ਹਰ ਤਰ੍ਹਾਂ ਦੇ ਇਨਸਾਨ ਬਚਾਏ ਜਾਣਗੇ
1. ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਕਿਸ ਗੱਲ ਤੇ ਨਿਰਭਰ ਕਰਦਾ ਹੈ?
1 ਪਰਮੇਸ਼ੁਰ ਨੇ ਇਨਸਾਨਾਂ ਤੇ ਅਪਾਰ ਕਿਰਪਾ ਕਰਦੇ ਹੋਏ ਉਨ੍ਹਾਂ ਲਈ ਮੁਕਤੀ ਦਾ ਰਾਹ ਖੋਲ੍ਹਿਆ ਹੈ। ਇਹ ਯਹੋਵਾਹ ਦੀ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:3, 4) ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਸਾਡੀ ਭਾਸ਼ਾ, ਆਰਥਿਕ ਸਥਿਤੀ, ਖ਼ੂਬੀਆਂ ਅਤੇ ਸੁੰਦਰਤਾ ਤੇ ਨਿਰਭਰ ਨਹੀਂ ਕਰਦਾ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਯਿਸੂ ਦੀ ਕੁਰਬਾਨੀ ਉੱਤੇ ਨਿਹਚਾ ਰੱਖਦੇ ਹਾਂ। (ਯੂਹੰ. 3:16, 36) ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ, ਸਾਨੂੰ ਹਰ ਤਰ੍ਹਾਂ ਦੇ ਪੱਖਪਾਤ ਨੂੰ ਦਿਲੋਂ ਕੱਢਣ ਦੀ ਜ਼ਰੂਰਤ ਹੈ ਤਾਂਕਿ ਅਸੀਂ ਉਨ੍ਹਾਂ ਲੋਕਾਂ ਨੂੰ ਨਾ ਠੁਕਰਾਈਏ ਜਿਨ੍ਹਾਂ ਨੂੰ ਪਰਮੇਸ਼ੁਰ ਸਵੀਕਾਰ ਕਰਦਾ ਹੈ।
2, 3. ਸਾਨੂੰ ਲੋਕਾਂ ਦਾ ਬਾਹਰਲਾ ਰੂਪ ਦੇਖ ਕੇ ਆਪਣੀ ਰਾਇ ਕਿਉਂ ਨਹੀਂ ਕਾਇਮ ਕਰਨੀ ਚਾਹੀਦੀ?
2 ਬਾਹਰਲਾ ਰੂਪ ਨਾ ਦੇਖੋ: ਯਹੋਵਾਹ ਮੰਦਭਾਵਨਾ ਅਤੇ ਪੱਖਪਾਤ ਤੋਂ ਬਿਨਾਂ ਲੋਕਾਂ ਦੇ ਦਿਲਾਂ ਨੂੰ ਜਾਂਚਦਾ ਹੈ। (1 ਸਮੂ. 16:7) ਉਹ ਇਹ ਵੀ ਦੇਖਦਾ ਹੈ ਕਿ ਉਹ ਕੀ ਬਣਨ ਦੇ ਕਾਬਲ ਹਨ। ਇਸ ਲਈ ਜੋ ਲੋਕ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਉਹ ਉਸ ਦੀਆਂ ਨਜ਼ਰਾਂ ਵਿਚ ਬਹੁਮੁੱਲੇ ਹਨ। (ਹੱਜ. 2:7) ਕੀ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖਦੇ ਹਾਂ?
3 ਸੇਵਕਾਈ ਵਿਚ ਕਈਆਂ ਲੋਕਾਂ ਦਾ ਬਾਹਰਲਾ ਰੂਪ ਦੇਖ ਕੇ ਅਸੀਂ ਸ਼ਾਇਦ ਦੰਗ ਰਹਿ ਜਾਈਏ। ਹੋ ਸਕਦਾ ਉਨ੍ਹਾਂ ਦੇ ਕੱਪੜੇ ਫਟੇ-ਪੁਰਾਣੇ ਜਾਂ ਬੇਢੰਗੇ ਹੋਣ, ਦਾੜ੍ਹੀ ਨਾ ਸੰਵਾਰੀ ਹੋਵੇ ਜਾਂ ਉਹ ਗ਼ਰੀਬ ਹੋਣ। ਕੁਝ ਲੋਕ ਸ਼ਾਇਦ ਬੇਘਰ ਹੋਣ। ਕਈ ਸਾਡੇ ਨਾਲ ਬੜਾ ਰੁੱਖਾ ਪੇਸ਼ ਆਉਂਦੇ ਹਨ। ਆਪਣੇ ਮਨ ਵਿਚ ਇਹ ਠਾਣ ਲੈਣ ਦੀ ਬਜਾਇ ਕਿ ਅਜਿਹੇ ਲੋਕ ਕਦੇ ਯਹੋਵਾਹ ਦੇ ਭਗਤ ਨਹੀਂ ਬਣਨਗੇ, ਸਾਨੂੰ ਸਹੀ ਨਜ਼ਰੀਆ ਰੱਖਣ ਦੀ ਲੋੜ ਹੈ “ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਨਦਾਨ, ਅਣਆਗਿਆਕਾਰ, ਧੋਖਾ ਖਾਣ ਵਾਲੇ” ਸੀ। (ਤੀਤੁ. 3:3) ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਸੇਵਕਾਈ ਵਿਚ ਸਾਰਿਆਂ ਨਾਲ ਗੱਲ ਕਰਾਂਗੇ, ਉਨ੍ਹਾਂ ਨਾਲ ਵੀ ਜੋ ਦੇਖਣ ਤੇ ਲੱਗਣ ਕਿ ਉਹ ਸਾਡੀ ਗੱਲ ਨਹੀਂ ਸੁਣਨਗੇ।
4, 5. ਅਸੀਂ ਯਿਸੂ ਅਤੇ ਪੌਲੁਸ ਦੀਆਂ ਉਦਾਹਰਣਾਂ ਤੋਂ ਕੀ ਸਿੱਖ ਸਕਦੇ ਹਾਂ?
