ਅਸੀਂ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰ ਸਕਦੇ ਹਾਂ
1. ਕਦੇ-ਕਦੇ ਅਸੀਂ ਕਿਹੜੀਆਂ ਭਾਵਨਾਵਾਂ ਨਾਲ ਜੱਦੋ-ਜਹਿਦ ਕਰਦੇ ਹਾਂ ਅਤੇ ਕਿਉਂ?
1 ਅੱਜ ਯਹੋਵਾਹ ਦੇ ਨਿਯਮਾਂ ਅਤੇ ਸਿਧਾਂਤਾਂ ਉੱਤੇ ਚੱਲਣਾ ਹੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਨਾਲ ਸਾਨੂੰ ਸਦੀਪਕ ਭਵਿੱਖ ਲਈ ਵਧੀਆ ਨੀਂਹ ਧਰਨ ਵਿਚ ਮਦਦ ਮਿਲਦੀ ਹੈ। (ਜ਼ਬੂ. 19:7-11; 1 ਤਿਮੋ. 6:19) ਪਰ ਸ਼ਤਾਨ ਦੀ ਦੁਨੀਆਂ ਸਾਡੇ ਉੱਤੇ ਬਹੁਤ ਦਬਾਅ ਪਾਉਂਦੀ ਹੈ। ਸਾਨੂੰ ਆਪਣੇ ਨਾਮੁਕੰਮਲ ਸਰੀਰ ਦੇ ਨਾਲ ਵੀ ਲੜਨਾ ਪੈਂਦਾ ਹੈ। ਕਈ ਵਾਰੀ ਅਸੀਂ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਦੱਬੇ ਹੋਏ ਮਹਿਸੂਸ ਕਰਦੇ ਹਾਂ। (ਜ਼ਬੂ. 40:12; 55:1-8) ਅਸੀਂ ਸ਼ਾਇਦ ਸੋਚੀਏ ਕਿ ਪਤਾ ਨਹੀਂ ਅਸੀਂ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰ ਸਕਦੇ ਹਾਂ ਜਾਂ ਨਹੀਂ। ਅਜਿਹੇ ਮੌਕਿਆਂ ਤੇ ਕਿਹੜੀ ਗੱਲ ਆਪਣੇ ਅਧਿਆਤਮਿਕ ਸੰਤੁਲਨ ਨੂੰ ਬਣਾਈ ਰੱਖਣ ਵਿਚ ਸਾਡੀ ਮਦਦ ਕਰ ਸਕਦੀ ਹੈ?
2. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦੀਆਂ ਮੰਗਾਂ ਜਾਇਜ਼ ਹਨ?
2 ਯਹੋਵਾਹ ਦੇ ਹੁਕਮ ਔਖੇ ਨਹੀਂ ਹਨ: ਯਹੋਵਾਹ ਕਦੇ ਵੀ ਸਾਡੇ ਤੋਂ ਉਹ ਮੰਗਾਂ ਨਹੀਂ ਕਰਦਾ ਜੋ ਅਸੀਂ ਪੂਰੀਆਂ ਨਹੀਂ ਕਰ ਸਕਦੇ। ਉਸ ਦੇ ਹੁਕਮ ਔਖੇ ਨਹੀਂ ਹਨ, ਸਗੋਂ ਸਾਡੇ ਫ਼ਾਇਦੇ ਲਈ ਹਨ। (ਬਿਵ. 10:12, 13; 1 ਯੂਹੰ. 5:3) ਯਹੋਵਾਹ ਸਾਡੀਆਂ ਕਮਜ਼ੋਰੀਆਂ ਨੂੰ ਜਾਣਦਾ ਹੈ ਯਾਨੀ “ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ।” (ਜ਼ਬੂ. 103:13, 14) ਭਾਵੇਂ ਕਿ ਅਸੀਂ ਆਪਣੇ ਹਾਲਾਤਾਂ ਕਰਕੇ ਯਹੋਵਾਹ ਦੀ ਸੇਵਾ ਵਿਚ ਬਹੁਤਾ ਨਹੀਂ ਕਰ ਸਕਦੇ, ਪਰ ਉਹ ਦਇਆ ਨਾਲ ਸਾਡੀ ਦਿਲੋਂ ਕੀਤੀ ਸੇਵਾ ਨੂੰ ਸਵੀਕਾਰ ਕਰਦਾ ਹੈ। (ਲੇਵੀ. 5:7, 11; ਮਰ. 14:8) ਉਹ ਚਾਹੁੰਦਾ ਹੈ ਕਿ ਅਸੀਂ ਆਪਣਾ ਬੋਝ ਉਸ ਉੱਤੇ ਸੁੱਟੀਏ। ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰੇਗਾ।—ਜ਼ਬੂ. 55:22; 1 ਕੁਰਿੰ. 10:13.
3. ਯਹੋਵਾਹ ਧੀਰਜ ਰੱਖਣ ਵਿਚ ਸਾਡੀ ਮਦਦ ਕਿਵੇਂ ਕਰਦਾ ਹੈ?
