ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es25 ਸਫ਼ੇ 121-134
  • ਅਕਤੂਬਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਕਤੂਬਰ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
  • ਸਿਰਲੇਖ
  • ਬੁੱਧਵਾਰ 1 ਅਕਤੂਬਰ
  • ਵੀਰਵਾਰ 2 ਅਕਤੂਬਰ
  • ਸ਼ੁੱਕਰਵਾਰ 3 ਅਕਤੂਬਰ
  • ਸ਼ਨੀਵਾਰ 4 ਅਕਤੂਬਰ
  • ਐਤਵਾਰ 5 ਅਕਤੂਬਰ
  • ਸੋਮਵਾਰ 6 ਅਕਤੂਬਰ
  • ਮੰਗਲਵਾਰ 7 ਅਕਤੂਬਰ
  • ਬੁੱਧਵਾਰ 8 ਅਕਤੂਬਰ
  • ਵੀਰਵਾਰ 9 ਅਕਤੂਬਰ
  • ਸ਼ੁੱਕਰਵਾਰ 10 ਅਕਤੂਬਰ
  • ਸ਼ਨੀਵਾਰ 11 ਅਕਤੂਬਰ
  • ਐਤਵਾਰ 12 ਅਕਤੂਬਰ
  • ਸੋਮਵਾਰ 13 ਅਕਤੂਬਰ
  • ਮੰਗਲਵਾਰ 14 ਅਕਤੂਬਰ
  • ਬੁੱਧਵਾਰ 15 ਅਕਤੂਬਰ
  • ਵੀਰਵਾਰ 16 ਅਕਤੂਬਰ
  • ਸ਼ੁੱਕਰਵਾਰ 17 ਅਕਤੂਬਰ
  • ਸ਼ਨੀਵਾਰ 18 ਅਕਤੂਬਰ
  • ਐਤਵਾਰ 19 ਅਕਤੂਬਰ
  • ਸੋਮਵਾਰ 20 ਅਕਤੂਬਰ
  • ਮੰਗਲਵਾਰ 21 ਅਕਤੂਬਰ
  • ਬੁੱਧਵਾਰ 22 ਅਕਤੂਬਰ
  • ਵੀਰਵਾਰ 23 ਅਕਤੂਬਰ
  • ਸ਼ੁੱਕਰਵਾਰ 24 ਅਕਤੂਬਰ
  • ਸ਼ਨੀਵਾਰ 25 ਅਕਤੂਬਰ
  • ਐਤਵਾਰ 26 ਅਕਤੂਬਰ
  • ਸੋਮਵਾਰ 27 ਅਕਤੂਬਰ
  • ਮੰਗਲਵਾਰ 28 ਅਕਤੂਬਰ
  • ਬੁੱਧਵਾਰ 29 ਅਕਤੂਬਰ
  • ਵੀਰਵਾਰ 30 ਅਕਤੂਬਰ
  • ਸ਼ੁੱਕਰਵਾਰ 31 ਅਕਤੂਬਰ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
es25 ਸਫ਼ੇ 121-134

ਅਕਤੂਬਰ

ਬੁੱਧਵਾਰ 1 ਅਕਤੂਬਰ

‘ਜਿਸ ਇਨਸਾਨ ਵਿਚ ਸਵਰਗੀ ਬੁੱਧ ਹੁੰਦੀ ਹੈ, ਉਹ ਕਹਿਣਾ ਮੰਨਣ ਲਈ ਤਿਆਰ ਹੁੰਦਾ ਹੈ।’​—ਯਾਕੂ. 3:17.

ਕੀ ਤੁਹਾਨੂੰ ਕਦੇ-ਕਦਾਈਂ ਕਹਿਣਾ ਮੰਨਣਾ ਔਖਾ ਲੱਗਦਾ ਹੈ? ਰਾਜਾ ਦਾਊਦ ਨੂੰ ਵੀ ਇੱਦਾਂ ਹੀ ਲੱਗਾ ਸੀ। ਇਸ ਲਈ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਮੇਰੇ ਅੰਦਰ ਇੱਛਾ ਪੈਦਾ ਕਰ ਕਿ ਮੈਂ ਤੇਰੀ ਆਗਿਆ ਮੰਨਾਂ।” (ਜ਼ਬੂ. 51:12) ਦਾਊਦ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ। ਫਿਰ ਵੀ ਉਸ ਨੂੰ ਕਦੇ-ਕਦਾਈਂ ਯਹੋਵਾਹ ਦਾ ਕਹਿਣਾ ਮੰਨਣਾ ਔਖਾ ਲੱਗਦਾ ਸੀ ਅਤੇ ਅੱਜ ਸਾਨੂੰ ਵੀ ਇੱਦਾਂ ਹੀ ਲੱਗਦਾ ਹੈ। ਉਹ ਕਿਉਂ? ਪਹਿਲੀ ਗੱਲ, ਜਨਮ ਤੋਂ ਹੀ ਸਾਡੇ ਅੰਦਰ ਕਹਿਣਾ ਨਾ ਮੰਨਣ ਦਾ ਝੁਕਾਅ ਹੁੰਦਾ ਹੈ। ਦੂਜੀ ਗੱਲ, ਸ਼ੈਤਾਨ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਸ ਵਾਂਗ ਯਹੋਵਾਹ ਖ਼ਿਲਾਫ਼ ਬਗਾਵਤ ਕਰੀਏ। (2 ਕੁਰਿੰ. 11:3) ਤੀਜੀ ਗੱਲ, ਅਸੀਂ ਬਗਾਵਤੀ ਲੋਕਾਂ ਨਾਲ ਘਿਰੇ ਹੋਏ ਹਾਂ ਜਿਨ੍ਹਾਂ ਦੀ “ਸੋਚ” ਅਜਿਹੀ ਹੈ ਕਿ ਉਹ ‘ਅਣਆਗਿਆਕਾਰੀ ਕਰਦੇ ਹਨ।’ (ਅਫ਼. 2:2) ਇਸ ਲਈ ਸਾਨੂੰ ਨਾ ਸਿਰਫ਼ ਆਪਣੇ ਪਾਪੀ ਝੁਕਾਅ ਨਾਲ ਲੜਨਾ ਚਾਹੀਦਾ ਹੈ, ਸਗੋਂ ਸ਼ੈਤਾਨ ਤੇ ਇਸ ਦੁਨੀਆਂ ਵਾਂਗ ਅਣਆਗਿਆਕਾਰ ਬਣਨ ਦੇ ਦਬਾਅ ਦਾ ਵੀ ਸਾਮ੍ਹਣਾ ਕਰਨਾ ਚਾਹੀਦਾ ਹੈ। ਸਾਨੂੰ ਯਹੋਵਾਹ ਅਤੇ ਜਿਨ੍ਹਾਂ ਨੂੰ ਉਸ ਨੇ ਅਧਿਕਾਰ ਦਿੱਤਾ ਹੈ, ਉਨ੍ਹਾਂ ਦਾ ਕਹਿਣਾ ਮੰਨਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। w23.10 6 ਪੈਰਾ 1

ਵੀਰਵਾਰ 2 ਅਕਤੂਬਰ

ਤੂੰ ਤਾਂ ਵਧੀਆ ਦਾਖਰਸ ਹੁਣ ਤਕ ਰੱਖ ਛੱਡਿਆ।​—ਯੂਹੰ. 2:10.

ਯਿਸੂ ਨੇ ਪਾਣੀ ਨੂੰ ਦਾਖਰਸ ਵਿਚ ਬਦਲ ਦਿੱਤਾ। ਅਸੀਂ ਉਸ ਦੇ ਇਸ ਚਮਤਕਾਰ ਤੋਂ ਕੀ ਸਿੱਖਦੇ ਹਾਂ? ਇਹੀ ਕਿ ਸਾਨੂੰ ਨਿਮਰ ਬਣਨਾ ਚਾਹੀਦਾ ਹੈ। ਯਿਸੂ ਨੇ ਆਪਣੇ ਇਸ ਚਮਤਕਾਰ ਬਾਰੇ ਸ਼ੇਖ਼ੀ ਨਹੀਂ ਮਾਰੀ। ਅਸਲ ਵਿਚ, ਉਸ ਨੇ ਜਿਹੜੇ ਵੀ ਚਮਤਕਾਰ ਕੀਤੇ, ਉਨ੍ਹਾਂ ਬਾਰੇ ਕਦੇ ਵੀ ਸ਼ੇਖ਼ੀ ਨਹੀਂ ਮਾਰੀ। ਇਸ ਦੀ ਬਜਾਇ, ਨਿਮਰ ਹੋਣ ਕਰਕੇ ਉਸ ਨੇ ਹਰ ਕੰਮ ਦਾ ਸਿਹਰਾ ਆਪਣੇ ਪਿਤਾ ਨੂੰ ਦਿੱਤਾ ਅਤੇ ਵਾਰ-ਵਾਰ ਸਿਰਫ਼ ਉਸ ਦੀ ਹੀ ਮਹਿਮਾ-ਵਡਿਆਈ ਕੀਤੀ। (ਯੂਹੰ. 5:19, 30; 8:28) ਸਾਨੂੰ ਵੀ ਯਿਸੂ ਵਾਂਗ ਨਿਮਰ ਬਣਨਾ ਚਾਹੀਦਾ ਹੈ ਅਤੇ ਆਪਣੇ ਕਿਸੇ ਵੀ ਕੰਮ ਬਾਰੇ ਸ਼ੇਖ਼ੀ ਨਹੀਂ ਮਾਰਨੀ ਚਾਹੀਦੀ। ਇਸ ਦੀ ਬਜਾਇ, ਆਓ ਅਸੀਂ ਇਸ ਗੱਲ ਦੀ ਸ਼ੇਖ਼ੀ ਮਾਰੀਏ ਕਿ ਸਾਨੂੰ ਕਿੰਨੇ ਮਹਾਨ ਪਰਮੇਸ਼ੁਰ ਦੀ ਸੇਵਾ ਕਰਨ ਦਾ ਸਨਮਾਨ ਮਿਲਿਆ ਹੈ। (ਯਿਰ. 9:23, 24) ਆਓ ਅਸੀਂ ਆਪਣੇ ਕੰਮਾਂ ਦਾ ਸਿਹਰਾ ਹਮੇਸ਼ਾ ਯਹੋਵਾਹ ਨੂੰ ਦੇਈਏ ਕਿਉਂਕਿ ਉਸ ਦੀ ਮਦਦ ਤੋਂ ਬਿਨਾਂ ਅਸੀਂ ਕੁਝ ਕਰ ਹੀ ਨਹੀਂ ਸਕਦੇ। (1 ਕੁਰਿੰ. 1:26-31) ਜਦੋਂ ਅਸੀਂ ਨਿਮਰ ਹੁੰਦੇ ਹਾਂ, ਤਾਂ ਅਸੀਂ ਦੂਜਿਆਂ ਲਈ ਕੀਤੇ ਚੰਗੇ ਕੰਮਾਂ ਦਾ ਸਿਹਰਾ ਆਪ ਨਹੀਂ ਲੈਂਦੇ। ਸਾਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਦੂਜਿਆਂ ਲਈ ਜੋ ਵੀ ਕਰਦੇ ਹਾਂ, ਯਹੋਵਾਹ ਉਸ ਨੂੰ ਦੇਖਦਾ ਅਤੇ ਉਸ ਦੀ ਕਦਰ ਕਰਦਾ ਹੈ। (ਮੱਤੀ 6:2-4 ਵਿਚ ਨੁਕਤਾ ਦੇਖੋ; ਇਬ. 13:16) ਵਾਕਈ, ਜਦੋਂ ਅਸੀਂ ਯਿਸੂ ਵਾਂਗ ਨਿਮਰ ਬਣਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ।​—1 ਪਤ. 5:6. w23.04 4 ਪੈਰਾ 9; 5 ਪੈਰੇ 11-12

ਸ਼ੁੱਕਰਵਾਰ 3 ਅਕਤੂਬਰ

ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।​—ਫ਼ਿਲਿ. 2:4.

ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਦੂਸਰਿਆਂ ਦੇ ਭਲੇ ਬਾਰੇ ਸੋਚਣ ਦੀ ਹੱਲਾਸ਼ੇਰੀ ਦਿੱਤੀ। ਅਸੀਂ ਮੀਟਿੰਗਾਂ ਦੌਰਾਨ ਉਸ ਦੀ ਇਹ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ? ਅਸੀਂ ਯਾਦ ਰੱਖ ਸਕਦੇ ਹਾਂ ਕਿ ਸਾਡੇ ਵਾਂਗ ਦੂਜੇ ਭੈਣ-ਭਰਾ ਵੀ ਜਵਾਬ ਦੇਣੇ ਚਾਹੁੰਦੇ ਹਨ। ਜ਼ਰਾ ਇਸ ਬਾਰੇ ਸੋਚੋ, ਜਦੋਂ ਤੁਸੀਂ ਆਪਣੇ ਦੋਸਤਾਂ ਨਾਲ ਗੱਲਬਾਤ ਕਰਦੇ ਹੋ, ਤਾਂ ਕੀ ਤੁਸੀਂ ਆਪ ਹੀ ਬੋਲਦੇ ਰਹਿੰਦੇ ਹੋ? ਬਿਲਕੁਲ ਨਹੀਂ! ਤੁਸੀਂ ਉਨ੍ਹਾਂ ਨੂੰ ਗੱਲਬਾਤ ਕਰਨ ਦਾ ਮੌਕਾ ਦਿੰਦੇ ਹੋ। ਇਸੇ ਤਰ੍ਹਾਂ ਮੀਟਿੰਗਾਂ ਵਿਚ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਣਿਆਂ ਨੂੰ ਜਵਾਬ ਦੇਣ ਦਾ ਮੌਕਾ ਮਿਲੇ। ਅਸਲ ਵਿਚ, ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਉਨ੍ਹਾਂ ਨੂੰ ਆਪਣੀ ਨਿਹਚਾ ਜ਼ਾਹਰ ਕਰਨ ਦਾ ਮੌਕਾ ਦੇਈਏ। (1 ਕੁਰਿੰ. 10:24) ਇਸ ਲਈ ਛੋਟੇ ਜਵਾਬ ਦਿਓ। ਇਸ ਤਰ੍ਹਾਂ ਹੋਰ ਭੈਣਾਂ-ਭਰਾਵਾਂ ਨੂੰ ਵੀ ਜਵਾਬ ਦੇਣ ਦੇ ਮੌਕੇ ਮਿਲਣਗੇ। ਛੋਟੇ ਜਵਾਬ ਦੇਣ ਦੇ ਨਾਲ-ਨਾਲ ਇਹ ਵੀ ਧਿਆਨ ਵਿਚ ਰੱਖੋ ਕਿ ਤੁਸੀਂ ਬਹੁਤ ਸਾਰੇ ਮੁੱਦੇ ਨਾ ਦੱਸੋ। ਜੇ ਤੁਸੀਂ ਇਕ ਪੈਰੇ ਵਿਚ ਲਿਖੀਆਂ ਸਾਰੀਆਂ ਗੱਲਾਂ ਦੱਸ ਦਿਓਗੇ, ਤਾਂ ਦੂਜਿਆਂ ਦੇ ਦੱਸਣ ਲਈ ਕੁਝ ਨਹੀਂ ਬਚੇਗਾ। w23.04 22-23 ਪੈਰੇ 11-13

ਸ਼ਨੀਵਾਰ 4 ਅਕਤੂਬਰ

ਮੈਂ ਸਭ ਕੁਝ ਖ਼ੁਸ਼ ਖ਼ਬਰੀ ਦੀ ਖ਼ਾਤਰ ਕਰਦਾ ਹਾਂ ਤਾਂਕਿ ਮੈਂ ਦੂਸਰਿਆਂ ਨੂੰ ਇਹ ਖ਼ੁਸ਼ ਖ਼ਬਰੀ ਸੁਣਾ ਸਕਾਂ।​—1 ਕੁਰਿੰ. 9:23.

