ਕੀ ਤੁਹਾਡਾ ਬੱਚਾ ਆਪ ਸਹੀ ਫ਼ੈਸਲਾ ਕਰ ਸਕਦਾ ਹੈ?
1. ਯਹੋਵਾਹ ਦੀ ਸੇਵਾ ਕਰਨ ਵਾਲੇ ਕਈ ਬੱਚਿਆਂ ਨੇ ਖ਼ੂਨ ਦੇ ਸੰਬੰਧ ਵਿਚ ਕੀ ਸਾਬਤ ਕੀਤਾ? ਉਦਾਹਰਣ ਦਿਓ।
1 ਕਿਸ ਚੀਜ਼ ਬਾਰੇ ਫ਼ੈਸਲਾ? ਖ਼ੂਨ ਲੈਣ ਜਾਂ ਨਾ ਲੈਣ ਬਾਰੇ। ਜਿਵੇਂ 15 ਜੂਨ 1991 (ਅੰਗ੍ਰੇਜ਼ੀ) ਦੇ ਪਹਿਰਾਬੁਰਜ ਦੇ ਅੰਕ ਵਿਚ ਲੇਖ “ਪਰਮੇਸ਼ੁਰ ਦੇ ਸਿਖਾਏ ਮਾਰਗ ਤੇ ਚੱਲੋ” ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਕਈ ਬੱਚਿਆਂ ਨੂੰ ਇਹ ਸਾਬਤ ਕਰਨਾ ਪਿਆ ਕਿ ਆਪਣੇ ਮਾਪਿਆਂ ਵਾਂਗ ਉਹ ਵੀ ਖ਼ੂਨ ਬਾਰੇ ਪਰਮੇਸ਼ੁਰ ਦੇ ਨਿਯਮ ਦੀ ਪਾਲਣਾ ਕਰਨ ਦੀ ਗਹਿਰੀ ਇੱਛਾ ਰੱਖਦੇ ਹਨ। ਤੁਹਾਡੇ ਬੱਚੇ ਨੂੰ ਵੀ ਇਸ ਤਰ੍ਹਾਂ ਦੀ ਸਥਿਤੀ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ।
2. ਇਕ ਅਦਾਲਤ ਨੇ ਉਸ ਬੱਚੀ ਤੇ ਕਿਹੜਾ ਕਾਨੂੰਨ ਲਾਗੂ ਕੀਤਾ ਜਿਸ ਨੇ ਖ਼ੂਨ ਲੈਣ ਤੋਂ ਮਨ੍ਹਾ ਕਰ ਦਿੱਤਾ ਅਤੇ ਮਸੀਹੀ ਮਾਪੇ ਤੇ ਉਨ੍ਹਾਂ ਦੇ ਬੱਚੇ ਇਸ ਤੋਂ ਕੀ ਸਿੱਖਦੇ ਹਨ?
2 ਕਾਨੂੰਨ ਕੀ ਕਹਿੰਦਾ ਹੈ? ਅਮਰੀਕਾ ਦੇ ਇਲੀਨਾਇ ਰਾਜ ਦੀ ਸੁਪਰੀਮ ਕੋਰਟ ਅਮਰੀਕਾ ਦੀ ਪਹਿਲੀ ਅਜਿਹੀ ਸਰਬ ਉੱਚ ਅਦਾਲਤ ਹੈ ਜਿਸ ਨੇ ਖ਼ੂਨ ਨਾ ਲੈਣ ਦੇ ਮਾਮਲੇ ਵਿਚ ਸਮਝਦਾਰ ਬੱਚਿਆਂ ਦੇ ਹੱਕ ਵਿਚ ਫ਼ੈਸਲਾ ਕੀਤਾ। ਇਕ 17 ਸਾਲ ਦੀ ਭੈਣ ਦੇ ਕੇਸ ਤੇ ਗੌਰ ਕਰ ਕੇ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ: “ਜੇ ਇਹ ਗੱਲ ਸਪੱਸ਼ਟ ਹੈ ਕਿ ਬੱਚੀ ਸਮਝਦਾਰ ਹੈ ਤੇ ਆਪਣੇ ਫ਼ੈਸਲੇ ਦੇ ਅੰਜਾਮ ਨੂੰ ਸਮਝਦੀ ਹੈ ਅਤੇ ਵੱਡਿਆਂ ਵਾਂਗ ਸੋਚ ਸਕਦੀ ਹੈ, ਤਾਂ ਸਮਝਦਾਰ ਬੱਚਿਆਂ ਲਈ ਬਣਾਏ ਸਿਧਾਂਤ ਅਨੁਸਾਰ ਉਸ ਨੂੰ ਕਿਸੇ ਇਲਾਜ ਨੂੰ ਸਵੀਕਾਰ ਕਰਨ ਜਾਂ ਨਾ ਕਰਨ ਦਾ ਕਾਨੂੰਨੀ ਹੱਕ ਦਿੱਤਾ ਜਾਂਦਾ ਹੈ।” ਇਹ ਦੇਖਣ ਲਈ ਕਿ ਬੱਚਾ ਖ਼ੁਦ ਬਾਰੇ ਫ਼ੈਸਲਾ ਕਰਨ ਦੀ ਕਾਬਲੀਅਤ ਰੱਖਦਾ ਹੈ ਜਾਂ ਨਹੀਂ, ਡਾਕਟਰ ਜਾਂ ਅਧਿਕਾਰੀ ਮਰੀਜ਼ ਨਾਲ ਗੱਲ ਕਰ ਕੇ ਜਾਣ ਸਕਦੇ ਹਨ ਕਿ ਮਰੀਜ਼ ਖ਼ੂਨ ਕਿਉਂ ਨਹੀਂ ਲੈਣਾ ਚਾਹੁੰਦਾ। ਬੱਚੇ ਨੂੰ ਆਪਣੀ ਬੀਮਾਰੀ ਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਹੈ ਤੇ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਇਲਾਜ ਨੂੰ ਚੁਣਨ ਦੇ ਕੀ ਨਤੀਜੇ ਨਿਕਲ ਸਕਦੇ ਹਨ। ਨਾਲੇ ਉਹ ਖ਼ੂਨ ਸੰਬੰਧੀ ਪਰਮੇਸ਼ੁਰ ਦੇ ਨਿਯਮ ਬਾਰੇ ਆਪਣੇ ਧਾਰਮਿਕ ਵਿਸ਼ਵਾਸ ਨੂੰ ਸਪੱਸ਼ਟ ਸ਼ਬਦਾਂ ਵਿਚ ਦ੍ਰਿੜ੍ਹਤਾ ਨਾਲ ਦੱਸਣ ਦੇ ਕਾਬਲ ਹੋਣਾ ਚਾਹੀਦਾ ਹੈ।
3. ਮਾਪਿਆਂ ਨੂੰ ਕਿਹੜੇ ਸਵਾਲਾਂ ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਕਿਉਂ?
3 ਤੁਹਾਡਾ ਬੱਚਾ ਕੀ ਕਹੇਗਾ? ਕੀ ਤੁਹਾਡੇ ਬੱਚੇ ਇਸ ਮੁੱਦੇ ਬਾਰੇ ਆਪਣੇ ਵਿਚਾਰ ਜ਼ਾਹਰ ਕਰਨ ਲਈ ਤਿਆਰ ਹਨ? ਕੀ ਉਹ ਪੂਰੇ ਦਿਲੋਂ ਮੰਨਦੇ ਹਨ ਕਿ ‘ਲਹੂ ਤੋਂ ਬਚੇ ਰਹਿਣ’ ਦਾ ਹੁਕਮ ਪਰਮੇਸ਼ੁਰ ਨੇ ਦਿੱਤਾ ਹੈ? (ਰਸੂ. 15:29; 21:25) ਕੀ ਉਹ ਬਾਈਬਲ ਵਿੱਚੋਂ ਆਪਣੇ ਵਿਸ਼ਵਾਸ ਬਾਰੇ ਦੱਸ ਸਕਦੇ ਹਨ? ਜੇ ਡਾਕਟਰ ਕਹਿਣ ਕਿ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿਚ ਹੈ, ਤਾਂ ਕੀ ਉਹ ਦਲੇਰੀ ਨਾਲ ਖ਼ੂਨ ਨਾ ਲੈਣ ਦੇ ਆਪਣੇ ਦ੍ਰਿੜ੍ਹ ਫ਼ੈਸਲੇ ਤੇ ਅਟੱਲ ਰਹਿਣਗੇ, ਉਦੋਂ ਵੀ ਜਦੋਂ ਉਨ੍ਹਾਂ ਦੇ ਮਾਪੇ ਉਨ੍ਹਾਂ ਕੋਲ ਮੌਜੂਦ ਨਹੀਂ? “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ,” ਇਸ ਲਈ ਅਚਾਨਕ ਖਰਿਆਈ ਪਰਖਣ ਵਾਲੀ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਤਿਆਰ ਕਰ ਸਕਦੇ ਹੋ?—ਉਪ. 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ; ਅਫ਼. 6:4.
4, 5. (ੳ) ਮਾਪਿਆਂ ਤੇ ਕਿਹੜੀ ਜ਼ਿੰਮੇਵਾਰੀ ਹੈ ਤੇ ਉਹ ਇਸ ਨੂੰ ਕਿਵੇਂ ਪੂਰਾ ਕਰ ਸਕਦੇ ਹਨ? (ਅ) ਮਾਪਿਆਂ ਦੀ ਮਦਦ ਵਾਸਤੇ ਕਿਹੜੇ ਪ੍ਰਬੰਧ ਕੀਤੇ ਗਏ ਹਨ?
