ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • es25 ਸਫ਼ੇ 134-147
  • ਨਵੰਬਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਵੰਬਰ
  • ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
  • ਸਿਰਲੇਖ
  • ਸ਼ਨੀਵਾਰ 1 ਨਵੰਬਰ
  • ਐਤਵਾਰ 2 ਨਵੰਬਰ
  • ਸੋਮਵਾਰ 3 ਨਵੰਬਰ
  • ਮੰਗਲਵਾਰ 4 ਨਵੰਬਰ
  • ਬੁੱਧਵਾਰ 5 ਨਵੰਬਰ
  • ਵੀਰਵਾਰ 6 ਨਵੰਬਰ
  • ਸ਼ੁੱਕਰਵਾਰ 7 ਨਵੰਬਰ
  • ਸ਼ਨੀਵਾਰ 8 ਨਵੰਬਰ
  • ਐਤਵਾਰ 9 ਨਵੰਬਰ
  • ਸੋਮਵਾਰ 10 ਨਵੰਬਰ
  • ਮੰਗਲਵਾਰ 11 ਨਵੰਬਰ
  • ਬੁੱਧਵਾਰ 12 ਨਵੰਬਰ
  • ਵੀਰਵਾਰ 13 ਨਵੰਬਰ
  • ਸ਼ੁੱਕਰਵਾਰ 14 ਨਵੰਬਰ
  • ਸ਼ਨੀਵਾਰ 15 ਨਵੰਬਰ
  • ਐਤਵਾਰ 16 ਨਵੰਬਰ
  • ਸੋਮਵਾਰ 17 ਨਵੰਬਰ
  • ਮੰਗਲਵਾਰ 18 ਨਵੰਬਰ
  • ਬੁੱਧਵਾਰ 19 ਨਵੰਬਰ
  • ਵੀਰਵਾਰ 20 ਨਵੰਬਰ
  • ਸ਼ੁੱਕਰਵਾਰ 21 ਨਵੰਬਰ
  • ਸ਼ਨੀਵਾਰ 22 ਨਵੰਬਰ
  • ਐਤਵਾਰ 23 ਨਵੰਬਰ
  • ਸੋਮਵਾਰ 24 ਨਵੰਬਰ
  • ਮੰਗਲਵਾਰ 25 ਨਵੰਬਰ
  • ਬੁੱਧਵਾਰ 26 ਨਵੰਬਰ
  • ਵੀਰਵਾਰ 27 ਨਵੰਬਰ
  • ਸ਼ੁੱਕਰਵਾਰ 28 ਨਵੰਬਰ
  • ਸ਼ਨੀਵਾਰ 29 ਨਵੰਬਰ
  • ਐਤਵਾਰ 30 ਨਵੰਬਰ
ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
es25 ਸਫ਼ੇ 134-147

ਨਵੰਬਰ

ਸ਼ਨੀਵਾਰ 1 ਨਵੰਬਰ

ਤੂੰ ਬੱਚਿਆਂ ਅਤੇ ਦੁੱਧ ਚੁੰਘਦੇ ਨਿਆਣਿਆਂ ਦੇ ਮੂੰਹੋਂ ਆਪਣੀ ਵਡਿਆਈ ਕਰਾਈ।​—ਮੱਤੀ 21:16.

ਜੇ ਤੁਹਾਡੇ ਛੋਟੇ ਬੱਚੇ ਹਨ, ਤਾਂ ਤੁਸੀਂ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਉਨ੍ਹਾਂ ਨੂੰ ਜਵਾਬ ਤਿਆਰ ਕਰਾ ਸਕਦੇ ਹੋ। ਕਈ ਵਾਰ ਗੰਭੀਰ ਵਿਸ਼ਿਆਂ ʼਤੇ ਚਰਚਾ ਕੀਤੀ ਜਾਂਦੀ ਹੈ, ਜਿਵੇਂ ਕਿ ਵਿਆਹੁਤਾ ਜ਼ਿੰਦਗੀ ਦੀਆਂ ਮੁਸ਼ਕਲਾਂ ਜਾਂ ਨੈਤਿਕ ਮਾਮਲਿਆਂ ਬਾਰੇ। ਪਰ ਉਦੋਂ ਵੀ ਸ਼ਾਇਦ ਇਕ-ਦੋ ਪੈਰੇ ਇੱਦਾਂ ਦੇ ਹੋਣ ਜਿਨ੍ਹਾਂ ਵਿਚ ਬੱਚੇ ਜਵਾਬ ਦੇ ਸਕਦੇ ਹਨ। ਇਸ ਤੋਂ ਇਲਾਵਾ, ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹ ਜ਼ਰੂਰੀ ਨਹੀਂ ਕਿ ਹਰ ਵਾਰ ਹੱਥ ਖੜ੍ਹਾ ਕਰਨ ʼਤੇ ਉਨ੍ਹਾਂ ਤੋਂ ਹੀ ਪੁੱਛਿਆ ਜਾਵੇ। ਜੇ ਤੁਸੀਂ ਪਹਿਲਾਂ ਹੀ ਆਪਣੇ ਬੱਚਿਆਂ ਨਾਲ ਇਸ ਬਾਰੇ ਗੱਲ ਕੀਤੀ ਹੋਵੇਗੀ, ਤਾਂ ਜਦੋਂ ਉਨ੍ਹਾਂ ਦੀ ਬਜਾਇ ਕਿਸੇ ਹੋਰ ਤੋਂ ਜਵਾਬ ਪੁੱਛਿਆ ਜਾਵੇਗਾ, ਤਾਂ ਉਹ ਨਿਰਾਸ਼ ਨਹੀਂ ਹੋਣਗੇ। (1 ਤਿਮੋ. 6:18) ਅਸੀਂ ਸਾਰੇ ਇੱਦਾਂ ਦੇ ਜਵਾਬ ਤਿਆਰ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਤੋਂ ਯਹੋਵਾਹ ਦੀ ਮਹਿਮਾ ਹੋਵੇ ਅਤੇ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲੇ। (ਕਹਾ. 25:11) ਕਦੇ-ਕਦੇ ਜਵਾਬ ਦਿੰਦੇ ਵੇਲੇ ਅਸੀਂ ਆਪਣਾ ਛੋਟਾ ਜਿਹਾ ਤਜਰਬਾ ਵੀ ਦੱਸ ਸਕਦੇ ਹਾਂ। ਪਰ ਸਾਨੂੰ ਆਪਣੇ ਬਾਰੇ ਜ਼ਿਆਦਾ ਗੱਲ ਨਹੀਂ ਕਰਨੀ ਚਾਹੀਦੀ। (ਕਹਾ. 27:2; 2 ਕੁਰਿੰ. 10:18) ਇਸ ਦੀ ਬਜਾਇ, ਸਾਨੂੰ ਇਸ ਤਰ੍ਹਾਂ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਨਾਲ ਭੈਣਾਂ-ਭਰਾਵਾਂ ਦਾ ਧਿਆਨ ਯਹੋਵਾਹ, ਉਸ ਦੇ ਬਚਨ ਅਤੇ ਉਸ ਦੇ ਲੋਕਾਂ ʼਤੇ ਜਾਵੇ।​—ਪ੍ਰਕਾ. 4:11. w23.04 24-25 ਪੈਰੇ 17-18

ਐਤਵਾਰ 2 ਨਵੰਬਰ

ਆਓ ਆਪਾਂ ਬਾਕੀ ਲੋਕਾਂ ਵਾਂਗ ਸੁੱਤੇ ਨਾ ਰਹੀਏ, ਸਗੋਂ ਆਓ ਆਪਾਂ ਜਾਗਦੇ ਰਹੀਏ ਅਤੇ ਹੋਸ਼ ਵਿਚ ਰਹੀਏ।​—1 ਥੱਸ. 5:6.

ਜਾਗਦੇ ਰਹਿਣ ਅਤੇ ਹੋਸ਼ ਵਿਚ ਰਹਿਣ ਲਈ ਪਿਆਰ ਦਾ ਗੁਣ ਜ਼ਰੂਰੀ ਹੈ। (ਮੱਤੀ 22:37-39) ਕਈ ਵਾਰ ਪ੍ਰਚਾਰ ਕਰਨ ਕਰਕੇ ਸਾਡੇ ʼਤੇ ਮੁਸ਼ਕਲਾਂ ਆਉਂਦੀਆਂ ਹਨ। ਪਰ ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਅਸੀਂ ਹਾਰ ਨਹੀਂ ਮੰਨਦੇ, ਸਗੋਂ ਪ੍ਰਚਾਰ ਕਰਨ ਵਿਚ ਲੱਗੇ ਰਹਿੰਦੇ ਹਾਂ। (2 ਤਿਮੋ. 1:7, 8) ਨਾਲੇ ਅਸੀਂ ਉਨ੍ਹਾਂ ਲੋਕਾਂ ਨੂੰ ਵੀ ਪਿਆਰ ਕਰਦੇ ਹਾਂ ਜਿਹੜੇ ਅਜੇ ਯਹੋਵਾਹ ਦੀ ਸੇਵਾ ਨਹੀਂ ਕਰਦੇ। ਇਸ ਕਰਕੇ ਅਸੀਂ ਪ੍ਰਚਾਰ ਦਾ ਕੰਮ ਕਰਦੇ ਰਹਿੰਦੇ ਹਾਂ, ਇੱਥੋਂ ਤਕ ਕਿ ਅਸੀਂ ਫ਼ੋਨ ਅਤੇ ਚਿੱਠੀਆਂ ਰਾਹੀਂ ਵੀ ਉਨ੍ਹਾਂ ਨੂੰ ਗਵਾਹੀ ਦਿੰਦੇ ਹਾਂ। ਅਸੀਂ ਉਮੀਦ ਰੱਖਦੇ ਹਾਂ ਕਿ ਇਕ ਦਿਨ ਸਾਡੇ ਗੁਆਂਢੀ ਬਦਲ ਜਾਣਗੇ ਅਤੇ ਸਹੀ ਕੰਮ ਕਰਨੇ ਸ਼ੁਰੂ ਕਰ ਦੇਣਗੇ। (ਹਿਜ਼. 18:27, 28) ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਵੀ ਪਿਆਰ ਕਰਦੇ ਹਾਂ। ਅਸੀਂ ‘ਇਕ-ਦੂਜੇ ਨੂੰ ਹੌਸਲਾ ਦੇ ਕੇ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰ ਕੇ’ ਇਹ ਪਿਆਰ ਦਿਖਾਉਂਦੇ ਹਾਂ। (1 ਥੱਸ. 5:11) ਜਿੱਦਾਂ ਯੁੱਧ ਦੇ ਮੈਦਾਨ ਵਿਚ ਫ਼ੌਜੀ ਇਕ-ਦੂਜੇ ਦਾ ਸਾਥ ਦਿੰਦੇ ਹਨ, ਉੱਦਾਂ ਹੀ ਅਸੀਂ ਇਕ-ਦੂਜੇ ਨੂੰ ਹੌਸਲਾ ਦਿੰਦੇ ਹਾਂ। ਅਸੀਂ ਕਦੇ ਵੀ ਆਪਣੇ ਭੈਣਾਂ-ਭਰਾਵਾਂ ਨੂੰ ਜਾਣ-ਬੁੱਝ ਕੇ ਠੇਸ ਨਹੀਂ ਪਹੁੰਚਾਵਾਂਗੇ ਅਤੇ ਨਾ ਹੀ ਬੁਰਾਈ ਦੇ ਵੱਟੇ ਬੁਰਾਈ ਕਰਾਂਗੇ। (1 ਥੱਸ. 5:13, 15) ਅਸੀਂ ਮੰਡਲੀ ਦੀ ਅਗਵਾਈ ਕਰਨ ਵਾਲੇ ਭਰਾਵਾਂ ਦਾ ਆਦਰ ਕਰ ਕੇ ਪਿਆਰ ਦਿਖਾਉਂਦੇ ਹਾਂ।​—1 ਥੱਸ. 5:12. w23.06 10 ਪੈਰਾ 6; 11 ਪੈਰੇ 10-11

ਸੋਮਵਾਰ 3 ਨਵੰਬਰ

ਜਦੋਂ [ਯਹੋਵਾਹ] ਕੁਝ ਕਹਿੰਦਾ ਹੈ, ਤਾਂ ਕੀ ਉਹ ਨਹੀਂ ਕਰੇਗਾ?​—ਗਿਣ. 23:19.

ਆਪਣੀ ਨਿਹਚਾ ਮਜ਼ਬੂਤ ਕਰਨ ਦਾ ਇਕ ਤਰੀਕਾ ਹੈ, ਰਿਹਾਈ ਦੀ ਕੀਮਤ ʼਤੇ ਸੋਚ-ਵਿਚਾਰ ਕਰਨਾ। ਰਿਹਾਈ ਦੀ ਕੀਮਤ ਇਸ ਗੱਲ ਦੀ ਗਾਰੰਟੀ ਹੈ ਕਿ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ। ਸਾਨੂੰ ਇਸ ਗੱਲ ʼਤੇ ਬੜੇ ਧਿਆਨ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਨੇ ਰਿਹਾਈ ਦੀ ਕੀਮਤ ਦੇਣ ਦਾ ਪ੍ਰਬੰਧ ਕਿਉਂ ਕੀਤਾ ਅਤੇ ਇਸ ਤਰ੍ਹਾਂ ਕਰਨ ਲਈ ਉਸ ਨੇ ਕੀ ਕੁਝ ਕੀਤਾ। ਇੱਦਾਂ ਕਰਨ ਨਾਲ ਸਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਵੇਗੀ ਕਿ ਪਰਮੇਸ਼ੁਰ ਨੇ ਨਵੀਂ ਦੁਨੀਆਂ ਵਿਚ ਜ਼ਿੰਦਗੀ ਦੇਣ ਦਾ ਜੋ ਵਾਅਦਾ ਕੀਤਾ ਹੈ, ਉਹ ਵੀ ਜ਼ਰੂਰ ਪੂਰਾ ਹੋਵੇਗਾ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਜ਼ਰਾ ਸੋਚੋ, ਯਹੋਵਾਹ ਨੇ ਰਿਹਾਈ ਦੀ ਕੀਮਤ ਦੇਣ ਲਈ ਕਿੰਨਾ ਕੁਝ ਕੀਤਾ! ਉਸ ਨੇ ਸਵਰਗੋਂ ਆਪਣੇ ਇਕਲੌਤੇ ਜੇਠੇ ਪੁੱਤਰ ਨੂੰ ਧਰਤੀ ʼਤੇ ਇਕ ਮੁਕੰਮਲ ਇਨਸਾਨ ਵਜੋਂ ਭੇਜਿਆ ਜੋ ਉਸ ਦਾ ਸਭ ਤੋਂ ਕਰੀਬੀ ਦੋਸਤ ਵੀ ਸੀ। ਧਰਤੀ ʼਤੇ ਹੁੰਦਿਆਂ ਯਿਸੂ ਨੇ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਸਹੀਆਂ ਅਤੇ ਫਿਰ ਉਸ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ ਗਿਆ। ਸੱਚ-ਮੁੱਚ, ਯਹੋਵਾਹ ਨੇ ਸਾਡੇ ਲਈ ਕਿੰਨੀ ਭਾਰੀ ਕੀਮਤ ਚੁਕਾਈ! ਜ਼ਰਾ ਸੋਚੋ, ਕੀ ਯਹੋਵਾਹ ਨੇ ਸਾਨੂੰ ਬੱਸ ਕੁਝ ਦਿਨਾਂ ਲਈ ਖ਼ੁਸ਼ੀਆਂ ਦੇਣ ਵਾਸਤੇ ਆਪਣੇ ਪੁੱਤਰ ਨੂੰ ਇੰਨੀ ਦਰਦਨਾਕ ਮੌਤ ਮਰਨ ਦੇਣਾ ਸੀ? (ਯੂਹੰ. 3:16; 1 ਪਤ. 1:18, 19) ਜੇ ਯਹੋਵਾਹ ਨੇ ਸਾਡੀ ਖ਼ਾਤਰ ਇੰਨੀ ਵੱਡੀ ਕੀਮਤ ਚੁਕਾਈ ਹੈ, ਤਾਂ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖੇਗਾ ਕਿ ਸਾਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲੇ। w23.04 27 ਪੈਰੇ 8-9

ਮੰਗਲਵਾਰ 4 ਨਵੰਬਰ

ਹੇ ਮੌਤ, ਕਿੱਥੇ ਹਨ ਤੇਰੇ ਡੰਗ?​—ਹੋਸ਼ੇ. 13:14.