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦੂਜਿਆਂ ਦੀ ਮਦਦ ਕਰਦੇ ਰਹਿਣਾ ਕਿੰਨਾ ਜ਼ਰੂਰੀ ਹੈ, ਖ਼ਾਸ ਕਰਕੇ ਪ੍ਰਚਾਰ ਰਾਹੀਂ। ਪ੍ਰਚਾਰ ਕਰਦੇ ਹੋਏ ਵੀ ਸਾਨੂੰ ਫੇਰ-ਬਦਲ ਕਰਨ ਦੀ ਲੋੜ ਹੈ। ਅਸੀਂ ਪ੍ਰਚਾਰ ਵਿਚ ਅਲੱਗ-ਅਲੱਗ ਪਿਛੋਕੜਾਂ, ਸਭਿਆਚਾਰਾਂ ਅਤੇ ਵੱਖੋ-ਵੱਖਰੇ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਮਿਲਦੇ ਹਾਂ। ਪੌਲੁਸ ਰਸੂਲ ਪ੍ਰਚਾਰ ਕਰਦਿਆਂ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਸੀ ਅਤੇ ਅਸੀਂ ਉਸ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ। ਯਿਸੂ ਨੇ ਪੌਲੁਸ ਨੂੰ ‘ਹੋਰ ਕੌਮਾਂ ਦੇ ਰਸੂਲ’ ਵਜੋਂ ਨਿਯੁਕਤ ਕੀਤਾ ਸੀ। (ਰੋਮੀ. 11:13) ਇਸ ਲਈ ਪੌਲੁਸ ਨੇ ਯਹੂਦੀਆਂ, ਯੂਨਾਨੀਆਂ, ਪੜ੍ਹੇ-ਲਿਖੇ ਲੋਕਾਂ, ਕਿਸਾਨਾਂ, ਅਧਿਕਾਰੀਆਂ ਅਤੇ ਰਾਜਿਆਂ ਨੂੰ ਪ੍ਰਚਾਰ ਕੀਤਾ। ਪੌਲੁਸ “ਹਰ ਤਰ੍ਹਾਂ ਦੇ ਲੋਕਾਂ ਲਈ ਸਾਰਾ ਕੁਝ ਬਣਿਆ।” (1 ਕੁਰਿੰ. 9:19-22) ਉਸ ਨੇ ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਉਨ੍ਹਾਂ ਦੇ ਸਭਿਆਚਾਰਾਂ, ਪਿਛੋਕੜਾਂ ਅਤੇ ਵਿਸ਼ਵਾਸਾਂ ਬਾਰੇ ਸੋਚਿਆ ਅਤੇ ਉਸ ਮੁਤਾਬਕ ਗੱਲਬਾਤ ਕਰਨ ਦਾ ਤਰੀਕਾ ਬਦਲਿਆ। ਜੇ ਅਸੀਂ ਵੀ ਫੇਰ-ਬਦਲ ਕਰਦੇ ਹਾਂ ਅਤੇ ਸੋਚਦੇ ਹਾਂ ਕਿ ਅਸੀਂ ਹਰ ਵਿਅਕਤੀ ਦੀ ਕਿਵੇਂ ਮਦਦ ਕਰ ਸਕਦੇ ਹਾਂ, ਤਾਂ ਅਸੀਂ ਹੋਰ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਸਕਦੇ ਹਾਂ। w23.07 23 ਪੈਰੇ 11-12

ਐਤਵਾਰ 5 ਅਕਤੂਬਰ

ਪਰਮੇਸ਼ੁਰ ਦੇ ਸੇਵਕ ਨੂੰ ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਨਰਮਾਈ ਨਾਲ ਪੇਸ਼ ਆਉਣਾ ਚਾਹੀਦਾ ਹੈ।​—2 ਤਿਮੋ. 2:24.

ਨਰਮਾਈ ਕਮਜ਼ੋਰੀ ਦੀ ਨਹੀਂ, ਸਗੋਂ ਤਾਕਤ ਦੀ ਨਿਸ਼ਾਨੀ ਹੈ। ਕਿਸੇ ਔਖੇ ਹਾਲਾਤ ਵਿਚ ਸ਼ਾਂਤ ਰਹਿਣ ਲਈ ਤਾਕਤ ਦੀ ਲੋੜ ਹੁੰਦੀ ਹੈ। ਨਰਮਾਈ “ਪਵਿੱਤਰ ਸ਼ਕਤੀ” ਦਾ ਇਕ ਗੁਣ ਹੈ। (ਗਲਾ. 5:22, 23) ਬਾਈਬਲ ਵਿਚ “ਨਰਮਾਈ” ਲਈ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਹ ਉਸ ਜੰਗਲੀ ਘੋੜੇ ਲਈ ਵਰਤਿਆ ਗਿਆ ਸੀ ਜਿਸ ਨੂੰ ਕਾਬੂ ਕਰ ਲਿਆ ਜਾਂਦਾ ਸੀ। ਜ਼ਰਾ ਇਕ ਜੰਗਲੀ ਘੋੜੇ ਦੀ ਕਲਪਨਾ ਕਰੋ ਜੋ ਸ਼ਾਂਤ ਹੋ ਗਿਆ ਹੈ। ਭਾਵੇਂ ਕਿ ਘੋੜਾ ਸ਼ਾਂਤ ਹੈ, ਪਰ ਉਹ ਅਜੇ ਵੀ ਤਾਕਤਵਰ ਹੈ। ਅਸੀਂ ਕਿਵੇਂ ਹੋਰ ਵੀ ਜ਼ਿਆਦਾ ਨਰਮਾਈ ਨਾਲ ਪੇਸ਼ ਆ ਸਕਦੇ ਹਾਂ ਅਤੇ ਤਾਕਤਵਰ ਬਣ ਸਕਦੇ ਹਾਂ? ਅਸੀਂ ਆਪਣੀ ਤਾਕਤ ਨਾਲ ਇੱਦਾਂ ਨਹੀਂ ਕਰ ਸਕਦੇ। ਇਹ ਵਧੀਆ ਗੁਣ ਪੈਦਾ ਕਰਨ ਲਈ ਸਾਨੂੰ ਪਰਮੇਸ਼ੁਰ ਨੂੰ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਨ ਦੀ ਲੋੜ ਹੈ। ਬਹੁਤ ਸਾਰੇ ਗਵਾਹਾਂ ਨੇ ਨਰਮਾਈ ਨਾਲ ਪੇਸ਼ ਆਉਣਾ ਸਿੱਖਿਆ ਹੈ। ਉਨ੍ਹਾਂ ਨੇ ਉਦੋਂ ਨਰਮਾਈ ਦਿਖਾਈ ਜਦੋਂ ਵਿਰੋਧੀਆਂ ਨੇ ਉਨ੍ਹਾਂ ਨੂੰ ਗੁੱਸਾ ਚੜ੍ਹਾਇਆ। ਉਨ੍ਹਾਂ ਦੇ ਇਸ ਰਵੱਈਏ ਕਰਕੇ ਦੂਜਿਆਂ ʼਤੇ ਚੰਗਾ ਅਸਰ ਪਿਆ।​—2 ਤਿਮੋ. 2:24, 25. w23.09 15 ਪੈਰਾ 3

ਸੋਮਵਾਰ 6 ਅਕਤੂਬਰ

ਮੈਂ ਪ੍ਰਾਰਥਨਾ ਕੀਤੀ ਸੀ ਅਤੇ ਯਹੋਵਾਹ ਨੇ ਮੇਰੀ ਮੁਰਾਦ ਪੂਰੀ ਕੀਤੀ ਜੋ ਮੈਂ ਉਸ ਤੋਂ ਮੰਗੀ ਸੀ।​—1 ਸਮੂ. 1:27.

ਯੂਹੰਨਾ ਰਸੂਲ ਨੇ ਇਕ ਸ਼ਾਨਦਾਰ ਦਰਸ਼ਣ ਵਿਚ ਦੇਖਿਆ ਕਿ 24 ਬਜ਼ੁਰਗ ਸਵਰਗ ਵਿਚ ਯਹੋਵਾਹ ਦੀ ਭਗਤੀ ਕਰ ਰਹੇ ਸਨ। ਉਹ ਯਹੋਵਾਹ ਦੀ ਵਡਿਆਈ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਹੀ “ਮਹਿਮਾ, ਆਦਰ ਅਤੇ ਤਾਕਤ” ਪਾਉਣ ਦਾ ਹੱਕਦਾਰ ਹੈ। (ਪ੍ਰਕਾ. 4:10, 11) ਵਫ਼ਾਦਾਰ ਦੂਤਾਂ ਕੋਲ ਵੀ ਯਹੋਵਾਹ ਦੀ ਮਹਿਮਾ ਕਰਨ ਦੇ ਬਹੁਤ ਸਾਰੇ ਕਾਰਨ ਹਨ। ਉਹ ਯਹੋਵਾਹ ਨਾਲ ਸਵਰਗ ਵਿਚ ਹਨ ਅਤੇ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਯਹੋਵਾਹ ਜੋ ਵੀ ਕਰਦਾ ਹੈ, ਉਸ ਨੂੰ ਦੇਖ ਕੇ ਉਹ ਸਮਝ ਪਾਉਂਦੇ ਹਨ ਕਿ ਉਸ ਵਿਚ ਕਿਹੜੇ-ਕਿਹੜੇ ਗੁਣ ਹਨ। ਇਸ ਕਰਕੇ ਉਹ ਆਪਣੇ ਆਪ ਨੂੰ ਉਸ ਦੀ ਵਡਿਆਈ ਕਰਨ ਤੋਂ ਰੋਕ ਨਹੀਂ ਪਾਉਂਦੇ। (ਅੱਯੂ. 38:4-7) ਅਸੀਂ ਵੀ ਆਪਣੀਆਂ ਪ੍ਰਾਰਥਨਾਵਾਂ ਵਿਚ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੇ ਹਾਂ। ਇੱਦਾਂ ਕਰਨ ਲਈ ਸਾਨੂੰ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਸਾਨੂੰ ਉਸ ਦੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ ਅਤੇ ਅਸੀਂ ਉਸ ਦਾ ਆਦਰ ਕਿਉਂ ਕਰਦੇ ਹਾਂ। ਬਾਈਬਲ ਪੜ੍ਹਦਿਆਂ ਅਤੇ ਉਸ ਦਾ ਗਹਿਰਾਈ ਨਾਲ ਅਧਿਐਨ ਕਰਦਿਆਂ ਸੋਚੋ ਕਿ ਯਹੋਵਾਹ ਦੇ ਕਿਹੜੇ ਗੁਣ ਤੁਹਾਨੂੰ ਬਹੁਤ ਚੰਗੇ ਲੱਗਦੇ ਹਨ। (ਅੱਯੂ. 37:23; ਰੋਮੀ. 11:33) ਫਿਰ ਯਹੋਵਾਹ ਨੂੰ ਪ੍ਰਾਰਥਨਾ ਵਿਚ ਦੱਸੋ ਕਿ ਤੁਹਾਨੂੰ ਇਨ੍ਹਾਂ ਗੁਣਾਂ ਬਾਰੇ ਕਿੱਦਾਂ ਲੱਗਦਾ ਹੈ। ਅਸੀਂ ਯਹੋਵਾਹ ਦੀ ਇਸ ਗੱਲੋਂ ਵੀ ਮਹਿਮਾ ਕਰ ਸਕਦੇ ਹਾਂ ਕਿ ਉਹ ਸਾਡੇ ਅਤੇ ਸਾਡੇ ਸਾਰੇ ਭੈਣਾਂ-ਭਰਾਵਾਂ ਲਈ ਕਿੰਨਾ ਕੁਝ ਕਰਦਾ ਹੈ।​—1 ਸਮੂ. 2:1, 2. w23.05 3-4 ਪੈਰੇ 6-7

ਮੰਗਲਵਾਰ 7 ਅਕਤੂਬਰ

ਤੁਹਾਡਾ ਚਾਲ-ਚਲਣ ਇਹੋ ਜਿਹਾ ਹੋਵੇ ਜਿਹੋ ਜਿਹਾ ਯਹੋਵਾਹ ਦੇ ਸੇਵਕਾਂ ਦਾ ਹੁੰਦਾ ਹੈ।​—ਕੁਲੁ. 1:10.

ਸਾਲ 1919 ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਇਆ ਗਿਆ। ਇਸੇ ਸਾਲ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕੀਤਾ ਗਿਆ। ਇਹ ਬਿਲਕੁਲ ਸਹੀ ਸਮਾਂ ਸੀ ਕਿਉਂਕਿ ਹੁਣ ਇਹ ਨੌਕਰ ਨੇਕਦਿਲ ਲੋਕਾਂ ਦੀ ਇਸ ਨਵੇਂ “ਪਵਿੱਤਰ ਰਾਹ” ਉੱਤੇ ਚੱਲਣ ਵਿਚ ਮਦਦ ਕਰ ਸਕਦਾ ਸੀ। (ਮੱਤੀ 24:45-47; ਯਸਾ. 35:8) ਬੀਤੇ ਸਮੇਂ ਵਿਚ ਵਫ਼ਾਦਾਰ ਲੋਕਾਂ ਨੇ “ਪਵਿੱਤਰ ਰਾਹ” ਤਿਆਰ ਕਰਨ ਲਈ ਜੋ ਮਿਹਨਤ ਕੀਤੀ ਸੀ, ਉਸ ਕਰਕੇ ਇਸ ਰਾਹ ʼਤੇ ਚੱਲਣ ਵਾਲੇ ਨਵੇਂ ਲੋਕ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਹੋਰ ਵੀ ਜ਼ਿਆਦਾ ਸਿੱਖ ਸਕੇ। (ਕਹਾ. 4:18) ਨਾਲੇ ਉਨ੍ਹਾਂ ਨੇ ਯਹੋਵਾਹ ਦੇ ਮਿਆਰਾਂ ਮੁਤਾਬਕ ਆਪਣੀ ਜ਼ਿੰਦਗੀ ਵਿਚ ਕਈ ਬਦਲਾਅ ਵੀ ਕੀਤੇ। ਯਹੋਵਾਹ ਨੇ ਆਪਣੇ ਲੋਕਾਂ ਤੋਂ ਇਹ ਉਮੀਦ ਨਹੀਂ ਰੱਖੀ ਸੀ ਕਿ ਉਹ ਰਾਤੋ-ਰਾਤ ਇਹ ਸਾਰੇ ਬਦਲਾਅ ਕਰ ਲੈਣ। ਇਸ ਦੀ ਬਜਾਇ, ਉਸ ਨੇ ਹੌਲੀ-ਹੌਲੀ ਉਨ੍ਹਾਂ ਦੀ ਸੋਚ ਸੁਧਾਰੀ। ਬਹੁਤ ਜਲਦੀ ਉਹ ਸਮਾਂ ਆਵੇਗਾ ਜਦੋਂ ਅਸੀਂ ਆਪਣੇ ਹਰ ਕੰਮ ਨਾਲ ਯਹੋਵਾਹ ਨੂੰ ਖ਼ੁਸ਼ ਕਰ ਸਕਾਂਗੇ! ਸੜਕਾਂ ਦੀ ਬਾਕਾਇਦਾ ਮੁਰੰਮਤ ਕਰਨ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ 1919 ਤੋਂ “ਪਵਿੱਤਰ ਰਾਹ” ਉੱਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤਾਂਕਿ ਹੋਰ ਵੀ ਨੇਕਦਿਲ ਲੋਕ ਮਹਾਂ ਬਾਬਲ ਵਿੱਚੋਂ ਨਿਕਲ ਕੇ ਇਸ ਰਾਹ ʼਤੇ ਤੁਰ ਸਕਣ। w23.05 17 ਪੈਰਾ 15; 19 ਪੈਰਾ 16

ਬੁੱਧਵਾਰ 8 ਅਕਤੂਬਰ

ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ।​—ਇਬ. 13:5.

