‘ਤੂਫ਼ਾਨੀ ਸਮੁੰਦਰ ਵਿਚ ਕਿਸ਼ਤੀ ਲੈ ਜਾਣੀ’
ਕੀ ਤੁਸੀਂ ਅਜਿਹੀ ਬਾਜ਼ੀ ਨੂੰ ਬੇਵਕਤੀ, ਮੂਰਖਤਾ, ਅਤੇ ਸ਼ਾਇਦ ਖ਼ਤਰਨਾਕ ਨਹੀਂ ਸਮਝੋਗੇ? ਲੇਕਿਨ, ਕੁਝ ਲੋਕ ਲਾਖਣਿਕ ਤੌਰ ਤੇ ਆਪਣੇ ਆਪ ਨੂੰ ਅਜਿਹੀ ਹਾਲਤ ਵਿਚ ਪਾਉਂਦੇ ਹਨ। ਕਿਸ ਤਰ੍ਹਾਂ? 17ਵੀਂ ਸਦੀ ਦੇ ਅੰਗ੍ਰੇਜ਼ ਲੇਖਕ ਟੌਮਸ ਫ਼ੁਲਰ ਨੇ ਕਿਹਾ: “ਗੁੱਸੇ ਵਿਚ ਆ ਕੇ ਕੋਈ ਕਦਮ ਨਾ ਚੁੱਕੋ। ਇਹ ਤੂਫ਼ਾਨੀ ਸਮੁੰਦਰ ਵਿਚ ਕਿਸ਼ਤੀ ਲੈ ਜਾਣ ਦੇ ਬਰਾਬਰ ਹੈ।”
ਹਦੋਂ ਵੱਧ ਗੁੱਸੇ ਵਿਚ ਆ ਕੇ ਕੁਝ ਕਰਨ ਦੇ ਨਤੀਜੇ ਦੁੱਖ ਭਰੇ ਹੋ ਸਕਦੇ ਹਨ। ਇਸ ਗੱਲ ਦਾ ਸਬੂਤ ਬਾਈਬਲ ਵਿਚ ਦਰਜ ਕੀਤੀ ਗਈ ਇਕ ਘਟਨਾ ਤੋਂ ਮਿਲਦਾ ਹੈ। ਪ੍ਰਾਚੀਨ ਕੁਲ-ਪਿਤਾ ਯਾਕੂਬ ਦੇ ਪੁੱਤਰ, ਸ਼ਿਮਓਨ ਅਤੇ ਲੇਵੀ ਨੇ ਆਪਣੀ ਭੈਣ ਦੀਨਾਹ ਦੇ ਬਲਾਤਕਾਰ ਦਾ ਇੰਨਾ ਗੁੱਸਾ ਕੀਤਾ ਕੇ ਉਹ ਕ੍ਰੋਧ ਵਿਚ ਬਦਲਾ ਲੈਣ ਲਈ ਨਿਕਲੇ। ਨਤੀਜੇ ਵਜੋਂ, ਵੱਡੇ ਪੈਮਾਨੇ ਤੇ ਖ਼ੂਨ-ਖ਼ਰਾਬਾ ਹੋਇਆ ਅਤੇ ਲੁੱਟਮਾਰ ਹੋਈ। ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਾਕੂਬ ਨੇ ਉਨ੍ਹਾਂ ਦੇ ਭੈੜੇ ਕੰਮ ਲਈ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਅਤੇ ਕਿਹਾ: “ਤੁਸਾਂ ਮੈਨੂੰ ਔਖਾ ਕੀਤਾ ਅਰ ਏਸ ਦੇਸ ਦੇ ਵਸਨੀਕਾਂ ਵਿੱਚ . . . ਤੁਸਾਂ ਮੈਨੂੰ ਘਿਣਾਉਣਾ ਕੀਤਾ।”—ਉਤਪਤ 34:25-30.
ਪਰਮੇਸ਼ੁਰ ਦਾ ਬਚਨ, ਬਾਈਬਲ, ਬੁੱਧ ਨਾਲ ਇਸ ਤੋਂ ਵੱਖਰੇ ਰਾਹ ਉੱਤੇ ਚੱਲਣ ਦੀ ਸਲਾਹ ਦਿੰਦਾ ਹੈ। ਇਹ ਕਹਿੰਦਾ ਹੈ: “ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ, ਨਾ ਕੁੜ੍ਹ—ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ।” (ਜ਼ਬੂਰ 37:8) ਇਸ ਸਲਾਹ ਨੂੰ ਲਾਗੂ ਕਰਨ ਦੁਆਰਾ ਵੱਡੇ ਪਾਪ ਰੋਕੇ ਜਾ ਸਕਦੇ ਹਨ।—ਉਪਦੇਸ਼ਕ ਦੀ ਪੋਥੀ 10:4. ਕਹਾਉਤਾਂ 22:24, 25 ਵੀ ਦੇਖੋ।