ਅਧਿਐਨ ਲੇਖ 51
ਗੀਤ 132 ਹੁਣ ਅਸੀਂ ਇਕ ਹੋ ਗਏ
ਵਿਆਹ ਵਾਲੇ ਦਿਨ ਯਹੋਵਾਹ ਨੂੰ ਆਦਰ ਕਿਵੇਂ ਦਿਖਾਈਏ?
“ਸਾਰੇ ਕੰਮ ਸਲੀਕੇ ਨਾਲ ਅਤੇ ਸਹੀ ਢੰਗ ਨਾਲ ਕਰੋ।”—1 ਕੁਰਿੰ. 14:40.
ਕੀ ਸਿੱਖਾਂਗੇ?
ਮਸੀਹੀ ਜੋੜਾ ਆਪਣੇ ਵਿਆਹ ਵਾਲੇ ਦਿਨ ਯਹੋਵਾਹ ਲਈ ਆਦਰ ਕਿਵੇਂ ਦਿਖਾ ਸਕਦਾ ਹੈ।
1-2. ਤੁਹਾਡੇ ਵਿਆਹ ਵਾਲੇ ਦਿਨ ਯਹੋਵਾਹ ਤੁਹਾਡੇ ਲਈ ਕੀ ਚਾਹੁੰਦਾ ਹੈ?
ਕੀ ਤੁਹਾਡਾ ਵਿਆਹ ਹੋਣ ਵਾਲਾ ਹੈ? ਜੇ ਹਾਂ, ਤਾਂ ਤੁਹਾਡੇ ਲਈ ਇਹ ਬਹੁਤ ਖ਼ੁਸ਼ੀ ਦਾ ਮੌਕਾ ਹੋਣਾ! ਤੁਸੀਂ ਜ਼ਰੂਰ ਵਿਆਹ ਦੀਆਂ ਤਿਆਰੀਆਂ ਕਰਨ ਵਿਚ ਰੁੱਝੇ ਹੋਏ ਹੋਣੇ। ਯਹੋਵਾਹ ਵੀ ਤੁਹਾਡੇ ਲਈ ਬਹੁਤ ਖ਼ੁਸ਼ ਹੈ। ਉਹ ਚਾਹੁੰਦਾ ਹੈ ਕਿ ਤੁਹਾਡੇ ਵਿਆਹa ਵਾਲੇ ਦਿਨ ਸਭ ਕੁਝ ਵਧੀਆ ਹੋਵੇ ਅਤੇ ਇਸ ਤੋਂ ਬਾਅਦ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਵੀ ਖ਼ੁਸ਼ੀਆਂ ਹੋਣ।—ਕਹਾ. 5:18; ਸ੍ਰੇਸ਼. 3:11.
2 ਯਹੋਵਾਹ ਇਸ ਗੱਲ ਦਾ ਹੱਕਦਾਰ ਹੈ ਕਿ ਤੁਸੀਂ ਆਪਣੇ ਵਿਆਹ ਵਾਲੇ ਦਿਨ ਉਸ ਲਈ ਆਦਰ ਦਿਖਾਓ। ਅਸੀਂ ਇਹ ਗੱਲ ਕਿਉਂ ਕਹਿ ਸਕਦੇ ਹਾਂ? ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ? ਇਹ ਲੇਖ ਖ਼ਾਸ ਤੌਰ ʼਤੇ ਉਨ੍ਹਾਂ ਲਈ ਤਿਆਰ ਕੀਤਾ ਗਿਆ ਹੈ ਜੋ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ। ਪਰ ਇਸ ਵਿਚ ਦਿੱਤੇ ਅਸੂਲਾਂ ਨਾਲ ਉਨ੍ਹਾਂ ਦੀ ਵੀ ਮਦਦ ਹੋ ਸਕਦੀ ਹੈ ਜਿਹੜੇ ਵਿਆਹ ਵਿਚ ਹਾਜ਼ਰ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਵਿਆਹ ਵਿਚ ਕੁਝ ਜ਼ਿੰਮੇਵਾਰੀਆਂ ਸੰਭਾਲਣ ਲਈ ਕਿਹਾ ਜਾਂਦਾ ਹੈ।
ਯਹੋਵਾਹ ਦਾ ਆਦਰ ਕਰਨਾ ਕਿਉਂ ਜ਼ਰੂਰੀ ਹੈ?
3. ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਮਸੀਹੀ ਜੋੜਿਆਂ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਉਂ?
3 ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਜੋੜਿਆਂ ਨੂੰ ਸਭ ਕੁਝ ਯਹੋਵਾਹ ਦੇ ਬਚਨ ਵਿਚ ਦਿੱਤੇ ਅਸੂਲਾਂ ਮੁਤਾਬਕ ਹੀ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਯਹੋਵਾਹ ਨੇ ਹੀ ਵਿਆਹ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਹੀ ਪਹਿਲੇ ਜੋੜੇ ਆਦਮ ਤੇ ਹੱਵਾਹ ਨੂੰ ਵਿਆਹ ਦੇ ਬੰਧਨ ਵਿਚ ਬੰਨਿਆ ਸੀ। (ਉਤ. 1:28; 2:24) ਇਸ ਲਈ ਮੁੰਡੇ-ਕੁੜੀ ਨੂੰ ਵਿਆਹ ਦੀਆਂ ਤਿਆਰੀਆਂ ਕਰਦੇ ਵੇਲੇ ਸਭ ਤੋਂ ਜ਼ਿਆਦਾ ਅਹਿਮੀਅਤ ਯਹੋਵਾਹ ਦੀ ਸੋਚ ਨੂੰ ਦੇਣੀ ਚਾਹੀਦੀ ਹੈ।
4. ਕਿਹੜੇ ਕਾਰਨ ਕਰਕੇ ਯਹੋਵਾਹ ਤੁਹਾਡੇ ਵਿਆਹ ਵਾਲੇ ਦਿਨ ਆਦਰ ਦਾ ਹੱਕਦਾਰ ਹੈ?
4 ਤੁਹਾਡੇ ਕੋਲ ਆਪਣੇ ਵਿਆਹ ਵਾਲੇ ਦਿਨ ਸਭ ਕੁਝ ਯਹੋਵਾਹ ਦੀ ਸੋਚ ਮੁਤਾਬਕ ਕਰਨ ਦਾ ਮੁੱਖ ਕਾਰਨ ਕਿਹੜਾ ਹੈ? ਇਹੀ ਕਿ ਯਹੋਵਾਹ ਤੁਹਾਡਾ ਸਵਰਗੀ ਪਿਤਾ ਅਤੇ ਤੁਹਾਡਾ ਪੱਕਾ ਦੋਸਤ ਹੈ। (ਇਬ. 12:9) ਬਿਨਾਂ ਸ਼ੱਕ ਤੁਸੀਂ ਉਸ ਨਾਲ ਆਪਣੀ ਦੋਸਤੀ ਬਣਾਈ ਰੱਖਣੀ ਚਾਹੁੰਦੇ ਹੋਣੇ। ਇਸ ਲਈ ਤੁਸੀਂ ਆਪਣੇ ਵਿਆਹ ਵਾਲੇ ਦਿਨ ਜਾਂ ਹੋਰ ਕਿਸੇ ਦਿਨ ਵੀ ਇੱਦਾਂ ਦਾ ਕੁਝ ਨਹੀਂ ਕਰਨਾ ਚਾਹੋਗੇ ਜਿਸ ਨਾਲ ਤੁਹਾਡੇ ਦੋਸਤ ਯਹੋਵਾਹ ਦਾ ਦਿਲ ਦੁਖੇ। (ਜ਼ਬੂ. 25:14) ਜੇ ਤੁਸੀਂ ਸੋਚੋਗੇ ਕਿ ਯਹੋਵਾਹ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੈ ਅਤੇ ਅੱਗੇ ਵੀ ਕੀ ਕੁਝ ਕਰੇਗਾ, ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਆਪਣੇ ਵਿਆਹ ਵਾਲੇ ਦਿਨ ਤੁਹਾਨੂੰ ਸਭ ਕੁਝ ਇੱਦਾਂ ਕਰਨਾ ਚਾਹੀਦਾ ਹੈ ਜਿਸ ਨਾਲ ਯਹੋਵਾਹ ਲਈ ਆਦਰ ਝਲਕੇ?—ਜ਼ਬੂ. 116:12.
