ਬਰਸਾਤ ਦੇ ਮੌਸਮ ਵਿਚ ‘ਬਚਨ ਦਾ ਪਰਚਾਰ ਕਰੋ’
1 “ਬਚਨ ਦਾ ਪਰਚਾਰ ਕਰ,” ਪੌਲੁਸ ਰਸੂਲ ਨੇ ਤਾਕੀਦ ਕੀਤੀ ਸੀ, “ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੁ।” (2 ਤਿਮੋ. 4:2) ਬਰਸਾਤ ਦੇ ਮਹੀਨੇ ਸਾਡੇ ਵਿੱਚੋਂ ਕਈਆਂ ਲਈ ‘ਕੁਵੇਲਾ’ ਸਾਬਤ ਹੋ ਸਕਦੇ ਹਨ ਕਿਉਂਕਿ ਸਾਨੂੰ ਸਿੱਲ੍ਹੇ ਮੌਸਮ, ਪਾਣੀ ਨਾਲ ਭਰੀਆਂ ਸੜਕਾਂ ਅਤੇ ਆਮ ਜ਼ਿੰਦਗੀ ਵਿਚ ਰੁਕਾਵਟਾਂ ਪੈਦਾ ਕਰਨ ਵਾਲੀਆਂ ਮੌਸਮੀ ਬੀਮਾਰੀਆਂ ਨਾਲ ਜੂਝਣਾ ਪੈਂਦਾ ਹੈ। ਇਨ੍ਹਾਂ ਹਾਲਾਤਾਂ ਵਿਚ ਸਾਡੇ ਲਈ ਬਾਕਾਇਦਾ ‘ਬਚਨ ਦਾ ਪਰਚਾਰ ਕਰਨਾ’ ਮੁਸ਼ਕਲ ਹੋ ਸਕਦਾ ਹੈ। ਫਿਰ ਵੀ, ਚੰਗੀ ਯੋਜਨਾ ਬਣਾਉਣ ਅਤੇ ਮਿਹਨਤ ਕਰਨ ਨਾਲ ਅਸੀਂ ਬਰਸਾਤਾਂ ਵਿਚ ਵੀ ਜੋਸ਼ ਨਾਲ ਪ੍ਰਚਾਰ ਕਰਦੇ ਰਹਿ ਸਕਦੇ ਹਾਂ।
2 ਸਮਝਦਾਰੀ ਨਾਲ ਪਹਿਲਾਂ ਤੋਂ ਹੀ ਚੰਗੀ ਯੋਜਨਾ ਬਣਾਉਣ ਨਾਲ ਘੱਟ ਸਮੱਸਿਆਵਾਂ ਆਉਣਗੀਆਂ। ਪਰਿਵਾਰ ਦੇ ਹਰ ਮੈਂਬਰ ਲਈ ਇਕ-ਇਕ ਮਜ਼ਬੂਤ ਛਤਰੀ ਤੇ ਰੇਨਕੋਟ ਅਤੇ ਆਪਣੀਆਂ ਬਾਈਬਲਾਂ, ਸਾਹਿੱਤ ਤੇ ਰਸਾਲਿਆਂ ਨੂੰ ਗਿੱਲੇ ਹੋਣ ਤੋਂ ਬਚਾਉਣ ਲਈ ਚੰਗਾ ਬੈਗ ਖ਼ਰੀਦਣਾ ਸਮਝਦਾਰੀ ਦੀ ਗੱਲ ਹੋਵੇਗੀ। ਜੇ ਤੁਹਾਡੇ ਕੋਲ ਸਕੂਟਰ ਜਾਂ ਮੋਟਰ ਸਾਈਕਲ ਹੈ, ਤਾਂ ਗਿੱਲੀਆਂ ਜਾਂ ਚਿੱਕੜ ਨਾਲ ਭਰੀਆਂ ਸੜਕਾਂ ਉੱਤੇ ਗੱਡੀ ਧਿਆਨ ਨਾਲ ਚਲਾਓ। ਜ਼ੁਕਾਮ ਅਤੇ ਪਾਣੀ ਰਾਹੀਂ ਫੈਲਣ ਵਾਲੀਆਂ ਦੂਸਰੀਆਂ ਬੀਮਾਰੀਆਂ ਤੋਂ ਬਚਣ ਲਈ ਜ਼ਿਆਦਾ ਸਾਵਧਾਨੀ ਵਰਤੋ।
