ਸੋਮਵਾਰ 3 ਨਵੰਬਰ
ਜਦੋਂ [ਯਹੋਵਾਹ] ਕੁਝ ਕਹਿੰਦਾ ਹੈ, ਤਾਂ ਕੀ ਉਹ ਨਹੀਂ ਕਰੇਗਾ?—ਗਿਣ. 23:19.
ਆਪਣੀ ਨਿਹਚਾ ਮਜ਼ਬੂਤ ਕਰਨ ਦਾ ਇਕ ਤਰੀਕਾ ਹੈ, ਰਿਹਾਈ ਦੀ ਕੀਮਤ ʼਤੇ ਸੋਚ-ਵਿਚਾਰ ਕਰਨਾ। ਰਿਹਾਈ ਦੀ ਕੀਮਤ ਇਸ ਗੱਲ ਦੀ ਗਾਰੰਟੀ ਹੈ ਕਿ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ। ਸਾਨੂੰ ਇਸ ਗੱਲ ʼਤੇ ਬੜੇ ਧਿਆਨ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਨੇ ਰਿਹਾਈ ਦੀ ਕੀਮਤ ਦੇਣ ਦਾ ਪ੍ਰਬੰਧ ਕਿਉਂ ਕੀਤਾ ਅਤੇ ਇਸ ਤਰ੍ਹਾਂ ਕਰਨ ਲਈ ਉਸ ਨੇ ਕੀ ਕੁਝ ਕੀਤਾ। ਇੱਦਾਂ ਕਰਨ ਨਾਲ ਸਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਵੇਗੀ ਕਿ ਪਰਮੇਸ਼ੁਰ ਨੇ ਨਵੀਂ ਦੁਨੀਆਂ ਵਿਚ ਜ਼ਿੰਦਗੀ ਦੇਣ ਦਾ ਜੋ ਵਾਅਦਾ ਕੀਤਾ ਹੈ, ਉਹ ਵੀ ਜ਼ਰੂਰ ਪੂਰਾ ਹੋਵੇਗਾ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਜ਼ਰਾ ਸੋਚੋ, ਯਹੋਵਾਹ ਨੇ ਰਿਹਾਈ ਦੀ ਕੀਮਤ ਦੇਣ ਲਈ ਕਿੰਨਾ ਕੁਝ ਕੀਤਾ! ਉਸ ਨੇ ਸਵਰਗੋਂ ਆਪਣੇ ਇਕਲੌਤੇ ਜੇਠੇ ਪੁੱਤਰ ਨੂੰ ਧਰਤੀ ʼਤੇ ਇਕ ਮੁਕੰਮਲ ਇਨਸਾਨ ਵਜੋਂ ਭੇਜਿਆ ਜੋ ਉਸ ਦਾ ਸਭ ਤੋਂ ਕਰੀਬੀ ਦੋਸਤ ਵੀ ਸੀ। ਧਰਤੀ ʼਤੇ ਹੁੰਦਿਆਂ ਯਿਸੂ ਨੇ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਸਹੀਆਂ ਅਤੇ ਫਿਰ ਉਸ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ ਗਿਆ। ਸੱਚ-ਮੁੱਚ, ਯਹੋਵਾਹ ਨੇ ਸਾਡੇ ਲਈ ਕਿੰਨੀ ਭਾਰੀ ਕੀਮਤ ਚੁਕਾਈ! ਜ਼ਰਾ ਸੋਚੋ, ਕੀ ਯਹੋਵਾਹ ਨੇ ਸਾਨੂੰ ਬੱਸ ਕੁਝ ਦਿਨਾਂ ਲਈ ਖ਼ੁਸ਼ੀਆਂ ਦੇਣ ਵਾਸਤੇ ਆਪਣੇ ਪੁੱਤਰ ਨੂੰ ਇੰਨੀ ਦਰਦਨਾਕ ਮੌਤ ਮਰਨ ਦੇਣਾ ਸੀ? (ਯੂਹੰ. 3:16; 1 ਪਤ. 1:18, 19) ਜੇ ਯਹੋਵਾਹ ਨੇ ਸਾਡੀ ਖ਼ਾਤਰ ਇੰਨੀ ਵੱਡੀ ਕੀਮਤ ਚੁਕਾਈ ਹੈ, ਤਾਂ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖੇਗਾ ਕਿ ਸਾਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲੇ। w23.04 27 ਪੈਰੇ 8-9
ਮੰਗਲਵਾਰ 4 ਨਵੰਬਰ
ਹੇ ਮੌਤ, ਕਿੱਥੇ ਹਨ ਤੇਰੇ ਡੰਗ?—ਹੋਸ਼ੇ. 13:14.