ਜਿਹੜੇ ਭਰਾ ਪ੍ਰਬੰਧਕ ਸਭਾ ਦੀਆਂ ਅਲੱਗ-ਅਲੱਗ ਕਮੇਟੀਆਂ ਦੇ ਮਦਦਗਾਰ ਵਜੋਂ ਸੇਵਾ ਕਰ ਰਹੇ ਹਨ, ਉਨ੍ਹਾਂ ਨੂੰ ਪ੍ਰਬੰਧਕ ਸਭਾ ਦੇ ਭਰਾ ਖ਼ੁਦ ਟ੍ਰੇਨਿੰਗ ਦਿੰਦੇ ਹਨ। ਇਹ ਭਰਾ ਹੁਣ ਤੋਂ ਹੀ ਸੰਗਠਨ ਦੀਆਂ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ। ਉਹ ਭਵਿੱਖ ਵਿਚ ਵੀ ਮਸੀਹ ਦੀਆਂ ਭੇਡਾਂ ਦੀ ਦੇਖ-ਭਾਲ ਕਰਦੇ ਰਹਿਣ ਲਈ ਪੂਰੀ ਤਰ੍ਹਾਂ ਤਿਆਰ ਹਨ। ਮਹਾਂਕਸ਼ਟ ਦੇ ਅਖ਼ੀਰ ਵਿਚ ਜਦੋਂ ਸਾਰੇ ਚੁਣੇ ਹੋਏ ਮਸੀਹੀ ਸਵਰਗ ਚਲੇ ਜਾਣਗੇ, ਉਦੋਂ ਵੀ ਧਰਤੀ ʼਤੇ ਸ਼ੁੱਧ ਭਗਤੀ ਹੁੰਦੀ ਰਹੇਗੀ। ਮਸੀਹ ਦੀ ਨਿਗਰਾਨੀ ਅਧੀਨ ਯਹੋਵਾਹ ਦੇ ਲੋਕ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿਣਗੇ। ਅਸੀਂ ਜਾਣਦੇ ਹਾਂ ਕਿ ਮਾਗੋਗ ਦਾ ਗੋਗ ਯਾਨੀ ਕੌਮਾਂ ਦਾ ਗਠਜੋੜ ਯਹੋਵਾਹ ਦੇ ਲੋਕਾਂ ʼਤੇ ਹਮਲਾ ਕਰੇਗਾ। (ਹਿਜ਼. 38:18-20) ਪਰ ਇਹ ਹਮਲਾ ਸਿਰਫ਼ ਕੁਝ ਸਮੇਂ ਲਈ ਹੋਵੇਗਾ ਅਤੇ ਇਹ ਯਹੋਵਾਹ ਦੇ ਲੋਕਾਂ ਨੂੰ ਉਸ ਦੀ ਭਗਤੀ ਕਰਨ ਤੋਂ ਰੋਕ ਨਹੀਂ ਸਕੇਗਾ। ਯਹੋਵਾਹ ਆਪਣੇ ਲੋਕਾਂ ਨੂੰ ਜ਼ਰੂਰ ਬਚਾਵੇਗਾ। ਯੂਹੰਨਾ ਨੇ ਇਕ ਦਰਸ਼ਣ ਵਿਚ ਹੋਰ ਭੇਡਾਂ ਦੀ ਇਕ “ਵੱਡੀ ਭੀੜ” ਦੇਖੀ। ਉਸ ਨੂੰ ਦੱਸਿਆ ਗਿਆ ਕਿ ਇਹ “ਵੱਡੀ ਭੀੜ” “ਉਹ ਲੋਕ ਹਨ ਜਿਹੜੇ ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇ ਹਨ।” (ਪ੍ਰਕਾ. 7:9, 14) ਇਸ ਤੋਂ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਜ਼ਰੂਰ ਹਿਫਾਜ਼ਤ ਕਰੇਗਾ! w24.02 5-6 ਪੈਰੇ 13-14

ਵੀਰਵਾਰ 9 ਅਕਤੂਬਰ

ਪਵਿੱਤਰ ਸ਼ਕਤੀ ਦੀ ਅੱਗ ਨਾ ਬੁਝਾਓ।​—1 ਥੱਸ. 5:19, ਫੁਟਨੋਟ।

ਪਵਿੱਤਰ ਸ਼ਕਤੀ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ? ਅਸੀਂ ਪ੍ਰਾਰਥਨਾ ਕਰ ਸਕਦੇ ਹਾਂ, ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਸਕਦੇ ਹਾਂ ਅਤੇ ਪਰਮੇਸ਼ੁਰ ਦੇ ਸੰਗਠਨ ਵਿਚ ਹੁੰਦੇ ਕੰਮਾਂ ਵਿਚ ਹਿੱਸਾ ਲੈ ਸਕਦੇ ਹਾਂ। ਇਸ ਤਰ੍ਹਾਂ “ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ” ਸਾਡੇ ਵਿਚ ਗੁਣ ਪੈਦਾ ਹੁੰਦੇ ਹਨ। (ਗਲਾ. 5:22, 23) ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਮਿਲਣ ਤੋਂ ਬਾਅਦ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ “ਪਵਿੱਤਰ ਸ਼ਕਤੀ ਦੀ ਅੱਗ” ਨੂੰ ਬੁੱਝਣ ਨਾ ਦੇਈਏ। ਪਰਮੇਸ਼ੁਰ ਸਿਰਫ਼ ਉਨ੍ਹਾਂ ਨੂੰ ਹੀ ਪਵਿੱਤਰ ਸ਼ਕਤੀ ਦਿੰਦਾ ਹੈ ਜੋ ਆਪਣੀ ਸੋਚ ਅਤੇ ਚਾਲ-ਚਲਣ ਨੂੰ ਸ਼ੁੱਧ ਬਣਾਈ ਰੱਖਦੇ ਹਨ। ਪਰ ਉਹ ਉਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਦੇਣੀ ਬੰਦ ਕਰ ਦਿੰਦਾ ਹੈ ਜੋ ਗੰਦੇ ਖ਼ਿਆਲਾਂ ਬਾਰੇ ਸੋਚਦੇ ਰਹਿੰਦੇ ਹਨ ਅਤੇ ਉਨ੍ਹਾਂ ਮੁਤਾਬਕ ਕੰਮ ਕਰਦੇ ਰਹਿੰਦੇ ਹਨ। (1 ਥੱਸ. 4:7, 8) ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਲੈਂਦੇ ਰਹਿਣ ਲਈ ਸਾਨੂੰ ‘ਭਵਿੱਖਬਾਣੀਆਂ ਨੂੰ ਵੀ ਤੁੱਛ’ ਨਹੀਂ ਸਮਝਣਾ ਚਾਹੀਦਾ। (1 ਥੱਸ. 5:20) ਇੱਥੇ “ਭਵਿੱਖਬਾਣੀਆਂ” ਦਾ ਮਤਲਬ ਹੈ, ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਦਿੱਤੇ ਗਏ ਸੰਦੇਸ਼। ਇਨ੍ਹਾਂ ਸੰਦੇਸ਼ਾਂ ਵਿਚ ਯਹੋਵਾਹ ਦੇ ਦਿਨ ਅਤੇ ਅੰਤ ਬਾਰੇ ਦੱਸੀਆਂ ਗੱਲਾਂ ਵੀ ਸ਼ਾਮਲ ਹਨ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਆਰਮਾਗੇਡਨ ਸਾਡੇ ਜੀਉਂਦੇ-ਜੀ ਨਹੀਂ ਆਉਣਾ। ਇਸ ਦੀ ਬਜਾਇ, ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਆਰਮਾਗੇਡਨ ਬਹੁਤ ਜਲਦ ਆਉਣ ਵਾਲਾ ਹੈ। ਇਸ ਤਰ੍ਹਾਂ ਅਸੀਂ ਤਾਂ ਹੀ ਕਰ ਸਕਾਂਗੇ ਜੇ ਅਸੀਂ ਆਪਣਾ ਚਾਲ-ਚਲਣ ਸ਼ੁੱਧ ਬਣਾਈ ਰੱਖਾਂਗੇ ਅਤੇ ਹਰ ਰੋਜ਼ ‘ਭਗਤੀ ਦੇ ਕੰਮਾਂ ਵਿਚ ਲੱਗੇ ਰਹਾਂਗੇ।’​—2 ਪਤ. 3:11, 12. w23.06 12 ਪੈਰੇ 13-14

ਸ਼ੁੱਕਰਵਾਰ 10 ਅਕਤੂਬਰ

ਯਹੋਵਾਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ।​—ਕਹਾ. 9:10.

ਮਸੀਹੀ ਹੋਣ ਦੇ ਨਾਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਸਾਡੇ ਫ਼ੋਨ, ਟੈਬਲੇਟ ਅਤੇ ਹੋਰ ਇਹੋ ਜਿਹੀਆਂ ਚੀਜ਼ਾਂ ʼਤੇ ਅਚਾਨਕ ਕੋਈ ਗੰਦੀ ਤਸਵੀਰ ਆ ਜਾਵੇ? ਸਾਨੂੰ ਇਕਦਮ ਉਸ ਤਸਵੀਰ ਤੋਂ ਮੂੰਹ ਮੋੜਨਾ ਚਾਹੀਦਾ ਹੈ। ਇੱਦਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਅਸੀਂ ਯਾਦ ਰੱਖ ਸਕਦੇ ਹਾਂ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਸਭ ਤੋਂ ਜ਼ਿਆਦਾ ਅਨਮੋਲ ਹੈ। ਦਰਅਸਲ, ਕੁਝ ਤਸਵੀਰਾਂ ਇੰਨੀਆਂ ਗੰਦੀਆਂ ਨਹੀਂ ਹੁੰਦੀਆਂ, ਪਰ ਉਹ ਸਾਡੇ ਮਨ ਵਿਚ ਗ਼ਲਤ ਇੱਛਾਵਾਂ ਜਗਾ ਸਕਦੀਆਂ ਹਨ। ਸਾਨੂੰ ਅਜਿਹੀਆਂ ਤਸਵੀਰਾਂ ਤੋਂ ਵੀ ਕਿਉਂ ਮੂੰਹ ਮੋੜਨਾ ਚਾਹੀਦਾ ਹੈ? ਕਿਉਂਕਿ ਅਸੀਂ ਇੱਦਾਂ ਦਾ ਕੋਈ ਛੋਟਾ ਜਿਹਾ ਕਦਮ ਵੀ ਨਹੀਂ ਚੁੱਕਣਾ ਚਾਹੁੰਦੇ ਜਿਸ ਕਰਕੇ ਅਸੀਂ ਆਪਣੇ ਦਿਲ ਵਿਚ ਹਰਾਮਕਾਰੀ ਕਰ ਬੈਠੀਏ। (ਮੱਤੀ 5:28, 29) ਥਾਈਲੈਂਡ ਵਿਚ ਰਹਿਣ ਵਾਲੇ ਡੇਵਿਡ ਨਾਂ ਦੇ ਬਜ਼ੁਰਗ ਨੇ ਦੱਸਿਆ: “ਮੈਂ ਆਪਣੇ ਆਪ ਤੋਂ ਪੁੱਛਦਾ ਹਾਂ: ‘ਭਾਵੇਂ ਕਿ ਇਹ ਤਸਵੀਰਾਂ ਇੰਨੀਆਂ ਗੰਦੀਆਂ ਨਹੀਂ ਹਨ, ਪਰ ਜੇ ਮੈਂ ਇਨ੍ਹਾਂ ਵੱਲ ਦੇਖਦਾ ਰਹਾਂਗਾ, ਤਾਂ ਕੀ ਯਹੋਵਾਹ ਮੇਰੇ ਤੋਂ ਖ਼ੁਸ਼ ਹੋਵੇਗਾ?’ ਇਸ ਤਰ੍ਹਾਂ ਸੋਚ-ਵਿਚਾਰ ਕਰ ਕੇ ਮੈਂ ਸਹੀ ਫ਼ੈਸਲੇ ਲੈ ਪਾਉਂਦਾ ਹਾਂ।” ਜਦੋਂ ਅਸੀਂ ਯਹੋਵਾਹ ਨੂੰ ਨਾਰਾਜ਼ ਨਾ ਕਰਨ ਦਾ ਡਰ ਪੈਦਾ ਕਰਦੇ ਹਾਂ, ਤਾਂ ਅਸੀਂ ਸਮਝਦਾਰੀ ਤੋਂ ਕੰਮ ਲੈਣਾ ਸਿੱਖਦੇ ਹਾਂ। ਪਰਮੇਸ਼ੁਰ ਦਾ ਡਰ “ਬੁੱਧ ਦੀ ਸ਼ੁਰੂਆਤ ਹੈ।” w23.06 23 ਪੈਰੇ 12-13

ਸ਼ਨੀਵਾਰ 11 ਅਕਤੂਬਰ

ਹੇ ਮੇਰੇ ਲੋਕੋ, ਜਾਓ, ਆਪਣੀਆਂ ਕੋਠੜੀਆਂ ਵਿਚ ਵੜ ਜਾਓ।​—ਯਸਾ. 26:20.

“ਕੋਠੜੀਆਂ” ਸ਼ਾਇਦ ਮੰਡਲੀਆਂ ਨੂੰ ਦਰਸਾਉਂਦੀਆਂ ਹਨ। ਯਹੋਵਾਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਮਹਾਂਕਸ਼ਟ ਦੌਰਾਨ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਉਸ ਦੀ ਸੇਵਾ ਕਰਦੇ ਰਹਾਂਗੇ, ਤਾਂ ਉਹ ਸਾਡੀ ਹਿਫਾਜ਼ਤ ਕਰੇਗਾ। ਇਸ ਲਈ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਸਹਿਣ ਵਿਚ ਹੀ ਨਹੀਂ, ਸਗੋਂ ਉਨ੍ਹਾਂ ਨੂੰ ਪਿਆਰ ਕਰਨ ਵਿਚ ਵੀ ਹੁਣ ਤੋਂ ਹੀ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਹ ਸਾਡੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ! “ਯਹੋਵਾਹ ਦਾ ਮਹਾਨ ਦਿਨ” ਸਾਰੇ ਇਨਸਾਨਾਂ ਲਈ ਬਹੁਤ ਹੀ ਜ਼ਿਆਦਾ ਔਖਾ ਸਮਾਂ ਹੋਵੇਗਾ। (ਸਫ਼. 1:14, 15) ਯਹੋਵਾਹ ਦੇ ਲੋਕਾਂ ਨੂੰ ਵੀ ਮੁਸ਼ਕਲਾਂ ਝੱਲਣੀਆਂ ਪੈਣਗੀਆਂ। ਪਰ ਜੇ ਅਸੀਂ ਹੁਣ ਤੋਂ ਹੀ ਤਿਆਰੀ ਕਰਾਂਗੇ, ਤਾਂ ਅਸੀਂ ਸ਼ਾਂਤ ਰਹਿ ਸਕਾਂਗੇ ਅਤੇ ਦੂਜਿਆਂ ਦੀ ਮਦਦ ਕਰ ਸਕਾਂਗੇ। ਅਸੀਂ ਆਪਣੇ ਰਾਹ ਵਿਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਨੂੰ ਧੀਰਜ ਨਾਲ ਸਹਿ ਸਕਾਂਗੇ। ਜਦੋਂ ਸਾਡੇ ਭੈਣਾਂ-ਭਰਾਵਾਂ ʼਤੇ ਦੁੱਖ-ਮੁਸੀਬਤਾਂ ਆਉਂਦੀਆਂ ਹਨ, ਤਾਂ ਅਸੀਂ ਆਪਣੇ ਵੱਲੋਂ ਪੂਰੀ ਵਾਹ ਲਾ ਕੇ ਉਨ੍ਹਾਂ ਨੂੰ ਹਮਦਰਦੀ ਦਿਖਾਵਾਂਗੇ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਾਂਗੇ। ਨਾਲੇ ਜੇ ਅਸੀਂ ਹੁਣ ਤੋਂ ਹੀ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨਾ ਸਿੱਖਿਆ ਹੈ, ਤਾਂ ਅਸੀਂ ਭਵਿੱਖ ਵਿਚ ਵੀ ਉਨ੍ਹਾਂ ਨੂੰ ਪਿਆਰ ਦਿਖਾ ਸਕਾਂਗੇ। ਫਿਰ ਯਹੋਵਾਹ ਸਾਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਜਿੱਥੇ ਅਸੀਂ ਹਰ ਤਰ੍ਹਾਂ ਦੀਆਂ ਆਫ਼ਤਾਂ ਅਤੇ ਦੁੱਖਾਂ ਨੂੰ ਭੁੱਲ ਜਾਵਾਂਗੇ।​—ਯਸਾ. 65:17. w23.07 7 ਪੈਰੇ 16-17

ਐਤਵਾਰ 12 ਅਕਤੂਬਰ

[ਯਹੋਵਾਹ] ਤੁਹਾਨੂੰ ਮਜ਼ਬੂਤ ਕਰੇਗਾ ਅਤੇ ਤੁਹਾਨੂੰ ਤਕੜਾ ਕਰੇਗਾ ਅਤੇ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।​—1 ਪਤ. 5:10.

