ਕੀ ਤੁਸੀਂ ਉੱਥੇ ਹੋਵੋਗੇ?
1 ਇਕ ਤਜਰਬੇਕਾਰ ਭਰਾ ਨੇ ਕਿਹਾ: “ਜੇ ਤੁਸੀਂ ਸੰਮੇਲਨ ਦੇ ਪਹਿਲੇ ਦਿਨ ਨਹੀਂ ਆਉਂਦੇ, ਤਾਂ ਸਮਝੋ ਕਿ ਤੁਸੀਂ ਬਹੁਤ ਕੁਝ ਗੁਆ ਦਿੱਤਾ ਹੈ!” ਉਸ ਨੇ ਅਜਿਹਾ ਕਿਉਂ ਮਹਿਸੂਸ ਕੀਤਾ? ਯਹੋਵਾਹ ਦੇ ਸੰਗਠਨ ਵੱਲੋਂ ਤਿਆਰ ਕੀਤੀ ਗਈ ਵੱਡੀ ਅਧਿਆਤਮਿਕ ਦਾਅਵਤ ਪਹਿਲੇ ਦਿਨ ਸ਼ੁਰੂ ਹੁੰਦੀ ਹੈ। (ਯਸਾ. 25:6) ਇਸ ਲਈ, ਸੰਮੇਲਨ ਵਿਚ ਪਹਿਲੇ ਦਿਨ ਹਾਜ਼ਰ ਹੋ ਕੇ ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਆਪਣੇ ਜਜ਼ਬਾਤ ਜ਼ਾਹਰ ਕਰ ਸਕਾਂਗੇ: “ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ, ਭਈ ਯਹੋਵਾਹ ਦੇ ਘਰ ਨੂੰ ਚੱਲੀਏ!”—ਜ਼ਬੂ. 122:1.
2 ਪਿਛਲੇ ਸਾਲ “ਪਰਮੇਸ਼ੁਰ ਦਾ ਅਗੰਮ ਵਾਕ” ਨਾਮਕ ਕੁਝ ਸੰਮੇਲਨਾਂ ਵਿਚ ਸ਼ਨੀਵਾਰ ਤੇ ਐਤਵਾਰ ਦੀ ਬਜਾਇ ਸ਼ੁੱਕਰਵਾਰ ਕਾਫ਼ੀ ਘੱਟ ਲੋਕ ਆਏ ਸਨ। ਇਸ ਦਾ ਮਤਲਬ ਕਿ ਸਾਡੇ ਬਹੁਤ ਸਾਰੇ ਭੈਣ-ਭਰਾ ਉਨ੍ਹਾਂ ਭਾਸ਼ਣਾਂ ਨੂੰ ਨਹੀਂ ਸੁਣ ਸਕੇ ਜਿਨ੍ਹਾਂ ਵਿਚ ਅਗੰਮ ਵਾਕ ਬਾਰੇ ਬਹੁਤ ਅਹਿਮ ਜਾਣਕਾਰੀ ਦਿੱਤੀ ਗਈ ਸੀ। ਉਹ ਆਪਣੇ ਭੈਣ-ਭਰਾਵਾਂ ਦੀ ਵਧੀਆ ਸੰਗਤੀ ਦਾ ਵੀ ਆਨੰਦ ਨਾ ਮਾਣ ਸਕੇ।
3 ਆਪਣੀ ਨੌਕਰੀ ਨੂੰ ਰੁਕਾਵਟ ਨਾ ਬਣਨ ਦਿਓ: ਕੁਝ ਭੈਣ-ਭਰਾ ਸ਼ਾਇਦ ਸ਼ੁੱਕਰਵਾਰ ਇਸ ਕਰਕੇ ਨਹੀਂ ਆਏ ਕਿ ਕਿਤੇ ਉਨ੍ਹਾਂ ਦੀ ਨੌਕਰੀ ਨਾ ਚਲੀ ਜਾਵੇ। ਪਰ ਕਈ ਭੈਣ-ਭਰਾਵਾਂ ਨੇ ਪਾਇਆ ਹੈ ਕਿ ਜੇ ਉਹ ਛੁੱਟੀ ਲਈ ਆਪਣੇ ਮਾਲਕ ਨਾਲ ਪਹਿਲਾਂ ਤੋਂ ਹੀ ਗੱਲ ਕਰਦੇ ਹਨ, ਤਾਂ ਉਹ ਉਨ੍ਹਾਂ ਨੂੰ ਛੁੱਟੀ ਦੇ ਦਿੰਦੇ ਹਨ। ਇਕ ਪਾਇਨੀਅਰ ਭੈਣ ਨੇ ਪਹਿਲਾਂ ਤੋਂ ਹੀ ਆਪਣੇ ਮਾਲਕ ਨੂੰ ਦੱਸ ਦਿੱਤਾ ਕਿ ਉਸ ਨੂੰ ਸਾਰੀਆਂ ਕਲੀਸਿਯਾ ਸਭਾਵਾਂ ਅਤੇ ਸੰਮੇਲਨਾਂ ਵਿਚ ਜਾਣ ਲਈ ਛੁੱਟੀ ਚਾਹੀਦੀ ਹੈ। ਮਾਲਕ ਇਸ ਭੈਣ ਦੇ ਪੱਕੇ ਇਰਾਦੇ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਖ਼ੁਦ ਇਕ ਦਿਨ ਸੰਮੇਲਨ ਵਿਚ ਆ ਕੇ ਸਾਰੇ ਭਾਸ਼ਣ ਸੁਣੇ!
