ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr19 ਮਾਰਚ ਸਫ਼ੇ 1-8
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2019
  • ਸਿਰਲੇਖ
  • 4-10 ਮਾਰਚ
  • 11-17 ਮਾਰਚ
  • 18-24 ਮਾਰਚ
  • 25-31 ਮਾਰਚ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2019
mwbr19 ਮਾਰਚ ਸਫ਼ੇ 1-8

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

4-10 ਮਾਰਚ

ਰੱਬ ਦਾ ਬਚਨ ਖ਼ਜ਼ਾਨਾ ਹੈ | ਰੋਮੀਆਂ 12-14

“ਪਿਆਰ ਦਿਖਾਉਣ ਦਾ ਕੀ ਮਤਲਬ ਹੈ?”

(ਰੋਮੀਆਂ 12:10) ਆਪਣੇ ਭਰਾਵਾਂ ਨਾਲ ਪਿਆਰ ਅਤੇ ਮੋਹ ਰੱਖੋ। ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ।

it-1 55

ਮੋਹ

ਮੰਡਲੀ ਵਿਚ ਸਾਰਿਆਂ ਨੂੰ ਭਰਾਵਾਂ ਵਾਂਗ ਪਿਆਰ (ਯੂਨਾਨੀ ਵਿਚ, ਫਿਲਾਡੈਲਫ਼ੀਆ ਜਿਸ ਦਾ ਮਤਲਬ ਹੈ, “ਭਰਾਵਾਂ ਲਈ ਮੋਹ”) ਦਿਖਾਉਣਾ ਚਾਹੀਦਾ ਹੈ। (ਰੋਮੀ 12:10; ਇਬ 13:1; 1 ਪਤ 3:8 ਵੀ ਦੇਖੋ) ਸੋ ਮੰਡਲੀ ਵਿਚ ਇਕ ਪਰਿਵਾਰ ਵਾਂਗ ਇਕ-ਦੂਜੇ ਨਾਲ ਸਾਡਾ ਰਿਸ਼ਤਾ ਨਜ਼ਦੀਕੀ, ਗੂੜ੍ਹਾ ਅਤੇ ਨਿੱਘਾ ਹੋਣਾ ਚਾਹੀਦਾ ਹੈ। ਭਾਵੇਂ ਕਿ ਮੰਡਲੀ ਵਿਚ ਸਾਰੇ ਜਣੇ ਇਹ ਪਿਆਰ ਦਿਖਾਉਂਦੇ ਹਨ, ਪਰ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਇਹ ਪਿਆਰ ਦਿਖਾਉਣਾ ਚਾਹੀਦਾ ਹੈ।​—1 ਥੱਸ 4:9, 10.

ਯੂਨਾਨੀ ਸ਼ਬਦ ਫਿਲੋਸਟੋਰਗੋਸ ਦਾ ਮਤਲਬ ਹੈ, ਮੋਹ ਰੱਖਣਾ। ਇਹ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜਿਸ ਦਾ ਕਿਸੇ ਵਿਅਕਤੀ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ। ਸਟੋਰਗੋ ਸ਼ਬਦ ਕੁਦਰਤੀ ਪਿਆਰ ਲਈ ਵਰਤਿਆ ਜਾਂਦਾ ਹੈ, ਜਿਵੇਂ ਪਰਿਵਾਰ ਦੇ ਮੈਂਬਰਾਂ ਵਿਚ ਹੁੰਦਾ ਹੈ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਇਹ ਗੁਣ ਪੈਦਾ ਕਰਨ ਦੀ ਹੱਲਾਸ਼ੇਰੀ ਦਿੱਤੀ। (ਰੋਮੀ 12:10) ਪੌਲੁਸ ਨੇ ਇਹ ਵੀ ਕਿਹਾ ਕਿ ਆਖ਼ਰੀ ਦਿਨਾਂ ਵਿਚ ਲੋਕ “ਨਿਰਮੋਹੀ” (ਯੂਨਾਨੀ ਵਿਚ, ਐਸਟੋਰਗੋਈ) ਹੋ ਜਾਣਗੇ ਅਤੇ ਇਸ ਤਰ੍ਹਾਂ ਦੇ ਲੋਕ ਮੌਤ ਦੀ ਸਜ਼ਾ ਦੇ ਲਾਇਕ ਹੋਣਗੇ।​—2 ਤਿਮੋ 3:3; ਰੋਮੀ 1:31, 32.

(ਰੋਮੀਆਂ 12:17-19) ਬੁਰਾਈ ਦੇ ਵੱਟੇ ਬੁਰਾਈ ਨਾ ਕਰੋ। ਉਹੀ ਕਰਨ ਦੀ ਕੋਸ਼ਿਸ਼ ਕਰੋ ਜੋ ਸਾਰਿਆਂ ਦੀਆਂ ਨਜ਼ਰਾਂ ਵਿਚ ਚੰਗਾ ਹੈ। 18 ਜੇ ਹੋ ਸਕੇ, ਤਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। 19 ਪਿਆਰਿਓ, ਆਪਣਾ ਬਦਲਾ ਨਾ ਲਓ, ਸਗੋਂ ਇਹ ਕੰਮ ਪਰਮੇਸ਼ੁਰ ʼਤੇ ਛੱਡ ਦਿਓ। ਗ਼ਲਤੀ ਕਰਨ ਵਾਲੇ ਨੂੰ ਪਰਮੇਸ਼ੁਰ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪਵੇਗਾ; ਕਿਉਂਕਿ ਲਿਖਿਆ ਹੈ: “ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਗ਼ਲਤ ਕੰਮਾਂ ਦੀ ਸਜ਼ਾ ਦਿਆਂਗਾ, ਯਹੋਵਾਹ ਕਹਿੰਦਾ ਹੈ।”

w09 10/15 8 ਪੈਰਾ 3

‘ਚੰਗੀਆਂ ਗੱਲਾਂ ਦਾ ਧਿਆਨ ਰੱਖੋ’

3 ਰੋਮੀਆਂ 12:17 ਪੜ੍ਹੋ। ਪੌਲੁਸ ਨੇ ਦੱਸਿਆ ਕਿ ਜਦੋਂ ਲੋਕ ਸਾਡਾ ਵਿਰੋਧ ਕਰਦੇ ਹਨ, ਤਾਂ ਸਾਨੂੰ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦੇਣਾ ਚਾਹੀਦਾ। ਇਸ ਸਲਾਹ ਉੱਤੇ ਚੱਲਣਾ ਉਨ੍ਹਾਂ ਮਸੀਹੀਆਂ ਲਈ ਖ਼ਾਸ ਕਰਕੇ ਜ਼ਰੂਰੀ ਹੈ ਜਿਨ੍ਹਾਂ ਦੇ ਘਰ ਦੇ ਯਹੋਵਾਹ ਨੂੰ ਨਹੀਂ ਮੰਨਦੇ। ਮਸੀਹੀ ਪਤਨੀ ਜਾਂ ਪਤੀ ਕੌੜੇ ਸ਼ਬਦਾਂ ਦਾ ਜਵਾਬ ਕੌੜੇ ਸ਼ਬਦਾਂ ਵਿਚ ਨਹੀਂ ਦੇਵੇਗਾ ਜਾਂ ਉਸੇ ਤਰ੍ਹਾਂ ਦਾ ਮਾੜਾ ਸਲੂਕ ਨਹੀਂ ਕਰੇਗਾ ਜਿੱਦਾਂ ਦਾ ਸਲੂਕ ਪਤਨੀ ਜਾਂ ਪਤੀ ਨੇ ਕੀਤਾ ਹੈ। ‘ਬੁਰਿਆਈ ਦੇ ਵੱਟੇ ਬੁਰਿਆਈ’ ਕਰਨ ਨਾਲ ਕੁਝ ਵੀ ਚੰਗਾ ਨਹੀਂ ਹੁੰਦਾ। ਇਸ ਤਰ੍ਹਾਂ ਕਰਨ ਨਾਲ ਮਾਹੌਲ ਹੋਰ ਵੀ ਵਿਗੜ ਸਕਦਾ ਹੈ।

w07 7/1 24-25 ਪੈਰੇ 12-13

“ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ”

12 ਆਪਣੇ ਭੈਣਾਂ-ਭਰਾਵਾਂ ਅਤੇ ਦੁਨੀਆਂ ਦੇ ਲੋਕਾਂ ਨਾਲ ਪੇਸ਼ ਆਉਣ ਬਾਰੇ ਪੌਲੁਸ ਨੇ ਅੱਗੇ ਕਿਹਾ: “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ।” ਪੌਲੁਸ ਦੀ ਇਹ ਸਲਾਹ ਬਿਲਕੁਲ ਸਹੀ ਸੀ ਜੋ ਉਸ ਨੇ ‘ਬੁਰਿਆਈ ਤੋਂ ਸੂਗ ਕਰਨ’ ਦੀ ਗੱਲ ਕਹਿਣ ਤੋਂ ਬਾਅਦ ਦਿੱਤੀ ਸੀ। ਦਰਅਸਲ, ਕੋਈ ਇਹ ਗੱਲ ਕਿਵੇਂ ਕਹਿ ਸਕਦਾ ਹੈ ਕਿ ਉਹ ਬੁਰਾਈ ਨਾਲ ਨਫ਼ਰਤ ਕਰਦਾ ਹੈ ਜੇ ਉਹ ਬੁਰਾਈ ਦੇ ਵੱਟੇ ਕਿਸੇ ਨਾਲ ਬੁਰਾਈ ਕਰਦਾ ਹੈ? ਇਸ ਤਰ੍ਹਾਂ ਕਰਨਾ ਸੱਚੇ ਦਿਲ ਨਾਲ ਪ੍ਰੇਮ ਕਰਨਾ ਨਹੀਂ ਹੋਵੇਗਾ। ਫਿਰ ਪੌਲੁਸ ਨੇ ਕਿਹਾ: “ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਓਹਨਾਂ ਦਾ ਧਿਆਨ ਰੱਖੋ।” (ਰੋਮੀਆਂ 12:9, 17) ਅਸੀਂ ਇਸ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?

13 ਇਸ ਤੋਂ ਪਹਿਲਾਂ ਕੁਰਿੰਥੀਆਂ ਨੂੰ ਚਿੱਠੀ ਲਿਖਦੇ ਹੋਏ ਪੌਲੁਸ ਨੇ ਰਸੂਲਾਂ ਦੁਆਰਾ ਸਹੇ ਜਾਂਦੇ ਸਿਤਮ ਬਾਰੇ ਲਿਖਿਆ ਸੀ। ਉਸ ਨੇ ਕਿਹਾ: “ਅਸੀਂ ਜਗਤ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ। . . . ਅਸੀਂ ਗਾਲੀਆਂ ਖਾ ਕੇ ਅਸੀਸ ਦਿੰਦੇ ਹਾਂ। ਜਾਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿੰਦੇ ਹਾਂ। ਜਾਂ ਸਾਡੀ ਨਿੰਦਿਆ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ।” (1 ਕੁਰਿੰਥੀਆਂ 4:9-13) ਇਸੇ ਤਰ੍ਹਾਂ ਅੱਜ ਦੁਨੀਆਂ ਦੇ ਲੋਕ ਯਹੋਵਾਹ ਦੇ ਗਵਾਹਾਂ ਵੱਲ ਧਿਆਨ ਨਾਲ ਦੇਖ ਰਹੇ ਹਨ। ਜਦ ਉਹ ਦੇਖਦੇ ਹਨ ਕਿ ਅਸੀਂ ਸਿਤਮ ਸਹਿੰਦੇ ਹੋਏ ਵੀ ਦੂਜਿਆਂ ਨਾਲ ਚੰਗਾ ਸਲੂਕ ਕਰਦੇ ਹਾਂ, ਤਾਂ ਉਹ ਸ਼ਾਇਦ ਸਾਡੇ ਤੋਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਹੋ ਜਾਣ।​—1 ਪਤਰਸ 2:12.

(ਰੋਮੀਆਂ 12:20, 21) ਪਰ “ਜੇ ਤੇਰਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖਾਣ ਲਈ ਕੁਝ ਦੇ; ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਪੀਣ ਲਈ ਕੁਝ ਦੇ; ਕਿਉਂਕਿ ਇਸ ਤਰ੍ਹਾਂ ਕਰ ਕੇ ਤੂੰ ਉਸ ਦੇ ਸਿਰ ਉੱਤੇ ਬਲ਼ਦੇ ਕੋਲਿਆਂ ਦਾ ਢੇਰ ਲਾਏਂਗਾ।” 21 ਬੁਰਾਈ ਤੋਂ ਹਾਰ ਨਾ ਮੰਨੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤੋ।

w12 11/15 29 ਪੈਰਾ 13

ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ

13 ਤੁਸੀਂ ਉਨ੍ਹਾਂ ਲੋਕਾਂ ਦੀ ਬਾਈਬਲ ਬਾਰੇ ਸਿੱਖਣ ਵਿਚ ਮਦਦ ਕਰ ਸਕਦੇ ਹੋ ਜਿਹੜੇ ਤੁਹਾਡੇ ਨਾਲ ਬੁਰਾ ਸਲੂਕ ਕਰਦੇ ਹਨ। ਪੌਲੁਸ ਰਸੂਲ ਨੇ ਲਿਖਿਆ: “ਜੇ ਤੇਰਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖਾਣ ਲਈ ਕੁਝ ਦੇ; ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਪੀਣ ਲਈ ਕੁਝ ਦੇ; ਕਿਉਂਕਿ ਇਸ ਤਰ੍ਹਾਂ ਕਰ ਕੇ ਤੂੰ ਉਸ ਦੇ ਸਿਰ ਉੱਤੇ ਬਲ਼ਦੇ ਕੋਲਿਆਂ ਦਾ ਢੇਰ ਲਾਏਂਗਾ। ਬੁਰਾਈ ਤੋਂ ਹਾਰ ਨਾ ਮੰਨੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤੋ।” (ਰੋਮੀ. 12:20, 21) ਜਦੋਂ ਤੁਸੀਂ ਉਸ ਇਨਸਾਨ ਨਾਲ ਨਰਮਾਈ ਨਾਲ ਪੇਸ਼ ਆਉਂਦੇ ਹੋ ਜਿਸ ਨੇ ਤੁਹਾਨੂੰ ਗੁੱਸੇ ਕੀਤਾ ਸੀ, ਤਾਂ ਸ਼ਾਇਦ ਉਸ ਦਾ ਰਵੱਈਆ ਬਦਲ ਜਾਵੇ ਤੇ ਉਹ ਤੁਹਾਡੇ ਨਾਲ ਵਧੀਆ ਢੰਗ ਨਾਲ ਪੇਸ਼ ਆਵੇ। ਜੇ ਤੁਸੀਂ ਉਸ ਨਾਲ ਸਮਝ ਤੇ ਹਮਦਰਦੀ ਨਾਲ ਪੇਸ਼ ਆਉਂਦੇ ਹੋ, ਤਾਂ ਸ਼ਾਇਦ ਤੁਸੀਂ ਬਾਈਬਲ ਬਾਰੇ ਸਿੱਖਣ ਵਿਚ ਉਸ ਦੀ ਮਦਦ ਕਰ ਸਕੋ। ਉਹ ਚਾਹੇ ਜਿਵੇਂ ਮਰਜ਼ੀ ਪੇਸ਼ ਆਵੇ, ਪਰ ਤੁਹਾਡੇ ਚੰਗੇ ਸਲੂਕ ਨੂੰ ਦੇਖ ਕੇ ਉਹ ਸੋਚੇਗਾ ਕਿ ਤੁਸੀਂ ਬਾਕੀਆਂ ਤੋਂ ਵੱਖਰੇ ਹੋ।​—1 ਪਤ. 2:12; 3:16.

ਹੀਰੇ-ਮੋਤੀਆਂ ਦੀ ਖੋਜ ਕਰੋ

(ਰੋਮੀਆਂ 12:1) ਇਸ ਲਈ ਭਰਾਵੋ, ਪਰਮੇਸ਼ੁਰ ਦੀ ਦਇਆ ਦਾ ਵਾਸਤਾ ਦੇ ਕੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰਾਂ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ ਜੋ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ। ਅਤੇ ਇਸ ਤਰ੍ਹਾਂ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਭਗਤੀ ਕਰੋ।

lv 64 ਪੈਰੇ 5-6

ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਿਵੇਂ ਕਰੀਏ?

