“ਤ੍ਰੇਲ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ?”
ਉਨ੍ਹੀਵੀਂ ਸਦੀ ਦੇ ਇਕ ਪੱਤਰਕਾਰ ਨੇ ਤ੍ਰੇਲ ਦੀਆਂ ਬੂੰਦਾਂ ਦਾ ਇੰਜ ਵਰਣਨ ਕੀਤਾ, “ਹਵਾ ਦੁਆਰਾ ਬਣਾਏ ਗਏ ਧਰਤੀ ਦੇ ਤਰਲ ਰਤਨ।” ਸਾਡੇ ਸ੍ਰਿਸ਼ਟੀਕਰਤਾ ਨੇ ਪ੍ਰਾਚੀਨ ਸਮੇਂ ਵਿਚ ਕੁਲ-ਪਿਤਾ ਅੱਯੂਬ ਨੂੰ ਪੁੱਛਿਆ: “ਤ੍ਰੇਲ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ?” (ਅੱਯੂਬ 38:28) ਪਰਮੇਸ਼ੁਰ ਅੱਯੂਬ ਨੂੰ ਯਾਦ ਕਰਾ ਰਿਹਾ ਸੀ ਕਿ ਅਣਮੋਲ ਤ੍ਰੇਲ ਪਰਮੇਸ਼ੁਰ ਨੇ ਬਣਾਈ ਸੀ।
ਆਪਣੀ ਚਮਚਮਾਉਂਦੀ, ਰਤਨ ਸਮਾਨ ਸੁੰਦਰਤਾ ਤੋਂ ਇਲਾਵਾ, ਤ੍ਰੇਲ ਦਾ ਸੰਬੰਧ ਬਾਈਬਲ ਵਿਚ ਬਰਕਤ, ਉਪਜਾਇਕਤਾ, ਬਹੁਤਾਤ, ਅਤੇ ਜੀਵਨ ਦੀ ਰੱਖਿਆ ਨਾਲ ਜੋੜਿਆ ਗਿਆ ਹੈ। (ਉਤਪਤ 27:28; ਬਿਵਸਥਾ ਸਾਰ 33:13, 28; ਜ਼ਕਰਯਾਹ 8:12) ਇਸਰਾਏਲ ਦੇ ਗਰਮ ਅਤੇ ਸੁੱਕੇ ਮੌਸਮ ਦੇ ਦੌਰਾਨ, “ਹਰਮੋਨ ਦੀ ਤ੍ਰੇਲ” ਉਸ ਦੇਸ਼ ਦੀ ਬਨਸਪਤੀ ਨੂੰ ਬਰਕਰਾਰ ਰੱਖਦੀ ਸੀ, ਅਤੇ ਇਸ ਤਰ੍ਹਾਂ ਉਸ ਦੇ ਲੋਕਾਂ ਨੂੰ ਵੀ ਬਰਕਰਾਰ ਰੱਖਦੀ ਸੀ। ਹਰਮੋਨ ਪਹਾੜ ਦੀਆਂ ਜੰਗਲਾਂ ਨਾਲ ਭਰੀਆਂ ਅਤੇ ਬਰਫ਼ੀਲੀਆਂ ਚੋਟੀਆਂ ਅਜੇ ਵੀ ਰਾਤ ਵੇਲੇ ਵਾਸ਼ਪ ਉਤਪੰਨ ਕਰਦੀਆਂ ਹਨ ਜੋ ਠੰਢਾ ਹੋ ਕੇ ਬਹੁਤ ਸਾਰੀ ਤ੍ਰੇਲ ਬਣ ਜਾਂਦਾ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਇਸ ਤ੍ਰੇਲ ਤੋਂ ਮਿਲਣ ਵਾਲੀ ਤਾਜ਼ਗੀ ਦੀ ਤੁਲਨਾ, ਯਹੋਵਾਹ ਦੇ ਸੰਗੀ ਉਪਾਸਕਾਂ ਨਾਲ ਮਿਲ-ਜੁਲ ਕੇ ਵੱਸਣ ਦੇ ਸੋਹਣੇ ਅਨੁਭਵ ਨਾਲ ਕੀਤੀ।—ਜ਼ਬੂਰ 133:3.
ਮੂਸਾ ਨਬੀ ਦੁਆਰਾ ਇਸਰਾਏਲ ਨੂੰ ਦਿੱਤੇ ਗਏ ਉਪਦੇਸ਼ ਤ੍ਰੇਲ ਦੀਆਂ ਬੂੰਦਾਂ ਵਾਂਗ ਕੋਮਲ ਅਤੇ ਤਾਜ਼ਗੀਦਾਇਕ ਸਨ। ਉਸ ਨੇ ਕਿਹਾ: “ਮੇਰਾ ਬੋਲ ਤ੍ਰੇਲ ਵਾਂਙੁ ਪਵੇਗਾ, ਜਿਵੇਂ ਕੂਲੇ ਕੂਲੇ ਘਾਹ ਉੱਤੇ ਫੁਹਾਰ, ਅਤੇ ਸਾਗ ਪੱਤ ਉੱਤੇ ਝੜੀਆਂ।” (ਬਿਵਸਥਾ ਸਾਰ 32:2) ਅੱਜ, ਯਹੋਵਾਹ ਦੇ ਗਵਾਹ ਧਰਤੀ ਦੀਆਂ ਹੱਦਾਂ ਤਕ ਪਰਮੇਸ਼ੁਰ ਦੇ ਰਾਜ ਦੀ ਜੀਵਨਦਾਇਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। (ਮੱਤੀ 24:14) ਪਰਮੇਸ਼ੁਰ ਸੱਦਾ ਦੇ ਰਿਹਾ ਹੈ: “ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।” (ਪਰਕਾਸ਼ ਦੀ ਪੋਥੀ 22:17) ਸਾਰੀਆਂ ਕੌਮਾਂ ਵਿੱਚੋਂ ਲੱਖਾਂ ਲੋਕ ਪਰਮੇਸ਼ੁਰ ਵੱਲੋਂ ਪੇਸ਼ ਕੀਤੀ ਗਈ ਇਸ ਅਧਿਆਤਮਿਕ ਤਾਜ਼ਗੀ ਨੂੰ ਸਵੀਕਾਰ ਕਰ ਰਹੇ ਹਨ, ਜੋ ਜੀਵਨ ਨੂੰ ਸਦਾ ਲਈ ਬਰਕਰਾਰ ਰੱਖ ਸਕਦੀ ਹੈ।