ਕੀ ਯਹੋਵਾਹ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ? ਬਿਨਾਂ ਸ਼ੱਕ, ਉਹ ਇੱਦਾਂ ਕਰਨਾ ਚਾਹੁੰਦਾ ਹੈ। ਉਸ ਨੇ ਬਾਈਬਲ ਦੇ ਕਈ ਲੇਖਕਾਂ ਨੂੰ ਇਹ ਵਾਅਦਾ ਲਿਖਣ ਲਈ ਪ੍ਰੇਰਿਆ ਕਿ ਉਹ ਭਵਿੱਖ ਵਿਚ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ। (ਯਸਾ. 26:19; ਪ੍ਰਕਾ. 20:11-13) ਨਾਲੇ ਜਦੋਂ ਯਹੋਵਾਹ ਕੋਈ ਵਾਅਦਾ ਕਰਦਾ ਹੈ, ਤਾਂ ਉਹ ਹਮੇਸ਼ਾ ਉਸ ਨੂੰ ਨਿਭਾਉਂਦਾ ਹੈ। (ਯਹੋ. 23:14) ਸੱਚ ਤਾਂ ਇਹ ਹੈ ਕਿ ਯਹੋਵਾਹ ਮੁਰਦਿਆਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਬੇਤਾਬ ਹੈ। ਜ਼ਰਾ ਧਿਆਨ ਦਿਓ ਕਿ ਅੱਯੂਬ ਨੇ ਕੀ ਕਿਹਾ ਸੀ। ਉਸ ਨੂੰ ਪੱਕਾ ਯਕੀਨ ਸੀ ਕਿ ਜੇ ਉਹ ਮਰ ਗਿਆ, ਤਾਂ ਯਹੋਵਾਹ ਉਸ ਨੂੰ ਦੁਬਾਰਾ ਜੀਉਂਦਾ ਕਰਨ ਲਈ ਤਰਸੇਗਾ। (ਅੱਯੂ. 14:14, 15) ਯਹੋਵਾਹ ਆਪਣੇ ਉਨ੍ਹਾਂ ਸਾਰੇ ਸੇਵਕਾਂ ਨੂੰ ਵੀ ਦੇਖਣ ਲਈ ਤਰਸ ਰਿਹਾ ਹੈ ਜਿਨ੍ਹਾਂ ਦੀ ਮੌਤ ਹੋ ਗਈ ਹੈ। ਉਹ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ ਜਦੋਂ ਉਹ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰੇਗਾ, ਉਦੋਂ ਉਹ ਸਿਹਤਮੰਦ ਤੇ ਖ਼ੁਸ਼ ਹੋਣਗੇ। ਪਰ ਕੀ ਯਹੋਵਾਹ ਉਨ੍ਹਾਂ ਅਰਬਾਂ ਲੋਕਾਂ ਨੂੰ ਵੀ ਦੁਬਾਰਾ ਜੀਉਂਦਾ ਕਰੇਗਾ ਜਿਨ੍ਹਾਂ ਨੂੰ ਉਸ ਬਾਰੇ ਸਿੱਖਣ ਦਾ ਮੌਕਾ ਨਹੀਂ ਮਿਲਿਆ? ਜੀ ਹਾਂ, ਸਾਡਾ ਪਿਆਰਾ ਪਰਮੇਸ਼ੁਰ ਉਨ੍ਹਾਂ ਨੂੰ ਵੀ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ। (ਰਸੂ. 24:15) ਉਹ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਵੀ ਉਸ ਦੇ ਦੋਸਤ ਬਣਨ ਅਤੇ ਧਰਤੀ ʼਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਮਿਲੇ।​—ਯੂਹੰਨਾ 3:16. w23.04 9 ਪੈਰੇ 5-6

ਬੁੱਧਵਾਰ 5 ਨਵੰਬਰ

ਸਾਨੂੰ ਪਰਮੇਸ਼ੁਰ ਤੋਂ ਤਾਕਤ ਮਿਲੇਗੀ।​—ਜ਼ਬੂ. 108:13.

ਤੁਸੀਂ ਆਪਣੀ ਉਮੀਦ ਨੂੰ ਹੋਰ ਪੱਕਾ ਕਰਨ ਲਈ ਕੀ ਕਰ ਸਕਦੇ ਹੋ? ਉਦਾਹਰਣ ਲਈ, ਜੇ ਤੁਹਾਡੀ ਉਮੀਦ ਧਰਤੀ ʼਤੇ ਹਮੇਸ਼ਾ ਰਹਿਣ ਦੀ ਹੈ, ਤਾਂ ਬਾਈਬਲ ਵਿੱਚੋਂ ਨਵੀਂ ਦੁਨੀਆਂ ਬਾਰੇ ਦਿੱਤੀਆਂ ਆਇਤਾਂ ਪੜ੍ਹੋ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰੋ। (ਯਸਾ. 25:8; 32:16-18) ਸੋਚੋ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ। ਜੇ ਅਸੀਂ ਬਾਕਾਇਦਾ ਸਮਾਂ ਕੱਢ ਕੇ ਨਵੀਂ ਦੁਨੀਆਂ ਦੀ ਉਮੀਦ ʼਤੇ ਸੋਚ-ਵਿਚਾਰ ਕਰਾਂਗੇ, ਤਾਂ ਸਾਨੂੰ ਆਪਣੀਆਂ ਮੁਸ਼ਕਲਾਂ “ਥੋੜ੍ਹੇ ਸਮੇਂ ਲਈ ਅਤੇ ਮਾਮੂਲੀ” ਜਿਹੀਆਂ ਲੱਗਣਗੀਆਂ। (2 ਕੁਰਿੰ. 4:17) ਇਸ ਉਮੀਦ ਦੇ ਜ਼ਰੀਏ ਯਹੋਵਾਹ ਤੁਹਾਨੂੰ ਤਕੜਾ ਕਰੇਗਾ ਅਤੇ ਅਜ਼ਮਾਇਸ਼ਾਂ ਨਾਲ ਲੜਨ ਦੀ ਤਾਕਤ ਦੇਵੇਗਾ। ਦੇਖਿਆ ਜਾਵੇ ਤਾਂ ਉਸ ਨੇ ਪਹਿਲਾਂ ਹੀ ਉਹ ਸਾਰੇ ਪ੍ਰਬੰਧ ਕੀਤੇ ਹਨ ਜਿਨ੍ਹਾਂ ਦੇ ਜ਼ਰੀਏ ਅਸੀਂ ਉਸ ਤੋਂ ਤਾਕਤ ਹਾਸਲ ਕਰ ਸਕਦੇ ਹਾਂ। ਇਸ ਲਈ ਕੋਈ ਜ਼ਿੰਮੇਵਾਰੀ ਪੂਰੀ ਕਰਨ ਲਈ, ਅਜ਼ਮਾਇਸ਼ ਸਹਿਣ ਲਈ ਜਾਂ ਆਪਣੀ ਖ਼ੁਸ਼ੀ ਬਰਕਰਾਰ ਰੱਖਣ ਲਈ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰੋ ਅਤੇ ਉਸ ਤੋਂ ਅਗਵਾਈ ਲੈਣ ਲਈ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰੋ। ਆਪਣੇ ਮਸੀਹੀ ਭੈਣਾਂ-ਭਰਾਵਾਂ ਤੋਂ ਹੌਸਲਾ ਪਾਓ। ਨਾਲੇ ਬਾਕਾਇਦਾ ਸਮਾਂ ਕੱਢ ਕੇ ਭਵਿੱਖ ਲਈ ਮਿਲੀ ਆਪਣੀ ਉਮੀਦ ʼਤੇ ਸੋਚ-ਵਿਚਾਰ ਕਰੋ। ਫਿਰ “ਤੁਸੀਂ [ਪਰਮੇਸ਼ੁਰ] ਦੀ ਸ਼ਾਨਦਾਰ ਤਾਕਤ ਦੀ ਮਦਦ ਨਾਲ ਤਕੜੇ ਹੋ ਕੇ ਧੀਰਜ ਅਤੇ ਖ਼ੁਸ਼ੀ ਨਾਲ ਸਭ ਕੁਝ ਸਹਿ” ਸਕੋਗੇ।​—ਕੁਲੁ. 1:11. w23.10 17 ਪੈਰੇ 19-20

ਵੀਰਵਾਰ 6 ਨਵੰਬਰ

ਹਰ ਚੀਜ਼ ਲਈ ਪਰਮੇਸ਼ੁਰ ਦਾ ਧੰਨਵਾਦ ਕਰੋ।​—1 ਥੱਸ. 5:18.

ਯਹੋਵਾਹ ਦਾ ਧੰਨਵਾਦ ਕਰੋ। ਸਾਡੇ ਕੋਲ ਯਹੋਵਾਹ ਦਾ ਧੰਨਵਾਦ ਕਰਨ ਦੇ ਬਹੁਤ ਸਾਰੇ ਕਾਰਨ ਹਨ। ਅਸੀਂ ਹਰ ਚੰਗੀ ਚੀਜ਼ ਲਈ ਉਸ ਦਾ ਧੰਨਵਾਦ ਕਰ ਸਕਦੇ ਹਾਂ ਕਿਉਂਕਿ ਹਰ ਚੰਗੀ ਦਾਤ ਉਸੇ ਤੋਂ ਹੀ ਮਿਲਦੀ ਹੈ। (ਯਾਕੂ. 1:17) ਉਦਾਹਰਣ ਲਈ, ਅਸੀਂ ਸੋਹਣੀ ਧਰਤੀ ਅਤੇ ਸ਼ਾਨਦਾਰ ਸ੍ਰਿਸ਼ਟੀ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ। ਅਸੀਂ ਆਪਣੀ ਜ਼ਿੰਦਗੀ, ਪਰਿਵਾਰ, ਦੋਸਤਾਂ ਅਤੇ ਉਮੀਦ ਲਈ ਵੀ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ। ਨਾਲੇ ਸਾਨੂੰ ਇਸ ਗੱਲ ਲਈ ਵੀ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਆਪਣੇ ਨਾਲ ਦੋਸਤੀ ਕਰਨ ਦਾ ਖ਼ਾਸ ਸਨਮਾਨ ਦਿੱਤਾ ਹੈ। ਸਾਨੂੰ ਸ਼ਾਇਦ ਇਹ ਸੋਚਣ ਲਈ ਕਾਫ਼ੀ ਮਿਹਨਤ ਕਰਨੀ ਪਵੇ ਕਿ ਅਸੀਂ ਕਿਨ੍ਹਾਂ ਗੱਲਾਂ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ। ਅਸੀਂ ਇੱਦਾਂ ਦੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਜ਼ਿਆਦਾਤਰ ਲੋਕ ਨਾਸ਼ੁਕਰੇ ਹਨ। ਉਹ ਉਨ੍ਹਾਂ ਚੀਜ਼ਾਂ ਦੀ ਕੋਈ ਕਦਰ ਨਹੀਂ ਕਰਦੇ ਜੋ ਉਨ੍ਹਾਂ ਕੋਲ ਹਨ। ਇਸ ਦੀ ਬਜਾਇ, ਉਨ੍ਹਾਂ ਦਾ ਧਿਆਨ ਸਿਰਫ਼ ਇਸ ਗੱਲ ʼਤੇ ਲੱਗਾ ਰਹਿੰਦਾ ਹੈ ਕਿ ਉਨ੍ਹਾਂ ਨੂੰ ਹੋਰ ਕੀ-ਕੀ ਚਾਹੀਦਾ ਹੈ ਅਤੇ ਉਹ ਇਨ੍ਹਾਂ ਨੂੰ ਕਿਵੇਂ ਪਾ ਸਕਦੇ ਹਨ। ਜੇ ਅਸੀਂ ਵੀ ਉਨ੍ਹਾਂ ਵਰਗਾ ਰਵੱਈਆ ਰੱਖਣ ਲੱਗ ਪਈਏ, ਤਾਂ ਅਸੀਂ ਪ੍ਰਾਰਥਨਾ ਵਿਚ ਸਿਰਫ਼ ਮੰਗਦੇ ਹੀ ਰਹਾਂਗੇ। ਜੇ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਨਾ ਹੋਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾਹ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਉਸ ਲਈ ਸਾਨੂੰ ਸ਼ੁਕਰਗੁਜ਼ਾਰੀ ਦਾ ਗੁਣ ਪੈਦਾ ਕਰਨ ਦੇ ਨਾਲ-ਨਾਲ ਦਿਖਾਉਂਦੇ ਵੀ ਰਹਿਣਾ ਚਾਹੀਦਾ ਹੈ।​—ਲੂਕਾ 6:45. w23.05 4 ਪੈਰੇ 8-9

ਸ਼ੁੱਕਰਵਾਰ 7 ਨਵੰਬਰ

‘ਭਰੋਸੇ ਨਾਲ ਮੰਗਦਾ ਰਹੋ ਅਤੇ ਬਿਲਕੁਲ ਸ਼ੱਕ ਨਾ ਕਰੋ।’​—ਯਾਕੂ. 1:6.

ਯਹੋਵਾਹ ਸਾਡਾ ਪਿਤਾ ਹੈ ਅਤੇ ਸਾਨੂੰ ਬਹੁਤ ਪਿਆਰ ਕਰਦਾ ਹੈ। ਉਹ ਸਾਨੂੰ ਦੁੱਖਾਂ ਵਿਚ ਨਹੀਂ ਦੇਖਣਾ ਚਾਹੁੰਦਾ। (ਯਸਾ. 63:9) ਪਰ ਉਹ ਸਾਡੇ ʼਤੇ ਮੁਸ਼ਕਲਾਂ ਆਉਣ ਤੋਂ ਨਹੀਂ ਰੋਕਦਾ। ਇਹ ਮੁਸ਼ਕਲਾਂ ਸ਼ਾਇਦ ਸਾਨੂੰ ਨਦੀਆਂ ਜਾਂ ਅੱਗ ਦੀਆਂ ਲਪਟਾਂ ਵਾਂਗ ਲੱਗਣ। (ਯਸਾ. 43:2) ਪਰ ਯਹੋਵਾਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਉਹ ਇਨ੍ਹਾਂ ਮੁਸ਼ਕਲਾਂ ‘ਵਿੱਚੋਂ ਦੀ ਲੰਘਣ’ ਵਿਚ ਸਾਡੀ ਮਦਦ ਕਰੇਗਾ। ਨਾਲੇ ਇਨ੍ਹਾਂ ਮੁਸ਼ਕਲਾਂ ਕਰਕੇ ਯਹੋਵਾਹ ਕਦੇ ਵੀ ਸਾਡਾ ਇੱਦਾਂ ਦਾ ਨੁਕਸਾਨ ਨਹੀਂ ਹੋਣ ਦੇਵੇਗਾ ਜਿਸ ਦੀ ਉਹ ਭਰਪਾਈ ਨਾ ਕਰ ਸਕੇ। ਉਹ ਸਾਨੂੰ ਆਪਣੀ ਪਵਿੱਤਰ ਸ਼ਕਤੀ ਵੀ ਦੇਵੇਗਾ ਤਾਂਕਿ ਅਸੀਂ ਇਨ੍ਹਾਂ ਮੁਸ਼ਕਲਾਂ ਨੂੰ ਸਹਿ ਸਕੀਏ। (ਲੂਕਾ 11:13; ਫ਼ਿਲਿ. 4:13) ਇਸ ਲਈ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਹਰ ਉਹ ਚੀਜ਼ ਦੇਵੇਗਾ ਜਿਸ ਨਾਲ ਅਸੀਂ ਮੁਸ਼ਕਲਾਂ ਨਾਲ ਲੜ ਸਕੀਏ ਅਤੇ ਯਹੋਵਾਹ ਦੇ ਵਫ਼ਾਦਾਰ ਰਹਿ ਸਕੀਏ। ਯਹੋਵਾਹ ਉਮੀਦ ਰੱਖਦਾ ਹੈ ਕਿ ਅਸੀਂ ਉਸ ʼਤੇ ਭਰੋਸਾ ਰੱਖੀਏ। (ਇਬ. 11:6) ਕਦੇ-ਕਦੇ ਸਾਨੂੰ ਸ਼ਾਇਦ ਆਪਣੀਆਂ ਮੁਸ਼ਕਲਾਂ ਪਹਾੜ ਵਰਗੀਆਂ ਲੱਗਣ। ਸ਼ਾਇਦ ਅਸੀਂ ਇਹ ਸੋਚਣ ਲੱਗ ਪਈਏ ਕਿ ਪਤਾ ਨਹੀਂ ਯਹੋਵਾਹ ਸਾਡੀ ਮਦਦ ਕਰੇਗਾ ਜਾਂ ਨਹੀਂ। ਪਰ ਬਾਈਬਲ ਵਿਚ ਸਾਨੂੰ ਇਹ ਯਕੀਨ ਦਿਵਾਇਆ ਗਿਆ ਹੈ ਕਿ ਪਰਮੇਸ਼ੁਰ ਦੀ ਤਾਕਤ ਨਾਲ ਅਸੀਂ ‘ਕੰਧ ਵੀ ਟੱਪ’ ਸਕਦੇ ਹਾਂ। (ਜ਼ਬੂ. 18:29) ਇਸ ਲਈ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਨਾ ਹੀ ਯਹੋਵਾਹ ʼਤੇ ਸ਼ੱਕ ਕਰਨਾ ਚਾਹੀਦਾ ਹੈ। ਇਸ ਦੀ ਬਜਾਇ, ਸਾਨੂੰ ਪੂਰੀ ਨਿਹਚਾ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਇਸ ਗੱਲ ਦਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਉਨ੍ਹਾਂ ਦਾ ਜਵਾਬ ਵੀ ਦੇਵੇਗਾ।​—ਯਾਕੂ. 1:6, 7. w23.11 22 ਪੈਰੇ 8-9

ਸ਼ਨੀਵਾਰ 8 ਨਵੰਬਰ

[ਪਿਆਰ] ਦੀਆਂ ਲਾਟਾਂ ਅੱਗ ਦੀਆਂ ਲਾਟਾਂ ਹਨ, ਹਾਂ, ਯਾਹ ਦੀ ਲਾਟ। ਠਾਠਾਂ ਮਾਰਦੇ ਪਾਣੀ ਪਿਆਰ ਨੂੰ ਬੁਝਾ ਨਹੀਂ ਸਕਦੇ, ਨਾ ਹੀ ਨਦੀਆਂ ਇਸ ਨੂੰ ਵਹਾ ਕੇ ਲਿਜਾ ਸਕਦੀਆਂ ਹਨ।​—ਸ੍ਰੇਸ਼. 8:6, 7.

ਰਾਜਾ ਸੁਲੇਮਾਨ ਨੇ ਕਿੰਨੇ ਵਧੀਆ ਢੰਗ ਨਾਲ ਦੱਸਿਆ ਕਿ ਸੱਚਾ ਪਿਆਰ ਕਿਹੋ ਜਿਹਾ ਹੁੰਦਾ ਹੈ! ਇਸ ਲਈ ਪਤੀ-ਪਤਨੀਓ ਯਾਦ ਰੱਖੋ ਕਿ ਤੁਸੀਂ ਵੀ ਇਕ-ਦੂਜੇ ਨੂੰ ਸੱਚਾ ਪਿਆਰ ਕਰ ਸਕਦੇ ਹੋ, ਅਜਿਹਾ ਪਿਆਰ ਜੋ ਕਦੇ ਖ਼ਤਮ ਨਹੀਂ ਹੁੰਦਾ। ਪਤੀ-ਪਤਨੀ ਦਾ ਆਪਸੀ ਪਿਆਰ ਬਣਿਆ ਰਹੇਗਾ ਜਾਂ ਨਹੀਂ, ਇਹ ਉਨ੍ਹਾਂ ʼਤੇ ਨਿਰਭਰ ਕਰਦਾ ਹੈ। ਇਸ ਗੱਲ ਨੂੰ ਸਮਝਣ ਲਈ ਇਸ ਉਦਾਹਰਣ ʼਤੇ ਗੌਰ ਕਰੋ। ਅੱਗ ਨੂੰ ਬਾਲ਼ੀ ਰੱਖਣ ਲਈ ਤੁਹਾਨੂੰ ਉਸ ਵਿਚ ਲੱਕੜਾਂ ਪਾਉਂਦੇ ਰਹਿਣ ਦੀ ਲੋੜ ਹੈ। ਜੇ ਤੁਸੀਂ ਲੱਕੜਾਂ ਨਹੀਂ ਪਾਉਂਦੇ, ਤਾਂ ਅੱਗ ਬੁੱਝ ਜਾਵੇਗੀ। ਇਸੇ ਤਰ੍ਹਾਂ ਪਤੀ-ਪਤਨੀ ਵਿਚ ਪਿਆਰ ਤਾਂ ਹੀ ਬਰਕਰਾਰ ਰਹੇਗਾ ਜੇ ਉਹ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨਗੇ। ਪਰ ਕਦੇ-ਕਦਾਈਂ ਉਨ੍ਹਾਂ ਦਾ ਪਿਆਰ ਠੰਢਾ ਪੈ ਸਕਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਉਹ ਕਿਸੇ ਪਰੇਸ਼ਾਨੀ ਵਿੱਚੋਂ ਦੀ ਲੰਘ ਰਹੇ ਹੁੰਦੇ ਹਨ, ਜਿਵੇਂ ਪੈਸੇ ਦੀ ਤੰਗੀ, ਸਿਹਤ ਸਮੱਸਿਆ ਜਾਂ ਬੱਚਿਆਂ ਦੀ ਪਰਵਰਿਸ਼ ਦੀ ਚਿੰਤਾ। ਪਤੀ-ਪਤਨੀਓ ਜੇ ਤੁਸੀਂ ਚਾਹੁੰਦੇ ਕਿ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ “ਯਾਹ ਦੀ ਲਾਟ” ਨਾ ਬੁੱਝੇ, ਤਾਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਰਹੋ। w23.05 20-21 ਪੈਰੇ 1-3

ਐਤਵਾਰ 9 ਨਵੰਬਰ

ਨਾ ਡਰ।​—ਦਾਨੀ. 10:19.

ਅਸੀਂ ਦਲੇਰ ਕਿਵੇਂ ਬਣ ਸਕਦੇ ਹਾਂ? ਸ਼ਾਇਦ ਸਾਡੇ ਮਾਪੇ ਸਾਨੂੰ ਦਲੇਰ ਬਣਨ ਦੀ ਹੱਲਾਸ਼ੇਰੀ ਦੇਣ। ਭਾਵੇਂ ਕਿ ਉਹ ਖ਼ੁਦ ਦਲੇਰ ਹੋਣ, ਫਿਰ ਵੀ ਉਹ ਸਾਨੂੰ ਦਲੇਰ ਨਹੀਂ ਬਣਾ ਸਕਦੇ। ਸਾਨੂੰ ਖ਼ੁਦ ਇਹ ਗੁਣ ਪੈਦਾ ਕਰਨਾ ਪੈਣਾ। ਦਲੇਰ ਬਣਨਾ ਕੋਈ ਨਵਾਂ ਹੁਨਰ ਸਿੱਖਣ ਵਾਂਗ ਹੈ। ਕੋਈ ਹੁਨਰ ਸਿੱਖਣ ਦਾ ਇਕ ਤਰੀਕਾ ਹੈ ਕਿ ਅਸੀਂ ਸਿਖਾਉਣ ਵਾਲੇ ਨੂੰ ਧਿਆਨ ਨਾਲ ਦੇਖੀਏ ਅਤੇ ਜਿੱਦਾਂ ਉਹ ਕੰਮ ਕਰਦਾ ਹੈ, ਉੱਦਾਂ ਹੀ ਕਰਨ ਦੀ ਕੋਸ਼ਿਸ਼ ਕਰੀਏ। ਇਸੇ ਤਰ੍ਹਾਂ ਦਲੇਰੀ ਦਾ ਗੁਣ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਦੂਸਰਿਆਂ ਨੂੰ ਧਿਆਨ ਨਾਲ ਦੇਖੀਏ ਕਿ ਉਹ ਕਿਵੇਂ ਦਲੇਰੀ ਦਿਖਾਉਂਦੇ ਹਨ ਅਤੇ ਫਿਰ ਉਨ੍ਹਾਂ ਵਾਂਗ ਬਣਨ ਦੀ ਕੋਸ਼ਿਸ਼ ਕਰੀਏ। ਸਾਨੂੰ ਵੀ ਦਾਨੀਏਲ ਵਾਂਗ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਨਾਲੇ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਕਾਇਮ ਕਰਨ ਲਈ ਸਾਨੂੰ ਉਸ ਨੂੰ ਦਿਲ ਖੋਲ੍ਹ ਕੇ ਅਤੇ ਬਾਕਾਇਦਾ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਯਹੋਵਾਹ ʼਤੇ ਭਰੋਸਾ ਰੱਖਣ ਦੀ ਵੀ ਲੋੜ ਹੈ ਅਤੇ ਇਹ ਯਕੀਨ ਕਰਨ ਦੀ ਲੋੜ ਹੈ ਕਿ ਯਹੋਵਾਹ ਹਮੇਸ਼ਾ ਸਾਡਾ ਸਾਥ ਦੇਵੇਗਾ। ਫਿਰ ਸਾਡੀ ਨਿਹਚਾ ਦੀ ਪਰਖ ਹੋਣ ʼਤੇ ਅਸੀਂ ਦਲੇਰੀ ਦਿਖਾ ਸਕਾਂਗੇ। ਦਲੇਰ ਲੋਕਾਂ ਦਾ ਅਕਸਰ ਦੂਜੇ ਆਦਰ ਕਰਦੇ ਹਨ। ਨਾਲੇ ਸ਼ਾਇਦ ਇਨ੍ਹਾਂ ਕਰਕੇ ਨੇਕਦਿਲ ਲੋਕ ਯਹੋਵਾਹ ਵੱਲ ਖਿੱਚੇ ਆਉਣ। ਤਾਂ ਫਿਰ ਕਿਉਂ ਨਾ ਅਸੀਂ ਸਾਰੇ ਜਣੇ ਦਲੇਰ ਬਣਨ ਦੀ ਕੋਸ਼ਿਸ਼ ਕਰੀਏ? w23.08 2 ਪੈਰਾ 2; 4 ਪੈਰੇ 8-9

ਸੋਮਵਾਰ 10 ਨਵੰਬਰ

ਸਾਰੀਆਂ ਗੱਲਾਂ ਨੂੰ ਪਰਖੋ।​—1 ਥੱਸ. 5:21.

‘ਪਰਖਣ’ ਲਈ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਹੀ ਸ਼ਬਦ ਸੋਨੇ-ਚਾਂਦੀ ਵਰਗੀਆਂ ਧਾਤਾਂ ਨੂੰ ਪਰਖਣ ਲਈ ਵੀ ਵਰਤਿਆ ਗਿਆ ਹੈ। ਇਸ ਲਈ ਅਸੀਂ ਜਿਹੜੀਆਂ ਗੱਲਾਂ ਸੁਣਦੇ ਅਤੇ ਪੜ੍ਹਦੇ ਹਾਂ, ਸਾਨੂੰ ਉਨ੍ਹਾਂ ਨੂੰ ਪਰਖਣਾ ਚਾਹੀਦਾ ਹੈ। ਨਾਲੇ ਦੇਖਣਾ ਚਾਹੀਦਾ ਹੈ ਕਿ ਉਹ ਗੱਲਾਂ ਸੱਚ ਹਨ ਜਾਂ ਨਹੀਂ। ਸਾਡੇ ਲਈ ਇੱਦਾਂ ਕਰਨਾ ਹੋਰ ਵੀ ਜ਼ਰੂਰੀ ਹੁੰਦਾ ਜਾਵੇਗਾ ਜਿੱਦਾਂ-ਜਿੱਦਾਂ ਮਹਾਂਕਸ਼ਟ ਨੇੜੇ ਆਉਂਦਾ ਜਾਵੇਗਾ। ਭੋਲੇ ਬਣ ਕੇ ਹਰ ਗੱਲ ਮੰਨਣ ਦੀ ਬਜਾਇ ਸਾਨੂੰ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਦੇਖਣਾ ਚਾਹੀਦਾ ਹੈ ਕਿ ਇਹ ਗੱਲਾਂ ਬਾਈਬਲ ਅਤੇ ਯਹੋਵਾਹ ਦੇ ਸੰਗਠਨ ਨਾਲ ਮੇਲ ਖਾਂਦੀਆਂ ਹਨ ਜਾਂ ਨਹੀਂ। ਇੱਦਾਂ ਕਰਕੇ ਅਸੀਂ ਦੁਸ਼ਟ ਦੂਤਾਂ ਦੀ ਪ੍ਰੇਰਣਾ ਨਾਲ ਦਿੱਤੇ ਸੰਦੇਸ਼ਾਂ ਜਾਂ ਧੋਖਾ ਦੇਣ ਵਾਲੀਆਂ ਗੱਲਾਂ ਕਰਕੇ ਮੂਰਖ ਨਹੀਂ ਬਣਾਂਗੇ। (ਕਹਾ. 14:15; 1 ਤਿਮੋ. 4:1) ਅਸੀਂ ਜਾਣਦੇ ਹਾਂ ਕਿ ਇਕ ਸਮੂਹ ਵਜੋਂ ਪਰਮੇਸ਼ੁਰ ਦੇ ਸੇਵਕ ਮਹਾਂਕਸ਼ਟ ਵਿੱਚੋਂ ਬਚਾਏ ਜਾਣਗੇ। ਪਰ ਅਸੀਂ ਇਹ ਨਹੀਂ ਜਾਣਦੇ ਕਿ ਯਹੋਵਾਹ ਦੇ ਇਕੱਲੇ-ਇਕੱਲੇ ਸੇਵਕ ਨਾਲ ਕੱਲ੍ਹ ਨੂੰ ਕੀ ਹੋਵੇਗਾ। (ਯਾਕੂ. 4:14) ਜੇ ਅਸੀਂ ਵਫ਼ਾਦਾਰੀ ਬਣਾਈ ਰੱਖਾਂਗੇ, ਤਾਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਜ਼ਰੂਰ ਮਿਲੇਗਾ, ਫਿਰ ਚਾਹੇ ਅਸੀਂ ਮਹਾਂਕਸ਼ਟ ਦੌਰਾਨ ਜੀਉਂਦੇ ਰਹੀਏ ਜਾਂ ਉਸ ਤੋਂ ਪਹਿਲਾਂ ਹੀ ਮਰ ਜਾਈਏ। ਆਓ ਆਪਾਂ ਆਪਣੀ ਸ਼ਾਨਦਾਰ ਉਮੀਦ ʼਤੇ ਧਿਆਨ ਲਾਈ ਰੱਖੀਏ ਅਤੇ ਯਹੋਵਾਹ ਦੇ ਦਿਨ ਲਈ ਤਿਆਰ ਰਹੀਏ! w23.06 13 ਪੈਰੇ 15-16

ਮੰਗਲਵਾਰ 11 ਨਵੰਬਰ

ਉਹ ਆਪਣੇ ਨਬੀਆਂ ਨੂੰ ਆਪਣਾ ਭੇਤ ਨਾ ਦੱਸੇ।​—ਆਮੋ. 3:7.

ਅਸੀਂ ਨਹੀਂ ਜਾਣਦੇ ਕਿ ਬਾਈਬਲ ਦੀਆਂ ਕੁਝ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਣਗੀਆਂ। (ਦਾਨੀ. 12:8, 9) ਪਰ ਜੇ ਸਾਨੂੰ ਇਹ ਪਤਾ ਨਹੀਂ ਹੈ ਕਿ ਕੋਈ ਭਵਿੱਖਬਾਣੀ ਕਿਵੇਂ ਪੂਰੀ ਹੋਵੇਗੀ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਇਹ ਪੂਰੀ ਹੀ ਨਹੀਂ ਹੋਵੇਗੀ। ਬਿਨਾਂ ਸ਼ੱਕ, ਅਸੀਂ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਾਂ ਕਿ ਉਹ ਪੁਰਾਣੇ ਸਮੇਂ ਵਾਂਗ ਸਾਨੂੰ ਸਹੀ ਸਮੇਂ ʼਤੇ ਲੋੜੀਂਦੀ ਜਾਣਕਾਰੀ ਦੇਵੇਗਾ। ਇਹ ਘੋਸ਼ਣਾ ਕੀਤੀ ਜਾਵੇਗੀ ਕਿ “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” (1 ਥੱਸ. 5:3) ਫਿਰ ਦੁਨੀਆਂ ਦੀਆਂ ਸਰਕਾਰਾਂ ਝੂਠੇ ਧਰਮਾਂ ʼਤੇ ਹਮਲਾ ਕਰਨਗੀਆਂ ਅਤੇ ਇਨ੍ਹਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦੇਣਗੀਆਂ। (ਪ੍ਰਕਾ. 17:16, 17) ਇਸ ਤੋਂ ਬਾਅਦ, ਉਹ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਨਗੀਆਂ। (ਹਿਜ਼. 38:18, 19) ਇਨ੍ਹਾਂ ਘਟਨਾਵਾਂ ਨਾਲ ਆਰਮਾਗੇਡਨ ਦਾ ਆਖ਼ਰੀ ਯੁੱਧ ਸ਼ੁਰੂ ਹੋਵੇਗਾ। (ਪ੍ਰਕਾ. 16:14, 16) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਇਹ ਘਟਨਾਵਾਂ ਛੇਤੀ ਹੀ ਹੋਣਗੀਆਂ। ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਯਹੋਵਾਹ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਇਨ੍ਹਾਂ ਘਟਨਾਵਾਂ ਬਾਰੇ ਲਿਖਵਾਇਆ ਹੈ? ਤਾਂ ਫਿਰ ਆਓ ਆਪਾਂ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਦੇ ਰਹੀਏ ਅਤੇ ਇੱਦਾਂ ਕਰਨ ਵਿਚ ਦੂਜਿਆਂ ਦੀ ਵੀ ਮਦਦ ਕਰਦੇ ਰਹੀਏ। w23.08 13 ਪੈਰੇ 19-20

ਬੁੱਧਵਾਰ 12 ਨਵੰਬਰ

ਆਓ ਆਪਾਂ ਇਕ-ਦੂਸਰੇ ਨੂੰ ਪਿਆਰ ਕਰਦੇ ਰਹੀਏ ਕਿਉਂਕਿ ਪਿਆਰ ਪਰਮੇਸ਼ੁਰ ਤੋਂ ਹੈ।​—1 ਯੂਹੰ. 4:7.

