ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸ਼ੀਓਲ ਅਤੇ ਹੇਡੀਜ਼ ਕੀ ਹਨ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
    • ਵਧੇਰੇ ਜਾਣਕਾਰੀ

      ਸ਼ੀਓਲ ਅਤੇ ਹੇਡੀਜ਼ ਕੀ ਹਨ?

      ਇਬਰਾਨੀ ਅਤੇ ਯੂਨਾਨੀ ਭਾਸ਼ਾਵਾਂ ਵਿਚ ਲਿਖੀ ਮੁਢਲੀ ਬਾਈਬਲ ਵਿਚ ਸ਼ੀਓਲ ਅਤੇ ਹੇਡੀਜ਼ ਸ਼ਬਦ ਲਗਭਗ 70 ਵਾਰ ਪਾਏ ਜਾਂਦੇ ਹਨ। ਇਹ ਦੋਨੋਂ ਸ਼ਬਦ ਮੌਤ ਦੇ ਸੰਬੰਧ ਵਿਚ ਵਰਤੇ ਜਾਂਦੇ ਹਨ। ਜ਼ਿਆਦਾਤਰ ਭਾਸ਼ਾਵਾਂ ਵਿਚ ਇਨ੍ਹਾਂ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਦਾ ਕੋਈ ਬਰਾਬਰ ਦਾ ਸ਼ਬਦ ਨਹੀਂ ਹੈ। ਇਸ ਲਈ ਕੁਝ ਬਾਈਬਲਾਂ ਵਿਚ ਇਨ੍ਹਾਂ ਦਾ ਤਰਜਮਾ “ਕਬਰ” ਕੀਤਾ ਗਿਆ ਹੈ ਜਾਂ ਗ਼ਲਤੀ ਨਾਲ “ਨਰਕ” ਜਾਂ “ਪਤਾਲ” ਕੀਤਾ ਗਿਆ ਹੈ। ਪੰਜਾਬੀ ਬਾਈਬਲ ਵਿਚ ਵੀ ਕਈ ਥਾਵਾਂ ਤੇ ਇਨ੍ਹਾਂ ਸ਼ਬਦਾਂ ਦਾ ਗ਼ਲਤ ਤਰਜਮਾ ਕੀਤਾ ਗਿਆ ਹੈ। ਤਾਂ ਫਿਰ, ਇਨ੍ਹਾਂ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਦਾ ਮਤਲਬ ਕੀ ਹੈ? ਆਓ ਆਪਾਂ ਦੇਖੀਏ ਕਿ ਬਾਈਬਲ ਦੇ ਕੁਝ ਹਵਾਲਿਆਂ ਵਿਚ ਇਨ੍ਹਾਂ ਨੂੰ ਕਿਸ ਤਰ੍ਹਾਂ ਵਰਤਿਆ ਗਿਆ ਹੈ।

      ਉਪਦੇਸ਼ਕ ਦੀ ਪੋਥੀ 9:10 ਵਿਚ ਲਿਖਿਆ ਹੈ: “ਪਤਾਲ [ਜੋ ਕਿ ਸ਼ੀਓਲ ਦਾ ਗ਼ਲਤ ਤਰਜਮਾ ਹੈ] ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” ਤਾਂ ਫਿਰ, ਕੀ ਸ਼ੀਓਲ ਕਿਸੇ ਦੀ ਕਬਰ ਨੂੰ ਸੰਕੇਤ ਕਰਦਾ ਹੈ? ਨਹੀਂ। ਕਿਉਂਕਿ ਜਦ ਬਾਈਬਲ ਵਿਚ ਕਿਸੇ ਦੀ ਕਬਰ ਦੀ ਗੱਲ ਕੀਤੀ ਜਾਂਦੀ ਹੈ, ਤਦ ਉੱਥੇ ਸ਼ੀਓਲ ਅਤੇ ਹੇਡੀਜ਼ ਦੀ ਬਜਾਇ ਦੂਸਰੇ ਸ਼ਬਦ ਵਰਤੇ ਜਾਂਦੇ ਹਨ। (ਉਤਪਤ 23:7-9; ਮੱਤੀ 28:1) ਕਦੀ-ਕਦੀ ਕਿਸੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇੱਕੋ ਕਬਰ ਵਿਚ ਦੱਬਿਆ ਜਾਂਦਾ ਸੀ, ਪਰ ਅਜਿਹੀ ਕਬਰ ਲਈ ਵੀ ਬਾਈਬਲ ਵਿਚ ਸ਼ੀਓਲ ਸ਼ਬਦ ਨਹੀਂ ਵਰਤਿਆ ਜਾਂਦਾ।​—ਉਤਪਤ 49:30, 31.