5 ਤੁਸੀਂ ਜ਼ਿੰਦਗੀ ਵਿਚ ਜੋ ਵੀ ਕਰਦੇ ਹੋ ਉਸ ਦਾ ਅਸਰ ਤੁਹਾਡੀ ਭਗਤੀ ਉੱਤੇ ਪੈਂਦਾ ਹੈ। ਧਿਆਨ ਦਿਓ ਕਿ ਰੋਮੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਕੀ ਕਿਹਾ ਸੀ: “ਤੁਸੀਂ ਆਪਣੇ ਸਰੀਰਾਂ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ ਜੋ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ। ਅਤੇ ਇਸ ਤਰ੍ਹਾਂ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਭਗਤੀ ਕਰੋ।” (ਰੋਮੀਆਂ 12:1) ਇਸ ਆਇਤ ਦਾ ਡੂੰਘਾ ਅਰਥ ਹੈ। ਤੁਹਾਡੇ ‘ਸਰੀਰ’ ਵਿਚ ਤੁਹਾਡਾ ਮਨ, ਦਿਲ ਅਤੇ ਤਾਕਤ ਸ਼ਾਮਲ ਹਨ ਜਿਨ੍ਹਾਂ ਨੂੰ ਤੁਸੀਂ ਪਰਮੇਸ਼ੁਰ ਦੀ ਭਗਤੀ ਕਰਨ ਲਈ ਵਰਤਦੇ ਹੋ। (ਮਰਕੁਸ 12:30) ਪੌਲੁਸ ਨੇ ਇੱਥੇ ਸਾਡੀ ਭਗਤੀ ਦੀ ਤੁਲਨਾ ਬਲੀਦਾਨ ਨਾਲ ਕੀਤੀ ਸੀ। ਇਸ ਗੱਲ ʼਤੇ ਸਾਨੂੰ ਜ਼ਰਾ ਗੌਰ ਕਰਨ ਦੀ ਲੋੜ ਹੈ। ਮੂਸਾ ਦੇ ਕਾਨੂੰਨ ਅਨੁਸਾਰ ਜੇ ਬਲ਼ੀ ਚੜ੍ਹਾਏ ਜਾਣ ਵਾਲੇ ਜਾਨਵਰ ਵਿਚ ਨੁਕਸ ਹੁੰਦਾ ਸੀ, ਤਾਂ ਪਰਮੇਸ਼ੁਰ ਉਸ ਨੂੰ ਸਵੀਕਾਰ ਨਹੀਂ ਕਰਦਾ ਸੀ। (ਲੇਵੀਆਂ 22:18-20) ਇਸੇ ਤਰ੍ਹਾਂ ਜੇ ਅਸੀਂ ਆਪਣੇ ਮਨ, ਦਿਲ ਅਤੇ ਤਾਕਤ ਨੂੰ ਭ੍ਰਿਸ਼ਟ ਕੰਮਾਂ ਲਈ ਵਰਤਦੇ ਹਾਂ, ਤਾਂ ਪਰਮੇਸ਼ੁਰ ਸਾਡੀ ਭਗਤੀ ਸਵੀਕਾਰ ਨਹੀਂ ਕਰੇਗਾ। ਇਸ ਦਾ ਕੀ ਮਤਲਬ ਹੈ?

6 ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਨਸੀਹਤ ਦਿੱਤੀ ਸੀ: “ਆਪਣੇ ਸਰੀਰ ਦੇ ਅੰਗਾਂ ਨੂੰ ਪਾਪ ਦੇ ਹਵਾਲੇ ਨਾ ਕਰੋ।” ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਸੀ: ‘ਪਾਪੀ ਕੰਮਾਂ ਨੂੰ ਮਾਰ ਦਿਓ।’ (ਰੋਮੀਆਂ 6:12-14; 8:13) ਆਪਣੀ ਚਿੱਠੀ ਵਿਚ ਉਸ ਨੇ ਪਹਿਲਾਂ ਦੱਸਿਆ ਸੀ ਕਿ ‘ਪਾਪੀ ਕੰਮ’ ਕੀ ਹਨ। ਪਾਪੀ ਇਨਸਾਨਾਂ ਬਾਰੇ ਉਸ ਨੇ ਕਿਹਾ ਸੀ: “ਉਨ੍ਹਾਂ ਦੇ ਮੂੰਹ ਬੋਲ-ਕੁਬੋਲ ਤੇ ਕੌੜੇ ਸ਼ਬਦਾਂ ਨਾਲ ਭਰੇ ਹੋਏ ਹਨ।” “ਉਨ੍ਹਾਂ ਦੇ ਪੈਰ ਖ਼ੂਨ ਵਹਾਉਣ ਲਈ ਤੇਜ਼ੀ ਨਾਲ ਭੱਜਦੇ ਹਨ।” ‘ਓਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਭੈ ਹੈ ਨਹੀਂ।’ (ਰੋਮੀਆਂ 3:13-17; 3:18, OV) ਜੇ ਕੋਈ ਮਸੀਹੀ ਅਜਿਹੇ ਕੰਮ ਕਰਨ ਲਈ ਸਰੀਰ ਦੇ ‘ਅੰਗ’ ਵਰਤਦਾ ਹੈ, ਤਾਂ ਉਸ ਦਾ ਸਰੀਰ ਭ੍ਰਿਸ਼ਟ ਹੋ ਜਾਂਦਾ ਹੈ। ਉਦਾਹਰਣ ਲਈ, ਜੇ ਕੋਈ ਮਸੀਹੀ ਜਾਣ-ਬੁੱਝ ਕੇ ਅਸ਼ਲੀਲ ਤਸਵੀਰਾਂ ਜਾਂ ਖ਼ੂਨ-ਖ਼ਰਾਬੇ ਨਾਲ ਭਰੀਆਂ ਫ਼ਿਲਮਾਂ ਦੇਖਦਾ ਹੈ, ਤਾਂ ਉਹ ‘ਆਪਣੀਆਂ ਅੱਖਾਂ ਨੂੰ ਪਾਪ ਦੇ ਹਵਾਲੇ ਕਰਦਾ ਹੈ।’ ਇਸ ਲਈ ਉਸ ਦੀ ਭਗਤੀ ਪਵਿੱਤਰ ਨਹੀਂ ਰਹੇਗੀ ਅਤੇ ਪਰਮੇਸ਼ੁਰ ਉਸ ਦੀ ਭਗਤੀ ਨੂੰ ਸਵੀਕਾਰ ਨਹੀਂ ਕਰੇਗਾ। (ਬਿਵਸਥਾ ਸਾਰ 15:21; 1 ਪਤਰਸ 1:14-16; 2 ਪਤਰਸ 3:11) ਕੀ ਫ਼ਾਇਦਾ ਇੱਦਾਂ ਦਾ ਮਨੋਰੰਜਨ ਕਰਨ ਦਾ ਜੋ ਸਾਨੂੰ ਪਰਮੇਸ਼ੁਰ ਤੋਂ ਹੀ ਦੂਰ ਕਰ ਦੇਵੇ!

(ਰੋਮੀਆਂ 13:1) ਹਰ ਇਨਸਾਨ ਅਧਿਕਾਰ ਰੱਖਣ ਵਾਲਿਆਂ ਦੇ ਅਧੀਨ ਰਹੇ ਕਿਉਂਕਿ ਅਜਿਹਾ ਕੋਈ ਅਧਿਕਾਰ ਨਹੀਂ ਹੈ ਜਿਹੜਾ ਪਰਮੇਸ਼ੁਰ ਦੀ ਇਜਾਜ਼ਤ ਤੋਂ ਬਿਨਾਂ ਹੋਵੇ; ਪਰਮੇਸ਼ੁਰ ਨੇ ਮੌਜੂਦਾ ਅਧਿਕਾਰੀਆਂ ਨੂੰ ਵੱਖੋ-ਵੱਖਰੇ ਦਰਜਿਆਂ ʼਤੇ ਰੱਖਿਆ ਹੈ।

w08 6/15 31 ਪੈਰਾ 4

ਰੋਮੀਆਂ ਨੂੰ ਲਿਖੀ ਚਿੱਠੀ ਦੇ ਕੁਝ ਖ਼ਾਸ ਨੁਕਤੇ

13:1—ਹਕੂਮਤਾਂ ਕਿਸ ਤਰੀਕੇ ਨਾਲ “ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ”? ਉਹ ਇਸ ਭਾਵ ਵਿਚ “ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ” ਕਿ ਉਸ ਨੇ ਇਨਸਾਨਾਂ ਨੂੰ ਇਕ ਹੱਦ ਤਕ ਰਾਜ ਕਰਨ ਦਾ ਅਧਿਕਾਰ ਦਿੱਤਾ ਹੈ। ਕੁਝ ਹਕੂਮਤਾਂ ਬਾਰੇ ਭਵਿੱਖਬਾਣੀ ਵੀ ਕੀਤੀ ਗਈ ਸੀ ਜਿਸ ਦਾ ਸਬੂਤ ਬਾਈਬਲ ਵਿਚ ਪਾਇਆ ਜਾਂਦਾ ਹੈ।

ਬਾਈਬਲ ਪੜ੍ਹਾਈ

(ਰੋਮੀਆਂ 13:1-14) ਹਰ ਇਨਸਾਨ ਅਧਿਕਾਰ ਰੱਖਣ ਵਾਲਿਆਂ ਦੇ ਅਧੀਨ ਰਹੇ ਕਿਉਂਕਿ ਅਜਿਹਾ ਕੋਈ ਅਧਿਕਾਰ ਨਹੀਂ ਹੈ ਜਿਹੜਾ ਪਰਮੇਸ਼ੁਰ ਦੀ ਇਜਾਜ਼ਤ ਤੋਂ ਬਿਨਾਂ ਹੋਵੇ; ਪਰਮੇਸ਼ੁਰ ਨੇ ਮੌਜੂਦਾ ਅਧਿਕਾਰੀਆਂ ਨੂੰ ਵੱਖੋ-ਵੱਖਰੇ ਦਰਜਿਆਂ ʼਤੇ ਰੱਖਿਆ ਹੈ। 2 ਇਸ ਲਈ, ਜਿਹੜਾ ਇਨਸਾਨ ਇਨ੍ਹਾਂ ਅਧਿਕਾਰ ਰੱਖਣ ਵਾਲਿਆਂ ਦਾ ਵਿਰੋਧ ਕਰਦਾ ਹੈ, ਉਹ ਪਰਮੇਸ਼ੁਰ ਦੁਆਰਾ ਕਾਇਮ ਕੀਤੇ ਗਏ ਪ੍ਰਬੰਧ ਦਾ ਵਿਰੋਧ ਕਰਦਾ ਹੈ; ਇਸ ਪ੍ਰਬੰਧ ਦੇ ਖ਼ਿਲਾਫ਼ ਖੜ੍ਹਨ ਵਾਲਿਆਂ ਨੂੰ ਸਜ਼ਾ ਮਿਲੇਗੀ। 3 ਰਾਜ ਕਰਨ ਵਾਲਿਆਂ ਦਾ ਡਰ ਚੰਗੇ ਕੰਮ ਕਰਨ ਵਾਲਿਆਂ ਨੂੰ ਨਹੀਂ, ਸਗੋਂ ਬੁਰੇ ਕੰਮ ਕਰਨ ਵਾਲਿਆਂ ਨੂੰ ਹੁੰਦਾ ਹੈ। ਕੀ ਤੂੰ ਚਾਹੁੰਦਾ ਹੈਂ ਕਿ ਤੈਨੂੰ ਅਧਿਕਾਰ ਰੱਖਣ ਵਾਲਿਆਂ ਤੋਂ ਡਰਨਾ ਨਾ ਪਵੇ? ਤਾਂ ਫਿਰ, ਚੰਗੇ ਕੰਮ ਕਰਨ ਵਿਚ ਲੱਗਾ ਰਹਿ ਅਤੇ ਅਧਿਕਾਰ ਰੱਖਣ ਵਾਲੇ ਤੇਰੀ ਸ਼ਲਾਘਾ ਕਰਨਗੇ; 4 ਇਹ ਅਧਿਕਾਰੀ ਤੇਰੇ ਭਲੇ ਲਈ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸੇਵਕ ਹਨ। ਪਰ ਜੇ ਤੂੰ ਬੁਰੇ ਕੰਮ ਕਰਦਾ ਹੈਂ, ਤਾਂ ਡਰ: ਕਿਉਂਕਿ ਇਨ੍ਹਾਂ ਕੋਲ ਤਲਵਾਰ ਨਾਲ ਸਜ਼ਾ ਦੇਣ ਦਾ ਅਧਿਕਾਰ ਬਿਨਾਂ ਵਜ੍ਹਾ ਨਹੀਂ ਹੈ। ਪਰਮੇਸ਼ੁਰ ਦੇ ਸੇਵਕ ਦੇ ਤੌਰ ਤੇ ਉਹ ਬੁਰੇ ਕੰਮਾਂ ਵਿਚ ਲੱਗੇ ਲੋਕਾਂ ਨੂੰ ਸਜ਼ਾ ਦਿੰਦੇ ਹਨ। 5 ਇਸ ਲਈ, ਸਜ਼ਾ ਦੇ ਡਰੋਂ ਹੀ ਨਹੀਂ, ਸਗੋਂ ਆਪਣੀ ਜ਼ਮੀਰ ਦੀ ਖ਼ਾਤਰ ਵੀ ਤੁਹਾਡੇ ਵਾਸਤੇ ਉਨ੍ਹਾਂ ਦੇ ਅਧੀਨ ਰਹਿਣਾ ਬਹੁਤ ਜ਼ਰੂਰੀ ਹੈ। 6 ਇਸੇ ਕਰਕੇ ਤੁਸੀਂ ਟੈਕਸ ਵੀ ਭਰਦੇ ਹੋ; ਕਿਉਂਕਿ ਉਹ ਲੋਕਾਂ ਦੀ ਸੇਵਾ ਵਾਸਤੇ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸੇਵਕ ਹਨ ਅਤੇ ਉਹ ਆਪਣੀ ਇਹ ਜ਼ਿੰਮੇਵਾਰੀ ਹਮੇਸ਼ਾ ਪੂਰੀ ਕਰਦੇ ਹਨ। 7 ਉਨ੍ਹਾਂ ਦਾ ਜੋ ਵੀ ਹੱਕ ਬਣਦਾ ਹੈ, ਉਨ੍ਹਾਂ ਨੂੰ ਦਿਓ। ਜਿਹੜਾ ਟੈਕਸ ਮੰਗਦਾ ਹੈ, ਉਸ ਨੂੰ ਟੈਕਸ ਦਿਓ; ਜਿਹੜਾ ਚੁੰਗੀ ਮੰਗਦਾ ਹੈ, ਉਸ ਨੂੰ ਚੁੰਗੀ ਦਿਓ। ਜਿਸ ਤੋਂ ਡਰਨਾ ਚਾਹੀਦਾ ਹੈ, ਉਸ ਤੋਂ ਡਰੋ; ਜਿਸ ਦਾ ਆਦਰ ਕਰਨਾ ਚਾਹੀਦਾ ਹੈ, ਉਸ ਦਾ ਆਦਰ ਕਰੋ। 8 ਇਕ-ਦੂਜੇ ਨੂੰ ਪਿਆਰ ਕਰਨ ਤੋਂ ਸਿਵਾਇ ਹੋਰ ਕਿਸੇ ਵੀ ਗੱਲ ਵਿਚ ਇਕ-ਦੂਜੇ ਦੇ ਕਰਜ਼ਦਾਰ ਨਾ ਬਣੋ; ਕਿਉਂਕਿ ਜਿਹੜਾ ਇਨਸਾਨ ਦੂਸਰਿਆਂ ਨਾਲ ਪਿਆਰ ਕਰਦਾ ਹੈ, ਉਹ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਦਾ ਹੈ। 9 ਕਿਉਂਕਿ ਇਸ ਕਾਨੂੰਨ ਵਿਚ ਜਿੰਨੇ ਵੀ ਹੁਕਮ ਦਿੱਤੇ ਗਏ ਹਨ, ਜਿਵੇਂ ਕਿ “ਤੂੰ ਹਰਾਮਕਾਰੀ ਨਾ ਕਰ, ਤੂੰ ਖ਼ੂਨ ਨਾ ਕਰ, ਤੂੰ ਚੋਰੀ ਨਾ ਕਰ, ਤੂੰ ਲੋਭ ਨਾ ਕਰ,” ਉਨ੍ਹਾਂ ਸਾਰੇ ਹੁਕਮਾਂ ਦਾ ਸਾਰ ਇਨ੍ਹਾਂ ਸ਼ਬਦਾਂ ਵਿਚ ਦਿੱਤਾ ਜਾ ਸਕਦਾ ਹੈ, “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ, ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” 10 ਪਿਆਰ ਕਰਨ ਵਾਲਾ ਇਨਸਾਨ ਆਪਣੇ ਗੁਆਂਢੀ ਨਾਲ ਬੁਰਾ ਨਹੀਂ ਕਰਦਾ; ਇਸ ਤਰ੍ਹਾਂ ਪਿਆਰ ਕਰਨ ਵਾਲਾ ਇਨਸਾਨ ਕਾਨੂੰਨ ਦੀ ਪਾਲਣਾ ਕਰਦਾ ਹੈ। 11 ਇਹ ਸਭ ਕੁਝ ਇਸ ਲਈ ਵੀ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕਿਹੋ ਜਿਹੇ ਸਮੇਂ ਵਿਚ ਜੀ ਰਹੇ ਹੋ। ਹੁਣ ਨੀਂਦ ਤੋਂ ਜਾਗਣ ਦਾ ਵੇਲਾ ਹੋ ਗਿਆ ਹੈ ਕਿਉਂਕਿ ਸਾਡੀ ਮੁਕਤੀ ਉਸ ਸਮੇਂ ਨਾਲੋਂ ਹੋਰ ਵੀ ਨੇੜੇ ਆ ਗਈ ਹੈ ਜਦੋਂ ਅਸੀਂ ਨਿਹਚਾ ਕਰਨੀ ਸ਼ੁਰੂ ਕੀਤੀ ਸੀ। 12 ਰਾਤ ਕਾਫ਼ੀ ਲੰਘ ਚੁੱਕੀ ਹੈ ਤੇ ਦਿਨ ਚੜ੍ਹਨ ਵਾਲਾ ਹੈ। ਇਸ ਲਈ ਆਓ ਆਪਾਂ ਹਨੇਰੇ ਦੇ ਕੰਮ ਛੱਡ ਦੇਈਏ ਅਤੇ ਆਪਾਂ ਚਾਨਣ ਦੇ ਹਥਿਆਰ ਪਹਿਨ ਲਈਏ। 13 ਅਤੇ ਆਓ ਆਪਾਂ ਨੇਕੀ ਨਾਲ ਚੱਲੀਏ, ਜਿਵੇਂ ਦਿਨੇ ਚੱਲੀਦਾ ਹੈ, ਨਾ ਕਿ ਪਾਰਟੀਆਂ ਵਿਚ ਰੰਗਰਲੀਆਂ ਮਨਾਈਏ, ਨਾ ਸ਼ਰਾਬੀ ਹੋਈਏ, ਨਾ ਦੂਜਿਆਂ ਨਾਲ ਨਾਜਾਇਜ਼ ਸਰੀਰਕ ਸੰਬੰਧ ਰੱਖੀਏ, ਨਾ ਬੇਸ਼ਰਮ ਹੋ ਕੇ ਗ਼ਲਤ ਕੰਮ ਕਰੀਏ, ਨਾ ਲੜਾਈ-ਝਗੜਾ ਕਰੀਏ। 14 ਪਰ ਪ੍ਰਭੂ ਯਿਸੂ ਮਸੀਹ ਦੇ ਗੁਣਾਂ ਦੀ ਰੀਸ ਕਰੀਏ ਅਤੇ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਦੀਆਂ ਯੋਜਨਾਵਾਂ ਨਾ ਬਣਾਉਂਦੇ ਰਹੀਏ।

ਪ੍ਰਚਾਰ ਵਿਚ ਮਾਹਰ ਬਣੋ

w11 9/1 21-22

ਕੀ ਟੈਕਸ ਭਰਨਾ ਲਾਜ਼ਮੀ ਹੈ?

