਾਂ ਕਿ ਜਦੋਂ ਉਹ ਹੀਰਾ ਇਕ ਅੰਗੂਠੀ ਜਾਂ ਹਾਰ ਵਿਚ ਆਪਣੀ ਅਖ਼ੀਰਲੀ ਮੰਜ਼ਲ ਤੇ ਜੜ੍ਹਿਆ ਜਾਵੇਗਾ, ਤਾਂ ਉਹ ਆਪਣੇ ਮਾਲਕ ਨੂੰ ਵੀ ਉੱਨੀ ਹੀ ਖ਼ੁਸ਼ੀ ਦੇਵੇਗਾ।”
ਸਭ ਕੁਝ ਕਹਿਣ ਅਤੇ ਕਰਨ ਤੋਂ ਬਾਅਦ, ਇਹ ਸਪੱਸ਼ਟ ਹੈ ਕਿ ਹੀਰਾ ਬਣਾਉਣਾ ਲਾਭਕਾਰੀ ਹੈ।
[ਫੁਟਨੋਟ]
a ਹੀਰਿਆਂ ਦੀ ਉੱਚੀ ਕੀਮਤ ਦਾ ਇਕ ਮੁੱਖ ਕਾਰਨ ਹੈ ਏਕਾਧਿਕਾਰ, ਅਰਥਾਤ, ਕੇਂਦਰੀ ਵਿੱਕਰੀ ਸੰਸਥਾ (Central Selling Organization) ਦੁਆਰਾ ਕੰਟ੍ਰੋਲ।
[ਸਫ਼ੇ 23 ਉੱਤੇ ਤਸਵੀਰਾਂ]
8 ਕੈਰਟਾਂ ਦਾ ਦਿਲ-ਨੁਮਾ ਹੀਰਾ (ਪੱਥਰ ਸਕੇਲ ਅਨੁਸਾਰ ਨਹੀਂ )
ਅੰਡਾਕਾਰ ਕਾਟ
“ਕਾਰਡੀਨਲ ਦੀ ਟੋਪੀ” ਵਰਗੀ ਕਾਟ
ਅਣਕੱਟੇ ਪੱਥਰਾਂ ਦਾ ਕੈਰਟ ਵਜ਼ਨ ਨਿਰਧਾਰਿਤ ਕਰਨਾ
ਅਣਘੜੇ ਹੀਰਿਆਂ ਨੂੰ ਰੰਗ ਅਨੁਸਾਰ ਵੱਖ ਕਰਨਾ
ਹੋਰ ਪਾਲਿਸ਼ ਕਰਨ ਦੀ ਲੋੜ ਨੂੰ ਨਿਰਧਾਰਿਤ ਕਰਨ ਲਈ ਪਾਸਿਆਂ ਦੀ ਜਾਂਚ ਕਰਨੀ