4 ਤੁਸੀਂ ਇਹ ਨਾ ਸੋਚੋ ਕਿ ਤੁਹਾਡਾ ਮਾਲਕ ਤੁਹਾਨੂੰ ਛੁੱਟੀ ਨਹੀਂ ਦੇਵੇਗਾ ਅਤੇ ਨਾ ਹੀ ਇਹ ਸੋਚੋ ਕਿ ਇਕ ਦਿਨ ਨਾ ਜਾਣ ਨਾਲ ਕਿਹੜਾ ਕੋਈ ਫ਼ਰਕ ਪਵੇਗਾ। ਸਗੋਂ ਪੂਰੇ ਯਕੀਨ ਨਾਲ ਆਪਣੇ ਮਾਲਕ ਨੂੰ ਬਾਈਬਲ ਵਿੱਚੋਂ ਦਿਖਾਓ ਕਿ ਸੰਮੇਲਨ ਵਿਚ ਜਾਣਾ ਕਿਉਂ ਤੁਹਾਡੀ ਭਗਤੀ ਦਾ ਇਕ ਅਹਿਮ ਹਿੱਸਾ ਹੈ। (ਇਬ. 10:24, 25) ਯਹੋਵਾਹ ਦੇ ਵਾਅਦਿਆਂ ਵਿਚ ਪੂਰਾ ਭਰੋਸਾ ਰੱਖੋ। ਕਿਉਂਕਿ ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਅਧਿਆਤਮਿਕ ਲੋੜਾਂ ਨੂੰ ਪਹਿਲੀ ਥਾਂ ਦੇਵੋਗੇ, ਤਾਂ ਯਹੋਵਾਹ ਤੁਹਾਡੀਆਂ ਬਾਕੀ ਲੋੜਾਂ ਜ਼ਰੂਰ ਪੂਰੀਆਂ ਕਰੇਗਾ।—ਮੱਤੀ 6:33; ਇਬ. 13:5, 6.
5 ਪਰ “ਚੰਗ ਚੰਗੇਰੀਆਂ ਗੱਲਾਂ” ਲਈ ਕਦਰ ਦਿਖਾਉਣੀ ਬਹੁਤ ਜ਼ਰੂਰੀ ਹੈ। (ਫ਼ਿਲਿ. 1:10, 11; ਜ਼ਬੂ. 27:4) ਯਹੋਵਾਹ ਦੇ ਇਸ ਇੰਤਜ਼ਾਮ ਦਾ ਪੂਰਾ-ਪੂਰਾ ਫ਼ਾਇਦਾ ਉਠਾਉਣ ਲਈ ਅਸੀਂ ਆਪਣੇ ਵੱਲੋਂ ਯੋਜਨਾਵਾਂ ਬਣਾ ਕੇ ਕਦਰ ਦਿਖਾਵਾਂਗੇ। ਇਸ ਲਈ, ਹੁਣ ਤੋਂ ਹੀ ਜਾਣ ਦੇ ਪੱਕੇ ਇੰਤਜ਼ਾਮ ਕਰੋ। ਨਾਲੇ ਇਹ ਠਾਣ ਲਓ ਕਿ ਤੁਸੀਂ ਪੂਰੇ ਤਿੰਨ ਦਿਨ ਉੱਥੇ ਹੀ ਹੋਵੋਗੇ!