ਮੰਗਲਵਾਰ 28 ਅਕਤੂਬਰ
‘ਯਹੋਵਾਹ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।’—1 ਪਤ. 5:10.
ਬਾਕੀ ਲੋਕਾਂ ਵਾਂਗ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਯਹੋਵਾਹ ਦੀ ਸੇਵਾ ਕਰਨ ਕਰਕੇ ਕਈ ਲੋਕ ਸਾਡਾ ਵਿਰੋਧ ਕਰਦੇ ਹਨ ਜਾਂ ਸਾਡੇ ʼਤੇ ਜ਼ੁਲਮ ਕਰਦੇ ਹਨ। ਯਹੋਵਾਹ ਸ਼ਾਇਦ ਸਾਡੇ ʼਤੇ ਇੱਦਾਂ ਦੀਆਂ ਮੁਸ਼ਕਲਾਂ ਆਉਣ ਤੋਂ ਨਾ ਰੋਕੇ, ਪਰ ਉਹ ਵਾਅਦਾ ਕਰਦਾ ਹੈ ਕਿ ਉਹ ਇਨ੍ਹਾਂ ਨੂੰ ਪਾਰ ਕਰਨ ਵਿਚ ਸਾਡੀ ਮਦਦ ਜ਼ਰੂਰ ਕਰੇਗਾ। (ਯਸਾ. 41:10) ਉਸ ਦੀ ਮਦਦ ਨਾਲ ਅਸੀਂ ਔਖੀ ਤੋਂ ਔਖੀ ਘੜੀ ਵਿਚ ਵੀ ਖ਼ੁਸ਼ ਰਹਿ ਸਕਦੇ ਹਾਂ, ਸਹੀ ਫ਼ੈਸਲੇ ਕਰ ਸਕਦੇ ਹਾਂ ਅਤੇ ਉਸ ਦੇ ਵਫ਼ਾਦਾਰ ਰਹਿ ਸਕਦੇ ਹਾਂ। ਸੋ ਜਦੋਂ ਅਸੀਂ ਮੁਸ਼ਕਲਾਂ ਵਿਚ ਫਸੇ ਹੁੰਦੇ ਹਾਂ, ਤਾਂ ਯਹੋਵਾਹ ਕਿਵੇਂ ਸਾਡੀ ਮਦਦ ਕਰਦਾ ਹੈ? ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਸ ਸਾਨੂੰ ਅਜਿਹੀ ਸ਼ਾਂਤੀ ਦੇਵੇਗਾ ਜਿਸ ਨੂੰ “ਪਰਮੇਸ਼ੁਰ ਦੀ ਸ਼ਾਂਤੀ” ਕਿਹਾ ਗਿਆ ਹੈ। (ਫ਼ਿਲਿ. 4:6, 7) ਇਹ ਇਸ ਤਰ੍ਹਾਂ ਦਾ ਸਕੂਨ ਹੈ ਜੋ ਸਾਨੂੰ ਉਦੋਂ ਮਿਲਦਾ ਹੈ ਜਦੋਂ ਯਹੋਵਾਹ ਨਾਲ ਸਾਡਾ ਮਜ਼ਬੂਤ ਰਿਸ਼ਤਾ ਹੁੰਦਾ ਹੈ। ਇਹ ਸ਼ਾਂਤੀ “ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” ਇਹ ਇਕ ਅਜਿਹਾ ਅਹਿਸਾਸ ਹੈ ਜਿਸ ਨੂੰ ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਕੀ ਤੁਹਾਡੇ ਨਾਲ ਕਦੀ ਇੱਦਾਂ ਹੋਇਆ ਕਿ ਤੁਸੀਂ ਯਹੋਵਾਹ ਨੂੰ ਗਿੜਗਿੜਾ ਕੇ ਪ੍ਰਾਰਥਨਾ ਕੀਤੀ ਅਤੇ ਫਿਰ ਤੁਹਾਡਾ ਮਨ ਇਕਦਮ ਸ਼ਾਂਤ ਹੋ ਗਿਆ? ਇਹੀ ਹੈ, “ਪਰਮੇਸ਼ੁਰ ਦੀ ਸ਼ਾਂਤੀ।” w24.01 20 ਪੈਰਾ 2; 21 ਪੈਰਾ 4
ਬੁੱਧਵਾਰ 29 ਅਕਤੂਬਰ
ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ; ਮੇਰਾ ਤਨ-ਮਨ ਉਸ ਦੇ ਪਵਿੱਤਰ ਨਾਂ ਦੀ ਮਹਿਮਾ ਕਰੇ।—ਜ਼ਬੂ. 103:1.