ਤੁਸੀਂ ਯਹੋਵਾਹ ਲਈ ਆਦਰ ਕਿਵੇਂ ਦਿਖਾ ਸਕਦੇ ਹੋ?
5. ਬਾਈਬਲ ਵਿਆਹ ਦੀਆਂ ਤਿਆਰੀਆਂ ਕਰਨ ਵਾਲੇ ਜੋੜਿਆ ਦੀ ਕਿਵੇਂ ਮਦਦ ਕਰ ਸਕਦੀ ਹੈ?
5 ਬਾਈਬਲ ਵਿਚ ਵਿਆਹ ਤੇ ਵਿਆਹ ਨਾਲ ਜੁੜੇ ਹੋਰ ਪ੍ਰੋਗ੍ਰਾਮਾਂ ਲਈ ਹੁਕਮਾਂ ਦੀ ਲੰਬੀ-ਚੌੜੀ ਲਿਸਟ ਨਹੀਂ ਦਿੱਤੀ ਗਈ ਹੈ। ਇਸ ਲਈ ਵਿਆਹ ਕਰਾਉਣ ਵਾਲੇ ਜੋੜੇ ਆਪਣੇ ਹਾਲਾਤਾਂ, ਸਭਿਆਚਾਰ ਅਤੇ ਆਪਣੀ ਪਸੰਦ ਮੁਤਾਬਕ ਇਸ ਦੀਆਂ ਤਿਆਰੀਆਂ ਕਰ ਸਕਦੇ ਹਨ। ਪਰ ਸੱਚੇ ਮਸੀਹੀ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਨੂੰ ਵੀ ਮੰਨਦੇ ਹਨ। (ਮੱਤੀ 22:21) ਇਸ ਦੇ ਨਾਲ-ਨਾਲ ਜਿਹੜੇ ਜੋੜੇ ਬਾਈਬਲ ਦੇ ਅਸੂਲਾਂ ਮੁਤਾਬਕ ਸਾਰੀਆਂ ਤਿਆਰੀਆਂ ਕਰਦੇ ਹਨ, ਉਹ ਯਹੋਵਾਹ ਲਈ ਆਦਰ ਦਿਖਾਉਂਦੇ ਹਨ ਅਤੇ ਉਸ ਦਾ ਦਿਲ ਖ਼ੁਸ਼ ਕਰਦੇ ਹਨ। ਇਸ ਲਈ ਸਾਨੂੰ ਕਿਹੜੇ ਕੁਝ ਅਸੂਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ?
6. ਵਿਆਹ ਕਰਾਉਣ ਵਾਲੇ ਜੋੜੇ ਨੂੰ ਸਰਕਾਰ ਦੇ ਕਾਨੂੰਨ ਕਿਉਂ ਮੰਨਣੇ ਚਾਹੀਦੇ ਹਨ?
6 ਸਰਕਾਰ ਦੇ ਹੁਕਮਾਂ ਨੂੰ ਮੰਨੋ। (ਰੋਮੀ. 13:1, 2) ਬਹੁਤ ਸਾਰੇ ਦੇਸ਼ਾਂ ਵਿਚ ਮੁੰਡੇ-ਕੁੜੀ ਲਈ ਵਿਆਹ ਤੋਂ ਪਹਿਲਾਂ ਸਰਕਾਰ ਦੇ ਕਾਨੂੰਨਾਂ ਨੂੰ ਮੰਨਣਾ ਜ਼ਰੂਰੀ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਪਤਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਸਰਕਾਰ ਨੇ ਵਿਆਹ ਲਈ ਕਿਹੜੇ ਕੁਝ ਕਾਨੂੰਨ ਬਣਾਏ ਹਨ। ਜੇ ਇਨ੍ਹਾਂ ਨੂੰ ਲੈ ਕੇ ਤੁਹਾਡੇ ਮਨ ਵਿਚ ਕੁਝ ਸਵਾਲ ਜਾਂ ਸ਼ੱਕ ਹਨ, ਤਾਂ ਤੁਸੀਂ ਬਿਨਾਂ ਝਿਜਕੇ ਆਪਣੀ ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਲੈ ਸਕਦੇ ਹੋ।b
7. ਵਿਆਹ ਦੇ ਮੌਕੇ ਤੋਂ ਕੀ ਜ਼ਾਹਰ ਹੋਣਾ ਚਾਹੀਦਾ ਹੈ?
7 ਵਿਆਹ ਦੇ ਮੌਕੇ ਤੋਂ ਆਦਰ ਝਲਕੇ। (1 ਕੁਰਿੰ. 10:31, 32) ਪੂਰੀ ਕੋਸ਼ਿਸ਼ ਕਰੋ ਕਿ ਤੁਹਾਡੇ ਵਿਆਹ ਤੋਂ ਦੁਨੀਆਂ ਦੀ ਸੋਚ ਨਾ ਝਲਕੇ, ਸਗੋਂ ਪਵਿੱਤਰ ਸ਼ਕਤੀ ਦੇ ਫਲ ਜ਼ਾਹਰ ਹੋਣ। (ਗਲਾ. 5:19-26, ਫੁਟਨੋਟ) ਬਾਈਬਲ ਦੇ ਅਸੂਲਾਂ ਮੁਤਾਬਕ ਪਰਿਵਾਰ ਦੇ ਮੁਖੀ ਯਾਨੀ ਲਾੜੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਧਿਆਨ ਰੱਖੇ ਕਿ ਵਿਆਹ ਦਾ ਮੌਕਾ ਖ਼ੁਸ਼ੀਆਂ ਭਰਿਆ ਅਤੇ ਆਦਰਯੋਗ ਹੋਵੇ। ਇਸ ਤਰ੍ਹਾਂ ਕਰਨ ਵਿਚ ਕਿਹੜੀ ਗੱਲ ਉਸ ਦੀ ਮਦਦ ਕਰ ਸਕਦੀ ਹੈ? ਬਾਈਬਲ-ਆਧਾਰਿਤ ਵਿਆਹ ਦਾ ਭਾਸ਼ਣ ਜੋ ਪਿਆਰ ਤੇ ਆਦਰਮਈ ਢੰਗ ਨਾਲ ਦਿੱਤਾ ਜਾਂਦਾ ਹੈ ਅਤੇ ਇਸ ਭਾਸ਼ਣ ਨੂੰ ਸੁਣਨ ਵਾਲੇ ਸਮਝ ਸਕਣਗੇ ਕਿ ਵਿਆਹ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ। ਨਾਲੇ ਉਹ ਸਮਝ ਸਕਦੇ ਹਨ ਕਿ ਸਾਡੇ ਲਈ ਵਿਆਹ ਦਾ ਮੌਕਾ ਬਹੁਤ ਅਹਿਮੀਅਤ ਰੱਖਦਾ ਹੈ। ਇਸ ਕਰਕੇ ਜਦੋਂ ਮੁਮਕਿਨ ਹੁੰਦਾ ਹੈ, ਤਾਂ ਜ਼ਿਆਦਾਤਰ ਜੋੜੇ ਇਹ ਭਾਸ਼ਣ ਕਿੰਗਡਮ ਹਾਲ ਵਿਚ ਹੀ ਰੱਖਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਿਆਹ ਦਾ ਭਾਸ਼ਣ ਕਿੰਗਡਮ ਹਾਲ ਵਿਚ ਹੋਵੇ, ਤਾਂ ਪਹਿਲਾਂ ਹੀ ਆਪਣੀ ਮੰਡਲੀ ਦੇ ਬਜ਼ੁਰਗਾਂ ਨੂੰ ਕਿੰਗਡਮ ਹਾਲ ਦਾ ਇਸਤੇਮਾਲ ਕਰਨ ਲਈ ਪੁੱਛੋ।
8. ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਡੇ ਵਿਆਹ ਦੀ ਪਾਰਟੀ ਤੋਂ ਯਹੋਵਾਹ ਲਈ ਆਦਰ ਝਲਕੇ? (ਰੋਮੀਆਂ 13:13)
8 ਰੋਮੀਆਂ 13:13 ਪੜ੍ਹੋ। ਜੇ ਤੁਸੀਂ ਵਿਆਹ ਦੀ ਪਾਰਟੀ ਰੱਖਦੇ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਇਸ ਤੋਂ ਦੁਨੀਆਂ ਦੀ ਸੋਚ ਨਾ ਝਲਕੇ? ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਪਾਰਟੀਆਂ ਵਿਚ ਰੰਗਰਲੀਆਂ ਮਨਾਈਏ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ, ਪਾਰਟੀਆਂ ਵਿਚ ਹੱਦੋਂ ਵੱਧ ਸ਼ਰਾਬ ਪੀਣੀ ਅਤੇ ਦੇਰ ਰਾਤ ਤਕ ਗਾਣੇ ਵਜਾਉਣੇ। ਜੇ ਤੁਸੀਂ ਪਾਰਟੀ ਵਿਚ ਸ਼ਰਾਬ ਵਗੈਰਾ ਵਰਤਾਉਣ ਦਾ ਫ਼ੈਸਲਾ ਕਰਦੇ ਹੋ, ਤਾਂ ਧਿਆਨ ਰੱਖੋ ਕਿ ਕੋਈ ਵੀ ਬਹੁਤ ਜ਼ਿਆਦਾ ਨਾ ਪੀਵੇ।c ਨਾਲੇ ਜੇ ਪਾਰਟੀ ਵਿਚ ਗਾਣੇ ਵਜਾਏ ਜਾਣਗੇ, ਤਾਂ ਧਿਆਨ ਰੱਖੋ ਕਿ ਇਨ੍ਹਾਂ ਦੀ ਆਵਾਜ਼ ਇੰਨੀ ਉੱਚੀ ਨਾ ਹੋਵੇ ਕਿ ਮਹਿਮਾਨ ਆਪਸ ਵਿਚ ਗੱਲਬਾਤ ਨਾ ਕਰ ਸਕਣ। ਇਸ ਤੋਂ ਇਲਾਵਾ, ਗਾਣਿਆਂ ਦੇ ਬੋਲ ਵੀ ਇੱਦਾਂ ਦੇ ਹੋਣ ਕਿ ਕਿਸੇ ਨੂੰ ਠੋਕਰ ਨਾ ਲੱਗੇ।
9. ਵਿਆਹ ਦੀ ਪਾਰਟੀ ਵੇਲੇ ਜੋੜੇ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
9 ਕੀ ਵਿਆਹ ਦੀ ਪਾਰਟੀ ਵੇਲੇ ਤੁਹਾਡੀਆਂ ਫੋਟੋਆਂ ਜਾਂ ਵੀਡੀਓ ਦਿਖਾਈਆਂ ਜਾਣਗੀਆਂ, ਦੂਸਰੇ ਜਣੇ ਤੁਹਾਡੇ ਬਾਰੇ ਕੁਝ ਕਹਿਣਗੇ ਜਾਂ ਕੁਝ ਹੋਰ ਇੱਦਾਂ ਦਾ ਕਰਨਗੇ? ਅਕਸਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਵਿਆਹ ਦੇ ਦਿਨ ਨੂੰ ਖ਼ਾਸ ਬਣਾ ਦਿੰਦੀਆਂ ਹਨ। ਪਰ ਧਿਆਨ ਰੱਖੋ ਕਿ ਇਨ੍ਹਾਂ ਕਰਕੇ ਸਾਰਿਆਂ ਨੂੰ ਖ਼ੁਸ਼ੀ ਹੋਵੇ। (ਫ਼ਿਲਿ. 4:8) ਇਸ ਲਈ ਆਪਣੇ ਆਪ ਤੋਂ ਪੁੱਛੋ: ‘ਕੀ ਇਨ੍ਹਾਂ ਤੋਂ ਦੂਜਿਆਂ ਲਈ ਆਦਰ ਝਲਕੇਗਾ? ਕੀ ਇਨ੍ਹਾਂ ਤੋਂ ਵਿਆਹ ਲਈ ਆਦਰ ਝਲਕੇਗਾ?’ ਸਭ ਤੋਂ ਅਹਿਮ ਸਵਾਲ ਜੋ ਤੁਸੀਂ ਆਪਣੇ ਆਪ ਨੂੰ ਪੁੱਛ ਸਕਦੇ ਹੋ, ਉਹ ਹੈ, ‘ਕੀ ਇਨ੍ਹਾਂ ਤੋਂ ਯਹੋਵਾਹ ਲਈ ਆਦਰ ਝਲਕੇਗਾ?’ ਚਾਹੇ ਇਸ ਮੌਕੇ ʼਤੇ ਕੁਝ ਤਰ੍ਹਾਂ ਦੇ ਮਜ਼ਾਕ ਕਰਨੇ ਗ਼ਲਤ ਨਹੀਂ ਹਨ, ਪਰ ਧਿਆਨ ਰੱਖੋ ਕਿ ਗੰਦੇ-ਮੰਦੇ ਜਾਂ ਅਸ਼ਲੀਲ ਮਜ਼ਾਕ ਨਾ ਕੀਤੇ ਜਾਣ। (ਅਫ਼. 5:3) ਜੇ ਤੁਹਾਡੇ ਘਰਦੇ ਜਾਂ ਤੁਹਾਡੇ ਦੋਸਤ ਤੁਹਾਡੇ ਬਾਰੇ ਕੁਝ ਕਹਿਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪਹਿਲਾਂ ਹੀ ਦੱਸੋ ਕਿ ਉਨ੍ਹਾਂ ਨੂੰ ਕਿੱਦਾਂ ਦੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਅਤੇ ਤੁਹਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਤੁਹਾਡੀਆਂ ਗੱਲਾਂ ਦਾ ਮਾਣ ਰੱਖਣਗੇ।