      ਤਾਂ ਫਿਰ ਸ਼ੀਓਲ ਜਾਂ ਹੇਡੀਜ਼ ਕੀ ਹੈ? ਆਓ ਆਪਾਂ ਦੇਖੀਏ ਕਿ ਬਾਈਬਲ ਕੀ ਦੱਸਦੀ ਹੈ। ਯਸਾਯਾਹ 5:14 ਵਿਚ ਲਿਖਿਆ ਹੈ ਕਿ ਸ਼ੀਓਲ ਨੇ “ਆਪਣਾ ਮੂੰਹ ਬੇਅੰਤ ਅੱਡਿਆ ਹੈ।” ਭਾਵੇਂ ਕਿ ਸ਼ੀਓਲ ਨੇ ਬੇਸ਼ੁਮਾਰ ਲੋਕਾਂ ਨੂੰ ਨਿਗਲ ਲਿਆ ਹੈ, ਪਰ ਉਹ ਫਿਰ ਵੀ ਰੱਜਦਾ ਨਹੀਂ। (ਕਹਾਉਤਾਂ 30:15, 16) ਸ਼ੀਓਲ ‘ਕਦੀ ਤ੍ਰਿਪਤ ਨਹੀਂ ਹੁੰਦਾ।’ (ਕਹਾਉਤਾਂ 27:20) ਇਸ ਦਾ ਮਤਲਬ ਹੈ ਕਿ ਸ਼ੀਓਲ ਜਾਂ ਹੇਡੀਜ਼ ਕੋਈ ਅਸਲੀ ਕਬਰ ਜਾਂ ਅਸਲੀ ਜਗ੍ਹਾ ਨਹੀਂ ਹੈ।

      ਬਾਈਬਲ ਵਿਚ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਕੀਤੀ ਗਈ ਹੈ ਅਤੇ ਇਸ ਸਿੱਖਿਆ ਤੋਂ ਅਸੀਂ ਇਬਰਾਨੀ ਸ਼ਬਦ ਸ਼ੀਓਲ ਅਤੇ ਯੂਨਾਨੀ ਸ਼ਬਦ ਹੇਡੀਜ਼ ਦੇ ਸਹੀ ਮਤਲਬ ਬਾਰੇ ਜਾਣ ਸਕਦੇ ਹਾਂ। ਬਾਈਬਲ ਵਿਚ ਜਿੱਥੇ ਲੋਕਾਂ ਦੇ ਜੀ ਉੱਠਣ ਬਾਰੇ ਗੱਲ ਕੀਤੀ ਗਈ ਹੈ, ਉੱਥੇ ਇਹੀ ਦੋ ਸ਼ਬਦ ਵਰਤੇ ਗਏ ਹਨ।a (ਅੱਯੂਬ 14:13; ਰਸੂਲਾਂ ਦੇ ਕੰਮ 2:31; ਪ੍ਰਕਾਸ਼ ਦੀ ਕਿਤਾਬ 20:13) ਇਸ ਦਾ ਮਤਲਬ ਹੈ ਕਿ ਇਹ ਸ਼ਬਦ ਅਜਿਹੀ ਮੌਤ ਨੂੰ ਸੰਕੇਤ ਕਰਦੇ ਹਨ ਜਿਸ ਤੋਂ ਲੋਕ ਜੀ ਉਠਾਏ ਜਾਣਗੇ। ਬਾਈਬਲ ਇਹ ਵੀ ਦੱਸਦੀ ਹੈ ਕਿ ਸ਼ੀਓਲ ਅਤੇ ਹੇਡੀਜ਼ ਵਿਚ ਸਿਰਫ਼ ਪਰਮੇਸ਼ੁਰ ਦੇ ਸੇਵਕ ਹੀ ਨਹੀਂ, ਪਰ ਉਹ ਲੋਕ ਵੀ ਹਨ ਜਿਨ੍ਹਾਂ ਨੇ ਉਸ ਦੀ ਸੇਵਾ ਨਹੀਂ ਕੀਤੀ। (ਉਤਪਤ 37:35; ਜ਼ਬੂਰਾਂ ਦੀ ਪੋਥੀ 55:15) ਇਸ ਲਈ ਬਾਈਬਲ ਇਹ ਸਿਖਾਉਂਦੀ ਹੈ ਕਿ “ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।”​—ਰਸੂਲਾਂ ਦੇ ਕੰਮ 24:15.