ਜਦੋਂ ਪੌਲੁਸ ਰਸੂਲ ਨਿਹਚਾ, ਉਮੀਦ ਅਤੇ ਪਿਆਰ ਬਾਰੇ ਗੱਲ ਕਰ ਰਿਹਾ ਸੀ, ਤਾਂ ਅਖ਼ੀਰ ਵਿਚ ਉਸ ਨੇ ਕਿਹਾ: “ਇਨ੍ਹਾਂ ਤਿੰਨਾਂ [ਗੁਣਾਂ] ਵਿੱਚੋਂ ਪਿਆਰ ਉੱਤਮ ਹੈ।” (1 ਕੁਰਿੰ. 13:13) ਉਸ ਨੇ ਇੱਦਾਂ ਕਿਉਂ ਕਿਹਾ? ਭਵਿੱਖ ਵਿਚ ਸਾਨੂੰ ਨਵੀਂ ਦੁਨੀਆਂ ਬਾਰੇ ਪਰਮੇਸ਼ੁਰ ਦੇ ਵਾਅਦਿਆਂ ʼਤੇ ਨਿਹਚਾ ਕਰਨ ਦੀ ਲੋੜ ਨਹੀਂ ਪਵੇਗੀ ਤੇ ਨਾ ਹੀ ਉਨ੍ਹਾਂ ਦੇ ਪੂਰੇ ਹੋਣ ਦੀ ਉਮੀਦ ਰੱਖਣੀ ਪਵੇਗੀ ਕਿਉਂਕਿ ਉਸ ਵੇਲੇ ਉਹ ਵਾਅਦੇ ਪੂਰੇ ਹੋ ਚੁੱਕੇ ਹੋਣਗੇ। ਪਰ ਜਿੱਥੋਂ ਤਕ ਪਿਆਰ ਦੀ ਗੱਲ ਹੈ, ਸਾਨੂੰ ਯਹੋਵਾਹ ਤੇ ਦੂਜਿਆਂ ਨੂੰ ਹਮੇਸ਼ਾ ਪਿਆਰ ਦਿਖਾਉਂਦੇ ਰਹਿਣ ਦੀ ਲੋੜ ਪਵੇਗੀ। ਦਰਅਸਲ, ਦਿਨੋ-ਦਿਨ ਉਨ੍ਹਾਂ ਲਈ ਸਾਡਾ ਪਿਆਰ ਵਧਦਾ ਹੀ ਜਾਵੇਗਾ। ਨਾਲੇ ਪਿਆਰ ਸੱਚੇ ਮਸੀਹੀਆਂ ਦੀ ਪਛਾਣ ਹੈ। ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:35) ਇਸ ਤੋਂ ਇਲਾਵਾ, ਜਦੋਂ ਅਸੀਂ ਇਕ-ਦੂਜੇ ਨੂੰ ਪਿਆਰ ਕਰਦੇ ਹਾਂ, ਤਾਂ ਸਾਡੇ ਵਿਚ ਏਕਤਾ ਬਣੀ ਰਹਿੰਦੀ ਹੈ। ਪੌਲੁਸ ਨੇ ਕਿਹਾ: “ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।” (ਕੁਲੁ. 3:14) ਯੂਹੰਨਾ ਰਸੂਲ ਨੇ ਮਸੀਹੀਆਂ ਨੂੰ ਕਿਹਾ: “ਜਿਹੜਾ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਉਹ ਆਪਣੇ ਭਰਾ ਨਾਲ ਵੀ ਪਿਆਰ ਕਰੇ।” (1 ਯੂਹੰ. 4:21) ਇਸ ਦਾ ਮਤਲਬ ਜਦੋਂ ਅਸੀਂ ਇਕ-ਦੂਜੇ ਨੂੰ ਪਿਆਰ ਕਰਦੇ ਹਾਂ, ਤਾਂ ਉਸੇ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ। w23.11 8 ਪੈਰੇ 1, 3

ਵੀਰਵਾਰ 13 ਨਵੰਬਰ

‘ਹਰ ਬੋਝ ਨੂੰ ਆਪਣੇ ਉੱਪਰੋਂ ਲਾਹ ਕੇ ਸੁੱਟ ਦਿਓ।’​—ਇਬ. 12:1.

ਬਾਈਬਲ ਵਿਚ ਮਸੀਹੀਆਂ ਦੀ ਜ਼ਿੰਦਗੀ ਦੀ ਤੁਲਨਾ ਇਕ ਦੌੜ ਨਾਲ ਕੀਤੀ ਗਈ ਹੈ। ਆਪਣੀ ਦੌੜ ਪੂਰੀ ਕਰਨ ਵਾਲੇ ਦੌੜਾਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਮਿਲੇਗਾ। (2 ਤਿਮੋ. 4:7, 8) ਇਸ ਦੌੜ ਵਿਚ ਲਗਾਤਾਰ ਦੌੜਦੇ ਰਹਿਣ ਲਈ ਸਾਨੂੰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨ ਦੀ ਲੋੜ ਹੈ, ਖ਼ਾਸ ਕਰਕੇ ਹੁਣ ਕਿਉਂਕਿ ਅਸੀਂ ਆਪਣੀ ਮੰਜ਼ਲ ਦੇ ਬਿਲਕੁਲ ਨੇੜੇ ਹਾਂ। ਪੌਲੁਸ ਰਸੂਲ ਨੇ ਦੱਸਿਆ ਕਿ ਇਸ ਦੌੜ ਨੂੰ ਜਿੱਤਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਉਸ ਨੇ ਕਿਹਾ ਕਿ ਅਸੀਂ ‘ਹਰ ਬੋਝ ਆਪਣੇ ਉੱਪਰੋਂ ਲਾਹ ਕੇ ਸੁੱਟ ਦੇਈਏ ਅਤੇ ਧੀਰਜ ਨਾਲ ਉਸ ਦੌੜ ਵਿਚ ਦੌੜਦੇ ਰਹੀਏ ਜੋ ਸਾਡੇ ਸਾਮ੍ਹਣੇ ਹੈ।’ ਕੀ ਪੌਲੁਸ ਦਾ ਇਹ ਮਤਲਬ ਸੀ ਕਿ ਇਕ ਮਸੀਹੀ ਨੂੰ ਕਿਸੇ ਵੀ ਤਰ੍ਹਾਂ ਦਾ ਭਾਰ ਨਹੀਂ ਚੁੱਕਣਾ ਪੈਣਾ? ਨਹੀਂ, ਉਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ। ਇਸ ਦੀ ਬਜਾਇ, ਉਸ ਦੇ ਕਹਿਣ ਦਾ ਮਤਲਬ ਸੀ ਕਿ ਸਾਨੂੰ ਹਰ ਤਰ੍ਹਾਂ ਦਾ ਗ਼ੈਰ-ਜ਼ਰੂਰੀ ਬੋਝ ਸੁੱਟ ਦੇਣਾ ਚਾਹੀਦਾ ਹੈ। ਅਜਿਹੇ ਬੋਝ ਕਰਕੇ ਅਸੀਂ ਥੱਕ ਸਕਦੇ ਹਾਂ ਅਤੇ ਸਾਡੀ ਦੌੜਨ ਦੀ ਰਫ਼ਤਾਰ ਹੌਲੀ ਹੋ ਸਕਦੀ ਹੈ। ਧੀਰਜ ਨਾਲ ਦੌੜਦੇ ਰਹਿਣ ਲਈ ਸਾਨੂੰ ਫ਼ੌਰਨ ਪਛਾਣਨ ਦੀ ਲੋੜ ਹੈ ਕਿ ਅਸੀਂ ਕੋਈ ਗ਼ੈਰ-ਜ਼ਰੂਰੀ ਬੋਝ ਤਾਂ ਨਹੀਂ ਚੁੱਕਿਆ ਹੋਇਆ। ਜੇ ਹਾਂ, ਤਾਂ ਸਾਨੂੰ ਤੁਰੰਤ ਇਸ ਨੂੰ ਸੁੱਟ ਦੇਣਾ ਚਾਹੀਦਾ ਹੈ। ਪਰ ਸਾਡੇ ਲਈ ਕੁਝ ਭਾਰ ਚੁੱਕਣੇ ਜ਼ਰੂਰੀ ਹਨ। ਜੇ ਅਸੀਂ ਉਹ ਨਾ ਚੁੱਕੀਏ, ਤਾਂ ਅਸੀਂ ਇਸ ਦੌੜ ਵਿਚ ਦੌੜਨ ਦੇ ਯੋਗ ਨਹੀਂ ਰਹਾਂਗੇ।​—2 ਤਿਮੋ. 2:5. w23.08 26 ਪੈਰੇ 1-2

ਸ਼ੁੱਕਰਵਾਰ 14 ਨਵੰਬਰ

ਤੁਸੀਂ ਆਪਣੇ ਬਾਹਰੀ ਰੂਪ ਨੂੰ ਸ਼ਿੰਗਾਰਨ ਵਿਚ ਨਾ ਲੱਗੀਆਂ ਰਹੋ।​—1 ਪਤ. 3:3.

ਆਪਣੀ ਗੱਲ ʼਤੇ ਅੜੇ ਨਾ ਰਹਿ ਕੇ ਅਸੀਂ ਦੂਜਿਆਂ ਦੇ ਵਿਚਾਰਾਂ ਦਾ ਆਦਰ ਕਰਾਂਗੇ। ਉਦਾਹਰਣ ਲਈ, ਕੁਝ ਭੈਣਾਂ ਨੂੰ ਹਾਰ-ਸ਼ਿੰਗਾਰ ਕਰਨਾ ਪਸੰਦ ਹੈ ਤੇ ਕਈਆਂ ਨੂੰ ਨਹੀਂ। ਕੁਝ ਮਸੀਹੀਆਂ ਨੂੰ ਹਿਸਾਬ ਨਾਲ ਸ਼ਰਾਬ ਪੀਣੀ ਵਧੀਆ ਲੱਗਦੀ ਹੈ, ਪਰ ਕੁਝ ਮਸੀਹੀ ਬਿਲਕੁਲ ਵੀ ਸ਼ਰਾਬ ਨਹੀਂ ਪੀਂਦੇ। ਸਾਰੇ ਮਸੀਹੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਿਹਤ ਵਧੀਆ ਰਹੇ, ਪਰ ਸਿਹਤ ਵਧੀਆ ਰੱਖਣ ਲਈ ਉਹ ਅਲੱਗ-ਅਲੱਗ ਤਰੀਕੇ ਅਪਣਾਉਂਦੇ ਹਨ। ਜੇ ਅਸੀਂ ਸੋਚਦੇ ਹਾਂ ਕਿ ਸਾਡੀ ਗੱਲ ਹਮੇਸ਼ਾ ਸਹੀ ਹੁੰਦੀ ਹੈ ਅਤੇ ਦੂਜਿਆਂ ʼਤੇ ਆਪਣੀ ਰਾਇ ਥੋਪਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਭੈਣਾਂ-ਭਰਾਵਾਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਕਰ ਸਕਦੇ ਹਾਂ ਅਤੇ ਮੰਡਲੀ ਵਿਚ ਫੁੱਟ ਪਾ ਸਕਦੇ ਹਾਂ। (1 ਕੁਰਿੰ. 8:9; 10:23, 24) ਉਦਾਹਰਣ ਲਈ, ਯਹੋਵਾਹ ਇਹ ਨਹੀਂ ਦੱਸਦਾ ਕਿ ਸਾਨੂੰ ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਤੇ ਕਿਹੋ ਜਿਹੇ ਨਹੀਂ। ਪਰ ਉਸ ਨੇ ਸਾਨੂੰ ਅਸੂਲ ਦਿੱਤੇ ਹਨ। ਸਾਨੂੰ “ਸੋਚ-ਸਮਝ ਕੇ” ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਜੋ ਪਰਮੇਸ਼ੁਰ ਦੇ ਸੇਵਕਾਂ ਨੂੰ ਸ਼ੋਭਾ ਦਿੰਦੇ ਹਨ, ਜਿਨ੍ਹਾਂ ਤੋਂ ਸਮਝਦਾਰੀ ਦਾ ਸਬੂਤ ਮਿਲਦਾ ਹੈ ਅਤੇ ਜਿਨ੍ਹਾਂ ਤੋਂ ਸ਼ਰਮ-ਹਯਾ ਝਲਕਦੀ ਹੈ। (1 ਤਿਮੋ. 2:9, 10) ਇਸ ਲਈ ਸਾਨੂੰ ਅਜਿਹੇ ਕੱਪੜੇ ਨਹੀਂ ਪਾਉਣੇ ਚਾਹੀਦੇ ਜਿਨ੍ਹਾਂ ਕਰਕੇ ਬਿਨਾਂ ਵਜ੍ਹਾ ਦੂਜਿਆਂ ਦਾ ਧਿਆਨ ਸਾਡੇ ਵੱਲ ਖਿੱਚਿਆ ਜਾਵੇ। ਨਾਲੇ ਬਾਈਬਲ ਦੇ ਅਸੂਲ ਬਜ਼ੁਰਗਾਂ ਦੀ ਮਦਦ ਕਰਨਗੇ ਕਿ ਉਹ ਪਹਿਰਾਵੇ ਅਤੇ ਹੇਅਰ-ਸਟਾਈਲ ਸੰਬੰਧੀ ਕੋਈ ਕਾਨੂੰਨ ਨਾ ਬਣਾਉਣ। w23.07 23-24 ਪੈਰੇ 13-14

ਸ਼ਨੀਵਾਰ 15 ਨਵੰਬਰ

ਮੇਰੀ ਗੱਲ ਧਿਆਨ ਨਾਲ ਸੁਣੋ ਅਤੇ ਚੰਗਾ ਖਾਣਾ ਖਾਓ, ਚਿਕਨਾਈ ਵਾਲਾ ਖਾਣਾ ਖਾ ਕੇ ਤੁਸੀਂ ਬੇਹੱਦ ਖ਼ੁਸ਼ ਹੋਵੋਗੇ।​—ਯਸਾ. 55:2.

ਯਹੋਵਾਹ ਨੇ ਸਾਡੀ ਇਹ ਦੇਖਣ ਵਿਚ ਮਦਦ ਕੀਤੀ ਹੈ ਕਿ ਅਸੀਂ ਆਪਣਾ ਭਵਿੱਖ ਖ਼ੁਸ਼ੀਆਂ ਭਰਿਆ ਕਿਵੇਂ ਬਣਾ ਸਕਦੇ ਹਾਂ। ਜਿਹੜੇ ਲੋਕ ਖੱਪ ਪਾਉਂਦੀ “ਮੂਰਖ ਔਰਤ” ਦਾ ਸੱਦਾ ਕਬੂਲ ਕਰਦੇ ਹਨ, ਉਹ ਗੰਦੇ ਕੰਮਾਂ ਵਿਚ ਖ਼ੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਹ ਚੰਦ ਪਲਾਂ ਦੀ ਖ਼ੁਸ਼ੀ ਲਈ ਆਪਣੇ ਭਵਿੱਖ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਉਨ੍ਹਾਂ ਦੇ ਕੰਮਾਂ ਕਰਕੇ ਉਹ “ਕਬਰ ਦੀਆਂ ਡੂੰਘਾਈਆਂ ਵਿਚ” ਚਲੇ ਜਾਣਗੇ। (ਕਹਾ. 9:13, 17, 18) ਪਰ “ਸੱਚੀ ਬੁੱਧ” ਦਾ ਸੱਦਾ ਕਬੂਲ ਕਰਨ ਵਾਲੇ ਲੋਕਾਂ ਦਾ ਭਵਿੱਖ ਇਨ੍ਹਾਂ ਲੋਕਾਂ ਨਾਲੋਂ ਕਿੰਨਾ ਵੱਖਰਾ ਹੋਵੇਗਾ! (ਕਹਾ. 9:1) ਅਸੀਂ ਉਨ੍ਹਾਂ ਚੀਜ਼ਾਂ ਨਾਲ ਪਿਆਰ ਕਰਨਾ ਸਿੱਖ ਰਹੇ ਹਾਂ ਜਿਨ੍ਹਾਂ ਨਾਲ ਯਹੋਵਾਹ ਪਿਆਰ ਕਰਦਾ ਹੈ। ਨਾਲੇ ਅਸੀਂ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਨਾ ਸਿੱਖ ਰਹੇ ਹਾਂ ਜਿਨ੍ਹਾਂ ਨਾਲ ਯਹੋਵਾਹ ਨਫ਼ਰਤ ਕਰਦਾ ਹੈ। (ਜ਼ਬੂ. 97:10) ਇਸ ਤੋਂ ਇਲਾਵਾ, ਦੂਜਿਆਂ ਨੂੰ “ਸੱਚੀ ਬੁੱਧ” ਤੋਂ ਫ਼ਾਇਦਾ ਪਾਉਣ ਦਾ ਸੱਦਾ ਦੇ ਕੇ ਵੀ ਸਾਨੂੰ ਖ਼ੁਸ਼ੀ ਹੁੰਦੀ ਹੈ। ਇਹ ਇੱਦਾਂ ਹੈ ਜਿਵੇਂ ਅਸੀਂ ‘ਸ਼ਹਿਰ ਦੀਆਂ ਉਚਾਈਆਂ ਤੋਂ ਪੁਕਾਰਦੇ ਹਾਂ ਕਿ ਜਿਹੜਾ ਵੀ ਨਾਤਜਰਬੇਕਾਰ ਹੈ, ਉਹ ਇੱਥੇ ਅੰਦਰ ਆਵੇ।’ ਇਸ ਦੇ ਫ਼ਾਇਦੇ ਸਾਨੂੰ ਅਤੇ ਸੱਦਾ ਕਬੂਲ ਕਰਨ ਵਾਲਿਆਂ ਨੂੰ ਸਿਰਫ਼ ਹੁਣ ਹੀ ਨਹੀਂ ਹੋਣੇ। ਇਸ ਦੀ ਬਜਾਇ, ਇਸ ਦੇ ਫ਼ਾਇਦੇ ਸਾਨੂੰ ਹਮੇਸ਼ਾ ਲਈ ਹੋਣਗੇ ਯਾਨੀ ਅਸੀਂ ਹਮੇਸ਼ਾ ਲਈ “ਜੀਉਂਦੇ” ਰਹਾਂਗੇ ਜੇ ਅਸੀਂ “ਸਮਝ ਦੇ ਰਾਹ ʼਤੇ ਅੱਗੇ” ਵਧਦੇ ਰਹਾਂਗੇ।​—ਕਹਾ. 9:3, 4, 6. w23.06 24 ਪੈਰੇ 17-18

ਐਤਵਾਰ 16 ਨਵੰਬਰ

ਜਿਹੜਾ ਕ੍ਰੋਧ ਕਰਨ ਵਿਚ ਧੀਮਾ ਹੈ, ਉਹ ਸੂਰਬੀਰ ਨਾਲੋਂ ਅਤੇ ਆਪਣੇ ਗੁੱਸੇ ʼਤੇ ਕਾਬੂ ਰੱਖਣ ਵਾਲਾ ਕਿਸੇ ਸ਼ਹਿਰ ਨੂੰ ਜਿੱਤਣ ਵਾਲੇ ਨਾਲੋਂ ਚੰਗਾ ਹੈ।​—ਕਹਾ. 16:32.