10. ਇਕ ਮਸੀਹੀ ਜੋੜੇ ਨੂੰ ਵਿਆਹ ਵਿਚ ਦਿਖਾਵਾ ਕਰਨ ਤੋਂ ਕਿਉਂ ਬਚਣਾ ਚਾਹੀਦਾ? (1 ਯੂਹੰਨਾ 2:15-17)
10 ਹੱਦਾਂ ਵਿਚ ਰਹੋ। (1 ਯੂਹੰਨਾ 2:15-17 ਪੜ੍ਹੋ।) ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਦੇ ਸੇਵਕ ਆਪਣੇ ਵੱਲ ਹੱਦੋਂ ਵੱਧ ਧਿਆਨ ਖਿੱਚਣ ਦੀ ਬਜਾਇ ਉਸ ਨੂੰ ਆਦਰ ਦਿੰਦੇ ਹਨ। ਇਸ ਕਰਕੇ ਸੱਚੇ ਮਸੀਹੀਆਂ ਨੂੰ ਵਿਆਹ ʼਤੇ ਹੱਦੋਂ ਵੱਧ ਪੈਸੇ ਖ਼ਰਚਣ ਅਤੇ ਆਪਣੀ “ਹੈਸੀਅਤ ਦਾ ਦਿਖਾਵਾ” ਕਰਨ ਤੋਂ ਬਚਣਾ ਚਾਹੀਦਾ ਹੈ। ਨਾਲੇ ਸਾਦੇ ਤਰੀਕੇ ਨਾਲ ਵਿਆਹ ਕਰਨ ਦੇ ਕਈ ਫ਼ਾਇਦੇ ਹੋ ਸਕਦੇ ਹਨ। ਇਸ ਬਾਰੇ ਨਾਰਵੇ ਵਿਚ ਰਹਿਣ ਵਾਲਾ ਮਾਈਕ ਦੱਸਦਾ ਹੈ: “ਸਾਦੇ ਤਰੀਕੇ ਨਾਲ ਵਿਆਹ ਕਰ ਕੇ ਅਸੀਂ ਕਰਜ਼ਾ ਲੈਣ ਤੋਂ ਬਚੇ ਅਤੇ ਪਾਇਨੀਅਰਿੰਗ ਜਾਰੀ ਰੱਖ ਸਕੇ। ਚਾਹੇ ਅਸੀਂ ਸਾਦੇ ਤਰੀਕੇ ਨਾਲ ਵਿਆਹ ਕੀਤਾ, ਪਰ ਸਾਡਾ ਵਿਆਹ ਬਹੁਤ ਹੀ ਵਧੀਆ ਹੋਇਆ ਅਤੇ ਇਹ ਸਾਡੇ ਲਈ ਬਹੁਤ ਖ਼ੂਬਸੂਰਤ ਯਾਦ ਬਣ ਗਿਆ।” ਭਾਰਤ ਵਿਚ ਰਹਿਣ ਵਾਲੀ ਤਬੀਥਾ ਨਾਂ ਦੀ ਭੈਣ ਦੱਸਦੀ ਹੈ: “ਸਾਦੇ ਤਰੀਕੇ ਨਾਲ ਵਿਆਹ ਕਰ ਕੇ ਅਸੀਂ ਹੱਦੋਂ ਵੱਧ ਚਿੰਤਾ ਕਰਨ ਤੋਂ ਬਚੇ। ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਤਿਆਰੀਆਂ ਨਹੀਂ ਕਰਨੀਆਂ ਪਈਆਂ। ਨਾਲੇ ਵਿਆਹ ਦੇ ਪ੍ਰਬੰਧਾਂ ਨੂੰ ਲੈ ਕੇ ਸਾਡੇ ਵਿਚ ਅਤੇ ਘਰਦਿਆਂ ਵਿਚ ਕੋਈ ਬਹਿਸ ਵੀ ਨਹੀਂ ਹੋਈ।”
ਮਸੀਹੀ ਚਾਹੇ ਜਿੱਥੇ ਮਰਜ਼ੀ ਰਹਿੰਦੇ ਹੋਣ, ਪਰ ਜੇ ਉਹ ਸਾਦੇ ਤਰੀਕੇ ਨਾਲ ਵਿਆਹ ਕਰਾਉਂਦੇ ਹਨ, ਤਾਂ ਇਹ ਉਨ੍ਹਾਂ ਲਈ ਇਕ ਖ਼ੂਬਸੂਰਤ ਯਾਦ ਬਣ ਸਕਦਾ ਹੈ (ਪੈਰੇ 10-11 ਦੇਖੋ)
11. ਪਹਿਰਾਵੇ ਦੇ ਮਾਮਲੇ ਵਿਚ ਲਾੜਾ-ਲਾੜੀ ਦਿਖਾਵਾ ਕਰਨ ਤੋਂ ਕਿਵੇਂ ਬਚ ਸਕਦੇ ਹਨ? (ਤਸਵੀਰਾਂ ਵੀ ਦੇਖੋ।)
11 ਕੀ ਤੁਸੀਂ ਫ਼ੈਸਲਾ ਕਰ ਲਿਆ ਹੈ ਕਿ ਤੁਸੀਂ ਕੀ ਪਹਿਨੋਗੇ? ਬਿਨਾਂ ਸ਼ੱਕ ਤੁਸੀਂ ਚਾਹੁੰਦੇ ਹੋਣੇ ਕਿ ਤੁਸੀਂ ਸਾਰਿਆਂ ਨਾਲੋਂ ਸੋਹਣੇ ਲੱਗੋ। ਬਾਈਬਲ ਦੇ ਸਮੇਂ ਵਿਚ ਵੀ ਇਕ ਲਾੜਾ-ਲਾੜੀ ਆਪਣੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਵੱਲ ਖ਼ਾਸ ਧਿਆਨ ਦਿੰਦੇ ਸਨ। (ਯਸਾ. 61:10) ਇਹ ਸੱਚ ਹੈ ਕਿ ਤੁਹਾਡੇ ਵਿਆਹ ਵਾਲੇ ਕੱਪੜੇ ਉਨ੍ਹਾਂ ਕੱਪੜਿਆਂ ਤੋਂ ਕੁਝ ਹੱਦ ਤਕ ਵੱਖਰੇ ਹੋਣਗੇ ਜੋ ਤੁਸੀਂ ਹੋਰ ਮੌਕਿਆਂ ʼਤੇ ਪਾਉਂਦੇ ਹੋ। ਪਰ ਤੁਸੀਂ ਵਿਆਹ ਤੇ ਜੋ ਵੀ ਪਾਓ, ਉਹ ਸਲੀਕੇਦਾਰ ਹੋਣਾ ਚਾਹੀਦਾ ਹੈ। (1 ਤਿਮੋ. 2:9) ਧਿਆਨ ਰੱਖੋ ਕਿ ਤੁਸੀਂ ਕੱਪੜਿਆਂ ਜਾਂ ਹਾਰ-ਸ਼ਿੰਗਾਰ ਨੂੰ ਹੱਦੋਂ ਵੱਧ ਅਹਿਮੀਅਤ ਨਾ ਦਿਓ।—1 ਪਤ. 3:3, 4.
12. ਜੋੜੇ ਨੂੰ ਇਹ ਕਿਉਂ ਪੱਕਾ ਕਰਨਾ ਚਾਹੀਦਾ ਹੈ ਕਿ ਉਹ ਉਨ੍ਹਾਂ ਰਸਮਾਂ ਨੂੰ ਠੁਕਰਾਉਣਗੇ ਜੋ ਬਾਈਬਲ ਮੁਤਾਬਕ ਸਹੀ ਨਹੀਂ ਹਨ?