3 ਧੀਰਜ ਰੱਖਣ ਦੀ ਲੋੜ: ਬਾਈਬਲ ਵਿਚ ਏਲੀਯਾਹ, ਯਿਰਮਿਯਾਹ ਅਤੇ ਪੌਲੁਸ ਵਰਗੇ ਵਫ਼ਾਦਾਰ ਸੇਵਕਾਂ ਦੇ ਬਿਰਤਾਂਤ ਦਿਖਾਉਂਦੇ ਹਨ ਕਿ ਸਾਨੂੰ ਧੀਰਜ ਰੱਖਣ ਦੀ ਕਿਉਂ ਲੋੜ ਹੈ। (ਇਬ. 10:36) ਯਹੋਵਾਹ ਨੇ ਉਨ੍ਹਾਂ ਨੂੰ ਬਿਪਤਾ ਅਤੇ ਨਿਰਾਸ਼ਾ ਦੀਆਂ ਘੜੀਆਂ ਵਿਚ ਸੰਭਾਲੀ ਰੱਖਿਆ ਸੀ। (1 ਰਾਜਿ. 19:14-18; ਯਿਰ. 20:7-11; 2 ਕੁਰਿੰ. 1:8-11) ਅੱਜ ਵੀ ਸਾਡੇ ਭੈਣ-ਭਰਾਵਾਂ ਦੇ ਵਫ਼ਾਦਾਰ ਰਹਿਣ ਨਾਲ ਸਾਨੂੰ ਹੌਸਲਾ ਮਿਲਦਾ ਹੈ। (1 ਪਤ. 5:9) ਇਨ੍ਹਾਂ ਮਿਸਾਲਾਂ ਤੇ ਮਨਨ ਕਰਨ ਨਾਲ ਅਸੀਂ ਨਿਰਾਸ਼ ਹੋਣ ਤੋਂ ਬਚ ਸਕਦੇ ਹਾਂ।
4. ਪਰਮੇਸ਼ੁਰ ਦੇ ਵਾਅਦਿਆਂ ਨੂੰ ਹਮੇਸ਼ਾ ਚੇਤੇ ਰੱਖਣਾ ਕਿਉਂ ਜ਼ਰੂਰੀ ਹੈ?
4 ਪਰਮੇਸ਼ੁਰ ਦੇ ਵਾਅਦਿਆਂ ਕਰਕੇ ਸਾਨੂੰ ਜੋ ਆਸ ਮਿਲੀ ਹੈ, ਉਹ “ਸਾਡੀ ਜਾਨ ਦਾ ਲੰਗਰ ਹੈ।” (ਇਬ. 6:19) ਇਸ ਆਸ ਕਾਰਨ ਅਬਰਾਹਾਮ ਤੇ ਸਾਰਾਹ ਨੇ ਯਹੋਵਾਹ ਦਾ ਕਹਿਣਾ ਮੰਨ ਕੇ ਆਪਣਾ ਘਰ ਛੱਡ ਦਿੱਤਾ ਅਤੇ ਪਰਾਇਆਂ ਵਾਂਗ ‘ਵਾਇਦੇ ਵਾਲੀ ਧਰਤੀ ਵਿੱਚ ਜਾ ਵੱਸੇ।’ ਇਸੇ ਆਸ ਕਾਰਨ ਮੂਸਾ ਨੇ ਨਿਡਰ ਹੋ ਕੇ ਸੱਚੀ ਭਗਤੀ ਦਾ ਪੱਖ ਲਿਆ। ਇਸ ਆਸ ਨੇ ਯਿਸੂ ਨੂੰ ਸੂਲੀ ਦਾ ਦੁੱਖ ਝੱਲਣ ਦੀ ਤਾਕਤ ਦਿੱਤੀ। (ਇਬ. 11:8-10, 13, 24-26; 12:2, 3) ਇਸੇ ਤਰ੍ਹਾਂ, ਪਰਮੇਸ਼ੁਰ ਦੇ ਨਵੀਂ ਦੁਨੀਆਂ ਦੇ ਵਾਅਦੇ ਨੂੰ ਯਾਦ ਰੱਖਣ ਨਾਲ ਸਾਨੂੰ ਵੀ ਦ੍ਰਿੜ੍ਹ ਰਹਿਣ ਵਿਚ ਮਦਦ ਮਿਲੇਗੀ।—2 ਪਤ. 3:11-13.
5. ਗੁਜ਼ਰੇ ਸਮੇਂ ਵਿਚ ਆਪਣੀ ਵਫ਼ਾਦਾਰੀ ਦਾ ਸਬੂਤ ਦੇਣ ਲਈ ਕੀਤੇ ਕੰਮਾਂ ਨੂੰ ਚੇਤੇ ਕਰਨਾ ਕਿਉਂ ਫ਼ਾਇਦੇਮੰਦ ਹੋ ਸਕਦਾ ਹੈ?
5 ਗੁਜ਼ਰੇ ਸਮੇਂ ਵਿਚ ਆਪਣੀ ਵਫ਼ਾਦਾਰੀ ਅਤੇ ਦਲੇਰੀ ਦਾ ਸਬੂਤ ਦੇਣ ਲਈ ਕੀਤੇ ਕੰਮਾਂ ਅਤੇ ਕੁਰਬਾਨੀਆਂ ਨੂੰ ਚੇਤੇ ਕਰਨ ਨਾਲ ਵੀ ਸਾਨੂੰ ਜੋਸ਼ ਨਾਲ ਸੇਵਾ ਕਰਨ ਦੀ ਤਾਕਤ ਮਿਲਦੀ ਹੈ। (ਇਬ. 10:32-34) ਅਸੀਂ ਚੇਤੇ ਕਰਦੇ ਹਾਂ ਕਿ ਜਦੋਂ ਅਸੀਂ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰਦੇ ਹੋਏ ਸਾਰੀ ਜਾਨ ਨਾਲ ਉਸ ਦੀ ਸੇਵਾ ਕੀਤੀ ਸੀ, ਤਾਂ ਸਾਨੂੰ ਕਿੰਨਾ ਆਨੰਦ ਮਿਲਿਆ ਸੀ!—ਮੱਤੀ 22:37.