ਸਿਆਣੀ ਉਮਰ ਦੇ ਭੈਣੋ-ਭਰਾਵੋ ਤੁਸੀਂ ਮੰਡਲੀ ਲਈ ਅਨਮੋਲ ਹੋ!
“ਕਈ ਵਾਰ ਮੈਂ ਇਹ ਸੋਚ ਕੇ ਹੈਰਾਨ ਰਹਿ ਜਾਂਦੀ ਹਾਂ ਕਿ ਮੈਂ ਪਹਿਲਾਂ ਕਿੰਨਾ ਕੁਝ ਕਰ ਲੈਂਦੀ ਸੀ। ਪਰ ਹੁਣ ਇਸ ਉਮਰ ਵਿਚ ਮੇਰਾ ਸਰੀਰ ਸਾਥ ਨਹੀਂ ਦਿੰਦਾ।”— ਕੌਨੀ, 83 ਸਾਲ।
ਹੋ ਸਕਦਾ ਹੈ ਕਿ ਢਲ਼ਦੀ ਉਮਰ ਕਰਕੇ ਤੁਹਾਡਾ ਸਰੀਰ ਹੁਣ ਤੁਹਾਡਾ ਸਾਥ ਨਹੀਂ ਦਿੰਦਾ। ਤੁਸੀਂ ਕਈ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹੋ ਅਤੇ ਹੁਣ ਤੁਹਾਡੇ ਹਾਲਾਤ ਬਦਲ ਗਏ ਹਨ। ਇਸ ਕਰਕੇ ਸ਼ਾਇਦ ਤੁਸੀਂ ਕਈ ਵਾਰ ਨਿਰਾਸ਼ ਹੋ ਜਾਂਦੇ ਹੋ। ਸ਼ਾਇਦ ਤੁਸੀਂ ਸੋਚਣ ਲੱਗ ਪੈਂਦੇ ਹੋ ਕਿ ਪਹਿਲਾਂ ਤੁਸੀਂ ਕਿੰਨਾ ਕੁਝ ਕਰ ਲੈਂਦੇ ਸੀ, ਪਰ ਹੁਣ ਤੁਸੀਂ ਕੁਝ ਵੀ ਨਹੀਂ ਕਰ ਪਾਉਂਦੇ। ਜੇ ਇੱਦਾਂ ਹੈ, ਤਾਂ ਤੁਸੀਂ ਕਿਵੇਂ ਖ਼ੁਸ਼ ਰਹਿ ਸਕਦੇ ਹੋ?
ਯਹੋਵਾਹ ਤੁਹਾਡੇ ਤੋਂ ਕੀ ਚਾਹੁੰਦਾ ਹੈ?
ਖ਼ੁਦ ਨੂੰ ਪੁੱਛੋ: ‘ਯਹੋਵਾਹ ਮੇਰੇ ਤੋਂ ਕੀ ਚਾਹੁੰਦਾ ਹੈ?’ ਧਿਆਨ ਦਿਓ ਬਿਵਸਥਾ ਸਾਰ 6:5 ਵਿਚ ਕੀ ਲਿਖਿਆ ਹੈ। ਇਸ ਵਿਚ ਲਿਖੀ ਗੱਲ ਤੋਂ ਤੁਹਾਨੂੰ ਬਹੁਤ ਹੌਸਲਾ ਮਿਲ ਸਕਦਾ ਹੈ। ਇੱਥੇ ਲਿਖਿਆ ਹੈ: “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਤਾਕਤ ਨਾਲ ਪਿਆਰ ਕਰੋ।”
ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਦਿਲ, ਜਾਨ ਤੇ ਤਾਕਤ ਨਾਲ ਉਸ ਨੂੰ ਪਿਆਰ ਕਰੋ। ਇਸ ਗੱਲ ʼਤੇ ਧਿਆਨ ਦੇ ਕੇ ਤੁਸੀਂ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰੋਗੇ। ਨਾਲੇ ਤੁਸੀਂ ਇਹ ਵੀ ਨਹੀਂ ਸੋਚੋਗੇ ਕਿ ਤੁਸੀਂ ਪਹਿਲਾਂ ਕੀ ਕੁਝ ਕਰ ਪਾਉਂਦੇ ਸੀ ਤੇ ਹੁਣ ਕੀ ਕੁਝ ਨਹੀਂ ਕਰ ਪਾਉਂਦੇ।