ਜੇ ਤੁਹਾਡੇ ਨਾਲ ਕੋਈ ਕੰਮ ਕਰਨ ਵਾਲਾ ਜਾਂ ਪੜ੍ਹਨ ਵਾਲਾ ਤੁਹਾਡੇ ਵਿਸ਼ਵਾਸਾਂ ਬਾਰੇ ਪੁੱਛਦਾ ਹੈ, ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ? ਕੀ ਤੁਸੀਂ ਘਬਰਾ ਜਾਂਦੇ ਹੋ? ਸਾਡੇ ਵਿੱਚੋਂ ਜ਼ਿਆਦਾਤਰ ਜਣੇ ਘਬਰਾ ਜਾਂਦੇ ਹਨ। ਪਰ ਅਜਿਹੇ ਸਵਾਲ ਪੁੱਛਣ ਕਰਕੇ ਸਾਡੀ ਇਹ ਸਮਝਣ ਵਿਚ ਮਦਦ ਹੋ ਸਕਦੀ ਹੈ ਕਿ ਉਹ ਵਿਅਕਤੀ ਕੀ ਸੋਚਦਾ ਹੈ ਅਤੇ ਉਸ ਦੇ ਕੀ ਵਿਸ਼ਵਾਸ ਹਨ। ਇਸ ਕਰਕੇ ਸਾਨੂੰ ਉਸ ਵਿਅਕਤੀ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਮਿਲਦਾ ਹੈ। ਪਰ ਕਦੇ-ਕਦਾਈਂ ਉਹ ਇਸ ਕਰਕੇ ਸਾਨੂੰ ਸਵਾਲ ਪੁੱਛਦੇ ਹਨ ਕਿਉਂਕਿ ਉਹ ਸਾਡੇ ਨਾਲ ਸਹਿਮਤ ਨਹੀਂ ਹੁੰਦੇ ਜਾਂ ਸਾਡੇ ਨਾਲ ਬਹਿਸ ਕਰਨੀ ਚਾਹੁੰਦੇ ਹਨ। ਇੱਦਾਂ ਹੋਣ ʼਤੇ ਅਸੀਂ ਹੈਰਾਨ ਨਹੀਂ ਹੁੰਦੇ। ਕਿਉਂ? ਕਿਉਂਕਿ ਕੁਝ ਲੋਕਾਂ ਨੂੰ ਸਾਡੇ ਵਿਸ਼ਵਾਸਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ ਜਾਂ ਉਨ੍ਹਾਂ ਨੂੰ ਸਾਡੇ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੁੰਦੀ ਹੈ। (ਰਸੂ. 28:22) ਨਾਲੇ ਅਸੀਂ ‘ਆਖ਼ਰੀ ਦਿਨਾਂ’ ਵਿਚ ਰਹਿ ਰਹੇ ਹਾਂ ਅਤੇ ਇਸ ਸਮੇਂ ਦੌਰਾਨ ਜ਼ਿਆਦਾਤਰ ਲੋਕ “ਕਿਸੇ ਵੀ ਗੱਲ ʼਤੇ ਰਾਜ਼ੀ” ਨਹੀਂ ਹੁੰਦੇ ਅਤੇ ਇੱਥੋਂ ਤਕ ਕਿ ਉਹ “ਵਹਿਸ਼ੀ” ਹਨ। (2 ਤਿਮੋ. 3:1, 3) ਤੁਸੀਂ ਸ਼ਾਇਦ ਸੋਚੋ, ‘ਜਦੋਂ ਕੋਈ ਮੇਰੇ ਬਾਈਬਲ-ਆਧਾਰਿਤ ਵਿਸ਼ਵਾਸਾਂ ʼਤੇ ਸਵਾਲ ਖੜ੍ਹਾ ਕਰਦਾ ਹੈ, ਤਾਂ ਮੈਂ ਪਿਆਰ ਤੇ ਸਲੀਕੇ ਨਾਲ ਕਿਵੇਂ ਜਵਾਬ ਦੇ ਸਕਦਾ ਹਾਂ?’ ਕਿਹੜੀ ਗੱਲ ਤੁਹਾਡੀ ਇੱਦਾਂ ਕਰਨ ਵਿਚ ਮਦਦ ਕਰ ਸਕਦੀ ਹੈ? ਨਰਮਾਈ ਦਾ ਗੁਣ। ਜਦੋਂ ਨਰਮਾਈ ਨਾਲ ਪੇਸ਼ ਆਉਣ ਵਾਲੇ ਵਿਅਕਤੀ ਨੂੰ ਗੁੱਸਾ ਚੜ੍ਹਾਇਆ ਜਾਂਦਾ ਹੈ ਜਾਂ ਉਸ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਕਿਵੇਂ ਜਵਾਬ ਦੇਵੇ, ਤਾਂ ਵੀ ਉਹ ਗੁੱਸੇ ਵਿਚ ਭੜਕਦਾ ਨਹੀਂ, ਸਗੋਂ ਆਪਣੇ ਆਪ ʼਤੇ ਕਾਬੂ ਰੱਖਦਾ ਹੈ। w23.09 14 ਪੈਰੇ 1-2

ਸੋਮਵਾਰ 17 ਨਵੰਬਰ

ਤੂੰ ਉਨ੍ਹਾਂ ਨੂੰ ਪੂਰੀ ਧਰਤੀ ਉੱਤੇ ਹਾਕਮ ਠਹਿਰਾਏਂਗਾ।​—ਜ਼ਬੂ. 45:16.

ਸਾਨੂੰ ਸੰਗਠਨ ਵੱਲੋਂ ਅਜਿਹੀਆਂ ਹਿਦਾਇਤਾਂ ਮਿਲਦੀਆਂ ਹਨ ਜਿਨ੍ਹਾਂ ਕਰਕੇ ਸਾਡੀ ਹਿਫਾਜ਼ਤ ਹੁੰਦੀ ਹੈ। ਮਿਸਾਲ ਲਈ, ਸਾਨੂੰ ਖ਼ਬਰਦਾਰ ਕੀਤਾ ਜਾਂਦਾ ਹੈ ਕਿ ਅਸੀਂ ਪੈਸੇ ਨੂੰ ਪਿਆਰ ਨਾ ਕਰੀਏ ਅਤੇ ਨਾ ਹੀ ਇੱਦਾਂ ਦਾ ਕੁਝ ਕਰੀਏ ਜਿਸ ਕਰਕੇ ਅੱਗੇ ਚੱਲ ਕੇ ਅਸੀਂ ਪਾਪ ਕਰ ਬੈਠੀਏ। ਇੱਦਾਂ ਦੀਆਂ ਹਿਦਾਇਤਾਂ ਸਾਡੇ ਲਈ ਬਰਕਤ ਸਾਬਤ ਹੁੰਦੀਆਂ ਹਨ। (ਯਸਾ. 48:17, 18; 1 ਤਿਮੋ. 6:9, 10) ਬਿਨਾਂ ਸ਼ੱਕ, ਯਹੋਵਾਹ ਮਹਾਂਕਸ਼ਟ ਅਤੇ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਵੀ ਇਨਸਾਨਾਂ ਜ਼ਰੀਏ ਆਪਣੇ ਲੋਕਾਂ ਹਿਦਾਇਤਾਂ ਦਿੰਦਾ ਰਹੇਗਾ। ਕੀ ਅਸੀਂ ਉਨ੍ਹਾਂ ਨੂੰ ਮੰਨਾਂਗੇ? ਇਹ ਕਾਫ਼ੀ ਹੱਦ ਤਕ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਅਸੀਂ ਅੱਜ ਹਿਦਾਇਤਾਂ ਨੂੰ ਮੰਨਦੇ ਹਾਂ ਜਾਂ ਨਹੀਂ। ਤਾਂ ਫਿਰ ਆਓ ਆਪਾਂ ਹਮੇਸ਼ਾ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਰਹੀਏ ਅਤੇ ਉਨ੍ਹਾਂ ਲੋਕਾਂ ਦੀਆਂ ਹਿਦਾਇਤਾਂ ਮੰਨਦੇ ਰਹੀਏ ਜਿਨ੍ਹਾਂ ਨੂੰ ਉਸ ਨੇ ਸਾਡੀ ਅਗਵਾਈ ਕਰਨ ਲਈ ਠਹਿਰਾਇਆ ਹੈ। (ਯਸਾ. 32:1, 2; ਇਬ. 13:17) ਇੱਦਾਂ ਕਰ ਕੇ ਅਸੀਂ ਦਿਖਾਵਾਂਗੇ ਕਿ ਸਾਨੂੰ ਯਹੋਵਾਹ ʼਤੇ ਪੂਰਾ ਭਰੋਸਾ ਹੈ ਜੋ ਸਾਨੂੰ ਸਹੀ ਰਾਹ ਦਿਖਾਉਂਦਾ ਹੈ। ਉਹ ਸਾਨੂੰ ਅਜਿਹੇ ਹਰ ਖ਼ਤਰੇ ਤੋਂ ਦੂਰ ਲੈ ਜਾਂਦਾ ਹੈ ਜਿਸ ਨਾਲ ਸਾਡਾ ਉਸ ਨਾਲ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਉਹ ਸਾਨੂੰ ਉਸ ਰਾਹ ਵੱਲ ਲੈ ਜਾਂਦਾ ਹੈ ਜੋ ਸਾਡੀ ਮੰਜ਼ਲ ਵੱਲ ਜਾਂਦਾ ਹੈ ਯਾਨੀ ਨਵੀਂ ਦੁਨੀਆਂ ਵੱਲ ਜਿੱਥੇ ਅਸੀਂ ਹਮੇਸ਼ਾ ਲਈ ਜੀਵਾਂਗੇ। w24.02 25 ਪੈਰੇ 17-18

ਮੰਗਲਵਾਰ 18 ਨਵੰਬਰ

ਤੁਹਾਨੂੰ ਉਸ ਦੀ ਅਪਾਰ ਕਿਰਪਾ ਦੁਆਰਾ ਬਚਾਇਆ ਗਿਆ ਹੈ।​—ਅਫ਼. 2:5.

ਪੌਲੁਸ ਰਸੂਲ ਯਹੋਵਾਹ ਦੀ ਸੇਵਾ ਕਰ ਕੇ ਬਹੁਤ ਖ਼ੁਸ਼ ਸੀ, ਪਰ ਕਈ ਵਾਰ ਉਸ ਨੇ ਮੁਸ਼ਕਲਾਂ ਦਾ ਵੀ ਸਾਮ੍ਹਣਾ ਕੀਤਾ। ਉਸ ਨੇ ਅਕਸਰ ਲੰਬਾ ਸਫ਼ਰ ਕੀਤਾ, ਪਰ ਉਨ੍ਹਾਂ ਦਿਨਾਂ ਦੌਰਾਨ ਸਫ਼ਰ ਕਰਨਾ ਸੌਖਾ ਨਹੀਂ ਸੀ। ਸਫ਼ਰ ਕਰਦਿਆਂ ਕਈ ਵਾਰ ਪੌਲੁਸ ਨੇ “ਦਰਿਆਵਾਂ ਵਿਚ ਖ਼ਤਰਿਆਂ ਦਾ ਸਾਮ੍ਹਣਾ ਕੀਤਾ” ਅਤੇ “ਡਾਕੂਆਂ ਦੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ।” ਨਾਲੇ ਕਈ ਵਾਰ ਉਸ ਦੇ ਵਿਰੋਧੀ ਉਸ ਨੂੰ ਮਾਰਦੇ-ਕੁੱਟਦੇ ਵੀ ਸਨ। (2 ਕੁਰਿੰ. 11:23-27) ਇਸ ਤੋਂ ਇਲਾਵਾ, ਕਈ ਵਾਰ ਭੈਣਾਂ-ਭਰਾਵਾਂ ਨੇ ਵੀ ਪੌਲੁਸ ਦੀ ਮਿਹਨਤ ਦੀ ਕੋਈ ਕਦਰ ਨਹੀਂ ਕੀਤੀ। (2 ਕੁਰਿੰ. 10:10; ਫ਼ਿਲਿ. 4:15) ਫਿਰ ਵੀ ਪੌਲੁਸ ਲਗਾਤਾਰ ਯਹੋਵਾਹ ਦੀ ਸੇਵਾ ਕਰਦਾ ਰਿਹਾ। ਪਰ ਕਿਹੜੀਆਂ ਗੱਲਾਂ ਨੇ ਪੌਲੁਸ ਦੀ ਇੱਦਾਂ ਕਰਨ ਵਿਚ ਮਦਦ ਕੀਤੀ? ਪੌਲੁਸ ਨੇ ਪਵਿੱਤਰ ਲਿਖਤਾਂ ਅਤੇ ਆਪਣੇ ਤਜਰਬੇ ਤੋਂ ਯਹੋਵਾਹ ਬਾਰੇ ਬਹੁਤ ਕੁਝ ਸਿੱਖਿਆ ਸੀ। ਪੌਲੁਸ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਯਹੋਵਾਹ ਪਰਮੇਸ਼ੁਰ ਉਸ ਨੂੰ ਪਿਆਰ ਕਰਦਾ ਸੀ। (ਰੋਮੀ. 8:38, 39; ਅਫ਼. 2:4, 5) ਨਾਲੇ ਉਹ ਯਹੋਵਾਹ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗ ਪਿਆ ਸੀ। ਯਹੋਵਾਹ ਲਈ ਪਿਆਰ ਦਿਖਾਉਣ ਵਾਸਤੇ ਪੌਲੁਸ ਨੇ “ਪਵਿੱਤਰ ਲੋਕਾਂ ਦੀ ਸੇਵਾ ਕੀਤੀ” ਅਤੇ ਲਗਾਤਾਰ ਸੇਵਾ ਕਰਦਾ ਰਿਹਾ।​—ਇਬ. 6:10. w23.07 9 ਪੈਰੇ 5-6

ਬੁੱਧਵਾਰ 19 ਨਵੰਬਰ

‘ਉੱਚ ਅਧਿਕਾਰੀਆਂ ਦੇ ਅਧੀਨ ਰਹੋ।’​—ਰੋਮੀ. 13:1.

