ਤੁਸੀਂ ਕਿਵੇਂ ਜਵਾਬ ਦਿਓਗੇ?
1. ਜਦੋਂ ਸਾਨੂੰ ਕੋਈ ਸਵਾਲ ਪੁੱਛਿਆ ਜਾਂਦਾ ਹੈ, ਤਾਂ ਸਾਨੂੰ ਯਿਸੂ ਦੀ ਕਿਉਂ ਰੀਸ ਕਰਨੀ ਚਾਹੀਦੀ ਹੈ?
1 ਲੋਕ ਅੱਜ ਤਕ ਹੈਰਾਨ ਹੁੰਦੇ ਆਏ ਹਨ ਕਿ ਯਿਸੂ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਕਿੰਨੇ ਵਧੀਆ ਤਰੀਕੇ ਨਾਲ ਦਿੱਤੇ। ਪ੍ਰਚਾਰ ਕਰਦੇ ਸਮੇਂ ਜਦੋਂ ਲੋਕ ਸਾਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਦੇ ਹਨ, ਤਾਂ ਸਾਨੂੰ ਵੀ ਉਸ ਦੇ ਨਮੂਨੇ ਤੇ ਚੱਲਣਾ ਚਾਹੀਦਾ ਹੈ।—1 ਪਤ. 2:21.
2. ਅਸੀਂ ਘਰ-ਸੁਆਮੀ ਨੂੰ ਵਧੀਆ ਜਵਾਬ ਕਿਵੇਂ ਦੇ ਸਕਦੇ ਹਾਂ?
2 ਪਹਿਲਾਂ ਸੁਣੋ: ਯਿਸੂ ਦੂਸਰਿਆਂ ਦੇ ਵਿਚਾਰਾਂ ਉੱਤੇ ਗੌਰ ਕਰਦਾ ਸੀ। ਕਦੇ-ਕਦੇ ਸਾਨੂੰ ਸਵਾਲਾਂ ਰਾਹੀਂ ਪਤਾ ਕਰਨਾ ਚਾਹੀਦਾ ਹੈ ਕਿ ਘਰ-ਸੁਆਮੀ ਕਿਉਂ ਸਵਾਲ ਪੁੱਛ ਰਿਹਾ ਹੈ। ਮਿਸਾਲ ਲਈ, ਸ਼ਾਇਦ ਕੋਈ ਪੁੱਛੇ ਕਿ “ਕੀ ਤੁਸੀਂ ਯਿਸੂ ਵਿਚ ਵਿਸ਼ਵਾਸ ਕਰਦੇ ਹੋ?” ਹੋ ਸਕਦਾ ਹੈ ਕਿ ਉਹ ਅਸਲ ਵਿਚ ਇਹ ਸੋਚ ਰਿਹਾ ਹੋਵੇ ਕਿ ਤੁਸੀਂ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ। ਜੇ ਤੁਸੀਂ ਪਤਾ ਕਰ ਸਕੋ ਕਿ ਸਵਾਲ ਪੁੱਛਣ ਵਾਲਾ ਅਸਲ ਵਿਚ ਕੀ ਜਾਣਨਾ ਚਾਹੁੰਦਾ ਹੈ, ਤਾਂ ਤੁਸੀਂ ਉਸ ਨੂੰ ਵਧੀਆ ਜਵਾਬ ਦੇ ਸਕੋਗੇ।—ਲੂਕਾ 10:25-37.
3. ਸਾਡੇ ਕੋਲ ਕਿਹੜੇ ਪ੍ਰਕਾਸ਼ਨ ਹਨ ਜੋ ਵਧੀਆ ਜਵਾਬ ਦੇਣ ਵਿਚ ਸਾਡੀ ਮਦਦ ਕਰਦੇ ਹਨ?
3 ਬਾਈਬਲ ਤੋਂ ਜਵਾਬ ਦਿਓ: ਸਵਾਲ ਦਾ ਜਵਾਬ ਸਿੱਧਾ ਬਾਈਬਲ ਤੋਂ ਦੇਣਾ ਸਭ ਤੋਂ ਵਧੀਆ ਹੁੰਦਾ ਹੈ। (2 ਤਿਮੋ. 3:16, 17; ਇਬ. 4:12) ਢੁਕਵੇਂ ਜਵਾਬ ਦੇਣ ਲਈ ਰੀਜ਼ਨਿੰਗ ਬੁੱਕ ਅਤੇ “ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ” ਪੁਸਤਿਕਾ ਬਹੁਤ ਮਦਦਗਾਰ ਸਾਬਤ ਹੋਏ ਹਨ। ਭਾਵੇਂ ਘਰ-ਸੁਆਮੀ ਬਾਈਬਲ ਨੂੰ ਨਾ ਵੀ ਮੰਨਦਾ ਹੋਵੇ, ਫਿਰ ਵੀ ਸ਼ਾਇਦ ਤੁਸੀਂ ਉਸ ਨੂੰ ਇਕ-ਦੋ ਹਵਾਲੇ ਦਿਖਾ ਕੇ ਸਮਝਾ ਸਕਦੇ ਹੋ ਕਿ ਬਾਈਬਲ ਕੀ ਕਹਿੰਦੀ ਹੈ। ਉਸ ਨੂੰ ਹੱਲਾਸ਼ੇਰੀ ਦਿਓ ਕਿ ਉਹ ਬਾਈਬਲ ਵਿਚ ਪਾਈ ਜਾਂਦੀ ਹਜ਼ਾਰਾਂ ਹੀ ਸਾਲ ਪੁਰਾਣੀ ਬੁੱਧ ਉੱਤੇ ਗੰਭੀਰਤਾ ਨਾਲ ਗੌਰ ਕਰੇ। ਯਿਸੂ ਦੀ ਨਕਲ ਕਰ ਕੇ ਤੁਹਾਡੇ ਜਵਾਬ “ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ” ਹੋਣਗੇ ਯਾਨੀ ਉਹ ਆਦਰ-ਭਰੇ, ਵਧੀਆ ਤੇ ਕੀਮਤੀ ਹੋਣਗੇ।—ਕਹਾ. 25:11.
