ਪਰਮੇਸ਼ੁਰ ਦੇ ਮਿੱਤਰ ਬਣਨ ਵਿਚ ਹੋਰਨਾਂ ਦੀ ਮਦਦ ਕਰੋ
1 ਅੱਜ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿਖਾਇਆ ਜਾ ਰਿਹਾ ਹੈ। (ਯਸਾ. 2:2, 3) ਪਰ “ਧੀਰਜ ਨਾਲ ਫਲ” ਦੇਣ ਵਾਸਤੇ ਜ਼ਰੂਰੀ ਹੈ ਕਿ ਇਹ ਲੋਕ ਯਹੋਵਾਹ ਨੂੰ ਪਿਆਰ ਕਰਨ। (ਲੂਕਾ 8:15; ਮਰ. 12:30) ਇਸ ਪਿਆਰ ਤੋਂ ਬਿਨਾਂ ਉਨ੍ਹਾਂ ਨੂੰ ਗ਼ਲਤ ਕੰਮਾਂ ਤੋਂ ਦੂਰ ਰਹਿਣ ਜਾਂ ਸਹੀ ਕੰਮ ਕਰਨ ਦੀ ਹਿੰਮਤ ਨਹੀਂ ਮਿਲੇਗੀ। ਯਹੋਵਾਹ ਨਾਲ ਚੰਗਾ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਮਦਦ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਦੇ ਗੁਣਾਂ ਲਈ ਕਦਰ ਵਧਾਈਏ। ਉਨ੍ਹਾਂ ਨੂੰ ਯਹੋਵਾਹ ਦੇ ਨੇੜੇ ਰਹੋ ਨਾਮਕ ਕਿਤਾਬ ਵਿਚ ਦਿੱਤੀ ਜਾਣਕਾਰੀ ਉੱਤੇ ਸੋਚ-ਵਿਚਾਰ ਕਰਨ ਦਾ ਉਤਸ਼ਾਹ ਦਿਓ।
2 ਤੁਹਾਡੀ ਮਿਸਾਲ: ਤੁਹਾਡੇ ਵਿਦਿਆਰਥੀਆਂ ਉੱਤੇ ਤੁਹਾਡੇ ਕੰਮਾਂ ਦਾ ਜ਼ਬਰਦਸਤ ਅਸਰ ਪੈ ਸਕਦਾ ਹੈ। ਜਦ ਉਹ ਦੇਖਣਗੇ ਕਿ ਪਰਮੇਸ਼ੁਰ ਨਾਲ ਤੁਹਾਡੀ ਦੋਸਤੀ ਕਿੰਨੀ ਗੂੜ੍ਹੀ ਹੈ ਅਤੇ ਤੁਹਾਡੀ ਜ਼ਿੰਦਗੀ ਉੱਤੇ ਇਸ ਦੋਸਤੀ ਦਾ ਕਿੰਨਾ ਚੰਗਾ ਅਸਰ ਪਿਆ ਹੈ, ਤਾਂ ਉਹ ਵੀ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਲਈ ਪ੍ਰੇਰਿਤ ਹੋਣਗੇ। (ਲੂਕਾ 6:40) ਦਰਅਸਲ, ਸਾਡੀਆਂ ਗੱਲਾਂ ਦਾ ਹੋਰਨਾਂ ਤੇ ਉੱਨਾ ਅਸਰ ਨਹੀਂ ਪੈਂਦਾ ਜਿੰਨਾ ਸਾਡੀ ਮਿਸਾਲ ਦਾ ਪੈਂਦਾ ਹੈ।