3 ਜੇ ਹੋ ਸਕੇ ਤਾਂ ਅਜਿਹਾ ਇਲਾਕਾ ਚੁਣੋ ਜਿੱਥੇ ਘਰ-ਸੁਆਮੀ ਤੁਹਾਨੂੰ ਘਰ ਅੰਦਰ ਸੱਦਣ। ਰੁਚੀ ਰੱਖਣ ਵਾਲਿਆਂ ਦੇ ਨਾਂ ਤੇ ਪਤੇ ਦਾ ਚੰਗਾ ਰਿਕਾਰਡ ਰੱਖੋ, ਤਾਂਕਿ ਅਚਾਨਕ ਤੇਜ਼ ਬਾਰਸ਼ ਹੋਣ ਤੇ ਤੁਸੀਂ ਉਨ੍ਹਾਂ ਦੇ ਘਰ ਜਾ ਕੇ ਪੁਨਰ-ਮੁਲਾਕਾਤਾਂ ਕਰ ਸਕੋ। ਪਰ ਜੇ ਗਲੀਆਂ ਪਾਣੀ ਨਾਲ ਭਰੀਆਂ ਹੋਣ, ਤਾਂ ਅਸੀਂ ਕੀ ਕਰ ਸਕਦੇ ਹਾਂ? ਕੀ ਤੁਸੀਂ ਇਨ੍ਹਾਂ ਦਿਨਾਂ ਤੇ ਟੈਲੀਫ਼ੋਨ ਰਾਹੀਂ ਪ੍ਰਚਾਰ ਕਰਨ ਬਾਰੇ ਸੋਚਿਆ ਹੈ? ਫਰਵਰੀ 2001 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਇਸ ਬਾਰੇ ਕੁਝ ਚੰਗੇ ਸੁਝਾਅ ਦਿੱਤੇ ਗਏ ਹਨ। ਜੇ ਤੁਹਾਡੇ ਘਰ ਫ਼ੋਨ ਨਹੀਂ ਹੈ, ਤਾਂ ਕੀ ਤੁਸੀਂ ਉਨ੍ਹਾਂ ਲੋਕਾਂ ਦੀ ਸੂਚੀ ਬਣਾ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਚਿੱਠੀ ਰਾਹੀਂ ਗਵਾਹੀ ਦੇ ਸਕੋ?
4 ਤੇਜ਼ ਬਾਰਸ਼ ਹੋਣ ਤੇ ਸਾਡਾ ਸ਼ਾਇਦ ਆਪਣੀਆਂ ਬਾਈਬਲ ਸਟੱਡੀਆਂ ਅਤੇ ਰੁਚੀ ਰੱਖਣ ਵਾਲੇ ਲੋਕਾਂ ਕੋਲ ਦੁਬਾਰਾ ਜਾਣ ਦਾ ਦਿਲ ਨਾ ਕਰੇ। ਪਰ ਜ਼ਰਾ ਸੋਚੋ ਕਿ ਸਾਡੇ ਵੱਲੋਂ ਕੀਤੇ ਖ਼ਾਸ ਜਤਨਾਂ ਦਾ ਉਨ੍ਹਾਂ ਉੱਤੇ ਕੀ ਚੰਗਾ ਅਸਰ ਪੈ ਸਕਦਾ ਹੈ। ਇਕ ਤੀਵੀਂ ਨੇ ਕਿਹਾ: “ਮੈਂ ਤੇ ਮੇਰੇ ਪਤੀ ਇਨ੍ਹਾਂ ਗਵਾਹਾਂ ਦੇ ਜੋਸ਼ ਤੇ ਪਿਆਰ ਤੋਂ ਬਹੁਤ ਹੀ ਪ੍ਰਭਾਵਿਤ ਹੋਏ। ਉਹ ਪ੍ਰਚਾਰ ਦੇ ਕੰਮ ਵਿਚ ਇਕ ਹਲਕਾ ਜਿਹਾ ਮੋਟਰ ਸਾਈਕਲ ਇਸਤੇਮਾਲ ਕਰਦੇ ਸਨ ਅਤੇ ਮੋਹਲੇਧਾਰ ਮੀਂਹ ਵੀ ਉਨ੍ਹਾਂ ਨੂੰ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਿਆ।” ਇਸ ਤੀਵੀਂ ਨੇ ਬਾਅਦ ਵਿਚ ਬਪਤਿਸਮਾ ਲੈ ਲਿਆ। ਗਿੱਲੇ ਹੋਣ ਤੋਂ ਨਾ ਡਰਨ ਦਾ ਕਿੰਨਾ ਵਧੀਆ ਨਤੀਜਾ!