ਬਾਈਬਲ ਵਿਚ ਅਕਸਰ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਵਫ਼ਾਦਾਰ ਸੇਵਕ ਤਾਕਤਵਰ ਸਨ। ਪਰ ਜੋ ਬਹੁਤ ਤਾਕਤਵਰ ਸਨ, ਉਨ੍ਹਾਂ ਨੂੰ ਵੀ ਹਮੇਸ਼ਾ ਇੱਦਾਂ ਨਹੀਂ ਲੱਗਦਾ ਸੀ ਕਿ ਉਹ ਤਾਕਤਵਰ ਹਨ। ਉਦਾਹਰਣ ਲਈ, ਰਾਜਾ ਦਾਊਦ ਨੂੰ ਕਈ ਮੌਕਿਆਂ ʼਤੇ ਲੱਗਾ ਕਿ ਉਹ “ਪਹਾੜ ਵਾਂਗ ਮਜ਼ਬੂਤ” ਸੀ, ਪਰ ਕੁਝ ਹੋਰ ਮੌਕਿਆਂ ʼਤੇ ਉਹ “ਬਹੁਤ ਡਰ ਗਿਆ” ਸੀ। (ਜ਼ਬੂ. 30:7) ਸਮਸੂਨ ʼਤੇ ਜਦੋਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕੰਮ ਕਰਦੀ ਸੀ, ਤਾਂ ਉਸ ਵਿਚ ਜ਼ਬਰਦਸਤ ਤਾਕਤ ਆ ਜਾਂਦੀ ਸੀ। ਪਰ ਉਹ ਜਾਣਦਾ ਸੀ ਕਿ ਪਰਮੇਸ਼ੁਰ ਦੀ ਤਾਕਤ ਤੋਂ ਬਗੈਰ ਉਹ ‘ਕਮਜ਼ੋਰ ਹੋ ਜਾਵੇਗਾ ਤੇ ਬਾਕੀ ਸਾਰੇ ਆਦਮੀਆਂ ਵਰਗਾ ਹੋ ਜਾਵੇਗਾ।’ (ਨਿਆ. 14:5, 6; 16:17) ਇਹ ਸਾਰੇ ਵਫ਼ਾਦਾਰ ਇਨਸਾਨ ਸਿਰਫ਼ ਇਸ ਕਰਕੇ ਹੀ ਤਾਕਤਵਰ ਸਨ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਤਾਕਤ ਦਿੱਤੀ ਸੀ। ਪੌਲੁਸ ਰਸੂਲ ਜਾਣਦਾ ਸੀ ਕਿ ਉਸ ਨੂੰ ਵੀ ਯਹੋਵਾਹ ਦੀ ਤਾਕਤ ਦੀ ਲੋੜ ਸੀ। (2 ਕੁਰਿੰ. 12:9, 10) ਉਸ ਨੂੰ ਵੀ ਸਿਹਤ ਸਮੱਸਿਆਵਾਂ ਸਨ। (ਗਲਾ. 4:13, 14) ਕਦੇ-ਕਦਾਈਂ ਉਸ ਨੂੰ ਸਹੀ ਕੰਮ ਕਰਨ ਲਈ ਵੀ ਜੱਦੋ-ਜਹਿਦ ਕਰਨੀ ਪੈਂਦੀ ਸੀ। (ਰੋਮੀ. 7:18, 19) ਨਾਲੇ ਕਈ ਵਾਰ ਉਹ ਪਰੇਸ਼ਾਨ ਹੁੰਦਾ ਸੀ ਅਤੇ ਉਸ ਨੂੰ ਇਹ ਸੋਚ ਕੇ ਡਰ ਲੱਗਦਾ ਸੀ ਕਿ ਪਤਾ ਨਹੀਂ ਉਸ ਨਾਲ ਅੱਗੇ ਕੀ ਹੋਣਾ। (2 ਕੁਰਿੰ. 1:8, 9) ਫਿਰ ਵੀ ਪੌਲੁਸ ਨੇ ਕਿਹਾ ਕਿ ਜਦੋਂ ਉਹ ਕਮਜ਼ੋਰ ਹੁੰਦਾ ਸੀ, ਉਦੋਂ ਉਹ ਤਾਕਤਵਰ ਹੁੰਦਾ ਸੀ। ਕਿਉਂ? ਕਿਉਂਕਿ ਪਰਮੇਸ਼ੁਰ ਨੇ ਹੀ ਉਸ ਨੂੰ ਤਾਕਤ ਦਿੱਤੀ। ਉਸ ਨੇ ਹੀ ਪੌਲੁਸ ਨੂੰ ਤਕੜਾ ਕੀਤਾ। w23.10 12 ਪੈਰੇ 1-2

ਸੋਮਵਾਰ 13 ਅਕਤੂਬਰ

ਯਹੋਵਾਹ ਦਿਲ ਦੇਖਦਾ ਹੈ।​—1 ਸਮੂ. 16:7.

ਕਦੇ-ਕਦਾਈਂ ਸ਼ਾਇਦ ਸਾਨੂੰ ਵੀ ਲੱਗੇ ਕਿ ਅਸੀਂ ਨਿਕੰਮੇ ਹਾਂ। ਇੱਦਾਂ ਦੇ ਸਮੇਂ ਵਿਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਸਾਨੂੰ ਆਪਣੇ ਵੱਲ ਖਿੱਚਿਆ ਹੈ। (ਯੂਹੰ. 6:44) ਉਹ ਸਾਡਾ ਦਿਲ ਦੇਖਦਾ ਹੈ। ਉਹ ਸਾਡੇ ਵਿਚ ਅਜਿਹੇ ਗੁਣ ਦੇਖਦਾ ਹੈ ਜੋ ਸ਼ਾਇਦ ਅਸੀਂ ਖ਼ੁਦ ਵੀ ਨਾ ਦੇਖ ਸਕੀਏ। (2 ਇਤਿ. 6:30) ਇਸ ਲਈ ਜਦੋਂ ਉਹ ਕਹਿੰਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਨੂੰ ਅਨਮੋਲ ਸਮਝਦਾ ਹੈ, ਤਾਂ ਅਸੀਂ ਉਸ ʼਤੇ ਪੂਰਾ ਯਕੀਨ ਰੱਖ ਸਕਦੇ ਹਾਂ। (1 ਯੂਹੰ. 3:19, 20) ਸੱਚਾਈ ਸਿੱਖਣ ਤੋਂ ਪਹਿਲਾਂ ਸਾਡੇ ਵਿੱਚੋਂ ਕਈਆਂ ਨੇ ਅਜਿਹੇ ਕੰਮ ਕੀਤੇ ਸਨ ਜਿਸ ਕਰਕੇ ਉਹ ਸ਼ਾਇਦ ਅੱਜ ਵੀ ਦੋਸ਼ੀ ਮਹਿਸੂਸ ਕਰਨ। (1 ਪਤ. 4:3) ਉਨ੍ਹਾਂ ਭੈਣਾਂ-ਭਰਾਵਾਂ ਨੂੰ ਵੀ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪੈਂਦਾ ਹੈ ਜੋ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਤੁਹਾਡੇ ਬਾਰੇ ਕੀ? ਕੀ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਯਹੋਵਾਹ ਤੁਹਾਨੂੰ ਕਦੇ ਮਾਫ਼ ਨਹੀਂ ਕਰ ਸਕਦਾ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਕੁਝ ਸੇਵਕਾਂ ਨੇ ਵੀ ਇੱਦਾਂ ਹੀ ਮਹਿਸੂਸ ਕੀਤਾ ਸੀ। ਜ਼ਰਾ ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਪੌਲੁਸ ਇਸ ਬਾਰੇ ਸੋਚਦਾ ਸੀ ਕਿ ਉਸ ਵਿਚ ਕਿੰਨੀਆਂ ਕਮੀਆਂ ਹਨ, ਤਾਂ ਉਹ ਬਹੁਤ ਦੁਖੀ ਹੁੰਦਾ ਸੀ। (ਰੋਮੀ. 7:24) ਪੌਲੁਸ ਨੇ ਪਹਿਲਾਂ ਜੋ ਪਾਪ ਕੀਤੇ ਸਨ, ਉਨ੍ਹਾਂ ਲਈ ਉਸ ਨੇ ਤੋਬਾ ਕੀਤੀ ਅਤੇ ਬਪਤਿਸਮਾ ਲਿਆ। ਪਰ ਫਿਰ ਵੀ ਉਸ ਨੇ ਆਪਣੇ ਬਾਰੇ ਕਿਹਾ: “ਮੈਂ ਸਾਰੇ ਰਸੂਲਾਂ ਵਿੱਚੋਂ ਛੋਟਾ ਰਸੂਲ ਹਾਂ” ਅਤੇ “ਸਭ ਤੋਂ ਵੱਡਾ ਪਾਪੀ ਮੈਂ ਹਾਂ।”​—1 ਕੁਰਿੰ. 15:9; 1 ਤਿਮੋ. 1:15. w24.03 27 ਪੈਰੇ 5-6

ਮੰਗਲਵਾਰ 14 ਅਕਤੂਬਰ

‘ਉਨ੍ਹਾਂ ਨੇ ਯਹੋਵਾਹ ਦੇ ਭਵਨ ਨੂੰ ਤਿਆਗ ਦਿੱਤਾ।’​—2 ਇਤਿ. 24:18.

ਇਕ ਸਬਕ ਜੋ ਅਸੀਂ ਰਾਜਾ ਯਹੋਆਸ਼ ਦੇ ਬੁਰੇ ਫ਼ੈਸਲੇ ਤੋਂ ਸਿੱਖ ਸਕਦੇ ਹਾਂ, ਉਹ ਹੈ ਕਿ ਸਾਨੂੰ ਸਿਰਫ਼ ਉਹੀ ਦੋਸਤ ਬਣਾਉਣੇ ਚਾਹੀਦੇ ਹਨ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਇਹ ਦੋਸਤ ਚੰਗੇ ਕੰਮ ਕਰਨ ਵਿਚ ਸਾਡੀ ਮਦਦ ਕਰਨਗੇ। ਨਾਲੇ ਸਾਨੂੰ ਸਿਰਫ਼ ਆਪਣੀ ਉਮਰ ਦੇ ਲੋਕਾਂ ਨਾਲ ਹੀ ਦੋਸਤੀ ਨਹੀਂ ਕਰਨੀ ਚਾਹੀਦੀ। ਯਾਦ ਰੱਖੋ, ਯਹੋਆਸ਼ ਆਪਣੇ ਦੋਸਤ ਯਹੋਯਾਦਾ ਤੋਂ ਬਹੁਤ ਛੋਟਾ ਸੀ। ਦੋਸਤਾਂ ਦੀ ਚੋਣ ਦੇ ਮਾਮਲੇ ਵਿਚ ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਦੋਸਤ ਮੇਰੀ ਮਦਦ ਕਰਦੇ ਹਨ ਕਿ ਮੈਂ ਯਹੋਵਾਹ ʼਤੇ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਾਂ? ਕੀ ਉਹ ਮੈਨੂੰ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਣ ਦੀ ਹੱਲਾਸ਼ੇਰੀ ਦਿੰਦੇ ਹਨ? ਕੀ ਉਹ ਯਹੋਵਾਹ ਅਤੇ ਉਸ ਦੀਆਂ ਅਨਮੋਲ ਸੱਚਾਈਆਂ ਬਾਰੇ ਗੱਲ ਕਰਦੇ ਹਨ? ਕੀ ਉਹ ਯਹੋਵਾਹ ਦੇ ਮਿਆਰਾਂ ਦਾ ਆਦਰ ਕਰਦੇ ਹਨ? ਕੀ ਉਹ ਮੈਨੂੰ ਸਿਰਫ਼ ਉਹੀ ਗੱਲਾਂ ਕਹਿੰਦੇ ਹਨ ਜੋ ਮੈਂ ਸੁਣਨੀਆਂ ਚਾਹੁੰਦਾ ਹਾਂ? ਜਾਂ ਉਹ ਹਿੰਮਤ ਕਰਕੇ ਮੈਨੂੰ ਸੁਧਾਰਦੇ ਹਨ ਜਦੋਂ ਮੇਰੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ?’ (ਕਹਾ. 27:5, 6, 17) ਸੱਚ ਤਾਂ ਇਹ ਹੈ ਕਿ ਜੇ ਤੁਹਾਡੇ ਦੋਸਤ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਤਾਂ ਤੁਹਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਪਰ ਜੇ ਤੁਹਾਡੇ ਦੋਸਤ ਯਹੋਵਾਹ ਨੂੰ ਪਿਆਰ ਕਰਦੇ ਹਨ, ਤਾਂ ਉਨ੍ਹਾਂ ਨਾਲ ਦੋਸਤੀ ਬਣਾਈ ਰੱਖੋ। ਉਹ ਹਮੇਸ਼ਾ ਤੁਹਾਡੀ ਮਦਦ ਕਰਨਗੇ।​—ਕਹਾ. 13:20. w23.09 9-10 ਪੈਰੇ 6-7

ਬੁੱਧਵਾਰ 15 ਅਕਤੂਬਰ

ਮੈਂ ਐਲਫਾ ਅਤੇ ਓਮੇਗਾ ਹਾਂ।​—ਪ੍ਰਕਾ. 1:8, ਫੁਟਨੋਟ।

“ਐਲਫਾ” ਯੂਨਾਨੀ ਵਰਣਮਾਲਾ ਦਾ ਪਹਿਲਾ ਅਤੇ “ਓਮੇਗਾ” ਆਖ਼ਰੀ ਅੱਖਰ ਹੈ। ਤਾਂ ਫਿਰ ਜਦੋਂ ਯਹੋਵਾਹ ਨੇ ਇਹ ਕਿਹਾ ਕਿ “ਮੈਂ ਹੀ ‘ਐਲਫਾ ਅਤੇ ਓਮੇਗਾ’ ਹਾਂ,” ਤਾਂ ਇਸ ਦਾ ਕੀ ਮਤਲਬ ਸੀ? ਇਸ ਦਾ ਮਤਲਬ ਸੀ ਕਿ ਯਹੋਵਾਹ ਜਦੋਂ ਵੀ ਕੋਈ ਕੰਮ ਸ਼ੁਰੂ ਕਰਦਾ ਹੈ, ਉਹ ਉਸ ਨੂੰ ਹਰ ਹਾਲ ਵਿਚ ਪੂਰਾ ਵੀ ਕਰਦਾ ਹੈ। ਆਦਮ ਅਤੇ ਹੱਵਾਹ ਨੂੰ ਬਣਾਉਣ ਤੋਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ ਅਤੇ ਇਸ ʼਤੇ ਅਧਿਕਾਰ ਰੱਖੋ।” (ਉਤ. 1:28) ਇਸ ਤਰ੍ਹਾਂ ਜਦੋਂ ਯਹੋਵਾਹ ਨੇ ਆਪਣਾ ਮਕਸਦ ਦੱਸਿਆ, ਤਾਂ ਉਹ ਇਕ ਸ਼ੁਰੂਆਤ ਸੀ। ਉਸ ਵੇਲੇ ਯਹੋਵਾਹ ਨੇ ਇਕ ਤਰ੍ਹਾਂ ਨਾਲ ਕਿਹਾ, “ਐਲਫਾ।” ਆਉਣ ਵਾਲੇ ਸਮੇਂ ਵਿਚ ਆਦਮ ਤੇ ਹੱਵਾਹ ਦੇ ਮੁਕੰਮਲ ਤੇ ਆਗਿਆਕਾਰ ਬੱਚੇ ਧਰਤੀ ਨੂੰ ਭਰ ਦੇਣਗੇ ਅਤੇ ਇਸ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਣਗੇ। ਸੋ ਜਦੋਂ ਭਵਿੱਖ ਵਿਚ ਯਹੋਵਾਹ ਦਾ ਮਕਸਦ ਪੂਰਾ ਹੋਵੇਗਾ, ਤਾਂ ਉਹ ਇਕ ਤਰ੍ਹਾਂ ਨਾਲ ਕਹੇਗਾ, “ਓਮੇਗਾ।” ਯਹੋਵਾਹ ਨੇ “ਆਕਾਸ਼ ਅਤੇ ਧਰਤੀ ਅਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ” ਬਣਾਉਣ ਤੋਂ ਬਾਅਦ ਇਕ ਗਾਰੰਟੀ ਦਿੱਤੀ। ਉਸ ਨੇ ਗਾਰੰਟੀ ਦਿੱਤੀ ਕਿ ਇਨਸਾਨਾਂ ਤੇ ਧਰਤੀ ਲਈ ਰੱਖਿਆ ਉਸ ਦਾ ਮਕਸਦ ਪੂਰਾ ਕਰਨ ਵਿਚ ਕੋਈ ਵੀ ਚੀਜ਼ ਉਸ ਨੂੰ ਰੋਕ ਨਹੀਂ ਸਕਦੀ। ਨਾਲੇ ਸੱਤਵੇਂ ਦਿਨ ਦੇ ਅਖ਼ੀਰ ਵਿਚ ਉਹ ਆਪਣਾ ਮਕਸਦ ਹਰ ਹਾਲ ਵਿਚ ਪੂਰਾ ਕਰੇਗਾ।​—ਉਤ. 2:1-3. w23.11 5 ਪੈਰੇ 13-14

ਵੀਰਵਾਰ 16 ਅਕਤੂਬਰ

ਯਹੋਵਾਹ ਦਾ ਰਸਤਾ ਪੱਧਰਾ ਕਰੋ! ਸਾਡੇ ਪਰਮੇਸ਼ੁਰ ਲਈ ਰੇਗਿਸਤਾਨ ਥਾਣੀਂ ਇਕ ਸਿੱਧਾ ਰਾਜਮਾਰਗ ਬਣਾਓ।​—ਯਸਾ. 40:3.

