ਐਤਵਾਰ 9 ਨਵੰਬਰ
ਨਾ ਡਰ।—ਦਾਨੀ. 10:19.
ਅਸੀਂ ਦਲੇਰ ਕਿਵੇਂ ਬਣ ਸਕਦੇ ਹਾਂ? ਸ਼ਾਇਦ ਸਾਡੇ ਮਾਪੇ ਸਾਨੂੰ ਦਲੇਰ ਬਣਨ ਦੀ ਹੱਲਾਸ਼ੇਰੀ ਦੇਣ। ਭਾਵੇਂ ਕਿ ਉਹ ਖ਼ੁਦ ਦਲੇਰ ਹੋਣ, ਫਿਰ ਵੀ ਉਹ ਸਾਨੂੰ ਦਲੇਰ ਨਹੀਂ ਬਣਾ ਸਕਦੇ। ਸਾਨੂੰ ਖ਼ੁਦ ਇਹ ਗੁਣ ਪੈਦਾ ਕਰਨਾ ਪੈਣਾ। ਦਲੇਰ ਬਣਨਾ ਕੋਈ ਨਵਾਂ ਹੁਨਰ ਸਿੱਖਣ ਵਾਂਗ ਹੈ। ਕੋਈ ਹੁਨਰ ਸਿੱਖਣ ਦਾ ਇਕ ਤਰੀਕਾ ਹੈ ਕਿ ਅਸੀਂ ਸਿਖਾਉਣ ਵਾਲੇ ਨੂੰ ਧਿਆਨ ਨਾਲ ਦੇਖੀਏ ਅਤੇ ਜਿੱਦਾਂ ਉਹ ਕੰਮ ਕਰਦਾ ਹੈ, ਉੱਦਾਂ ਹੀ ਕਰਨ ਦੀ ਕੋਸ਼ਿਸ਼ ਕਰੀਏ। ਇਸੇ ਤਰ੍ਹਾਂ ਦਲੇਰੀ ਦਾ ਗੁਣ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਦੂਸਰਿਆਂ ਨੂੰ ਧਿਆਨ ਨਾਲ ਦੇਖੀਏ ਕਿ ਉਹ ਕਿਵੇਂ ਦਲੇਰੀ ਦਿਖਾਉਂਦੇ ਹਨ ਅਤੇ ਫਿਰ ਉਨ੍ਹਾਂ ਵਾਂਗ ਬਣਨ ਦੀ ਕੋਸ਼ਿਸ਼ ਕਰੀਏ। ਸਾਨੂੰ ਵੀ ਦਾਨੀਏਲ ਵਾਂਗ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਨਾਲੇ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਕਾਇਮ ਕਰਨ ਲਈ ਸਾਨੂੰ ਉਸ ਨੂੰ ਦਿਲ ਖੋਲ੍ਹ ਕੇ ਅਤੇ ਬਾਕਾਇਦਾ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਯਹੋਵਾਹ ʼਤੇ ਭਰੋਸਾ ਰੱਖਣ ਦੀ ਵੀ ਲੋੜ ਹੈ ਅਤੇ ਇਹ ਯਕੀਨ ਕਰਨ ਦੀ ਲੋੜ ਹੈ ਕਿ ਯਹੋਵਾਹ ਹਮੇਸ਼ਾ ਸਾਡਾ ਸਾਥ ਦੇਵੇਗਾ। ਫਿਰ ਸਾਡੀ ਨਿਹਚਾ ਦੀ ਪਰਖ ਹੋਣ ʼਤੇ ਅਸੀਂ ਦਲੇਰੀ ਦਿਖਾ ਸਕਾਂਗੇ। ਦਲੇਰ ਲੋਕਾਂ ਦਾ ਅਕਸਰ ਦੂਜੇ ਆਦਰ ਕਰਦੇ ਹਨ। ਨਾਲੇ ਸ਼ਾਇਦ ਇਨ੍ਹਾਂ ਕਰਕੇ ਨੇਕਦਿਲ ਲੋਕ ਯਹੋਵਾਹ ਵੱਲ ਖਿੱਚੇ ਆਉਣ। ਤਾਂ ਫਿਰ ਕਿਉਂ ਨਾ ਅਸੀਂ ਸਾਰੇ ਜਣੇ ਦਲੇਰ ਬਣਨ ਦੀ ਕੋਸ਼ਿਸ਼ ਕਰੀਏ? w23.08 2 ਪੈਰਾ 2; 4 ਪੈਰੇ 8-9
ਸੋਮਵਾਰ 10 ਨਵੰਬਰ
ਸਾਰੀਆਂ ਗੱਲਾਂ ਨੂੰ ਪਰਖੋ।—1 ਥੱਸ. 5:21.