ਬਾਈਬਲ ਵਿਚ ਸਰਕਾਰਾਂ ਨੂੰ ‘ਉੱਚ ਅਧਿਕਾਰੀ’ ਕਿਹਾ ਗਿਆ ਹੈ ਅਤੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸਰਕਾਰਾਂ ਜਾਂ ਉੱਚ ਅਧਿਕਾਰੀ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਵੱਲੋਂ ਬਣਾਏ ਕਾਨੂੰਨ ਮੰਨਣੇ ਚਾਹੀਦੇ ਹਨ। ਪਰ ਜੇ ਸਰਕਾਰ ਕੋਈ ਅਜਿਹਾ ਕਾਨੂੰਨ ਬਣਾਉਂਦੀ ਹੈ ਜੋ ਇਨ੍ਹਾਂ ਲੋਕਾਂ ਨੂੰ ਸਹੀ ਨਹੀਂ ਲੱਗਦਾ ਜਾਂ ਜਿਸ ਨੂੰ ਮੰਨਣ ਦਾ ਇਨ੍ਹਾਂ ਦਾ ਦਿਲ ਨਹੀਂ ਕਰਦਾ, ਤਾਂ ਇਹੀ ਲੋਕ ਉਸ ਕਾਨੂੰਨ ਨੂੰ ਮੰਨਣ ਵਿਚ ਟਾਲ-ਮਟੋਲ ਕਰਦੇ ਹਨ। ਬਾਈਬਲ ਇਹ ਗੱਲ ਦੱਸਦੀ ਹੈ ਕਿ ਇਨਸਾਨੀ ਸਰਕਾਰਾਂ ਕਰਕੇ ਬਹੁਤ ਸਾਰੀਆਂ ਦੁੱਖ-ਤਕਲੀਫ਼ਾਂ ਆਉਂਦੀਆਂ ਹਨ, ਇਹ ਸ਼ੈਤਾਨ ਦੀ ਮੁੱਠੀ ਵਿਚ ਹਨ ਅਤੇ ਬਹੁਤ ਜਲਦੀ ਇਨ੍ਹਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ। (ਜ਼ਬੂ. 110:5, 6; ਉਪ. 8:9; ਲੂਕਾ 4:5, 6) ਪਰ ਇਸ ਵਿਚ ਇਹ ਵੀ ਲਿਖਿਆ ਹੈ ਕਿ “ਜਿਹੜਾ ਇਨਸਾਨ ਇਨ੍ਹਾਂ ਅਧਿਕਾਰੀਆਂ ਦਾ ਵਿਰੋਧ ਕਰਦਾ ਹੈ, ਉਹ ਪਰਮੇਸ਼ੁਰ ਦੇ ਪ੍ਰਬੰਧ ਦਾ ਵਿਰੋਧ ਕਰਦਾ ਹੈ।” ਯਹੋਵਾਹ ਨੇ ਥੋੜ੍ਹੇ ਸਮੇਂ ਲਈ ਇਨ੍ਹਾਂ ਸਰਕਾਰਾਂ ਨੂੰ ਰਹਿਣ ਦਿੱਤਾ ਹੈ ਤਾਂਕਿ ਸਾਰਾ ਕੁਝ ਕਾਇਦੇ ਨਾਲ ਚੱਲ ਸਕੇ। ਇਸ ਲਈ ਸਾਨੂੰ ‘ਉਨ੍ਹਾਂ ਦਾ ਜੋ ਵੀ ਹੱਕ ਬਣਦਾ ਹੈ, ਉਨ੍ਹਾਂ ਨੂੰ ਦੇਣਾ ਚਾਹੀਦਾ ਹੈ।’ ਇਸ ਵਿਚ ਟੈਕਸ ਭਰਨਾ, ਸਰਕਾਰੀ ਅਧਿਕਾਰੀਆਂ ਦਾ ਆਦਰ ਕਰਨਾ ਅਤੇ ਉਨ੍ਹਾਂ ਦਾ ਕਹਿਣਾ ਮੰਨਣਾ ਸ਼ਾਮਲ ਹੈ। (ਰੋਮੀ. 13:1-7) ਹੋ ਸਕਦਾ ਹੈ ਕਿ ਸਰਕਾਰ ਦਾ ਕੋਈ ਕਾਨੂੰਨ ਸਾਨੂੰ ਸਹੀ ਨਾ ਲੱਗੇ ਜਾਂ ਮੰਨਣਾ ਔਖਾ ਲੱਗੇ ਜਾਂ ਉਸ ਨੂੰ ਮੰਨਣਾ ਸਾਨੂੰ ਮਹਿੰਗਾ ਪਵੇ। ਫਿਰ ਵੀ ਅਸੀਂ ਉਸ ਨੂੰ ਮੰਨਦੇ ਹਾਂ ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਨ੍ਹਾਂ ਸਰਕਾਰਾਂ ਦਾ ਕਹਿਣਾ ਮੰਨੀਏ। ਪਰ ਜੇ ਸਰਕਾਰਾਂ ਸਾਨੂੰ ਕੁਝ ਅਜਿਹਾ ਕਰਨ ਲਈ ਕਹਿਣ ਜੋ ਯਹੋਵਾਹ ਦੇ ਕਾਨੂੰਨਾਂ ਦੇ ਖ਼ਿਲਾਫ਼ ਹੈ, ਤਾਂ ਅਸੀਂ ਉਨ੍ਹਾਂ ਦੀ ਗੱਲ ਨਹੀਂ ਮੰਨਾਂਗੇ।​—ਰਸੂ. 5:29. w23.10 8 ਪੈਰੇ 9-10

ਵੀਰਵਾਰ 20 ਨਵੰਬਰ

ਯਹੋਵਾਹ ਦੀ ਸ਼ਕਤੀ ਨੇ ਉਸ ਨੂੰ ਜ਼ੋਰ ਬਖ਼ਸ਼ਿਆ।​—ਨਿਆ. 15:14.

ਸਮਸੂਨ ਦੇ ਜਨਮ ਵੇਲੇ ਫਲਿਸਤੀ ਇਜ਼ਰਾਈਲ ਕੌਮ ʼਤੇ ਰਾਜ ਕਰ ਰਹੇ ਸਨ ਅਤੇ ਉਨ੍ਹਾਂ ʼਤੇ ਜ਼ੁਲਮ ਕਰ ਰਹੇ ਸਨ। (ਨਿਆ. 13:1) ਫਲਿਸਤੀ ਬੜੇ ਜ਼ਾਲਮ ਸਨ ਜਿਸ ਕਰਕੇ ਇਜ਼ਰਾਈਲੀਆਂ ਨੇ ਬਹੁਤ ਦੁੱਖ ਝੱਲੇ। ਯਹੋਵਾਹ ਨੇ ਸਮਸੂਨ ਨੂੰ ਚੁਣਿਆ ਤਾਂਕਿ ਉਹ ‘ਇਜ਼ਰਾਈਲ ਨੂੰ ਫਲਿਸਤੀਆਂ ਦੇ ਹੱਥੋਂ ਬਚਾਉਣ ਵਿਚ ਅਗਵਾਈ ਕਰੇ।’ (ਨਿਆ. 13:5) ਇਹ ਜ਼ਿੰਮੇਵਾਰੀ ਪੂਰੀ ਕਰਨ ਲਈ ਸਮਸੂਨ ਨੂੰ ਯਹੋਵਾਹ ʼਤੇ ਭਰੋਸਾ ਰੱਖਣਾ ਪੈਣਾ ਸੀ। ਇਕ ਮੌਕੇ ʼਤੇ ਫਲਿਸਤੀ ਫ਼ੌਜ ਸਮਸੂਨ ਨੂੰ ਫੜਨ ਵਾਸਤੇ ਲਹੀ ਵਿਚ ਆਈ ਜੋ ਸ਼ਾਇਦ ਯਹੂਦਾਹ ਵਿਚ ਸੀ। ਇਹ ਦੇਖ ਕੇ ਯਹੂਦਾਹ ਦੇ ਆਦਮੀ ਬਹੁਤ ਡਰ ਗਏ। ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਦੁਸ਼ਮਣਾਂ ਦੇ ਹਵਾਲੇ ਕਰਨ ਦਾ ਫ਼ੈਸਲਾ ਕੀਤਾ। ਸਮਸੂਨ ਦੇ ਆਪਣੇ ਹੀ ਲੋਕਾਂ ਨੇ ਉਸ ਨੂੰ ਦੋ ਨਵੀਆਂ ਰੱਸੀਆਂ ਨਾਲ ਕੱਸ ਕੇ ਬੰਨ੍ਹਿਆ ਅਤੇ ਫਲਿਸਤੀਆਂ ਕੋਲ ਲੈ ਗਏ। (ਨਿਆ. 15:9-13) ਪਰ “ਯਹੋਵਾਹ ਦੀ ਸ਼ਕਤੀ ਨੇ [ਸਮਸੂਨ] ਨੂੰ ਜ਼ੋਰ ਬਖ਼ਸ਼ਿਆ” ਅਤੇ ਉਸ ਨੇ ਆਪਣੇ ਆਪ ਨੂੰ ਰੱਸੀਆਂ ਤੋਂ ਛੁਡਾ ਲਿਆ। “ਫਿਰ ਉਸ ਨੂੰ ਗਧੇ [ਦੇ ਜਬਾੜ੍ਹੇ] ਦੀ ਇਕ ਤਾਜ਼ੀ ਹੱਡੀ ਲੱਭੀ” ਅਤੇ ਉਸ ਨੇ ਹੱਥ ਵਧਾ ਕੇ ਇਸ ਨੂੰ ਚੁੱਕਿਆ ਤੇ ਇਸ ਨਾਲ 1,000 ਫਲਿਸਤੀ ਆਦਮੀਆਂ ਨੂੰ ਮਾਰ ਸੁੱਟਿਆ।​—ਨਿਆ. 15:14-16. w23.09 2 ਪੈਰੇ 3-4

ਸ਼ੁੱਕਰਵਾਰ 21 ਨਵੰਬਰ

ਇਹ ਸਦੀਆਂ ਤੋਂ ਚੱਲਦੇ ਆ ਰਹੇ ਉਸ ਦੇ ਮਕਸਦ ਮੁਤਾਬਕ ਹੈ ਜੋ ਉਸ ਨੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਸੰਬੰਧ ਵਿਚ ਤੈਅ ਕੀਤਾ ਸੀ।​—ਅਫ਼. 3:11.

ਯਹੋਵਾਹ ਨੇ ਬਾਈਬਲ ਵਿਚ ‘ਸਦੀਆਂ ਤੋਂ ਚੱਲਦੇ ਆ ਰਹੇ ਆਪਣੇ ਮਕਸਦ’ ਬਾਰੇ ਸਾਨੂੰ ਹੌਲੀ-ਹੌਲੀ ਦੱਸਿਆ। ਯਹੋਵਾਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਅਲੱਗ-ਅਲੱਗ ਰਾਹ ਚੁਣ ਸਕਦਾ ਹੈ। ਉਹ ਹਮੇਸ਼ਾ ਸਫ਼ਲ ਹੁੰਦਾ ਹੈ। ਕਿਉਂ? ਕਿਉਂਕਿ “ਯਹੋਵਾਹ ਹਰ ਕੰਮ ਇਸ ਤਰ੍ਹਾਂ ਕਰਦਾ ਹੈ ਕਿ ਉਸ ਦਾ ਮਕਸਦ ਪੂਰਾ ਹੋਵੇ।” (ਕਹਾ. 16:4) ਨਾਲੇ ਉਸ ਦਾ ਮਕਸਦ “ਸਦੀਆਂ” ਲਈ ਹੈ ਕਿਉਂਕਿ ਉਹ ਜੋ ਵੀ ਕਰਦਾ ਹੈ, ਉਹ ਹਮੇਸ਼ਾ ਕਾਇਮ ਰਹੇਗਾ। ਯਹੋਵਾਹ ਦਾ ਕੀ ਮਕਸਦ ਹੈ ਅਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਉਸ ਨੇ ਕਿਹੜੀਆਂ ਤਬਦੀਲੀਆਂ ਕੀਤੀਆਂ ਹਨ। ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਦੱਸਿਆ ਕਿ ਇਨਸਾਨਾਂ ਲਈ ਉਸ ਦਾ ਕੀ ਮਕਸਦ ਹੈ। ਉਸ ਨੇ ਉਨ੍ਹਾਂ ਨੂੰ ਕਿਹਾ: “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ ਅਤੇ ਇਸ ʼਤੇ ਅਧਿਕਾਰ ਰੱਖੋ ਅਤੇ . . . ਸਾਰੇ ਜੀਉਂਦੇ ਜਾਨਵਰਾਂ ਨੂੰ ਆਪਣੇ ਅਧੀਨ ਕਰੋ।” (ਉਤ. 1:28) ਪਰ ਜਦੋਂ ਆਦਮ ਅਤੇ ਹੱਵਾਹ ਨੇ ਬਗਾਵਤ ਕੀਤੀ, ਤਾਂ ਸਾਰੇ ਇਨਸਾਨਾਂ ਵਿਚ ਪਾਪ ਫੈਲ ਗਿਆ। ਫਿਰ ਵੀ ਯਹੋਵਾਹ ਨੇ ਆਪਣਾ ਮਕਸਦ ਨਹੀਂ ਬਦਲਿਆ। ਉਸ ਨੇ ਕੁਝ ਫੇਰ-ਬਦਲ ਕੀਤੇ ਤਾਂਕਿ ਉਸ ਦਾ ਮਕਸਦ ਪੂਰਾ ਹੋ ਸਕੇ। ਉਸ ਨੇ ਉਦੋਂ ਹੀ ਤੈਅ ਕਰ ਲਿਆ ਸੀ ਕਿ ਉਹ ਸਵਰਗ ਵਿਚ ਆਪਣਾ ਰਾਜ ਖੜ੍ਹਾ ਕਰੇਗਾ ਜਿਸ ਦੇ ਰਾਹੀਂ ਉਹ ਮਨੁੱਖਜਾਤੀ ਅਤੇ ਇਨਸਾਨਾਂ ਲਈ ਆਪਣਾ ਮਕਸਦ ਪੂਰਾ ਕਰੇਗਾ।​—ਮੱਤੀ 25:34. w23.10 20 ਪੈਰੇ 6-7

ਸ਼ਨੀਵਾਰ 22 ਨਵੰਬਰ

ਜੇ ਯਹੋਵਾਹ ਮੇਰਾ ਮਦਦਗਾਰ ਨਾ ਹੁੰਦਾ, ਤਾਂ ਮੈਂ ਹੁਣ ਤਕ ਖ਼ਤਮ ਹੋ ਗਿਆ ਹੁੰਦਾ।​—ਜ਼ਬੂ. 94:17.

ਯਹੋਵਾਹ ਸਾਡੀ ਵੀ ਮਦਦ ਕਰ ਸਕਦਾ ਹੈ ਤਾਂਕਿ ਅਸੀਂ ਉਸ ਦੀ ਸੇਵਾ ਵਿਚ ਲੱਗੇ ਰਹੀਏ। ਸ਼ਾਇਦ ਹਮੇਸ਼ਾ ਸਾਡੇ ਲਈ ਇੱਦਾਂ ਕਰਨਾ ਸੌਖਾ ਨਹੀਂ ਹੁੰਦਾ, ਖ਼ਾਸ ਕਰਕੇ ਜੇ ਅਸੀਂ ਲੰਬੇ ਸਮੇਂ ਤੋਂ ਕਿਸੇ ਕਮੀ-ਕਮਜ਼ੋਰੀ ਨਾਲ ਲੜ ਰਹੇ ਹੋਈਏ। ਹੋ ਸਕਦਾ ਹੈ ਕਿ ਕਦੇ-ਕਦਾਈਂ ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਪਤਰਸ ਰਸੂਲ ਦੀਆਂ ਕਮੀਆਂ-ਕਮਜ਼ੋਰੀਆਂ ਨਾਲੋਂ ਜ਼ਿਆਦਾ ਔਖੀਆਂ ਲੱਗਣ। ਪਰ ਯਹੋਵਾਹ ਸਾਨੂੰ ਤਾਕਤ ਦੇ ਸਕਦਾ ਹੈ ਤਾਂਕਿ ਅਸੀਂ ਹਾਰ ਨਾ ਮੰਨੀਏ। (ਜ਼ਬੂ. 94:18, 19) ਜ਼ਰਾ ਇਕ ਭਰਾ ਦੀ ਮਿਸਾਲ ʼਤੇ ਗੌਰ ਕਰੋ। ਸੱਚਾਈ ਸਿੱਖਣ ਤੋਂ ਪਹਿਲਾਂ ਉਹ ਕਾਫ਼ੀ ਸਾਲਾਂ ਤੋਂ ਸਮਲਿੰਗੀ ਜ਼ਿੰਦਗੀ ਜੀ ਰਿਹਾ ਸੀ। ਪਰ ਉਸ ਨੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਬਦਲਿਆ ਅਤੇ ਬਾਈਬਲ ਮੁਤਾਬਕ ਜੀਉਣ ਲੱਗ ਪਿਆ। ਫਿਰ ਵੀ ਉਹ ਕਦੇ-ਕਦਾਈਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਦਾ ਸੀ। ਕਿਹੜੀ ਗੱਲ ਨੇ ਉਸ ਦੀ ਹਾਰ ਨਾ ਮੰਨਣ ਵਿਚ ਮਦਦ ਕੀਤੀ? ਉਹ ਦੱਸਦਾ ਹੈ: ‘ਯਹੋਵਾਹ ਸਾਨੂੰ ਤਾਕਤ ਦਿੰਦਾ ਹੈ। ਮੈਂ ਸਿੱਖਿਆ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਸਾਰੇ ਜਣੇ ਸੱਚਾਈ ਦੇ ਰਾਹ ʼਤੇ ਚੱਲਦੇ ਰਹਿ ਸਕਦੇ ਹਾਂ। ਯਹੋਵਾਹ ਮੈਨੂੰ ਵਰਤਦਾ ਹੈ ਅਤੇ ਮੇਰੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਮੈਨੂੰ ਤਾਕਤ ਦਿੰਦਾ ਰਹਿੰਦਾ ਹੈ।’ w23.09 23 ਪੈਰਾ 12

ਐਤਵਾਰ 23 ਨਵੰਬਰ

ਨਿਮਰ ਰਹਿਣ ਤੇ ਯਹੋਵਾਹ ਦਾ ਡਰ ਮੰਨਣ ਦਾ ਨਤੀਜਾ ਹੈ ਧਨ-ਦੌਲਤ, ਆਦਰ ਤੇ ਜ਼ਿੰਦਗੀ।​—ਕਹਾ. 22:4.