ਯਹੋਵਾਹ ਦੇ ਵਫ਼ਾਦਾਰ ਸੇਵਕ ਉਸ ਨੂੰ ਬਹੁਤ ਪਿਆਰ ਕਰਦੇ ਹਨ। ਇਸ ਲਈ ਉਹ ਪੂਰੇ ਦਿਲ ਨਾਲ ਉਸ ਦੇ ਨਾਂ ਦੀ ਮਹਿਮਾ ਕਰਦੇ ਹਨ। ਰਾਜਾ ਦਾਊਦ ਜਾਣਦਾ ਸੀ ਕਿ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਦਾ ਮਤਲਬ ਹੈ, ਯਹੋਵਾਹ ਦੀ ਮਹਿਮਾ ਕਰਨੀ। ਯਹੋਵਾਹ ਦਾ ਨਾਂ ਸੁਣਦੇ ਹੀ ਮਨ ਵਿਚ ਇਕ ਅਜਿਹੇ ਸ਼ਖ਼ਸ ਦੀ ਤਸਵੀਰ ਆਉਂਦੀ ਹੈ ਜਿਸ ਵਿਚ ਬਹੁਤ ਵਧੀਆ ਗੁਣ ਹਨ ਅਤੇ ਜਿਸ ਨੇ ਲਾਜਵਾਬ ਕੰਮ ਕੀਤੇ ਹਨ। ਇਸੇ ਕਰਕੇ ਦਾਊਦ ਆਪਣੇ ਪਿਤਾ ਦੇ ਨਾਂ ਨੂੰ ਪਵਿੱਤਰ ਕਰਨਾ ਚਾਹੁੰਦਾ ਸੀ ਅਤੇ ਉਸ ਦੇ ਨਾਂ ਦੀ ਮਹਿਮਾ ਕਰਨੀ ਚਾਹੁੰਦੀ ਸੀ। ਉਹ ਚਾਹੁੰਦਾ ਸੀ ਕਿ ਉਸ ਦਾ “ਤਨ-ਮਨ” ਯਹੋਵਾਹ ਦੀ ਮਹਿਮਾ ਕਰੇ। ਦਾਊਦ ਵਾਂਗ ਲੇਵੀਆਂ ਨੇ ਵੀ ਵਧ-ਚੜ੍ਹ ਕੇ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ। ਉਨ੍ਹਾਂ ਨੇ ਨਿਮਰਤਾ ਨਾਲ ਇਹ ਮੰਨਿਆ ਕਿ ਉਹ ਚਾਹੇ ਯਹੋਵਾਹ ਦੇ ਨਾਂ ਦੀ ਜਿੰਨੀ ਵੀ ਮਹਿਮਾ ਕਰ ਲੈਣ, ਉਹ ਘੱਟ ਹੈ। (ਨਹ. 9:5) ਇਸ ਵਿਚ ਕੋਈ ਸ਼ੱਕ ਨਹੀਂ ਕਿ ਲੇਵੀਆਂ ਵੱਲੋਂ ਕੀਤੀ ਤਾਰੀਫ਼ ਸੁਣ ਕੇ ਯਹੋਵਾਹ ਬਹੁਤ ਖ਼ੁਸ਼ ਹੋਇਆ ਹੋਣਾ। w24.02 9 ਪੈਰਾ 6
ਵੀਰਵਾਰ 30 ਅਕਤੂਬਰ
ਜੋ ਵੀ ਹੈ, ਅਸੀਂ ਜਿੱਥੋਂ ਤਕ ਤਰੱਕੀ ਕੀਤੀ ਹੈ, ਆਓ ਆਪਾਂ ਇਸ ਰਾਹ ʼਤੇ ਸਲੀਕੇ ਨਾਲ ਚੱਲਦੇ ਜਾਈਏ।—ਫ਼ਿਲਿ. 3:16.