12 ਉਨ੍ਹਾਂ ਰਸਮਾਂ ਨੂੰ ਠੁਕਰਾਓ ਜੋ ਬਾਈਬਲ ਮੁਤਾਬਕ ਸਹੀ ਨਹੀਂ ਹਨ। (ਪ੍ਰਕਾ. 18:4) ਅੱਜ ਸ਼ੈਤਾਨ ਦੀ ਦੁਨੀਆਂ ਵਿਚ ਅਕਸਰ ਵਿਆਹਾਂ ਵਿਚ ਜੋ ਰਸਮਾਂ ਕੀਤੀਆਂ ਜਾਂਦੀਆਂ ਹਨ, ਉਹ ਝੂਠੇ ਧਰਮਾਂ, ਜਾਦੂਗਰੀ ਅਤੇ ਅੰਧਵਿਸ਼ਵਾਸਾਂ ਨਾਲ ਜੁੜੀਆਂ ਹੁੰਦੀਆਂ ਹਨ। ਯਹੋਵਾਹ ਨੇ ਸਾਫ਼-ਸਾਫ਼ ਚੇਤਾਵਨੀ ਦਿੱਤੀ ਹੈ ਕਿ ਅਸੀਂ ਅਜਿਹੀਆਂ ਅਸ਼ੁੱਧ ਚੀਜ਼ਾਂ ਤੋਂ ਦੂਰ ਰਹੀਏ। (2 ਕੁਰਿੰ. 6:14-17) ਕੀ ਤੁਹਾਡੇ ਇਲਾਕੇ ਵਿਚ ਵਿਆਹ ਦੌਰਾਨ ਅਜਿਹੀਆਂ ਕੁਝ ਰਸਮਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਬਾਰੇ ਤੁਹਾਨੂੰ ਪੱਕਾ ਨਹੀਂ ਪਤਾ ਕਿ ਉਹ ਬਾਈਬਲ ਮੁਤਾਬਕ ਸਹੀ ਹਨ ਜਾਂ ਨਹੀਂ? ਜੇ ਹਾਂ, ਤਾਂ ਵਧੀਆ ਹੋਵੇਗਾ ਕਿ ਤੁਸੀਂ ਇਨ੍ਹਾਂ ਦੀ ਸ਼ੁਰੂਆਤ ਬਾਰੇ ਜਾਣੋ ਅਤੇ ਬਾਈਬਲ ਵਿੱਚੋਂ ਕੁਝ ਅਸੂਲਾਂ ਬਾਰੇ ਖੋਜਬੀਨ ਕਰੋ। ਫਿਰ ਦੇਖੋ ਕਿ ਤੁਹਾਨੂੰ ਇਨ੍ਹਾਂ ਨੂੰ ਆਪਣੇ ਵਿਆਹ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਜਾਂ ਨਹੀਂ।
13. ਇਕ ਜੋੜਾ ਤੋਹਫ਼ਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਕਿਵੇਂ ਰੱਖ ਸਕਦਾ ਹੈ?
13 ਤੁਸੀਂ ਜਿੱਥੇ ਰਹਿੰਦੇ ਹੋ, ਕੀ ਉੱਥੇ ਤੋਹਫ਼ੇ ਦੇਣ ਦਾ ਰਿਵਾਜ ਹੈ? ਹਰ ਕੋਈ ਆਪਣੇ ਆਰਥਿਕ ਹਾਲਾਤਾਂ ਮੁਤਾਬਕ ਹੀ ਤੋਹਫ਼ਾ ਦਿੰਦਾ ਹੈ। ਬਿਨਾਂ ਸ਼ੱਕ ਮਸੀਹੀਆਂ ਨੂੰ ਦੂਜਿਆਂ ਨੂੰ ਦੇਣ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਅਤੇ ਇੱਦਾਂ ਕਰ ਕੇ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। (ਕਹਾ. 11:25; ਰਸੂ. 20:35) ਪਰ ਅਸੀਂ ਆਪਣੇ ਮਹਿਮਾਨਾਂ ਤੋਂ ਇਹ ਉਮੀਦ ਨਹੀਂ ਕਰਦੇ ਕਿ ਉਹ ਤੋਹਫ਼ੇ ਜ਼ਰੂਰ ਲੈ ਕੇ ਆਉਣ ਅਤੇ ਤੋਹਫ਼ਾ ਵੀ ਵਧੀਆ ਹੋਵੇ। ਨਾਲੇ ਅਸੀਂ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਕਰਾਉਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਘੱਟ ਕੀਮਤ ਵਾਲੇ ਤੋਹਫ਼ਿਆਂ ਦੀ ਕੋਈ ਕਦਰ ਨਹੀਂ ਹੈ। ਜਦੋਂ ਦੂਜੇ ਆਪਣੀ ਹੈਸੀਅਤ ਮੁਤਾਬਕ ਅਤੇ ਦਿਲੋਂ ਸਾਨੂੰ ਤੋਹਫ਼ੇ ਦਿੰਦੇ ਹਨ, ਤਾਂ ਅਸੀਂ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ ਅਤੇ ਯਹੋਵਾਹ ਵਰਗਾ ਨਜ਼ਰੀਆ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।—2 ਕੁਰਿੰ. 9:7.
ਅਸੀਂ ਮੁਸ਼ਕਲਾਂ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਇਨ੍ਹਾਂ ਨੂੰ ਹੱਲ ਕਰ ਸਕਦੇ ਹਾਂ
14. ਕੁਝ ਜੋੜਿਆਂ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ?
14 ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਿਆਹ ਤੋਂ ਯਹੋਵਾਹ ਲਈ ਆਦਰ ਝਲਕੇ, ਤਾਂ ਇਸ ਦੀਆਂ ਤਿਆਰੀਆਂ ਕਰਦੇ ਵੇਲੇ ਤੁਹਾਨੂੰ ਕੁਝ ਮੁਸ਼ਕਲਾਂ ਆ ਸਕਦੀਆਂ ਹਨ। ਮਿਸਾਲ ਲਈ, ਸ਼ਾਇਦ ਤੁਸੀਂ ਸਾਦੇ ਤਰੀਕੇ ਨਾਲ ਵਿਆਹ ਕਰਨਾ ਚਾਹੁੰਦੇ ਹੋ, ਪਰ ਸ਼ਾਇਦ ਇੱਦਾਂ ਕਰਨਾ ਤੁਹਾਡੇ ਲਈ ਔਖਾ ਹੋਵੇ। ਸੁਲੇਮਾਨ ਟਾਪੂ ਵਿਚ ਰਹਿਣ ਵਾਲਾ ਚਾਰਲੀ ਕਹਿੰਦਾ ਹੈ: “ਸਾਡੇ ਲਈ ਇਹ ਤੈਅ ਕਰਨਾ ਔਖਾ ਸੀ ਕਿ ਅਸੀਂ ਵਿਆਹ ਦੀ ਪਾਰਟੀ ʼਤੇ ਕਿਨ੍ਹਾਂ ਨੂੰ ਸੱਦਾਂਗੇ। ਸਾਡੇ ਬਹੁਤ ਸਾਰੇ ਦੋਸਤ ਹਨ। ਨਾਲੇ ਸਾਡੇ ਸਭਿਆਚਾਰ ਵਿਚ ਹਰ ਕੋਈ ਇਹ ਉਮੀਦ ਰੱਖਦਾ ਹੈ ਕਿ ਉਨ੍ਹਾਂ ਨੂੰ ਵਿਆਹ ਤੇ ਸੱਦਿਆ ਜਾਵੇਗਾ।” ਤਬੀਥਾ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਦੱਸਦੀ ਹੈ: “ਜਿੱਥੇ ਮੈਂ ਰਹਿੰਦੀ ਹਾਂ, ਉੱਥੇ ਵਿਆਹ ਦੀਆਂ ਵੱਡੀਆਂ-ਵੱਡੀਆਂ ਪਾਰਟੀਆਂ ਕਰਨੀਆਂ ਬਹੁਤ ਆਮ ਹਨ। ਸਾਨੂੰ ਆਪਣੇ ਮਾਪਿਆਂ ਨੂੰ ਇਹ ਸਮਝਾਉਣ ਵਿਚ ਕਾਫ਼ੀ ਸਮਾਂ ਲੱਗ ਗਿਆ ਕਿ ਅਸੀਂ ਆਪਣੇ ਵਿਆਹ ਦੀ ਪਾਰਟੀ ਵਿਚ ਤਕਰੀਬਨ 100 ਲੋਕਾਂ ਨੂੰ ਹੀ ਸੱਦਾਂਗੇ।” ਭਾਰਤ ਵਿਚ ਰਹਿਣ ਵਾਲੀ ਸਾਰਾਹ ਦੱਸਦੀ ਹੈ: “ਕੁਝ ਲੋਕਾਂ ਲਈ ਇਹ ਗੱਲ ਬਹੁਤ ਮਾਅਨੇ ਰੱਖਦੀ ਹੈ ਕਿ ਉਹ ਕਿੰਨੇ ਕੁ ਅਮੀਰ ਹਨ ਅਤੇ ਲੋਕ ਉਨ੍ਹਾਂ ਬਾਰੇ ਕੀ ਸੋਚਦੇ ਹਨ। ਮੇਰੇ ਰਿਸ਼ਤੇਦਾਰਾਂ ਦੀਆਂ ਵਿਆਹ ਦੀਆਂ ਪਾਰਟੀਆਂ ਬਹੁਤ ਹੀ ਸ਼ਾਨਦਾਰ ਹੋਈਆਂ। ਇਸ ਕਰਕੇ ਦੂਜੇ ਮੇਰੇ ਉੱਤੇ ਦਬਾਅ ਪਾਉਂਦੇ ਸਨ ਕਿ ਮੇਰੇ ਵਿਆਹ ਦੀ ਪਾਰਟੀ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਸ਼ਾਨਦਾਰ ਹੋਵੇ।” ਕਿਹੜੀ ਗੱਲ ਇਨ੍ਹਾਂ ਅਤੇ ਹੋਰ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ?
