ਸਮੇਂ ਦੇ ਪਾਬੰਦ ਹੋਣ ਦੀ ਆਦਤ ਪਾਓ
1. ਸਮੇਂ ਦੇ ਪਾਬੰਦ ਹੋਣ ਸੰਬੰਧੀ ਯਹੋਵਾਹ ਨੇ ਕਿਹੜੀ ਮਿਸਾਲ ਕਾਇਮ ਕੀਤੀ ਹੈ?
1 ਯਹੋਵਾਹ ਹਮੇਸ਼ਾ ਹਰ ਕੰਮ ਸਮੇਂ ਸਿਰ ਕਰਦਾ ਹੈ। ਮਿਸਾਲ ਲਈ, ਉਹ ਆਪਣੇ ਸੇਵਕਾਂ ਦੀ ਉਸ ਵਕਤ ਮਦਦ ਕਰਦਾ ਹੈ ‘ਜਦੋਂ ਉਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ।’ (ਇਬ. 4:16) ਉਹ “ਸਹੀ ਸਮੇਂ ਤੇ” ਆਪਣਾ ਗਿਆਨ ਦਿੰਦਾ ਹੈ। (ਮੱਤੀ 24:45) ਇਸ ਲਈ ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ਆਪਣਾ ਕ੍ਰੋਧ ਦਾ ਦਿਨ ਲਿਆਉਣ ਵਿਚ “ਚਿਰ ਨਾ ਲਾਵੇਗਾ।” (ਹਬ. 2:3) ਇਸ ਦਾ ਸਾਨੂੰ ਹੀ ਫ਼ਾਇਦਾ ਹੁੰਦਾ ਹੈ ਕਿ ਯਹੋਵਾਹ ਹਰ ਕੰਮ ਸਮੇਂ ਸਿਰ ਕਰਦਾ ਹੈ। (ਜ਼ਬੂ. 70:5) ਪਰ ਬਿਜ਼ੀ ਅਤੇ ਨਾਮੁਕੰਮਲ ਹੋਣ ਕਰਕੇ ਸਾਡੇ ਲਈ ਸਮੇਂ ਦੇ ਪਾਬੰਦ ਹੋਣਾ ਮੁਸ਼ਕਲ ਹੋ ਸਕਦਾ ਹੈ। ਫਿਰ ਵੀ ਸਾਨੂੰ ਸਮੇਂ ਦੇ ਪਾਬੰਦ ਹੋਣ ਦੀ ਆਦਤ ਕਿਉਂ ਪਾਉਣੀ ਚਾਹੀਦੀ ਹੈ?
2. ਸਮੇਂ ਦੇ ਪਾਬੰਦ ਹੋ ਕੇ ਅਸੀਂ ਯਹੋਵਾਹ ਦੀ ਵਡਿਆਈ ਕਿਵੇਂ ਕਰਦੇ ਹਾਂ?
2 ਇਨ੍ਹਾਂ ਆਖ਼ਰੀ ਦਿਨਾਂ ਵਿਚ ਲੋਕ ਸੁਆਰਥੀ ਤੇ ਅਸੰਜਮੀ ਹਨ ਜਿਸ ਕਰਕੇ ਉਹ ਸਮੇਂ ਦੇ ਪਾਬੰਦ ਹੋਣਾ ਜ਼ਰੂਰੀ ਨਹੀਂ ਸਮਝਦੇ। (2 ਤਿਮੋ. 3:1-3) ਇਸ ਲਈ ਜਦੋਂ ਅਸੀਂ ਸਮੇਂ ਸਿਰ ਕੰਮ ਤੇ ਅਤੇ ਮੀਟਿੰਗਾਂ ਤੇ ਜਾਂਦੇ ਹਾਂ ਅਤੇ ਕਿਸੇ ਨੂੰ ਦਿੱਤੇ ਸਮੇਂ ਮੁਤਾਬਕ ਮਿਲਦੇ ਹਾਂ, ਤਾਂ ਦੂਜੇ ਇਸ ਗੱਲ ਨੂੰ ਦੇਖਦੇ ਹਨ ਜਿਸ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ। (1 ਪਤ. 2:12) ਅਸੀਂ ਸਮੇਂ ਸਿਰ ਕੰਮ ਤੇ ਜਾਂਦੇ ਹਾਂ, ਪਰ ਕੀ ਅਸੀਂ ਪਰਮੇਸ਼ੁਰ ਦੇ ਕੰਮਾਂ ਲਈ ਅਕਸਰ ਲੇਟ ਹੋ ਜਾਂਦੇ ਹਾਂ? ਮੀਟਿੰਗਾਂ ਵਿਚ ਸ਼ੁਰੂਆਤੀ ਗੀਤ ਤੇ ਪ੍ਰਾਰਥਨਾ ਦੇ ਸਮੇਂ ਹਾਜ਼ਰ ਹੋ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਸਵਰਗੀ ਪਿਤਾ ਦੀ ਰੀਸ ਕਰਨੀ ਚਾਹੁੰਦੇ ਹਾਂ।—1 ਕੁਰਿੰ. 14:33, 40.