ਜੇ ਕੋਈ ਟੀਚਾ ਹਾਸਲ ਕਰਨਾ ਤੁਹਾਡੇ ਵੱਸੋਂ ਬਾਹਰ ਹੈ, ਤਾਂ ਯਹੋਵਾਹ ਇਹ ਨਹੀਂ ਸੋਚਦਾ ਕਿ ਤੁਸੀਂ ਅਸਫ਼ਲ ਹੋ ਗਏ ਹੋ। (2 ਕੁਰਿੰ. 8:12) ਯਾਦ ਰੱਖੋ ਕਿ ਤੁਸੀਂ ਕੀ ਕੁਝ ਕੀਤਾ ਹੈ। ਰੁਕਾਵਟਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ।” (ਇਬ. 6:10) ਇਸ ਲਈ ਤੁਹਾਨੂੰ ਵੀ ਇਹ ਨਹੀਂ ਭੁੱਲਣਾ ਚਾਹੀਦਾ। ਸੋਚੋ ਕਿ ਤੁਸੀਂ ਕੀ ਕੁਝ ਕੀਤਾ ਹੈ। ਤੁਸੀਂ ਯਹੋਵਾਹ ਨਾਲ ਦੋਸਤੀ ਕੀਤੀ ਹੈ, ਬਪਤਿਸਮਾ ਲਿਆ ਹੈ ਜਾਂ ਦੂਜਿਆਂ ਨੂੰ ਉਸ ਬਾਰੇ ਦੱਸਦੇ ਹੋ। ਜਿੱਦਾਂ ਤੁਸੀਂ ਹੁਣ ਤਕ ਤਰੱਕੀ ਕੀਤੀ ਅਤੇ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚੇ ਹਾਸਲ ਕੀਤੇ ਹਨ, ਉੱਦਾਂ ਹੀ ਤੁਸੀਂ ਅੱਗੇ ਵੀ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਰਹਿ ਸਕਦੇ ਹੋ। ਤੁਸੀਂ ਯਹੋਵਾਹ ਦੀ ਮਦਦ ਨਾਲ ਆਪਣੇ ਟੀਚੇ ਹਾਸਲ ਕਰ ਸਕਦੇ ਹੋ। ਇਸੇ ਤਰ੍ਹਾਂ ਜਦੋਂ ਤੁਸੀਂ ਯਹੋਵਾਹ ਦੀ ਸੇਵਾ ਵਿਚ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਹੋ, ਤਾਂ ਪੂਰੇ ਸਫ਼ਰ ਦੌਰਾਨ ਇਹ ਜ਼ਰੂਰ ਧਿਆਨ ਦਿਓ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰਦਾ ਹੈ। ਨਾਲੇ ਤੁਹਾਨੂੰ ਕਿਵੇਂ ਬਰਕਤਾਂ ਦਿੰਦਾ ਹੈ। (2 ਕੁਰਿੰ. 4:7) ਜੇ ਤੁਸੀਂ ਹਾਰ ਨਾ ਮੰਨੋ, ਤਾਂ ਯਹੋਵਾਹ ਤੁਹਾਨੂੰ ਹੋਰ ਵੀ ਬਰਕਤਾਂ ਦੇਵੇਗਾ।—ਗਲਾ. 6:9. w23.05 31 ਪੈਰੇ 16-18