15. ਵਿਆਹ ਦੀਆਂ ਤਿਆਰੀਆਂ ਕਰਦੇ ਵੇਲੇ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?
15 ਵਿਆਹ ਦੀਆਂ ਤਿਆਰੀਆਂ ਕਰਦੇ ਵੇਲੇ ਪ੍ਰਾਰਥਨਾ ਕਰੋ। ਤੁਹਾਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ ਅਤੇ ਤੁਸੀਂ ਜੋ ਮਹਿਸੂਸ ਕਰ ਰਹੇ ਹੋ, ਉਸ ਬਾਰੇ ਤੁਸੀਂ ਯਹੋਵਾਹ ਨੂੰ ਦੱਸ ਸਕਦੇ ਹੋ। (ਫ਼ਿਲਿ. 4:6, 7) ਤੁਸੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹੋ ਤਾਂਕਿ ਤੁਸੀਂ ਸਹੀ ਫ਼ੈਸਲੇ ਲੈ ਸਕੋ, ਚਿੰਤਾ ਹੋਣ ਤੇ ਸ਼ਾਂਤ ਰਹਿ ਸਕੋ ਅਤੇ ਲੋੜ ਵੇਲੇ ਦਲੇਰੀ ਦਿਖਾ ਸਕੋ। (1 ਪਤ. 5:7) ਜਦੋਂ ਤੁਸੀਂ ਦੇਖੋਗੇ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰਦਾ ਹੈ, ਤਾਂ ਉਸ ʼਤੇ ਤੁਹਾਡਾ ਭਰੋਸਾ ਹੋਰ ਵਧੇਗਾ। ਤਬੀਥਾ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਦੱਸਦੀ ਹੈ: “ਮੈਨੂੰ ਤੇ ਮੇਰੇ ਮੰਗੇਤਰ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਸੀ ਕਿ ਕਿਤੇ ਸਾਡੇ ਆਪਸ ਵਿਚ ਜਾਂ ਘਰਦਿਆਂ ਨਾਲ ਬਹਿਸ ਨਾ ਹੋ ਜਾਵੇ। ਇਸ ਲਈ ਜਦੋਂ ਵੀ ਅਸੀਂ ਵਿਆਹ ਦੀਆਂ ਤਿਆਰੀਆਂ ਬਾਰੇ ਗੱਲ ਕਰਨੀ ਹੁੰਦੀ ਸੀ, ਤਾਂ ਅਸੀਂ ਪਹਿਲਾਂ ਪ੍ਰਾਰਥਨਾ ਕਰਦੇ ਸੀ। ਅਸੀਂ ਦੇਖਿਆ ਕਿ ਯਹੋਵਾਹ ਨੇ ਸਾਡੀ ਬਹੁਤ ਮਦਦ ਕੀਤੀ ਅਤੇ ਉਸ ਦੌਰਾਨ ਮਾਹੌਲ ਵਧੀਆ ਬਣਿਆ ਰਿਹਾ।”
16-17. ਵਿਆਹ ਦੀਆਂ ਤਿਆਰੀਆਂ ਕਰਦੇ ਵੇਲੇ ਚੰਗੀ ਤਰ੍ਹਾਂ ਗੱਲਬਾਤ ਕਰਨ ਨਾਲ ਕੀ ਫ਼ਾਇਦਾ ਹੋ ਸਕਦਾ ਹੈ?
16 ਸਮਝਦਾਰੀ ਨਾਲ ਤੇ ਸਾਫ਼-ਸਾਫ਼ ਗੱਲ ਕਰੋ। (ਕਹਾ. 15:22) ਤੁਹਾਨੂੰ ਦੋਹਾਂ ਨੂੰ ਮਿਲ ਕੇ ਵਿਆਹ ਬਾਰੇ ਕਈ ਫ਼ੈਸਲੇ ਲੈਣ ਦੀ ਲੋੜ ਪਵੇਗੀ। ਇਸ ਵਿਚ ਵਿਆਹ ਦੀ ਤਾਰੀਖ਼ ਤੈਅ ਕਰਨੀ, ਬਜਟ ਬਣਾਉਣਾ, ਪਰਾਹੁਣਿਆਂ ਦੀ ਲਿਸਟ ਅਤੇ ਹੋਰ ਵੀ ਫ਼ੈਸਲੇ ਸ਼ਾਮਲ ਹਨ। ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਇਕੱਠੇ ਮਿਲ ਕੇ ਆਪਣੇ ਸੁਝਾਵਾਂ ʼਤੇ ਗੌਰ ਕਰੋ। ਨਾਲੇ ਬਾਈਬਲ ਦੇ ਅਸੂਲਾਂ ʼਤੇ ਚਰਚਾ ਕਰੋ ਅਤੇ ਕਿਸੇ ਤਜਰਬੇਕਾਰ ਤੇ ਸਮਝਦਾਰ ਮਸੀਹੀ ਤੋਂ ਵੀ ਸਲਾਹ ਲਓ। ਆਪਣੀ ਪਸੰਦ ਬਾਰੇ ਦੱਸਦਿਆਂ ਪਿਆਰ ਤੇ ਸਮਝਦਾਰੀ ਨਾਲ ਗੱਲ ਕਰੋ ਅਤੇ ਅੜੇ ਨਾ ਰਹੋ। ਜੇ ਤੁਹਾਡੇ ਮਾਪੇ ਤੁਹਾਡੇ ਸਾਮ੍ਹਣੇ ਕੋਈ ਜਾਇਜ਼ ਮੰਗ ਰੱਖਦੇ ਹਨ, ਤਾਂ ਤੁਸੀਂ ਉਨ੍ਹਾਂ ਲਈ ਆਦਰ ਦਿਖਾ ਸਕਦੇ ਹੋ ਕਿਉਂਕਿ ਇਹ ਮੌਕਾ ਉਨ੍ਹਾਂ ਲਈ ਵੀ ਖ਼ਾਸ ਹੈ। ਪਰ ਜੇ ਤੁਸੀਂ ਉਨ੍ਹਾਂ ਦੀ ਮੰਗ ਨੂੰ ਪੂਰਾ ਨਹੀਂ ਕਰ ਸਕਦੇ, ਤਾਂ ਸਮਝਦਾਰੀ ਨਾਲ ਉਨ੍ਹਾਂ ਨੂੰ ਇਸ ਦਾ ਕਾਰਨ ਦੱਸੋ। (ਕੁਲੁ. 4:6) ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਗੱਲ ਸਾਫ਼-ਸਾਫ਼ ਦੱਸੋ ਕਿ ਤੁਹਾਡੇ ਲਈ ਇਹ ਗੱਲ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ ਕਿ ਇਸ ਖ਼ੁਸ਼ੀ ਦੇ ਮੌਕੇ ਤੋਂ ਯਹੋਵਾਹ ਲਈ ਆਦਰ ਝਲਕੇ।