ਜ਼ਰਾ ਸੋਚੋ: ਤੁਸੀਂ ਜਵਾਨੀ ਵੇਲੇ ਯਹੋਵਾਹ ਲਈ ਕਿੰਨਾ ਕੁਝ ਕਰ ਪਾ ਰਹੇ ਸੀ? ਯਹੋਵਾਹ ਦੇ ਜ਼ਿਆਦਾਤਰ ਸੇਵਕ ਕਹਿਣਗੇ ਕਿ ਉਸ ਵੇਲੇ ਉਹ ਜਿੰਨਾ ਕਰ ਸਕਦੇ ਸੀ, ਉਹ ਕਰਦੇ ਸੀ। ਤੁਸੀਂ ਉਦੋਂ ਆਪਣੇ ਹਾਲਾਤਾਂ ਮੁਤਾਬਕ ਯਹੋਵਾਹ ਨੂੰ ਸਭ ਤੋਂ ਵਧੀਆ ਦੇ ਰਹੇ ਸੀ। ਹੁਣ ਤੁਸੀਂ ਯਹੋਵਾਹ ਲਈ ਕਿੰਨਾ ਕਰ ਪਾ ਰਹੇ ਹੋ? ਤੁਸੀਂ ਆਪਣੇ ਹਾਲਾਤਾਂ ਮੁਤਾਬਕ ਯਹੋਵਾਹ ਨੂੰ ਅੱਜ ਵੀ ਸਭ ਤੋਂ ਵਧੀਆ ਦੇ ਰਹੇ ਹੋਵੋਗੇ। ਤੁਸੀਂ ਜਿੰਨਾ ਕਰ ਸਕਦੇ ਹੋ, ਤੁਸੀਂ ਉੱਨਾ ਕਰ ਰਹੇ ਹੋ। ਜੇ ਤੁਸੀਂ ਇੱਦਾਂ ਸੋਚੋਗੇ, ਤਾਂ ਤੁਸੀਂ ਸਮਝ ਪਾਓਗੇ ਕਿ ਤੁਸੀਂ ਜਿੰਨਾ ਪਹਿਲਾਂ ਯਹੋਵਾਹ ਲਈ ਕਰ ਰਹੇ ਸੀ, ਅੱਜ ਵੀ ਉੱਨਾ ਹੀ ਕਰ ਰਹੇ ਹੋ। ਤੁਸੀਂ ਪਹਿਲਾਂ ਵੀ ਯਹੋਵਾਹ ਨੂੰ ਸਭ ਤੋਂ ਵਧੀਆ ਦੇ ਰਹੇ ਸੀ ਤੇ ਅੱਜ ਵੀ ਸਭ ਤੋਂ ਵਧੀਆ ਦੇ ਰਹੇ ਹੋ।
ਜਵਾਨੀ ਵੇਲੇ ਤੁਸੀਂ ਯਹੋਵਾਹ ਨੂੰ ਆਪਣੇ ਵੱਲੋਂ ਸਭ ਤੋਂ ਵਧੀਆ ਦਿੱਤਾ ਸੀ ਤੇ ਤੁਸੀਂ ਸਿਆਣੀ ਉਮਰ ਦੇ ਹੋਣ ਤੇ ਵੀ ਯਹੋਵਾਹ ਨੂੰ ਸਭ ਤੋਂ ਵਧੀਆ ਦੇ ਰਹੇ ਹੋ
ਤੁਸੀਂ ਦੂਜਿਆਂ ਲਈ ਬਹੁਤ ਕੁਝ ਕਰ ਸਕਦੇ ਹੋ
ਸਿਰਫ਼ ਇਹ ਨਾ ਸੋਚੀ ਜਾਓ ਕਿ ਢਲ਼ਦੀ ਉਮਰ ਕਰਕੇ ਤੁਸੀਂ ਬਹੁਤਾ ਕੁਝ ਨਹੀਂ ਕਰ ਪਾ ਰਹੇ, ਸਗੋਂ ਇਹ ਸੋਚੋ ਕਿ ਹੁਣ ਤੁਹਾਡੇ ਕੋਲ ਕੀ ਕਰਨ ਦਾ ਮੌਕਾ ਹੈ। ਭਾਵੇਂ ਤੁਹਾਡੀ ਉਮਰ ਹੋ ਗਈ ਹੈ, ਪਰ ਤੁਸੀਂ ਉਹ ਕਰ ਸਕਦੇ ਹੋ ਜੋ ਤੁਸੀਂ ਆਪਣੀ ਜਵਾਨੀ ਵਿਚ ਨਹੀਂ ਕਰ ਸਕਦੇ ਸੀ। ਜਿਵੇਂ:
ਦੂਜਿਆਂ ਨੂੰ ਆਪਣੇ ਤਜਰਬੇ ਸੁਣਾਓ। ਜ਼ਰਾ ਬਾਈਬਲ ਵਿਚ ਲਿਖੀਆਂ ਇਨ੍ਹਾਂ ਗੱਲਾਂ ʼਤੇ ਧਿਆਨ ਦਿਓ:
