ਹਰ ਇਨਸਾਨ ਆਜ਼ਾਦ ਹੋਣਾ ਚਾਹੁੰਦਾ ਹੈ
“ਇਨਸਾਨ ਆਜ਼ਾਦ ਪੈਦਾ ਹੋਇਆ ਸੀ, ਪਰ ਉਹ ਹਰ ਜਗ੍ਹਾ ਜ਼ੰਜੀਰ ਨਾਲ ਜਕੜਿਆ ਰਹਿੰਦਾ ਹੈ,” ਫਰਾਂਸੀਸੀ ਫ਼ਿਲਾਸਫ਼ਰ ਜ਼ੌਨ-ਜ਼ਾਕ ਰੂਸੋ ਨੇ 1762 ਵਿਚ ਲਿਖਿਆ। ਆਜ਼ਾਦ ਪੈਦਾ ਹੋਣਾ। ਕਿੰਨਾ ਵਧੀਆ ਵਿਚਾਰ! ਪਰ ਜਿਵੇਂ ਰੂਸੋ ਨੇ ਕਿਹਾ, ਪੂਰੇ ਇਤਿਹਾਸ ਦੌਰਾਨ ਲੱਖਾਂ ਲੋਕਾਂ ਨੇ ਕਦੀ ਵੀ ਆਜ਼ਾਦੀ ਨਹੀਂ ਮਾਣੀ। ਇਸ ਦੀ ਬਜਾਇ, ਉਹ ਸਾਰੀ ਜ਼ਿੰਦਗੀ “ਜ਼ੰਜੀਰਾਂ ਨਾਲ” ਜਕੜੇ ਰਹੇ ਹਨ ਅਤੇ ਉਹ ਇਕ ਅਜਿਹੀ ਸਮਾਜਕ ਵਿਵਸਥਾ ਵਿਚ ਕੈਦ ਰਹੇ ਹਨ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਹਰ ਸਦੀਵੀ ਖ਼ੁਸ਼ੀ ਅਤੇ ਸੰਤੁਸ਼ਟੀ ਨੂੰ ਖੋਹ ਲਿਆ।
ਅੱਜ ਵੀ ਕਰੋੜਾਂ ਲੋਕ ਅਨੁਭਵ ਕਰਦੇ ਹਨ ਕਿ “ਕੁਝ ਮਨੁੱਖਾਂ ਕੋਲ ਤਾਂ ਸ਼ਕਤੀ ਹੈ, ਪਰ ਕੁਝ ਦੂਜੇ ਉਹਨਾਂ ਸ਼ਕਤੀਸ਼ਾਲੀਆਂ ਦਾ ਅਤਿਆਚਾਰ ਸਹਿ ਰਹੇ ਹਨ।” (ਉਪਦੇਸ਼ਕ ਦੀ ਪੋਥੀ 8:9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਤਾਕਤ ਹਾਸਲ ਕਰਨ ਦੀ ਦੌੜ ਵਿਚ ਅੱਜ ਵੀ ਬਹੁਤ ਸਾਰੇ ਆਦਮੀਆਂ ਅਤੇ ਔਰਤਾਂ ਨੂੰ ਦੂਸਰਿਆਂ ਦੀ ਆਜ਼ਾਦੀ ਨੂੰ ਕੁਚਲ ਕੇ ਬਿਲਕੁਲ ਦੁੱਖ ਨਹੀਂ ਹੁੰਦਾ। “ਹਿੰਸਕ ਮਾਰੂ ਦਸਤਿਆਂ ਨੇ 21 ਲੋਕਾਂ ਦੀ ਜਾਨ ਲਈ,” ਇਕ ਆਮ ਰਿਪੋਰਟ ਨੇ ਕਿਹਾ। ਦੂਸਰੀ ਰਿਪੋਰਟ ਨੇ ਸੁਰੱਖਿਆ ਦਲਾਂ ਦੇ “ਕਸਾਈਪੁਣੇ” ਬਾਰੇ ਦੱਸਿਆ ਜਿਨ੍ਹਾਂ ਨੇ ‘ਅਸੁਰੱਖਿਅਤ ਅਤੇ ਮੁਕਾਬਲਾ ਨਾ ਕਰ ਸਕਣ ਵਾਲੀਆਂ ਔਰਤਾਂ, ਬੱਚਿਆਂ ਅਤੇ ਬੁੱਢਿਆਂ ਨੂੰ ਮਾਰ ਸੁੱਟਿਆ, ਉਨ੍ਹਾਂ ਦੇ ਗਲ਼ ਵੱਢ ਦਿੱਤੇ, ਆਮ ਕੈਦੀਆਂ ਦੇ ਸਿਰਾਂ ਵਿਚ ਗੋਲੀਆਂ ਮਾਰੀਆਂ, ਅਤੇ ਸਾੜ-ਫੂਕ ਦੀ ਨੀਤੀ ਤੇ ਚੱਲਦੇ ਹੋਏ ਅੰਨ੍ਹੇਵਾਹ ਬੰਬਾਰੀ ਕੀਤੀ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ।’
ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਲੋਕ ਜ਼ੁਲਮ ਤੋਂ ਆਜ਼ਾਦੀ ਪ੍ਰਾਪਤ ਕਰਨ ਦੀ ਬਹੁਤ ਇੱਛਾ ਰੱਖਦੇ ਹਨ, ਅਤੇ ਆਜ਼ਾਦੀ ਪ੍ਰਾਪਤ ਕਰਨ ਲਈ ਲੜਦੇ ਹਨ! ਪਰ ਕੌੜੀ ਸੱਚਾਈ ਤਾਂ ਇਹ ਹੈ ਕਿ ਇਕ ਇਨਸਾਨ ਦੀ ਆਜ਼ਾਦੀ ਦੀ ਲੜਾਈ ਵਿਚ ਅਕਸਰ ਦੂਸਰੇ ਲੋਕਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਨੂੰ ਕੁਚਲਿਆ ਜਾਂਦਾ ਹੈ। ਇਸ ਆਜ਼ਾਦੀ ਦੀ ਲੜਾਈ ਵਿਚ ਅਕਸਰ ਬੇਕਸੂਰ ਆਦਮੀਆਂ, ਔਰਤਾਂ ਤੇ ਬੱਚਿਆਂ ਦੀ ਬਲੀ ਦਿੱਤੀ ਜਾਂਦੀ ਹੈ, ਅਤੇ ਇਹ ਕਹਿੰਦੇ ਹੋਏ ਉਨ੍ਹਾਂ ਦੀ ਮੌਤ ਨੂੰ ਜਾਇਜ਼ ਕਰਾਰ ਦੇ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੇ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਹੈ। ਉਦਾਹਰਣ ਲਈ ਪਿਛਲੇ ਸਾਲ ਆਇਰਲੈਂਡ ਦੇ ਇਕ ਛੋਟੇ ਜਿਹੇ ਪਿੰਡ ਓਮਾ ਵਿਚ “ਇਨਕਲਾਬੀਆਂ” ਨੇ ਇਕ ਕਾਰ ਵਿਚ ਬੰਬ ਰੱਖਿਆ, ਜਿਸ ਕਰਕੇ 29 ਬੇਕਸੂਰ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖ਼ਮੀ ਹੋ ਗਏ।
ਅਜੇ ਵੀ ‘ਜ਼ੰਜੀਰਾਂ ਨਾਲ ਜਕੜੇ ਹੋਏ ਹਨ’
ਜਦੋਂ ਲੜਾਈ ਖ਼ਤਮ ਹੋ ਜਾਂਦੀ ਹੈ, ਤਾਂ ਕੀ ਇਸ ਦਾ ਕੋਈ ਫ਼ਾਇਦਾ ਨਜ਼ਰ ਆਉਂਦਾ ਹੈ? ਜਦੋਂ “ਇਨਕਲਾਬੀ” ਆਪਣੀਆਂ ਲੜਾਈਆਂ ਜਿੱਤ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸ਼ਾਇਦ ਕੁਝ ਹੱਦ ਤਕ ਆਜ਼ਾਦੀ ਮਿਲੇ। ਪਰ ਕੀ ਉਹ ਸੱਚ-ਮੁੱਚ ਆਜ਼ਾਦ ਹੁੰਦੇ ਹਨ? ਕੀ ਇਹ ਸੱਚ ਨਹੀਂ ਹੈ ਕਿ ਆਜ਼ਾਦ ਕਹਿਲਾਉਣ ਵਾਲੇ ਸੰਸਾਰ ਦੇ ਸਭ ਤੋਂ ਜ਼ਿਆਦਾ ਆਜ਼ਾਦ ਸਮਾਜ ਵਿਚ ਵੀ ਲੋਕ ਅਜੇ ਵੀ ਗ਼ਰੀਬੀ, ਅਪੂਰਣਤਾ, ਬੀਮਾਰੀ ਅਤੇ ਮੌਤ ਵਰਗੇ ਬੇਰਹਿਮ ਮਾਲਕਾਂ ਦੀਆਂ “ਜ਼ੰਜੀਰਾਂ ਨਾਲ ਜਕੜੇ” ਹੋਏ ਹਨ? ਫਿਰ ਕੋਈ ਕਿਵੇਂ ਕਹਿ ਸਕਦਾ ਹੈ ਕਿ ਉਹ ਸੱਚ-ਮੁੱਚ ਆਜ਼ਾਦ ਹੈ ਜਿੰਨਾ ਚਿਰ ਉਹ ਇਨ੍ਹਾਂ ਚੀਜ਼ਾਂ ਦਾ ਗ਼ੁਲਾਮ ਹੈ?