      a ਇਸ ਦੇ ਉਲਟ ਜਿਨ੍ਹਾਂ ਲੋਕਾਂ ਨੂੰ ਨਹੀਂ ਜੀ ਉਠਾਇਆ ਜਾਵੇਗਾ, ਬਾਈਬਲ ਕਹਿੰਦੀ ਹੈ ਕਿ ਉਹ ਸ਼ੀਓਲ ਜਾਂ ਹੇਡੀਜ਼ ਵਿਚ ਹੋਣ ਦੀ ਬਜਾਇ ਗ਼ਹੈਨਾ ਵਿਚ ਹਨ [ਪੰਜਾਬੀ ਬਾਈਬਲ (OV) ਵਿਚ “ਨਰਕ” ਲਿਖਿਆ ਹੈ ਜੋ ਕਿ ਗ਼ਹੈਨਾ ਦਾ ਗ਼ਲਤ ਤਰਜਮਾ ਹੈ]। (ਮੱਤੀ 5:30; 10:28; 23:33) ਠੀਕ ਸ਼ੀਓਲ ਤੇ ਹੇਡੀਜ਼ ਵਾਂਗ ਗ਼ਹੈਨਾ ਵੀ ਕੋਈ ਅਸਲੀ ਜਗ੍ਹਾ ਨਹੀਂ ਹੈ।

  • ਨਿਆਂ ਦਾ ਦਿਨ ਕੀ ਹੈ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
    • ਵਧੇਰੇ ਜਾਣਕਾਰੀ

      ਨਿਆਂ ਦਾ ਦਿਨ ਕੀ ਹੈ?

      ਜਦ ਤੁਸੀਂ ਨਿਆਂ ਦੇ ਦਿਨ ਬਾਰੇ ਸੋਚਦੇ ਹੋ, ਤਦ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਕਈ ਲੋਕ ਸੋਚਦੇ ਹਨ ਕਿ ਸਾਰਿਆਂ ਨੂੰ ਇਕ-ਇਕ ਕਰ ਕੇ ਰੱਬ ਦੇ ਸਿੰਘਾਸਣ ਸਾਮ੍ਹਣੇ ਖੜ੍ਹਾ ਕੀਤਾ ਜਾਵੇਗਾ ਅਤੇ ਰੱਬ ਉਨ੍ਹਾਂ ਦਾ ਨਿਆਂ ਕਰੇਗਾ। ਇਸ ਤੋਂ ਬਾਅਦ ਕੁਝ ਲੋਕਾਂ ਨੂੰ ਸਵਰਗ ਵਿਚ ਜ਼ਿੰਦਗੀ ਮਿਲੇਗੀ ਤੇ ਕੁਝ ਲੋਕਾਂ ਨੂੰ ਨਰਕ ਵਿਚ ਤਸੀਹੇ ਦਿੱਤੇ ਜਾਣਗੇ। ਪਰ ਬਾਈਬਲ ਦੇ ਮੁਤਾਬਕ ਨਿਆਂ ਦਾ ਦਿਨ ਇਸ ਤੋਂ ਬਹੁਤ ਹੀ ਅਲੱਗ ਹੈ। ਇਹ ਖ਼ੌਫ਼ ਦੀ ਬਜਾਇ ਖ਼ੁਸ਼ੀ ਦਾ ਦਿਨ ਹੋਵੇਗਾ।