17 ਕਈ ਵਾਰ ਮਾਪਿਆਂ ਨੂੰ ਆਪਣੇ ਫ਼ੈਸਲਿਆਂ ਬਾਰੇ ਸਮਝਾਉਣਾ ਔਖਾ ਹੋ ਸਕਦਾ ਹੈ, ਖ਼ਾਸ ਕਰਕੇ ਜਦੋਂ ਮਾਪੇ ਸੱਚਾਈ ਵਿਚ ਨਾ ਹੋਣ। ਪਰ ਤੁਸੀਂ ਉਨ੍ਹਾਂ ਨੂੰ ਸਮਝਾ ਸਕਦੇ ਹੋ। ਭਾਰਤ ਵਿਚ ਰਹਿਣ ਵਾਲਾ ਸੰਤੋਸ਼ ਦੱਸਦਾ ਹੈ: “ਸਾਡੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਅਸੀਂ ਵਿਆਹ ਵਿਚ ਹਿੰਦੂ ਧਰਮ ਨਾਲ ਜੁੜੇ ਕੁਝ ਰੀਤੀ-ਰਿਵਾਜ ਵੀ ਕਰੀਏ। ਮੈਨੂੰ ਤੇ ਮੇਰੀ ਮੰਗੇਤਰ ਨੂੰ ਆਪਣੇ ਮਾਪਿਆਂ ਨੂੰ ਆਪਣੇ ਫ਼ੈਸਲਿਆਂ ਬਾਰੇ ਸਮਝਾਉਣ ਵਿਚ ਕਾਫ਼ੀ ਸਮਾਂ ਲੱਗ ਗਿਆ। ਪਰ ਅਸੀਂ ਉਨ੍ਹਾਂ ਦੀ ਮਰਜ਼ੀ ਮੁਤਾਬਕ ਵੀ ਕੁਝ ਫੇਰ-ਬਦਲ ਕੀਤੇ ਜਿਨ੍ਹਾਂ ਬਾਰੇ ਸਾਨੂੰ ਪਤਾ ਸੀ ਕਿ ਇਨ੍ਹਾਂ ਕਰਕੇ ਯਹੋਵਾਹ ਸਾਡੇ ਤੋਂ ਨਾਰਾਜ਼ ਨਹੀਂ ਹੋਵੇਗਾ। ਉਦਾਹਰਣ ਲਈ, ਅਸੀਂ ਉਨ੍ਹਾਂ ਦੀ ਮਰਜ਼ੀ ਮੁਤਾਬਕ ਖਾਣ-ਪੀਣ ਦੀਆਂ ਚੀਜ਼ਾਂ ਵਿਚ ਫੇਰ-ਬਦਲ ਕੀਤੇ। ਨਾਲੇ ਅਸੀਂ ਫ਼ੈਸਲਾ ਕੀਤਾ ਕਿ ਅਸੀਂ ਨੱਚਣ-ਗਾਉਣ ਦਾ ਪ੍ਰੋਗ੍ਰਾਮ ਨਹੀਂ ਕਰਾਂਗੇ ਕਿਉਂਕਿ ਸਾਡੇ ਮਾਪਿਆਂ ਨੂੰ ਇਹ ਸਭ ਪਸੰਦ ਨਹੀਂ ਸੀ।”
18. ਤੁਸੀਂ ਕਿਵੇਂ ਧਿਆਨ ਰੱਖ ਸਕਦੇ ਹੋ ਕਿ ਤੁਹਾਡੇ ਵਿਆਹ ਵਾਲੇ ਦਿਨ ਸਭ ਕੁਝ ਸਹੀ ਢੰਗ ਨਾਲ ਹੋਵੇ? (1 ਕੁਰਿੰਥੀਆਂ 14:40) (ਤਸਵੀਰ ਵੀ ਦੇਖੋ।)
18 ਚੰਗੀ ਤਿਆਰੀ ਕਰੋ। ਜੇ ਤੁਸੀਂ ਸਾਰੇ ਪ੍ਰਬੰਧ ਸਹੀ ਢੰਗ ਨਾਲ ਕਰੋਗੇ, ਤਾਂ ਤੁਹਾਨੂੰ ਆਪਣੇ ਵਿਆਹ ਵਾਲੇ ਦਿਨ ਘੱਟ ਚਿੰਤਾ ਹੋਵੇਗੀ। (1 ਕੁਰਿੰਥੀਆਂ 14:40 ਪੜ੍ਹੋ।) ਤਾਇਵਾਨ ਵਿਚ ਰਹਿਣ ਵਾਲਾ ਵੇਨ ਦੱਸਦਾ ਹੈ: “ਜੋ ਲੋਕ ਸਾਡੇ ਵਿਆਹ ਦੇ ਸਾਰੇ ਪ੍ਰਬੰਧ ਕਰਨ ਵਿਚ ਸਾਡੀ ਮਦਦ ਕਰ ਰਹੇ ਸਨ, ਅਸੀਂ ਵਿਆਹ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਇਕ ਛੋਟੀ ਜਿਹੀ ਮੀਟਿੰਗ ਰੱਖੀ। ਅਸੀਂ ਉਨ੍ਹਾਂ ਨਾਲ ਮਿਲ ਕੇ ਕੁਝ ਪ੍ਰਬੰਧਾਂ ਬਾਰੇ ਚਰਚਾ ਕੀਤੀ ਅਤੇ ਅਸੀਂ ਕੁਝ ਕੰਮ ਕਰ ਕੇ ਵੀ ਦੇਖੇ ਤਾਂਕਿ ਵਿਆਹ ਵਾਲੇ ਦਿਨ ਸਭ ਕੁਝ ਵਧੀਆ ਢੰਗ ਨਾਲ ਹੋ ਸਕੇ।” ਜਦੋਂ ਤੁਸੀਂ ਸਭ ਕੁਝ ਸਮੇਂ ਸਿਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਵਿਆਹ ਵਿਚ ਆਏ ਮਹਿਮਾਨਾਂ ਲਈ ਕਦਰ ਦਿਖਾਉਂਦੇ ਹੋ।
ਚੰਗੀ ਤਿਆਰੀ ਕਰਨ ਨਾਲ ਵਿਆਹ ਵਧੀਆ ਢੰਗ ਨਾਲ ਹੋ ਸਕਦਾ ਹੈ (ਪੈਰਾ 18 ਦੇਖੋ)
19. ਤੁਹਾਡੇ ਵਿਆਹ ਦਾ ਦਿਨ ਆਦਰਯੋਗ ਬਣਿਆ ਰਹੇ, ਇਸ ਲਈ ਤੁਸੀਂ ਕੀ ਕਰ ਸਕਦੇ ਹੋ?