4 ਮਾਪਿਓ, ਤੁਸੀਂ ਕੀ ਕਰ ਸਕਦੇ ਹੋ? ਬੱਚਿਆਂ ਨੂੰ ਖ਼ੂਨ ਸੰਬੰਧੀ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਸਿਖਾਉਣਾ ਤੁਹਾਡੀ ਜ਼ਿੰਮੇਵਾਰੀ ਹੈ। (2 ਤਿਮੋ. 3:14, 15) ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ, ਸਫ਼ੇ 70-4 ਵਿਚ ਖ਼ੂਨ ਦੀ ਵਰਤੋਂ ਬਾਰੇ ਸਾਫ਼-ਸਾਫ਼ ਸਮਝਾਇਆ ਗਿਆ ਹੈ। ਆਪਣੇ ਪਰਿਵਾਰ ਨਾਲ ਇਸ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ। ਸਫ਼ੇ 74-6 ਉੱਤੇ “ਜੇ ਕੋਈ ਕਹਿੰਦਾ ਹੈ” ਸਿਰਲੇਖ ਅਧੀਨ ਜਾਣਕਾਰੀ ਨੂੰ ਵਰਤ ਕੇ ਆਪਣੇ ਬੱਚਿਆਂ ਨਾਲ ਅਭਿਆਸ ਕਰੋ ਤਾਂਕਿ ਉਨ੍ਹਾਂ ਨੂੰ ਇਹ ਸਮਝਾਉਣ ਵਿਚ ਤਜਰਬਾ ਹੋਵੇ ਕਿ ਉਹ ਕੀ ਵਿਸ਼ਵਾਸ ਕਰਦੇ ਹਨ ਤੇ ਕਿਉਂ ਕਰਦੇ ਹਨ। (1 ਪਤ. 3:15) ਹੋਰ ਪ੍ਰਕਾਸ਼ਨਾਂ ਜਿਵੇਂ ਬਰੋਸ਼ਰ ਲਹੂ ਤੁਹਾਡੀ ਜਾਨ ਕਿਵੇਂ ਬਚਾ ਸਕਦਾ ਹੈ? (ਅੰਗ੍ਰੇਜ਼ੀ) ਅਤੇ 15 ਜੂਨ 2004 ਦੇ ਪਹਿਰਾਬੁਰਜ, ਸਫ਼ੇ 14-24 ਉੱਤੇ ਵੀ ਗੌਰ ਕਰੋ। ਇਸ ਤੋਂ ਇਲਾਵਾ, ਵਿਡਿਓ ਖ਼ੂਨ ਤੋਂ ਬਿਨਾਂ ਹੋਰ ਤਰੀਕਿਆਂ ਨਾਲ ਇਲਾਜ—ਮਰੀਜ਼ਾਂ ਦੀਆਂ ਲੋੜਾਂ ਅਤੇ ਹੱਕਾਂ ਨੂੰ ਪੂਰਾ ਕਰਨਾ ਅਤੇ ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ (ਜੋ ਖ਼ੂਨ ਬਿਨਾਂ ਇਲਾਜ—ਦਸਤਾਵੇਜ਼ੀ ਫ਼ਿਲਮ-ਲੜੀ ਨਾਂ ਦੀ ਡੀ. ਵੀ. ਡੀ ਉੱਤੇ ਉਪਲਬਧ ਹਨ) ਵਿਚ ਖ਼ੂਨ ਤੋਂ ਬਿਨਾਂ ਇਲਾਜ ਅਤੇ ਓਪਰੇਸ਼ਨ ਬਾਰੇ ਭਰੋਸੇਲਾਇਕ ਤੇ ਅਸਰਕਾਰੀ ਜਾਣਕਾਰੀ ਦਿੱਤੀ ਗਈ ਹੈ। ਕੀ ਤੁਹਾਡੇ ਪਰਿਵਾਰ ਨੇ ਇਹ ਵਿਡਿਓ ਦੇਖੇ ਹਨ ਤੇ ਇਨ੍ਹਾਂ ਤੇ ਚਰਚਾ ਕੀਤੀ ਹੈ?
5 ਖ਼ੂਨ ਬਾਰੇ “ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ” ਜਾਣਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ। ਫਿਰ ਉਹ ਆਪ ਸਹੀ ਫ਼ੈਸਲਾ ਕਰ ਸਕਣਗੇ ਜਿਸ ਤੋਂ ਯਹੋਵਾਹ ਖ਼ੁਸ਼ ਹੋਵੇਗਾ।—ਰੋਮੀ. 12:2.