ਰਾਜਾ ਦਾਊਦ: “ਮੈਂ ਪਹਿਲਾਂ ਜਵਾਨ ਸੀ, ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਤਾਂ ਕਦੇ ਧਰਮੀ ਨੂੰ ਤਿਆਗਿਆ ਹੋਇਆ ਅਤੇ ਨਾ ਹੀ ਉਸ ਦੇ ਬੱਚਿਆਂ ਨੂੰ ਰੋਟੀ ਲਈ ਹੱਥ ਫੈਲਾਉਂਦੇ ਦੇਖਿਆ ਹੈ।”—ਜ਼ਬੂ. 37:25.
ਯਹੋਸ਼ੁਆ: “ਹੁਣ ਦੇਖੋ, ਮੈਂ ਮਰਨ ਕਿਨਾਰੇ ਹਾਂ ਅਤੇ ਤੁਸੀਂ ਆਪਣੇ ਦਿਲ ਅਤੇ ਮਨ ਵਿਚ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਜਿਹੜੇ ਵਾਅਦੇ ਕੀਤੇ ਹਨ, ਉਨ੍ਹਾਂ ਸਾਰੇ ਚੰਗੇ ਵਾਅਦਿਆਂ ਦਾ ਇਕ ਵੀ ਸ਼ਬਦ ਅਜਿਹਾ ਨਹੀਂ ਜੋ ਪੂਰਾ ਨਾ ਹੋਇਆ ਹੋਵੇ। ਉਹ ਸਾਰੇ ਦੇ ਸਾਰੇ ਤੁਹਾਡੇ ਲਈ ਪੂਰੇ ਹੋਏ। ਉਨ੍ਹਾਂ ਵਾਅਦਿਆਂ ਦਾ ਇਕ ਵੀ ਸ਼ਬਦ ਪੂਰਾ ਹੋਏ ਬਿਨਾਂ ਨਾ ਰਿਹਾ।”—ਯਹੋ. 23:14.
ਸ਼ਾਇਦ ਦੂਜਿਆਂ ਦਾ ਹੌਸਲਾ ਵਧਾਉਣ ਲਈ ਤੁਸੀਂ ਵੀ ਉਨ੍ਹਾਂ ਨੂੰ ਕੁਝ ਇੱਦਾਂ ਦੀਆਂ ਗੱਲਾਂ ਕਹੀਆਂ ਹੋਣੀਆਂ। ਦਾਊਦ ਅਤੇ ਯਹੋਸ਼ੁਆ ਨੇ ਆਪਣੇ ਤਜਰਬੇ ਤੋਂ ਗੱਲਾਂ ਕਹੀਆਂ ਸਨ। ਯਹੋਵਾਹ ਦੇ ਇਨ੍ਹਾਂ ਵਫ਼ਾਦਾਰ ਸੇਵਕਾਂ ਨੇ ਸਾਲਾਂ ਤੋਂ ਜੋ ਦੇਖਿਆ ਤੇ ਸੁਣਿਆ ਸੀ, ਉਹੀ ਦੱਸਿਆ। ਇਸ ਲਈ ਉਨ੍ਹਾਂ ਦੀਆਂ ਗੱਲਾਂ ਹੋਰ ਵੀ ਜ਼ਿਆਦਾ ਮਾਅਨੇ ਰੱਖਦੀਆਂ ਸਨ।
ਹੋ ਸਕਦਾ ਹੈ ਕਿ ਤੁਸੀਂ ਕਾਫ਼ੀ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹੋ। ਤੁਸੀਂ ਦੂਜਿਆਂ ਨੂੰ ਦੱਸ ਸਕਦੇ ਹੋ ਕਿ ਇੱਦਾਂ ਕਰਨ ਨਾਲ ਤੁਹਾਨੂੰ ਤੇ ਦੂਜਿਆਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ। ਕੀ ਤੁਹਾਨੂੰ ਕੋਈ ਇੱਦਾਂ ਦੀ ਘਟਨਾ ਜਾਂ ਕਿੱਸਾ ਯਾਦ ਹੈ ਜਦੋਂ ਯਹੋਵਾਹ ਨੇ ਕਿਸੇ ਖ਼ਾਸ ਤਰੀਕੇ ਨਾਲ ਆਪਣੇ ਲੋਕਾਂ ਦੀ ਮਦਦ ਕੀਤੀ ਸੀ? ਜੇ ਹਾਂ, ਤਾਂ ਇਸ ਬਾਰੇ ਦੂਜਿਆਂ ਨੂੰ ਦੱਸੋ। ਇਸ ਨਾਲ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਵੇਗੀ ਜਿੱਦਾਂ ਤੁਹਾਨੂੰ ਹੋਈ ਸੀ। ਯਹੋਵਾਹ ਦੀ ਸੇਵਾ ਵਿਚ ਤੁਹਾਨੂੰ ਜੋ ਤਜਰਬੇ ਹੋਏ ਹਨ, ਉਨ੍ਹਾਂ ਬਾਰੇ ਸੁਣ ਕੇ ਦੂਜਿਆਂ ਦਾ ਹੌਸਲਾ ਵਧ ਸਕਦਾ ਹੈ।—ਰੋਮੀ. 1:11, 12.
ਤੁਸੀਂ ਇਕ ਹੋਰ ਤਰੀਕੇ ਨਾਲ ਦੂਜਿਆਂ ਦਾ ਹੌਸਲਾ ਵਧਾ ਸਕਦੇ ਹੋ। ਜਿੰਨਾ ਹੋ ਸਕੇ ਮੀਟਿੰਗਾਂ ਲਈ ਕਿੰਗਡਮ ਹਾਲ ਵਿਚ ਜਾਓ। ਇਸ ਨਾਲ ਦੂਜਿਆਂ ਨੂੰ ਤਾਂ ਫ਼ਾਇਦਾ ਹੋਵੇਗਾ ਹੀ, ਸਗੋਂ ਤੁਹਾਡਾ ਵੀ ਹੌਸਲਾ ਵਧੇਗਾ। ਭੈਣ ਕੌਨੀ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਕਹਿੰਦੀ ਹੈ: “ਮੀਟਿੰਗਾਂ ਵਿਚ ਜਾਣ ਨਾਲ ਮੇਰੀ ਬਹੁਤ ਮਦਦ ਹੁੰਦੀ ਹੈ। ਮੈਂ ਉਦਾਸ ਨਹੀਂ ਰਹਿੰਦੀ। ਕਿੰਗਡਮ ਹਾਲ ਵਿਚ ਭੈਣਾਂ-ਭਰਾਵਾਂ ਤੋਂ ਇੰਨਾ ਪਿਆਰ ਮਿਲਣ ਤੋਂ ਬਾਅਦ ਵੀ ਮੈਂ ਨਿਰਾਸ਼ ਕਿੱਦਾਂ ਰਹਿ ਸਕਦੀ ਸੀ? ਉਨ੍ਹਾਂ ਲਈ ਆਪਣੀ ਕਦਰ ਜ਼ਾਹਰ ਕਰਨ ਲਈ ਮੈਂ ਉਨ੍ਹਾਂ ਨੂੰ ਛੋਟੇ-ਛੋਟੇ ਤੋਹਫ਼ੇ ਦਿੰਦੀ ਹਾਂ। ਨਾਲੇ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਭੈਣਾਂ-ਭਰਾਵਾਂ ਨਾਲ ਮਿਲ ਕੇ ਮੈਂ ਯਹੋਵਾਹ ਦੇ ਕੰਮਾਂ ਵਿਚ ਲੱਗੀ ਰਹਾਂ।”
ਯਹੋਵਾਹ ਤੁਹਾਡੀ ਸੇਵਾ ਦੀ ਬਹੁਤ ਕਦਰ ਕਰਦਾ ਹੈ
ਬਾਈਬਲ ਵਿਚ ਇੱਦਾਂ ਦੇ ਬਹੁਤ ਸਾਰੇ ਲੋਕਾਂ ਬਾਰੇ ਦੱਸਿਆ ਗਿਆ ਹੈ ਜੋ ਆਪਣੇ ਹਾਲਾਤਾਂ ਕਰਕੇ ਜ਼ਿਆਦਾ ਕੁਝ ਨਹੀਂ ਕਰ ਸਕਦੇ ਸਨ। ਪਰ ਯਹੋਵਾਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ। ਜ਼ਰਾ ਇਕ ਬਜ਼ੁਰਗ ਇਜ਼ਰਾਈਲੀ ਸ਼ਿਮਓਨ ਬਾਰੇ ਸੋਚੋ। ਉਹ ਉਸ ਸਮੇਂ ਜੀਉਂਦਾ ਸੀ ਜਦੋਂ ਯਿਸੂ ਦਾ ਜਨਮ ਹੋਇਆ ਸੀ। ਜਦੋਂ ਸ਼ਿਮਓਨ ਮੰਦਰ ਵਿਚ ਜਾਂਦਾ ਹੋਣਾ, ਤਾਂ ਉਹ ਦੇਖਦਾ ਹੋਣਾ ਕਿ ਉੱਥੇ ਕਈ ਜਵਾਨ ਆਦਮੀ ਮੰਦਰ ਦੇ ਜ਼ਰੂਰੀ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਉਹ ਸੋਚਦਾ ਹੋਣਾ ਕਿ ਇਨ੍ਹਾਂ ਲੋਕਾਂ ਵਾਂਗ ਉਹ ਕੁਝ ਵੀ ਨਹੀਂ ਕਰ ਪਾ ਰਿਹਾ ਤੇ ਉਹ ਯਹੋਵਾਹ ਲਈ ਕਿਸੇ ਕੰਮ ਦਾ ਨਹੀਂ ਸੀ। ਪਰ ਯਹੋਵਾਹ ਉਸ ਬਾਰੇ ਇੱਦਾਂ ਨਹੀਂ ਸੋਚਦਾ ਸੀ। ਯਹੋਵਾਹ ਨੇ ਦੇਖਿਆ ਕਿ ਸ਼ਿਮਓਨ “ਧਰਮੀ ਅਤੇ ਪਰਮੇਸ਼ੁਰ ਤੋਂ ਡਰਨ ਵਾਲਾ ਬੰਦਾ ਸੀ।” ਯਹੋਵਾਹ ਨੇ ਉਸ ਨੂੰ ਨੰਨ੍ਹੇ ਯਿਸੂ ਨੂੰ ਦੇਖਣ ਦਾ ਖ਼ਾਸ ਸਨਮਾਨ ਦਿੱਤਾ। ਯਹੋਵਾਹ ਨੇ ਉਸ ਰਾਹੀਂ ਭਵਿੱਖਬਾਣੀ ਵੀ ਕਰਵਾਈ ਕਿ ਯਿਸੂ ਹੀ ਅੱਗੇ ਚੱਲ ਕੇ ਮਸੀਹ ਬਣੇਗਾ। (ਲੂਕਾ 2:25-35) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਸ਼ਿਮਓਨ ਦੇ ਕਮਜ਼ੋਰ ਅਤੇ ਬੁੱਢੇ ਸਰੀਰ ʼਤੇ ਨਹੀਂ, ਸਗੋਂ ਉਸ ਦੀ ਮਜ਼ਬੂਤ ਨਿਹਚਾ ʼਤੇ ਧਿਆਨ ਦਿੱਤਾ। ਇਸ ਤੋਂ ਇਲਾਵਾ, ਉਸ ਉੱਤੇ ਪਰਮੇਸ਼ੁਰ ਦੀ “ਪਵਿੱਤਰ ਸ਼ਕਤੀ” ਸੀ।
ਯਹੋਵਾਹ ਨੇ ਸ਼ਿਮਓਨ ਨੂੰ ਨੰਨ੍ਹੇ ਯਿਸੂ ਨੂੰ ਦੇਖਣ ਦਾ ਖ਼ਾਸ ਸਨਮਾਨ ਦਿੱਤਾ ਅਤੇ ਉਸ ਤੋਂ ਇਹ ਭਵਿੱਖਬਾਣੀ ਵੀ ਕਰਵਾਈ ਕਿ ਯਿਸੂ ਹੀ ਅੱਗੇ ਜਾ ਕੇ ਮਸੀਹ ਬਣੇਗਾ
ਤੁਸੀਂ ਵੀ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਬਹੁਤ ਅਨਮੋਲ ਸਮਝਦਾ ਹੈ। ਢਲ਼ਦੀ ਉਮਰ ਦੇ ਬਾਵਜੂਦ ਵਫ਼ਾਦਾਰੀ ਨਾਲ ਤੁਸੀਂ ਉਸ ਦੀ ਜੋ ਸੇਵਾ ਕਰ ਰਹੇ ਹੋ, ਉਸ ਦੀ ਉਹ ਬਹੁਤ ਕਦਰ ਕਰਦਾ ਹੈ। ਯਹੋਵਾਹ ਇਕ “ਇਨਸਾਨ ਤੋਂ ਉਨ੍ਹਾਂ ਚੀਜ਼ਾਂ ਦੀ ਹੀ ਉਮੀਦ ਰੱਖਦਾ ਹੈ ਜਿਹੜੀਆਂ ਉਹ ਦੇ ਸਕਦਾ ਹੈ, ਨਾ ਕਿ ਜਿਹੜੀਆਂ ਉਹ ਨਹੀਂ ਦੇ ਸਕਦਾ।”—2 ਕੁਰਿੰ. 8:12.