4. ਕਿਨ੍ਹਾਂ ਮੌਕਿਆਂ ʼਤੇ ਹਰ ਸਵਾਲ ਦਾ ਜਵਾਬ ਦੇਣਾ ਠੀਕ ਨਹੀਂ ਰਹੇਗਾ?
4 ਕੀ ਹਰ ਸਵਾਲ ਦਾ ਜਵਾਬ ਦੇਈਏ? ਜੇ ਤੁਹਾਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਪਤਾ, ਤਾਂ ਚਿੰਤਾ ਨਾ ਕਰੋ ਪਰ ਘਰ-ਸੁਆਮੀ ਨੂੰ ਕਹੋ ਕਿ “ਮਾਫ਼ ਕਰਨਾ ਪਰ ਮੈਨੂੰ ਜਵਾਬ ਨਹੀਂ ਪਤਾ ਇਸ ਲਈ ਮੈਂ ਤੁਹਾਡੇ ਲਈ ਥੋੜ੍ਹੀ ਰਿਸਰਚ ਕਰ ਕੇ ਵਾਪਸ ਆਵਾਂਗਾ।” ਤੁਹਾਡੀ ਹਲੀਮੀ ਤੇ ਨਿੱਜੀ ਦਿਲਚਸਪੀ ਦੇਖ ਕੇ ਘਰ-ਸੁਆਮੀ ਸ਼ਾਇਦ ਮਨਜ਼ੂਰ ਹੋਵੇ। ਜੇ ਤੁਹਾਨੂੰ ਲੱਗੇ ਕਿ ਸਵਾਲ ਪੁੱਛਣ ਵਾਲਾ ਤੁਹਾਡਾ ਵਿਰੋਧ ਕਰ ਰਿਹਾ ਹੈ ਤੇ ਝਗੜਾ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਯਿਸੂ ਦੇ ਨਮੂਨੇ ਤੇ ਚੱਲ ਕੇ ਜ਼ਿਆਦਾ ਕੁਝ ਕਹਿਣ ਤੋਂ ਪਰਹੇਜ਼ ਕਰੋ। (ਲੂਕਾ 20:1-8) ਇਸੇ ਤਰ੍ਹਾਂ ਜੇ ਕੋਈ ਵਿਅਕਤੀ ਦਿਲਚਸਪੀ ਨਹੀਂ ਰੱਖਦਾ ਅਤੇ ਤੁਹਾਡੇ ਨਾਲ ਫਜ਼ੂਲ ਬਹਿਸ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਨਰਮਾਈ ਨਾਲ ਗੱਲਬਾਤ ਬੰਦ ਕਰ ਦਿਓ ਤਾਂਕਿ ਤੁਸੀਂ ਆਪਣਾ ਸਮਾਂ ਨੇਕ-ਦਿਲ ਲੋਕਾਂ ਨੂੰ ਲੱਭਣ ਵਿਚ ਲਗਾ ਸਕੋ।—ਮੱਤੀ 7:6.
5. ਸਵਾਲਾਂ ਦੇ ਜਵਾਬ ਦੇਣ ਲਈ ਯਿਸੂ ਨੇ ਸਾਡੇ ਲਈ ਕੀ ਨਮੂਨਾ ਛੱਡਿਆ?
5 ਯਿਸੂ ਜਾਣਦਾ ਸੀ ਕਿ “ਸਚਿਆਈ ਉੱਤੇ ਸਾਖੀ” ਦੇਣ ਲਈ ਅਤੇ ਨੇਕ-ਦਿਲ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਯਹੋਵਾਹ ਉੱਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਸੀ। (ਯੂਹੰ. 18:37) ਯਿਸੂ ਦੇ ਨਮੂਨੇ ʼਤੇ ਚੱਲਣਾ ਕਿੰਨੇ ਮਾਣ ਦੀ ਗੱਲ ਹੈ ਜਿਉਂ-ਜਿਉਂ ਅਸੀਂ ਸੱਚੇ ਦਿਲ ਵਾਲੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ!—ਰਸੂ. 13:48.