ਨੌਜਵਾਨ ਭਰਾਵੋ, ਤੁਸੀਂ ਆਪਣੇ ਆਪ ਹੀ ਸਮਝਦਾਰ ਮਸੀਹੀ ਨਹੀਂ ਬਣ ਜਾਣਾ। ਤੁਹਾਨੂੰ ਚੰਗੀਆਂ ਮਿਸਾਲਾਂ ਦੀ ਰੀਸ ਕਰਨ, ਸੋਚਣ-ਸਮਝਣ ਦੀ ਕਾਬਲੀਅਤ ਵਧਾਉਣ, ਭਰੋਸੇਯੋਗ ਬਣਨ, ਹੁਨਰ ਸਿੱਖਣ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਲਈ ਤਿਆਰੀ ਕਰਨ ਦੀ ਲੋੜ ਹੈ। ਸ਼ਾਇਦ ਤੁਸੀਂ ਇਹ ਸੋਚ ਕੇ ਪਰੇਸ਼ਾਨ ਹੋ ਜਾਓ ਕਿ ਤੁਸੀਂ ਅਜੇ ਕਿੰਨਾ ਕੁਝ ਕਰਨਾ ਹੈ। ਪਰ ਚਿੰਤਾ ਨਾ ਕਰੋ, ਤੁਸੀਂ ਸਫ਼ਲ ਹੋ ਸਕਦੇ ਹੋ। ਯਾਦ ਰੱਖੋ ਕਿ ਯਹੋਵਾਹ ਤੁਹਾਡੀ ਮਦਦ ਕਰਨ ਲਈ ਤਿਆਰ ਹੈ। (ਯਸਾ. 41:10, 13) ਨਾਲੇ ਮੰਡਲੀ ਦੇ ਭੈਣ-ਭਰਾ ਵੀ ਤੁਹਾਡੀ ਮਦਦ ਕਰਨਗੇ। ਜਦੋਂ ਤੁਸੀਂ ਇਕ ਸਮਝਦਾਰ ਮਸੀਹੀ ਭਰਾ ਬਣ ਜਾਓਗੇ, ਤਾਂ ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋਵੇਗੀ। ਨੌਜਵਾਨ ਭਰਾਵੋ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ! ਸਾਡੀ ਦੁਆ ਹੈ ਕਿ ਯਹੋਵਾਹ ਤੁਹਾਡੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਵੇ ਜੋ ਤੁਸੀਂ ਸਮਝਦਾਰ ਮਸੀਹੀ ਬਣਨ ਲਈ ਕਰ ਰਹੇ ਹੋ। w23.12 29 ਪੈਰੇ 19-20

ਸੋਮਵਾਰ 24 ਨਵੰਬਰ

‘ਠੇਸ ਲੱਗਣ ਤੇ ਇਸ ਨੂੰ ਨਜ਼ਰਅੰਦਾਜ਼ ਕਰੋ।’​—ਕਹਾ. 19:11.

ਸੋਚੋ ਕਿ ਤੁਸੀਂ ਕੁਝ ਭੈਣਾਂ-ਭਰਾਵਾਂ ਨਾਲ ਇਕੱਠੇ ਹੋਏ ਹੋ ਅਤੇ ਚੰਗਾ ਸਮਾਂ ਬਿਤਾ ਰਹੇ ਹੋ ਤੇ ਤੁਸੀਂ ਸਾਰਿਆਂ ਨਾਲ ਫੋਟੋ ਖਿੱਚਦੇ ਹੋ। ਪਰ ਤੁਸੀਂ ਇਕ ਨਹੀਂ ਸਗੋਂ ਦੋ-ਤਿੰਨ ਫੋਟੋਆਂ ਖਿੱਚ ਲੈਂਦੇ ਹੋ, ਤਾਂਕਿ ਜੇ ਕੋਈ ਫੋਟੋ ਖ਼ਰਾਬ ਆਈ, ਤਾਂ ਤੁਹਾਡੇ ਕੋਲ ਕੋਈ ਤਾਂ ਚੰਗੀ ਫੋਟੋ ਹੋਵੇ। ਫਿਰ ਬਾਅਦ ਵਿਚ ਤੁਸੀਂ ਦੇਖਦੇ ਹੋ ਕਿ ਇਕ ਫੋਟੋ ਵਿਚ ਇਕ ਭਰਾ ਦੀ ਸ਼ਕਲ ਅਜੀਬ ਜਿਹੀ ਆਈ ਹੈ। ਇਸ ਲਈ ਤੁਸੀਂ ਉਹ ਫੋਟੋ ਡਿਲੀਟ ਕਰ ਦਿੰਦੇ ਹੋ ਕਿਉਂਕਿ ਤੁਹਾਡੇ ਕੋਲ ਹੋਰ ਦੋ ਫੋਟੋਆਂ ਹਨ ਜਿਸ ਵਿਚ ਉਹ ਭਰਾ ਅਤੇ ਬਾਕੀ ਸਾਰੇ ਭੈਣ-ਭਰਾ ਮੁਸਕਰਾ ਰਹੇ ਹਨ। ਸਾਂਭੀਆਂ ਗਈਆਂ ਫੋਟੋਆਂ ਉਨ੍ਹਾਂ ਯਾਦਾਂ ਵਾਂਗ ਹਨ ਜਿਨ੍ਹਾਂ ਨੂੰ ਅਸੀਂ ਸੰਭਾਲ ਕੇ ਰੱਖਦੇ ਹਾਂ। ਭੈਣਾਂ-ਭਰਾਵਾਂ ਨਾਲ ਬਿਤਾਏ ਪਲਾਂ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਹੁੰਦੀਆਂ ਹਨ। ਪਰ ਮੰਨ ਲਓ ਇੱਦਾਂ ਦੇ ਇਕ ਮੌਕੇ ʼਤੇ ਕੋਈ ਭੈਣ ਜਾਂ ਭਰਾ ਕੁਝ ਅਜਿਹਾ ਕਹਿ ਦਿੰਦਾ ਹੈ ਜਾਂ ਕਰ ਦਿੰਦਾ ਹੈ ਜਿਸ ਨਾਲ ਤੁਹਾਨੂੰ ਬੁਰਾ ਲੱਗਦਾ ਹੈ। ਉਸ ਵੇਲੇ ਤੁਸੀਂ ਕੀ ਕਰੋਗੇ? ਕਿਉਂ ਨਾ ਉਸ ਕੌੜੀ ਯਾਦ ਨੂੰ ਭੁਲਾ ਦਿਓ ਜਿਵੇਂ ਅਸੀਂ ਖ਼ਰਾਬ ਫੋਟੋ ਨੂੰ ਡਿਲੀਟ ਕਰ ਦਿੰਦੇ ਹਾਂ। (ਅਫ਼. 4:32) ਅਸੀਂ ਉਸ ਭੈਣ ਜਾਂ ਭਰਾ ਦੀਆਂ ਛੋਟੀਆਂ ਗ਼ਲਤੀਆਂ ਮਾਫ਼ ਕਰ ਸਕਦੇ ਹਾਂ ਕਿਉਂਕਿ ਉਸ ਭੈਣ ਜਾਂ ਭਰਾ ਨਾਲ ਬਿਤਾਏ ਪਲਾਂ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਹਨ। ਅਸੀਂ ਸਾਰੇ ਜਣੇ ਇੱਦਾਂ ਦੀਆਂ ਹੀ ਚੰਗੀਆਂ ਤੇ ਮਿੱਠੀਆਂ ਯਾਦਾਂ ਨੂੰ ਸਾਂਭ ਕੇ ਰੱਖਣਾ ਚਾਹੁੰਦੇ ਹਾਂ। w23.11 12-13 ਪੈਰੇ 16-17

ਮੰਗਲਵਾਰ 25 ਨਵੰਬਰ

‘ਤੀਵੀਆਂ ਨੂੰ ਸੋਚ-ਸਮਝ ਕੇ ਸਲੀਕੇਦਾਰ ਕੱਪੜੇ ਪਾਉਣੇ ਚਾਹੀਦੇ ਹਨ ਕਿਉਂਕਿ ਇਹੋ ਜਿਹਾ ਸ਼ਿੰਗਾਰ ਪਰਮੇਸ਼ੁਰ ਦੀ ਭਗਤੀ ਕਰਨ ਵਾਲੀਆਂ ਤੀਵੀਆਂ ਨੂੰ ਸ਼ੋਭਾ ਦਿੰਦਾ ਹੈ।’​—1 ਤਿਮੋ. 2:9, 10.

ਇੱਥੇ ਜਿਹੜੇ ਯੂਨਾਨੀ ਸ਼ਬਦ ਵਰਤੇ ਗਏ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮਸੀਹੀ ਭੈਣਾਂ ਦੇ ਪਹਿਰਾਵੇ ਤੋਂ ਪਰਮੇਸ਼ੁਰ ਲਈ ਆਦਰ ਝਲਕਣਾ ਚਾਹੀਦਾ ਹੈ। ਨਾਲੇ ਉਨ੍ਹਾਂ ਨੂੰ ਦੂਜਿਆਂ ਦੀ ਸੋਚ ਅਤੇ ਭਾਵਨਾਵਾਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸਾਨੂੰ ਆਪਣੀਆਂ ਮਸੀਹੀ ਭੈਣਾਂ ʼਤੇ ਬਹੁਤ ਮਾਣ ਹੈ ਜੋ ਸਲੀਕੇਦਾਰ ਕੱਪੜੇ ਪਾਉਂਦੀਆਂ ਹਨ। ਸਮਝਦਾਰ ਮਸੀਹੀ ਭੈਣਾਂ ਸੂਝ-ਬੂਝ ਤੋਂ ਕੰਮ ਲੈਂਦੀਆਂ ਹਨ। ਸੂਝ-ਬੂਝ ਕੀ ਹੈ? ਸੂਝ-ਬੂਝ ਰੱਖਣ ਵਾਲੇ ਇਨਸਾਨ ਨੂੰ ਸਹੀ ਅਤੇ ਗ਼ਲਤ ਵਿਚ ਫ਼ਰਕ ਪਤਾ ਹੁੰਦਾ ਹੈ ਤੇ ਉਹ ਸਹੀ ਕੰਮ ਕਰਨ ਦਾ ਫ਼ੈਸਲਾ ਕਰਦਾ ਹੈ। ਜ਼ਰਾ ਅਬੀਗੈਲ ਦੀ ਮਿਸਾਲ ʼਤੇ ਗੌਰ ਕਰੋ। ਉਸ ਦੇ ਪਤੀ ਨੇ ਇਕ ਗ਼ਲਤ ਫ਼ੈਸਲਾ ਲਿਆ ਜਿਸ ਕਰਕੇ ਉਸ ਦੇ ਸਾਰੇ ਘਰਾਣੇ ਦੀ ਜਾਨ ਖ਼ਤਰੇ ਵਿਚ ਪੈ ਗਈ। ਅਬੀਗੈਲ ਨੇ ਤੁਰੰਤ ਕਦਮ ਚੁੱਕਿਆ। ਉਸ ਦੀ ਸੂਝ-ਬੂਝ ਕਰਕੇ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ। (1 ਸਮੂ. 25:14-23, 32-35) ਸੂਝ-ਬੂਝ ਰੱਖਣ ਵਾਲੇ ਵਿਅਕਤੀ ਨੂੰ ਪਤਾ ਹੁੰਦਾ ਹੈ ਕਿ ਕਦੋਂ ਬੋਲਣਾ ਹੈ ਅਤੇ ਕਦੋਂ ਚੁੱਪ ਰਹਿਣਾ ਹੈ। ਨਾਲੇ ਅਜਿਹਾ ਵਿਅਕਤੀ ਜਦੋਂ ਦੂਜਿਆਂ ਦਾ ਹਾਲ-ਚਾਲ ਪੁੱਛਦਾ ਹੈ ਤੇ ਉਨ੍ਹਾਂ ਨਾਲ ਗੱਲ ਕਰਦਾ ਹੈ, ਤਾਂ ਉਹ ਉਨ੍ਹਾਂ ਦੇ ਨਿੱਜੀ ਮਾਮਲਿਆਂ ਵਿਚ ਦਖ਼ਲ ਨਹੀਂ ਦਿੰਦਾ।​—1 ਥੱਸ. 4:11. w23.12 20 ਪੈਰੇ 8-9

ਬੁੱਧਵਾਰ 26 ਨਵੰਬਰ

ਆਓ ਆਪਾਂ ਇਸ ਉਮੀਦ ਕਰਕੇ ਖ਼ੁਸ਼ੀ ਮਨਾਈਏ ਕਿ ਸਾਨੂੰ ਪਰਮੇਸ਼ੁਰ ਤੋਂ ਮਹਿਮਾ ਮਿਲੇਗੀ।​—ਰੋਮੀ. 5:2.

ਪੌਲੁਸ ਰਸੂਲ ਨੇ ਇਹ ਸ਼ਬਦ ਰੋਮ ਦੀ ਮੰਡਲੀ ਨੂੰ ਲਿਖੇ ਸਨ। ਉੱਥੇ ਦੇ ਭੈਣਾਂ-ਭਰਾਵਾਂ ਨੇ ਯਹੋਵਾਹ ਅਤੇ ਯਿਸੂ ਬਾਰੇ ਸਿੱਖਿਆ ਸੀ, ਉਨ੍ਹਾਂ ʼਤੇ ਨਿਹਚਾ ਕੀਤੀ ਸੀ ਅਤੇ ਉਹ ਮਸੀਹੀ ਬਣ ਗਏ ਸਨ। ਇਸ ਲਈ ਪਰਮੇਸ਼ੁਰ ਨੇ ‘ਨਿਹਚਾ ਕਰਨ ਕਰਕੇ ਉਨ੍ਹਾਂ ਨੂੰ ਧਰਮੀ ਠਹਿਰਾਇਆ’ ਅਤੇ ਪਵਿੱਤਰ ਸ਼ਕਤੀ ਰਾਹੀਂ ਉਨ੍ਹਾਂ ਨੂੰ ਚੁਣਿਆ। (ਰੋਮੀ. 5:1) ਹੁਣ ਉਨ੍ਹਾਂ ਕੋਲ ਇਕ ਸ਼ਾਨਦਾਰ ਉਮੀਦ ਸੀ ਅਤੇ ਉਹ ਯਕੀਨ ਰੱਖ ਸਕਦੇ ਸਨ ਕਿ ਇਹ ਜ਼ਰੂਰ ਪੂਰੀ ਹੋਵੇਗੀ। ਬਾਅਦ ਵਿਚ ਜਦੋਂ ਪੌਲੁਸ ਨੇ ਅਫ਼ਸੁਸ ਵਿਚ ਰਹਿਣ ਵਾਲੇ ਚੁਣੇ ਹੋਏ ਮਸੀਹੀਆਂ ਨੂੰ ਚਿੱਠੀ ਲਿਖੀ, ਉਦੋਂ ਵੀ ਉਸ ਨੇ ਇਸ ਉਮੀਦ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ “ਪਵਿੱਤਰ ਸੇਵਕਾਂ ਨੂੰ ਵਿਰਾਸਤ” ਮਿਲੇਗੀ। (ਅਫ਼. 1:18) ਫਿਰ ਜਦੋਂ ਪੌਲੁਸ ਨੇ ਕੁਲੁੱਸੀਆਂ ਨੂੰ ਚਿੱਠੀ ਲਿਖੀ, ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਉਮੀਦ ਕਿੱਥੇ ਪੂਰੀ ਹੋਵੇਗੀ। ਉਸ ਨੇ ਕਿਹਾ: ਇਹ “ਉਮੀਦ ਸਵਰਗ ਵਿਚ ਤੁਹਾਡੇ ਲਈ ਰੱਖੀ ਗਈ ਹੈ।” (ਕੁਲੁ. 1:4, 5) ਸੋ ਅਸੀਂ ਕਹਿ ਸਕਦੇ ਹਾਂ ਕਿ ਚੁਣੇ ਹੋਏ ਮਸੀਹੀਆਂ ਕੋਲ ਇਹ ਉਮੀਦ ਹੈ ਕਿ ਮੌਤ ਤੋਂ ਬਾਅਦ ਉਨ੍ਹਾਂ ਨੂੰ ਜੀਉਂਦਾ ਕਰ ਕੇ ਸਵਰਗ ਲਿਜਾਇਆ ਜਾਵੇਗਾ ਜਿੱਥੇ ਉਹ ਮਸੀਹ ਨਾਲ ਰਾਜ ਕਰਨਗੇ।​—1 ਥੱਸ. 4:13-17; ਪ੍ਰਕਾ. 20:6. w23.12 9 ਪੈਰੇ 4-5

ਵੀਰਵਾਰ 27 ਨਵੰਬਰ

ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।​—ਫ਼ਿਲਿ. 4:7.