ਕੀ ਯਹੋਵਾਹ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ? ਬਿਨਾਂ ਸ਼ੱਕ, ਉਹ ਇੱਦਾਂ ਕਰਨਾ ਚਾਹੁੰਦਾ ਹੈ। ਉਸ ਨੇ ਬਾਈਬਲ ਦੇ ਕਈ ਲੇਖਕਾਂ ਨੂੰ ਇਹ ਵਾਅਦਾ ਲਿਖਣ ਲਈ ਪ੍ਰੇਰਿਆ ਕਿ ਉਹ ਭਵਿੱਖ ਵਿਚ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ। (ਯਸਾ. 26:19; ਪ੍ਰਕਾ. 20:11-13) ਨਾਲੇ ਜਦੋਂ ਯਹੋਵਾਹ ਕੋਈ ਵਾਅਦਾ ਕਰਦਾ ਹੈ, ਤਾਂ ਉਹ ਹਮੇਸ਼ਾ ਉਸ ਨੂੰ ਨਿਭਾਉਂਦਾ ਹੈ। (ਯਹੋ. 23:14) ਸੱਚ ਤਾਂ ਇਹ ਹੈ ਕਿ ਯਹੋਵਾਹ ਮੁਰਦਿਆਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਬੇਤਾਬ ਹੈ। ਜ਼ਰਾ ਧਿਆਨ ਦਿਓ ਕਿ ਅੱਯੂਬ ਨੇ ਕੀ ਕਿਹਾ ਸੀ। ਉਸ ਨੂੰ ਪੱਕਾ ਯਕੀਨ ਸੀ ਕਿ ਜੇ ਉਹ ਮਰ ਗਿਆ, ਤਾਂ ਯਹੋਵਾਹ ਉਸ ਨੂੰ ਦੁਬਾਰਾ ਜੀਉਂਦਾ ਕਰਨ ਲਈ ਤਰਸੇਗਾ। (ਅੱਯੂ. 14:14, 15) ਯਹੋਵਾਹ ਆਪਣੇ ਉਨ੍ਹਾਂ ਸਾਰੇ ਸੇਵਕਾਂ ਨੂੰ ਵੀ ਦੇਖਣ ਲਈ ਤਰਸ ਰਿਹਾ ਹੈ ਜਿਨ੍ਹਾਂ ਦੀ ਮੌਤ ਹੋ ਗਈ ਹੈ। ਉਹ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ ਜਦੋਂ ਉਹ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰੇਗਾ, ਉਦੋਂ ਉਹ ਸਿਹਤਮੰਦ ਤੇ ਖ਼ੁਸ਼ ਹੋਣਗੇ। ਪਰ ਕੀ ਯਹੋਵਾਹ ਉਨ੍ਹਾਂ ਅਰਬਾਂ ਲੋਕਾਂ ਨੂੰ ਵੀ ਦੁਬਾਰਾ ਜੀਉਂਦਾ ਕਰੇਗਾ ਜਿਨ੍ਹਾਂ ਨੂੰ ਉਸ ਬਾਰੇ ਸਿੱਖਣ ਦਾ ਮੌਕਾ ਨਹੀਂ ਮਿਲਿਆ? ਜੀ ਹਾਂ, ਸਾਡਾ ਪਿਆਰਾ ਪਰਮੇਸ਼ੁਰ ਉਨ੍ਹਾਂ ਨੂੰ ਵੀ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ। (ਰਸੂ. 24:15) ਉਹ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਵੀ ਉਸ ਦੇ ਦੋਸਤ ਬਣਨ ਅਤੇ ਧਰਤੀ ʼਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਮਿਲੇ।—ਯੂਹੰਨਾ 3:16. w23.04 9 ਪੈਰੇ 5-6
ਬੁੱਧਵਾਰ 5 ਨਵੰਬਰ
ਸਾਨੂੰ ਪਰਮੇਸ਼ੁਰ ਤੋਂ ਤਾਕਤ ਮਿਲੇਗੀ।—ਜ਼ਬੂ. 108:13.