      ਪ੍ਰਕਾਸ਼ ਦੀ ਕਿਤਾਬ 20:11, 12 ਵਿਚ ਯੂਹੰਨਾ ਰਸੂਲ ਨਿਆਂ ਦੇ ਦਿਨ ਬਾਰੇ ਕਹਿੰਦਾ ਹੈ: “ਮੈਂ ਇਕ ਵੱਡਾ ਅਤੇ ਚਿੱਟਾ ਸਿੰਘਾਸਣ ਦੇਖਿਆ ਅਤੇ ਪਰਮੇਸ਼ੁਰ ਨੂੰ ਵੀ ਦੇਖਿਆ ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਸੀ। ਧਰਤੀ ਅਤੇ ਆਕਾਸ਼ ਉਸ ਦੇ ਸਾਮ੍ਹਣਿਓਂ ਨੱਠ ਗਏ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ। ਅਤੇ ਮੈਂ ਉਨ੍ਹਾਂ ਸਾਰੇ ਛੋਟੇ ਤੇ ਵੱਡੇ ਲੋਕਾਂ ਨੂੰ ਸਿੰਘਾਸਣ ਦੇ ਸਾਮ੍ਹਣੇ ਖੜ੍ਹੇ ਦੇਖਿਆ ਜਿਹੜੇ ਮਰ ਚੁੱਕੇ ਸਨ। ਅਤੇ ਕਿਤਾਬਾਂ ਖੋਲ੍ਹੀਆਂ ਗਈਆਂ ਅਤੇ ਇਕ ਹੋਰ ਕਿਤਾਬ ਖੋਲ੍ਹੀ ਗਈ; ਇਹ ਜੀਵਨ ਦੀ ਕਿਤਾਬ ਸੀ। ਅਤੇ ਇਨ੍ਹਾਂ ਕਿਤਾਬਾਂ ਵਿਚ ਜੋ ਵੀ ਲਿਖਿਆ ਗਿਆ ਹੈ, ਉਸ ਦੇ ਆਧਾਰ ʼਤੇ ਉਨ੍ਹਾਂ ਮਰੇ ਹੋਏ ਲੋਕਾਂ ਦੇ ਕੰਮਾਂ ਦਾ ਨਿਆਂ ਕੀਤਾ ਗਿਆ।” ਇਨ੍ਹਾਂ ਆਇਤਾਂ ਵਿਚ ਜ਼ਿਕਰ ਕੀਤਾ ਗਿਆ ਨਿਆਂਕਾਰ ਕੌਣ ਹੈ?

      ਭਾਵੇਂ ਇਹ ਸੱਚ ਹੈ ਕਿ ਇਸ ਦੁਨੀਆਂ ਦਾ ਨਿਆਂ ਕਰਨ ਦਾ ਹੱਕ ਸਿਰਫ਼ ਯਹੋਵਾਹ ਪਰਮੇਸ਼ੁਰ ਦਾ ਹੈ, ਪਰ ਉਸ ਨੇ ਨਿਆਂ ਕਰਨ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪੀ ਹੈ। ਰਸੂਲਾਂ ਦੇ ਕੰਮ 17:31 ਅਨੁਸਾਰ ਪੌਲੁਸ ਰਸੂਲ ਦੱਸਦਾ ਹੈ ਕਿ ਪਰਮੇਸ਼ੁਰ ਨੇ “ਇਕ ਦਿਨ ਮਿਥਿਆ ਹੈ ਜਦੋਂ ਉਹ ਇਕ ਆਦਮੀ ਰਾਹੀਂ, ਜਿਸ ਨੂੰ ਉਸ ਨੇ ਚੁਣਿਆ ਹੈ, ਸਾਰੀ ਦੁਨੀਆਂ ਦਾ ਸਹੀ ਨਿਆਂ ਕਰੇਗਾ।” ਹਾਂ, ਨਿਆਂ ਕਰਨ ਦਾ ਸਾਰਾ ਕੰਮ ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਸੌਂਪਿਆ ਹੈ। (ਯੂਹੰਨਾ 5:22) ਪਰ ਇਹ ਨਿਆਂ ਦਾ ਦਿਨ ਕਦੋਂ ਸ਼ੁਰੂ ਹੋਵੇਗਾ? ਅਤੇ ਇਹ ਦਿਨ ਕਿੰਨਾ ਕੁ ਲੰਬਾ ਹੋਵੇਗਾ?

