‘ਓਹ ਕਿੱਕੁਰ ਸੁਣਨ?’
1 ਯਿਸੂ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ: “ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏ।” (ਮਰ. 13:10) ਕਿਹਾ ਜਾਂਦਾ ਹੈ ਕਿ 11 ਮਈ 2000 ਨੂੰ ਭਾਰਤ ਦੀ ਆਬਾਦੀ ਇਕ ਅਰਬ ਹੋ ਗਈ ਸੀ। ਲੇਕਿਨ ਅਸੋਸੀਏਟਿਡ ਪ੍ਰੈੱਸ ਨੇ ਕਿਹਾ: “ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਹਰ ਰੋਜ਼ 42,000 ਬੱਚੇ ਜਨਮ ਲੈਂਦੇ ਹਨ। ਇਸ ਲਈ ਇਹ ਕਹਿਣਾ ਔਖਾ ਹੈ ਕਿ ਭਾਰਤ ਦੀ ਆਬਾਦੀ ਕਦੋਂ ਇਕ ਅਰਬ ਤਕ ਪਹੁੰਚੀ।” ਭਾਰਤ ਵਿਚ ਲਗਭਗ 23,000 ਗਵਾਹਾਂ ਦੀਆਂ ਸਖ਼ਤ ਕੋਸ਼ਿਸ਼ਾਂ ਦੇ ਬਾਵਜੂਦ, ਅਜੇ ਵੀ ਲੱਖਾਂ ਲੋਕਾਂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨਹੀਂ ਸੁਣੀ ਹੈ। ਹਾਲ ਹੀ ਵਿਚ ਸਾਡੀ ਆਰਥਿਕ ਸਥਿਤੀ ਵਿਚ ਆਈ ਤਬਦੀਲੀ ਦੇ ਕਾਰਨ ਅਸੀਂ ਹੁਣ ਉਨ੍ਹਾਂ ਸੈਂਕੜੇ ਵਿਸ਼ੇਸ਼ ਪਾਇਨੀਅਰਾਂ ਨੂੰ ਵੀ ਇਸਤੇਮਾਲ ਨਹੀਂ ਕਰ ਸਕਦੇ ਜਿਹੜੇ ਇਸ ਦੇਸ਼ ਦੇ ਦੂਰ-ਦੁਰੇਡੇ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਤਕ ਪਹੁੰਚਣ ਵਿਚ ਬਹੁਤ ਸਹਾਈ ਸਾਬਤ ਹੋਏ ਸਨ। ਤਾਂ ਫਿਰ ਇਸ ਦੇਸ਼ ਦੇ ਲੋਕ ‘ਕਿੱਕੁਰ ਸੁਣਨਗੇ?’—ਰੋਮੀ 10:14.
2 ਯਹੋਵਾਹ ਉੱਤੇ ਭਰੋਸਾ ਰੱਖੋ: ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਰੇ ਲੋਕਾਂ ਦੇ ਦਿਲਾਂ ਨੂੰ ਜਾਣਦਾ ਹੈ। ਇਸ ਲਈ, ਇਕ ਵਿਅਕਤੀ ਦੇ ਹਾਲਾਤ ਭਾਵੇਂ ਜੋ ਵੀ ਹੋਣ, ਜੇ ਉਹ ਪਰਮੇਸ਼ੁਰ ਬਾਰੇ ਸੱਚਾਈ ਨੂੰ ਸੱਚੇ ਦਿਲੋਂ ਖੋਜਦਾ ਹੈ, ਤਾਂ ਉਸ ਨੂੰ ਇਹ ਸੱਚਾਈ ਜ਼ਰੂਰ ਲੱਭੇਗੀ।—1 ਇਤ. 28:9.
3 ਅਬਰਾਹਾਮ ਸਦੂਮ ਤੇ ਅਮੂਰਾਹ ਦੇ ਵਾਸੀਆਂ ਬਾਰੇ ਫ਼ਿਕਰਮੰਦ ਸੀ। ਪਰ ਪਰਮੇਸ਼ੁਰ ਨੇ ਉਸ ਨੂੰ ਭਰੋਸਾ ਦਿੱਤਾ ਕਿ ਜੇਕਰ ਸਦੂਮ ਵਿਚ ਦਸ ਧਰਮੀ ਬੰਦੇ ਵੀ ਹੋਏ, ਤਾਂ ਉਹ ਇਸ ਸ਼ਹਿਰ ਨੂੰ ਤਬਾਹ ਨਹੀਂ ਕਰੇਗਾ। (ਉਤ. 18:20, 23, 25, 32) ਯਹੋਵਾਹ ਨੇ ਲੂਤ ਅਤੇ ਉਸ ਦੀਆਂ ਧੀਆਂ ਨੂੰ ਬਚਾ ਕੇ ਦਿਖਾਇਆ ਕਿ ਉਹ ਕਦੇ ਵੀ ਧਰਮੀਆਂ ਨੂੰ ਦੁਸ਼ਟਾਂ ਦੇ ਨਾਲ ਨਾਸ਼ ਨਹੀਂ ਕਰਦਾ।—2 ਪਤ. 2:6-9.