ਘੱਟ ਹੀ ਲੋਕ ਟੈਕਸ ਭਰਨਾ ਪਸੰਦ ਕਰਦੇ ਹਨ। ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਵੱਲੋਂ ਭਰਿਆ ਗਿਆ ਟੈਕਸ ਫ਼ਜ਼ੂਲ ਵਰਤਿਆ ਜਾਂਦਾ ਹੈ, ਜਾਂ ਧੋਖੇ ਨਾਲ ਹਥਿਆਇਆ ਜਾਂਦਾ ਹੈ। ਕੁਝ ਲੋਕ ਸ਼ਾਇਦ ਆਪਣੀ ਜ਼ਮੀਰ ਅਤੇ ਨੈਤਿਕ ਕਾਰਨਾਂ ਕਰਕੇ ਇੱਦਾਂ ਸੋਚਦੇ ਹਨ। ਮਿਸਾਲ ਲਈ, ਮੱਧ ਪੂਰਬ ਵਿਚ ਰਹਿਣ ਵਾਲੇ ਵਿਅਕਤੀ ਨੇ ਟੈਕਸ ਨਾ ਭਰਨ ਦੇ ਆਪਣੇ ਫ਼ੈਸਲੇ ਬਾਰੇ ਕਿਹਾ: “ਅਸੀਂ ਉਨ੍ਹਾਂ ਗੋਲੀਆਂ ʼਤੇ ਪੈਸੇ ਨਹੀਂ ਲਾਵਾਂਗੇ ਜੋ ਸਾਡੇ ਬੱਚਿਆਂ ਦੀਆਂ ਹੀ ਜਾਨਾਂ ਲੈ ਲੈਣਗੀਆਂ।”

ਇਹ ਵਿਚਾਰ ਨਵੇਂ ਨਹੀਂ ਹਨ ਅਤੇ ਬਹੁਤ ਲੋਕ ਇੱਦਾਂ ਸੋਚਦੇ ਹਨ। ਹਿੰਦੂ ਆਗੂ ਮੋਹਨਦਾਸ ਕੇ. ਗਾਂਧੀ ਨੇ ਆਪਣੇ ਵਿਚਾਰ ਇਸ ਤਰ੍ਹਾਂ ਦੱਸੇ: “ਉਹ ਆਦਮੀ ਜਾਂ ਔਰਤ ਜੋ ਸਿੱਧੇ ਜਾਂ ਅਸਿੱਧੇ ਤੌਰ ʼਤੇ ਜੰਗਪਸੰਦੀ ਰਾਜ ਦਾ ਸਮਰਥਨ ਕਰਦਾ ਹੈ, ਉਹ ਖ਼ੁਦ ਪਾਪ ਦਾ ਭਾਗੀਦਾਰ ਹੈ। ਚਾਹੇ ਬਜ਼ੁਰਗ ਜਾਂ ਜਵਾਨ, ਹਰ ਇਨਸਾਨ ਜੋ ਅਜਿਹੇ ਰਾਜ ਦਾ ਸਮਰਥਨ ਕਰਨ ਲਈ ਟੈਕਸ ਦਿੰਦਾ ਹੈ, ਉਹ ਪਾਪ ਦਾ ਭਾਗੀਦਾਰ ਬਣਦਾ ਹੈ।”

ਇਸੇ ਤਰ੍ਹਾਂ, 19ਵੀਂ ਸਦੀ ਦੇ ਵਿਦਵਾਨ ਹੈਨਰੀ ਡੈਵਿਡ ਥੋਰੌ ਨੇ ਯੁੱਧ ਲਈ ਟੈਕਸ ਨਾ ਦੇਣ ਦਾ ਕਾਰਨ ਇਹ ਦੱਸਿਆ: “ਕੀ ਕਿਸੇ ਨਾਗਰਿਕ ਨੂੰ ਇਕ ਪਲ ਲਈ, ਜਾਂ ਛੋਟੇ ਜਿਹੇ ਮਾਮਲੇ ਵਿਚ ਆਪਣੀ ਜ਼ਮੀਰ ਦਾ ਫ਼ੈਸਲਾ ਕਿਸੇ ਹੋਰ ਨੂੰ ਕਰਨ ਦੇਣਾ ਚਾਹੀਦਾ? ਫਿਰ ਹਰ ਇਨਸਾਨ ਦਾ ਜ਼ਮੀਰ ਕਿਉਂ ਹੁੰਦਾ ਹੈ?”

ਇਹ ਮਾਮਲਾ ਮਸੀਹੀਆਂ ਲਈ ਮਾਅਨੇ ਰੱਖਦਾ ਹੈ ਕਿਉਂਕਿ ਬਾਈਬਲ ਕਹਿੰਦੀ ਹੈ ਕਿ ਉਨ੍ਹਾਂ ਨੂੰ ਸਾਰਿਆਂ ਮਾਮਲਿਆਂ ਵਿਚ ਆਪਣੀ ਜ਼ਮੀਰ ਸਾਫ਼ ਰੱਖਣੀ ਚਾਹੀਦੀ ਹੈ। (2 ਤਿਮੋਥਿਉਸ 1:3) ਦੂਸਰੇ ਪਾਸੇ, ਬਾਈਬਲ ਇਹ ਵੀ ਦੱਸਦੀ ਹੈ ਕਿ ਸਰਕਾਰਾਂ ਨੂੰ ਟੈਕਸ ਇਕੱਠੇ ਕਰਨ ਦਾ ਅਧਿਕਾਰ ਹੈ। ਉਹ ਕਹਿੰਦੀ ਹੈ: “ਹਰ ਇਨਸਾਨ ਅਧਿਕਾਰ ਰੱਖਣ ਵਾਲਿਆਂ [ਯਾਨੀ ਸਰਕਾਰਾਂ] ਦੇ ਅਧੀਨ ਰਹੇ ਕਿਉਂਕਿ ਅਜਿਹਾ ਕੋਈ ਅਧਿਕਾਰ ਨਹੀਂ ਹੈ ਜਿਹੜਾ ਪਰਮੇਸ਼ੁਰ ਦੀ ਇਜਾਜ਼ਤ ਤੋਂ ਬਿਨਾਂ ਹੋਵੇ; ਪਰਮੇਸ਼ੁਰ ਨੇ ਮੌਜੂਦਾ ਅਧਿਕਾਰੀਆਂ ਨੂੰ ਵੱਖੋ-ਵੱਖਰੇ ਦਰਜਿਆਂ ʼਤੇ ਰੱਖਿਆ ਹੈ ਇਸ ਲਈ, ਸਜ਼ਾ ਦੇ ਡਰੋਂ ਹੀ ਨਹੀਂ, ਸਗੋਂ ਆਪਣੀ ਜ਼ਮੀਰ ਦੀ ਖ਼ਾਤਰ ਵੀ ਤੁਹਾਡੇ ਵਾਸਤੇ ਉਨ੍ਹਾਂ ਦੇ ਅਧੀਨ ਰਹਿਣਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਤੁਸੀਂ ਟੈਕਸ ਵੀ ਭਰਦੇ ਹੋ; ਕਿਉਂਕਿ ਉਹ ਲੋਕਾਂ ਦੀ ਸੇਵਾ ਵਾਸਤੇ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸੇਵਕ ਹਨ ਅਤੇ ਉਹ ਆਪਣੀ ਇਹ ਜ਼ਿੰਮੇਵਾਰੀ ਹਮੇਸ਼ਾ ਪੂਰੀ ਕਰਦੇ ਹਨ ਉਨ੍ਹਾਂ ਦਾ ਜੋ ਵੀ ਹੱਕ ਬਣਦਾ ਹੈ, ਉਨ੍ਹਾਂ ਨੂੰ ਦਿਓ ਜਿਹੜਾ ਟੈਕਸ ਮੰਗਦਾ ਹੈ, ਉਸ ਨੂੰ ਟੈਕਸ ਦਿਓ।”​—ਰੋਮੀਆਂ 13:1, 5-7.

ਇਸ ਵਜ੍ਹਾ ਕਰਕੇ ਪਹਿਲੀ ਸਦੀ ਦੇ ਮਸੀਹੀ ਟੈਕਸ ਭਰਨ ਵਾਲਿਆਂ ਵਜੋਂ ਜਾਣੇ ਜਾਂਦੇ ਸਨ ਭਾਵੇਂ ਕਿ ਇਸ ਦਾ ਕਾਫ਼ੀ ਹਿੱਸਾ ਫ਼ੌਜ ਦੇ ਸਮਰਥਨ ਲਈ ਵਰਤਿਆ ਜਾਂਦਾ ਸੀ। ਅੱਜ ਵੀ ਯਹੋਵਾਹ ਦੇ ਗਵਾਹ ਇਸੇ ਤਰ੍ਹਾਂ ਟੈਕਸ ਭਰਦੇ ਹਨ। ਪਰ ਇਹ ਕਿਵੇਂ ਹੋ ਸਕਦਾ ਕਿ ਉਹ ਫ਼ੌਜ ਦੇ ਸਮਰਥਨ ਲਈ ਪੈਸਾ ਦਿੰਦੇ ਹਨ? ਕੀ ਮਸੀਹੀ ਟੈਕਸ ਦੇਣ ਦੇ ਮਾਮਲੇ ਵਿਚ ਆਪਣੀ ਜ਼ਮੀਰ ਦੀ ਨਾ ਸੁਣੇ?

ਟੈਕਸ ਅਤੇ ਜ਼ਮੀਰ

ਧਿਆਨ ਦੇਣ ਵਾਲੀ ਗੱਲ ਹੈ ਕਿ ਪਹਿਲੀ ਸਦੀ ਦੇ ਮਸੀਹੀਆਂ ਵੱਲੋਂ ਟੈਕਸ ਦਾ ਕੁਝ ਹਿੱਸਾ ਫ਼ੌਜ ਨੂੰ ਦਿੱਤਾ ਜਾਂਦਾ ਸੀ। ਇਸੇ ਮਾਮਲੇ ਕਰਕੇ ਗਾਂਧੀ ਅਤੇ ਥੋਰੌ ਨੂੰ ਟੈਕਸ ਨਾ ਦੇਣ ਦਾ ਫ਼ੈਸਲਾ ਕੀਤਾ ਸੀ।

ਗੌਰ ਕਰੋ ਕਿ ਮਸੀਹੀ ਰੋਮੀਆਂ 13 ਵਿਚਲੀ ਗੱਲ ਸਿਰਫ਼ ਸਜ਼ਾ ਮਿਲਣ ਦੇ ਡਰ ਕਰਕੇ ਨਹੀਂ ਬਲਕਿ “ਆਪਣੀ ਜ਼ਮੀਰ ਦੀ ਖ਼ਾਤਰ” ਵੀ ਮੰਨਦੇ ਸਨ। (ਰੋਮੀਆਂ 13:5) ਜੀ ਹਾਂ, ਮਸੀਹੀ ਦੀ ਜ਼ਮੀਰ ਕਹਿੰਦੀ ਹੈ ਕਿ ਟੈਕਸ ਭਰਨਾ ਜ਼ਰੂਰੀ ਹੈ, ਭਾਵੇਂ ਕਿ ਇਹ ਉਨ੍ਹਾਂ ਕੰਮਾਂ ਲਈ ਵਰਤਿਆ ਜਾਵੇ ਜਿਨ੍ਹਾਂ ਵਿਚ ਉਹ ਖ਼ੁਦ ਹਿੱਸਾ ਨਹੀਂ ਲਵੇਗਾ। ਇਸ ਮਸਲੇ ਨੂੰ ਸਮਝਣ ਲਈ ਸਾਨੂੰ ਆਪਣੀ ਜ਼ਮੀਰ ਯਾਨੀ ਸਹੀ-ਗ਼ਲਤ ਬਾਰੇ ਦੱਸਣ ਵਾਲੀ ਅੰਦਰਲੀ ਆਵਾਜ਼ ਬਾਰੇ ਇਕ ਜ਼ਰੂਰੀ ਗੱਲ ਪਤਾ ਕਰਨੀ ਚਾਹੀਦੀ ਹੈ।

ਜਿਵੇਂ ਥੋਰੌ ਨੇ ਕਿਹਾ ਹਰੇਕ ਇਨਸਾਨ ਦੀ ਅੰਦਰਲੀ ਆਵਾਜ਼ ਹੁੰਦੀ ਹੈ, ਪਰ ਜ਼ਰੂਰੀ ਨਹੀਂ ਕਿ ਇਹ ਸਾਨੂੰ ਸਹੀ ਦੱਸੇ। ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਡੀ ਜ਼ਮੀਰ ਉਸ ਦੇ ਨੈਤਿਕ ਮਿਆਰਾਂ ਮੁਤਾਬਕ ਢਲ਼ੀ ਹੋਣੀ ਚਾਹੀਦੀ ਹੈ। ਸਾਨੂੰ ਅਕਸਰ ਆਪਣੀ ਸੋਚ ਅਤੇ ਨਜ਼ਰੀਏ ਨੂੰ ਪਰਮੇਸ਼ੁਰ ਦੇ ਮੁਤਾਬਕ ਢਾਲ਼ਣ ਦੀ ਲੋੜ ਪੈਂਦੀ ਹੈ ਕਿਉਂਕਿ ਉਸ ਦੀ ਸੋਚ ਸਾਡੇ ਨਾਲੋਂ ਉੱਚੀ ਹੈ। (ਜ਼ਬੂਰਾਂ ਦੀ ਪੋਥੀ 19:7) ਇਸ ਲਈ ਸਾਨੂੰ ਇਨਸਾਨੀ ਸਰਕਾਰਾਂ ਪ੍ਰਤੀ ਪਰਮੇਸ਼ੁਰ ਦੀ ਸੋਚ ਨੂੰ ਸਮਝਣ ਦੀ ਲੋੜ ਹੈ। ਉਸ ਦਾ ਕੀ ਨਜ਼ਰੀਆ ਹੈ?