      ਪ੍ਰਕਾਸ਼ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਨਿਆਂ ਦਾ ਦਿਨ ਆਰਮਾਗੇਡਨ ਦੀ ਲੜਾਈ ਤੋਂ ਬਾਅਦ ਸ਼ੁਰੂ ਹੋਵੇਗਾ। ਆਰਮਾਗੇਡਨ ਦੀ ਲੜਾਈ ਦੌਰਾਨ ਸ਼ੈਤਾਨ ਦੀ ਦੁਸ਼ਟ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।a (ਪ੍ਰਕਾਸ਼ ਦੀ ਕਿਤਾਬ 16:14, 16; 19:19–20:3) ਆਰਮਾਗੇਡਨ ਤੋਂ ਬਾਅਦ ਸ਼ੈਤਾਨ ਅਤੇ ਉਸ ਦੇ ਦੂਤਾਂ ਨੂੰ ਹਜ਼ਾਰ ਸਾਲਾਂ ਲਈ ਕੈਦ ਕੀਤਾ ਜਾਵੇਗਾ। ਉਸ ਸਮੇਂ ਦੌਰਾਨ ਸਵਰਗ ਵਿਚ 1,44,000 ਨਿਆਂਕਾਰ ਹੋਣਗੇ ਅਤੇ ‘ਮਸੀਹ ਦੇ ਨਾਲ ਰਾਜਿਆਂ ਵਜੋਂ 1,000 ਸਾਲ ਰਾਜ ਕਰਨਗੇ।’ (ਪ੍ਰਕਾਸ਼ ਦੀ ਕਿਤਾਬ 14:1-3; 20:1-4; ਰੋਮੀਆਂ 8:17) ਨਿਆਂ ਦਾ ਦਿਨ 24 ਘੰਟਿਆਂ ਦਾ ਇਕ ਦਿਨ ਨਹੀਂ, ਬਲਕਿ ਹਜ਼ਾਰ ਸਾਲ ਲੰਬਾ ਹੋਵੇਗਾ!

      ਉਨ੍ਹਾਂ ਹਜ਼ਾਰ ਵਰ੍ਹਿਆਂ ਦੌਰਾਨ ਯਿਸੂ ਮਸੀਹ “ਜੀਉਂਦਿਆਂ ਅਤੇ ਮਰਿਆਂ ਦਾ ਨਿਆਂ” ਕਰੇਗਾ। (2 ਤਿਮੋਥਿਉਸ 4:1) ਇਹ ‘ਜੀਉਂਦੇ’ ਲੋਕ ਆਰਮਾਗੇਡਨ ਦੀ ਲੜਾਈ ਵਿੱਚੋਂ ਬਚ ਨਿਕਲਣ ਵਾਲੇ ਹੋਣਗੇ। (ਪ੍ਰਕਾਸ਼ ਦੀ ਕਿਤਾਬ 7:9-17) ਯੂਹੰਨਾ ਰਸੂਲ ਨੇ ‘ਉਨ੍ਹਾਂ ਲੋਕਾਂ ਨੂੰ ਵੀ ਸਿੰਘਾਸਣ ਦੇ ਸਾਮ੍ਹਣੇ ਖੜ੍ਹੇ ਦੇਖਿਆ ਜਿਹੜੇ ਮਰ ਚੁੱਕੇ ਸਨ।’ ਯਿਸੂ ਦੇ ਵਾਅਦੇ ਅਨੁਸਾਰ, “ਕਬਰਾਂ ਵਿਚ ਪਏ ਸਾਰੇ ਲੋਕ [ਯਿਸੂ] ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ” ਯਾਨੀ ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੀ ਜਾਵੇਗੀ। (ਯੂਹੰਨਾ 5:28, 29; ਰਸੂਲਾਂ ਦੇ ਕੰਮ 24:15) ਪਰ ਇਨ੍ਹਾਂ ਸਾਰਿਆਂ ਦਾ ਨਿਆਂ ਕਿਸ ਆਧਾਰ ʼਤੇ ਕੀਤਾ ਜਾਵੇਗਾ?

      ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਦੇਖਿਆ ਕਿ “ਕਿਤਾਬਾਂ ਖੋਲ੍ਹੀਆਂ ਗਈਆਂ” ਅਤੇ “ਇਨ੍ਹਾਂ ਕਿਤਾਬਾਂ ਵਿਚ ਜੋ ਵੀ ਲਿਖਿਆ ਗਿਆ ਹੈ, ਉਸ ਦੇ ਆਧਾਰ ʼਤੇ ਉਨ੍ਹਾਂ ਮਰੇ ਹੋਏ ਲੋਕਾਂ ਦੇ ਕੰਮਾਂ ਦਾ ਨਿਆਂ ਕੀਤਾ ਗਿਆ।” (ਪ੍ਰਕਾਸ਼ ਦੀ ਕਿਤਾਬ 20:12) ਕੀ ਇਨ੍ਹਾਂ ਪੋਥੀਆਂ ਵਿਚ ਉਨ੍ਹਾਂ ਗੱਲਾਂ ਤੇ ਕੰਮਾਂ ਬਾਰੇ ਲਿਖਿਆ ਗਿਆ ਹੈ ਜੋ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕੀਤੇ ਸਨ? ਨਹੀਂ, ਉਨ੍ਹਾਂ ਦਾ ਨਿਆਂ ਉਨ੍ਹਾਂ ਦੇ ਪਿਛਲੇ ਕੰਮਾਂ ਨੂੰ ਦੇਖ ਕੇ ਨਹੀਂ ਕੀਤਾ ਜਾਵੇਗਾ। ਸਾਨੂੰ ਇਹ ਕਿੱਦਾਂ ਪਤਾ ਹੈ? ਬਾਈਬਲ ਕਹਿੰਦੀ ਹੈ: “ਜਿਹੜਾ ਮਰ ਜਾਂਦਾ ਹੈ, ਉਸ ਨੂੰ ਉਸ ਦੇ ਪਾਪਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ।” (ਰੋਮੀਆਂ 6:7) ਇਸ ਦਾ ਮਤਲਬ ਹੈ ਕਿ ਜਿਹੜੇ ਲੋਕ ਦੁਬਾਰਾ ਜੀਉਂਦੇ ਕੀਤੇ ਜਾਣਗੇ, ਉਨ੍ਹਾਂ ਦੇ ਪਿਛਲੇ ਸਭ ਗੁਨਾਹ ਮਾਫ਼ ਹੋ ਚੁੱਕੇ ਹੋਣਗੇ। ਇਨ੍ਹਾਂ ਪੋਥੀਆਂ ਵਿਚ ਯਹੋਵਾਹ ਦੀਆਂ ਹੋਰ ਮੰਗਾਂ ਬਾਰੇ ਦੱਸਿਆ ਜਾਵੇਗਾ। ਆਰਮਾਗੇਡਨ ਵਿੱਚੋਂ ਬਚ ਨਿਕਲਣ ਵਾਲਿਆਂ ਅਤੇ ਮੁੜ ਜੀਉਂਦੇ ਕੀਤੇ ਗਏ ਲੋਕਾਂ ਨੂੰ ਸਦਾ ਦੀ ਜ਼ਿੰਦਗੀ ਪਾਉਣ ਲਈ ਯਹੋਵਾਹ ਦੀਆਂ ਇਹ ਮੰਗਾਂ ਪੂਰੀਆਂ ਕਰਨ ਦੀ ਲੋੜ ਹੋਵੇਗੀ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਉਹ ਮੰਗਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ ਜੋ ਯਹੋਵਾਹ ਉਨ੍ਹਾਂ ਹਜ਼ਾਰ ਸਾਲਾਂ ਦੌਰਾਨ ਦੱਸੇਗਾ। ਤਾਂ ਫਿਰ ਸਾਰਿਆਂ ਦਾ ਨਿਆਂ ਉਨ੍ਹਾਂ ਕੰਮਾਂ ਮੁਤਾਬਕ ਕੀਤਾ ਜਾਵੇਗਾ ਜੋ ਉਹ ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਕਰਨਗੇ।

      ਹਜ਼ਾਰ ਸਾਲ ਦੌਰਾਨ ਅਰਬਾਂ ਹੀ ਲੋਕਾਂ ਨੂੰ ਯਹੋਵਾਹ ਦੀ ਇੱਛਾ ਬਾਰੇ ਸਿੱਖਣ ਅਤੇ ਉਸ ਅਨੁਸਾਰ ਚੱਲਣ ਦਾ ਮੌਕਾ ਮਿਲੇਗਾ। ਉਸ ਵੇਲੇ ਦੁਨੀਆਂ ਭਰ ਵਿਚ ਲੋਕਾਂ ਨੂੰ ਸਿੱਖਿਆ ਦਿੱਤੀ ਜਾਵੇਗੀ। ਵਾਕਈ ਉਸ ਸਮੇਂ ‘ਜਗਤ ਦੇ ਵਾਸੀ ਧਰਮ ਸਿੱਖਣਗੇ।’ (ਯਸਾਯਾਹ 26:9) ਪਰ ਫਿਰ ਵੀ ਸਾਰੇ ਯਹੋਵਾਹ ਦੀ ਇੱਛਾ ਅਨੁਸਾਰ ਨਹੀਂ ਚੱਲਣਾ ਚਾਹੁਣਗੇ। ਯਸਾਯਾਹ 26:10 ਵਿਚ ਲਿਖਿਆ ਹੈ: “ਭਾਵੇਂ ਦੁਸ਼ਟ ਉੱਤੇ ਕਿਰਪਾ ਹੋਵੇ, ਪਰ ਉਹ ਧਰਮ ਨਹੀਂ ਸਿੱਖੇਗਾ, ਸਿਧਿਆਈ ਦੇ ਦੇਸ ਵਿੱਚ ਭੀ ਉਹ ਉਲਟਾ ਕੰਮ ਕਰੇਗਾ, ਅਤੇ ਯਹੋਵਾਹ ਦਾ ਤੇਜ ਨਾ ਵੇਖੇਗਾ।” ਨਿਆਂ ਦੇ ਦਿਨ ਦੌਰਾਨ ਇਹੋ ਜਿਹੇ ਦੁਸ਼ਟ ਲੋਕਾਂ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ।​—ਯਸਾਯਾਹ 65:20.

      ਹਜ਼ਾਰ ਸਾਲ ਦੇ ਅੰਤ ਤਕ ਸਾਰੇ ਇਨਸਾਨ ਮੁਕੰਮਲ ਬਣ ਜਾਣਗੇ। ਉਦੋਂ ਹੀ ਕਿਹਾ ਜਾ ਸਕੇਗਾ ਕਿ ਉਹ ਪੂਰੀ ਤਰ੍ਹਾਂ ‘ਜੀਉਂਦੇ ਹੋ’ ਚੁੱਕੇ ਹਨ ਅਤੇ ਉਦੋਂ ਹੀ ਉਹ ਅਸਲੀ ਜ਼ਿੰਦਗੀ ਦਾ ਮਜ਼ਾ ਲੈਣਗੇ। (ਪ੍ਰਕਾਸ਼ ਦੀ ਕਿਤਾਬ 20:5) ਜੀ ਹਾਂ, ਯਿਸੂ ਦੇ ਰਾਜ ਦੌਰਾਨ ਮਨੁੱਖਜਾਤੀ ਲਈ ਯਹੋਵਾਹ ਦਾ ਮੁਢਲਾ ਮਕਸਦ ਪੂਰਾ ਹੋਵੇਗਾ। (1 ਕੁਰਿੰਥੀਆਂ 15:24-28) ਫਿਰ ਆਖ਼ਰੀ ਇਮਤਿਹਾਨ ਦੀ ਘੜੀ ਆਵੇਗੀ। ਸ਼ੈਤਾਨ ਨੂੰ ਕੈਦ ਵਿੱਚੋਂ ਆਜ਼ਾਦ ਕੀਤਾ ਜਾਵੇਗਾ ਅਤੇ ਉਸ ਨੂੰ ਇਨਸਾਨਾਂ ਨੂੰ ਭਰਮਾਉਣ ਦਾ ਆਖ਼ਰੀ ਮੌਕਾ ਦਿੱਤਾ ਜਾਵੇਗਾ। (ਪ੍ਰਕਾਸ਼ ਦੀ ਕਿਤਾਬ 20:3, 7-10) ਜਿਹੜੇ ਡਟ ਕੇ ਸ਼ੈਤਾਨ ਦਾ ਸਾਮ੍ਹਣਾ ਕਰਨਗੇ, ਉਹ ਯਹੋਵਾਹ ਦੇ ਇਸ ਵਾਅਦੇ ਨੂੰ ਪੂਰਾ ਹੁੰਦਾ ਦੇਖਣਗੇ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰਾਂ ਦੀ ਪੋਥੀ 37:29) ਜੀ ਹਾਂ, ਨਿਆਂ ਦਾ ਦਿਨ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਲਈ ਖ਼ੁਸ਼ੀਆਂ ਭਰਿਆ ਸਮਾਂ ਹੋਵੇਗਾ!

      a ਆਰਮਾਗੇਡਨ ਬਾਰੇ ਹੋਰ ਜਾਣਕਾਰੀ ਲਈ ਜਾਗਦੇ ਰਹੋ! ਨਾਂ ਦੇ ਬਰੋਸ਼ਰ ਦੇ ਸਫ਼ੇ 12-19 ਦੇਖੋ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