4 ਇਕ ਵਾਰ ਏਲੀਯਾਹ ਨਬੀ ਨੇ ਸੋਚਿਆ ਕਿ ਸਿਰਫ਼ ਉਹੀ ਇਕੱਲਾ ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਵਾਲਾ ਵਿਅਕਤੀ ਰਹਿ ਗਿਆ ਸੀ। ਪਰ ਯਹੋਵਾਹ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਇਕੱਲਾ ਨਹੀਂ ਸੀ ਅਤੇ ਜਿਹੜਾ ਕੰਮ ਉਸ ਨੇ ਸ਼ੁਰੂ ਕੀਤਾ ਸੀ, ਉਹ ਜ਼ਰੂਰ ਪੂਰਾ ਹੋਵੇਗਾ। (1 ਰਾਜ. 19:14-18) ਅੱਜ ਸਾਡੇ ਦਿਨਾਂ ਬਾਰੇ ਕੀ?
5 ਪਰਮੇਸ਼ੁਰ ਦੀ ਸੇਵਾ ਵਿਚ ਰੁੱਝੇ ਰਹੋ: ਅਸੀਂ ਨਹੀਂ ਜਾਣਦੇ ਕਿ ਗਵਾਹੀ ਦੇਣ ਦਾ ਕੰਮ ਹੋਰ ਕਿਸ ਹੱਦ ਤਕ ਕੀਤਾ ਜਾਵੇਗਾ। ਇਸ ਕੰਮ ਦੀ ਜ਼ਿੰਮੇਵਾਰੀ ਯਹੋਵਾਹ ਦੀ ਹੈ ਜੋ ਆਪਣੇ ਦੂਤਾਂ ਰਾਹੀਂ ਇਸ ਕੰਮ ਦੀ ਨਿਗਰਾਨੀ ਕਰਦਾ ਹੈ। (ਪਰ. 14:6, 7) ਉਹੀ ਇਹ ਫ਼ੈਸਲਾ ਕਰੇਗਾ ਕਿ ਸਾਰੀਆਂ ਕੌਮਾਂ ਨੂੰ ਕਿਸ ਹੱਦ ਤਕ ਗਵਾਹੀ ਦਿੱਤੀ ਜਾਣੀ ਹੈ। ਜੇ ਯਹੋਵਾਹ ਚਾਹੇ, ਤਾਂ ਉਹ ਬੜੇ ਅਨੋਖੇ ਤਰੀਕਿਆਂ ਨਾਲ ਰਾਜ ਦਾ ਸੰਦੇਸ਼ ਫੈਲਾ ਸਕਦਾ ਹੈ ਤਾਂਕਿ ਹੋਰ ਬਹੁਤ ਸਾਰੇ ਲੋਕ “ਖੁਸ਼ ਖਬਰੀ ਦਾ ਬਚਨ ਸੁਣਨ ਅਤੇ ਨਿਹਚਾ ਕਰਨ।” (ਰਸੂ. 15:7) ਯਹੋਵਾਹ ਇਕ ਪ੍ਰੇਮਪੂਰਣ, ਬੁੱਧੀਮਾਨ ਤੇ ਨਿਰਪੱਖ ਪਰਮੇਸ਼ੁਰ ਹੈ, ਇਸ ਲਈ ਉਹ ਜੋ ਵੀ ਕਰੇਗਾ ਉਹ ਉਸ ਦੀ ਸ਼ਖ਼ਸੀਅਤ ਦੇ ਅਨੁਸਾਰ ਹੀ ਹੋਵੇਗਾ।
6 ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਅਸੀਂ ਯਹੋਵਾਹ ਦੀ ਇੱਛਾ ਪੂਰੀ ਕਰਦੇ ਹੋਏ ਸਾਰਿਆਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਦੇ ਰਹੇ ਹਾਂ।—1 ਕੁਰਿੰ. 9:16.