ਪੌਲੁਸ ਰਸੂਲ ਨੇ ਕਿਹਾ ਕਿ ਇਨਸਾਨੀ ਸਰਕਾਰਾਂ “ਲੋਕਾਂ ਦੀ ਸੇਵਾ ਵਾਸਤੇ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸੇਵਕ” ਹਨ। (ਰੋਮੀਆਂ 13:6) ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਉਹ ਵਿਵਸਥਾ ਰੱਖਦੇ ਹਨ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਦੇ ਹਨ। ਸਭ ਤੋਂ ਭ੍ਰਿਸ਼ਟ ਸਰਕਾਰਾਂ ਵੀ ਡਾਕ, ਪੜ੍ਹਾਈ, ਅੱਗ ਤੋਂ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਦੀਆਂ ਸੁਵਿਧਾਵਾਂ ਪ੍ਰਦਾਨ ਕਰਦੀਆਂ ਹਨ। ਭਾਵੇਂ ਪਰਮੇਸ਼ੁਰ ਇਨ੍ਹਾਂ ਇਨਸਾਨੀ ਅਧਿਕਾਰੀਆਂ ਦੀਆਂ ਕਮੀਆਂ ਨੂੰ ਜਾਣਦਾ ਹੈ, ਪਰ ਫਿਰ ਵੀ ਉਹ ਇਨ੍ਹਾਂ ਨੂੰ ਇਸ ਵੇਲੇ ਬਰਦਾਸ਼ਤ ਕਰਦਾ ਹੈ ਅਤੇ ਸਾਡੇ ਤੋਂ ਮੰਗ ਕਰਦਾ ਹੈ ਕਿ ਅਸੀਂ ਟੈਕਸ ਭਰ ਕੇ ਉਸ ਦੇ ਪ੍ਰਬੰਧ ਦੀ ਕਦਰ ਕਰੀਏ ਯਾਨੀ ਉਨ੍ਹਾਂ ਸਰਕਾਰਾਂ ਦੀ ਜੋ ਉਸ ਦੀ ਇਜਾਜ਼ਤ ਨਾਲ ਰਾਜ ਕਰ ਰਹੀਆਂ ਹਨ।

ਪਰ, ਪਰਮੇਸ਼ੁਰ ਨੇ ਇਨਸਾਨੀ ਸਰਕਾਰਾਂ ਨੂੰ ਕੁਝ ਹੀ ਸਮੇਂ ਲਈ ਰਹਿਣ ਦੀ ਇਜਾਜ਼ਤ ਦਿੱਤੀ ਹੈ। ਉਸ ਦੀ ਇੱਛਾ ਹੈ ਕਿ ਉਹ ਇਨ੍ਹਾਂ ਸਾਰੀਆਂ ਸਰਕਾਰਾਂ ਦੀ ਥਾਂ ਆਪਣਾ ਸਵਰਗੀ ਰਾਜ ਖੜ੍ਹਾ ਕਰੇ ਅਤੇ ਇਨਸਾਨੀ ਸਰਕਾਰਾਂ ਵੱਲੋਂ ਕੀਤੇ ਨੁਕਸਾਨ ਦੀ ਭਰਪਾਈ ਕਰੇ। (ਦਾਨੀਏਲ 2:44; ਮੱਤੀ 6:10) ਉਸ ਸਮੇਂ ਦੇ ਆਉਣ ਤਕ ਪਰਮੇਸ਼ੁਰ ਮਸੀਹੀਆਂ ਨੂੰ ਇਜਾਜ਼ਤ ਨਹੀਂ ਦਿੰਦਾ ਕਿ ਉਹ ਟੈਕਸ ਭਰਨ ਤੋਂ ਮਨ੍ਹਾ ਕਰਨ ਜਾਂ ਹੋਰ ਕਿਸੇ ਗੱਲ ਵਿਚ ਸਰਕਾਰ ਦੇ ਖ਼ਿਲਾਫ਼ ਜਾਣ।

ਪਰ ਜੇ ਤੁਸੀਂ ਗਾਂਧੀ ਵਾਂਗ ਸੋਚਦੇ ਹੋ ਕਿ ਯੁੱਧ ਲਈ ਟੈਕਸ ਦੇਣਾ ਪਾਪ ਹੈ, ਉਦੋਂ ਕੀ? ਜਿਵੇਂ ਅਸੀਂ ਪਹਾੜ ʼਤੇ ਚੜ੍ਹ ਕੇ ਪੂਰਾ ਨਜ਼ਾਰਾ ਦੇਖ ਸਕਦੇ ਹਾਂ, ਉਸੇ ਤਰ੍ਹਾਂ ਜੇ ਅਸੀਂ ਧਿਆਨ ਵਿਚ ਰੱਖਾਂਗੇ ਕਿ ਪਰਮੇਸ਼ੁਰ ਦੀ ਸੋਚ ਸਾਡੇ ਨਾਲੋਂ ਕਿੰਨੀ ਉੱਚੀ ਹੈ, ਤਾਂ ਅਸੀਂ ਆਪਣੀ ਸੋਚ ਨੂੰ ਉਸ ਦੀ ਸੋਚ ਅਨੁਸਾਰ ਢਾਲ਼ ਸਕਾਂਗੇ। ਯਸਾਯਾਹ ਨਬੀ ਰਾਹੀਂ ਪਰਮੇਸ਼ੁਰ ਨੇ ਕਿਹਾ: “ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ”।​—ਯਸਾਯਾਹ 55:8, 9.

11-17 ਮਾਰਚ

ਰੱਬ ਦਾ ਬਚਨ ਖ਼ਜ਼ਾਨਾ ਹੈ | ਰੋਮੀਆਂ 15-16

“ਦਿਲਾਸਾ ਪਾਉਣ ਅਤੇ ਮੁਸ਼ਕਲਾਂ ਸਹਿਣ ਲਈ ਯਹੋਵਾਹ ʼਤੇ ਭਰੋਸਾ ਰੱਖੋ”

(ਰੋਮੀਆਂ 15:4) ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਇਹ ਸਿੱਖਿਆ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦੀ ਹੈ ਅਤੇ ਸਾਨੂੰ ਧਰਮ-ਗ੍ਰੰਥ ਤੋਂ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।

w17.07 14 ਪੈਰਾ 11

“ਰੋਣ ਵਾਲੇ ਲੋਕਾਂ ਨਾਲ ਰੋਵੋ”

11 ਬਾਈਬਲ ਵਿਚ ਦਿਲਾਸਾ ਦੇਣ ਵਾਲੀਆਂ ਬਹੁਤ ਸਾਰੀਆਂ ਆਇਤਾਂ ਹਨ। ਮਿਸਾਲ ਲਈ, ਜਦੋਂ ਲਾਜ਼ਰ ਦੀ ਮੌਤ ਹੋਈ, ਤਾਂ ਯਿਸੂ ਬਹੁਤ ਦੁਖੀ ਹੋਇਆ। ਇਹ ਆਇਤਾਂ ਸਾਨੂੰ ਹੌਸਲਾ ਦੇਣ ਲਈ ਦਰਜ ਕਰਵਾਈਆਂ ਗਈਆਂ ਹਨ ਕਿਉਂਕਿ “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਇਹ ਸਿੱਖਿਆ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦੀ ਹੈ ਅਤੇ ਸਾਨੂੰ ਧਰਮ-ਗ੍ਰੰਥ ਤੋਂ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।” (ਰੋਮੀ. 15:4) ਜੇ ਤੁਸੀਂ ਆਪਣਿਆਂ ਦੀ ਮੌਤ ਦਾ ਗਮ ਸਹਿ ਰਹੇ ਹੋ, ਤਾਂ ਹੇਠਾਂ ਦਿੱਤੀਆਂ ਆਇਤਾਂ ਤੋਂ ਤੁਸੀਂ ਦਿਲਾਸਾ ਪਾ ਸਕਦੇ ਹੋ:

▪ “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ [ਮਨ] ਵਾਲਿਆਂ ਨੂੰ ਬਚਾਉਂਦਾ ਹੈ।”​—ਜ਼ਬੂ. 34:18, 19.

▪ “ਜਦੋਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ [ਯਹੋਵਾਹ] ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।”​—ਜ਼ਬੂ. 94:19.

▪ “ਸਾਡਾ ਪਿਤਾ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਆਪਣੀ ਅਪਾਰ ਕਿਰਪਾ ਕਰ ਕੇ ਸਾਨੂੰ ਹਮੇਸ਼ਾ ਰਹਿਣ ਵਾਲਾ ਦਿਲਾਸਾ ਦਿੱਤਾ ਹੈ ਅਤੇ ਇਕ ਸ਼ਾਨਦਾਰ ਉਮੀਦ ਵੀ ਦਿੱਤੀ ਹੈ। ਸਾਡੀ ਇਹੀ ਦੁਆ ਹੈ ਕਿ ਉਹ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਦੋਵੇਂ ਤੁਹਾਡੇ ਦਿਲਾਂ ਨੂੰ ਦਿਲਾਸਾ ਦੇਣ ਅਤੇ ਤੁਹਾਨੂੰ ਤਕੜਾ ਕਰਨ।”​—2 ਥੱਸ. 2:16, 17.

(ਰੋਮੀਆਂ 15:5) ਮੇਰੀ ਇਹੀ ਦੁਆ ਹੈ ਕਿ ਦਿਲਾਸਾ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ ਦੇਣ ਵਾਲਾ ਪਰਮੇਸ਼ੁਰ ਤੁਹਾਡੀ ਮਦਦ ਕਰੇ ਕਿ ਤੁਸੀਂ ਮਸੀਹ ਯਿਸੂ ਵਾਂਗ ਸੋਚੋ,

w16.04 14 ਪੈਰਾ 5

“ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ”

5 ਯਹੋਵਾਹ ਤੋਂ ਤਾਕਤ ਮੰਗੋ। ਯਹੋਵਾਹ “ਦਿਲਾਸਾ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ ਦੇਣ ਵਾਲਾ ਪਰਮੇਸ਼ੁਰ” ਹੈ। (ਰੋਮੀ. 15:5) ਉਹੀ ਹੈ ਜੋ ਸਾਡੇ ਹਾਲਾਤ, ਜਜ਼ਬਾਤ ਅਤੇ ਪਿਛੋਕੜ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਸ ਲਈ ਸਿਰਫ਼ ਉਹੀ ਜਾਣਦਾ ਹੈ ਕਿ ਸਾਨੂੰ ਧੀਰਜ ਰੱਖਣ ਲਈ ਕਿਹੜੀਆਂ ਚੀਜ਼ਾਂ ਦੀ ਲੋੜ ਹੈ। ਬਾਈਬਲ ਕਹਿੰਦੀ ਹੈ: “ਉਹ ਆਪਣਾ ਭੈ ਮੰਨਣ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ।” (ਜ਼ਬੂ. 145:19) ਪਰ ਪਰਮੇਸ਼ੁਰ ਸਾਨੂੰ ਧੀਰਜ ਰੱਖਣ ਲਈ ਤਾਕਤ ਕਿਵੇਂ ਦੇਵੇਗਾ?

(ਰੋਮੀਆਂ 15:13) ਇਸ ਲਈ ਮੇਰੀ ਦੁਆ ਹੈ ਕਿ ਉਮੀਦ ਦੇਣ ਵਾਲਾ ਪਰਮੇਸ਼ੁਰ, ਜਿਸ ਉੱਤੇ ਤੁਸੀਂ ਨਿਹਚਾ ਕਰਦੇ ਹੋ, ਤੁਹਾਨੂੰ ਖ਼ੁਸ਼ੀ ਅਤੇ ਸ਼ਾਂਤੀ ਬਖ਼ਸ਼ੇ, ਤਾਂਕਿ ਤੁਸੀਂ ਪਵਿੱਤਰ ਸ਼ਕਤੀ ਰਾਹੀਂ ਉਮੀਦ ਨਾਲ ਭਰ ਜਾਓ।

w14 6/15 14 ਪੈਰਾ 11

“ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰ”

11 ਯਹੋਵਾਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦਿੰਦਾ ਹੈ। (ਰੋਮੀ. 15:13) ਜਦ ਸਾਡੀ ਨਿਹਚਾ ਦੀ ਪਰਖ ਹੁੰਦੀ ਹੈ, ਤਾਂ ਇਹ ਉਮੀਦ ਸਾਨੂੰ ਸਹਿਣ ਦੀ ਤਾਕਤ ਦਿੰਦੀ ਹੈ। ਜਿਹੜੇ ਚੁਣੇ ਹੋਏ ਮਸੀਹੀ ‘ਮੌਤ ਤਕ ਵਫ਼ਾਦਾਰ ਰਹਿਣਗੇ, ਉਨ੍ਹਾਂ ਨੂੰ ਸਵਰਗੀ ਜ਼ਿੰਦਗੀ ਦਾ ਇਨਾਮ ਮਿਲੇਗਾ।’ (ਪ੍ਰਕਾ. 2:10) ਦੂਜੇ ਵਫ਼ਾਦਾਰ ਸੇਵਕਾਂ ਨੂੰ ਸੋਹਣੀ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਅਤੇ ਬਰਕਤਾਂ ਮਿਲਣਗੀਆਂ। (ਲੂਕਾ 23:43) ਅਸੀਂ ਆਪਣੀ ਉਮੀਦ ਬਾਰੇ ਕਿੱਦਾਂ ਮਹਿਸੂਸ ਕਰਦੇ ਹਾਂ? ਇਸ ਉਮੀਦ ਕਰਕੇ ਸਾਨੂੰ ਖ਼ੁਸ਼ੀ ਤੇ ਸ਼ਾਂਤੀ ਮਿਲਦੀ ਹੈ ਅਤੇ ਸਾਡੇ ਦਿਲ ਪਰਮੇਸ਼ੁਰ ਲਈ ਪਿਆਰ ਨਾਲ ਭਰ ਜਾਂਦੇ ਹਨ ਜੋ ਸਾਨੂੰ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਦਿੰਦਾ ਹੈ।​—ਯਾਕੂ. 1:17.

ਹੀਰੇ-ਮੋਤੀਆਂ ਦੀ ਖੋਜ ਕਰੋ

(ਰੋਮੀਆਂ 15:27) ਇਹ ਸੱਚ ਹੈ ਕਿ ਭਰਾਵਾਂ ਨੇ ਦਿਲੋਂ ਇਸ ਤਰ੍ਹਾਂ ਕੀਤਾ ਹੈ, ਪਰ ਉਹ ਯਰੂਸ਼ਲਮ ਵਿਚ ਪਵਿੱਤਰ ਸੇਵਕਾਂ ਦੇ ਕਰਜ਼ਦਾਰ ਹਨ ਕਿਉਂਕਿ ਪਵਿੱਤਰ ਸੇਵਕਾਂ ਨੇ ਰੱਬੀ ਚੀਜ਼ਾਂ ਗ਼ੈਰ-ਯਹੂਦੀ ਕੌਮਾਂ ਨਾਲ ਸਾਂਝੀਆਂ ਕੀਤੀਆਂ ਹਨ, ਇਸ ਲਈ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।

w89 12/1 24 ਪੈਰਾ 3

“ਤੁਹਾਡੇ ਪਿਆਰ ਦੀ ਪਰਖ”

ਗ਼ੈਰ-ਯਹੂਦੀ ਭਰਾਵਾਂ ਨੂੰ ਯਹੂਦੀ ਭਰਾਵਾਂ ਦੀ ਹਾਲਤ ਬਾਰੇ ਜਾਣ ਕੇ ਉਨ੍ਹਾਂ ਲਈ ਕੁਝ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਸੀ। ਉਹ ਯਰੂਸ਼ਲਮ ਵਿਚ ਰਹਿਣ ਵਾਲੇ ਮਸੀਹੀਆਂ ਦੇ “ਕਰਜ਼ਦਾਰ” ਸਨ। ਕੀ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਯਰੂਸ਼ਲਮ ਦੇ ਯਹੂਦੀਆਂ ਨੇ ਨਹੀਂ ਸੁਣਾਈ ਸੀ? ਪੌਲੁਸ ਨੇ ਕਿਹਾ: “ਕਿਉਂਕਿ ਪਵਿੱਤਰ ਸੇਵਕਾਂ ਨੇ ਰੱਬੀ ਚੀਜ਼ਾਂ ਗ਼ੈਰ-ਯਹੂਦੀ ਕੌਮਾਂ ਨਾਲ ਸਾਂਝੀਆਂ ਕੀਤੀਆਂ ਹਨ, ਇਸ ਲਈ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।”​—ਰੋਮੀਆਂ 15:27.

(ਰੋਮੀਆਂ 16:25) ਭਰਾਵੋ, ਮੈਂ ਯਿਸੂ ਮਸੀਹ ਬਾਰੇ ਜਿਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹਾਂ, ਉਹ ਖ਼ੁਸ਼ ਖ਼ਬਰੀ ਦਿਖਾਉਂਦੀ ਹੈ ਕਿ ਪਰਮੇਸ਼ੁਰ ਤੁਹਾਨੂੰ ਮਜ਼ਬੂਤ ਬਣਾ ਸਕਦਾ ਹੈ। ਇਹ ਖ਼ੁਸ਼ ਖ਼ਬਰੀ ਪਰਮੇਸ਼ੁਰ ਦੇ ਭੇਤ ਦੀ ਸਮਝ ਮੁਤਾਬਕ ਹੈ। ਇਹ ਭੇਤ ਲੰਬੇ ਸਮੇਂ ਤੋਂ ਗੁਪਤ ਰੱਖਿਆ ਗਿਆ ਸੀ,

it-1 858 ਪੈਰਾ 5

ਭਵਿੱਖ ਬਾਰੇ ਜਾਣਕਾਰੀ, ਭਵਿੱਖ ਬਾਰੇ ਤੈਅ ਕਰਨਾ

ਮਸੀਹ ਨੇ ਵਾਅਦਾ ਕੀਤੀ ਹੋਈ ਸੰਤਾਨ ਹੋਣਾ ਸੀ ਜਿਸ ਰਾਹੀਂ ਧਰਤੀ ʼਤੇ ਰਹਿਣ ਵਾਲੇ ਸਾਰੇ ਧਰਮੀ ਲੋਕਾਂ ਨੂੰ ਬਰਕਤਾਂ ਮਿਲਣੀਆਂ ਹਨ। (ਗਲਾ 3:8, 14) ਪਹਿਲੀ ਵਾਰ ਇਸ “ਸੰਤਾਨ” ਦਾ ਜ਼ਿਕਰ ਅਦਨ ਵਿਚ ਬਗਾਵਤ ਹੋਣ ਤੋਂ ਬਾਅਦ, ਪਰ ਹਾਬਲ ਦੇ ਜਨਮ ਲੈਣ ਤੋਂ ਪਹਿਲਾਂ ਹੋਇਆ ਸੀ। (ਉਤ 3:15) ਇਹ ਗੱਲ “ਸੰਤਾਨ” ਬਾਰੇ ‘ਪਰਮੇਸ਼ੁਰ ਦਾ ਭੇਤ’ ਸਾਫ਼-ਸਾਫ਼ ਪਤਾ ਲੱਗਣ ਤੋਂ ਲਗਭਗ 4,000 ਸਾਲ ਪਹਿਲਾਂ ਦੀ ਹੈ। ਸੱਚ-ਮੁੱਚ ਇਹ “ਭੇਤ ਲੰਬੇ ਸਮੇਂ ਤੋਂ ਗੁਪਤ ਰੱਖਿਆ ਗਿਆ ਸੀ।”​—ਰੋਮੀ 16:25-27; ਅਫ਼ 1:8-10; 3:4-11.

ਬਾਈਬਲ ਪੜ੍ਹਾਈ

(ਰੋਮੀਆਂ 15:1-16) ਪਰ ਨਿਹਚਾ ਵਿਚ ਪੱਕੇ ਹੋਣ ਕਰਕੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੀ ਨਿਹਚਾ ਕਮਜ਼ੋਰ ਹੈ ਅਤੇ ਆਪਣੇ ਬਾਰੇ ਹੀ ਨਾ ਸੋਚੀਏ। 2 ਆਓ ਆਪਾਂ ਦੂਸਰਿਆਂ ਦਾ ਭਲਾ ਕਰ ਕੇ ਉਨ੍ਹਾਂ ਨੂੰ ਮਜ਼ਬੂਤ ਕਰੀਏ। 3 ਕਿਉਂਕਿ ਮਸੀਹ ਨੇ ਵੀ ਆਪਣੇ ਬਾਰੇ ਨਹੀਂ ਸੋਚਿਆ ਸੀ; ਪਰ ਜਿਵੇਂ ਲਿਖਿਆ ਹੈ: “ਤੈਨੂੰ ਬੇਇੱਜ਼ਤ ਕਰਨ ਵਾਲਿਆਂ ਦੀਆਂ ਬੇਇੱਜ਼ਤੀ ਭਰੀਆਂ ਗੱਲਾਂ ਮੈਂ ਸਹਾਰੀਆਂ।” 4 ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਇਹ ਸਿੱਖਿਆ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦੀ ਹੈ ਅਤੇ ਸਾਨੂੰ ਧਰਮ-ਗ੍ਰੰਥ ਤੋਂ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ। 5 ਮੇਰੀ ਇਹੀ ਦੁਆ ਹੈ ਕਿ ਦਿਲਾਸਾ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ ਦੇਣ ਵਾਲਾ ਪਰਮੇਸ਼ੁਰ ਤੁਹਾਡੀ ਮਦਦ ਕਰੇ ਕਿ ਤੁਸੀਂ ਮਸੀਹ ਯਿਸੂ ਵਾਂਗ ਸੋਚੋ, 6 ਤਾਂਕਿ ਤੁਸੀਂ ਮਿਲ ਕੇ ਇੱਕੋ ਆਵਾਜ਼ ਵਿਚ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਮਹਿਮਾ ਕਰੋ। 7 ਇਸ ਲਈ ਇਕ-ਦੂਜੇ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਸਾਨੂੰ ਕਬੂਲ ਕੀਤਾ ਹੈ, ਤਾਂਕਿ ਪਰਮੇਸ਼ੁਰ ਦੀ ਮਹਿਮਾ ਹੋਵੇ। 8 ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਸੀਹ ਇਹ ਗੱਲ ਜ਼ਾਹਰ ਕਰਨ ਲਈ ਯਹੂਦੀਆਂ ਦਾ ਸੇਵਕ ਬਣਿਆ ਕਿ ਪਰਮੇਸ਼ੁਰ ਹਮੇਸ਼ਾ ਸੱਚ ਬੋਲਦਾ ਹੈ ਅਤੇ ਸਾਡੇ ਪਿਉ-ਦਾਦਿਆਂ ਨਾਲ ਕੀਤੇ ਉਸ ਦੇ ਵਾਅਦੇ ਸੱਚੇ ਹਨ 9 ਅਤੇ ਇਸ ਲਈ ਵੀ ਕਿ ਗ਼ੈਰ-ਯਹੂਦੀ ਲੋਕ ਪਰਮੇਸ਼ੁਰ ਦੀ ਦਇਆ ਕਰਕੇ ਉਸ ਦੀ ਮਹਿਮਾ ਕਰਨ। ਠੀਕ ਜਿਵੇਂ ਲਿਖਿਆ ਹੈ: “ਇਸੇ ਕਰਕੇ ਮੈਂ ਕੌਮਾਂ ਵਿਚ ਸਾਰਿਆਂ ਸਾਮ੍ਹਣੇ ਤੈਨੂੰ ਕਬੂਲ ਕਰਾਂਗਾ ਅਤੇ ਤੇਰੇ ਨਾਂ ਦੇ ਗੁਣ ਗਾਵਾਂਗਾ।” 10 ਅਤੇ ਇਹ ਵੀ ਕਿਹਾ ਗਿਆ ਹੈ: “ਕੌਮੋਂ, ਉਸ ਦੇ ਲੋਕਾਂ ਨਾਲ ਖ਼ੁਸ਼ੀਆਂ ਮਨਾਓ।” 11 ਇਕ ਹੋਰ ਆਇਤ ਵਿਚ ਕਿਹਾ ਗਿਆ ਹੈ: “ਕੌਮੋਂ, ਤੁਸੀਂ ਯਹੋਵਾਹ ਦੀ ਵਡਿਆਈ ਕਰੋ ਅਤੇ ਸਾਰੇ ਲੋਕ ਉਸ ਦਾ ਗੁਣਗਾਨ ਕਰਨ।” 12 ਯਸਾਯਾਹ ਨਬੀ ਕਹਿੰਦਾ ਹੈ: “ਯੱਸੀ ਦੀ ਸੰਤਾਨ ਵਿੱਚੋਂ ਕੋਈ ਆਵੇਗਾ ਅਤੇ ਉਹ ਕੌਮਾਂ ਉੱਤੇ ਰਾਜ ਕਰੇਗਾ ਅਤੇ ਉਹ ਬੇਸਬਰੀ ਨਾਲ ਉਸ ਦੇ ਚੰਗੇ ਕੰਮਾਂ ਦੀ ਉਡੀਕ ਕਰਨਗੀਆਂ।” 13 ਇਸ ਲਈ ਮੇਰੀ ਦੁਆ ਹੈ ਕਿ ਉਮੀਦ ਦੇਣ ਵਾਲਾ ਪਰਮੇਸ਼ੁਰ, ਜਿਸ ਉੱਤੇ ਤੁਸੀਂ ਨਿਹਚਾ ਕਰਦੇ ਹੋ, ਤੁਹਾਨੂੰ ਖ਼ੁਸ਼ੀ ਅਤੇ ਸ਼ਾਂਤੀ ਬਖ਼ਸ਼ੇ, ਤਾਂਕਿ ਤੁਸੀਂ ਪਵਿੱਤਰ ਸ਼ਕਤੀ ਰਾਹੀਂ ਉਮੀਦ ਨਾਲ ਭਰ ਜਾਓ। 14 ਭਰਾਵੋ, ਮੈਨੂੰ ਤੁਹਾਡੇ ਉੱਤੇ ਇਹ ਵੀ ਯਕੀਨ ਹੈ ਕਿ ਤੁਸੀਂ ਚੰਗੇ ਕੰਮ ਕਰਨ ਵਿਚ ਲੱਗੇ ਰਹਿੰਦੇ ਹੋ ਅਤੇ ਤੁਸੀਂ ਗਿਆਨ ਨਾਲ ਭਰੇ ਹੋਏ ਹੋ ਅਤੇ ਤੁਸੀਂ ਇਕ-ਦੂਜੇ ਨੂੰ ਸਿਖਾਉਣ ਦੇ ਯੋਗ ਹੋ। 15 ਪਰ ਮੈਂ ਤੁਹਾਨੂੰ ਕੁਝ ਗੱਲਾਂ ਦੁਬਾਰਾ ਯਾਦ ਕਰਾਉਣ ਲਈ ਸਾਫ਼-ਸਾਫ਼ ਲਿਖ ਰਿਹਾ ਹਾਂ ਕਿਉਂਕਿ ਪਰਮੇਸ਼ੁਰ ਨੇ ਮੇਰੇ ਉੱਤੇ ਅਪਾਰ ਕਿਰਪਾ ਕੀਤੀ ਹੈ, 16 ਤਾਂਕਿ ਮੈਂ ਯਿਸੂ ਮਸੀਹ ਦੇ ਸੇਵਕ ਦੇ ਤੌਰ ਤੇ ਗ਼ੈਰ-ਯਹੂਦੀ ਕੌਮਾਂ ਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ। ਮੈਂ ਇਸ ਪਵਿੱਤਰ ਕੰਮ ਵਿਚ ਇਸ ਕਰਕੇ ਲੱਗਾ ਹੋਇਆ ਹਾਂ ਤਾਂਕਿ ਮੈਂ ਗ਼ੈਰ-ਯਹੂਦੀ ਕੌਮਾਂ ਨੂੰ ਪਰਮੇਸ਼ੁਰ ਅੱਗੇ ਭੇਟ ਵਜੋਂ ਚੜ੍ਹਾ ਸਕਾਂ ਜਿਹੜੀ ਉਸ ਨੂੰ ਮਨਜ਼ੂਰ ਹੋਵੇ। ਪਵਿੱਤਰ ਸ਼ਕਤੀ ਇਸ ਭੇਟ ਨੂੰ ਪਵਿੱਤਰ ਕਰਦੀ ਹੈ।

18-24 ਮਾਰਚ

ਰੱਬ ਦਾ ਬਚਨ ਖ਼ਜ਼ਾਨਾ ਹੈ | 1 ਕੁਰਿੰਥੀਆਂ 1-3

“ਕੀ ਤੁਸੀਂ ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਹੋ ਜਾਂ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਹੋ?”

(1 ਕੁਰਿੰਥੀਆਂ 2:14) ਪਰ ਜਿਹੜਾ ਇਨਸਾਨ ਆਪਣੀਆਂ ਇੱਛਾਵਾਂ ਅਨੁਸਾਰ ਚੱਲਦਾ ਹੈ, ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਜ਼ਾਹਰ ਕੀਤੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂਕਿ ਉਹ ਗੱਲਾਂ ਉਸ ਲਈ ਮੂਰਖਤਾ ਹਨ; ਅਤੇ ਉਹ ਉਨ੍ਹਾਂ ਗੱਲਾਂ ਨੂੰ ਸਮਝ ਨਹੀਂ ਸਕਦਾ ਕਿਉਂਕਿ ਉਨ੍ਹਾਂ ਗੱਲਾਂ ਦੀ ਜਾਂਚ ਕਰਨ ਲਈ ਪਵਿੱਤਰ ਸ਼ਕਤੀ ਦੀ ਲੋੜ ਹੈ।

w18.02 19 ਪੈਰੇ 4-5

ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦਾ ਕੀ ਮਤਲਬ ਹੈ?

4 ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲਾ ਇਨਸਾਨ ਕਿਹੋ ਜਿਹੀ ਸੋਚ ਰੱਖਦਾ ਹੈ? ਉਹ ਦੁਨੀਆਂ ਵਰਗੀ ਸੁਆਰਥੀ ਸੋਚ ਰੱਖਦਾ ਹੈ, ਜਿਸ ਦਾ ਧਿਆਨ ਸਿਰਫ਼ ਆਪਣੀਆਂ ਹੀ ਇੱਛਾਵਾਂ ਪੂਰੀਆਂ ਕਰਨ ʼਤੇ ਲੱਗਾ ਹੋਇਆ ਹੈ। ਇਨ੍ਹਾਂ ਲੋਕਾਂ ਦੇ ਰਵੱਈਏ ਬਾਰੇ ਦੱਸਦਿਆਂ ਪੌਲੁਸ ਕਹਿੰਦਾ ਹੈ ਕਿ “ਅਣਆਗਿਆਕਾਰ ਲੋਕਾਂ ਉੱਤੇ ਇਸ ਸੋਚ ਦਾ ਅਸਰ ਦਿਖਾਈ ਦਿੰਦਾ ਹੈ।” (ਅਫ਼. 2:2) ਇਹੋ ਜਿਹੇ ਲੋਕਾਂ ਦੇ ਰਵੱਈਏ ਦਾ ਅਸਰ ਬਾਕੀਆਂ ਉੱਤੇ ਵੀ ਹਾਵੀ ਹੋ ਸਕਦਾ ਹੈ। ਉਹ ਰੱਬ ਦੇ ਮਿਆਰਾਂ ਦੀ ਕੋਈ ਪਰਵਾਹ ਨਹੀਂ ਕਰਦੇ, ਸਗੋਂ ਆਪਣੀ ਮਨ-ਮਰਜ਼ੀ ਕਰਦੇ ਹਨ। ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਇਨਸਾਨ ਦਾ ਜ਼ਿਆਦਾਤਰ ਧਿਆਨ ਦੁਨੀਆਂ ਦੀਆਂ ਚੀਜ਼ਾਂ ਵੱਲ ਲੱਗਾ ਰਹਿੰਦਾ ਹੈ। ਉਸ ਨੂੰ ਆਪਣਾ ਰੁਤਬਾ, ਪੈਸਾ ਅਤੇ ਆਪਣੇ ਹੱਕ ਸਭ ਤੋਂ ਜ਼ਿਆਦਾ ਪਿਆਰੇ ਹੁੰਦੇ ਹਨ।

5 ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲਾ ਇਨਸਾਨ ਹੋਰ ਕਿਹੜੇ ਕੰਮਾਂ ਤੋਂ ਪਛਾਣਿਆ ਜਾ ਸਕਦਾ ਹੈ? ਉਹ ਅਕਸਰ “ਸਰੀਰ ਦੇ ਕੰਮਾਂ” ਵਿਚ ਲੱਗਾ ਰਹਿੰਦਾ ਹੈ। (ਗਲਾ. 5:19-21) ਕੁਰਿੰਥ ਦੀ ਮੰਡਲੀ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਪੌਲੁਸ ਨੇ ਅਜਿਹੇ ਇਨਸਾਨ ਦੇ ਹੋਰ ਕੰਮਾਂ ਬਾਰੇ ਦੱਸਿਆ। ਉਹ ਇਨਸਾਨ ਲੋਕਾਂ ਵਿਚ ਫੁੱਟ ਪਾਉਂਦੇ, ਪੱਖਪਾਤ ਕਰਦੇ, ਲੋਕਾਂ ਨੂੰ ਵਿਰੋਧ ਕਰਨ ਲਈ ਉਕਸਾਉਂਦੇ, ਇਕ-ਦੂਜੇ ਨੂੰ ਅਦਾਲਤਾਂ ਵਿਚ ਘੜੀਸਦੇ, ਅਧਿਕਾਰ ਰੱਖਣ ਵਾਲਿਆਂ ਪ੍ਰਤੀ ਕੋਈ ਆਦਰ ਨਹੀਂ ਦਿਖਾਉਂਦੇ ਹਨ ਅਤੇ ਉਨ੍ਹਾਂ ਲਈ ਉਨ੍ਹਾਂ ਦਾ ਢਿੱਡ ਹੀ ਰੱਬ ਹੁੰਦਾ ਹੈ। ਨਾਲੇ ਉਹ ਝੱਟ ਹੀ ਪਰੀਖਿਆਵਾਂ ਵਿਚ ਫਸ ਜਾਂਦੇ ਹਨ। (ਕਹਾ. 7:21, 22) ਯਹੂਦਾਹ ਨੇ ਵੀ ਕਿਹਾ ਕਿ ਇਹ ਲੋਕ ਆਪਣੀਆਂ ਹੀ ਇੱਛਾਵਾਂ ਵਿਚ ਇੰਨੇ ਲੀਨ ਹੋਣਗੇ ਕਿ ਉਹ “ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਨਹੀਂ” ਚੱਲਣਗੇ।​—ਯਹੂ. 18, 19.

(1 ਕੁਰਿੰਥੀਆਂ 2:15, 16) ਪਰ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲਾ ਇਨਸਾਨ ਸਾਰੀਆਂ ਗੱਲਾਂ ਦੀ ਜਾਂਚ ਕਰਦਾ ਹੈ, ਪਰ ਇਸ ਇਨਸਾਨ ਦੀ ਜਾਂਚ ਕੋਈ ਵੀ ਨਹੀਂ ਕਰ ਸਕਦਾ। 16 ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: “ਯਹੋਵਾਹ ਦੇ ਮਨ ਨੂੰ ਕੌਣ ਜਾਣ ਸਕਿਆ ਹੈ ਤਾਂਕਿ ਉਸ ਨੂੰ ਸਿਖਾਵੇ? ਪਰ ਸਾਡੇ ਕੋਲ ਮਸੀਹ ਦਾ ਮਨ ਹੈ।”

w18.02 19 ਪੈਰਾ 6

ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦਾ ਕੀ ਮਤਲਬ ਹੈ?

6 ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਇਨਸਾਨ ਤੋਂ ਉਲਟ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਇਨਸਾਨ ਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੀ ਸਭ ਤੋਂ ਜ਼ਿਆਦਾ ਪਰਵਾਹ ਹੁੰਦੀ ਹੈ। ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲਾ ਇਨਸਾਨ ਯਹੋਵਾਹ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। (ਅਫ਼. 5:1) ਉਹ ਯਹੋਵਾਹ ਵਰਗੀ ਸੋਚ ਰੱਖਣ ਅਤੇ ਹਰ ਚੀਜ਼ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਉਸ ਦਾ ਰਿਸ਼ਤਾ ਪਰਮੇਸ਼ੁਰ ਨਾਲ ਬਹੁਤ ਗੂੜ੍ਹਾ ਹੁੰਦਾ ਹੈ। ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਇਨਸਾਨ ਤੋਂ ਉਲਟ ਉਹ ਇਨਸਾਨ ਪਰਮੇਸ਼ੁਰ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਲਾਗੂ ਕਰਦਾ ਹੈ। (ਜ਼ਬੂ. 119:33; 143:10) ਉਹ “ਸਰੀਰ ਦੇ ਕੰਮ” ਕਰਨ ਦੀ ਬਜਾਇ ‘ਪਵਿੱਤਰ ਸ਼ਕਤੀ ਦੇ ਗੁਣ’ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ।​—ਗਲਾ. 5:22, 23.

w18.02 22 ਪੈਰਾ 15

ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦਾ ਕੀ ਮਤਲਬ ਹੈ?