ਬਾਬਲ ਤੋਂ ਇਜ਼ਰਾਈਲ ਤਕ ਦਾ ਔਖਾ ਸਫ਼ਰ ਤੈਅ ਕਰਨ ਵਿਚ ਲਗਭਗ ਚਾਰ ਮਹੀਨੇ ਲੱਗ ਸਕਦੇ ਸਨ। ਪਰ ਯਹੋਵਾਹ ਨੇ ਯਹੂਦੀਆਂ ਨਾਲ ਵਾਅਦਾ ਕੀਤਾ ਕਿ ਉਹ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਕੇ ਉਨ੍ਹਾਂ ਦੇ ਰਾਹ ਨੂੰ ਪੱਧਰਾ ਕਰ ਦੇਵੇਗਾ। ਵਫ਼ਾਦਾਰ ਯਹੂਦੀ ਜਾਣਦੇ ਸਨ ਕਿ ਇਜ਼ਰਾਈਲ ਜਾਣ ਲਈ ਉਹ ਜੋ ਵੀ ਕੁਰਬਾਨੀਆਂ ਕਰਨਗੇ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਉਨ੍ਹਾਂ ਨੂੰ ਬਰਕਤਾਂ ਮਿਲਣਗੀਆਂ। ਸਭ ਤੋਂ ਵੱਡੀ ਬਰਕਤ ਉਨ੍ਹਾਂ ਨੂੰ ਇਹ ਮਿਲਣੀ ਸੀ ਕਿ ਉੱਥੇ ਜਾ ਕੇ ਉਹ ਯਹੋਵਾਹ ਦੀ ਭਗਤੀ ਕਰ ਸਕਦੇ ਸਨ। ਬਾਬਲ ਵਿਚ ਯਹੋਵਾਹ ਦਾ ਇਕ ਵੀ ਮੰਦਰ ਨਹੀਂ ਸੀ। ਉੱਥੇ ਯਹੋਵਾਹ ਦੀ ਇਕ ਵੀ ਵੇਦੀ ਨਹੀਂ ਸੀ ਜਿੱਥੇ ਇਜ਼ਰਾਈਲੀ ਮੂਸਾ ਦੇ ਕਾਨੂੰਨ ਮੁਤਾਬਕ ਬਲ਼ੀਆਂ ਚੜ੍ਹਾ ਸਕਦੇ ਸਨ। ਨਾਲੇ ਬਲ਼ੀਆਂ ਚੜ੍ਹਾਉਣ ਲਈ ਪੁਜਾਰੀ ਦਲ ਦਾ ਵੀ ਪ੍ਰਬੰਧ ਨਹੀਂ ਸੀ। ਇਸ ਤੋਂ ਇਲਾਵਾ, ਯਹੋਵਾਹ ਦੇ ਲੋਕ ਝੂਠੀ ਭਗਤੀ ਕਰਨ ਵਾਲੇ ਲੋਕਾਂ ਨਾਲ ਘਿਰੇ ਹੋਏ ਸਨ ਜੋ ਨਾ ਤਾਂ ਯਹੋਵਾਹ ਦਾ ਤੇ ਨਾ ਹੀ ਉਸ ਦੇ ਮਿਆਰਾਂ ਦਾ ਕੋਈ ਆਦਰ ਕਰਦੇ ਸਨ। ਇਸ ਲਈ ਪਰਮੇਸ਼ੁਰ ਤੋਂ ਡਰਨ ਵਾਲੇ ਹਜ਼ਾਰਾਂ ਹੀ ਯਹੂਦੀ ਬੇਸਬਰੀ ਨਾਲ ਆਪਣੇ ਦੇਸ਼ ਜਾਣ ਦੀ ਉਡੀਕ ਕਰ ਰਹੇ ਸਨ ਜਿੱਥੇ ਜਾ ਕੇ ਉਹ ਦੁਬਾਰਾ ਸ਼ੁੱਧ ਭਗਤੀ ਕਰ ਸਕਦੇ ਸਨ। w23.05 14-15 ਪੈਰੇ 3-4

ਸ਼ੁੱਕਰਵਾਰ 17 ਅਕਤੂਬਰ

ਚਾਨਣ ਦੇ ਬੱਚਿਆਂ ਵਜੋਂ ਚੱਲਦੇ ਰਹੋ।​—ਅਫ਼. 5:8.

ਹਮੇਸ਼ਾ “ਚਾਨਣ ਦੇ ਬੱਚਿਆਂ ਵਜੋਂ ਚੱਲਦੇ” ਰਹਿਣ ਲਈ ਸਾਨੂੰ ਪਵਿੱਤਰ ਸ਼ਕਤੀ ਦੀ ਲੋੜ ਹੈ। ਪਰ ਕਿਉਂ? ਕਿਉਂਕਿ ਇਹ ਦੁਨੀਆਂ ਅਨੈਤਿਕ ਲੋਕਾਂ ਨਾਲ ਭਰੀ ਹੋਈ ਹੈ ਅਤੇ ਇਸ ਵਿਚ ਆਪਣੇ ਆਪ ਨੂੰ ਸ਼ੁੱਧ ਬਣਾਈ ਰੱਖਣਾ ਸੌਖਾ ਨਹੀਂ ਹੈ। (1 ਥੱਸ. 4:3-5, 7, 8) ਪਰ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਦੁਨੀਆਂ ਦੀ ਸੋਚ ਅਤੇ ਫ਼ਲਸਫ਼ਿਆਂ ਨੂੰ ਠੁਕਰਾ ਸਕਾਂਗੇ। ਅਸੀਂ ਇੱਦਾਂ ਦੀ ਸੋਚ ਅਤੇ ਰਵੱਈਏ ਨੂੰ ਖ਼ੁਦ ʼਤੇ ਹਾਵੀ ਨਹੀਂ ਹੋਣ ਦੇਵਾਂਗੇ ਜੋ ਪਰਮੇਸ਼ੁਰ ਦੀ ਸੋਚ ਨਾਲ ਮੇਲ ਨਹੀਂ ਖਾਂਦਾ। ਇਸ ਤੋਂ ਇਲਾਵਾ, ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ‘ਹਰ ਤਰ੍ਹਾਂ ਦਾ ਭਲਾ ਕੰਮ ਕਰ ਸਕਾਂਗੇ ਅਤੇ ਧਰਮੀ ਅਸੂਲਾਂ ਮੁਤਾਬਕ ਜ਼ਿੰਦਗੀ ਜੀ’ ਸਕਾਂਗੇ। (ਅਫ਼. 5:9) ਪਵਿੱਤਰ ਸ਼ਕਤੀ ਪਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਇਸ ਲਈ ਪ੍ਰਾਰਥਨਾ ਕਰੀਏ। ਯਿਸੂ ਨੇ ਕਿਹਾ ਸੀ ਕਿ ਯਹੋਵਾਹ ਉਨ੍ਹਾਂ ਨੂੰ “ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ ਜੋ ਉਸ ਤੋਂ ਮੰਗਦੇ ਹਨ!” (ਲੂਕਾ 11:13) ਨਾਲੇ ਸਭਾਵਾਂ ਵਿਚ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਨਾਲ ਵੀ ਸਾਨੂੰ ਪਵਿੱਤਰ ਸ਼ਕਤੀ ਮਿਲਦੀ ਹੈ। (ਅਫ਼. 5:19, 20) ਜਦੋਂ ਪਵਿੱਤਰ ਸ਼ਕਤੀ ਸਾਡੇ ʼਤੇ ਕੰਮ ਕਰੇਗੀ, ਤਾਂ ਅਸੀਂ ਇੱਦਾਂ ਦੀ ਜ਼ਿੰਦਗੀ ਜੀ ਸਕਾਂਗੇ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। w24.03 23-24 ਪੈਰੇ 13-15

ਸ਼ਨੀਵਾਰ 18 ਅਕਤੂਬਰ

ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।​—ਲੂਕਾ 11:9.

ਕੀ ਤੁਹਾਨੂੰ ਹੋਰ ਜ਼ਿਆਦਾ ਧੀਰਜਵਾਨ ਬਣਨ ਦੀ ਲੋੜ ਹੈ? ਜੇ ਹਾਂ, ਤਾਂ ਇਸ ਲਈ ਪ੍ਰਾਰਥਨਾ ਕਰੋ। ਧੀਰਜ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਗੁਣ ਹੈ। (ਗਲਾ. 5:22, 23) ਇਸ ਲਈ ਅਸੀਂ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗ ਸਕਦੇ ਹਾਂ ਅਤੇ ਬੇਨਤੀ ਕਰ ਸਕਦੇ ਹਾਂ ਕਿ ਅਸੀਂ ਧੀਰਜ ਰੱਖ ਸਕੀਏ। ਜੇ ਅਸੀਂ ਅਜਿਹੇ ਹਾਲਾਤ ਦਾ ਸਾਮ੍ਹਣਾ ਕਰ ਰਹੇ ਹਾਂ ਜਦੋਂ ਸਾਨੂੰ ਧੀਰਜ ਰੱਖਣਾ ਔਖਾ ਲੱਗੇ, ਤਾਂ ਅਸੀਂ ਪਵਿੱਤਰ ਸ਼ਕਤੀ ‘ਮੰਗਦੇ ਰਹਿ’ ਸਕਦੇ ਹਾਂ। (ਲੂਕਾ 11:13) ਨਾਲੇ ਅਸੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ ਕਿ ਅਸੀਂ ਹਾਲਾਤਾਂ ਪ੍ਰਤੀ ਉਸ ਵਰਗਾ ਨਜ਼ਰੀਆ ਰੱਖ ਸਕੀਏ। ਫਿਰ ਪ੍ਰਾਰਥਨਾ ਕਰਨ ਤੋਂ ਬਾਅਦ ਸਾਨੂੰ ਹਰ ਰੋਜ਼ ਪੂਰੀ ਵਾਹ ਲਾ ਕੇ ਧੀਰਜ ਦਿਖਾਉਣ ਦੀ ਲੋੜ ਹੈ। ਅਸੀਂ ਜਿੰਨਾ ਜ਼ਿਆਦਾ ਧੀਰਜ ਲਈ ਪ੍ਰਾਰਥਨਾ ਕਰਾਂਗੇ ਅਤੇ ਧੀਰਜ ਰੱਖਣ ਦੀ ਕੋਸ਼ਿਸ਼ ਕਰਾਂਗੇ, ਇਹ ਗੁਣ ਉੱਨਾ ਜ਼ਿਆਦਾ ਸਾਡੇ ਦਿਲਾਂ ਵਿਚ ਜੜ੍ਹ ਫੜ ਲਵੇਗਾ ਅਤੇ ਸਾਡੀ ਸ਼ਖ਼ਸੀਅਤ ਦਾ ਹਿੱਸਾ ਬਣ ਜਾਵੇਗਾ। ਨਾਲੇ ਬਾਈਬਲ ਵਿਚ ਦਿੱਤੀਆਂ ਮਿਸਾਲਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰਨ ਨਾਲ ਵੀ ਸਾਡੀ ਮਦਦ ਹੁੰਦੀ ਹੈ। ਬਾਈਬਲ ਵਿਚ ਉਨ੍ਹਾਂ ਲੋਕਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਰਜ ਹਨ ਜਿਨ੍ਹਾਂ ਨੇ ਧੀਰਜ ਰੱਖਿਆ ਸੀ। ਉਨ੍ਹਾਂ ਦੀਆਂ ਮਿਸਾਲਾਂ ʼਤੇ ਸੋਚ-ਵਿਚਾਰ ਕਰ ਕੇ ਅਸੀਂ ਜਾਣ ਸਕਦੇ ਹਾਂ ਕਿ ਅਸੀਂ ਅਲੱਗ-ਅਲੱਗ ਹਾਲਾਤਾਂ ਵਿਚ ਧੀਰਜ ਕਿਵੇਂ ਦਿਖਾ ਸਕਦੇ ਹਾਂ। w23.08 22 ਪੈਰੇ 10-11

ਐਤਵਾਰ 19 ਅਕਤੂਬਰ

ਤੁਸੀਂ ਆਪਣੇ ਜਾਲ਼ ਪਾਣੀ ਵਿਚ ਪਾਓ।​—ਲੂਕਾ 5:4.

ਯਿਸੂ ਨੇ ਪਤਰਸ ਰਸੂਲ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ। ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੇ ਪਤਰਸ ਅਤੇ ਹੋਰ ਰਸੂਲਾਂ ਦੀ ਚਮਤਕਾਰ ਕਰ ਕੇ ਇਕ ਵਾਰ ਫਿਰ ਮੱਛੀਆਂ ਫੜਨ ਵਿਚ ਮਦਦ ਕੀਤੀ। (ਯੂਹੰ. 21:4-6) ਬਿਨਾਂ ਸ਼ੱਕ, ਇਸ ਚਮਤਕਾਰ ਕਰਕੇ ਪਤਰਸ ਨੂੰ ਦੁਬਾਰਾ ਭਰੋਸਾ ਹੋ ਗਿਆ ਹੋਣਾ ਕਿ ਯਹੋਵਾਹ ਉਸ ਦੀਆਂ ਲੋੜਾਂ ਪੂਰੀਆਂ ਕਰੇਗਾ। ਸ਼ਾਇਦ ਉਦੋਂ ਪਤਰਸ ਰਸੂਲ ਨੂੰ ਯਿਸੂ ਦੀ ਕਹੀ ਇਹ ਗੱਲ ਯਾਦ ਆਈ ਹੋਣੀ ਕਿ ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਜੋ ‘ਉਸ ਦੇ ਰਾਜ ਨੂੰ ਪਹਿਲ ਦਿੰਦੇ ਹਨ।’ (ਮੱਤੀ 6:33) ਇਨ੍ਹਾਂ ਸਾਰੀਆਂ ਗੱਲਾਂ ਕਰਕੇ ਪਤਰਸ ਨੇ ਆਪਣੀ ਜ਼ਿੰਦਗੀ ਵਿਚ ਪ੍ਰਚਾਰ ਕੰਮ ਨੂੰ ਪਹਿਲ ਦਿੱਤੀ, ਨਾ ਕਿ ਮੱਛੀਆਂ ਫੜਨ ਦੇ ਆਪਣੇ ਕੰਮ ਨੂੰ। ਪੰਤੇਕੁਸਤ 33 ਈਸਵੀ ਨੂੰ ਪਤਰਸ ਨੇ ਦਲੇਰੀ ਨਾਲ ਗਵਾਹੀ ਦਿੱਤੀ ਜਿਸ ਕਰਕੇ ਹਜ਼ਾਰਾਂ ਹੀ ਲੋਕਾਂ ਨੇ ਖ਼ੁਸ਼ ਖ਼ਬਰੀ ਕਬੂਲ ਕੀਤੀ। (ਰਸੂ. 2:14, 37-41) ਇਸ ਤੋਂ ਬਾਅਦ ਉਸ ਨੇ ਸਾਮਰੀਆਂ ਅਤੇ ਗ਼ੈਰ-ਯਹੂਦੀਆਂ ਦੀ ਮਸੀਹ ਬਾਰੇ ਜਾਣਨ ਅਤੇ ਉਸ ਦੇ ਚੇਲੇ ਬਣਨ ਵਿਚ ਮਦਦ ਕੀਤੀ। (ਰਸੂ. 8:14-17; 10:44-48) ਬਿਨਾਂ ਸ਼ੱਕ, ਯਹੋਵਾਹ ਨੇ ਹਰ ਤਰ੍ਹਾਂ ਦੇ ਲੋਕਾਂ ਨੂੰ ਮਸੀਹੀ ਮੰਡਲੀ ਵਿਚ ਲਿਆਉਣ ਲਈ ਪਤਰਸ ਨੂੰ ਜ਼ਬਰਦਸਤ ਤਰੀਕੇ ਨਾਲ ਵਰਤਿਆ। w23.09 20 ਪੈਰਾ 1; 23 ਪੈਰਾ 11

ਸੋਮਵਾਰ 20 ਅਕਤੂਬਰ

ਜੇ ਤੁਸੀਂ ਮੈਨੂੰ ਮੇਰਾ ਸੁਪਨਾ ਅਤੇ ਇਸ ਦਾ ਮਤਲਬ ਨਹੀਂ ਦੱਸਿਆ, ਤਾਂ ਤੁਹਾਡੇ ਟੋਟੇ-ਟੋਟੇ ਕਰ ਦਿੱਤੇ ਜਾਣਗੇ।​—ਦਾਨੀ. 2:5.