3. ਸਮੇਂ ਦੇ ਪਾਬੰਦ ਹੋ ਕੇ ਅਸੀਂ ਦੂਜਿਆਂ ਬਾਰੇ ਕਿਵੇਂ ਸੋਚਦੇ ਹਾਂ?
3 ਸਮੇਂ ਦੇ ਪਾਬੰਦ ਹੋ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਦੂਜਿਆਂ ਬਾਰੇ ਸੋਚਦੇ ਹਾਂ। (ਫ਼ਿਲਿ. 2:3, 4) ਮਿਸਾਲ ਲਈ, ਜਦੋਂ ਅਸੀਂ ਮੰਡਲੀ ਅਤੇ ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਤੇ ਸਮੇਂ ਸਿਰ ਪਹੁੰਚਦੇ ਹਾਂ, ਤਾਂ ਅਸੀਂ ਦੂਜਿਆਂ ਦਾ ਧਿਆਨ ਨਹੀਂ ਭਟਕਾਉਂਦੇ ਜਾਂ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਦੇ। ਪਰ ਜੇ ਲੇਟ ਆਉਣ ਦੀ ਸਾਡੀ ਆਦਤ ਬਣ ਗਈ ਹੈ, ਤਾਂ ਦੂਜਿਆਂ ਨੂੰ ਲੱਗੇਗਾ ਕਿ ਅਸੀਂ ਉਨ੍ਹਾਂ ਦੇ ਸਮੇਂ ਨੂੰ ਨਹੀਂ ਬਲਕਿ ਆਪਣੇ ਸਮੇਂ ਨੂੰ ਕੀਮਤੀ ਸਮਝਦੇ ਹਾਂ। ਜੇ ਅਸੀਂ ਸਮੇਂ ਦੇ ਪਾਬੰਦ ਹਾਂ, ਤਾਂ ਦੂਜੇ ਸਾਡੇ ʼਤੇ ਭਰੋਸਾ ਕਰਨਗੇ।
4. ਜੇ ਅਸੀਂ ਅਕਸਰ ਲੇਟ ਹੁੰਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਕਿਵੇਂ ਸੁਧਾਰ ਸਕਦੇ ਹਾਂ?
4 ਜੇ ਤੁਸੀਂ ਅਕਸਰ ਲੇਟ ਹੁੰਦੇ ਹੋ, ਤਾਂ ਸੋਚੋ ਕਿ ਤੁਸੀਂ ਕਿਉਂ ਲੇਟ ਹੁੰਦੇ ਹੋ। ਆਪਣੇ ਲਈ ਢੁਕਵਾਂ ਸ਼ਡਿਉਲ ਬਣਾਓ ਜਿਸ ਦੀ ਮਦਦ ਨਾਲ ਤੁਸੀਂ ਸਮੇਂ ਸਿਰ ਕੰਮ ਕਰ ਸਕੋਗੇ। (ਉਪ. 3:1; ਫ਼ਿਲਿ. 1:10) ਯਹੋਵਾਹ ਤੋਂ ਮਦਦ ਮੰਗੋ। (1 ਯੂਹੰ. 5:14) ਸਮੇਂ ਦੇ ਪਾਬੰਦ ਹੋ ਕੇ ਅਸੀਂ ਇਨ੍ਹਾਂ ਦੋ ਸਭ ਤੋਂ ਵੱਡੇ ਹੁਕਮਾਂ ਦੀ ਪਾਲਣਾ ਕਰ ਰਹੇ ਹੋਵਾਂਗੇ: ਪਰਮੇਸ਼ੁਰ ਨੂੰ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰੋ।—ਮੱਤੀ 22:37-39.