4 ਨਿਰਪੱਖ ਪਰਮੇਸ਼ੁਰ ਦੀ ਰੀਸ ਕਰੋ: ਯਿਸੂ ਨੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਸਮਾਂ ਕੱਢਿਆ ਜਿਨ੍ਹਾਂ ਨੂੰ ਸਮਾਜ ਨੇ ਨਕਾਰ ਦਿੱਤਾ ਸੀ। (ਲੂਕਾ 8:26-39) ਭਾਵੇਂ ਯਿਸੂ ਨੇ ਕਦੇ ਵੀ ਗ਼ਲਤ ਕੰਮਾਂ ਨੂੰ ਸ਼ਹਿ ਨਹੀਂ ਦਿੱਤੀ, ਪਰ ਉਹ ਜਾਣਦਾ ਸੀ ਕਿ ਲੋਕ ਗ਼ਲਤ ਕੰਮਾਂ ਵਿਚ ਪੈ ਜਾਂਦੇ ਹਨ। (ਲੂਕਾ 7:37, 38, 44-48) ਇਸੇ ਕਰਕੇ ਉਹ ਉਨ੍ਹਾਂ ਨਾਲ ਹਮਦਰਦੀ ਨਾਲ ਪੇਸ਼ ਆਇਆ ਅਤੇ ਉਸ ਨੇ “ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ।” (ਮਰ. 6:34) ਕੀ ਅਸੀਂ ਤਨ-ਮਨ ਨਾਲ ਉਸ ਦੀ ਵਧੀਆ ਮਿਸਾਲ ਦੀ ਨਕਲ ਕਰ ਸਕਦੇ ਹਾਂ?
5 ਪੌਲੁਸ ਰਸੂਲ ਦੇ ਪੱਥਰ ਮਾਰੇ ਗਏ ਸਨ। ਉਸ ਨੂੰ ਕੁੱਟਿਆ-ਮਾਰਿਆ ਗਿਆ ਅਤੇ ਕੈਦ ਵਿਚ ਸੁੱਟਿਆ ਗਿਆ ਸੀ। (ਰਸੂ. 14:19; 16:22, 23) ਕੀ ਅਜਿਹੇ ਕੌੜੇ ਤਜਰਬਿਆਂ ਨੇ ਉਸ ਦੇ ਦਿਲ ਵਿਚ ਨਫ਼ਰਤ ਦਾ ਜ਼ਹਿਰ ਭਰਿਆ ਅਤੇ ਕੀ ਉਹ ਇਸ ਨਤੀਜੇ ਤੇ ਪਹੁੰਚਿਆ ਕਿ ਕੁਝ ਕੌਮਾਂ ਅਤੇ ਨਸਲਾਂ ਦੇ ਲੋਕਾਂ ਨੂੰ ਪ੍ਰਚਾਰ ਕਰ ਕੇ ਉਹ ਆਪਣਾ ਸਮਾਂ ਬਰਬਾਦ ਕਰ ਰਿਹਾ ਸੀ? ਬਿਲਕੁਲ ਨਹੀਂ। ਉਹ ਜਾਣਦਾ ਸੀ ਕਿ ਹਰ ਸਮਾਜ ਵਿਚ ਨੇਕਦਿਲ ਲੋਕ ਸਨ ਅਤੇ ਉਸ ਨੇ ਉਨ੍ਹਾਂ ਨੂੰ ਲੱਭਣ ਦੀ ਠਾਣ ਲਈ ਸੀ। ਕੀ ਅਸੀਂ ਵੀ ਆਪਣੇ ਇਲਾਕੇ ਵਿਚ ਉਨ੍ਹਾਂ ਲੋਕਾਂ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦੇ ਹਾਂ ਜੋ ਵੱਖ-ਵੱਖ ਪਿਛੋਕੜਾਂ ਅਤੇ ਸਭਿਆਚਾਰਾਂ ਤੋਂ ਹਨ?
6. ਅਸੀਂ ਆਪਣੇ ਨਿਰਪੱਖ ਪਰਮੇਸ਼ੁਰ ਦੀ ਰੀਸ ਕਿਵੇਂ ਕਰ ਸਕਦੇ ਹਾਂ?
6 ਆਪਣੇ ਨਿਰਪੱਖ ਪਰਮੇਸ਼ੁਰ ਦੀ ਰੀਸ ਕਰਦਿਆਂ ਆਓ ਆਪਾਂ ਸਾਰਿਆਂ ਨੂੰ ਪਰਮੇਸ਼ੁਰ ਦੀ ਅਪਾਰ ਕਿਰਪਾ ਪਾਉਣ ਦਾ ਸੱਦਾ ਦੇਈਏ।—ਰਸੂ. 10:34, 35.