ਪ੍ਰਾਚੀਨ ਸਮੇਂ ਵਿਚ ਬਾਈਬਲ ਦੇ ਇਕ ਲਿਖਾਰੀ ਨੇ ਉਸ ਤਰ੍ਹਾਂ ਦੀ ਜ਼ਿੰਦਗੀ ਦਾ ਸਹੀ-ਸਹੀ ਵਰਣਨ ਕੀਤਾ ਜਿਸ ਤਰ੍ਹਾਂ ਦੀ ਜ਼ਿੰਦਗੀ ਪੂਰੇ ਇਤਿਹਾਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਗੁਜ਼ਾਰੀ ਹੈ ਅਤੇ ਅਜੇ ਵੀ ਗੁਜ਼ਾਰਦੇ ਹਨ। ਉਸ ਨੇ ਕਿਹਾ ਕਿ ਅਸੀਂ ਸ਼ਾਇਦ 70 ਜਾਂ 80 ਸਾਲ ਜੀਉਂਦੇ ਰਹੀਏ, “ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ।” (ਜ਼ਬੂਰ 90:10) ਅੱਜ ਬਹੁਤ ਸਾਰੇ ਲੋਕ ਸੰਤਾਪ ਤੇ ਦਹਿਸ਼ਤ ਭਰੀ ਜ਼ਿੰਦਗੀ ਬਤੀਤ ਕਰਦੇ ਹਨ। ਕੀ ਕਦੀ ਕੋਈ ਤਬਦੀਲੀ ਆਵੇਗੀ? ਕੀ ਸਾਡੇ ਸਾਰਿਆਂ ਲਈ ਸੰਤਾਪ ਤੇ ਦਹਿਸ਼ਤ ਤੋਂ ਮੁਕਤ ਅਤੇ ਪੂਰੀ ਤਰ੍ਹਾਂ ਸੰਤੋਖਜਨਕ ਜ਼ਿੰਦਗੀ ਜੀਉਣੀ ਕਦੀ ਸੰਭਵ ਹੋਵੇਗੀ?
ਬਾਈਬਲ ਕਹਿੰਦੀ ਹੈ ਕਿ ਇਹ ਸੰਭਵ ਹੈ! ਇਹ “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਬਾਰੇ ਦੱਸਦੀ ਹੈ। (ਰੋਮੀਆਂ 8:21) ਆਓ ਅਸੀਂ ਉਸ ਆਜ਼ਾਦੀ ਉੱਤੇ ਧਿਆਨ ਨਾਲ ਵਿਚਾਰ ਕਰੀਏ ਜਿਸ ਬਾਰੇ ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਰੋਮ ਦੇ ਮਸੀਹੀਆਂ ਨੂੰ ਲਿਖੀ ਆਪਣੀ ਪੱਤਰੀ ਵਿਚ ਗੱਲ ਕੀਤੀ ਸੀ। ਇਸ ਪੱਤਰੀ ਵਿਚ ਪੌਲੁਸ ਸਾਫ਼-ਸਾਫ਼ ਸਮਝਾਉਂਦਾ ਹੈ ਕਿ ਅਸੀਂ ਸਾਰੇ “ਵਡਿਆਈ ਦੀ ਅਜ਼ਾਦੀ” ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਜੋ ਅਸਲੀ ਅਤੇ ਸਥਾਈ ਹੈ।
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
From the book Beacon Lights of History, Vol. XIII