15 ਅਸੀਂ ਮਸੀਹ ਦੀ ਰੀਸ ਕਿਵੇਂ ਕਰ ਸਕਦੇ ਹਾਂ? 1 ਕੁਰਿੰਥੀਆਂ 2:16 ਦੱਸਦਾ ਹੈ ਕਿ ਸਾਡੇ ਲਈ “ਮਸੀਹ ਦਾ ਮਨ” ਹਾਸਲ ਕਰਨਾ ਜ਼ਰੂਰੀ ਹੈ। ਰੋਮੀਆਂ 15:5 ਸਾਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ ‘ਮਸੀਹ ਯਿਸੂ ਵਾਂਗ ਸੋਚਣਾ’ ਚਾਹੀਦਾ ਹੈ। ਯਿਸੂ ਵਰਗੇ ਬਣਨ ਲਈ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਵੇਂ ਸੋਚਦਾ, ਮਹਿਸੂਸ ਕਰਦਾ ਅਤੇ ਕੰਮ ਕਰਦਾ ਸੀ। ਯਿਸੂ ਲਈ ਕਿਸੇ ਵੀ ਹੋਰ ਚੀਜ਼ ਨਾਲੋਂ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਸਭ ਤੋਂ ਜ਼ਰੂਰੀ ਸੀ। ਯਿਸੂ ਦੀ ਰੀਸ ਕਰਕੇ ਅਸੀਂ ਯਹੋਵਾਹ ਦੀ ਰੀਸ ਕਰ ਰਹੇ ਹੋਵਾਂਗੇ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਯਿਸੂ ਵਾਂਗ ਸੋਚਣਾ ਸਿੱਖੀਏ।

ਹੀਰੇ-ਮੋਤੀਆਂ ਦੀ ਖੋਜ ਕਰੋ

(1 ਕੁਰਿੰਥੀਆਂ 1:20) ਕਿੱਥੇ ਹਨ ਇਸ ਦੁਨੀਆਂ ਦੇ ਬੁੱਧੀਮਾਨ? ਕਿੱਥੇ ਹਨ ਮੂਸਾ ਦੇ ਕਾਨੂੰਨ ਦੇ ਮਾਹਰ? ਕਿੱਥੇ ਹਨ ਬਹਿਸ ਕਰਨ ਵਾਲੇ? ਕੀ ਪਰਮੇਸ਼ੁਰ ਨੇ ਦੁਨੀਆਂ ਦੀ ਬੁੱਧੀਮਾਨੀ ਨੂੰ ਮੂਰਖਤਾ ਸਾਬਤ ਨਹੀਂ ਕੀਤਾ?

it-2 1193 ਪੈਰਾ 1

ਬੁੱਧ

ਇਸ ਦੁਨੀਆਂ ਨੇ ਆਪਣੀ ਬੁੱਧ ਮੁਤਾਬਕ ਮਸੀਹ ਦੁਆਰਾ ਕੀਤੇ ਪਰਮੇਸ਼ੁਰ ਦੇ ਪ੍ਰਬੰਧ ਨੂੰ ਮੂਰਖਤਾ ਸਮਝ ਕੇ ਰੱਦ ਕਰ ਦਿੱਤਾ। ਭਾਵੇਂ ਕਿ ਰਾਜੇ ਸਹੀ ਨਿਆਂ ਕਰ ਸਕਦੇ ਸਨ, ਪਰ ਉਨ੍ਹਾਂ ਨੇ ‘ਮਹਿਮਾਵਾਨ ਪ੍ਰਭੂ ਨੂੰ ਸੂਲ਼ੀ ਉੱਤੇ ਟੰਗ ਦਿੱਤਾ।’ (1 ਕੁਰਿੰ 1:18; 2:7, 8) ਪਰ ਹੁਣ ਪਰਮੇਸ਼ੁਰ ਦੁਨੀਆਂ ਦੇ ਬੁੱਧੀਮਾਨ ਲੋਕਾਂ ਦੀ ਬੁੱਧ ਨੂੰ ਮੂਰਖਤਾ ਸਾਬਤ ਕਰ ਰਿਹਾ ਸੀ। ਜਿਨ੍ਹਾਂ ਗੱਲਾਂ ਨੂੰ ਉਹ “ਪਰਮੇਸ਼ੁਰ ਦੀ ਮੂਰਖਤਾ” ਸਮਝਦੇ ਸਨ, ਉਨ੍ਹਾਂ ਗੱਲਾਂ ਜ਼ਰੀਏ ਉਹ ਦੁਨੀਆਂ ਦੇ ਬੁੱਧੀਮਾਨ ਲੋਕਾਂ ਨੂੰ ਸ਼ਰਮਿੰਦਾ ਕਰ ਰਿਹਾ ਸੀ। ਨਾਲੇ ਪਰਮੇਸ਼ੁਰ ਉਨ੍ਹਾਂ ਇਨਸਾਨਾਂ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਵਰਤ ਰਿਹਾ ਸੀ ਜਿਨ੍ਹਾਂ ਨੂੰ ਦੁਨੀਆਂ ‘ਮੂਰਖ, ਕਮਜ਼ੋਰ ਅਤੇ ਤੁੱਛ’ ਸਮਝਦੇ ਸਨ।। (1 ਕੁਰਿੰ 1:19-28) ਪੌਲੁਸ ਨੇ ਕੁਰਿੰਥੀਆਂ ਦੇ ਮਸੀਹੀਆਂ ਨੂੰ ਯਾਦ ਕਰਾਇਆ ਕਿ ‘ਇਸ ਦੁਨੀਆਂ ਦੀ ਬੁੱਧ ਅਤੇ ਇਸ ਦੁਨੀਆਂ ਦੇ ਹਾਕਮਾਂ ਦੀ ਬੁੱਧ ਨਾਸ਼ ਹੋ ਜਾਵੇਗੀ।’ ਇਸ ਲਈ ਰਸੂਲ ਦੁਆਰਾ ਦਿੱਤੇ ਪਰਮੇਸ਼ੁਰੀ ਸੰਦੇਸ਼ ਵਿੱਚੋਂ ਇਸ ਤਰ੍ਹਾਂ ਦੀ ਬੁੱਧ ਨਹੀਂ ਝਲਕਦੀ ਸੀ। (1 ਕੁਰਿੰ 2:6, 13) ਉਸ ਨੇ ਕੁਲੁੱਸੈ ਦੇ ਮਸੀਹੀਆਂ ਨੂੰ “ਦੁਨਿਆਵੀ ਗਿਆਨ [ਫਿਲੋਸੋਫੀਅਸ, ਸ਼ਾਬਦਿਕ ਅਰਥ, ਬੁੱਧ ਲਈ ਪਿਆਰ] ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ” ਵਿਚ ਫਸਣ ਤੋਂ ਸਾਵਧਾਨ ਕੀਤਾ ਜੋ “ਇਨਸਾਨਾਂ ਦੇ ਰੀਤਾਂ-ਰਿਵਾਜਾਂ . . . ਉੱਤੇ ਆਧਾਰਿਤ ਹਨ।”​—ਕੁਲੁ 2:8, 22-23 ਆਇਤਾਂ ਵਿਚ ਨੁਕਤਾ ਦੇਖੋ।

(1 ਕੁਰਿੰਥੀਆਂ 2:3-5) ਅਤੇ ਜਦੋਂ ਮੈਂ ਤੁਹਾਡੇ ਕੋਲ ਆਇਆ ਸਾਂ, ਉਦੋਂ ਮੈਂ ਕਮਜ਼ੋਰ ਤੇ ਡਰਿਆ ਹੋਇਆ ਸਾਂ ਤੇ ਥਰ-ਥਰ ਕੰਬ ਰਿਹਾ ਸਾਂ; 4 ਅਤੇ ਮੈਂ ਤੁਹਾਨੂੰ ਆਪਣੇ ਗਿਆਨ ਨਾਲ ਕਾਇਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਮੇਰੀ ਬੋਲੀ ਅਤੇ ਪ੍ਰਚਾਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਤੇ ਤਾਕਤ ਦਾ ਸਬੂਤ ਸੀ, 5 ਤਾਂਕਿ ਤੁਸੀਂ ਇਨਸਾਨੀ ਬੁੱਧ ਉੱਤੇ ਨਹੀਂ, ਸਗੋਂ ਪਰਮੇਸ਼ੁਰ ਦੀ ਤਾਕਤ ਉੱਤੇ ਨਿਹਚਾ ਕਰੋ।

w08 7/15 27 ਪੈਰਾ 6

ਕੁਰਿੰਥੀਆਂ ਨੂੰ ਲਿਖੀਆਂ ਚਿੱਠੀਆਂ ਦੇ ਖ਼ਾਸ ਨੁਕਤੇ

2:3-5. ਯੂਨਾਨੀ ਫ਼ਲਸਫ਼ੇ ਤੇ ਸਿੱਖਿਆ ਦੇ ਕੇਂਦਰ ਕੁਰਿੰਥੁਸ ਵਿਚ ਗਵਾਹੀ ਦਿੰਦਿਆਂ ਪੌਲੁਸ ਨੇ ਸੋਚਿਆ ਹੋਣਾ ਕਿ ਉਹ ਆਪਣੇ ਸੁਣਨ ਵਾਲਿਆਂ ਨੂੰ ਕਾਇਲ ਕਰ ਸਕੇਗਾ ਜਾਂ ਨਹੀਂ। ਪਰ ਉਸ ਨੇ ਆਪਣੀ ਕਿਸੇ ਵੀ ਕਮਜ਼ੋਰੀ ਜਾਂ ਡਰ ਦੇ ਕਾਰਨ ਪਰਮੇਸ਼ੁਰ ਦਾ ਕੰਮ ਕਰਨਾ ਨਹੀਂ ਛੱਡਿਆ। ਇਸ ਤਰ੍ਹਾਂ ਸਾਨੂੰ ਵੀ ਆਪਣੀ ਕਿਸੇ ਵੀ ਕਮਜ਼ੋਰੀ ਜਾਂ ਡਰ ਦੇ ਕਾਰਨ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਛੱਡਣਾ ਨਹੀਂ ਚਾਹੀਦਾ। ਪੌਲੁਸ ਵਾਂਗ ਅਸੀਂ ਵੀ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਾਂ।

ਬਾਈਬਲ ਪੜ੍ਹਾਈ

(1 ਕੁਰਿੰਥੀਆਂ 1:1-17) ਮੈਨੂੰ ਪੌਲੁਸ ਨੂੰ ਪਰਮੇਸ਼ੁਰ ਦੀ ਇੱਛਾ ਨਾਲ ਯਿਸੂ ਮਸੀਹ ਦਾ ਰਸੂਲ ਬਣਨ ਲਈ ਸੱਦਿਆ ਗਿਆ ਹੈ ਅਤੇ ਸਾਡੇ ਭਰਾ ਸੋਸਥਨੇਸ ਨਾਲ ਮਿਲ ਕੇ 2 ਮੈਂ ਕੁਰਿੰਥੁਸ ਵਿਚ ਪਰਮੇਸ਼ੁਰ ਦੀ ਮੰਡਲੀ ਨੂੰ ਯਾਨੀ ਤੁਹਾਨੂੰ ਚਿੱਠੀ ਲਿਖ ਰਿਹਾ ਹਾਂ ਜਿਨ੍ਹਾਂ ਨੂੰ ਮਸੀਹ ਯਿਸੂ ਦੇ ਚੇਲਿਆਂ ਦੇ ਤੌਰ ਤੇ ਪਵਿੱਤਰ ਕੀਤਾ ਗਿਆ ਹੈ ਅਤੇ ਪਵਿੱਤਰ ਸੇਵਕ ਬਣਨ ਲਈ ਸੱਦਿਆ ਗਿਆ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਵੀ ਲਿਖ ਰਿਹਾ ਹਾਂ ਜਿਹੜੇ ਹਰ ਜਗ੍ਹਾ ਸਾਡੇ ਸਾਰਿਆਂ ਦੇ ਪ੍ਰਭੂ ਯਿਸੂ ਮਸੀਹ ਦਾ ਨਾਂ ਲੈਂਦੇ ਹਨ: 3 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ। 4 ਮੈਂ ਹਮੇਸ਼ਾ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਮਸੀਹ ਯਿਸੂ ਦੇ ਰਾਹੀਂ ਤੁਹਾਡੇ ਉੱਤੇ ਅਪਾਰ ਕਿਰਪਾ ਕੀਤੀ ਹੈ; 5 ਕਿਉਂਕਿ ਮਸੀਹ ਦੇ ਚੇਲੇ ਹੋਣ ਦੇ ਨਾਤੇ ਤੁਹਾਨੂੰ ਸਭ ਕੁਝ ਦਿੱਤਾ ਗਿਆ ਹੈ ਯਾਨੀ ਤੁਹਾਨੂੰ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨ ਦੀ ਪੂਰੀ ਕਾਬਲੀਅਤ ਬਖ਼ਸ਼ੀ ਗਈ ਹੈ ਅਤੇ ਉਸ ਦੇ ਬਚਨ ਦਾ ਪੂਰਾ ਗਿਆਨ ਦਿੱਤਾ ਗਿਆ ਹੈ 6 ਕਿਉਂਕਿ ਮਸੀਹ ਦੀ ਗਵਾਹੀ ਸੁਣ ਕੇ ਤੁਸੀਂ ਮਜ਼ਬੂਤ ਹੋਏ ਹੋ। 7 ਜਿਸ ਕਰਕੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਬੇਸਬਰੀ ਨਾਲ ਉਡੀਕ ਕਰਦੇ ਹੋਏ ਤੁਹਾਡੇ ਕੋਲ ਕਿਸੇ ਵੀ ਵਰਦਾਨ ਦੀ ਘਾਟ ਨਹੀਂ ਹੈ। 8 ਨਾਲੇ ਪਰਮੇਸ਼ੁਰ ਅੰਤ ਤਕ ਤੁਹਾਨੂੰ ਮਜ਼ਬੂਤ ਕਰਦਾ ਰਹੇਗਾ ਤਾਂਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਵਿਚ ਕੋਈ ਵੀ ਤੁਹਾਡੇ ਉੱਤੇ ਕਿਸੇ ਕਾਰਨ ਦੋਸ਼ ਨਾ ਲਾਵੇ। 9 ਪਰਮੇਸ਼ੁਰ ਵਫ਼ਾਦਾਰ ਹੈ ਜਿਸ ਨੇ ਤੁਹਾਨੂੰ ਆਪਣੇ ਪੁੱਤਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਹਿੱਸੇਦਾਰ ਬਣਨ ਲਈ ਸੱਦਿਆ ਹੈ। 10 ਭਰਾਵੋ, ਮੈਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਸਾਰੇ ਆਪਸ ਵਿਚ ਸਹਿਮਤ ਹੋਵੋ ਅਤੇ ਤੁਹਾਡੇ ਵਿਚ ਫੁੱਟ ਨਾ ਪਈ ਹੋਵੇ, ਸਗੋਂ ਤੁਸੀਂ ਇਕ ਮਨ ਹੋਵੋ ਅਤੇ ਇੱਕੋ ਜਿਹੀ ਸੋਚ ਰੱਖੋ। 11 ਕਿਉਂਕਿ ਮੇਰੇ ਭਰਾਵੋ, ਕਲੋਏ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਮੈਨੂੰ ਦੱਸਿਆ ਹੈ ਕਿ ਤੁਹਾਡੇ ਵਿਚ ਝਗੜੇ ਹੁੰਦੇ ਹਨ। 12 ਮੇਰੇ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਵਿੱਚੋਂ ਕੋਈ ਕਹਿੰਦਾ ਹੈ, “ਮੈਂ ਪੌਲੁਸ ਦਾ ਚੇਲਾ ਹਾਂ,” ਕੋਈ ਕਹਿੰਦਾ ਹੈ, “ਮੈਂ ਤਾਂ ਅਪੁੱਲੋਸ ਦਾ ਚੇਲਾ ਹਾਂ,” ਕੋਈ ਹੋਰ ਕਹਿੰਦਾ ਹੈ, “ਮੈਂ ਤਾਂ ਕੇਫ਼ਾਸ ਦਾ ਚੇਲਾ ਹਾਂ,” ਤੇ ਦੂਸਰਾ ਕਹਿੰਦਾ ਹੈ, “ਮੈਂ ਮਸੀਹ ਦਾ ਚੇਲਾ ਹਾਂ।” 13 ਤੁਸੀਂ ਤਾਂ ਮਸੀਹ ਦੀਆਂ ਵੰਡੀਆਂ ਪਾ ਲਈਆਂ ਹਨ। ਕੀ ਪੌਲੁਸ ਨੂੰ ਤੁਹਾਡੀ ਖ਼ਾਤਰ ਸੂਲ਼ੀ ʼਤੇ ਟੰਗਿਆ ਗਿਆ ਸੀ? ਜਾਂ ਕੀ ਤੁਸੀਂ ਪੌਲੁਸ ਦੇ ਨਾਂ ʼਤੇ ਬਪਤਿਸਮਾ ਲਿਆ ਸੀ? 14 ਮੈਂ ਤਾਂ ਸ਼ੁਕਰ ਕਰਦਾ ਹਾਂ ਕਿ ਮੈਂ ਕਰਿਸਪੁਸ ਤੇ ਗਾਉਸ ਨੂੰ ਛੱਡ ਤੁਹਾਡੇ ਵਿੱਚੋਂ ਕਿਸੇ ਨੂੰ ਬਪਤਿਸਮਾ ਨਹੀਂ ਦਿੱਤਾ, 15 ਤਾਂਕਿ ਤੁਹਾਡੇ ਵਿੱਚੋਂ ਕੋਈ ਇਹ ਨਾ ਕਹੇ ਕਿ ਤੁਸੀਂ ਮੇਰੇ ਨਾਂ ʼਤੇ ਬਪਤਿਸਮਾ ਲਿਆ ਸੀ। 16 ਹਾਂ, ਮੈਨੂੰ ਇੰਨਾ ਪਤਾ ਹੈ ਕਿ ਮੈਂ ਸਤਫ਼ਨਾਸ ਦੇ ਪਰਿਵਾਰ ਨੂੰ ਬਪਤਿਸਮਾ ਦਿੱਤਾ ਸੀ। ਬਾਕੀਆਂ ਦੇ ਬਾਰੇ ਤਾਂ ਮੈਨੂੰ ਯਾਦ ਨਹੀਂ ਕਿ ਮੈਂ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਹੋਵੇ। 17 ਕਿਉਂਕਿ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ, ਸਗੋਂ ਖ਼ੁਸ਼ ਖ਼ਬਰੀ ਸੁਣਾਉਣ ਲਈ ਘੱਲਿਆ। ਮੈਂ ਵਿਦਵਾਨਾਂ ਦੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਨਹੀਂ ਸੁਣਾਉਂਦਾ ਕਿਉਂਕਿ ਜੇ ਮੈਂ ਇਸ ਤਰ੍ਹਾਂ ਕਰਾਂਗਾ, ਤਾਂ ਤਸੀਹੇ ਦੀ ਸੂਲ਼ੀ ਉੱਤੇ ਮਸੀਹ ਦਾ ਮਰਨਾ ਵਿਅਰਥ ਸਾਬਤ ਹੋਵੇਗਾ।