19 ਜੇ ਤੁਸੀਂ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਪਹਿਲਾਂ ਤੋਂ ਹੀ ਸੋਚ-ਵਿਚਾਰ ਕਰੋਗੇ, ਤਾਂ ਤੁਸੀਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚ ਸਕੋਗੇ। (ਕਹਾ. 22:3) ਮਿਸਾਲ ਲਈ, ਜੇ ਤੁਸੀਂ ਅਜਿਹੇ ਇਲਾਕੇ ਵਿਚ ਰਹਿੰਦੇ ਹੋ ਜਿੱਥੇ ਲੋਕ ਬਿਨ-ਬੁਲਾਏ ਵਿਆਹ ਵਿਚ ਆ ਜਾਂਦੇ ਹਨ, ਤਾਂ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਡੇ ਵਿਆਹ ਤੇ ਇੱਦਾਂ ਨਾ ਹੋਵੇ? ਪੱਕਾ ਕਰੋ ਤੁਹਾਡੇ ਅਵਿਸ਼ਵਾਸੀ ਰਿਸ਼ਤੇਦਾਰ ਨੂੰ ਦੱਸੋ ਤੁਹਾਡੇ ਵਿਆਹ ਵਿਚ ਕੀ ਕੁਝ ਹੋਵੇਗਾ ਅਤੇ ਸਮਝਾਓ ਕਿ ਵਿਆਹ ਦੀਆਂ ਕੁਝ ਰਸਮਾਂ ਬਾਰੇ ਤੁਹਾਡੀ ਕੀ ਸੋਚ ਹੈ। ਤੁਸੀਂ ਉਨ੍ਹਾਂ ਨੂੰ jw.org ਤੋਂ “ਯਹੋਵਾਹ ਦੇ ਗਵਾਹਾਂ ਦੇ ਵਿਆਹ ਵਿਚ ਕੀ ਕੁਝ ਹੁੰਦਾ ਹੈ?” ਨਾਂ ਦਾ ਲੇਖ ਭੇਜ ਸਕਦੇ ਹੋ। ਤੁਸੀਂ ਕਿਸੇ ਸਮਝਦਾਰ ਭਰਾ ਨੂੰ ਵਿਆਹ ਦੀ ਪਾਰਟੀ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦੇ ਸਕਦੇ ਹੋ। (ਯੂਹੰ. 2:8) ਤੁਸੀਂ ਉਸ ਭਰਾ ਨਾਲ ਆਪਣੇ ਵਿਆਹ ਦੇ ਪ੍ਰਬੰਧਾਂ ਬਾਰੇ ਖੁੱਲ੍ਹ ਕੇ ਚਰਚਾ ਕਰ ਸਕਦੇ ਹੋ। ਇਸ ਤਰ੍ਹਾਂ ਉਹ ਭਰਾ ਸਭ ਕੁਝ ਤੁਹਾਡੀ ਸੋਚ ਮੁਤਾਬਕ ਕਰ ਸਕੇਗਾ ਅਤੇ ਤੁਹਾਡੇ ਵਿਆਹ ਦਾ ਦਿਨ ਆਦਰਯੋਗ ਬਣਿਆ ਰਹੇਗਾ।
20. ਇਕ ਜੋੜਾ ਵਿਆਹ ਬਾਰੇ ਕਿਹੜੀਆਂ ਗੱਲਾਂ ਯਾਦ ਰੱਖ ਸਕਦਾ ਹੈ?
20 ਵਿਆਹ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਾਇਦ ਤੁਹਾਨੂੰ ਬਹੁਤ ਚਿੰਤਾ ਹੋ ਰਹੀ ਹੋਵੇ। ਪਰ ਯਾਦ ਰੱਖੋ ਕਿ ਵਿਆਹ ਇਕ ਦਿਨ ਵਿਚ ਹੀ ਖ਼ਤਮ ਹੋ ਜਾਂਦਾ ਹੈ। ਪਰ ਇਹ ਦਿਨ ਉਸ ਖ਼ੂਬਸੂਰਤ ਜ਼ਿੰਦਗੀ ਦੀ ਸ਼ੁਰੂਆਤ ਹੈ ਜਿਸ ਵਿਚ ਤੁਸੀਂ ਦੋਨੋਂ ਮਿਲ ਕੇ ਯਹੋਵਾਹ ਦੀ ਸੇਵਾ ਕਰ ਸਕੋਗੇ। ਪੂਰੀ ਕੋਸ਼ਿਸ਼ ਕਰੋ ਕਿ ਤੁਹਾਡਾ ਵਿਆਹ ਸਾਦੇ ਤਰੀਕੇ ਨਾਲ ਹੋਵੇ ਅਤੇ ਇਹ ਦਿਨ ਆਦਰਯੋਗ ਬਣਿਆ ਰਹੇ। ਯਹੋਵਾਹ ʼਤੇ ਭਰੋਸਾ ਰੱਖੋ ਤੇ ਉਸ ਦੀ ਸੇਧ ਮੁਤਾਬਕ ਚੱਲੋ। ਇਸ ਤਰ੍ਹਾਂ ਕਰ ਕੇ ਤੁਸੀਂ ਸਭ ਕੁਝ ਵਧੀਆ ਢੰਗ ਨਾਲ ਕਰ ਸਕੋਗੇ। ਨਾਲੇ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖੋਗੇ, ਤਾਂ ਤੁਹਾਨੂੰ ਕੋਈ ਪਛਤਾਵਾ ਨਹੀਂ ਹੋਵੇਗਾ, ਸਗੋਂ ਤੁਹਾਡੇ ਕੋਲ ਖ਼ੂਬਸੂਰਤ ਯਾਦਾਂ ਹੋਣਗੀਆਂ।—ਜ਼ਬੂ. 37:3, 4.
ਗੀਤ 107 ਪਰਮੇਸ਼ੁਰ ਦੇ ਪਿਆਰ ਦੀ ਮਿਸਾਲ
a ਸ਼ਬਦ ਦਾ ਮਤਲਬ: ਬਹੁਤ ਸਾਰੇ ਸਭਿਆਚਾਰਾਂ ਵਿਚ ਵਿਆਹ ਵੇਲੇ ਮੁੰਡਾ-ਕੁੜੀ ਪਰਮੇਸ਼ੁਰ ਅੱਗੇ ਕਸਮਾਂ ਖਾਂਦੇ ਹਨ। ਇਸ ਤੋਂ ਬਾਅਦ, ਕਈ ਜਣੇ ਪਾਰਟੀ ਵੀ ਰੱਖਦੇ ਹਨ। ਪਰ ਜਿਨ੍ਹਾਂ ਸਭਿਆਚਾਰਾਂ ਵਿਚ ਆਮ ਤੌਰ ਤੇ ਵਿਆਹ ਦੀ ਪਾਰਟੀ ਵਗੈਰਾ ਨਹੀਂ ਰੱਖੀ ਜਾਂਦੀ, ਉੱਥੇ ਵੀ ਜੋੜੇ ਆਪਣੇ ਵਿਆਹ ਵਾਲੇ ਦਿਨ ਬਾਈਬਲ ਵਿਚ ਦਿੱਤੇ ਅਸੂਲਾਂ ʼਤੇ ਗੌਰ ਕਰ ਕੇ ਫ਼ਾਇਦਾ ਪਾ ਸਕਦੇ ਹਨ।
b ਵਿਆਹ ਬਾਰੇ ਜੋ ਕਾਨੂੰਨੀ ਮੰਗਾਂ ਹਨ, ਉਨ੍ਹਾਂ ਬਾਰੇ ਮਸੀਹੀਆਂ ਦੀ ਕੀ ਸੋਚ ਜਾਂ ਰਾਇ ਹੈ, ਇਸ ਬਾਰੇ ਹੋਰ ਜਾਣਕਾਰੀ ਲੈਣ ਲਈ 15 ਅਕਤੂਬਰ 2006 ਦੇ ਪਹਿਰਾਬੁਰਜ ਵਿਚ “ਪਰਮੇਸ਼ੁਰ ਤੇ ਇਨਸਾਨਾਂ ਦੀ ਨਜ਼ਰ ਵਿਚ ਆਦਰਯੋਗ ਵਿਆਹ-ਸ਼ਾਦੀ” ਨਾਂ ਦਾ ਲੇਖ ਦੇਖੋ।
c jw.org/pa ʼਤੇ ਕੀ ਮੈਨੂੰ ਮਹਿਮਾਨਾਂ ਨੂੰ ਸ਼ਰਾਬ ਪਿਲਾਉਣੀ ਚਾਹੀਦੀ ਹੈ? ਨਾਂ ਦੀ ਵੀਡੀਓ ਦੇਖੋ।