5 ਬਰਸਾਤਾਂ ਵਿਚ ਪ੍ਰਚਾਰ ਦਾ ਕੰਮ ਜਾਰੀ ਰੱਖਣ ਲਈ ਬਜ਼ੁਰਗ, ਖ਼ਾਸ ਕਰਕੇ ਸੇਵਾ ਨਿਗਾਹਬਾਨ, ਚੰਗੀ ਯੋਜਨਾ ਬਣਾ ਸਕਦੇ ਹਨ। ਕੀ ਕਲੀਸਿਯਾ ਦੇ ਇਲਾਕੇ ਵਿਚ ਬਹੁ-ਮੰਜ਼ਲੀ ਰਿਹਾਇਸ਼ੀ ਇਮਾਰਤਾਂ ਹਨ ਜਾਂ ਰਿਹਾਇਸ਼ੀ ਕਲੋਨੀਆਂ ਹਨ ਜਿੱਥੇ ਭੈਣ-ਭਰਾ ਬਿਨਾਂ ਭਿੱਜੇ ਪ੍ਰਚਾਰ ਕਰ ਸਕਦੇ ਹਨ? ਜੇ ਹਨ, ਤਾਂ ਤੁਸੀਂ ਬਰਸਾਤ ਦੇ ਮਹੀਨਿਆਂ ਦੌਰਾਨ ਇਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨ ਦਾ ਪ੍ਰਬੰਧ ਕਰ ਸਕਦੇ ਹੋ। ਕਾਲਜ ਜਾਂ ਯੂਨੀਵਰਸਿਟੀ ਦੇ ਹੋਸਟਲ ਵੀ ਬਰਸਾਤਾਂ ਵਿਚ ਪ੍ਰਚਾਰ ਕਰਨ ਲਈ ਵਧੀਆ ਥਾਵਾਂ ਹਨ। ਅਸੀਂ ਮੀਂਹ ਦੇ ਬਾਵਜੂਦ ਸੜਕਾਂ ਤੇ ਗਵਾਹੀ ਦੇਣੀ ਜਾਰੀ ਰੱਖ ਸਕਦੇ ਹਾਂ। ਚੰਗੀ ਤਰ੍ਹਾਂ ਯੋਜਨਾ ਬਣਾਉਣ ਨਾਲ ਅਸੀਂ ਦੁਕਾਨਾਂ ਨਾਲ ਭਰੀਆਂ ਇਮਾਰਤਾਂ ਵਿਚ, ਬਸ ਸਟੈਂਡ ਅਤੇ ਰੇਲਵੇ ਸਟੇਸ਼ਨ ਉੱਤੇ ਜਾਂ ਇਸ ਤਰ੍ਹਾਂ ਦੀਆਂ ਹੋਰ ਥਾਵਾਂ ਤੇ ਪ੍ਰਚਾਰ ਕਰ ਸਕਦੇ ਹਾਂ ਜਿੱਥੇ ਅਸੀਂ ਗਿੱਲੇ ਨਹੀਂ ਹੋਵਾਂਗੇ।
6 ਜਿੱਦਾਂ ਬਰਸਾਤ ਦਾ ਪਾਣੀ ਸਾਡੀ ਸੁੱਕੀ ਭੂਮੀ ਨੂੰ ਤਰੋਤਾਜ਼ਾ ਕਰਦਾ ਹੈ, ਉੱਦਾਂ ਹੀ ਆਓ ਆਪਾਂ ਵੀ ਸੱਚਾਈ ਦਾ ਜੀਵਨਦਾਇਕ ਪਾਣੀ ਲੱਭਣ ਵਿਚ ਲੋਕਾਂ ਦੀ ਮਦਦ ਕਰ ਕੇ ਨਿਹਾਲ ਹੋਈਏ।—ਪਰ. 22:17.