25-31 ਮਾਰਚ

ਰੱਬ ਦਾ ਬਚਨ ਖ਼ਜ਼ਾਨਾ ਹੈ | 1 ਕੁਰਿੰਥੀਆਂ 4-6

“ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ”

(1 ਕੁਰਿੰਥੀਆਂ 5:1, 2) ਅਸਲ ਵਿਚ ਮੈਨੂੰ ਖ਼ਬਰ ਮਿਲੀ ਹੈ ਕਿ ਤੁਹਾਡੇ ਵਿਚ ਹਰਾਮਕਾਰੀ ਹੁੰਦੀ ਹੈ ਅਤੇ ਇਹੋ ਜਿਹੀ ਹਰਾਮਕਾਰੀ ਦੁਨੀਆਂ ਦੇ ਲੋਕਾਂ ਵਿਚ ਵੀ ਨਹੀਂ ਹੁੰਦੀ ਕਿ ਕਿਸੇ ਨੇ ਆਪਣੇ ਹੀ ਪਿਤਾ ਦੀ ਪਤਨੀ ਨੂੰ ਰੱਖਿਆ ਹੋਇਆ ਹੈ। 2 ਅਤੇ ਕੀ ਤੁਹਾਨੂੰ ਇਸ ਗੱਲ ʼਤੇ ਘਮੰਡ ਹੈ? ਤੁਹਾਨੂੰ ਤਾਂ ਇਸ ਗੱਲ ʼਤੇ ਸ਼ਰਮ ਆਉਣੀ ਚਾਹੀਦੀ ਹੈ ਅਤੇ ਅਫ਼ਸੋਸ ਹੋਣਾ ਚਾਹੀਦਾ ਹੈ। ਤੁਹਾਨੂੰ ਅਜਿਹੇ ਕੰਮ ਕਰਨ ਵਾਲੇ ਆਦਮੀ ਨੂੰ ਆਪਣੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ।

(1 ਕੁਰਿੰਥੀਆਂ 5:5-8) ਉਸ ਆਦਮੀ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਓ ਤਾਂਕਿ ਮੰਡਲੀ ਵਿੱਚੋਂ ਉਸ ਦਾ ਬੁਰਾ ਅਸਰ ਖ਼ਤਮ ਹੋ ਜਾਵੇ ਅਤੇ ਪ੍ਰਭੂ ਦੇ ਦਿਨ ਵਿਚ ਮੰਡਲੀ ਦਾ ਸਹੀ ਰਵੱਈਆ ਬਣਿਆ ਰਹੇ। 6 ਤੁਹਾਡਾ ਇਸ ਗੱਲ ʼਤੇ ਘਮੰਡ ਕਰਨਾ ਠੀਕ ਨਹੀਂ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ? 7 ਖਮੀਰ ਵਾਲੀ ਪੁਰਾਣੀ ਤੌਣ ਨੂੰ ਸੁੱਟ ਦਿਓ ਤਾਂਕਿ ਤੁਸੀਂ ਨਵੀਂ ਤੌਣ ਬਣ ਸਕੋ ਕਿਉਂਕਿ ਤੁਹਾਡੇ ਵਿਚ ਖਮੀਰ ਬਿਲਕੁਲ ਨਹੀਂ ਹੋਣਾ ਚਾਹੀਦਾ। ਅਸਲ ਵਿਚ, ਪਸਾਹ ਦੇ ਲੇਲੇ ਯਿਸੂ ਦੀ ਕੁਰਬਾਨੀ ਦਿੱਤੀ ਜਾ ਚੁੱਕੀ ਹੈ। 8 ਇਸ ਲਈ ਤੁਸੀਂ ਇਹ ਤਿਉਹਾਰ ਖਮੀਰ ਵਾਲੀ ਪੁਰਾਣੀ ਤੌਣ ਅਤੇ ਬੁਰਾਈ ਤੇ ਦੁਸ਼ਟਤਾ ਦੇ ਖਮੀਰ ਨਾਲ ਨਹੀਂ, ਸਗੋਂ ਸਾਫ਼ਦਿਲੀ ਅਤੇ ਸੱਚ ਦੀ ਬੇਖਮੀਰੀ ਰੋਟੀ ਨਾਲ ਮਨਾਓ।

(1 ਕੁਰਿੰਥੀਆਂ 5:13) ਜਦ ਕਿ ਪਰਮੇਸ਼ੁਰ ਬਾਹਰਲਿਆਂ ਦਾ ਨਿਆਂ ਕਰਦਾ ਹੈ? ਧਰਮ-ਗ੍ਰੰਥ ਵਿਚ ਲਿਖਿਆ ਹੈ: “ਆਪਣੇ ਵਿੱਚੋਂ ਦੁਸ਼ਟ ਇਨਸਾਨ ਨੂੰ ਕੱਢ ਦਿਓ।”

it-2 230

ਖਮੀਰ

ਪੌਲੁਸ ਰਸੂਲ ਨੇ ਇਹ ਮਿਸਾਲ ਵਰਤ ਕੇ ਕੁਰਿੰਥੁਸ ਦੇ ਮਸੀਹੀਆਂ ਨੂੰ ਹਰਾਮਕਾਰੀ ਕਰਨ ਵਾਲੇ ਆਦਮੀ ਨੂੰ ਮੰਡਲੀ ਵਿੱਚੋਂ ਛੇਕ ਦੇਣ ਦਾ ਹੁਕਮ ਦਿੱਤਾ ਸੀ। ਉਸ ਨੇ ਕਿਹਾ: “ਕੀ ਤੁਸੀਂ ਨਹੀਂ ਜਾਣਦੇ ਕਿ ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ? ਖਮੀਰ ਵਾਲੀ ਪੁਰਾਣੀ ਤੌਣ ਨੂੰ ਸੁੱਟ ਦਿਓ ਤਾਂਕਿ ਤੁਸੀਂ ਨਵੀਂ ਤੌਣ ਬਣ ਸਕੋ ਕਿਉਂਕਿ ਤੁਹਾਡੇ ਵਿਚ ਖਮੀਰ ਬਿਲਕੁਲ ਨਹੀਂ ਹੋਣਾ ਚਾਹੀਦਾ। ਅਸਲ ਵਿਚ, ਪਸਾਹ ਦੇ ਲੇਲੇ ਯਿਸੂ ਦੀ ਕੁਰਬਾਨੀ ਦਿੱਤੀ ਜਾ ਚੁੱਕੀ ਹੈ।” ਫਿਰ ਉਸ ਨੇ ਸਾਫ਼-ਸਾਫ਼ ਦਿਖਾਇਆ ਕਿ “ਖਮੀਰ” ਦਾ ਕੀ ਮਤਲਬ ਹੈ: “ਇਸ ਲਈ ਤੁਸੀਂ ਇਹ ਤਿਉਹਾਰ ਖਮੀਰ ਵਾਲੀ ਪੁਰਾਣੀ ਤੌਣ ਅਤੇ ਬੁਰਾਈ ਤੇ ਦੁਸ਼ਟਤਾ ਦੇ ਖਮੀਰ ਨਾਲ ਨਹੀਂ, ਸਗੋਂ ਸਾਫ਼ਦਿਲੀ ਅਤੇ ਸੱਚ ਦੀ ਬੇਖਮੀਰੀ ਰੋਟੀ ਨਾਲ ਮਨਾਓ।” (1 ਕੁਰਿੰ 5:6-8) ਪੌਲੁਸ ਇੱਥੇ ਪਸਾਹ ਦੇ ਤਿਉਹਾਰ ਤੋਂ ਬਾਅਦ ਯਹੂਦੀਆਂ ਵੱਲੋਂ ਮਨਾਏ ਜਾਂਦੇ ਬੇਖਮੀਰੀ ਰੋਟੀ ਦੇ ਤਿਉਹਾਰ ਦੀ ਮਿਸਾਲ ਦੇ ਕੇ ਸਮਝਾ ਰਿਹਾ ਸੀ। ਜਿਸ ਤਰ੍ਹਾਂ ਥੋੜ੍ਹੇ ਜਿਹੇ ਖਮੀਰ ਨਾਲ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ, ਉਸੇ ਤਰ੍ਹਾਂ ਜੇ ਹਰਾਮਕਾਰੀ ਕਰਨ ਵਾਲੇ ਆਦਮੀ ਨੂੰ ਮੰਡਲੀ ਵਿੱਚੋਂ ਨਾ ਛੇਕਿਆ ਜਾਵੇ, ਤਾਂ ਪੂਰੀ ਮੰਡਲੀ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੋ ਜਾਂਦੀ ਹੈ। ਜਿਸ ਤਰ੍ਹਾਂ ਤਿਉਹਾਰ ਦੇ ਸਮੇਂ ਇਜ਼ਰਾਈਲੀ ਘਰ ਵਿਚ ਖਮੀਰ ਵਾਲੀ ਕੋਈ ਵੀ ਚੀਜ਼ ਨਹੀਂ ਰੱਖਦੇ ਸਨ, ਉਸੇ ਤਰ੍ਹਾਂ ਮਸੀਹੀਆਂ ਨੂੰ ਮੰਡਲੀ ਵਿੱਚੋਂ “ਖਮੀਰ” ਨੂੰ ਕੱਢਣ ਦੀ ਲੋੜ ਸੀ।

it-2 869-870

ਸ਼ੈਤਾਨ

“ਆਦਮੀ ਨੂੰ ਸ਼ੈਤਾਨ ਦੇ ਹਵਾਲੇ ਕਰ” ਦੇਣ ਦਾ ਕੀ ਮਤਲਬ ਹੈ?

ਪੌਲੁਸ ਰਸੂਲ ਨੇ ਕੁਰਿੰਥੁਸ ਦੀ ਮੰਡਲੀ ਨੂੰ ਉਸ ਆਦਮੀ ਖ਼ਿਲਾਫ਼ ਕਦਮ ਚੁੱਕਣ ਲਈ ਕਿਹਾ ਜੋ ਆਪਣੇ ਪਿਤਾ ਦੀ ਪਤਨੀ ਨਾਲ ਹਰਾਮਕਾਰੀ ਕਰ ਰਿਹਾ ਸੀ। ਉਸ ਨੇ ਲਿਖਿਆ: “ਉਸ ਆਦਮੀ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਓ।” (1 ਕੁਰਿੰ 5:5) ਪੌਲੁਸ ਨੇ ਇਹ ਹੁਕਮ ਦਿੱਤਾ ਸੀ ਕਿ ਉਸ ਆਦਮੀ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਵੇ ਯਾਨੀ ਉਸ ਨਾਲ ਕੋਈ ਵਾਸਤਾ ਨਾ ਰੱਖਿਆ ਜਾਵੇ। (1 ਕੁਰਿੰ 5:13) ਸ਼ੈਤਾਨ ਦੇ ਹਵਾਲੇ ਕਰ ਦੇਣ ਦਾ ਮਤਲਬ ਹੈ, ਉਸ ਨੂੰ ਮੰਡਲੀ ਵਿੱਚੋਂ ਛੇਕ ਦੇਣਾ ਅਤੇ ਛੇਕੇ ਜਾਣ ਤੋਂ ਬਾਅਦ ਉਹ ਉਸ ਦੁਨੀਆਂ ਦਾ ਹਿੱਸਾ ਬਣ ਜਾਂਦਾ ਹੈ ਜਿਸ ਦਾ ਈਸ਼ਵਰ ਅਤੇ ਰਾਜਾ ਸ਼ੈਤਾਨ ਹੈ। ਜਿਸ ਤਰ੍ਹਾਂ “ਆਟੇ ਦੀ ਪੂਰੀ ਤੌਣ” ਵਿਚ “ਥੋੜ੍ਹੇ ਜਿਹੇ ਖਮੀਰ” ਦਾ ਅਸਰ ਹੁੰਦਾ ਸੀ, ਉਸੇ ਤਰ੍ਹਾਂ ਇਸ ਇਕ ਆਦਮੀ ਦਾ ਮੰਡਲੀ ʼਤੇ “ਬੁਰਾ ਅਸਰ” ਹੁੰਦਾ ਸੀ। ਮੰਡਲੀ ਵਿੱਚੋਂ ਕੱਢਣ ਕਰਕੇ ਉਸ ਦਾ “ਬੁਰਾ ਅਸਰ” ਖ਼ਤਮ ਹੋ ਜਾਣਾ ਸੀ। (1 ਕੁਰਿੰ 5:6, 7) ਇਸੇ ਤਰ੍ਹਾਂ ਪੌਲੁਸ ਨੇ ਹਮਿਨਾਉਸ ਅਤੇ ਸਿਕੰਦਰ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਕਿਉਂਕਿ ਉਨ੍ਹਾਂ ਦੀ ਜ਼ਮੀਰ ਸਾਫ਼ ਨਹੀਂ ਰਹੀ ਸੀ ਅਤੇ ਉਨ੍ਹਾਂ ਦੀ ਨਿਹਚਾ ਦੀ ਬੇੜੀ ਡੁੱਬ ਗਈ ਸੀ।​—1 ਤਿਮੋ 1:20.

(1 ਕੁਰਿੰਥੀਆਂ 5:9-11) ਮੈਂ ਆਪਣੀ ਚਿੱਠੀ ਵਿਚ ਲਿਖਿਆ ਸੀ ਕਿ ਤੁਸੀਂ ਹਰਾਮਕਾਰਾਂ ਨਾਲ ਸੰਗਤ ਕਰਨੀ ਛੱਡ ਦਿਓ। 10 ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਤੁਸੀਂ ਦੁਨੀਆਂ ਦੇ ਹਰਾਮਕਾਰਾਂ ਜਾਂ ਲੋਭੀਆਂ ਜਾਂ ਦੂਸਰਿਆਂ ਨੂੰ ਲੁੱਟਣ ਵਾਲਿਆਂ ਜਾਂ ਮੂਰਤੀ-ਪੂਜਕਾਂ ਨਾਲ ਸੰਗਤ ਕਰਨੀ ਪੂਰੀ ਤਰ੍ਹਾਂ ਛੱਡ ਦਿਓ ਕਿਉਂਕਿ ਇੱਦਾਂ ਤਾਂ ਫਿਰ ਤੁਹਾਨੂੰ ਦੁਨੀਆਂ ਹੀ ਛੱਡਣੀ ਪਵੇਗੀ। 11 ਪਰ ਮੈਂ ਤੁਹਾਨੂੰ ਇਹ ਲਿਖ ਰਿਹਾ ਹਾਂ ਕਿ ਜੇ ਕੋਈ ਭਰਾ ਹਰਾਮਕਾਰ ਜਾਂ ਲੋਭੀ ਜਾਂ ਮੂਰਤੀ-ਪੂਜਕ ਜਾਂ ਗਾਲ਼ਾਂ ਕੱਢਣ ਵਾਲਾ ਜਾਂ ਸ਼ਰਾਬੀ ਜਾਂ ਦੂਸਰਿਆਂ ਨੂੰ ਲੁੱਟਣ ਵਾਲਾ ਹੋਵੇ, ਤਾਂ ਤੁਸੀਂ ਉਸ ਨਾਲ ਸੰਗਤ ਕਰਨੀ ਛੱਡ ਦਿਓ, ਇੱਥੋਂ ਤਕ ਕਿ ਉਸ ਨਾਲ ਰੋਟੀ ਵੀ ਨਾ ਖਾਓ।

lv 34 ਪੈਰਾ 19

ਯਹੋਵਾਹ ਦੇ ਪ੍ਰੇਮੀਆਂ ਨਾਲ ਪ੍ਰੇਮ ਕਰੋ

19 ਜੇ ਮੰਡਲੀ ਦਾ ਕੋਈ ਮੈਂਬਰ ਬਿਨਾਂ ਪਛਤਾਏ ਯਹੋਵਾਹ ਦੇ ਹੁਕਮ ਤੋੜਦਾ ਹੈ ਜਾਂ ਫਿਰ ਝੂਠੀਆਂ ਸਿੱਖਿਆਵਾਂ ਫੈਲਾਉਂਦਾ ਹੈ, ਉਸ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਜਾਂ ਕੋਈ ਮਸੀਹੀ ਕਿਸੇ ਕਾਰਨ ਕਰਕੇ ਮੰਡਲੀ ਨਾਲੋਂ ਨਾਤਾ ਤੋੜ ਲੈਂਦਾ ਹੈ। ਸਾਨੂੰ ਅਜਿਹੇ ਵਿਅਕਤੀ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ। ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਕਹਿੰਦਾ ਹੈ ਕਿ ਅਸੀਂ ‘ਉਸ ਨਾਲ ਸੰਗਤ ਕਰਨੀ ਛੱਡ ਦੇਈਏ।’ (1 ਕੁਰਿੰਥੀਆਂ 5:11-13 ਪੜ੍ਹੋ; 2 ਯੂਹੰਨਾ 9-11) ਸਾਡੇ ਲਈ ਇਸ ਸਲਾਹ ʼਤੇ ਚੱਲਣਾ ਸ਼ਾਇਦ ਮੁਸ਼ਕਲ ਹੋਵੇ ਕਿਉਂਕਿ ਉਹ ਮੈਂਬਰ ਸਾਡਾ ਦੋਸਤ ਜਾਂ ਰਿਸ਼ਤੇਦਾਰ ਹੋ ਸਕਦਾ ਹੈ। ਪਰ ਜੇ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਹਾਂ ਅਤੇ ਉਸ ਦੇ ਹੁਕਮਾਂ ʼਤੇ ਚੱਲਦੇ ਹਾਂ, ਤਾਂ ਅਸੀਂ ਇਸ ਸਲਾਹ ʼਤੇ ਜ਼ਰੂਰ ਚੱਲਾਂਗੇ। ਯਾਦ ਰੱਖੋ ਕਿ ਯਹੋਵਾਹ ਲਈ ਵਫ਼ਾਦਾਰੀ ਅਤੇ ਆਗਿਆਕਾਰੀ ਬਹੁਤ ਮਾਅਨੇ ਰੱਖਦੀ ਹੈ।