3 ਮਾਪੇ ਵੀ ਆਪਣੀ ਮਿਸਾਲ ਦੁਆਰਾ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਉਂਦੇ ਹਨ। (ਬਿਵ. 6:4-9) ਇਕ ਪਤੀ-ਪਤਨੀ ਆਪਣੇ ਬੱਚਿਆਂ ਦੀ ਸਹੀ ਤਰੀਕੇ ਨਾਲ ਪਰਵਰਿਸ਼ ਕਰਨੀ ਚਾਹੁੰਦੇ ਸਨ ਤਾਂਕਿ ਉਹ ਵੱਡੇ ਹੋ ਕੇ ਯਹੋਵਾਹ ਦੇ ਵਫ਼ਾਦਾਰ ਸੇਵਕ ਬਣਨ। ਇਸ ਲਈ ਉਨ੍ਹਾਂ ਨੇ ਸਫ਼ਲ ਮਾਪਿਆਂ ਦੀ ਸਲਾਹ ਲਈ। ਪਤੀ ਨੇ ਕਿਹਾ: “ਜਿਹੜੇ ਵੀ ਮਾਂ-ਬਾਪ ਨਾਲ ਮੈਂ ਗੱਲ ਕੀਤੀ, ਉਨ੍ਹਾਂ ਨੇ ਇਹੋ ਕਿਹਾ ਕਿ ਮਾਪਿਆਂ ਦੀ ਮਿਸਾਲ ਚੰਗੀ ਹੋਣੀ ਚਾਹੀਦੀ ਹੈ।” ਮਾਪੇ ਆਪਣੇ ਸਾਰੇ ਕੰਮਾਂ ਵਿਚ ਬੱਚਿਆਂ ਲਈ ਜੀਉਂਦੀ-ਜਾਗਦੀ ਮਿਸਾਲ ਬਣ ਕੇ ਉਨ੍ਹਾਂ ਨੂੰ ਦਿਖਾ ਸਕਦੇ ਹਨ ਕਿ “ਪਰਮੇਸ਼ੁਰ ਦਾ ਮਿੱਤਰ” ਬਣਨ ਦਾ ਕੀ ਮਤਲਬ ਹੈ।—ਯਾਕੂ. 2:23.
4 ਦਿਲੋਂ ਪ੍ਰਾਰਥਨਾ ਕਰੋ: ਤੁਸੀਂ ਦੂਸਰਿਆਂ ਨੂੰ ਦਿਲੋਂ ਪ੍ਰਾਰਥਨਾ ਕਰਨੀ ਸਿਖਾ ਕੇ ਵੀ ਯਹੋਵਾਹ ਨਾਲ ਦੋਸਤੀ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਯਿਸੂ ਦੀ ਆਦਰਸ਼ ਪ੍ਰਾਰਥਨਾ ਅਤੇ ਬਾਈਬਲ ਵਿਚ ਦਰਜ ਹੋਰ ਕਈ ਦਿਲੀ ਪ੍ਰਾਰਥਨਾਵਾਂ ਬਾਰੇ ਦੱਸ ਸਕਦੇ ਹੋ। (ਮੱਤੀ 6:9, 10) ਆਪਣੀਆਂ ਪ੍ਰਾਰਥਨਾਵਾਂ ਦੁਆਰਾ ਤੁਸੀਂ ਆਪਣੇ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਪ੍ਰਾਰਥਨਾ ਕਰਨੀ ਸਿਖਾ ਸਕਦੇ ਹੋ। ਜਦ ਉਹ ਤੁਹਾਨੂੰ ਦਿਲੋਂ ਪ੍ਰਾਰਥਨਾ ਕਰਦੇ ਸੁਣਨਗੇ, ਤਾਂ ਉਹ ਯਹੋਵਾਹ ਪ੍ਰਤੀ ਤੁਹਾਡੀਆਂ ਭਾਵਨਾਵਾਂ ਨੂੰ ਸਮਝ ਜਾਣਗੇ। ਜਦ ਉਨ੍ਹਾਂ ਤੇ ਅਜ਼ਮਾਇਸ਼ਾਂ ਆਉਂਦੀਆਂ ਹਨ, ਤਾਂ ਉਨ੍ਹਾਂ ਨੂੰ ‘ਪ੍ਰਾਰਥਨਾ ਲਗਾਤਾਰ ਕਰਦੇ ਰਹਿਣ’ ਲਈ ਕਹੋ। (ਰੋਮੀ. 12:12) ਜਦ ਮੁਸ਼ਕਲ ਘੜੀਆਂ ਵਿਚ ਯਹੋਵਾਹ ਉਨ੍ਹਾਂ ਦੀ ਮਦਦ ਕਰਦਾ ਹੈ, ਤਾਂ ਯਹੋਵਾਹ ਵਿਚ ਉਨ੍ਹਾਂ ਦਾ ਭਰੋਸਾ ਵਧਦਾ ਹੈ ਤੇ ਉਹ ਉਸ ਨੂੰ ਇਕ ਸੱਚੇ ਦੋਸਤ ਵਾਂਗ ਪਿਆਰ ਕਰਨ ਲੱਗਦੇ ਹਨ।—ਜ਼ਬੂ. 34:8; ਫ਼ਿਲਿ. 4:6, 7.