‘ਪਰਖਣ’ ਲਈ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਹੀ ਸ਼ਬਦ ਸੋਨੇ-ਚਾਂਦੀ ਵਰਗੀਆਂ ਧਾਤਾਂ ਨੂੰ ਪਰਖਣ ਲਈ ਵੀ ਵਰਤਿਆ ਗਿਆ ਹੈ। ਇਸ ਲਈ ਅਸੀਂ ਜਿਹੜੀਆਂ ਗੱਲਾਂ ਸੁਣਦੇ ਅਤੇ ਪੜ੍ਹਦੇ ਹਾਂ, ਸਾਨੂੰ ਉਨ੍ਹਾਂ ਨੂੰ ਪਰਖਣਾ ਚਾਹੀਦਾ ਹੈ। ਨਾਲੇ ਦੇਖਣਾ ਚਾਹੀਦਾ ਹੈ ਕਿ ਉਹ ਗੱਲਾਂ ਸੱਚ ਹਨ ਜਾਂ ਨਹੀਂ। ਸਾਡੇ ਲਈ ਇੱਦਾਂ ਕਰਨਾ ਹੋਰ ਵੀ ਜ਼ਰੂਰੀ ਹੁੰਦਾ ਜਾਵੇਗਾ ਜਿੱਦਾਂ-ਜਿੱਦਾਂ ਮਹਾਂਕਸ਼ਟ ਨੇੜੇ ਆਉਂਦਾ ਜਾਵੇਗਾ। ਭੋਲੇ ਬਣ ਕੇ ਹਰ ਗੱਲ ਮੰਨਣ ਦੀ ਬਜਾਇ ਸਾਨੂੰ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਦੇਖਣਾ ਚਾਹੀਦਾ ਹੈ ਕਿ ਇਹ ਗੱਲਾਂ ਬਾਈਬਲ ਅਤੇ ਯਹੋਵਾਹ ਦੇ ਸੰਗਠਨ ਨਾਲ ਮੇਲ ਖਾਂਦੀਆਂ ਹਨ ਜਾਂ ਨਹੀਂ। ਇੱਦਾਂ ਕਰਕੇ ਅਸੀਂ ਦੁਸ਼ਟ ਦੂਤਾਂ ਦੀ ਪ੍ਰੇਰਣਾ ਨਾਲ ਦਿੱਤੇ ਸੰਦੇਸ਼ਾਂ ਜਾਂ ਧੋਖਾ ਦੇਣ ਵਾਲੀਆਂ ਗੱਲਾਂ ਕਰਕੇ ਮੂਰਖ ਨਹੀਂ ਬਣਾਂਗੇ। (ਕਹਾ. 14:15; 1 ਤਿਮੋ. 4:1) ਅਸੀਂ ਜਾਣਦੇ ਹਾਂ ਕਿ ਇਕ ਸਮੂਹ ਵਜੋਂ ਪਰਮੇਸ਼ੁਰ ਦੇ ਸੇਵਕ ਮਹਾਂਕਸ਼ਟ ਵਿੱਚੋਂ ਬਚਾਏ ਜਾਣਗੇ। ਪਰ ਅਸੀਂ ਇਹ ਨਹੀਂ ਜਾਣਦੇ ਕਿ ਯਹੋਵਾਹ ਦੇ ਇਕੱਲੇ-ਇਕੱਲੇ ਸੇਵਕ ਨਾਲ ਕੱਲ੍ਹ ਨੂੰ ਕੀ ਹੋਵੇਗਾ। (ਯਾਕੂ. 4:14) ਜੇ ਅਸੀਂ ਵਫ਼ਾਦਾਰੀ ਬਣਾਈ ਰੱਖਾਂਗੇ, ਤਾਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਜ਼ਰੂਰ ਮਿਲੇਗਾ, ਫਿਰ ਚਾਹੇ ਅਸੀਂ ਮਹਾਂਕਸ਼ਟ ਦੌਰਾਨ ਜੀਉਂਦੇ ਰਹੀਏ ਜਾਂ ਉਸ ਤੋਂ ਪਹਿਲਾਂ ਹੀ ਮਰ ਜਾਈਏ। ਆਓ ਆਪਾਂ ਆਪਣੀ ਸ਼ਾਨਦਾਰ ਉਮੀਦ ʼਤੇ ਧਿਆਨ ਲਾਈ ਰੱਖੀਏ ਅਤੇ ਯਹੋਵਾਹ ਦੇ ਦਿਨ ਲਈ ਤਿਆਰ ਰਹੀਏ! w23.06 13 ਪੈਰੇ 15-16
ਮੰਗਲਵਾਰ 11 ਨਵੰਬਰ
ਉਹ ਆਪਣੇ ਨਬੀਆਂ ਨੂੰ ਆਪਣਾ ਭੇਤ ਨਾ ਦੱਸੇ।—ਆਮੋ. 3:7.