ਬਾਬਲੀਆਂ ਦੁਆਰਾ ਯਰੂਸ਼ਲਮ ਦਾ ਨਾਸ਼ ਕੀਤਿਆਂ ਲਗਭਗ ਦੋ ਸਾਲ ਹੋ ਚੁੱਕੇ ਸਨ। ਉਸ ਵੇਲੇ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਇਕ ਵੱਡੀ ਮੂਰਤ ਦਾ ਡਰਾਉਣਾ ਸੁਪਨਾ ਦੇਖਿਆ ਜਿਸ ਕਰਕੇ ਉਹ ਬਹੁਤ ਬੇਚੈਨ ਹੋ ਗਿਆ। ਰਾਜੇ ਨੇ ਆਪਣੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਹ ਉਸ ਦਾ ਸੁਪਨਾ ਤੇ ਇਸ ਦਾ ਮਤਲਬ ਦੱਸਣ। ਇਨ੍ਹਾਂ ਬੁੱਧੀਮਾਨ ਆਦਮੀਆਂ ਵਿਚ ਦਾਨੀਏਲ ਵੀ ਸ਼ਾਮਲ ਸੀ। ਰਾਜੇ ਨੇ ਹੁਕਮ ਦਿੱਤਾ ਕਿ ਜੇ ਉਹ ਇਸ ਬਾਰੇ ਨਹੀਂ ਦੱਸਣਗੇ, ਤਾਂ ਉਨ੍ਹਾਂ ਸਾਰਿਆਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। (ਦਾਨੀ. 2:3-5) ਦਾਨੀਏਲ ਨੂੰ ਤੁਰੰਤ ਕਦਮ ਚੁੱਕਣਾ ਪੈਣਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਦਾਅ ʼਤੇ ਲੱਗੀਆਂ ਹੋਈਆਂ ਸਨ। ਦਾਨੀਏਲ ਨੇ “ਰਾਜੇ ਦੇ ਸਾਮ੍ਹਣੇ ਜਾ ਕੇ ਮਿੰਨਤ ਕੀਤੀ ਕਿ ਉਸ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ ਤਾਂਕਿ ਉਹ ਰਾਜੇ ਨੂੰ ਸੁਪਨੇ ਦਾ ਮਤਲਬ ਦੱਸ ਸਕੇ।” (ਦਾਨੀ. 2:16) ਇਸ ਤੋਂ ਪਤਾ ਲੱਗਦਾ ਹੈ ਕਿ ਦਾਨੀਏਲ ਕਿੰਨਾ ਦਲੇਰ ਸੀ ਅਤੇ ਉਸ ਨੂੰ ਪਰਮੇਸ਼ੁਰ ʼਤੇ ਕਿੰਨੀ ਨਿਹਚਾ ਸੀ। ਬਾਈਬਲ ਵਿਚ ਇਸ ਦਾ ਕਿਤੇ ਜ਼ਿਕਰ ਨਹੀਂ ਆਉਂਦਾ ਕਿ ਦਾਨੀਏਲ ਨੇ ਪਹਿਲਾਂ ਕਦੇ ਕਿਸੇ ਸੁਪਨੇ ਦਾ ਮਤਲਬ ਦੱਸਿਆ ਹੋਵੇ। ਦਾਨੀਏਲ ਨੇ ਆਪਣੇ ਦੋਸਤਾਂ ਨੂੰ “ਇਸ ਭੇਤ ਦੇ ਮਾਮਲੇ ਵਿਚ ਸਵਰਗ ਦੇ ਪਰਮੇਸ਼ੁਰ ਨੂੰ ਦਇਆ ਵਾਸਤੇ ਪ੍ਰਾਰਥਨਾ ਕਰਨ ਲਈ ਕਿਹਾ।” (ਦਾਨੀ. 2:18) ਯਹੋਵਾਹ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। ਦਾਨੀਏਲ ਨਬੀ ਪਰਮੇਸ਼ੁਰ ਦੀ ਮਦਦ ਨਾਲ ਨਬੂਕਦਨੱਸਰ ਦੇ ਸੁਪਨੇ ਦਾ ਮਤਲਬ ਦੱਸ ਸਕਿਆ। ਇਸ ਤਰ੍ਹਾਂ ਦਾਨੀਏਲ ਅਤੇ ਉਸ ਦੇ ਦੋਸਤਾਂ ਦੀਆਂ ਜਾਨਾਂ ਬਚ ਗਈਆਂ। w23.08 3 ਪੈਰਾ 4

ਮੰਗਲਵਾਰ 21 ਅਕਤੂਬਰ

ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ, ਉਹੀ ਬਚਾਇਆ ਜਾਵੇਗਾ।​—ਮੱਤੀ 24:13.

ਧੀਰਜਵਾਨ ਬਣਨ ਦੇ ਫ਼ਾਇਦਿਆਂ ʼਤੇ ਗੌਰ ਕਰੋ। ਜਦੋਂ ਅਸੀਂ ਧੀਰਜ ਰੱਖਦੇ ਹਾਂ, ਤਾਂ ਅਸੀਂ ਜ਼ਿਆਦਾ ਖ਼ੁਸ਼ ਤੇ ਸ਼ਾਂਤ ਰਹਿ ਪਾਉਂਦੇ ਹਾਂ। ਇਸ ਕਰਕੇ ਕਾਫ਼ੀ ਹੱਦ ਸਾਡੀ ਸਿਹਤ ਵਧੀਆ ਰਹਿੰਦੀ ਹੈ ਅਤੇ ਸਾਨੂੰ ਬਿਨਾਂ ਵਜ੍ਹਾ ਤਣਾਅ ਨਹੀਂ ਹੁੰਦਾ। ਧੀਰਜ ਰੱਖਣ ਕਰਕੇ ਦੂਜਿਆਂ ਨਾਲ ਸਾਡੇ ਰਿਸ਼ਤੇ ਵਧੀਆ ਬਣਦੇ ਹਨ। ਨਾਲੇ ਸਾਡੀ ਮੰਡਲੀ ਦੀ ਏਕਤਾ ਹੋਰ ਵੀ ਵਧਦੀ ਹੈ। ਜੇ ਸਾਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ, ਤਾਂ ਅਸੀਂ ਛੇਤੀ ਗੁੱਸੇ ਨਹੀਂ ਹੁੰਦੇ ਅਤੇ ਗੱਲ ਹੋਰ ਨਹੀਂ ਵਿਗੜਦੀ। (ਜ਼ਬੂ. 37:8, ਫੁਟਨੋਟ; ਕਹਾ. 14:29) ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਆਪਣੇ ਸਵਰਗੀ ਪਿਤਾ ਦੀ ਰੀਸ ਕਰਦੇ ਹਾਂ ਅਤੇ ਉਸ ਦੇ ਹੋਰ ਵੀ ਨੇੜੇ ਜਾਂਦੇ ਹਾਂ। ਧੀਰਜ ਕਿੰਨਾ ਹੀ ਵਧੀਆ ਅਤੇ ਫ਼ਾਇਦੇਮੰਦ ਗੁਣ ਹੈ। ਭਾਵੇਂ ਕਿ ਸਾਡੇ ਲਈ ਧੀਰਜ ਰੱਖਣਾ ਹਮੇਸ਼ਾ ਸੌਖਾ ਨਹੀਂ ਹੁੰਦਾ, ਪਰ ਯਹੋਵਾਹ ਦੀ ਮਦਦ ਨਾਲ ਅਸੀਂ ਇਹ ਗੁਣ ਦਿਖਾਉਂਦੇ ਰਹਿ ਸਕਦੇ ਹਾਂ। ਨਾਲੇ ਨਵੀਂ ਦੁਨੀਆਂ ਦੀ ‘ਧੀਰਜ ਨਾਲ ਉਡੀਕ ਕਰਦਿਆਂ’ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਅਤੇ ਹਿਫਾਜ਼ਤ ਕਰੇਗਾ। (ਮੀਕਾ. 7:7) ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਧੀਰਜ ਨੂੰ ਪਹਿਨਦੇ ਰਹਾਂਗੇ। w23.08 22 ਪੈਰਾ 7; 25 ਪੈਰੇ 16-17

ਬੁੱਧਵਾਰ 22 ਅਕਤੂਬਰ

ਕੰਮਾਂ ਤੋਂ ਬਿਨਾਂ ਤੁਹਾਡੀ ਨਿਹਚਾ ਮਰੀ ਹੋਈ ਹੈ।​—ਯਾਕੂ. 2:17.

ਯਾਕੂਬ ਨੇ ਕਿਹਾ ਕਿ ਇਕ ਆਦਮੀ ਸ਼ਾਇਦ ਦਾਅਵਾ ਕਰੇ ਕਿ ਉਹ ਨਿਹਚਾ ਕਰਦਾ ਹੈ, ਪਰ ਕੀ ਉਸ ਦੇ ਕੰਮਾਂ ਤੋਂ ਉਸ ਦੀ ਨਿਹਚਾ ਦਾ ਸਬੂਤ ਮਿਲਦਾ ਹੈ? (ਯਾਕੂ. 2:1-5, 9) ਯਾਕੂਬ ਨੇ ਇਕ ਹੋਰ ਆਦਮੀ ਦੀ ਵੀ ਗੱਲ ਕੀਤੀ। ਉਹ ਆਦਮੀ ਦੇਖਦਾ ਹੈ ਕਿ ਉਸ ਦੇ “ਕਿਸੇ ਭਰਾ ਜਾਂ ਭੈਣ ਕੋਲ ਪਾਉਣ ਲਈ ਕੱਪੜੇ ਅਤੇ ਖਾਣ ਲਈ ਰੱਜਵੀਂ ਰੋਟੀ ਨਹੀਂ ਹੈ,” ਪਰ ਉਹ ਉਸ ਦੀ ਕੋਈ ਮਦਦ ਨਹੀਂ ਕਰਦਾ। ਭਾਵੇਂ ਇਸ ਤਰ੍ਹਾਂ ਦਾ ਵਿਅਕਤੀ ਨਿਹਚਾ ਰੱਖਣ ਦਾ ਦਾਅਵਾ ਕਰੇ, ਪਰ ਉਸ ਦੀ ਨਿਹਚਾ ਵਿਅਰਥ ਹੈ। ਕਿਉਂ? ਕਿਉਂਕਿ ਉਸ ਦੇ ਕੰਮ ਉਸ ਦੀ ਨਿਹਚਾ ਮੁਤਾਬਕ ਨਹੀਂ ਹਨ। (ਯਾਕੂ. 2:14-16) ਯਾਕੂਬ ਨੇ ਰਾਹਾਬ ਦੀ ਮਿਸਾਲ ਰਾਹੀਂ ਸਮਝਾਇਆ ਕਿ ਸਾਡੀ ਨਿਹਚਾ ਸਾਡੇ ਕੰਮਾਂ ਤੋਂ ਜ਼ਾਹਰ ਹੁੰਦੀ ਹੈ। (ਯਾਕੂ. 2:25, 26) ਰਾਹਾਬ ਨੇ ਸੁਣਿਆ ਸੀ ਕਿ ਯਹੋਵਾਹ ਕਿਵੇਂ ਇਜ਼ਰਾਈਲੀਆਂ ਦੀ ਮਦਦ ਕਰ ਰਿਹਾ ਸੀ। ਇਸ ਲਈ ਉਹ ਵੀ ਯਹੋਵਾਹ ʼਤੇ ਨਿਹਚਾ ਕਰਨ ਲੱਗ ਪਈ ਸੀ। (ਯਹੋ. 2:9-11) ਨਾਲੇ ਉਸ ਨੇ ਕੰਮਾਂ ਰਾਹੀਂ ਆਪਣੀ ਨਿਹਚਾ ਜ਼ਾਹਰ ਕੀਤੀ। ਜਦੋਂ ਦੋ ਇਜ਼ਰਾਈਲੀ ਜਾਸੂਸਾਂ ਦੀ ਜਾਨ ਖ਼ਤਰੇ ਵਿਚ ਸੀ, ਤਾਂ ਉਸ ਨੇ ਉਨ੍ਹਾਂ ਨੂੰ ਬਚਾਇਆ। ਇਹੀ ਕਾਰਨ ਸੀ ਕਿ ਅਬਰਾਹਾਮ ਵਾਂਗ ਉਸ ਨੂੰ ਵੀ ਧਰਮੀ ਕਿਹਾ ਗਿਆ, ਜਦ ਕਿ ਉਹ ਤਾਂ ਨਾਮੁਕੰਮਲ ਸੀ ਅਤੇ ਉਹ ਮੂਸਾ ਦਾ ਕਾਨੂੰਨ ਵੀ ਨਹੀਂ ਮੰਨਦੀ ਸੀ। ਰਾਹਾਬ ਤੋਂ ਅਸੀਂ ਸਿੱਖਦੇ ਹਾਂ ਕਿ ਨਿਹਚਾ ਹੋਣ ਦੇ ਨਾਲ-ਨਾਲ ਕੰਮ ਕਰਨੇ ਵੀ ਬਹੁਤ ਜ਼ਰੂਰੀ ਹਨ। w23.12 5-6 ਪੈਰੇ 12-13

ਵੀਰਵਾਰ 23 ਅਕਤੂਬਰ

ਤੁਸੀਂ ਨਿਹਚਾ ਦੀ ਨੀਂਹ ਉੱਤੇ ਮਜ਼ਬੂਤੀ ਨਾਲ ਖੜ੍ਹੇ ਰਹੋ।​—ਅਫ਼. 3:17.

ਅਸੀਂ ਸਿਰਫ਼ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਦੀ ਸਮਝ ਲੈ ਕੇ ਹੀ ਸੰਤੁਸ਼ਟ ਨਹੀਂ ਹੋ ਜਾਂਦੇ। ਇਸ ਦੀ ਬਜਾਇ, ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ “ਪਰਮੇਸ਼ੁਰ ਦੇ ਡੂੰਘੇ ਭੇਤਾਂ ਦੀ ਵੀ” ਸਮਝ ਲੈਣੀ ਚਾਹੁੰਦੇ ਹਾਂ। (1 ਕੁਰਿੰ. 2:9, 10) ਤਾਂ ਫਿਰ ਕਿਉਂ ਨਾ ਤੁਸੀਂ ਨਿੱਜੀ ਅਧਿਐਨ ਦੌਰਾਨ ਅਜਿਹੇ ਵਿਸ਼ਿਆਂ ਬਾਰੇ ਗਹਿਰਾਈ ਨਾਲ ਅਧਿਐਨ ਕਰੋ ਜਿਨ੍ਹਾਂ ਕਰਕੇ ਤੁਸੀਂ ਯਹੋਵਾਹ ਦੇ ਹੋਰ ਵੀ ਨੇੜੇ ਜਾ ਸਕੋ? ਉਦਾਹਰਣ ਲਈ, ਤੁਸੀਂ ਇਸ ਬਾਰੇ ਅਧਿਐਨ ਕਰ ਸਕਦੇ ਹੋ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਸੇਵਕਾਂ ਲਈ ਪਿਆਰ ਕਿਵੇਂ ਜ਼ਾਹਰ ਕੀਤਾ ਅਤੇ ਇਸ ਤੋਂ ਕਿਵੇਂ ਸਾਬਤ ਹੁੰਦਾ ਹੈ ਕਿ ਉਹ ਤੁਹਾਡੇ ਨਾਲ ਵੀ ਪਿਆਰ ਕਰਦਾ ਹੈ। ਜਾਂ ਤੁਸੀਂ ਇਸ ਬਾਰੇ ਅਧਿਐਨ ਕਰ ਸਕਦੇ ਹੋ ਕਿ ਇਜ਼ਰਾਈਲੀਆਂ ਦੇ ਭਗਤੀ ਕਰਨ ਦੇ ਤਰੀਕੇ ਅਤੇ ਅੱਜ ਮਸੀਹੀਆਂ ਦੇ ਭਗਤੀ ਕਰਨ ਦੇ ਤਰੀਕੇ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਜਾਂ ਤੁਸੀਂ ਉਨ੍ਹਾਂ ਭਵਿੱਖਬਾਣੀਆਂ ਦਾ ਗਹਿਰਾਈ ਨਾਲ ਅਧਿਐਨ ਕਰ ਸਕਦੇ ਹੋ ਜੋ ਯਿਸੂ ਨੇ ਧਰਤੀ ʼਤੇ ਆਪਣੀ ਜ਼ਿੰਦਗੀ ਅਤੇ ਸੇਵਕਾਈ ਦੌਰਾਨ ਪੂਰੀਆਂ ਕੀਤੀਆਂ ਸਨ। ਇਨ੍ਹਾਂ ਵਿਸ਼ਿਆਂ ʼਤੇ ਖੋਜਬੀਨ ਕਰਨ ਲਈ ਤੁਸੀਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਰਤ ਸਕਦੇ ਹੋ। ਇਸ ਤਰ੍ਹਾਂ ਅਧਿਐਨ ਕਰ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੋਵੇਗੀ। ਗਹਿਰਾਈ ਨਾਲ ਬਾਈਬਲ ਦਾ ਅਧਿਐਨ ਕਰ ਕੇ ਤੁਹਾਡੀ ਨਿਹਚਾ ਮਜ਼ਬੂਤ ਹੋ ਸਕਦੀ ਹੈ ਅਤੇ ਤੁਸੀਂ “ਪਰਮੇਸ਼ੁਰ ਦਾ ਗਿਆਨ ਹਾਸਲ” ਕਰ ਸਕਦੇ ਹੋ।​—ਕਹਾ. 2:4, 5. w23.10 18-19 ਪੈਰੇ 3-5

ਸ਼ੁੱਕਰਵਾਰ 24 ਅਕਤੂਬਰ

ਸਭ ਤੋਂ ਜ਼ਰੂਰੀ ਗੱਲ ਹੈ ਕਿ ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ ਕਿਉਂਕਿ ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।​—1 ਪਤ. 4:8.