ਇਸ ਗੱਲ ʼਤੇ ਧਿਆਨ ਦਿਓ ਕਿ ਤੁਸੀਂ ਕੀ ਕਰ ਸਕਦੇ ਹੋ। ਨਾਲੇ ਸੋਚੋ, ਤੁਸੀਂ ਹਾਲੇ ਵੀ ਕਿਨ੍ਹਾਂ ਤਰੀਕਿਆਂ ਨਾਲ ਪ੍ਰਚਾਰ ਕਰ ਸਕਦੇ ਹੋ, ਫਿਰ ਚਾਹੇ ਤੁਸੀਂ ਥੋੜ੍ਹੀ ਦੇਰ ਲਈ ਹੀ ਕਿਉਂ ਨਾ ਕਰ ਪਾਓ? ਜਾਂ ਕੀ ਤੁਸੀਂ ਆਪ ਫ਼ੋਨ ਕਰ ਕੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾ ਸਕਦੇ ਹੋ? ਜਾਂ ਕੀ ਉਨ੍ਹਾਂ ਨੂੰ ਕਾਰਡ ਲਿਖ ਕੇ ਭੇਜ ਸਕਦੇ ਹੋ? ਜਦੋਂ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਤੁਹਾਡੇ ਵਰਗੇ ਭੈਣ-ਭਰਾ ਇਨ੍ਹਾਂ ਛੋਟੇ-ਛੋਟੇ ਤਰੀਕਿਆਂ ਨਾਲ ਪਿਆਰ ਜ਼ਾਹਰ ਕਰਦੇ ਹਨ, ਤਾਂ ਭੈਣਾਂ-ਭਰਾਵਾਂ ਨੂੰ ਬਹੁਤ ਵਧੀਆ ਲੱਗਦਾ ਹੈ।
ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜ਼ਿਆਦਾ ਤੁਰ-ਫਿਰ ਨਹੀਂ ਸਕਦੇ, ਤਾਂ ਵੀ ਤੁਸੀਂ ਯਹੋਵਾਹ ਲਈ ਬਹੁਤ ਕੁਝ ਕਰ ਸਕਦੇ ਹੋ। ਜ਼ਰਾ ਇਕ ਤਜਰਬੇ ʼਤੇ ਧਿਆਨ ਦਿਓ ਜੋ ਇਸ ਲੇਖ ਦੀ ਡੱਬੀ ਵਿਚ ਦਿੱਤਾ ਗਿਆ ਹੈ। “ਉਸ ਦੀ ਜਾਨ ਬਚ ਗਈ।”
ਯਾਦ ਰੱਖੋ ਕਿ ਤੁਸੀਂ ਸਾਲਾਂ ਤੋਂ ਜਿੱਦਾਂ ਯਹੋਵਾਹ ਦੀ ਸੇਵਾ ਕਰ ਰਹੇ ਹੋ ਅਤੇ ਉਸ ਉੱਤੇ ਤੁਹਾਡੀ ਜੋ ਨਿਹਚਾ ਹੈ, ਉਸ ਨੂੰ ਦੇਖ ਕੇ ਦੂਜਿਆਂ ਦਾ ਬਹੁਤ ਹੌਸਲਾ ਵਧਦਾ ਹੈ। ਨਾਲੇ ਤੁਸੀਂ ਧੀਰਜ ਦੇ ਮਾਮਲੇ ਵਿਚ ਬਹੁਤ ਵਧੀਆ ਮਿਸਾਲ ਰੱਖੀ ਹੈ। ਇਸ ਲਈ ਯਕੀਨ ਰੱਖੋ ਕਿ “ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ ਅਤੇ ਇਸ ਪਿਆਰ ਦੇ ਸਬੂਤ ਵਿਚ ਤੁਸੀਂ ਪਵਿੱਤਰ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਕਰ ਵੀ ਰਹੇ ਹੋ।”—ਇਬ. 6:10.