ਹੀਰੇ-ਮੋਤੀਆਂ ਦੀ ਖੋਜ ਕਰੋ

(1 ਕੁਰਿੰਥੀਆਂ 4:9) ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ੁਰ ਸਾਨੂੰ ਰਸੂਲਾਂ ਨੂੰ ਉਨ੍ਹਾਂ ਲੋਕਾਂ ਵਾਂਗ ਅਖ਼ੀਰ ਵਿਚ ਨੁਮਾਇਸ਼ ਦੇ ਤੌਰ ਤੇ ਸਟੇਡੀਅਮ ਵਿਚ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਸਾਰੀ ਦੁਨੀਆਂ ਦੀਆਂ ਨਜ਼ਰਾਂ ਸਾਡੇ ਉੱਤੇ ਲੱਗੀਆਂ ਹੋਈਆਂ ਹਨ, ਦੂਤਾਂ ਦੀਆਂ ਅਤੇ ਇਨਸਾਨਾਂ ਦੀਆਂ।

w09 5/15 24 ਪੈਰਾ 16

ਸੇਵਾ ਕਰ ਰਹੇ ਦੂਤ

16 ਅਜ਼ਮਾਇਸ਼ਾਂ ਦੇ ਅਧੀਨ ਮਸੀਹੀ ‘ਦੂਤਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ’ ਹਨ। (1 ਕੁਰਿੰ. 4:9) ਦੂਤ ਸਾਡੀ ਵਫ਼ਾਦਾਰੀ ਦੇ ਕੰਮਾਂ ਨੂੰ ਦੇਖ ਕੇ ਖ਼ੁਸ਼ ਹੁੰਦੇ ਹਨ ਅਤੇ ਉਹ ਉਦੋਂ ਵੀ ਖ਼ੁਸ਼ ਹੁੰਦੇ ਹਨ ਜਦੋਂ ਕੋਈ ਪਾਪੀ ਤੋਬਾ ਕਰ ਕੇ ਪਰਮੇਸ਼ੁਰ ਵੱਲ ਮੁੜਦਾ ਹੈ। (ਲੂਕਾ 15:10) ਦੂਤ ਮਸੀਹੀ ਭੈਣਾਂ ਦਾ ਅਦਬ ਵਾਲਾ ਚਾਲ-ਚਲਣ ਵੀ ਦੇਖਦੇ ਹਨ। ਬਾਈਬਲ ਦੱਸਦੀ ਹੈ ਕਿ “ਇਸਤ੍ਰੀ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਇਖ਼ਤਿਆਰ ਦਾ ਨਿਸ਼ਾਨ ਰੱਖੇ।” (1 ਕੁਰਿੰ. 11:3, 10) ਜੀ ਹਾਂ, ਦੂਤ ਖ਼ੁਸ਼ ਹੁੰਦੇ ਹਨ ਜਦੋਂ ਉਹ ਮਸੀਹੀ ਭੈਣਾਂ ਅਤੇ ਹੋਰ ਭਗਤਾਂ ਨੂੰ ਪਰਮੇਸ਼ੁਰ ਦੇ ਸਾਰੇ ਇੰਤਜ਼ਾਮਾਂ ਅਤੇ ਅਧਿਕਾਰ ਅਨੁਸਾਰ ਚੱਲਦਿਆਂ ਦੇਖਦੇ ਹਨ। ਇਹ ਦੇਖ ਕੇ ਉਨ੍ਹਾਂ ਨੂੰ ਚੇਤਾ ਰਹਿੰਦਾ ਹੈ ਕਿ ਉਨ੍ਹਾਂ ਨੂੰ ਵੀ ਪਰਮੇਸ਼ੁਰ ਪ੍ਰਤਿ ਆਗਿਆਕਾਰ ਰਹਿਣ ਦੀ ਲੋੜ ਹੈ।

(1 ਕੁਰਿੰਥੀਆਂ 6:3) ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਤਾਂ ਫਿਰ ਅਸੀਂ ਇਸ ਜ਼ਿੰਦਗੀ ਦੇ ਮਸਲਿਆਂ ਦਾ ਨਿਆਂ ਕਿਉਂ ਨਹੀਂ ਕਰ ਸਕਦੇ?

it-2 211

ਕਾਨੂੰਨ

ਦੂਤਾਂ ਲਈ ਕਾਨੂੰਨ। ਦੂਤ, ਜੋ ਇਨਸਾਨਾਂ ਨਾਲੋਂ ਉੱਤਮ ਹਨ, ਪਰਮੇਸ਼ੁਰ ਦੇ ਕਾਨੂੰਨਾਂ ਅਤੇ ਹੁਕਮਾਂ ਦੇ ਅਧੀਨ ਰਹਿੰਦੇ ਹਨ। (ਇਬ 1:7, 14; ਜ਼ਬੂ 104:4) ਯਹੋਵਾਹ ਨੇ ਤਾਂ ਆਪਣੇ ਦੁਸ਼ਮਣ ਸ਼ੈਤਾਨ ਨੂੰ ਵੀ ਹੁਕਮ ਦਿੱਤਾ ਸੀ ਅਤੇ ਉਸ ਉੱਤੇ ਰੋਕ ਲਗਾਈ ਸੀ। (ਅੱਯੂ 1:12; 2:6) ਮਹਾਂ ਦੂਤ ਮੀਕਾਏਲ ਜਾਣਦਾ ਸੀ ਕਿ ਯਹੋਵਾਹ ਹੀ ਸਭ ਤੋਂ ਵੱਡਾ ਨਿਆਂਕਾਰ ਹੈ ਅਤੇ ਉਹ ਪਰਮੇਸ਼ੁਰ ਦੇ ਇਸ ਅਹੁਦੇ ਦਾ ਆਦਰ ਕਰਦਾ ਸੀ। ਇਸੇ ਕਰਕੇ ਸ਼ੈਤਾਨ ਨਾਲ ਕਿਸੇ ਮਸਲੇ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ: “ਯਹੋਵਾਹ ਹੀ ਤੈਨੂੰ ਝਿੜਕੇ।” (ਯਹੂ 9; ਜ਼ਕ 3:2) ਯਹੋਵਾਹ ਨੇ ਸਾਰੇ ਦੂਤਾਂ ਨੂੰ ਮਹਿਮਾਵਾਨ ਯਿਸੂ ਮਸੀਹ ਦੇ ਅਧੀਨ ਕੀਤਾ ਹੈ। (ਇਬ 1:6; 1 ਪਤ 3:22; ਮੱਤੀ 13:41; 25:31; ਫ਼ਿਲਿ 2:9-11) ਇਸੇ ਕਰਕੇ ਯਿਸੂ ਦੇ ਹੁਕਮ ʼਤੇ ਇਕ ਦੂਤ ਯੂਹੰਨਾ ਕੋਲ ਗਿਆ। (ਪ੍ਰਕਾ 1:1) ਪਰ 1 ਕੁਰਿੰਥੀਆਂ 6:3 ਵਿਚ ਪੌਲੁਸ ਰਸੂਲ ਮਸੀਹ ਦੇ ਭਰਾਵਾਂ ਬਾਰੇ ਕਹਿੰਦਾ ਹੈ ਕਿ ਉਨ੍ਹਾਂ ਨੂੰ ਦੂਤਾਂ ਦਾ ਨਿਆਂ ਕਰਨ ਲਈ ਠਹਿਰਾਇਆ ਗਿਆ ਹੈ ਕਿਉਂਕਿ ਉਹ ਦੁਸ਼ਟ ਦੂਤਾਂ ਨੂੰ ਸਜ਼ਾ ਦੇਣ ਦੇ ਕੰਮ ਵਿਚ ਹਿੱਸਾ ਲੈਣਗੇ।

ਬਾਈਬਲ ਪੜ੍ਹਾਈ

(1 ਕੁਰਿੰਥੀਆਂ 6:1-14) 6 ਜਦੋਂ ਤੁਹਾਡੇ ਵਿੱਚੋਂ ਕਿਸੇ ਦਾ ਕਿਸੇ ਹੋਰ ਭਰਾ ਨਾਲ ਕੋਈ ਝਗੜਾ ਹੁੰਦਾ ਹੈ, ਤਾਂ ਤੁਸੀਂ ਨਿਆਂ ਵਾਸਤੇ ਪਵਿੱਤਰ ਸੇਵਕਾਂ ਕੋਲ ਜਾਣ ਦੀ ਬਜਾਇ ਅਦਾਲਤ ਵਿਚ ਅਧਰਮੀ ਲੋਕਾਂ ਸਾਮ੍ਹਣੇ ਜਾਣ ਦਾ ਹੀਆ ਕਿਉਂ ਕਰਦੇ ਹੋ? 2 ਜਾਂ ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਪਵਿੱਤਰ ਸੇਵਕ ਦੁਨੀਆਂ ਦਾ ਨਿਆਂ ਕਰਨਗੇ? ਅਤੇ ਜੇ ਤੁਸੀਂ ਦੁਨੀਆਂ ਦਾ ਨਿਆਂ ਕਰਨਾ ਹੈ, ਤਾਂ ਕੀ ਤੁਸੀਂ ਛੋਟੇ-ਮੋਟੇ ਮਸਲਿਆਂ ਨੂੰ ਹੱਲ ਕਰਨ ਦੇ ਕਾਬਲ ਨਹੀਂ ਹੋ? 3 ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਤਾਂ ਫਿਰ ਅਸੀਂ ਇਸ ਜ਼ਿੰਦਗੀ ਦੇ ਮਸਲਿਆਂ ਦਾ ਨਿਆਂ ਕਿਉਂ ਨਹੀਂ ਕਰ ਸਕਦੇ? 4 ਜੇ ਤੁਹਾਨੂੰ ਇਸ ਜ਼ਿੰਦਗੀ ਦੇ ਮਸਲਿਆਂ ਨੂੰ ਹੱਲ ਕਰਨ ਦੀ ਲੋੜ ਹੈ, ਤਾਂ ਤੁਸੀਂ ਇਸ ਵਾਸਤੇ ਮੰਡਲੀ ਤੋਂ ਬਾਹਰਲੇ ਲੋਕਾਂ ਨੂੰ ਆਪਣੇ ਨਿਆਂਕਾਰ ਕਿਉਂ ਬਣਾਉਂਦੇ ਹੋ? 5 ਮੈਂ ਤੁਹਾਡੇ ਨਾਲ ਇਸ ਲਈ ਗੱਲ ਕਰ ਰਿਹਾ ਹਾਂ ਤਾਂਕਿ ਤੁਹਾਨੂੰ ਸ਼ਰਮ ਆਵੇ। ਕੀ ਤੁਹਾਡੇ ਵਿਚ ਕੋਈ ਵੀ ਬੁੱਧੀਮਾਨ ਨਹੀਂ ਹੈ ਜਿਹੜਾ ਆਪਣੇ ਭਰਾਵਾਂ ਦਾ ਨਿਆਂ ਕਰ ਸਕੇ? 6 ਇਸ ਦੀ ਬਜਾਇ, ਭਰਾ ਹੀ ਭਰਾ ਨੂੰ ਅਦਾਲਤ ਵਿਚ ਘੜੀਸਦਾ ਹੈ ਅਤੇ ਉਹ ਵੀ ਉਨ੍ਹਾਂ ਸਾਮ੍ਹਣੇ ਜਿਹੜੇ ਯਿਸੂ ਉੱਤੇ ਨਿਹਚਾ ਨਹੀਂ ਕਰਦੇ! 7 ਅਸਲ ਵਿਚ, ਜਦੋਂ ਤੁਸੀਂ ਇਕ-ਦੂਜੇ ਉੱਤੇ ਮੁਕੱਦਮੇ ਕਰਦੇ ਹੋ, ਤਾਂ ਤੁਹਾਡੀ ਪਹਿਲਾਂ ਹੀ ਹਾਰ ਹੋ ਚੁੱਕੀ ਹੁੰਦੀ ਹੈ। ਇਸ ਦੀ ਬਜਾਇ ਤੁਸੀਂ ਆਪ ਹੀ ਬੇਇਨਸਾਫ਼ੀ ਕਿਉਂ ਨਹੀਂ ਸਹਿ ਲੈਂਦੇ? ਤੁਸੀਂ ਠੱਗੀ ਕਿਉਂ ਨਹੀਂ ਸਹਾਰ ਲੈਂਦੇ? 8 ਤੁਸੀਂ ਤਾਂ ਆਪ ਸਗੋਂ ਬੇਇਨਸਾਫ਼ੀ ਤੇ ਠੱਗੀ ਕਰਦੇ ਹੋ ਅਤੇ ਉਹ ਵੀ ਆਪਣੇ ਹੀ ਭਰਾਵਾਂ ਨਾਲ। 9 ਕੀ ਤੁਸੀਂ ਨਹੀਂ ਜਾਣਦੇ ਕਿ ਅਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ? ਧੋਖਾ ਨਾ ਖਾਓ। ਨਾ ਹਰਾਮਕਾਰ, ਨਾ ਮੂਰਤੀ-ਪੂਜਕ, ਨਾ ਗ਼ੈਰ ਆਦਮੀ ਜਾਂ ਤੀਵੀਂ ਨਾਲ ਸੰਬੰਧ ਰੱਖਣ ਵਾਲੇ, ਨਾ ਜਨਾਨੜੇ, ਨਾ ਮੁੰਡੇਬਾਜ਼, 10 ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲ਼ਾਂ ਕੱਢਣ ਵਾਲੇ ਤੇ ਨਾ ਹੀ ਦੂਸਰਿਆਂ ਨੂੰ ਲੁੱਟਣ ਵਾਲੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਬਣਨਗੇ। 11 ਤੁਹਾਡੇ ਵਿੱਚੋਂ ਕੁਝ ਪਹਿਲਾਂ ਅਜਿਹੇ ਹੀ ਸਨ। ਪਰ ਹੁਣ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਅਤੇ ਸਾਡੇ ਪਰਮੇਸ਼ੁਰ ਦੀ ਸ਼ਕਤੀ ਨਾਲ ਸ਼ੁੱਧ ਤੇ ਪਵਿੱਤਰ ਕੀਤਾ ਗਿਆ ਹੈ ਅਤੇ ਧਰਮੀ ਠਹਿਰਾਇਆ ਗਿਆ ਹੈ। 12 ਸਾਰੀਆਂ ਚੀਜ਼ਾਂ ਮੇਰੇ ਲਈ ਜਾਇਜ਼ ਹਨ, ਪਰ ਸਾਰੀਆਂ ਚੀਜ਼ਾਂ ਫ਼ਾਇਦੇਮੰਦ ਨਹੀਂ। ਸਾਰੀਆਂ ਚੀਜ਼ਾਂ ਮੇਰੇ ਲਈ ਜਾਇਜ਼ ਹਨ, ਪਰ ਮੈਂ ਕਿਸੇ ਵੀ ਚੀਜ਼ ਦਾ ਗ਼ੁਲਾਮ ਨਹੀਂ ਬਣਾਂਗਾ। 13 ਭੋਜਨ ਢਿੱਡ ਲਈ ਅਤੇ ਢਿੱਡ ਭੋਜਨ ਲਈ ਹੁੰਦਾ ਹੈ; ਪਰ ਪਰਮੇਸ਼ੁਰ ਇਨ੍ਹਾਂ ਦੋਵਾਂ ਨੂੰ ਖ਼ਤਮ ਕਰੇਗਾ। ਸਰੀਰ ਨੂੰ ਹਰਾਮਕਾਰੀ ਕਰਨ ਵਾਸਤੇ ਨਹੀਂ ਵਰਤਿਆ ਜਾਣਾ ਚਾਹੀਦਾ, ਸਗੋਂ ਇਸ ਨੂੰ ਪ੍ਰਭੂ ਦੇ ਕੰਮ ਲਈ ਵਰਤਿਆ ਜਾਣਾ ਚਾਹੀਦਾ ਹੈ ਅਤੇ ਪ੍ਰਭੂ ਸਰੀਰ ਦੀ ਦੇਖ-ਭਾਲ ਕਰਦਾ ਹੈ। 14 ਪਰ ਪਰਮੇਸ਼ੁਰ ਨੇ ਆਪਣੀ ਤਾਕਤ ਨਾਲ ਪ੍ਰਭੂ ਨੂੰ ਜੀਉਂਦਾ ਕੀਤਾ ਸੀ ਅਤੇ ਉਹ ਸਾਨੂੰ ਵੀ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕਰੇਗਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