ਪਤਰਸ ਰਸੂਲ ਦੇ ਸ਼ਬਦਾਂ ʼਤੇ ਧਿਆਨ ਦੇਈਏ। ਆਇਤ 8 ਦੇ ਪਹਿਲੇ ਹਿੱਸੇ ਵਿਚ ਪਤਰਸ ਨੇ ਕਿਹਾ ਕਿ ਸਾਨੂੰ ਇਕ-ਦੂਜੇ ਨਾਲ “ਗੂੜ੍ਹਾ ਪਿਆਰ” ਕਰਨਾ ਚਾਹੀਦਾ ਹੈ। ਇੱਥੇ ਪਤਰਸ ਨੇ ਜਿਹੜੇ ਪਿਆਰ ਦੀ ਗੱਲ ਕੀਤੀ, ਉਸ ਲਈ ਉਸ ਨੇ ਜੋ ਯੂਨਾਨੀ ਸ਼ਬਦ ਵਰਤਿਆ, ਉਸ ਦਾ ਮਤਲਬ ਹੈ, “ਖਿੱਚ ਕੇ ਫੈਲਾਉਣਾ।” ਆਇਤ ਦੇ ਦੂਜੇ ਹਿੱਸੇ ਵਿਚ ਦੱਸਿਆ ਗਿਆ ਹੈ ਕਿ ਜਦੋਂ ਅਸੀਂ ਭੈਣਾਂ-ਭਰਾਵਾਂ ਨੂੰ ਇੱਦਾਂ ਦਾ ਗੂੜ੍ਹਾ ਪਿਆਰ ਕਰਦੇ ਹਾਂ, ਤਾਂ ਕੀ ਹੁੰਦਾ ਹੈ। ਇਹ ਪਿਆਰ ਉਨ੍ਹਾਂ ਦੇ ਸਾਰੇ ਪਾਪ ਢੱਕ ਲੈਂਦਾ ਹੈ। ਇਸ ਗੱਲ ਨੂੰ ਸਮਝਣ ਲਈ ਇਕ ਮਿਸਾਲ ਲਓ। ਕਲਪਨਾ ਕਰੋ ਕਿ ਇਕ ਮੇਜ਼ ʼਤੇ ਕਾਫ਼ੀ ਦਾਗ਼-ਧੱਬੇ ਹਨ। ਤੁਸੀਂ ਇਕ ਕੱਪੜਾ ਲੈਂਦੇ ਹੋ ਅਤੇ ਉਸ ਨੂੰ ਖਿੱਚ ਕੇ ਮੇਜ਼ ʼਤੇ ਵਿਛਾ ਦਿੰਦੇ ਹੋ। ਇਸ ਨਾਲ ਇਕ ਜਾਂ ਦੋ ਦਾਗ਼ ਨਹੀਂ, ਸਗੋਂ ਸਾਰੇ ਹੀ ਦਾਗ਼ ਢਕੇ ਜਾਂਦੇ ਹਨ। ਇਸੇ ਤਰ੍ਹਾਂ ਭੈਣਾਂ-ਭਰਾਵਾਂ ਨਾਲ ਗੂੜ੍ਹਾ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਦੀਆਂ ਇਕ ਜਾਂ ਦੋ ਗ਼ਲਤੀਆਂ ਨਹੀਂ, ਸਗੋਂ “ਬਹੁਤ ਸਾਰੇ ਪਾਪ ਢੱਕ” ਲੈਂਦੇ ਹਾਂ ਯਾਨੀ ਉਨ੍ਹਾਂ ਨੂੰ ਮਾਫ਼ ਕਰ ਦਿੰਦੇ ਹਾਂ। ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਇੰਨਾ ਕੁ ਗੂੜ੍ਹਾ ਹੋਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਨੂੰ ਉਦੋਂ ਵੀ ਮਾਫ਼ ਕਰ ਸਕੀਏ, ਜਦੋਂ ਸਾਡੇ ਲਈ ਇੱਦਾਂ ਕਰਨਾ ਔਖਾ ਹੋਵੇ। (ਕੁਲੁ. 3:13) ਜਦੋਂ ਅਸੀਂ ਭੈਣਾਂ-ਭਰਾਵਾਂ ਨੂੰ ਮਾਫ਼ ਕਰਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। w23.11 11-12 ਪੈਰੇ 13-15

ਸ਼ਨੀਵਾਰ 25 ਅਕਤੂਬਰ

ਸ਼ਾਫਾਨ ਰਾਜੇ ਅੱਗੇ ਉਸ ਕਿਤਾਬ ਵਿੱਚੋਂ ਪੜ੍ਹਨ ਲੱਗਾ।​—2 ਇਤਿ. 34:18.

ਰਾਜਾ ਯੋਸੀਯਾਹ ਨੇ 26 ਸਾਲਾਂ ਦੀ ਉਮਰ ਵਿਚ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਾਉਣੀ ਸ਼ੁਰੂ ਕੀਤੀ। ਇਸ ਕੰਮ ਦੌਰਾਨ “ਯਹੋਵਾਹ ਦੇ ਕਾਨੂੰਨ ਦੀ ਕਿਤਾਬ ਮਿਲੀ ਜੋ ਮੂਸਾ ਰਾਹੀਂ ਦਿੱਤੀ ਗਈ ਸੀ।” ਕਾਨੂੰਨ ਵਿਚ ਲਿਖੀਆਂ ਗੱਲਾਂ ਨੂੰ ਸੁਣਦੇ ਸਾਰ ਰਾਜਾ ਯੋਸੀਯਾਹ ਨੇ ਇਸ ਮੁਤਾਬਕ ਕਦਮ ਚੁੱਕੇ। (2 ਇਤਿ. 34:14, 19-21) ਕੀ ਤੁਸੀਂ ਹਰ ਰੋਜ਼ ਬਾਈਬਲ ਪੜ੍ਹਨੀ ਚਾਹੋਗੇ? ਹੋ ਸਕਦਾ ਹੈ ਕਿ ਤੁਸੀਂ ਹਰ ਰੋਜ਼ ਇੱਦਾਂ ਕਰਨ ਦੀ ਕੋਸ਼ਿਸ਼ ਕਰਦੇ ਹੋ। ਪਰ ਕੀ ਤੁਹਾਨੂੰ ਇੱਦਾਂ ਕਰ ਕੇ ਮਜ਼ਾ ਆਉਂਦਾ ਹੈ? ਕੀ ਤੁਸੀਂ ਉਨ੍ਹਾਂ ਆਇਤਾਂ ਨੂੰ ਲਿਖ ਲੈਂਦੇ ਹੋ ਜਿਨ੍ਹਾਂ ਨਾਲ ਤੁਹਾਨੂੰ ਮਦਦ ਮਿਲ ਸਕਦੀ ਹੈ? ਲਗਭਗ 39 ਸਾਲਾਂ ਦੀ ਉਮਰ ਵਿਚ ਯੋਸੀਯਾਹ ਨੇ ਇਕ ਗੰਭੀਰ ਗ਼ਲਤੀ ਕੀਤੀ। ਉਸ ਨੇ ਯਹੋਵਾਹ ਤੋਂ ਸੇਧ ਲੈਣ ਦੀ ਬਜਾਇ ਆਪਣੇ ਆਪ ʼਤੇ ਭਰੋਸਾ ਕੀਤਾ। ਇਸ ਕਰਕੇ ਉਹ ਆਪਣੀ ਜਾਨ ਗੁਆ ਬੈਠਾ। (2 ਇਤਿ. 35:20-25) ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ? ਚਾਹੇ ਸਾਡੀ ਉਮਰ ਜਿੰਨੀ ਮਰਜ਼ੀ ਹੋ ਗਈ ਹੋਵੇ ਜਾਂ ਬਾਈਬਲ ਦਾ ਅਧਿਐਨ ਕਰਦਿਆਂ ਸਾਨੂੰ ਜਿੰਨਾ ਮਰਜ਼ੀ ਸਮਾਂ ਹੋ ਗਿਆ ਹੋਵੇ, ਸਾਨੂੰ ਯਹੋਵਾਹ ਦੀ ਭਾਲ ਕਰਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸੇਧ ਲਈ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰੀਏ, ਉਸ ਦੇ ਬਚਨ ਦਾ ਅਧਿਐਨ ਕਰੀਏ ਅਤੇ ਸਮਝਦਾਰ ਮਸੀਹੀਆਂ ਦੀ ਸਲਾਹ ਮੰਨੀਏ। ਇੱਦਾਂ ਅਸੀਂ ਗੰਭੀਰ ਗ਼ਲਤੀਆਂ ਕਰਨ ਤੋਂ ਬਚ ਸਕਾਂਗੇ ਅਤੇ ਖ਼ੁਸ਼ ਰਹਿ ਸਕਾਂਗੇ।​—ਯਾਕੂ. 1:25. w23.09 12 ਪੈਰੇ 15-16

ਐਤਵਾਰ 26 ਅਕਤੂਬਰ

ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।​—ਯਾਕੂ. 4:6.

ਬਾਈਬਲ ਵਿਚ ਬਹੁਤ ਸਾਰੀਆਂ ਔਰਤਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਯਹੋਵਾਹ ਨੂੰ ਪਿਆਰ ਕਰਦੀਆਂ ਅਤੇ ਉਸ ਦੀ ਸੇਵਾ ਕਰਦੀਆਂ ਸਨ। ਇਹ ਔਰਤਾਂ “ਹਰ ਗੱਲ ਵਿਚ ਸੰਜਮ” ਰੱਖਦੀਆਂ ਅਤੇ “ਸਾਰੀਆਂ ਗੱਲਾਂ ਵਿਚ ਵਫ਼ਾਦਾਰ” ਰਹਿੰਦੀਆਂ ਸਨ। (1 ਤਿਮੋ. 3:11) ਨੌਜਵਾਨ ਭੈਣੋ, ਤੁਸੀਂ ਇਨ੍ਹਾਂ ਔਰਤਾਂ ਦੀ ਰੀਸ ਕਰ ਸਕਦੀਆਂ ਹੋ। ਨਾਲੇ ਸ਼ਾਇਦ ਤੁਹਾਡੀ ਮੰਡਲੀ ਵਿਚ ਵੀ ਕਈ ਸਮਝਦਾਰ ਮਸੀਹੀ ਭੈਣਾਂ ਹੋਣ ਜਿਨ੍ਹਾਂ ਦੀ ਤੁਸੀਂ ਰੀਸ ਕਰ ਸਕਦੀਆਂ ਹੋ। ਨੌਜਵਾਨ ਭੈਣੋ, ਕੀ ਤੁਸੀਂ ਅਜਿਹੀਆਂ ਭੈਣਾਂ ਨੂੰ ਜਾਣਦੀਆਂ ਹੋ ਜਿਨ੍ਹਾਂ ਨੇ ਵਧੀਆ ਮਿਸਾਲ ਰੱਖੀ ਹੈ ਅਤੇ ਤੁਸੀਂ ਉਨ੍ਹਾਂ ਦੀ ਰੀਸ ਕਰ ਸਕਦੀਆਂ ਹੋ? ਉਨ੍ਹਾਂ ਦੇ ਵਧੀਆ ਗੁਣਾਂ ʼਤੇ ਧਿਆਨ ਦਿਓ। ਫਿਰ ਸੋਚੋ ਕਿ ਤੁਸੀਂ ਇਹ ਗੁਣ ਕਿਵੇਂ ਦਿਖਾ ਸਕਦੀਆਂ ਹੋ। ਸਮਝਦਾਰ ਮਸੀਹੀ ਬਣਨ ਲਈ ਨਿਮਰਤਾ ਦਾ ਗੁਣ ਹੋਣਾ ਜ਼ਰੂਰੀ ਹੈ। ਜੇ ਇਕ ਭੈਣ ਨਿਮਰ ਹੈ, ਤਾਂ ਉਸ ਦਾ ਯਹੋਵਾਹ ਅਤੇ ਦੂਜਿਆਂ ਨਾਲ ਵਧੀਆ ਰਿਸ਼ਤਾ ਹੋਵੇਗਾ। ਮਿਸਾਲ ਲਈ, ਯਹੋਵਾਹ ਨੂੰ ਪਿਆਰ ਕਰਨ ਵਾਲੀ ਭੈਣ 1 ਕੁਰਿੰਥੀਆਂ 11:3 ਵਿਚ ਦਿੱਤਾ ਅਸੂਲ ਮੰਨੇਗੀ ਅਤੇ ਮੰਡਲੀ ਤੇ ਪਰਿਵਾਰ ਵਿਚ ਜਿਨ੍ਹਾਂ ਕੋਲ ਕੁਝ ਅਧਿਕਾਰ ਹੈ, ਉਨ੍ਹਾਂ ਦੇ ਅਧੀਨ ਰਹੇਗੀ। w23.12 18-19 ਪੈਰੇ 3-5

ਸੋਮਵਾਰ 27 ਅਕਤੂਬਰ

ਪਤੀ ਆਪਣੀ ਪਤਨੀ ਨਾਲ ਆਪਣੇ ਸਰੀਰ ਵਾਂਗ ਪਿਆਰ ਕਰੇ।​—ਅਫ਼. 5:28.

ਯਹੋਵਾਹ ਚਾਹੁੰਦਾ ਹੈ ਕਿ ਇਕ ਪਤੀ ਆਪਣੀ ਪਤਨੀ ਨੂੰ ਪਿਆਰ ਕਰੇ, ਉਸ ਦੀਆਂ ਲੋੜਾਂ ਦਾ ਧਿਆਨ ਰੱਖੇ, ਉਸ ਦਾ ਵਧੀਆ ਦੋਸਤ ਤੇ ਸਾਥੀ ਬਣੇ ਅਤੇ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾਈ ਰੱਖਣ ਵਿਚ ਉਸ ਦੀ ਮਦਦ ਕਰੇ। ਜੇ ਤੁਸੀਂ ਹੁਣ ਤੋਂ ਹੀ ਸੋਚਣ-ਸਮਝਣ ਦੀ ਕਾਬਲੀਅਤ ਵਧਾਓ, ਔਰਤਾਂ ਦੀ ਇੱਜ਼ਤ ਕਰਨੀ ਸਿੱਖੋ ਅਤੇ ਭਰੋਸੇਯੋਗ ਬਣੋ, ਤਾਂ ਤੁਸੀਂ ਅੱਗੇ ਚੱਲ ਕੇ ਵਧੀਆ ਜੀਵਨ ਸਾਥੀ ਬਣ ਸਕੋਗੇ। ਵਿਆਹ ਤੋਂ ਬਾਅਦ ਸ਼ਾਇਦ ਤੁਹਾਡੇ ʼਤੇ ਇਕ ਪਿਤਾ ਦੀ ਜ਼ਿੰਮੇਵਾਰੀ ਵੀ ਆਵੇ। ਤੁਸੀਂ ਇਕ ਚੰਗੇ ਪਿਤਾ ਕਿਵੇਂ ਬਣ ਸਕਦੇ ਹੋ? (ਅਫ਼. 6:4) ਯਹੋਵਾਹ ਆਪਣੇ ਪੁੱਤਰ ਯਿਸੂ ਨੂੰ ਖੁੱਲ੍ਹ ਕੇ ਦੱਸਦਾ ਸੀ ਕਿ ਉਹ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਤੋਂ ਖ਼ੁਸ਼ ਹੈ। (ਮੱਤੀ 3:17) ਜੇ ਕੱਲ੍ਹ ਨੂੰ ਤੁਸੀਂ ਇਕ ਪਿਤਾ ਬਣਦੇ ਹੋ, ਤਾਂ ਆਪਣੇ ਬੱਚਿਆਂ ਨੂੰ ਵਾਰ-ਵਾਰ ਇਹ ਅਹਿਸਾਸ ਦਿਵਾਓ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹੋ। ਜਦੋਂ ਵੀ ਉਹ ਕੋਈ ਚੰਗਾ ਕੰਮ ਕਰਨ, ਤਾਂ ਦਿਲ ਖੋਲ੍ਹ ਕੇ ਉਨ੍ਹਾਂ ਦੀ ਤਾਰੀਫ਼ ਕਰਿਓ। ਜਿਹੜੇ ਪਿਤਾ ਯਹੋਵਾਹ ਦੀ ਰੀਸ ਕਰਦੇ ਹਨ, ਉਨ੍ਹਾਂ ਦੇ ਬੱਚੇ ਅੱਗੇ ਚੱਲ ਕੇ ਸਮਝਦਾਰ ਮਸੀਹੀ ਬਣ ਪਾਉਂਦੇ ਹਨ। ਇਸ ਲਈ ਹੁਣ ਤੋਂ ਹੀ ਆਪਣੇ ਪਰਿਵਾਰ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਲਈ ਪਰਵਾਹ ਦਿਖਾਓ। ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਨੂੰ ਅਨਮੋਲ ਸਮਝਦੇ ਹੋ।​—ਯੂਹੰ. 15:9. w23.12 28-29 ਪੈਰੇ 17-18

ਮੰਗਲਵਾਰ 28 ਅਕਤੂਬਰ

‘ਯਹੋਵਾਹ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।’​—1 ਪਤ. 5:10.