ਜਿੰਨਾ ਹੋ ਸਕੇ ਯਹੋਵਾਹ ਦੀ ਸੇਵਾ ਕਰਦੇ ਰਹੋ
ਡਾਕਟਰਾਂ ਨੇ ਅਧਿਐਨ ਕਰ ਕੇ ਇਹ ਪਤਾ ਲਗਾਇਆ ਹੈ ਕਿ ਸਿਆਣੀ ਉਮਰ ਦੇ ਜਿਹੜੇ ਲੋਕ ਦੂਜਿਆਂ ਦੀ ਮਦਦ ਕਰਦੇ ਹਨ, ਉਨ੍ਹਾਂ ਦੀ ਸਿਹਤ ਜ਼ਿਆਦਾ ਵਧੀਆ ਰਹਿੰਦੀ ਹੈ। ਉਹ ਚੰਗੀ ਤਰ੍ਹਾਂ ਸੋਚ ਪਾਉਂਦੇ ਹਨ ਅਤੇ ਜ਼ਿਆਦਾ ਲੰਬੇ ਸਮੇਂ ਤਕ ਜੀਉਂਦੇ ਰਹਿੰਦੇ ਹਨ।
ਇਹ ਸੱਚ ਹੈ ਕਿ ਦੂਜਿਆਂ ਲਈ ਚੰਗੇ ਕੰਮ ਕਰ ਕੇ ਅਸੀਂ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹੋ ਸਕਦੇ। ਇੱਦਾਂ ਤਾਂ ਸਿਰਫ਼ ਪਰਮੇਸ਼ੁਰ ਦੇ ਰਾਜ ਵਿਚ ਹੀ ਹੋਵੇਗਾ। ਉਦੋਂ ਉਹ ਬੁਢਾਪੇ ਅਤੇ ਮੌਤ ਦੀ ਅਸਲੀ ਵਜ੍ਹਾ ਪਾਪ ਨੂੰ ਮਿਟਾ ਦੇਵੇਗਾ।—ਰੋਮੀ. 5:12.
ਪਰ ਅੱਜ ਵੀ ਯਹੋਵਾਹ ਦੀ ਸੇਵਾ ਕਰਨ ਅਤੇ ਦੂਜਿਆਂ ਦੀ ਉਸ ਬਾਰੇ ਜਾਣਨ ਵਿਚ ਮਦਦ ਕਰਨ ਨਾਲ ਤੁਹਾਡੀ ਉਮੀਦ ਹੋਰ ਵੀ ਪੱਕੀ ਹੋਵੇਗੀ ਅਤੇ ਸ਼ਾਇਦ ਤੁਹਾਡੀ ਸਿਹਤ ਵੀ ਵਧੀਆ ਰਹੇ। ਪਿਆਰੇ ਭੈਣੋ-ਭਰਾਵੋ ਯਕੀਨ ਰੱਖੋ ਕਿ ਯਹੋਵਾਹ ਤੁਹਾਡੀ ਸੇਵਾ ਨੂੰ ਬਹੁਤ ਅਨਮੋਲ ਸਮਝਦਾ ਹੈ ਅਤੇ ਮੰਡਲੀ ਦੇ ਭੈਣ-ਭਰਾ ਤੁਹਾਡੀ ਨਿਹਚਾ ਦੀ ਮਿਸਾਲ ਨੂੰ ਬਹੁਤ ਅਨਮੋਲ ਸਮਝਦੇ ਹਨ।