ਤੁਸੀਂ ਆਪਣੀ ਉਮੀਦ ਨੂੰ ਹੋਰ ਪੱਕਾ ਕਰਨ ਲਈ ਕੀ ਕਰ ਸਕਦੇ ਹੋ? ਉਦਾਹਰਣ ਲਈ, ਜੇ ਤੁਹਾਡੀ ਉਮੀਦ ਧਰਤੀ ʼਤੇ ਹਮੇਸ਼ਾ ਰਹਿਣ ਦੀ ਹੈ, ਤਾਂ ਬਾਈਬਲ ਵਿੱਚੋਂ ਨਵੀਂ ਦੁਨੀਆਂ ਬਾਰੇ ਦਿੱਤੀਆਂ ਆਇਤਾਂ ਪੜ੍ਹੋ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰੋ। (ਯਸਾ. 25:8; 32:16-18) ਸੋਚੋ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ। ਜੇ ਅਸੀਂ ਬਾਕਾਇਦਾ ਸਮਾਂ ਕੱਢ ਕੇ ਨਵੀਂ ਦੁਨੀਆਂ ਦੀ ਉਮੀਦ ʼਤੇ ਸੋਚ-ਵਿਚਾਰ ਕਰਾਂਗੇ, ਤਾਂ ਸਾਨੂੰ ਆਪਣੀਆਂ ਮੁਸ਼ਕਲਾਂ “ਥੋੜ੍ਹੇ ਸਮੇਂ ਲਈ ਅਤੇ ਮਾਮੂਲੀ” ਜਿਹੀਆਂ ਲੱਗਣਗੀਆਂ। (2 ਕੁਰਿੰ. 4:17) ਇਸ ਉਮੀਦ ਦੇ ਜ਼ਰੀਏ ਯਹੋਵਾਹ ਤੁਹਾਨੂੰ ਤਕੜਾ ਕਰੇਗਾ ਅਤੇ ਅਜ਼ਮਾਇਸ਼ਾਂ ਨਾਲ ਲੜਨ ਦੀ ਤਾਕਤ ਦੇਵੇਗਾ। ਦੇਖਿਆ ਜਾਵੇ ਤਾਂ ਉਸ ਨੇ ਪਹਿਲਾਂ ਹੀ ਉਹ ਸਾਰੇ ਪ੍ਰਬੰਧ ਕੀਤੇ ਹਨ ਜਿਨ੍ਹਾਂ ਦੇ ਜ਼ਰੀਏ ਅਸੀਂ ਉਸ ਤੋਂ ਤਾਕਤ ਹਾਸਲ ਕਰ ਸਕਦੇ ਹਾਂ। ਇਸ ਲਈ ਕੋਈ ਜ਼ਿੰਮੇਵਾਰੀ ਪੂਰੀ ਕਰਨ ਲਈ, ਅਜ਼ਮਾਇਸ਼ ਸਹਿਣ ਲਈ ਜਾਂ ਆਪਣੀ ਖ਼ੁਸ਼ੀ ਬਰਕਰਾਰ ਰੱਖਣ ਲਈ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰੋ ਅਤੇ ਉਸ ਤੋਂ ਅਗਵਾਈ ਲੈਣ ਲਈ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰੋ। ਆਪਣੇ ਮਸੀਹੀ ਭੈਣਾਂ-ਭਰਾਵਾਂ ਤੋਂ ਹੌਸਲਾ ਪਾਓ। ਨਾਲੇ ਬਾਕਾਇਦਾ ਸਮਾਂ ਕੱਢ ਕੇ ਭਵਿੱਖ ਲਈ ਮਿਲੀ ਆਪਣੀ ਉਮੀਦ ʼਤੇ ਸੋਚ-ਵਿਚਾਰ ਕਰੋ। ਫਿਰ “ਤੁਸੀਂ [ਪਰਮੇਸ਼ੁਰ] ਦੀ ਸ਼ਾਨਦਾਰ ਤਾਕਤ ਦੀ ਮਦਦ ਨਾਲ ਤਕੜੇ ਹੋ ਕੇ ਧੀਰਜ ਅਤੇ ਖ਼ੁਸ਼ੀ ਨਾਲ ਸਭ ਕੁਝ ਸਹਿ” ਸਕੋਗੇ।—ਕੁਲੁ. 1:11. w23.10 17 ਪੈਰੇ 19-20