ਇੱਥੇ ਜਿਸ ਸ਼ਬਦ ਦਾ ਅਨੁਵਾਦ ‘ਰਾਖੀ ਕਰਨਾ’ ਕੀਤਾ ਗਿਆ ਹੈ, ਉਹ ਅਕਸਰ ਉਨ੍ਹਾਂ ਫ਼ੌਜੀਆਂ ਲਈ ਵਰਤਿਆ ਜਾਂਦਾ ਸੀ ਜੋ ਸ਼ਹਿਰ ਦੇ ਫਾਟਕ ʼਤੇ ਪਹਿਰਾ ਦਿੰਦੇ ਸਨ ਤਾਂਕਿ ਦੁਸ਼ਮਣ ਦੇਸ਼ ʼਤੇ ਹਮਲਾ ਨਾ ਕਰ ਸਕੇ। ਇਸ ਕਰਕੇ ਉਸ ਸ਼ਹਿਰ ਦੇ ਲੋਕ ਰਾਤ ਨੂੰ ਚੈਨ ਦੀ ਨੀਂਦ ਸੌਂ ਸਕਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਸ਼ਹਿਰ ਦੇ ਫਾਟਕ ʼਤੇ ਫ਼ੌਜੀ ਤੈਨਾਤ ਹਨ। ਉਸੇ ਤਰ੍ਹਾਂ ਜਦੋਂ ਪਰਮੇਸ਼ੁਰ ਤੋਂ ਮਿਲਣ ਵਾਲੀ ਸ਼ਾਂਤੀ ਸਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰਦੀ ਹੈ, ਤਾਂ ਸਾਡਾ ਮਨ ਸ਼ਾਂਤ ਰਹਿ ਪਾਉਂਦਾ ਹੈ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਮਹਿਫੂਜ਼ ਹਾਂ। (ਜ਼ਬੂ. 4:8) ਹੋ ਸਕਦਾ ਹੈ ਕਿ ਸਾਡੇ ਹਾਲਾਤ ਵੀ ਹੰਨਾਹ ਵਾਂਗ ਇਕਦਮ ਨਾ ਬਦਲਣ। ਪਰ ਫਿਰ ਵੀ ਸਾਨੂੰ ਕਾਫ਼ੀ ਹੱਦ ਤਕ ਮਨ ਦੀ ਸ਼ਾਂਤੀ ਮਿਲ ਸਕਦੀ ਹੈ। (1 ਸਮੂ. 1:16-18) ਨਾਲੇ ਜਦੋਂ ਸਾਡਾ ਮਨ ਸ਼ਾਂਤ ਰਹਿੰਦਾ ਹੈ, ਤਾਂ ਅਕਸਰ ਅਸੀਂ ਚੰਗੀ ਤਰ੍ਹਾਂ ਸੋਚ ਪਾਉਂਦੇ ਹਾਂ ਅਤੇ ਸਹੀ ਫ਼ੈਸਲੇ ਕਰ ਪਾਉਂਦੇ ਹਾਂ। ਅਸੀਂ ਕੀ ਕਰ ਸਕਦੇ ਹਾਂ? ਜਦੋਂ ਤੁਹਾਡਾ ਮਨ ਬੇਚੈਨ ਹੁੰਦਾ ਹੈ, ਤਾਂ ਪਹਿਰੇਦਾਰ ਨੂੰ ਬੁਲਾਓ। ਇਸ ਦਾ ਮਤਲਬ, ਉਦੋਂ ਤਕ ਪ੍ਰਾਰਥਨਾ ਕਰਦੇ ਰਹੋ ਜਦੋਂ ਤਕ ਤੁਹਾਨੂੰ ਪਰਮੇਸ਼ੁਰ ਦੀ ਸ਼ਾਂਤੀ ਨਹੀਂ ਮਿਲ ਜਾਂਦੀ। (ਲੂਕਾ 11:9; 1 ਥੱਸ. 5:17) ਜੇ ਤੁਸੀਂ ਵੀ ਕਿਸੇ ਮੁਸ਼ਕਲ ਵਿੱਚੋਂ ਗੁਜ਼ਰ ਰਹੇ ਹੋ, ਤਾਂ ਲਗਾਤਾਰ ਪ੍ਰਾਰਥਨਾ ਕਰੋ। ਉਦੋਂ ਯਹੋਵਾਹ ਤੁਹਾਨੂੰ ਅਜਿਹੀ ਸ਼ਾਂਤੀ ਦੇਵੇਗਾ ਜੋ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।​—ਰੋਮੀ. 12:12. w24.01 21 ਪੈਰੇ 5-6

ਸ਼ੁੱਕਰਵਾਰ 28 ਨਵੰਬਰ

ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।​—ਮੱਤੀ 6:9.

ਆਪਣੇ ਪਿਤਾ ਦੇ ਨਾਂ ਨੂੰ ਪਵਿੱਤਰ ਕਰਨ ਲਈ ਯਿਸੂ ਨੇ ਹਰ ਤਰ੍ਹਾਂ ਦਾ ਜ਼ੁਲਮ, ਬੇਇੱਜ਼ਤੀ ਅਤੇ ਬਦਨਾਮੀ ਸਹੀ। ਉਹ ਜਾਣਦਾ ਸੀ ਕਿ ਉਸ ਨੇ ਹਮੇਸ਼ਾ ਆਪਣੇ ਪਿਤਾ ਦਾ ਕਹਿਣਾ ਮੰਨਿਆ ਸੀ ਅਤੇ ਉਸ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਸੀ। ਇਸ ਕਰਕੇ ਉਸ ਨੂੰ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਸੀ। (ਇਬ. 12:2) ਉਸ ਨੂੰ ਇਹ ਵੀ ਪਤਾ ਸੀ ਕਿ ਉਸ ਔਖੀ ਘੜੀ ਵਿਚ ਸ਼ੈਤਾਨ ਉਸ ʼਤੇ ਸਿੱਧੇ ਹਮਲੇ ਕਰ ਰਿਹਾ ਸੀ। (ਲੂਕਾ 22:2-4; 23:33, 34) ਸ਼ੈਤਾਨ ਨੂੰ ਜ਼ਰੂਰ ਲੱਗਾ ਹੋਣਾ ਕਿ ਯਿਸੂ ਯਹੋਵਾਹ ਦਾ ਵਫ਼ਾਦਾਰ ਨਹੀਂ ਰਹੇਗਾ, ਪਰ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਯਿਸੂ ਨੇ ਨਾ ਸਿਰਫ਼ ਇਹ ਸਾਬਤ ਕੀਤਾ ਕਿ ਸ਼ੈਤਾਨ ਇਕ ਨੰਬਰ ਦਾ ਝੂਠਾ ਹੈ, ਸਗੋਂ ਇਹ ਵੀ ਸਾਬਤ ਕੀਤਾ ਕਿ ਇਸ ਦੁਨੀਆਂ ਵਿਚ ਯਹੋਵਾਹ ਦੇ ਵਫ਼ਾਦਾਰ ਸੇਵਕ ਹਨ ਜੋ ਔਖੀ ਤੋਂ ਔਖੀ ਘੜੀ ਵਿਚ ਵੀ ਆਪਣੀ ਖਰਿਆਈ ਬਣਾਈ ਰੱਖਦੇ ਹਨ। ਕੀ ਤੁਸੀਂ ਆਪਣੇ ਰਾਜੇ ਯਿਸੂ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ? ਤਾਂ ਫਿਰ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਰਹੋ, ਦੂਜਿਆਂ ਨੂੰ ਇਹ ਦੱਸਦੇ ਰਹੋ ਕਿ ਪਰਮੇਸ਼ੁਰ ਅਸਲ ਵਿਚ ਕਿਹੋ ਜਿਹਾ ਹੈ। ਜਦੋਂ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲ ਰਹੇ ਹੋਵੋਗੇ। (1 ਪਤ. 2:21) ਯਿਸੂ ਵਾਂਗ ਤੁਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰ ਰਹੇ ਹੋਵੋਗੇ ਅਤੇ ਇਹ ਸਾਬਤ ਕਰ ਰਹੇ ਹੋਵੋਗੇ ਕਿ ਉਸ ਦੇ ਦੁਸ਼ਮਣ ਸ਼ੈਤਾਨ ਨੇ ਜੋ ਇਲਜ਼ਾਮ ਲਾਏ ਹਨ, ਉਹ ਇਕਦਮ ਬੇਬੁਨਿਆਦ ਅਤੇ ਝੂਠੇ ਹਨ। w24.02 11-12 ਪੈਰੇ 11-13

ਸ਼ਨੀਵਾਰ 29 ਨਵੰਬਰ

ਯਹੋਵਾਹ ਨੇ ਮੇਰੇ ʼਤੇ ਜੋ ਉਪਕਾਰ ਕੀਤੇ ਹਨ, ਉਨ੍ਹਾਂ ਦੇ ਬਦਲੇ ਮੈਂ ਉਸ ਨੂੰ ਕੀ ਦਿਆਂ?​—ਜ਼ਬੂ. 116:12.

ਪਿਛਲੇ ਪੰਜ ਸਾਲਾਂ ਵਿਚ ਦਸ ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਬਪਤਿਸਮਾ ਲਿਆ ਅਤੇ ਯਹੋਵਾਹ ਦੇ ਗਵਾਹ ਬਣੇ। ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ, ਤਾਂ ਤੁਸੀਂ ਯਿਸੂ ਮਸੀਹ ਦੇ ਚੇਲੇ ਬਣਨ ਅਤੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਇੱਛਾ ਨੂੰ ਸਭ ਤੋਂ ਪਹਿਲੀ ਥਾਂ ਦੇਣ ਦਾ ਫ਼ੈਸਲਾ ਕਰਦੇ ਹੋ। ਮਸੀਹ ਦੇ ਚੇਲਿਆਂ ਤੋਂ ਕੀ ਉਮੀਦ ਕੀਤੀ ਜਾਂਦੀ ਹੈ? ਯਿਸੂ ਨੇ ਕਿਹਾ ਸੀ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ।” (ਮੱਤੀ 16:24) ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ, ਤਾਂ ਤੁਹਾਨੂੰ ਇੱਦਾਂ ਦੇ ਕੰਮਾਂ ਨੂੰ ਨਾਂਹ ਕਹਿਣੀ ਪਵੇਗੀ ਜੋ ਯਹੋਵਾਹ ਦੀ ਮਰਜ਼ੀ ਦੇ ਖ਼ਿਲਾਫ਼ ਹਨ। (2 ਕੁਰਿੰ. 5:14, 15) ਇਨ੍ਹਾਂ ਵਿਚ “ਸਰੀਰ ਦੇ ਕੰਮ” ਵੀ ਸ਼ਾਮਲ ਹਨ, ਜਿਵੇਂ ਨਾਜਾਇਜ਼ ਸਰੀਰਕ ਸੰਬੰਧ। (ਗਲਾ. 5:19-21; 1 ਕੁਰਿੰ. 6:18) ਕੀ ਇਹ ਸਾਰਾ ਕੁਝ ਸੋਚ ਕੇ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਤੁਹਾਡੇ ʼਤੇ ਬਹੁਤ ਸਾਰੀਆਂ ਬੰਦਸ਼ਾਂ ਲਗਾਈਆਂ ਜਾ ਰਹੀਆਂ ਹਨ? ਜੇ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ ਅਤੇ ਤੁਹਾਨੂੰ ਯਕੀਨ ਹੈ ਕਿ ਉਸ ਦੇ ਕਾਇਦੇ-ਕਾਨੂੰਨ ਮੰਨਣ ਨਾਲ ਤੁਹਾਡਾ ਹੀ ਭਲਾ ਹੋਵੇਗਾ, ਤਾਂ ਤੁਹਾਨੂੰ ਇੱਦਾਂ ਨਹੀਂ ਲੱਗੇਗਾ।​—ਜ਼ਬੂ. 119:97; ਯਸਾ. 48:17, 18. w24.03 2 ਪੈਰਾ 1; 3 ਪੈਰਾ 4

ਐਤਵਾਰ 30 ਨਵੰਬਰ

ਮੈਂ ਤੇਰੇ ਤੋਂ ਖ਼ੁਸ਼ ਹਾਂ।​—ਲੂਕਾ 3:22.

ਯਹੋਵਾਹ ਉਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ ਜਿਨ੍ਹਾਂ ਤੋਂ ਉਹ ਖ਼ੁਸ਼ ਹੈ। ਨਾਲੇ ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਆਪਣੇ ਵਿਚ ਵਧੀਆ ਗੁਣ ਵਧਾ ਸਕਦੇ ਹਾਂ। (ਮੱਤੀ 12:18) ਇਸ ਲਈ ਖ਼ੁਦ ਤੋਂ ਪੁੱਛੋ, ‘ਕੀ ਮੇਰੇ ਪੇਸ਼ ਆਉਣ ਦੇ ਤਰੀਕੇ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਮੈਂ ਆਪਣੇ ਅੰਦਰ ਪਵਿੱਤਰ ਸ਼ਕਤੀ ਦਾ ਕੋਈ ਗੁਣ ਵਧਾਇਆ ਹੈ?’ ਮਿਸਾਲ ਲਈ, ਕੀ ਸੱਚਾਈ ਵਿਚ ਆਉਣ ਤੋਂ ਬਾਅਦ ਤੁਸੀਂ ਲੋਕਾਂ ਨਾਲ ਹੋਰ ਵੀ ਧੀਰਜ ਨਾਲ ਪੇਸ਼ ਆਉਣ ਲੱਗ ਪਏ ਹੋ? ਦਰਅਸਲ, ਤੁਸੀਂ ਜਿੰਨਾ ਜ਼ਿਆਦਾ ਪਵਿੱਤਰ ਸ਼ਕਤੀ ਦੇ ਗੁਣਾਂ ਨੂੰ ਆਪਣੇ ਅੰਦਰ ਵਧਾਓਗੇ ਅਤੇ ਜ਼ਾਹਰ ਕਰੋਗੇ, ਤੁਹਾਨੂੰ ਉੱਨਾ ਜ਼ਿਆਦਾ ਯਕੀਨ ਹੋਵੇਗਾ ਕਿ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੈ! ਯਹੋਵਾਹ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਉਨ੍ਹਾਂ ਲੋਕਾਂ ਨੂੰ ਮਾਫ਼ ਕਰਦਾ ਹੈ ਜਿਨ੍ਹਾਂ ਤੋਂ ਉਹ ਖ਼ੁਸ਼ ਹੈ। (1 ਤਿਮੋ. 2:5, 6) ਪਰ ਉਦੋਂ ਕੀ ਜੇ ਰਿਹਾਈ ਦੀ ਕੀਮਤ ʼਤੇ ਨਿਹਚਾ ਕਰਨ ਅਤੇ ਬਪਤਿਸਮਾ ਲੈਣ ਤੋਂ ਬਾਅਦ ਵੀ ਸਾਨੂੰ ਲੱਗੇ ਕਿ ਯਹੋਵਾਹ ਸਾਡੇ ਤੋਂ ਖ਼ੁਸ਼ ਨਹੀਂ ਹੈ? ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਜੋ ਸੋਚਦੇ ਹਾਂ ਜਾਂ ਮਹਿਸੂਸ ਕਰਦੇ ਹਾਂ, ਉਹ ਹਮੇਸ਼ਾ ਸਹੀ ਨਹੀਂ ਹੁੰਦਾ। ਪਰ ਅਸੀਂ ਯਹੋਵਾਹ ʼਤੇ ਪੂਰਾ ਭਰੋਸਾ ਰੱਖ ਸਕਦੇ ਹਾਂ। ਰਿਹਾਈ ਦੀ ਕੀਮਤ ʼਤੇ ਨਿਹਚਾ ਕਰਨ ਵਾਲਿਆਂ ਨੂੰ ਯਹੋਵਾਹ ਧਰਮੀ ਸਮਝਦਾ ਹੈ ਅਤੇ ਉਨ੍ਹਾਂ ਨੂੰ ਬਰਕਤਾਂ ਦੇਣ ਦਾ ਵਾਅਦਾ ਕਰਦਾ ਹੈ।​—ਜ਼ਬੂ. 5:12; ਰੋਮੀ. 3:26. w24.03 30 ਪੈਰਾ 15; 31 ਪੈਰਾ 17

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