ਬਾਕੀ ਲੋਕਾਂ ਵਾਂਗ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਯਹੋਵਾਹ ਦੀ ਸੇਵਾ ਕਰਨ ਕਰਕੇ ਕਈ ਲੋਕ ਸਾਡਾ ਵਿਰੋਧ ਕਰਦੇ ਹਨ ਜਾਂ ਸਾਡੇ ʼਤੇ ਜ਼ੁਲਮ ਕਰਦੇ ਹਨ। ਯਹੋਵਾਹ ਸ਼ਾਇਦ ਸਾਡੇ ʼਤੇ ਇੱਦਾਂ ਦੀਆਂ ਮੁਸ਼ਕਲਾਂ ਆਉਣ ਤੋਂ ਨਾ ਰੋਕੇ, ਪਰ ਉਹ ਵਾਅਦਾ ਕਰਦਾ ਹੈ ਕਿ ਉਹ ਇਨ੍ਹਾਂ ਨੂੰ ਪਾਰ ਕਰਨ ਵਿਚ ਸਾਡੀ ਮਦਦ ਜ਼ਰੂਰ ਕਰੇਗਾ। (ਯਸਾ. 41:10) ਉਸ ਦੀ ਮਦਦ ਨਾਲ ਅਸੀਂ ਔਖੀ ਤੋਂ ਔਖੀ ਘੜੀ ਵਿਚ ਵੀ ਖ਼ੁਸ਼ ਰਹਿ ਸਕਦੇ ਹਾਂ, ਸਹੀ ਫ਼ੈਸਲੇ ਕਰ ਸਕਦੇ ਹਾਂ ਅਤੇ ਉਸ ਦੇ ਵਫ਼ਾਦਾਰ ਰਹਿ ਸਕਦੇ ਹਾਂ। ਸੋ ਜਦੋਂ ਅਸੀਂ ਮੁਸ਼ਕਲਾਂ ਵਿਚ ਫਸੇ ਹੁੰਦੇ ਹਾਂ, ਤਾਂ ਯਹੋਵਾਹ ਕਿਵੇਂ ਸਾਡੀ ਮਦਦ ਕਰਦਾ ਹੈ? ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਸ ਸਾਨੂੰ ਅਜਿਹੀ ਸ਼ਾਂਤੀ ਦੇਵੇਗਾ ਜਿਸ ਨੂੰ “ਪਰਮੇਸ਼ੁਰ ਦੀ ਸ਼ਾਂਤੀ” ਕਿਹਾ ਗਿਆ ਹੈ। (ਫ਼ਿਲਿ. 4:6, 7) ਇਹ ਇਸ ਤਰ੍ਹਾਂ ਦਾ ਸਕੂਨ ਹੈ ਜੋ ਸਾਨੂੰ ਉਦੋਂ ਮਿਲਦਾ ਹੈ ਜਦੋਂ ਯਹੋਵਾਹ ਨਾਲ ਸਾਡਾ ਮਜ਼ਬੂਤ ਰਿਸ਼ਤਾ ਹੁੰਦਾ ਹੈ। ਇਹ ਸ਼ਾਂਤੀ “ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” ਇਹ ਇਕ ਅਜਿਹਾ ਅਹਿਸਾਸ ਹੈ ਜਿਸ ਨੂੰ ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਕੀ ਤੁਹਾਡੇ ਨਾਲ ਕਦੀ ਇੱਦਾਂ ਹੋਇਆ ਕਿ ਤੁਸੀਂ ਯਹੋਵਾਹ ਨੂੰ ਗਿੜਗਿੜਾ ਕੇ ਪ੍ਰਾਰਥਨਾ ਕੀਤੀ ਅਤੇ ਫਿਰ ਤੁਹਾਡਾ ਮਨ ਇਕਦਮ ਸ਼ਾਂਤ ਹੋ ਗਿਆ? ਇਹੀ ਹੈ, “ਪਰਮੇਸ਼ੁਰ ਦੀ ਸ਼ਾਂਤੀ।” w24.01 20 ਪੈਰਾ 2; 21 ਪੈਰਾ 4

ਬੁੱਧਵਾਰ 29 ਅਕਤੂਬਰ

ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ; ਮੇਰਾ ਤਨ-ਮਨ ਉਸ ਦੇ ਪਵਿੱਤਰ ਨਾਂ ਦੀ ਮਹਿਮਾ ਕਰੇ।​—ਜ਼ਬੂ. 103:1.

ਯਹੋਵਾਹ ਦੇ ਵਫ਼ਾਦਾਰ ਸੇਵਕ ਉਸ ਨੂੰ ਬਹੁਤ ਪਿਆਰ ਕਰਦੇ ਹਨ। ਇਸ ਲਈ ਉਹ ਪੂਰੇ ਦਿਲ ਨਾਲ ਉਸ ਦੇ ਨਾਂ ਦੀ ਮਹਿਮਾ ਕਰਦੇ ਹਨ। ਰਾਜਾ ਦਾਊਦ ਜਾਣਦਾ ਸੀ ਕਿ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਦਾ ਮਤਲਬ ਹੈ, ਯਹੋਵਾਹ ਦੀ ਮਹਿਮਾ ਕਰਨੀ। ਯਹੋਵਾਹ ਦਾ ਨਾਂ ਸੁਣਦੇ ਹੀ ਮਨ ਵਿਚ ਇਕ ਅਜਿਹੇ ਸ਼ਖ਼ਸ ਦੀ ਤਸਵੀਰ ਆਉਂਦੀ ਹੈ ਜਿਸ ਵਿਚ ਬਹੁਤ ਵਧੀਆ ਗੁਣ ਹਨ ਅਤੇ ਜਿਸ ਨੇ ਲਾਜਵਾਬ ਕੰਮ ਕੀਤੇ ਹਨ। ਇਸੇ ਕਰਕੇ ਦਾਊਦ ਆਪਣੇ ਪਿਤਾ ਦੇ ਨਾਂ ਨੂੰ ਪਵਿੱਤਰ ਕਰਨਾ ਚਾਹੁੰਦਾ ਸੀ ਅਤੇ ਉਸ ਦੇ ਨਾਂ ਦੀ ਮਹਿਮਾ ਕਰਨੀ ਚਾਹੁੰਦੀ ਸੀ। ਉਹ ਚਾਹੁੰਦਾ ਸੀ ਕਿ ਉਸ ਦਾ “ਤਨ-ਮਨ” ਯਹੋਵਾਹ ਦੀ ਮਹਿਮਾ ਕਰੇ। ਦਾਊਦ ਵਾਂਗ ਲੇਵੀਆਂ ਨੇ ਵੀ ਵਧ-ਚੜ੍ਹ ਕੇ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ। ਉਨ੍ਹਾਂ ਨੇ ਨਿਮਰਤਾ ਨਾਲ ਇਹ ਮੰਨਿਆ ਕਿ ਉਹ ਚਾਹੇ ਯਹੋਵਾਹ ਦੇ ਨਾਂ ਦੀ ਜਿੰਨੀ ਵੀ ਮਹਿਮਾ ਕਰ ਲੈਣ, ਉਹ ਘੱਟ ਹੈ। (ਨਹ. 9:5) ਇਸ ਵਿਚ ਕੋਈ ਸ਼ੱਕ ਨਹੀਂ ਕਿ ਲੇਵੀਆਂ ਵੱਲੋਂ ਕੀਤੀ ਤਾਰੀਫ਼ ਸੁਣ ਕੇ ਯਹੋਵਾਹ ਬਹੁਤ ਖ਼ੁਸ਼ ਹੋਇਆ ਹੋਣਾ। w24.02 9 ਪੈਰਾ 6

ਵੀਰਵਾਰ 30 ਅਕਤੂਬਰ

ਜੋ ਵੀ ਹੈ, ਅਸੀਂ ਜਿੱਥੋਂ ਤਕ ਤਰੱਕੀ ਕੀਤੀ ਹੈ, ਆਓ ਆਪਾਂ ਇਸ ਰਾਹ ʼਤੇ ਸਲੀਕੇ ਨਾਲ ਚੱਲਦੇ ਜਾਈਏ।​—ਫ਼ਿਲਿ. 3:16.

ਜੇ ਕੋਈ ਟੀਚਾ ਹਾਸਲ ਕਰਨਾ ਤੁਹਾਡੇ ਵੱਸੋਂ ਬਾਹਰ ਹੈ, ਤਾਂ ਯਹੋਵਾਹ ਇਹ ਨਹੀਂ ਸੋਚਦਾ ਕਿ ਤੁਸੀਂ ਅਸਫ਼ਲ ਹੋ ਗਏ ਹੋ। (2 ਕੁਰਿੰ. 8:12) ਯਾਦ ਰੱਖੋ ਕਿ ਤੁਸੀਂ ਕੀ ਕੁਝ ਕੀਤਾ ਹੈ। ਰੁਕਾਵਟਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ।” (ਇਬ. 6:10) ਇਸ ਲਈ ਤੁਹਾਨੂੰ ਵੀ ਇਹ ਨਹੀਂ ਭੁੱਲਣਾ ਚਾਹੀਦਾ। ਸੋਚੋ ਕਿ ਤੁਸੀਂ ਕੀ ਕੁਝ ਕੀਤਾ ਹੈ। ਤੁਸੀਂ ਯਹੋਵਾਹ ਨਾਲ ਦੋਸਤੀ ਕੀਤੀ ਹੈ, ਬਪਤਿਸਮਾ ਲਿਆ ਹੈ ਜਾਂ ਦੂਜਿਆਂ ਨੂੰ ਉਸ ਬਾਰੇ ਦੱਸਦੇ ਹੋ। ਜਿੱਦਾਂ ਤੁਸੀਂ ਹੁਣ ਤਕ ਤਰੱਕੀ ਕੀਤੀ ਅਤੇ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚੇ ਹਾਸਲ ਕੀਤੇ ਹਨ, ਉੱਦਾਂ ਹੀ ਤੁਸੀਂ ਅੱਗੇ ਵੀ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਰਹਿ ਸਕਦੇ ਹੋ। ਤੁਸੀਂ ਯਹੋਵਾਹ ਦੀ ਮਦਦ ਨਾਲ ਆਪਣੇ ਟੀਚੇ ਹਾਸਲ ਕਰ ਸਕਦੇ ਹੋ। ਇਸੇ ਤਰ੍ਹਾਂ ਜਦੋਂ ਤੁਸੀਂ ਯਹੋਵਾਹ ਦੀ ਸੇਵਾ ਵਿਚ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਹੋ, ਤਾਂ ਪੂਰੇ ਸਫ਼ਰ ਦੌਰਾਨ ਇਹ ਜ਼ਰੂਰ ਧਿਆਨ ਦਿਓ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰਦਾ ਹੈ। ਨਾਲੇ ਤੁਹਾਨੂੰ ਕਿਵੇਂ ਬਰਕਤਾਂ ਦਿੰਦਾ ਹੈ। (2 ਕੁਰਿੰ. 4:7) ਜੇ ਤੁਸੀਂ ਹਾਰ ਨਾ ਮੰਨੋ, ਤਾਂ ਯਹੋਵਾਹ ਤੁਹਾਨੂੰ ਹੋਰ ਵੀ ਬਰਕਤਾਂ ਦੇਵੇਗਾ।​—ਗਲਾ. 6:9. w23.05 31 ਪੈਰੇ 16-18

ਸ਼ੁੱਕਰਵਾਰ 31 ਅਕਤੂਬਰ

ਪਿਤਾ ਆਪ ਤੁਹਾਡੇ ਨਾਲ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਮੇਰੇ ਨਾਲ ਪਿਆਰ ਕੀਤਾ ਹੈ ਅਤੇ ਵਿਸ਼ਵਾਸ ਕੀਤਾ ਹੈ ਕਿ ਪਿਤਾ ਨੇ ਮੈਨੂੰ ਘੱਲਿਆ ਹੈ।​—ਯੂਹੰ. 16:27.

ਯਹੋਵਾਹ ਜਿਨ੍ਹਾਂ ਨੂੰ ਪਿਆਰ ਕਰਦਾ ਹੈ, ਉਨ੍ਹਾਂ ਨੂੰ ਦੱਸਦਾ ਹੈ ਕਿ ਉਹ ਉਨ੍ਹਾਂ ਤੋਂ ਖ਼ੁਸ਼ ਹੈ। ਜਿੱਦਾਂ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਦੋ ਵਾਰ ਯਿਸੂ ਨੂੰ ਕਿਹਾ ਕਿ ਉਹ ਉਸ ਦਾ ਪਿਆਰਾ ਪੁੱਤਰ ਹੈ ਅਤੇ ਉਸ ਤੋਂ ਖ਼ੁਸ਼ ਹੈ। (ਮੱਤੀ 3:17; 17:5) ਕੀ ਤੁਸੀਂ ਵੀ ਯਹੋਵਾਹ ਤੋਂ ਇਹੀ ਸੁਣਨਾ ਚਾਹੁੰਦੇ ਹੋ ਕਿ ਉਹ ਤੁਹਾਡੇ ਤੋਂ ਖ਼ੁਸ਼ ਹੈ? ਯਹੋਵਾਹ ਸਵਰਗੋਂ ਤਾਂ ਸਾਡੇ ਨਾਲ ਗੱਲ ਨਹੀਂ ਕਰਦਾ, ਪਰ ਆਪਣੇ ਬਚਨ ਬਾਈਬਲ ਰਾਹੀਂ ਉਹ ਸਾਡੇ ਨਾਲ ਗੱਲ ਕਰਦਾ ਹੈ। ਮਿਸਾਲ ਲਈ, ਜਦੋਂ ਅਸੀਂ ਇੰਜੀਲਾਂ ਵਿੱਚੋਂ ਯਿਸੂ ਦੀਆਂ ਗੱਲਾਂ ਪੜ੍ਹਦੇ ਹਾਂ, ਤਾਂ ਇਹ ਇੱਦਾਂ ਹੈ ਜਿੱਦਾਂ ਅਸੀਂ ਯਹੋਵਾਹ ਦੀਆਂ ਗੱਲਾਂ ਸੁਣ ਰਹੇ ਹਾਂ। ਕਿਉਂ? ਕਿਉਂਕਿ ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਕਿ ਯਿਸੂ ਆਪਣੇ ਚੇਲਿਆਂ ਨਾਲ ਕਿੱਦਾਂ ਗੱਲ ਕਰਦਾ ਸੀ, ਕਿੱਦਾਂ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰਦਾ ਸੀ, ਤਾਂ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਯਹੋਵਾਹ ਖ਼ੁਦ ਸਾਨੂੰ ਉਹ ਗੱਲਾਂ ਕਹਿ ਰਿਹਾ ਹੈ। (ਯੂਹੰ. 15:9, 15) ਜੇ ਸਾਡੇ ʼਤੇ ਮੁਸ਼ਕਲਾਂ ਆਉਂਦੀਆਂ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਪਰਮੇਸ਼ੁਰ ਸਾਡੇ ਤੋਂ ਖ਼ੁਸ਼ ਨਹੀਂ ਹੈ। ਇਸ ਦੀ ਬਜਾਇ, ਉਸ ਸਮੇਂ ਸਾਡੇ ਕੋਲ ਇਹ ਦਿਖਾਉਣ ਦਾ ਮੌਕਾ ਹੁੰਦਾ ਹੈ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਉਸ ʼਤੇ ਕਿੰਨਾ ਭਰੋਸਾ ਕਰਦੇ ਹਾਂ!​—ਯਾਕੂ. 1:12. w24.03 28 ਪੈਰੇ 10-11

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