ਅਸੀਂ ਨਹੀਂ ਜਾਣਦੇ ਕਿ ਬਾਈਬਲ ਦੀਆਂ ਕੁਝ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਣਗੀਆਂ। (ਦਾਨੀ. 12:8, 9) ਪਰ ਜੇ ਸਾਨੂੰ ਇਹ ਪਤਾ ਨਹੀਂ ਹੈ ਕਿ ਕੋਈ ਭਵਿੱਖਬਾਣੀ ਕਿਵੇਂ ਪੂਰੀ ਹੋਵੇਗੀ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਇਹ ਪੂਰੀ ਹੀ ਨਹੀਂ ਹੋਵੇਗੀ। ਬਿਨਾਂ ਸ਼ੱਕ, ਅਸੀਂ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਾਂ ਕਿ ਉਹ ਪੁਰਾਣੇ ਸਮੇਂ ਵਾਂਗ ਸਾਨੂੰ ਸਹੀ ਸਮੇਂ ʼਤੇ ਲੋੜੀਂਦੀ ਜਾਣਕਾਰੀ ਦੇਵੇਗਾ। ਇਹ ਘੋਸ਼ਣਾ ਕੀਤੀ ਜਾਵੇਗੀ ਕਿ “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” (1 ਥੱਸ. 5:3) ਫਿਰ ਦੁਨੀਆਂ ਦੀਆਂ ਸਰਕਾਰਾਂ ਝੂਠੇ ਧਰਮਾਂ ʼਤੇ ਹਮਲਾ ਕਰਨਗੀਆਂ ਅਤੇ ਇਨ੍ਹਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦੇਣਗੀਆਂ। (ਪ੍ਰਕਾ. 17:16, 17) ਇਸ ਤੋਂ ਬਾਅਦ, ਉਹ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਨਗੀਆਂ। (ਹਿਜ਼. 38:18, 19) ਇਨ੍ਹਾਂ ਘਟਨਾਵਾਂ ਨਾਲ ਆਰਮਾਗੇਡਨ ਦਾ ਆਖ਼ਰੀ ਯੁੱਧ ਸ਼ੁਰੂ ਹੋਵੇਗਾ। (ਪ੍ਰਕਾ. 16:14, 16) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਇਹ ਘਟਨਾਵਾਂ ਛੇਤੀ ਹੀ ਹੋਣਗੀਆਂ। ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਯਹੋਵਾਹ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਇਨ੍ਹਾਂ ਘਟਨਾਵਾਂ ਬਾਰੇ ਲਿਖਵਾਇਆ ਹੈ? ਤਾਂ ਫਿਰ ਆਓ ਆਪਾਂ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਦੇ ਰਹੀਏ ਅਤੇ ਇੱਦਾਂ ਕਰਨ ਵਿਚ ਦੂਜਿਆਂ ਦੀ ਵੀ ਮਦਦ ਕਰਦੇ ਰਹੀਏ। w23.08 13 ਪੈਰੇ 19-20